ਬਾਜ਼ ਵਾਲਾ ਪਾਸਪੋਰਟ

ਸੰਤੋਖ ਮਿਨਹਾਸ
ਫੋਨ: 559-283-6376
ਪਰਵਾਸ ਨਾਲ ਸਬੰਧਤ ਸਮੇਂ ਸਮੇਂ ਬਹੁਤ ਹੀ ਮੰਦਭਾਗੀਆਂ ਖਬਰਾਂ ਪੜ੍ਹਨ-ਸੁਣਨ ਨੂੰ ਮਿਲਦੀਆਂ ਹਨ। ਕਈ ਵਾਰ ਪਰਵਾਸ ਕਰਦਿਆਂ ਇੰਨੇ ਦਰਦਨਾਕ ਹਾਦਸੇ ਵਾਪਰ ਜਾਂਦੇ ਹਨ ਕਿ ਸੰਵੇਦਨਸ਼ੀਲ ਬੰਦਾ ਕੰਬ ਜਾਂਦਾ ਹੈ। ਬਿਹਤਰ ਜ਼ਿੰਦਗੀ ਦੀ ਤਲਾਸ਼ ਲਈ ਜਾ ਰਹੇ ਪਰਵਾਸੀਆਂ ਨੂੰ ਚਿੱਤ-ਚੇਤਾ ਵੀ ਨਹੀਂ ਹੁੰਦਾ, ਰਾਹ ਵਿਚ ਮੌਤ ਉਨ੍ਹਾਂ ਨੂੰ ਉਡੀਕ ਰਹੀ ਹੈ। ਇਸ ਤਰ੍ਹਾਂ ਵੱਖ ਵੱਖ ਮੁਲਕਾਂ ਨੂੰ ਨਾਜਾਇਜ਼ ਢੰਗ ਨਾਲ ਜਾਣ ਵਾਲੇ ਹਜ਼ਾਰਾਂ ਪਰਵਾਸੀ ਰਾਹ ਵਿਚ ਹੀ ਮਰ-ਖਪ ਜਾਂਦੇ ਹਨ, ਜਿਨ੍ਹਾਂ ਦਾ ਕੋਈ ਥੁਹ ਪਤਾ ਨਹੀਂ ਲੱਗਦਾ।

ਇਸ ਤਰ੍ਹਾਂ ਅਮਰੀਕਾ ਵਿਚ ਨਾਜਾਇਜ਼ ਦਾਖਲ ਹੋਣ ਵਾਲਿਆਂ ਨੂੰ ਵੀ ਪਤਾ ਨਹੀਂ ਹੁੰਦਾ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਫਰ ਅਮਰੀਕਾ-ਮੈਕਸੀਕੋ ਸਰਹੱਦ ‘ਤੇ ਹੀ ਖਤਮ ਹੋ ਜਾਵੇਗਾ। ਹਰ ਸਾਲ ਸੈਂਕੜੇ ਲੋਕ ਸਰਹੱਦ ਪਾਰ ਕਰਨ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾ ਡਿਗਦੇ ਹਨ। ਇੱਕ ਖਬਰ ਇਹ ਵੀ ਦੱਸਦੀ ਹੈ ਕਿ 2014 ਤੋਂ ਜੁਲਾਈ 2019 ਤੱਕ ਅਮਰੀਕਾ ਦੀ ਸਰਹੱਦ ਤੱਕ ਪਹੁੰਚਣ ਤੋਂ ਪਹਿਲਾਂ ਹੀ ਮੌਤ ਦੇ ਮੂੰਹ ਵਿਚ ਜਾਣ ਵਾਲਿਆਂ ਦੀ ਗਿਣਤੀ 32 ਹਜ਼ਾਰ ਤੋਂ ਵੱਧ ਹੈ। ਇੰਟਰਨੈਸ਼ਨਲ ਆਰਗੇਨਾਈਜੇਸ਼ਨ ਆਫ ਮਾਈਗ੍ਰੇਸ਼ਨ ਦੇ ਅੰਕੜੇ ਦਰਸਾਉਂਦੇ ਹਨ ਕਿ ਵੱਡੀ ਗਿਣਤੀ ਵਿਚ ਪਰਵਾਸੀ ਆਪਣਾ ਸਫਰ ਪੂਰਾ ਕਰਨ ਤੋਂ ਪਹਿਲਾਂ ਹੀ ਇਸ ਸੰਸਾਰ ਨੂੰ ਅਲਵਿਦਾ ਆਖ ਦਿੰਦੇ ਹਨ।
ਪਿਛਲੇ ਦਿਨੀਂ ਇਹ ਖਬਰ ਸੰਸਾਰ ਪੱਧਰ ‘ਤੇ ਚਰਚਾ ਵਿਚ ਆਈ ਕਿ ਅਮਰੀਕਾ ਵਿਚ ਦਾਖਲ ਹੋਣ ਲਈ ਨਦੀ ਪਾਰ ਕਰਦਿਆਂ ਪਿਉ-ਧੀ ਦੀਆਂ ਲਾਸ਼ਾਂ ਨਦੀ ਦੇ ਕਿਨਾਰੇ ਮਿਲੀਆਂ। ਪਿਉ ਨੇ ਆਪਣੀ ਧੀ ਨੂੰ ਟੀ-ਸ਼ਰਟ ਵਿਚ ਫਸਾਇਆ ਹੋਇਆ ਸੀ ਅਤੇ ਮਾਸੂਮ ਬੱਚੀ ਦੀਆਂ ਬਾਹਾਂ ਪਿਉ ਦੀ ਗਰਦਨ ਨੂੰ ਵਲੀਆਂ ਹੋਈਆਂ ਸਨ। ਇਸ ਦੇ ਨਾਲ ਹੀ ਇੱਕ ਹੋਰ ਖਬਰ ਸੀ ਕਿ ਗੁਰਪ੍ਰੀਤ ਨਾਂ ਦੀ ਬੱਚੀ ਅਤਿ ਦੀ ਗਰਮੀ ਅਤੇ ਪਿਆਸ ਨਾਲ ਰਾਹ ਵਿਚ ਹੀ ਦਮ ਤੋੜ ਗਈ, ਜੋ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੀ ਮਾਂ ਦੇ ਸੰਗ ਸੀ। ਇਸ ਤਰ੍ਹਾਂ ਦੀਆਂ ਸੈਂਕੜੇ ਘਟਨਾਵਾਂ ਹਨ, ਜੋ ਕਿਸੇ ਦੇਸ਼ ਵਿਚ ਨਾਜਾਇਜ਼ ਦਾਖਲ ਹੁੰਦਿਆਂ ਵਾਪਰਦੀਆਂ ਹਨ।
ਪਰਵਾਸ ਮਨੁੱਖ ਦੀ ਮੁੱਢ ਤੋਂ ਹੀ ਲੋੜ ਰਹੀ ਹੈ। ਉਹ ਚੰਗੇਰੇ ਭਵਿੱਖ ਦੀ ਤਲਾਸ਼ ਵਿਚ ਇੱਕ ਥਾਂ ਤੋਂ ਦੂਜੀ ਥਾਂ ਜਾਂਦਾ ਰਿਹਾ ਹੈ। ਮਨੁੱਖ ਨੂੰ ਜਦੋਂ ਇਹ ਲੱਗਦਾ ਹੈ ਕਿ ਇਹ ਥਾਂ ਉਸ ਦੇ ਜਿਉਣ ਦੀਆਂ ਹਾਲਤਾਂ ਦੇ ਅਨੁਕੂਲ ਨਹੀਂ ਹੈ, ਉਹ ਨਵੀਂਆਂ ਥਾਂਵਾਂ ਦੀ ਤਲਾਸ਼ ਕਰਦਾ ਹੈ-ਇਹ ਮਨੁੱਖ ਦੇ ਜਿਉਂਦੇ ਰਹਿਣ ਲਈ ਜਰੂਰੀ ਵੀ ਹੁੰਦਾ ਹੈ।
ਆਮ ਮਿੱਥ ਹੈ ਕਿ ਕੁਦਰਤ ਨੇ ਮਨੁੱਖ ਲਈ ਜਿੱਥੇ ਜਿੱਥੇ ਚੋਗ ਖਿਲਾਰੀ ਹੁੰਦੀ ਹੈ, ਉਸ ਨੂੰ ਉੱਥੇ ਉੱਥੇ ਹੀ ਚੁਗਣੀ ਪੈਂਦੀ ਹੈ; ਪਰ ਪੰਜਾਬੀਆਂ ਲਈ ਇਹ ਚੋਗ ਪਤਾ ਨਹੀਂ ਸੰਸਾਰ ਦੇ ਕਿਹੜੇ ਕਿਹੜੇ ਕੋਨੇ ਵਿਚ ਖਿਲਾਰੀ ਪਈ ਹੈ। ਚੋਗ ਦੀ ਤਲਾਸ਼ ਵਿਚ ਬਹੁਤ ਸਾਰੇ ਲੋਕਾਂ ਨੂੰ ਤਾਂ ਕਈ ਕਈ ਮੁਲਖਾਂ ਦਾ ਟਿਕਾਣਾ-ਦਰ-ਟਿਕਾਣਾ ਬਦਲਣਾ ਪੈਂਦਾ ਹੈ। ਕਈਆਂ ਨੂੰ ਤਾਂ ਆਖਰ ਪੱਕਾ ਟਿਕਾਣਾ ਲੱਭ ਪੈਂਦਾ ਹੈ, ਜਿੱਥੇ ਉਨ੍ਹਾਂ ਨੇ ਸਾਰੀ ਉਮਰ ਚੋਗ ਚੁਗਣੀ ਹੁੰਦੀ ਹੈ, ਪਰ ਕਈਆਂ ਦੇ ਹਿੱਸੇ ਵਿਚੋਂ ਪੱਕੇ ਟਿਕਾਣੇ ਵਾਲੀ ਚੋਗ ਗਵਾਚੀ ਰਹਿੰਦੀ ਹੈ ਅਤੇ ਕੋਈ ਥਹੁ ਨਹੀਂ ਮਿਲਦਾ।
ਪਰਵਾਸ ਦਾ ਕਾਰਨ ਕੋਈ ਵੀ ਹੋ ਸਕਦਾ ਹੈ। ਲਾਲਸਾ ਵੀ ਤੇ ਮਜਬੂਰੀ ਵੀ। ਕਿਸੇ ਲਈ ਚਾਅ ਮੱਤਾ ਵੀ ਹੋ ਸਕਦਾ ਤੇ ਕਿਸੇ ਲਈ ਸੰਤਾਪ ਵੀ। ਪਰਵਾਸ ਦਾ ਰੂਪ ਕੋਈ ਵੀ ਹੋ ਸਕਦਾ ਹੈ, ਪਰ ਪਰਵਾਸ ਮਨੁੱਖ ਦੇ ਹਿੱਸੇ ਆਇਆ ਜਰੂਰ ਹੈ।
ਜਦੋਂ ਮੈਂ ਪਹਿਲੀ ਵਾਰ ਅਮਰੀਕਾ ਅਇਆ, ਮੈਨੂੰ ਵੀ ਬੜਾ ਚਾਅ ਸੀ। ਪਹਿਲੀ ਵਾਰ ਆਪਣੇ ਦੇਸ਼ ਤੋਂ ਬਾਹਰ ਕਿਸੇ ਹੋਰ ਦੇਸ਼ ਨੂੰ ਵੇਖਣ ਦਾ ਮੌਕਾ ਮਿਲਣਾ ਸੀ। ਦੇਸ਼ ਵੀ ਉਹ, ਜਿੱਥੇ ਜਾਣ ਲਈ ਬਹੁਤੇ ਲੋਕੀਂ ਸਾਰੀ ਉਮਰ ਤਰਸਦੇ ਰਹਿੰਦੇ ਹਨ। ਜਦ ਮੈਂ ਅਮਰੀਕਾ ਦੀ ਧਰਤੀ ‘ਤੇ ਪੈਰ ਰੱਖਿਆ ਤਾਂ ਹੈਰਾਨ ਹੋ ਗਿਆ। ਖੁੱਲ੍ਹੀਆਂ ਸੜਕਾਂ ‘ਤੇ ਤੇਜ ਦੌੜਦੀਆਂ ਕਾਰਾਂ, ਵੱਡੇ ਵੱਡੇ ਪੁਲ, ਉੱਚੀਆਂ ਉੱਚੀਆਂ ਇਮਾਰਤਾਂ-ਸਭ ਕੁਝ ਇਕ ਕਰੀਨੇ ਵਿਚ ਬਝਿਆ ਹੋਇਆ। ਮੈਨੂੰ ਇਹ ਸਾਰਾ ਕੁਝ ਵੱਖਰਾ ਵੱਖਰਾ ਲੱਗਿਆ। ਜਦੋਂ ਮੈਂ ਇਸ ਸਭ ਕੁਝ ਨੂੰ ਆਪਣੇ ਦੇਸ਼ ਭਾਰਤ ਨਾਲ ਮਿਲਾ ਕੇ ਦੇਖਦਾ, ਆਪਣਾ ਦੇਸ਼ ਗਰੀਬੜਾ ਜਿਹਾ ਗੰਦਗੀ ਦੇ ਢੇਰਾਂ ਵਾਲਾ, ਭ੍ਰਿਸ਼ਟਾਚਾਰ ਵਿਚ ਡੁੱਬਿਆ ਹੋਇਆ ਮਾੜਚੂ ਜਿਹਾ ਲਗਦਾ। ਅਮਰੀਕਾ ਦੀ ਹਰ ਚੀਜ਼ ਵੇਖਣ ਨੂੰ ਚੰਗੀ ਲੱਗਦੀ ਤੇ ਅੱਖਾਂ ਨੂੰ ਚੁੰਧਿਆਉਂਦੀ।
ਮੈਂ, ਮੇਰੀ ਪਤਨੀ ਤੇ ਦੋਨੋਂ ਬੇਟੀਆਂ-ਅਸੀਂ ਆਪਣੇ ਛੋਟੇ ਭਰਾ ਕੋਲ ਠਹਿਰੇ ਹੋਏ ਸਾਂ। ਉਸ ਦਾ ਕਾਫੀ ਚੰਗਾ ਕਾਰੋਬਾਰ ਹੈ। ਕਈ ਦਿਨ ਤਾਂ ਭੈਣ-ਭਰਾਵਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਵਿਚ ਬੀਤ ਗਏ। ਚੰਗੀ ਖਾਤਰਦਾਰੀ ਵੀ ਹੋਈ, ਕਿਉਂਕਿ ਮੇਰੇ ਸਾਰੇ ਭੈਣ ਭਰਾ, ਮੈਥੋਂ ਪਹਿਲਾਂ ਹੀ ਰਹਿ ਰਹੇ ਸਨ, ਪਰ ਕੁਝ ਦਿਨ ਬਾਅਦ ਹੀ ਕੰਮ ਦੀਆਂ ਗੱਲਾਂ ਹੋਣ ਲੱਗ ਪਈਆਂ। ਜਿਵੇਂ ਸਾਡੇ ਆAੁਂਣ ਤੋਂ ਪਹਿਲਾਂ ਹੀ ਸਾਡੇ ਲਈ ਕੰਮ ਭਾਲੇ ਹੋਏ ਸਨ। ਮੈਨੂੰ ਸਾਡੀ ਭੈਣ ਦੇ ਗੈਸ ਸਟੇਸ਼ਨ ‘ਤੇ ਕੰਮ ਸਿੱਖਣ ਲਈ ਤੋਰ ਦਿੱਤਾ ਅਤੇ ਮੇਰੀ ਪਤਨੀ ਨੂੰ ਛੋਟੇ ਭਰਾ ਦੇ ਸਬਵੇ ‘ਤੇ ਕੰਮ ਸਿੱਖਣ ਲਾ ਦਿੱਤਾ। ਬੱਚਿਆਂ ਨੂੰ ਸਕੂਲ ਦਾਖਲ ਕਰਾ ਦਿੱਤਾ। ਸਾਡੀ ਗੱਡੀ ਨੂੰ ਲੀਹ ‘ਤੇ ਲਿਆਉਣ ਲਈ ਜਿਵੇਂ ਉਹ ਕਾਹਲੇ ਸਨ। ਮੈਨੂੰ ਮੇਰਾ ਭਰਾ ਤੜਕੇ ਹੀ ਕੁਝ ਖੁਆ ਪਿਆ ਕੇ ਗੈਸ ਸਟੇਸ਼ਨ ‘ਤੇ ਛੱਡ ਜਾਂਦਾ ਅਤੇ ਮੇਰੀ ਪਤਨੀ ਨੂੰ ਆਪਣੇ ਸਬਵੇ ‘ਤੇ ਲਾਹ ਦਿੰਦਾ। ਜਦੋਂ ਮੈਂ ਗੈਸ ਸਟੇਸ਼ਨ ਵਿਚ ਵੜਦਾ ਤਾਂ ਉਥੇ ਪਹਿਲਾਂ ਕੰਮ ਕਰਦਾ ਮੁੰਡਾ, ਮੈਨੂੰ ਕੰਮ ਬਾਰੇ ਦਸਦਾ। ਕਿਵੇਂ ਗੈਸ ਸਟੇਸ਼ਨ ‘ਤੇ ਪੰਪਾਂ ਦੀ ਸਫਾਈ ਕਰਨੀ ਹੈ, ਟਰੈਸ਼ ਬੈਗ ਕਿਵੇਂ ਖਾਲੀ ਕਰਨੇ ਹਨ। ਆਸੇ-ਪਾਸੇ ਦੀ ਸਫਾਈ ਕਿਵੇਂ ਜਰੂਰੀ ਹੈ। ਬਾਥਰੂਪ ਦੀ ਸਫਾਈ ਦਾ ਧਿਆਨ ਕਿਵੇਂ ਰੱਖਣਾ ਹੈ। ਮੌਬ ਕਿਵੇਂ ਮਾਰਨਾ ਹੈ? ਸੋਢੇ ਵਾਲੀ ਮਸ਼ੀਨ ਵਿਚ ਬਰਫ ਕਿਵੇਂ ਪਾਉਣੀ ਹੈ? ਆਈਸ ਦੇ ਬੈਗ ਕਿਵੇਂ ਭਰਨੇ ਹਨ? ਵੱਖ ਵੱਖ ਚੀਜਾਂ ਕੂਲਰ ਵਿਚ ਕਿਵੇਂ ਭਰਨੀਆਂ ਹਨ? ਜਦੋਂ ਗਰੌਸਰੀ ਦੀ ਡਲਿਵਰੀ ਆਉਂਦੀ ਹੈ, ਕਿਵੇਂ ਰੈਕਾਂ ‘ਚ ਸਜਾਉਣੀ ਹੈ? ਆਦਿ। ਇਸ ਸਾਰੇ ਕੰਮਾਂ ਦੀ ਲਿਸਟ ਉਸ ਕੋਲ ਪਹਿਲਾਂ ਹੀ ਤਿਆਰ ਹੁੰਦੀ ਸੀ। ਇਥੇ ਬਹੁਤੇ ਮਾਲਕ ਆਪ ਮੁਲਾਜ਼ਮ ਨੂੰ ਘੱਟ ਕਹਿੰਦੇ ਹਨ, ਉਹ ਆਪਣੇ ਪਹਿਲੇ ਮੁਲਾਜ਼ਮ ਤੋਂ ਸਿੱਖਿਆ ਦੇ ਗੁਰ ਪੜ੍ਹਾਉਂਦੇ ਹਨ।
ਮੈਂ ਸਵੇਰ ਤੋਂ ਸ਼ਾਮ ਤਕ ਚੱਲੋ ਸੋ ਚੱਲ ਵਿਚ ਰਹਿੰਦਾ। ਮੈਂ ਇਸੇ ਭੱਜ ਦੌੜ ਵਿਚ ਹੰਭ ਜਾਂਦਾ। ਜਦੋਂ ਕਦੇ ਮੈਂ ਕੰਮ ਮੁਕਾ ਕੇ ਰਜਿਸਟਰ ਕੋਲ ਆ ਕੇ ਗਾਹਕ ਲੈਣ ਦੇ ਸਿਸਟਮ ਨੂੰ ਸਿੱਖਣ ਦੀ ਕੋਸ਼ਿਸ਼ ਕਰਦਾ, ਉਹ ਮੈਨੂੰ ਹੋਰ ਕੰਮ ਗਿਣਾ ਦਿੰਦਾ। ਅਮਰੀਕਾ ਵਾਲਾ ਬੁਖਾਰ ਹੁਣ ਉਤਰਨ ਲੱਗ ਪਿਆ ਸੀ। ਉਹ ਅਮਰੀਕਾ, ਜੋ ਆਉਣ ਸਾਰ ਬੜਾ ਮਹਾਨ ਲੱਗਦਾ ਸੀ, ਹੁਣ ਬੜਾ ਚੁਭਣ ਲੱਗ ਪਿਆ ਸੀ। ਬਾਹਰ ਪੰਪ ਸਾਫ ਕਰਦਿਆਂ ਜਾਂ ਟਰੈਸ਼ ਦੇ ਬੈਗ ਚੁੱਕਦਿਆਂ ਸੋਚਦਾ, “…ਆਹ ਅਮਰੀਕਾ? ਜਿਸ ਪਿੱਛੇ ਅੱਡੀਆਂ ਚੁੱਕ ਕੇ ਫਾਹਾ ਲੈਣ ਨੂੰ ਫਿਰਦਾ ਸੀ। ਇੰਡੀਆ ਚੰਗੀ ਭਲੀ ਦੋਹਾਂ ਜਣਿਆਂ ਦੀ ਸਰਕਾਰੀ ਨੌਕਰੀ ਸੀ। ਇੱਜਤ ਮਾਣ ਵਾਲੀ। ਸੋਹਣਾ ਘਰ ਸੀ, ਆਉਣ-ਜਾਣ ਨੂੰ ਵਹੀਕਲ ਕੋਲ ਸਨ; ਕਾਸੇ ਦੀ ਥੁੜ੍ਹ ਨਹੀਂ ਸੀ।” ਇਹ ਸੋਚ ਮਨ ਪਛਤਾਉਣ ਲੱਗ ਪੈਂਦਾ। ਕਾਹਨੂੰ ਇਹ ਪੰਗਾ ਲੈਣਾ ਸੀ। ਸ਼ਾਮ ਨੂੰ ਘਰ ਪਰਤਦਾ, ਪਤਨੀ ਦਾ ਵੀ ਇਹੀ ਰੋਣਾ ਹੁੰਦਾ। ਅਮਰੀਕਾ ਆਉਣ ਦਾ ਫੈਸਲਾ ਸਾਨੂੰ ਗਲਤ ਲੱਗਦਾ। ਪਤਨੀ ਹਮੇਸ਼ਾ ਪੰਜਾਬ ਵਿਚਲੇ ਘਰ ਦੀਆਂ ਗੱਲਾਂ ਲੈ ਬੈਠਦੀ, ਉਥੋਂ ਦੀਆਂ ਸੁੱਖ ਸਹੂਲਤਾਂ ਦੀ ਕਹਾਣੀ ਛੋਹ ਲੈਂਦੀ।
ਦੋ ਕੁ ਮਹੀਨਿਆਂ ਬਾਅਦ ਮੈਂ ਰਜਿਸਟਰ ‘ਤੇ ਖੜ੍ਹਨ ਲੱਗ ਪਿਆ। ਗਾਹਕਾਂ ਨੂੰ ਲੈਣ ਦਾ ਵਲ ਵੀ ਆ ਗਿਆ ਸੀ, ਤੇ ਮੇਰੀ ਤਨਖਾਹ ਵੀ ਸ਼ੁਰੂ ਹੋ ਗਈ ਸੀ। ਗਾਹਕਾਂ ਨਾਲ ਵੀ ਜਾਣ-ਪਛਾਣ ਹੋਣ ਲੱਗ ਪਈ ਸੀ। ਡੰਗ ਸਾਰਨ ਜੋਗੀ ਅੰਗਰੇਜ਼ੀ ਨੂੰ ਵੀ ਮੂੰਹ ਮਾਰਨ ਲੱਗ ਪਿਆ ਸਾਂ। ਅਜੇ ਮੈਨੂੰ ਹਫਤਾ ਕੁ ਹੀ ਹੋਇਆ ਸੀ, ਰਾਤ ਦੀ ਸ਼ਿਫਟ ਕਰਦਿਆਂ, ਕੋਈ ਨੌਂ ਕੁ ਵਜੇ ਗਾਹਕ ਦੇ ਰੂਪ ਵਿਚ ਆਏ ਰੌਬਰ ਨੇ ਪਿਸਤੌਲ ਦੀ ਨੋਕ ‘ਤੇ ਮੇਰੇ ਉਤੇ ਹਮਲਾ ਕਰ ਦਿੱਤਾ ਅਤੇ ਸਾਰੀ ਕੈਸ਼ ਲੁਟ ਕੇ ਲੈ ਗਿਆ, ਤੇ ਜਾਂਦੇ ਸਮੇਂ ਉਸ ਨੇ ਫਾਇਰ ਵੀ ਕਰ ਦਿੱਤਾ। ਮੇਰੀ ਜਾਨ ਤਾਂ ਬਚ ਗਈ ਸੀ, ਪਰ ਮੈਂ ਬਹੁਤ ਡਰ ਗਿਆ ਸਾਂ। ਰਾਤ ਨੂੰ ਕੰਮ ਕਰਨਾ ਹੁਣ ਮੈਨੂੰ ਔਖਾ ਲੱਗਣ ਲੱਗ ਪਿਆ; ਪਰ ਮਜਬੂਰੀ ਸੀ, ਹੋਰ ਕੋਈ ਕੰਮ ਨਹੀਂ ਸੀ ਆਉਂਦਾ। ਪਤਨੀ ਦੀ ਖਿਚ-ਖਿਚ ਹਰ ਰੋਜ ਵਧਦੀ ਜਾ ਰਹੀ ਸੀ। ਅਮਰੀਕਾ ਤੋਂ ਜੀਅ ਹੁਣ ਉਕਤਾ ਗਿਆ ਸੀ। ਵਾਪਸ ਜਾਣ ਦੀਆਂ ਗੱਲਾਂ ਹੋਣ ਲੱਗ ਪਈਆਂ ਸਨ।
ਐਤਵਾਰ ਆਮ ਪੰਜਾਬੀਆਂ ਵਾਂਗ ਮੈਂ ਵੀ ਆਪਣੇ ਭਰਾ ਨਾਲ ਗੁਰਦੁਆਰੇ ਚਲਾ ਜਾਂਦਾ। ਜਾਣ-ਪਛਾਣ ਵਾਲੇ ਲੋਕਾਂ ਨਾਲ ਗੱਲਾਂ ਕਰਕੇ ਦਿਲ ਹੌਲਾ ਕਰ ਲੈਂਦਾ। ਇੱਕ ਦਿਨ ਗੱਲਾਂ ਗੱਲਾਂ ਵਿਚ ਮੈਂ ਕਿਹਾ, ਮੈਂ ਤਾਂ ਇੰਡੀਆ ਜਾਣ ਦਾ ਮਨ ਬਣਾ ਲਿਆ ਹੈ। ਮੇਰੇ ਭਰਾ ਦਾ ਦੋਸਤ, ਜੀਹਨੂੰ ਸਾਰੇ ਢਿੱਲੋਂ ਬਾਈ ਸੱਦਦੇ ਹਨ, ਕਹਿੰਦਾ, “ਔਖਾ ਸੌਖਾ ਹੋ ਕੇ ਕੇਰਾਂ ਬਾਜ਼ ਵਾਲਾ ਪਾਸਪੋਰਟ ਲੈ ਲਾ, ਫੇਰ ਭਾਵੇਂ ਜਿੱਥੇ ਮਰਜ਼ੀ ਰਹੀਂ ਜਾਵੀਂ।” ਉਹਦੀ ਗੱਲ ਭਾਵੇਂ ਮੈਨੂੰ ਜੱਚਦੀ ਸੀ, ਪਰ ਸਟੋਰ ‘ਤੇ ਕੰਮ ਕਰਨਾ ਮੈਨੂੰ ਹੁਣ ਔਖਾ ਲੱਗ ਰਿਹਾ ਸੀ। ਉਂਜ ਢਿੱਲੋਂ ਬਾਈ ਦੀ ਗੱਲ ਨੇ ਮੈਨੂੰ ਸੋਚਣ ਜਰੂਰ ਲਾ ਦਿੱਤਾ ਸੀ। ਅਜੇ ਤਾਂ ਸਾਨੂੰ ਕੁਝ ਮਹੀਨੇ ਹੀ ਹੋਏ ਸਨ ਆਇਆਂ ਨੂੰ, ਕਿੱਥੇ ਪੰਜ ਸਾਲ! ਮੇਰੇ ਲਈ ਇੰਨਾ ਸਮਾਂ ਇੰਤਜ਼ਾਰ ਕਰਨਾ ਔਖਾ ਲੱਗਦਾ ਸੀ।
ਸ਼ਾਮ ਦੇ ਕੋਈ ਸੱਤ ਕੁ ਵੱਜੇ ਹੋਣਗੇ, ਮੇਰੀ ਪਤਨੀ ਅਤੇ ਮੇਰਾ ਭਤੀਜਾ ਤੇ ਇੱਕ ਹੋਰ ਲੜਕੀ ਸਬਵੇ ਸਟੋਰ ‘ਤੇ ਕੰਮ ਕਰ ਰਹੇ ਸਨ। ਇੱਕ ਹੱਟੇ ਕੱਟੇ ਕਾਲੇ ਨੇ ਮੇਰੇ ਭਤੀਜੇ ‘ਤੇ ਹਮਲਾ ਕਰ ਦਿੱਤਾ, ਜੋ ਉਸ ਵੇਲੇ ਕੈਸ਼ ਰਜਿਸਟਰ ‘ਤੇ ਖੜ੍ਹਾ ਸੀ। ਸਾਰੀ ਕੈਸ਼ ਲੁੱਟ ਕੇ ਦੌੜ ਗਿਆ। ਮੇਰੇ ਭਤੀਜੇ ਦੇ ਮੂੰਹ ‘ਚੋਂ ਲਹੂ ਵੱਗ ਰਿਹਾ ਸੀ। ਮੇਰੀ ਪਤਨੀ ਇਹ ਸਾਰਾ ਕੁਝ ਵੇਖ ਕੇ ਡਰ ਗਈ। ਅਗਲੇ ਦਿਨ ਉਸ ਨੇ ਸਟੋਰ ‘ਤੇ ਕੰਮ ਕਰਨਾ ਬੰਦ ਕਰ ਦਿੱਤਾ। ਇੰਡੀਆ ਵਾਪਸ ਜਾਣ ਦੀ ਉਸ ਦੀ ਰੱਟ ਜੋਰ ਫੜ ਗਈ। ਅਸਲ ਵਿਚ ਇਸ ਤਰ੍ਹਾਂ ਦਾ ਮਾਹੌਲ ਉਸ ਨੇ ਪਹਿਲੀ ਵਾਰ ਵੇਖਿਆ ਸੀ। ਮੈਂ ਬੱਚਿਆ ਦੇ ਅਤੇ ਆਪਣੇ ਗਰੀਨ ਕਾਰਡ ਦੇ ਰੱਦ ਹੋਣ ਦੀ ਸੰਭਾਵਨਾ ਬਾਰੇ ਵੀ ਗੱਲ ਕੀਤੀ, ਪਰ ਉਹ ਆਪਣੀ ਜ਼ਿਦ ‘ਤੇ ਅੜੀ ਹੋਈ ਸੀ।
ਮੈਂ ਸੋਚ ਰਿਹਾ ਸਾਂ ਕਿ ਕਿਵੇਂ ਲੋਕ ਅਮਰੀਕਾ ਆਉਣ ਲਈ ਤਰਲੋ ਮੱਛੀ ਹੋਈ ਫਿਰਦੇ ਹਨ। ਉਨ੍ਹਾਂ ਦੀ ਇੱਕੋ ਖਾਹਸ਼ ਹੁੰਦੀ ਹੈ, ਕਿਵੇਂ ਨਾ ਕਿਵੇਂ ਅਮਰੀਕਾ ਵਿਚ ਦਾਖਲ ਹੋਇਆ ਜਾ ਸਕੇ। ਅਮਰੀਕਾ ਆਉਣ ਲਈ ਉਹ ਆਪਣੀ ਜਾਨ ਵੀ ਜੋਖਮ ਵਿਚ ਪਾ ਲੈਂਦੇ ਹਨ। ਵੱਡੀ ਗਿਣਤੀ ਵਿਚ ਲੋਕ ਅਜਿਹੇ ਵੀ ਹਨ, ਜੋ ਵਰ੍ਹਿਆਂ ਤੋਂ ਗਰੀਨ ਕਾਰਡ ਦੀ ਉਡੀਕ ਵਿਚ ਹਨ ਅਤੇ ਉਨ੍ਹਾਂ ਦੀ ਸਾਰੀ ਕਮਾਈ ਵਕੀਲ ਖਾਈ ਜਾ ਰਹੇ ਹਨ। ਪਰ ਸਾਨੂੰ ਤਾਂ ਆਉਂਦਿਆਂ ਹੀ ਗਰੀਨ ਕਾਰਡ ਮਿਲ ਗਿਆ ਸੀ। ਇਸ ਕਰ ਕੇ ਸਾਡੇ ਲਈ ਗਰੀਨ ਕਾਰਡ ਦੀ ਕੀਮਤ ਉਨੀ ਨਹੀਂ ਸੀ, ਜਿੰਨੀ ਹੋਰ ਲੋਕਾਂ ਲਈ ਹੁੰਦੀ ਹੈ। ਆਖਰ ਕੁਝ ਦਿਨਾਂ ਦੇ ਬਹਿਸ-ਮੁਬਾਹਸੇ ਬਾਅਦ ਜਾਣ ਦਾ ਫੈਸਲਾ ਕਰ ਲਿਆ। ਟਿਕਟਾਂ ਵੀ ਬੁੱਕ ਕਰਾ ਲਈਆਂ। ਜਾਣ ਦੀਆਂ ਤਿਆਰੀਆਂ ਹੋਣ ਲੱਗ ਪਈਆਂ।
ਹਰ ਐਤਵਾਰ ਰੁਟੀਨ ਵਾਂਗ ਜਦ ਗੁਰਦੁਆਰੇ ਗਏ ਤਾਂ ਬਹੁਤ ਸਾਰੇ ਜਾਣ-ਪਛਾਣ ਵਾਲੇ ਮਿਲ ਗਏ। ਮੇਰੇ ਛੋਟੇ ਭਰਾ ਦਾ ਦੋਸਤ ਢਿੱਲੋਂ ਬਾਈ ਵੀ ਮਿਲ ਪਿਆ, ਜਿਸ ਨੇ ਸਮਝਾਇਆ ਸੀ ਕਿ ਔਖਾ-ਸੌਖਾ ਹੋ ਕੇ ਕੇਰਾਂ ਬਾਜ਼ ਵਾਲਾ ਪਾਸਪੋਰਟ ਲੈ ਲਾ, ਫੇਰ ਭਾਵੇਂ ਇੰਡੀਆ ਜਿੰਨਾ ਚਿਰ ਮਰਜੀ ਰਹਿ ਲਵੀਂ। ਕਹਿਣ ਲੱਗਾ, “ਬਣਾ ਲਿਆ ਮਨ ਫੇਰ ਰਹਿਣ ਦਾ?”
ਛੋਟਾ ਭਰਾ ਕਹਿਣ ਲੱਗਾ, “ਭਾਜੀ ਨੇ ਟਿਕਟਾਂ ਬੁੱਕ ਕਰਾ ਲਈਆਂ, ਅਗਲੇ ਹਫਤੇ ਵਾਪਸ ਚਲੇ ਜਾਣਾ।”
“ਫਿਰ ਨਹੀਂ ਬਣਿਆ ਮਨ, ਬਾਜ਼ ਵਾਲਾ ਪਾਸਪੋਰਟ ਲੈਣ ਦਾ?”
ਮੈਂ ਕੱਚਾ ਜਿਹਾ ਹੁੰਦਿਆਂ ਆਖਿਆ, “ਅਜੇ ਸ਼ੇਰ ਵਾਲਾ ਹੀ ਚੰਗਾ।”
“ਇਹ ਤੇਰੀ ਮਰਜੀ ਐ, ਪਰ ਬਾਜ਼ ਵਾਲਾ ਪਾਸਪੋਰਟ, ਬਾਜ਼ ਵਾਲਾ ਹੀ ਹੈ, ਜਦੋਂ ਤੇਰੇ ਜਵਾਕ ਵੱਡੇ ਹੋ’ਗੇ, ਇਸ ਦੀ ਅਹਿਮੀਅਤ ਦਾ ਸ਼ਾਇਦ ਤੈਨੂੰ ਉਦੋਂ ਪਤਾ ਲੱਗੇ।” ਢਿੱਲੋਂ ਬਾਈ ਸੀਰੀਅਸ ਹੋ ਗਿਆ ਸੀ।
ਮੈਂ ਛੇ ਕੁ ਮਹੀਨੇ ਬਾਅਦ ਫਿਰ ਵਾਪਸ ਅਮਰੀਕਾ ਆ ਗਿਆ ਸਾਂ। ਜਦੋਂ ਭਾਰਤ ਤੇ ਪੰਜਾਬ ਦੇ ਹਾਲਾਤ ਦੇਖਦਾਂ, ਮੈਂ ਅੱਜ ਵੀ ਸੋਚਦਾਂ, ‘ਮੇਰਾ ਵਾਪਸ ਅਮਰੀਕਾ ਆਉਣ ਦਾ ਫੈਸਲਾ ਸਹੀ ਸੀ।’ ਢਿੱਲੋਂ ਬਾਈ ਦੇ ਬੋਲ ਕਦੇ ਕਦੇ ਮਨ ਵਿਚ ਬਿਜਲੀ ਵਾਂਗ ਫਿਰ ਜਾਂਦੇ ਹਨ, “ਬਾਜ਼ ਵਾਲਾ ਪਾਸਪੋਰਟ, ਬਾਜ਼ ਵਾਲਾ ਹੀ ਹੈ!”