ਦਲਿਤ ਸਿੱਖ ਅਤੇ ਜਾਤਪਾਤ ਦੇ ਮਸਲੇ

ਰਾਜਕੁਮਾਰ ਹੰਸ
ਫੋਨ: +91-73833-52176
12 ਅਕਤੂਬਰ 1920 ਨੂੰ ਦਲਿਤ ਤੇ ਅਛੂਤ ਸਿੱਖਾਂ ਨੇ ਖਾਲਸਾ ਬਿਰਾਦਰੀ ਦੇ ਸੰਗਠਨ ਤਹਿਤ ਵੱਡਾ ਇਕੱਠ ਕਰ ਕੇ ਇਕ ਜਥੇ ਦੇ ਰੂਪ ਵਿਚ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਜੱਲ੍ਹਿਆਂਵਾਲਾ ਬਾਗ ਤੋਂ ਦਰਬਾਰ ਸਾਹਿਬ ਤੱਕ ਮਾਰਚ ਕੀਤਾ ਜਿਸ ਨੂੰ ਖਾਲਸਾ ਕਾਲਜ ਦੇ ਕੁਝ ਸੁਧਾਰਵਾਦੀ ਪ੍ਰੋਫੈਸਰਾਂ ਦੀ ਹਮਾਇਤ ਹਾਸਲ ਸੀ। ਉਸ ਵੇਲੇ ਦਰਬਾਰ ਸਾਹਿਬ ਦੇ ਤਤਕਾਲੀ ਹੈਡ ਗ੍ਰੰਥੀ ਗੁਰਬਚਨ ਸਿੰਘ ਨੇ ਪ੍ਰਸ਼ਾਦ ਲੈਣ ਤੋਂ ਇਨਕਾਰ ਕਰ ਦਿੱਤਾ ਜਿਸ ਨਾਲ ਦਰਬਾਰ ਸਾਹਿਬ ਅੰਦਰ ਤਣਾਅ ਪੈਦਾ ਹੋ ਗਿਆ। ਇਕੱਠੇ ਹੋਏ ਸਾਰੇ ਲੋਕਾਂ ਨੇ ਗੁਰੂ ਗ੍ਰੰਥ ਸਾਹਿਬ ਤੋਂ ਵਾਕ ਲੈਣ ਦਾ ਮਤਾ ਪਕਾਇਆ।

ਜੋ ਵਾਕ ਨਿਕਲਿਆ ਉਹ ਗੁਰੂ ਅਮਰ ਦਾਸ ਜੀ ਦਾ ਬਹੁਤ ਹੀ ਭਾਵਪੂਰਤ ਸ਼ਬਦ ਹੈ:
ਨਿਗੁਣਿਆ ਨੋ ਆਪੇ ਬਖਸਿ ਲਏ ਭਾਈ ਸਤਿਗੁਰ ਕੀ ਸੇਵਾ ਲਾਇ॥
ਸਤਿਗੁਰ ਕੀ ਸੇਵਾ ਊਤਮ ਹੈ ਭਾਈ ਰਾਮ ਨਾਮਿ ਚਿਤੁ ਲਾਇ॥੧॥
ਹਰਿ ਜੀਓ ਆਪੇ ਬਖਸਿ ਮਿਲਾਇ॥ ਸੋਰਠਿ ਮ: ੩
ਸ਼ਬਦ ਸੁਣ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਗਈਆਂ ਅਤੇ ਜਿਹੜਾ ਹੈਡ ਗ੍ਰੰਥੀ ਪਹਿਲਾਂ ਪ੍ਰਸ਼ਾਦ ਲੈਣ ਲਈ ਨਹੀਂ ਮੰਨ ਰਿਹਾ ਸੀ, ਉਸ ਨੇ ਅਰਦਾਸ ਵੀ ਕੀਤੀ ਅਤੇ ਫਿਰ ਕੜਾਹ ਪ੍ਰਸ਼ਾਦ ਸਵੀਕਾਰ ਕਰ ਕੇ ਸਭਨਾਂ ਨੂੰ ਵਰਤਾਇਆ। ਫਿਰ ਜਥਾ ਅਕਾਲ ਤਖਤ ਵਲ ਵਧਿਆ ਜਿੱਥੋਂ ਦਾ ਪ੍ਰਬੰਧਕ ਉਥੋਂ ਖਿਸਕ ਗਿਆ। ਤਖਤ ਨੂੰ ਸੁੰਨਾ ਨਹੀਂ ਛੱਡਿਆ ਜਾ ਸਕਦਾ ਸੀ, ਲਿਹਾਜ਼ਾ ਕਰਤਾਰ ਸਿੰਘ ਝੱਬਰ ਨੇ ਸੇਵਾ ਸੰਭਾਲ ਵਾਸਤੇ 25 ਬਹਾਦਰ ਸਿੰਘਾਂ ਦੀ ਮੰਗ ਕੀਤੀ ਪਰ ਸਿਰਫ 17 ਜਣੇ ਹੀ ਸਾਹਮਣੇ ਆਏ ਜਿਨ੍ਹਾਂ ‘ਚੋਂ 10 ਦਲਿਤ ਮਜ਼ਹਬੀ ਤੇ ਰਵਿਦਾਸੀਏ ਸਿੰਘ ਸਨ। ਇਸ ਨਾਲ ਅਖੌਤੀ ਉਚ ਜਾਤੀ ਸਿੱਖਾਂ ਅੰਦਰ ਘਬਰਾਹਟ ਫੈਲ ਗਈ ਤੇ ਉਨ੍ਹਾਂ ਅਫਵਾਹ ਫੈਲਾਅ ਦਿੱਤੀ ਕਿ ਦਲਿਤਾਂ ਨੇ ਦਰਬਾਰ ਸਾਹਿਬ ‘ਤੇ ਕਬਜ਼ਾ ਕਰ ਲਿਆ ਹੈ। ਸਰਕਾਰ ਨੂੰ ਵੀ ਭਾਜੜ ਪੈ ਗਈ। ਅਗਲੇ ਦਿਨ ਡਿਪਟੀ ਕਮਿਸ਼ਨਰ ਨੇ ਸੰਕਟ ਦਾ ਹੱਲ ਕੱਢਣ ਲਈ ਸਰਬਰਾਹ, ਹੈਡ ਗ੍ਰੰਥੀਆਂ ਅਤੇ ਮਾਰਚਕਾਰੀ ਸਿੱਖਾਂ ਦੇ ਨੁਮਾਇੰਦਿਆਂ ਦੀ ਮੀਟਿੰਗ ਬੁਲਾ ਲਈ। ਗ੍ਰੰਥੀ ਤਾਂ ਆਏ ਹੀ ਨਹੀਂ ਜਿਸ ਨਾਲ ਆਖਰਕਾਰ ਥੋੜ੍ਹੇ ਸਮੇਂ ‘ਚ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣੀ ਪਈ। ਇਸ ਕਦਮ ਨਾਲ ਮੁੱਖ ਗੁਰਦੁਆਰਿਆਂ ਨੂੰ ਭ੍ਰਿਸ਼ਟ ਮਹੰਤਾਂ ਦੇ ਕਬਜ਼ੇ ਤੋਂ ਮੁਕਤ ਕਰਾਉਣ ਲਈ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋ ਗਈ।
ਇਹ ਦਲੇਰਾਨਾ ਕਾਰਵਾਈ 19ਵੀਂ ਸਦੀ ਦੇ ਪਹਿਲੇ ਅੱਧ ਵਿਚ ਦਲਿਤ ਸਿੱਖਾਂ ‘ਤੇ ਆਇਦ ਕੀਤੀਆਂ ਜਾ ਰਹੀਆਂ ਪਾਬੰਦੀਆਂ ਖਿਲਾਫ ਵਿਦਰੋਹ ਸੀ। ਇਹ ਪਾਬੰਦੀਆਂ ਕੀ ਸਨ ਤੇ ਕਿਹੜੇ ਲੋਕਾਂ ਨੇ ਲਾਈਆਂ ਸਨ? ਆਮ ਤੌਰ ‘ਤੇ ਸਾਰੇ ਗੁਰਦੁਆਰੇ ਖਾਸ ਕਰ ਦਰਬਾਰ ਸਾਹਿਬ ਪਿਛਲੇ ਤਿੰਨ ਸੌ ਸਾਲਾਂ ਤੋਂ ਹਰ ਧਰਮ ਤੇ ਜਾਤ ਦੇ ਲੋਕਾਂ ਲਈ ਖੁੱਲ੍ਹੇ ਸਨ। ਇਹ ਅਸਲ ਵਿਚ ਬ੍ਰਾਹਮਣਵਾਦੀ ਸੋਚ ਵਾਲੇ ਮਹੰਤਾਂ ਦਾ ਸ਼ਰਮਨਾਕ ਕਾਰਾ ਸੀ ਜਿਨ੍ਹਾਂ ਨੇ ਇਤਿਹਾਸਕ ਗੁਰਦੁਆਰਿਆਂ ਦੀ ਅਥਾਹ ਸੰਪਤੀ ‘ਤੇ ਕਬਜ਼ਾ ਜਮਾ ਲਿਆ ਸੀ ਅਤੇ ਉਨ੍ਹਾਂ ਨੂੰ ਨਵੇਂ ਉਭਰੇ ਉਚ ਜਾਤੀ ਸਿੱਖ ਸਰਦਾਰਾਂ ਦੀ ਹਮਾਇਤ ਹਾਸਲ ਸੀ ਜਿਹੜੇ ਆਪਣੇ ਅੰਗਰੇਜ਼ ਹਾਕਮਾਂ ਨਾਲ ਰਲੇ ਹੋਏ ਸਨ। ਸਭ ਤੋਂ ਮਾੜੀ ਗੱਲ ਇਹ ਸੀ ਕਿ ਇਹ ਜਾਤੀ ਤਫਰਕੇ ਗੁਰੂ ਸਾਹਿਬਾਨ ਦੀ ਬਾਣੀ ਤੇ ਉਨ੍ਹਾਂ ਦੇ ਕਾਰ-ਵਿਹਾਰ ਤੋਂ ਬਿਲਕੁਲ ਉਲਟ ਸਨ। ਸਿੱਖੀ ਦਾ ਬ੍ਰਾਹਮਣੀਕਰਨ ਹੌਲੀ-ਹੌਲੀ ਕਾਫੀ ਲੰਮੇ ਸਮੇਂ ਤੋਂ ਕੀਤਾ ਜਾ ਰਿਹਾ ਸੀ ਜੋ ਰਣਜੀਤ ਸਿੰਘ ਦੇ ਰਾਜ ਦੌਰਾਨ ਪਕੇਰਾ ਹੋਣ ਲੱਗ ਪਿਆ ਅਤੇ ਅੰਗਰੇਜ਼ ਹਾਕਮਾਂ ਨੇ ਇਸ ‘ਤੇ ਕਾਨੂੰਨੀ ਮੋਹਰ ਲਗਾ ਦਿੱਤੀ। ਸਿੰਘ ਸਭਾ ਲਹਿਰ ਨੇ ਸਥਿਤੀ ਵਿਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਪਰ ਤ੍ਰਾਸਦੀ ਇਹ ਰਹੀ ਕਿ ਇਸ ਲਹਿਰ ਦੇ ਮਹਾਨ ਆਗੂ ਗਿਆਨੀ ਦਿੱਤ ਸਿੰਘ ਜੋ ਅਜ਼ੀਮ ਵਿਦਵਾਨ, ਲੇਖਕ, ਵਕਤਾ, ਪੱਤਰਕਾਰ, ਸੰਪਾਦਕ, ਪ੍ਰੋਫੈਸਰ ਤੇ ਮਿਸ਼ਨਰੀ ਸੀ, ਨੂੰ ਵੀ ਇਹੀ ਤਿਰਸਕਾਰ ਹੰਢਾਉਣਾ ਪਿਆ, ਕਿਉਂਕਿ ਉਸ ਦਾ ਵੀ ਦਲਿਤ ਪਿਛੋਕੜ ਸੀ। ਪੜ੍ਹੇ ਲਿਖੇ ਸਿੱਖਾਂ ਅੰਦਰ ਨਵੀਂ ਚੇਤਨਾ ਦੀ ਚਿਣਗ ਜਗਣ ਨਾਲ ਗੁਰਦੁਆਰਿਆਂ ਦਾ ਪ੍ਰਬੰਧ ਸਿੱਖਾਂ ਦੇ ਹਵਾਲੇ ਕਰਨ ਵਾਸਤੇ ਅੰਗਰੇਜ਼ ਹਾਕਮਾਂ ਨੂੰ ਬਹੁਤ ਸਾਰੀਆਂ ਅਰਜੋਈਆਂ ਕੀਤੀਆਂ ਗਈਆਂ ਪਰ ਕਿਸੇ ਦਾ ਕੋਈ ਅਸਰ ਨਾ ਹੋਇਆ। ਇਹ ਬਹੁਤ ਹੀ ਅਫਸੋਸਨਾਕ ਗੱਲ ਹੈ ਕਿ ਜਾਤੀਵਾਦੀ ਸਿੱਖ ਵਿਦਵਾਨਾਂ ਨੇ ਇਸ ਘਟਨਾ ਨੂੰ ਸਿੱਖ ਇਤਿਹਾਸ ਦੀ ਧਾਰਾ ਬਦਲਣ ਵਾਲੀ ਮਹਾਨ ਘਟਨਾ ਵਜੋਂ ਕਦੇ ਵੀ ਤਸਲੀਮ ਨਹੀਂ ਕੀਤਾ।
ਅਸੀਂ ਇਹ ਕਿਵੇਂ ਭੁੱਲ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਵਰਣ ਤੇ ਜਾਤੀ ਵੰਡ ਖਿਲਾਫ ਸਭ ਤੋਂ ਮੁਖਰ ਮੁਹਿੰਮ ਵਿੱਢੀ ਸੀ। ਇਹ ਸੰਦੇਸ਼ ਜਾਰੀ ਰਿਹਾ ਅਤੇ ਅਗਲੇ ਗੁਰੂ ਸਾਹਿਬਾਨ ਨੇ ਇਸ ਨੂੰ ਹੋਰ ਪੁਖਤਾ ਕੀਤਾ। ਗੁਰੂ ਸਾਹਿਬਾਨ ਦੇ ਸਮਾਨਤਾਵਾਦੀ ਤੇ ਮੁਕਤੀਵਾਦੀ ਫਲਸਫੇ ਦਾ ਅਹਿਮ ਪਹਿਲੂ ਸਿੱਖਾਂ ਨੂੰ ‘ਕਿਰਤ ਕਰੋ ਤੇ ਵੰਡ ਛਕੋ’ ਦਾ ਹੁਕਮ ਦੇ ਕੇ ਕਿਰਤ ਨੂੰ ਦਿੱਤਾ ਉਤਮ ਦਰਜਾ ਸੀ ਜੋ ਬ੍ਰਾਹਮਣਵਾਦੀ ਧਾਰਨਾ ਵਿਚ ਸਭ ਤੋਂ ਨੀਵੀਂ ਗਿਣੀ ਜਾਂਦੀ ਸੀ ਤੇ ਸ਼ੂਦਰਾਂ ਤੇ ਅਛੂਤਾਂ ਦੇ ਹਿੱਸੇ ਆਉਂਦੀ ਸੀ। ਇਹ ਉਪਦੇਸ਼ ਤੇ ਇਸ ਦੇ ਨਾਲੋ-ਨਾਲ ਲੰਗਰ, ਸੰਗਤ ਤੇ ਪੰਗਤ ਦੀ ਪ੍ਰੰਪਰਾ ਸਾਰੀਆਂ ਨੀਵੀਆਂ ਸਮਝਦੀਆਂ ਜਾਂਦੀਆਂ ਜਾਤੀਆਂ- ਦਲਿਤਾਂ, ਕਾਰੀਗਰਾਂ ਤੇ ਕਿਸਾਨਾਂ ਲਈ ਸਮਾਜੀ ਤੌਰ ‘ਤੇ ਬਹੁਤ ਮਾਇਨਾਖੇਜ਼ ਸੀ ਜਿਸ ਨਾਲ ਜਾਤੀ ਭੇਦਭਾਵ ਤੇ ਵਿਤਕਰਿਆਂ ਨੂੰ ਮਿਟਾਉਣ ਦੀ ਨਿੱਗਰ ਕੋਸ਼ਿਸ਼ ਕੀਤੀ ਗਈ ਸੀ। ਸਿੱਖ ਗੁਰੂ ਸਾਹਿਬਾਨ ਦਾ ‘ਸਰਬੱਤ ਦਾ ਭਲਾ’ ਦਾ ਉਪਦੇਸ਼ ਜੋ ਸਿੱਖਾਂ ਦੀ ਅਰਦਾਸ ਦਾ ਹਿੱਸਾ ਬਣ ਗਿਆ ਸੀ, ਵੀ ਗੁਰੂ ਸਾਹਿਬਾਨ ਦੇ ਸਰਬਸਾਂਝੇ ਫਲਸਫੇ ਦੇ ਦੀਦਾਰ ਕਰਾਉਂਦਾ ਹੈ ਜੋ ਜਾਤ, ਜਮਾਤ, ਰੰਗ ਜਾਂ ਧਰਮ ਦੇ ਤਫਰਕਿਆਂ ਨੂੰ ਪਾਰ ਕਰ ਜਾਂਦਾ ਹੈ।
ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੀਆਂ ਵੀਹ ਸਾਲ ਲੰਮੀਆਂ ਉਦਾਸੀਆਂ ਤੇ ਉਮਰ ਭਰ ਦਾ ਸਾਥੀ ਰਿਹਾ ਭਾਈ ਮਰਦਾਨਾ ਵੀ ਇਕ ਅਖੌਤੀ ਨੀਵੀਂ ਜਾਤ ਦਾ ਮੁਸਲਮਾਨ ਸੀ। ਅਸੀਂ ਕਿਵੇਂ ਭੁੱਲ ਸਕਦੇ ਹਾਂ ਕਿ ਗੁਰੂ ਅਰਜਨ ਦੇਵ ਦੇ ਸੰਪਾਦਤ ਕੀਤੇ ਪਵਿੱਤਰ ਆਦਿ ਗ੍ਰੰਥ ਵਿਚ ਗੁਰੂ ਸਾਹਿਬਾਨ ਦੀ ਬਾਣੀ ਦੇ ਨਾਲ ਨਾਲ ਸੂਫੀ ਮੁਸਲਮਾਨ ਫਕੀਰਾਂ ਤੇ ਦਲਿਤ ਭਗਤਾਂ ਤੇ ਸੰਤਾਂ ਦੀ ਸਰਬਸਾਂਝੀ ਬਾਣੀ ਵੀ ਸ਼ਾਮਲ ਸੀ। ਅਸੀਂ ਦਲਿਤ ਯੋਧੇ ਭਾਈ ਜੈਤਾ ਦਾ ਦਲੇਰਾਨਾ ਕਾਰਜ ਕਿਵੇਂ ਭੁੱਲ ਸਕਦੇ ਹਾਂ ਜਿਨ੍ਹਾਂ ਗੁਰੂ ਤੇਗ ਬਹਾਦਰ ਜੀ ਦਾ ਸੀਸ ਦਿੱਲੀ ਤੋਂ ਕੀਰਤਪੁਰ ਲਿਆਂਦਾ ਸੀ। ਅਸੀਂ ਇਹ ਵੀ ਕਿਵੇਂ ਭੁੱਲ ਸਕਦੇ ਹਾਂ ਕਿ ਉਨ੍ਹਾਂ ਨੇ ਸਭਨਾਂ ਲਈ ਸਿੱਖਿਆ ਦੇ ਦਰ ਖੋਲ੍ਹਣ ਵਾਲੇ ਗੁਰੂ ਗੋਬਿੰਦ ਸਿੰਘ ਬਾਬਤ ਇਕ ਲੰਮੀ ਕਵਿਤਾ ‘ਸ੍ਰੀ ਗੁਰ ਕਥਾ’ ਵੀ ਲਿਖੀ ਸੀ। ਅਸੀਂ ਖਾਲਸਾ ਸਾਜਨਾ ਦੀ ਉਹ ਇਤਿਹਾਸਕ ਘੜੀ ਕਿਵੇਂ ਭੁੱਲ ਸਕਦੇ ਹਾਂ ਜਿਸ ਨੇ ਸਿੱਖਾਂ ਅੰਦਰ ਨਵੀਂ ਰੂਹ ਭਰੀ ਸੀ। ਪੰਜ ਪਿਆਰਿਆਂ ‘ਚੋਂ ਇਕ ਨੂੰ ਛੱਡ ਕੇ ਬਾਕੀ ਚਾਰ ਅਖੌਤੀ ਨੀਵੀਆਂ ਕੰਮੀ ਜਾਤੀਆਂ ‘ਚੋਂ ਆਏ ਸਨ। ਉਨ੍ਹਾਂ ਨੂੰ ਇਕੋ ਬਾਟੇ ‘ਚੋਂ ਅੰਮ੍ਰਿਤਪਾਨ ਕਰਵਾ ਕੇ ਸਾਰੇ ਜਾਤੀ ਭੇਦਭਾਵ ਤੇ ਫਰਕ ਮਿਟਾ ਦਿੱਤੇ ਗਏ ਸਨ। ਗੁਰੂ ਸਾਹਿਬ ਨੇ ਪੰਜ ਪਿਆਰਿਆਂ ਹੱਥੋਂ ਉਸੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਤੇ ਚੇਲੇ ਵਿਚਕਾਰ ਫਰਕ ਵੀ ਮਿਟਾ ਦਿੱਤੇ ਸਨ। ਇਹ ਸਮਤਾਪੂਰਨ ਸਮਾਜਿਕ ਵਿਵਸਥਾ ਕਾਇਮ ਕਰਨ ਵਲ ਇਨਕਲਾਬੀ ਕਦਮ ਸੀ। ਇਸੇ ਭਾਵਨਾ ਨੂੰ ਲੈ ਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਦੁਨੀਆ ਵਿਚ ਪਹਿਲਾ ਲੋਕਰਾਜੀ ਇਨਕਲਾਬ ਸਿਰੇ ਚੜ੍ਹਿਆ ਸੀ। ਇਸੇ ਕਰ ਕੇ ਦਲਿਤਾਂ ਸਮੇਤ ਹਰ ਬਿਰਾਦਰੀ ਵਿਚੋਂ ਸਿਰਲੱਥ ਯੋਧੇ ਤੇ ਆਗੂ ਪੈਦਾ ਹੋਏ ਸਨ। ਸਿੱਖਾਂ ਦੇ ਕਤਲੇਆਮ ਤੋਂ 30 ਸਾਲਾਂ ਬਾਅਦ ਬਣੇ ਪੰਜ ਦਲਾਂ ‘ਚੋਂ ਇਕ ਦਲ ਦਾ ਸਫਲ ਆਗੂ ਬੀਰ ਸਿੰਘ ਰੰਘਰੇਟਾ ਸੀ। ਸਿੱਖਾਂ ਨੇ ਸਿਰਫ ਪੰਥ ਲਈ ਹੀ ਜਾਨਾਂ ਨਹੀਂ ਵਾਰੀਆਂ ਸਗੋਂ ਅਬਦਾਲੀ ਦਾ ਵੀ ਟਾਕਰਾ ਕੀਤਾ ਸੀ। ਸਿਤਮਜ਼ਰੀਫੀ ਇਹ ਹੋਈ ਕਿ 1760ਵਿਆਂ ਦੇ ਸ਼ੁਰੂ ਵਿਚ ਮਿਸਲਾਂ ਦੇ ਗਠਨ ਵੇਲੇ ਕੁਝ ਜਾਤੀਵਾਦੀ ਮਿਸਲਦਾਰਾਂ ਨੇ ਬਹੁਤ ਸਾਰੇ ਦਲਿਤ ਯੋਧਿਆਂ ਨੂੰ ਦਰਬਾਰ ਸਾਹਿਬ ਕੰਪਲੈਕਸ ਅੰਦਰ ਧੋਖੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਬਹੁਤ ਸਾਰੇ ਇਤਿਹਾਸਕਾਰ ਅਤੇ ਵਿਦਵਾਨ ਇਹ ਚੰਗੀ ਤਰ੍ਹਾਂ ਸਮਝਦੇ ਹਨ ਕਿ ਸਿੱਖ ਸਿਧਾਂਤਾਂ ਤੇ ਕਰਮਾਂ ਵਿਚ ਨਿਘਾਰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਕਾਲ ਦੌਰਾਨ ਆਇਆ ਸੀ। ਰਾਜਸੀ ਸੱਤਾ ਯਕੀਨਨ ਭ੍ਰਿਸ਼ਟਾਚਾਰ ਦਾ ਸਬੱਬ ਬਣਦੀ ਹੈ, ਜਿਵੇਂ ਇਕ ਚਿੰਤਕ ਨੇ ਕਿਹਾ ਸੀ: ਸੱਤਾ ਭ੍ਰਿਸ਼ਟ ਬਣਾਉਂਦੀ ਹੈ ਤੇ ਨਿਰੰਕੁਸ਼ ਸੱਤਾ ਭ੍ਰਿਸ਼ਟਾਚਾਰ ਦੇ ਹੱਦ ਬੰਨ੍ਹੇ ਤੋੜ ਦਿੰਦੀ ਹੈ; ਤਾਂ ਵੀ ਗੁਰੂ ਸਾਹਿਬਾਨ ਦਾ ਹੀ ਇਹ ਅਸਰ ਸੀ ਕਿ 1826 ਵਿਚ ਦਰਬਾਰ ਸਾਹਿਬ ਕੰਪਲੈਕਸ ਅੰਦਰ ਮਜ਼ਹਬੀਆਂ ਦਾ ਬੁੰਗਾ ਉਸਾਰ ਦਿੱਤਾ ਗਿਆ। ਗੁਰਦੁਆਰਾ ਦਰਬਾਰ ਸਾਹਿਬ ਤਰਨ ਤਾਰਨ ਵਿਚ ਵੀ ਇਕ ਅਜਿਹਾ ਹੀ ਬੁੰਗਾ ਉਸਾਰਿਆ ਗਿਆ। ਉਂਜ, ਬਾਅਦ ਵਿਚ ਜਦੋਂ ਸਿੱਖੀ ਪੂਰੀ ਤਰ੍ਹਾਂ ਜਾਤ-ਪਾਤ ਅਤੇ ਅਛੂਤਪੁਣੇ ਦੀ ਜਕੜ ਵਿਚ ਆ ਗਈ ਤਾਂ ਇਹ ਦੋਵੇਂ ਬੁੰਗੇ ਢਾਹ ਦਿੱਤੇ ਗਏ। ਦਲਿਤ ਸਿੱਖਾਂ ਨੂੰ ਇਹ ਸਮਝ ਨਹੀਂ ਪੈ ਰਹੀ ਸੀ ਕਿ ਆਖਰ ਪੰਥ ਵਿਚ ਇਹ ਵਿਗਾੜ ਕਿਉਂ ਆ ਰਹੇ ਸਨ। ਜਦੋਂ ਸਿੰਘ ਸਭਾ ਲਹਿਰ ਉਭਰਨ ਲੱਗੀ ਤਾਂ ਇਸ ਸਵਾਲ ‘ਤੇ ਵੀ ਨਵੀਂ ਸੋਚ ਵਿਕਸਤ ਹੋਣੀ ਸ਼ੁਰੂ ਹੋਈ ਅਤੇ ਦਲਿਤ ਸਿੱਖਾਂ ਨੇ ਆਪਣੇ ‘ਤੇ ਕੁਲੀਨ ਸਿੱਖਾਂ ਵਲੋਂ ਲਾਈਆਂ ਪਾਬੰਦੀਆਂ ਨੂੰ ਵੰਗਾਰਨਾ ਸ਼ੁਰੂ ਕਰ ਦਿੱਤਾ। ਖਾਲਸਾ ਬਿਰਾਦਰੀ ਇਕ ਮੋਹਰੀ ਜਥੇਬੰਦੀ ਹੋ ਨਿੱਬੜੀ ਜਿਸ ਦੀ ਅਗਵਾਈ ਹੇਠ 12 ਅਕਤੂਬਰ 1920 ਨੂੰ ਹੋਏ ਮਾਰਚ ਨਾਲ ਬ੍ਰਾਹਮਣਵਾਦੀ ਸਿੱਖ ਲੀਡਰਸ਼ਿਪ ਦੇ ਥੜ੍ਹੇ ਦੀਆਂ ਚੂਲਾਂ ਹਿੱਲ ਗਈਆਂ ਸਨ।
ਇਸ ਮਹਾਨ ਘਟਨਾ ਦੀ ਯਾਦਾਸ਼ਤ ਗੁਰੂਆਂ ਨੂੰ ਪ੍ਰਣਾਈ ਸਿੱਖੀ ਲਈ ਅੱਜ ਕਿੰਨਾ ਮਹੱਤਵ ਰੱਖਦੀ ਹੈ? ਕੀ ਪਿਛਲੇ ਸੌ ਸਾਲਾਂ ਦੌਰਾਨ ਸਿੱਖੀ ਦੇ ਵਡੇਰੇ ਹਿੱਸੇ ਜਾਤੀਵਾਦ ਤੋਂ ਮੁਕਤ ਹੋ ਸਕੇ ਹਨ? ਸਿੱਖ ਧਰਮ ਦੇ ਉਘੇ ਵਿਦਵਾਨ ਮੈਕਸ ਆਰਥਰ ਮੈਕਾਲਿਫ ਨੇ 19ਵੀਂ ਸਦੀ ਦੇ ਅੰਤ ‘ਤੇ ਬੜੀ ਤਿੱਖੀ ਟਿੱਪਣੀ ਕੀਤੀ ਸੀ ਕਿ ਬ੍ਰਾਹਮਣਵਾਦ ਅਜਿਹਾ ਅਜਗਰ ਹੈ ਜਿਸ ਨੇ ਪਹਿਲਾਂ ਬੁੱਧ ਧਰਮ ਨੂੰ ਨਿਗਲਿਆ ਸੀ ਅਤੇ ਹੁਣ ਇਹ ਖਤਰਾ ਸਿੱਖੀ ਦੇ ਸਿਰ ‘ਤੇ ਮੰਡਰਾਅ ਰਿਹਾ ਹੈ। ਜੇ ਸਿੱਖੀ ਨੇ ਆਪਣੀ ਹੋਂਦ ਬਰਕਰਾਰ ਰੱਖਣੀ ਹੈ ਤਾਂ ਇਸ ਨੂੰ ਜਾਤੀਵਾਦੀ ਊਲ-ਜਲੂਲ ਅਤੇ ਧਾਰਮਿਕ ਆਡੰਬਰ ਤਜਣਾ ਪਵੇਗਾ ਜਿਨ੍ਹਾਂ ਦਾ ਗੁਰੂ ਸਾਹਿਬਾਨ ਨੇ ਸਾਫ ਤੇ ਜ਼ੋਰਦਾਰ ਲਫਜ਼ਾਂ ਵਿਚ ਖੰਡਨ ਕੀਤਾ ਸੀ ਅਤੇ ਸਿੱਖਾਂ ਵਿਚਾਲੇ ਬਰਾਬਰੀ ਦਾ ਸੰਚਾਰ ਕੀਤਾ ਸੀ।