ਮਹਾਨ ਵਿਅੰਗਕਾਰ-ਫਿਕਰ ਤੌਂਸਵੀ

ਅੱਬਾਸ ਧਾਲੀਵਾਲ, ਮਲੇਰਕੋਟਲਾ
ਫੋਨ: 91-98552-59650
ਜਦੋਂ ਵੀ ਉਰਦੂ ਭਾਸ਼ਾ ਵਿਚ ਵਿਅੰਗ ਅਤੇ ਮਜ਼ਾਹੀਆ ਕਾਲਮਾਂ ਦਾ ਜ਼ਿਕਰ ਹੁੰਦਾ ਹੈ, ਤਾਂ ‘ਪਿਆਜ਼ ਦੇ ਛਿਲਕੇ’ ਵਾਲੇ ਕਾਲਮਨਵੀਸ ਫਿਕਰ ਤੌਂਸਵੀ ਦਾ ਨਾਂ ਵਿਸ਼ੇਸ਼ ਤੌਰ ‘ਤੇ ਆਉਂਦਾ ਹੈ। ਫਿਕਰ ਤੌਂਸਵੀ ਨੇ ਆਪਣੇ ਇਸ ਵਿਅੰਗਮਈ ਕਾਲਮ ‘ਪਿਆਜ਼ ਦੇ ਛਿਲਕੇ’ ਰਾਹੀਂ ਜੋ ਪ੍ਰਸਿੱਧੀ ਹਾਸਲ ਕੀਤੀ, ਉਹ ਸ਼ਾਇਦ ਹੀ ਕਿਸੇ ਦੂਜੇ ਵਿਅੰਗਕਾਰ ਦੇ ਹਿੱਸੇ ਆਈ ਹੋਵੇ।

ਤੌਂਸਵੀ ਦਾ ਅਸਲ ਨਾਮ ਰਾਮ ਲਾਲ ਭਾਟੀਆ ਸੀ ਤੇ ਜਨਮ 7 ਅਕਤੂਬਰ 1918 ਨੂੰ ਬਸਤੀ ਮੰਗਰੋਠਾ ਤੌਂਸਾ ਸ਼ਰੀਫ ਵਿਖੇ ਹੋਇਆ, ਜਦੋਂ ਕਿ ਮੁਹੰਮਦ ਆਜ਼ਮ ਅਨੁਸਾਰ ਫਿਕਰ ਤੌਂਸਵੀ ਦਾ ਜਨਮ ਸ਼ੁੱਜਾਬਾਦ, ਮੁਲਤਾਨ ਜਿਲੇ ਵਿਚ ਹੋਇਆ ਸੀ। ਫਿਕਰ ਦੇ ਪਿਤਾ ਧਨਪਤ ਰਾਏ ਇਕ ਜ਼ਿਮੀਂਦਾਰ ਚੌਧਰੀ ਨਰਾਇਣ ਸਿੰਘ ਦੇ ਘਰ ਮੁਨਸ਼ੀ ਸਨ। ਉਨ੍ਹਾਂ ਆਪਣੀ ਮੁਢਲੀ ਵਿੱਦਿਆ ਆਪਣੇ ਪਿੰਡੋਂ ਹੀ ਪ੍ਰਾਪਤ ਕੀਤੀ ਅਤੇ ਬਾਅਦ ਵਿਚ ਦਸਵੀਂ ਜਮਾਤ ਦਾ ਇਮਤਿਹਾਨ ਹਾਈ ਸਕੂਲ ਤੌਂਸਾ ਤੋਂ ਪਾਸ ਕਰਨ ਉਪਰੰਤ ਐਮਰਸਨ ਕਾਲਜ ਵਿਖੇ ਦਾਖਲਾ ਲੈ ਲਿਆ। ਅਫਸੋਸ! ਇਕ ਸਾਲ ਬਾਅਦ ਹੀ ਉਨ੍ਹਾਂ ਦੇ ਪਿਤਾ ਦੀ ਮੌਤ ਹੋ ਗਈ, ਜਿਸ ਦੇ ਸਦਮੇ ਨੇ ਉਨ੍ਹਾਂ ਨੂੰ ਬੇਹਾਲ ਕਰ ਦਿੱਤਾ। ਨਤੀਜੇ ਵਜੋਂ, ਉਨ੍ਹਾਂ ਨੂੰ ਜ਼ਿੰਦਗੀ ਦੀ ਗੁਜਰ ਬਸਰ ਕਰਨ ਲਈ ਪੜ੍ਹਾਈ ਛਡਣੀ ਪਈ ਤੇ ਸ਼ੁਰੂ ਸ਼ੁਰੂ ਵਿਚ ਉਨ੍ਹਾਂ ਨੇ ਇਕ ਹਫਤਾਵਾਰੀ ਰਸਾਲੇ ‘ਕਿਸਾਨ’ ਵਿਚ ਕੰਮ ਕੀਤਾ।
ਫਿਕਰ ਅਨੁਸਾਰ ਉਨ੍ਹਾਂ ਦੇ ਸਾਹਿਤਕ ਜੀਵਨ ਦੀ ਸ਼ੁਰੂਆਤ 1942 ਵਿਚ ‘ਅਦਬੀ ਦੁਨੀਆਂ’ ਦੀ ਪ੍ਰਕਾਸ਼ਿਤ ਹੋਈ ਕਵਿਤਾ ‘ਤਨਹਾਈ’ ਨਾਲ ਹੋਇਆ। ਉਨ੍ਹਾਂ ਇਸ ਉਕਤ ਤਨਹਾਈ ਕਵਿਤਾ ਨੂੰ ਅਦਬੀ ਸੰਗਠਨ ਅਰਬਾਬ-ਏ-ਜ਼ੌਕ ਵਲੋਂ ਸਾਲ ਦੀ ਸਰਬੋਤਮ ਕਵਿਤਾ ਐਲਾਨਿਆ ਗਿਆ। ਇਸ ਪਿਛੋਂ ਉਨ੍ਹਾਂ ਨੇ ਪ੍ਰਸਿੱਧ ਫਿਕਸ਼ਨ ਨਿਗਾਰ ਮੁਮਤਾਜ਼ ਮੁਫਤੀ ਦੇ ਨਾਲ ਮਿਲ ਕੇ ਮੈਗਜ਼ੀਨ ‘ਸਵੇਰਾ’ ਦੀ ਸੰਪਾਦਨਾ ਕੀਤੀ। ਇਸ ਦੇ ਇਲਾਵਾ ‘ਅਦਬ ਲਤੀਫ’ ਦੇ ਸੰਪਾਦਕ ਰਹੇ, ਇਸ ਦੀ ਇਦਾਰਤ ਦੌਰਾਨ ਹੀ ਉਨ੍ਹਾਂ ਕੈਲਾਸ਼ ਵਤੀ ਨੂੰ ਆਪਣਾ ਜੀਵਨ ਸਾਥੀ ਬਣਾਇਆ।
ਇਸ ਪਿਛੋਂ 1947 ਦੇ ਫਿਰਕੂ ਦੰਗਿਆਂ ਦੌਰਾਨ ਫਿਕਰ ਤੌਂਸਵੀ ਬਤੌਰ ਰਿਫਿਊਜ਼ੀ ਭਾਰਤ ਆ ਗਏ। ਇਥੇ ਆ ਕੇ ਉਨ੍ਹਾਂ ਆਪਣੀਆਂ ਕਵਿਤਾਵਾਂ ਦਾ ਸੰਗ੍ਰਹਿ ‘ਹਿਓਲੇ’ ਪ੍ਰਕਾਸ਼ਿਤ ਕਰਵਾਇਆ, ਪਰ ਫਿਰਕੂ ਦੰਗਿਆਂ ਉਪਰੰਤ ਉਨ੍ਹਾਂ ਕਵਿਤਾ ਨੂੰ ਅਲਵਿਦਾ ਕਹਿ ਦਿੱਤਾ ਤੇ ਵਾਰਤਕ ‘ਚ ਵਿਅੰਗ ਸ਼ੈਲੀ ਨੂੰ ਅਪਨਾਇਆ। ਵਾਰਤਕ ਵਿਚ ਉਨ੍ਹਾਂ ਦੀ ਪਹਿਲੀ ਰਚਨਾ ‘ਛੱਟਾ ਦਰਿਆ’ ਆਈ, ਜੋ ਇਕ ਡਾਇਰੀ ਦੀ ਸ਼ਕਲ ਵਿਚ ਹੈ ਅਤੇ ਇਹ ਫਿਰਕੂ ਫਸਾਦਾਂ, ਦਰਦਨਾਕ ਹਾਦਸਿਆਂ ਨੂੰ ਬਿਆਨ ਕਰਦੀ ਹੈ, ਜਦੋਂ ਕਿ ਉਨ੍ਹਾਂ ਦੀ ਇਕ ਹੋਰ ਕਿਤਾਬ ‘ਸਾਤਵਾਂ ਸ਼ਾਸ਼ਤਰ’ ਵੀ ਫਿਰਕੂ ਹਿੰਸਾ ਦੇ ਆਲੇ-ਦੁਆਲੇ ਘੁੰਮਦੀ ਹੈ।
ਲੂਗਾਤ-ਏ-ਫਿਕਰੀ, ਅਰਥਾਤ ਫਿਕਰ ਦੁਆਰਾ ਲਿਖੇ ਕੁਝ ਪੰਨਿਆਂ ਦਾ ‘ਸ਼ਬਦਕੋਸ਼’ ਆਪਣੀ ਕਿਸਮ ਦਾ ਬਹੁਤ ਹੀ ਦਿਲਚਸਪ ਅਤੇ ਮਜ਼ਾਕੀਆ ਲਿਪੀ ਹੈ। ਇਸ ਵਿਚ ਫਿਕਰ ਨੇ ਸਾਡੀ ਰੋਜ਼ਾਨਾ ਜ਼ਿੰਦਗੀ ਵਿਚ ਵਰਤੇ ਜਾਂਦੇ ਸ਼ਬਦਾਂ ਦੇ ਅਰਥ ਸਮਾਜ ਦੇ ਕੌੜੇ ਹਕੀਕਤ ਦੇ ਬਹੁਤ ਨੇੜੇ ਲਿਖੇ ਹਨ। ਇੱਥੇ ਨੇਤਾ ਦਾ ਅਰਥ ਸਿਰਫ ਇੱਕ ਨੇਤਾ ਜਾਂ ਰਾਜਨੇਤਾ ਨਹੀਂ ਹੁੰਦਾ, ਸਗੋਂ ਉਹ ਵਿਅਕਤੀ, ਜੋ ਉਸ ਦੀ ਸ਼ਖਸੀਅਤ ਅਤੇ ਉਸ ਦੇ ਕੰਮਾਂ ਦੁਆਰਾ ਨਿਰਧਾਰਤ ਹੁੰਦਾ ਹੈ।
ਫਿਕਰ ਆਪਣੇ ਹੋਰ ਹਾਸੋਹੀਣੇ ਲੇਖਾਂ ਦੇ ਨਾਲ, ਉਸ ਦੇ ਅਖਬਾਰ ਦੇ ਕਾਲਮ ‘ਪਿਆਜ਼ ਕੇ ਛਿਲਕੇ’ ਅਤੇ ਵੰਡ ਦੇ ਸਮੇਂ ਦੇ ਇਤਿਹਾਸ ਦੀ ਯਾਦਗਾਰੀ ਕਿਤਾਬ ‘ਛੱਟਾ ਦਰਿਆ’ ਲਈ ਉਨ੍ਹਾਂ ਨੂੰ ਸਭ ਤੋਂ ਵੱਧ ਜਾਣਿਆ ਜਾਂਦਾ ਹੈ।
ਹੇਠਾਂ ਦਰਜ ਫਿਕਰ ਤੌਂਸਵੀ ਦੀਆਂ ਵੱਖ ਵੱਖ ਰਚਨਾਵਾਂ ‘ਚੋਂ ਕੁਝ ਗਿਣੇ-ਚੁਣੇ ਸ਼ਬਦ ਲਏ ਹਨ, ਜਿਨ੍ਹਾਂ ਨੂੰ ਉਨ੍ਹਾਂ ਆਪਣੇ ਅਲੱਗ ਅੰਦਾਜ਼ ਵਿਚ ਪਰਿਭਾਸ਼ਿਤ ਕੀਤਾ ਹੈ। ਯਕੀਨਨ ਪਾਠਕਾਂ ਨੂੰ ਇਹ ਕਾਫੀ ਲੁਤਫ ਦੇਣਗੇ ਅਤੇ ਉਨ੍ਹਾਂ ਨੂੰ ਸੇਧ ਵੀ ਦੇਣਗੇ:
ਇਲੈਕਸ਼ਨ: ਇੱਕ ਦੰਗਾ ਜੋ ਵੋਟਰਾਂ ਅਤੇ ਨੇਤਾਵਾਂ ਵਿਚਾਲੇ ਹੁੰਦਾ ਹੈ ਅਤੇ ਜਿਸ ਵਿਚ ਆਗੂ ਜਿੱਤਦੇ ਹਨ, ਵੋਟਰ ਹਾਰ ਜਾਂਦੇ ਹਨ।
ਵੋਟ: ਕੀੜੇ ਦੇ ਖੰਭ ਜੋ ਬਰਸਾਤ ਦੇ ਮੌਸਮ ਵਿਚ ਬਾਹਰ ਆਉਂਦੇ ਹਨ।
ਵੋਟਰ: ਅੱਖਾਂ ਵਿਚੋਂ ਡਿੱਗਿਆ ਹੋਇਆ ਇਕ ਹੰਝੂ, ਜਿਸ ਨੂੰ ਮਿੱਟੀ ਵਿਚੋਂ ਚੋਣ ਦੌਰਾਨ ਮੋਤੀ ਸਮਝ ਕੇ ਚੁੱਕਿਆ ਜਾਂਦਾ ਹੈ ਅਤੇ ਚੋਣ ਪਿਛੋਂ ਮੁੜ ਮਿੱਟੀ ਵਿਚ ਮਿਲਾ ਦਿੱਤਾ ਜਾਂਦਾ ਹੈ।
ਵੋਟਰ ਸੂਚੀ: ਜੌਹਰੀ ਦੀ ਦੁਕਾਨ ‘ਤੇ ਲਟਕ ਰਹੀਆਂ ਮੋਤੀਆਂ ਦੀਆਂ ਲੜੀਆਂ।
ਉਮੀਦਵਾਰ: ਵੱਡੇ ਵੱਡੇ ਅਕਲਮੰਦਾਂ (ਸਿਆਣਿਆਂ) ਨੂੰ ਵੀ ਬੇਵਕੂਫ ਬਣਾਉਣ ਵਾਲਾ ਅਕਲਮੰਦ।
ਚੁਣਾਵੀ ਸਫ: ਇਕ ਤੁੰਬੜਾ, ਜਿਸ ‘ਤੇ ਬੇਸੁਰੇ ਗੀਤ ਗਾਏ ਜਾਂਦੇ ਹਨ।
ਚੋਣ ਮੈਨੀਫੈਸਟੋ: ਜਿਸ ਵਿਚ ਵਾਅਦੇ ਬਾਅਦ ਵਿਚ ਤੋੜਨ ਲਈ ਕੀਤੇ ਜਾਂਦੇ ਹਨ।
ਚੋਣ ਭਾਸ਼ਣ: ਚੋਣਾਂ ਦੇ ਜੰਗਲ ਵਿਚ ਗਿੱਦੜਾਂ ਵਲੋਂ ਗਾਇਆ ਜਾਣ ਵਾਲਾ ਗੀਤ ਕਿ ‘ਮੇਰੇ ਪਿਤਾ ਬਾਦਸ਼ਾਹ ਸਨ।’
ਚੋਣ ਝੰਡੇ: ਰੰਗ-ਬਰੰਗੇ ਪਤੰਗਾਂ ਦੀ ਦੁਕਾਨ।
ਚੋਣ ਪੋਸਟਰ: ਉਮੀਦਵਾਰ ਦਾ ਸ਼ਜਰਾ-ਏ-ਨਸਬ, ਜਿਸ ਵਿਚ ਉਮੀਦਵਾਰ ਦੇ ਖਾਨਦਾਨ ਦੀ ਪੂਰੀ (ਤਾਰੀਖ) ਇਤਿਹਾਸ ਦਰਜ ਹੁੰਦਾ ਹੈ ।
ਪੋਲਿੰਗ ਏਜੰਟ: ਉਮੀਦਵਾਰ ਦਾ ਚਮਚਾ।
ਚੋਣ ਖਰਚੇ: ਜੂਏ ‘ਤੇ ਲਾਈ ਹੋਈ ਨਕਦੀ।
ਇਸੇ ਤਰ੍ਹਾਂ ਫਿਕਰ ਤੌਂਸਵੀ ਇਕ ਥਾਂ ਹੋਰ ਸਮਾਜ ਵਿਚ ਵਰਤੇ ਜਾਂਦੇ ਕੁਝ ਹੋਰ ਪ੍ਰਚਲਿਤ ਸ਼ਬਦਾਂ ਦੀ ਪਰਿਭਾਸ਼ਾ ਆਪਣੇ ਨਿਵੇਕਲੇ ਪਰ ਜਾਣੇ-ਪਛਾਣੇ ਸ਼ਬਦ ਘੜਦਿਆਂ ਜਿਵੇਂ ਹਕੀਕਤ ਬਿਆਨ ਕਰ ਦਿੱਤੀ ਹੈ,
ਮਹਿਬੂਬਾ: ਇਕ ਕਿਸਮ ਦੀ ਨਾਜਾਇਜ਼ (ਗੈਰਕਾਨੂੰਨੀ) ਪਤਨੀ।
ਪਤਨੀ: ਮਹਿਬੂਬਾ ਦਾ ਅੰਜਾਮ।
ਇਸ਼ਕ: ਖੁਦਕੁਸ਼ੀ ਕਰਨ ਤੋਂ ਪਹਿਲਾਂ ਦੀ ਸਥਿਤੀ।
ਰਿਸ਼ਤੇਦਾਰ: ਇਕ ਰੱਸੀ, ਜੋ ਟੁੱਟਣ ‘ਤੇ ਵੀ ਸਿਰ ਉੱਤੇ ਲਟਕਦੀ ਰਹਿੰਦੀ ਹੈ।
ਦਿੱਲੀ: ਜਿੱਥੇ ਘਰ ਵੱਡੇ ਹੁੰਦੇ ਹਨ ਅਤੇ ਲੋਕ ਛੋਟੇ ਹੁੰਦੇ ਹਨ।
ਬੰਬੇ: ਇਕ ਮੰਦਿਰ, ਜਿਸ ‘ਚੋਂ ਭਗਵਾਨ ਨਿਕਲ ਗਿਆ ਹੈ।
ਸਾਈਕਲ: ਕਲਰਕ ਬਾਬੂ ਦੀ ਦੂਜੀ ਪਤਨੀ।
ਕਲਰਕ: ਇਕ ਗਿੱਦੜ, ਜੋ ਸ਼ੇਰ ਦੀ ਪੋਸ਼ਾਕ ਵਿਚ ਕੁਰਸੀ ‘ਤੇ ਬੈਠਾ ਹੈ।
ਬੁੱਢਾ ਆਦਮੀ: ਦੀਵਾਲੀਆ ਦੁਕਾਨ ਦੇ ਬਾਹਰ ਲਟਕਿਆ ਇੱਕ ਪੁਰਾਣਾ ਸਾਈਨ ਬੋਰਡ।
ਆਵਾਮ: ਚੌਂਕ ‘ਤੇ ਰੱਖਿਆ ਹੋਇਆ ਇਕ ਹੁੱਕਾ, ਜਿਸ ਨੂੰ ਹਰ ਰਾਹਗੀਰ ਆ ਕੇ ਪੀਂਦਾ ਹੈ।
ਪਤਨੀ: ਮਹਿਬੂਬਾ ਦਾ ਵਿਗੜਿਆ ਹੋਇਆ ਚਿਹਰਾ।
ਬੇਰੁਜ਼ਗਾਰੀ: ਸਨਮਾਨ ਪ੍ਰਾਪਤੀ ਤੋਂ ਪਹਿਲਾਂ ਅਪਮਾਨਿਤ ਹੋਣ ਦਾ ਤਜਰਬਾ।
ਕੁਰਪਸ਼ਨ : ਇੱਕ ਜ਼ਹਿਰ, ਜੋ ਸ਼ਹਿਦ ਵਾਂਗ ਸੁਆਦ ਲੈ ਖੁਸ਼ੀ ਖੁਸ਼ੀ ਚੱਟਿਆ ਜਾਂਦਾ ਹੈ।
ਰਾਜਨੀਤੀ: ਪੈਸਾ ਰੱਖਣ ਵਾਲਿਆਂ ਦੀ ਅਯਾਸ਼ੀ ਅਤੇ ਬਿਨਾ ਪੈਸੇ ਵਾਲਿਆਂ ਲਈ ਇਕ ਗਲੇ ਦਾ ਢੋਲ।
ਬੀਵੀ: ਇੱਕ ਚੁਟਕਲਾ, ਜੋ ਵਾਰ ਵਾਰ ਦੁਹਰਾਉਣ ਨਾਲ ਬਾਸਾ (ਫਾਲਤੂ) ਹੋ ਜਾਂਦਾ ਹੈ।
ਸੱਚਾਈ: ਇੱਕ ਚੋਰ, ਜੋ ਡਰ ਦੇ ਮਾਰੇ ਬਾਹਰ ਨਹੀਂ ਆਉਂਦੀ।
ਝੂਠ: ਇੱਕ ਫਲ, ਜੋ ਵੇਖਣ ਲਈ ਸੁੰਦਰ ਹੈ ਤੇ ਖਾਣ ‘ਚ ਸੁਆਦੀ, ਪਰ ਜਿਸ ਨੂੰ ਹਜ਼ਮ ਕਰਨਾ ਮੁਸ਼ਕਿਲ ਹੈ।
ਲੋਕਤੰਤਰ: ਇੱਕ ਮੰਦਿਰ, ਜਿੱਥੇ ਸ਼ਰਧਾਲੂ ਚੜ੍ਹਾਵਾ ਚੜ੍ਹਾਉਂਦੇ ਹਨ ਅਤੇ ਪੁਜਾਰੀ ਖਾਂਦੇ ਹਨ।
ਗਰੀਬੀ: ਇੱਕ ਕਸ਼ਕੋਲ, ਜਿਸ ਵਿਚ ਅਮੀਰ ਲੋਕ ਪੈਸੇ ਸੁੱਟ ਕੇ ਆਪਣੇ ਪਾਪ ਘਟਾਉਂਦੇ ਹਨ।
ਸ਼ਾਇਰ: ਇਕ ਪੰਛੀ, ਜੋ ਸਾਰੀ ਉਮਰ ਆਪਣੇ ਗੁਆਚੇ ਹੋਏ ਨੂੰ ਲੱਭਣ ‘ਚ ਗੁਆ ਲੈਂਦਾ ਹੈ।
ਲੀਡਰ: ਉਹ ਵਿਅਕਤੀ, ਜੋ ਆਪਣਾ ਬੀਜ ਦੂਜਿਆਂ ਦੇ ਖੇਤ ਵਿਚ ਪਾ ਕੇ ਫਸਲਾਂ ਵੇਚ ਖਾਂਦਾ ਹੈ।
ਕਬਰਿਸਤਾਨ: ਮਰੇ ਹੋਏ ਮਨੁੱਖਾਂ ਦਾ (ਵਰਤਮਾਨ) ਅਤੇ ਜਿਉਂਦੇ ਮਨੁੱਖਾਂ ਦਾ ਮੁਸਤਕਬਲ (ਭਵਿੱਖ)।
ਚਾਪਲੂਸੀ: ਕਮਜ਼ੋਰ ਦੀ ਤਾਕਤ ਅਤੇ ਮਜ਼ਬੂਤ ਦੀ ਕਮਜ਼ੋਰੀ।
ਸ਼ਰਾਫਤ: ਅੰਨ੍ਹੇ ਵਲੋਂ ਪਾਇਆ ਹੋਇਆ ਚਸ਼ਮਾ।
ਸਿਖਲਾਈ: ਅਨਪੜ੍ਹ ਲੋਕਾਂ ਨੂੰ ਮੂਰਖ ਬਣਾਉਣ ਦਾ ਇੱਕ ਹਥਿਆਰ।
ਬਹਾਦੁਰ: ਅੱਗ ਨੂੰ ਪਾਣੀ ਸਮਝ ਕੇ ਪੀ ਜਾਣ ਵਾਲਾ ਕਮਅਕਲ।
ਰਸੋਈ: ਘਰੇਲੂ ਔਰਤਾਂ ਦੀ ਰਾਜਧਾਨੀ।
ਕਿਲ੍ਹਾ: ਝੌਂਪੜੀ ਦੇ ਵਿਚਕਾਰ ਖਿੱਚੀ ਗਈ ਇੱਕ ਵੱਡੀ ਲਾਈਨ।
ਵਿਦਿਆਰਥੀ: ਪਿਆਸਾ ਵਿਅਕਤੀ, ਜੋ ਸਮੁੰਦਰ ਵਿਚ ਧੱਕਿਆ ਜਾਂਦਾ ਹੈ ਅਤੇ ਸਾਰੀ ਉਮਰ ਡੁੱਬਦਾ ਹੈ।
ਜੇਬ ਕਤਰਾ: ਇਕ ਸ਼ਰਾਰਤੀ ਲੜਕਾ, ਜੋ ਕਿਸੇ ਹੋਰ ਦੇ ਸਾਈਕਲ ਵਿਚ ਪਿੰਨ ਲਾਉਂਦਾ ਹੈ, ਇਸ ਨੂੰ ਪੈਂਚਰ ਕਰਕੇ ਭੱਜ ਜਾਂਦਾ ਹੈ।
ਸੜਕ: ਉਹ ਮਾਰਗ, ਜੋ ਸਵਰਗ ਅਤੇ ਨਰਕ-ਦੋਹਾਂ ਵੱਲ ਲੈ ਜਾਂਦਾ ਹੈ।
ਆਤਮ ਹੱਤਿਆ: ਜਾਇਜ਼ ਚੀਜ਼ਾਂ ਦੀ ਦੁਰਵਰਤੋਂ।
ਕੁਰਸੀ: ਸਿਆਣਾ ਆਦਮੀ ਇਸ ‘ਤੇ ਬੈਠ ਕੇ ਮੂਰਖ ਬਣ ਜਾਂਦਾ ਹੈ।
ਨੇਕੀ: ਜਿਸ ਨੂੰ ਲੋਕ ਪਹਿਲਾਂ ਦਰਿਆ ਵਿਚ ਸੁੱਟ ਦਿੰਦੇ ਸਨ, ਅੱਜ ਕੱਲ੍ਹ ਬਾਜ਼ਾਰ ਵਿਚ ਬਾਰਾਏ ਵਿਕਰੀ ਲਈ ਭੇਜੋ।
ਅਖਬਾਰ: ਇੱਕ ਫਲ, ਜੋ ਆਰਾਮ ਲਈ ਖਾਧਾ ਜਾਂਦਾ ਹੈ, ਪਰ ਖਾਣ ਤੋਂ ਬੇਚੈਨੀ ਪੈਦਾ ਕਰਦਾ ਹੈ।
ਸ਼ਰਾਬੀ: ਰਾਤ ਦਾ ਸ਼ਹਿਨਸ਼ਾਹ, ਸਵੇਰ ਦਾ ਫਕੀਰ।
ਤਵਾਇਫ: ਡਿਸਪੋਜ਼ਲ ਚੀਜ਼ਾਂ, ਜੋ ਮਾਮੂਲੀ ਭਾਅ ਉਤੇ ਨਿਲਾਮੀ ‘ਤੇ ਵੇਚੀਆਂ ਜਾਂਦੀਆਂ ਹਨ।
ਮਹਿਮਾਨ: ਜਦੋਂ ਉਹ ਆਉਂਦਾ ਹੈ ਤਾਂ ਖੁਸ਼ੀ ਹੁੰਦੀ ਹੈ ਅਤੇ ਜਦੋਂ ਉਹ ਰਵਾਨਾ ਹੁੰਦਾ ਤਾਂ ਹੋਰ ਵਧੇਰੇ ਖੁਸ਼ੀ ਹੁੰਦੀ ਹੈ।
ਜੱਜ: ਨਿਆਂ ਕਰਨ ਲਈ ਸੁਤੰਤਰ, ਪਰ ਕਾਨੂੰਨ ਦਾ ਗੁਲਾਮ।
ਗਵਾਹ: ਝੂਠ ਅਤੇ ਸੱਚ ਦੇ ਵਿਚਾਲੇ ਲਟਕਿਆ ਪੈਂਡੂਲਮ।
ਕੋਸ਼ਿਸ਼: ਹਨੇਰੇ ਵਿਚ ਤੀਰ ਚਲਾਉਣਾ। ਲੱਗ ਜਾਏ ਤਾਂ ਵਾਹ ਵਾਹ, ਜੇ ਖੁੰਝ ਜਾਏ ਤਾਂ ਆਹ ਆਹ।
ਹਨੇਰਾ: ਬਿਜਲੀ ਕੰਪਨੀ ਦਾ ਸਿਰਦਰਦ।
ਸ਼ਕਤੀ: ਚੋਰਾਂ ਦਾ ਸਿਰ ਦਰਦ।
ਚੋਰ: ਇਕ ਕਲਾਕਾਰ, ਜੋ ਇਕ ਜੇਬ ਤੋਂ ਦੂਜੀ ਵਿਚ ਸਮਾਨ ਲੈ ਜਾਂਦਾ ਹੈ।
ਉਸਤਾਦ: ਮੂਰਖ, ਜੋ ਆਪਣੇ ਦੁਸ਼ਮਣਾਂ ਨੂੰ ਸਿਆਣਾ ਬਣਾ ਕੇ ਮੂਰਖ ਬਣਦਾ ਹੈ।
ਕੂੜਾ ਕਰਕਟ: ਵਰਤੀਆਂ ਜਾਂਦੀਆਂ ਚੀਜ਼ਾਂ ਦੀ ਜਨਾਜ਼ਗਾਹ।
ਕਮਜ਼ੋਰੀ: ਇਕ ਲਾਸ਼, ਜਿਸ ‘ਤੇ ਜਿਉਂਦੇ ਲੋਕਾਂ ਵਲੋਂ ਹਮਲਾ ਕੀਤਾ ਜਾਂਦਾ ਹੈ।
ਕਤਲ: ਅੱਖਾਂ ਨਾਲ ਕੀਤਾ ਅੰਨ੍ਹਾ ਕੰਮ।
ਹਕੂਮਤ: ਕੰਡਿਆਂ ਦਾ ਤਾਜ, ਜਿਸ ਨੂੰ ਹਰ ਗੰਜਾ ਆਦਮੀ ਪਹਿਨਣਾ ਚਾਹੁੰਦਾ ਹੈ।
ਬੁੱਧੀ: ਪਿਆਰ ਅਤੇ ਖਲੂਸ ਦਾ ਕਬਰਿਸਤਾਨ।
ਮੂਰਖਤਾ: ਇਕ ਖਜਾਨਾ, ਜੋ ਕਦੇ ਖਾਲੀ ਨਹੀਂ ਹੁੰਦਾ।
ਵਿਆਹ: ਪਿਆਰ ਦੀ ਸਮਾਪਤੀ, ਬੱਚਿਆਂ ਦੀ ਸ਼ੁਰੂਆਤ।
ਦਿਲ: ਇਕ ਕਬਰ, ਜਿਸ ਦੇ ਹੇਠਾਂ ਅਕਸਰ ਜੀਵਤ ਮੁਰਦੇ ਦਫਨਾਏ ਜਾਂਦੇ ਹਨ।
ਦਿਮਾਗ: ਪਰਮਾਤਮਾ ਅਤੇ ਸ਼ੈਤਾਨ-ਦੋਵਾਂ ਦਾ ਸਾਂਝਾ ਘਰ।
ਪੈਰ: ਜਿਹੜਾ ਦੂਜਿਆਂ ਨੂੰ ਠੋਕਰ ਮਾਰਦਾ ਹੈ ਅਤੇ ਆਪਣੇ ਆਪ ਠੋਕਰ ਖਾਂਦਾ ਹੈ।
ਵਿਦੇਸ਼ੀ ਰਿਣ: ਇੱਕ ਡੈਣ, ਜੋ ਬੱਚਿਆਂ ਨੂੰ ਜਨਮ ਦਿੰਦੀ ਹੈ, ਉਨ੍ਹਾਂ ਦਾ ਪਾਲਣ ਪੋਸ਼ਣ ਕਰਦੀ ਹੈ ਅਤੇ ਫਿਰ ਉਹ ਉਨ੍ਹਾਂ ਨੂੰ ਖੁਦ ਹੀ ਖਾ ਜਾਂਦੀ ਹੈ।
ਹਿੱਲ ਸਟੇਸ਼ਨ: ਸਿਹਤਮੰਦ ਮਰੀਜ਼ਾਂ ਦਾ ਹਸਪਤਾਲ।
ਹਕੂਮਤ: ਕੰਡਿਆਂ ਦਾ ਤਾਜ, ਜਿਸ ਨੂੰ ਹਰ ਗੰਜਾ ਆਦਮੀ ਪਹਿਨਣਾ ਚਾਹੁੰਦਾ ਹੈ।
ਸਾਹਿਤ ਦੀ ਦੁਨੀਆਂ ਦਾ ਇਹ ਬੇਮਿਸਾਲ ਸਿਤਾਰਾ ਉਮਰ ਦੇ ਆਖਰੀ ਦਿਨਾਂ ਵਿਚ ਫਾਲਿਜ ਦਾ ਸ਼ਿਕਾਰ ਹੋ ਗਿਆ ਤੇ 12 ਸਤੰਬਰ 1987 ਨੂੰ ਇਸ ਫਾਨੀ ਦੁਨੀਆਂ ਨੂੰ ਹਮੇਸ਼ਾ ਹਮੇਸ਼ਾ ਲਈ ਅਲਵਿਦਾ ਕਹਿ ਗਿਆ ਅਤੇ ਵਿਅੰਗ ਦੇ ਖੇਤਰ ਵਿਚ ਕਦੇ ਨਾ ਪੂਰਿਆ ਜਾਣ ਵਾਲਾ ਘਾਟਾ ਪਾ ਗਿਆ।