ਜਿਥੇ ਨਿੱਤ ਦਿਨ 46 ਕਿਸਾਨ ਕਰਦੇ ਨੇ ਖੁਦਕੁਸ਼ੀ…

ਪੀæ ਸਾਈਨਾਥ
ਸਾਲ 2011 ਵਿਚ ਭਾਰਤ ਦੇ ਕਿਸਾਨਾਂ ਵਿਚ ਖ਼ੁਦਕੁਸ਼ੀ ਦੀ ਦਰ ਕੰਬਣੀ ਛੇੜਨ ਵਾਲੀ ਸੀ, ਬਾਕੀ ਆਬਾਦੀ ਨਾਲੋਂ 47 ਫ਼ੀ ਸਦੀ ਵੱਧ। ਖੇਤੀ ਸੰਕਟ ਦੀ ਸਭ ਤੋਂ ਵੱਧ ਲਪੇਟ ‘ਚ ਆਏ ਕੁਝ ਸੂਬਿਆਂ ਵਿਚ, ਇਹ ਵਾਧਾ ਸੌ ਫ਼ੀ ਸਦੀ ਤੋਂ ਵੀ ਉੱਪਰ ਸੀ। 2011 ਦੀ ਮਰਦਮਸ਼ੁਮਾਰੀ ਦੇ ਅੰਕੜੇ ਦਰਸਾਉਂਦੇ ਹਨ ਕਿ ਕਿਸਾਨਾਂ ਦੀ ਆਬਾਦੀ ਸੁੰਗੜ ਰਹੀ ਹੈ।æææਤੇ ਹੁਣ ਇਸ ਸੁੰਗੜੀ ਹੋਈ ਆਬਾਦੀ ਦੇ ਆਧਾਰ ‘ਤੇ ਹੀ ਤਾਂ ਕਿਸਾਨ ਖ਼ੁਦਕੁਸ਼ੀਆਂ ਕਰਦੇ ਹਨ!
ਜ਼ਰਾ ਤਾਜ਼ਾ ਮਰਦਮਸ਼ੁਮਾਰੀ ਦੇ ਅੰਕੜਿਆਂ ਦੇ ਜੋੜ ਨੂੰ ਕੌਮੀ ਜੁਰਮ ਰਿਕਾਰਡ ਬਿਊਰੋ (ਐੱਨæਸੀæਆਰæਬੀæ) ਦੇ ਖ਼ੁਦਕੁਸ਼ੀਆਂ ਦੇ ਅੰਕੜਿਆਂ ਨਾਲ ਮਿਲਾ ਕੇ ਦੇਖੋ। ਭਿਆਨਕ ਤੱਥ ਸਾਹਮਣੇ ਆਉਂਦੇ ਹਨ। ਨਮੂਨਾ: ਆਂਧਰਾ ਪ੍ਰਦੇਸ਼ ਦੇ ਕਿਸਾਨ ਦੀ ਮੁਲਕ ਦੇ ਬਾਕੀ ਥਾਵਾਂ ਦੀ ਹਰ ਤਰ੍ਹਾਂ ਦੀ ਆਬਾਦੀ ਨਾਲੋਂ ਖ਼ੁਦਕੁਸ਼ੀ ਕਰਨ ਦੀ ਸੰਭਾਵਨਾ ਤਿੰਨ ਗੁਣਾਂ ਵੱਧ ਹੈ। ਜਦੋਂ ਕਿਸਾਨ ਦੇ ਆਪਣੇ ਹੀ ਸੂਬੇ ਦੇ ਬਾਕੀ ਲੋਕਾਂ ਨਾਲ ਤੁਲਨਾ ਕੀਤੀ ਜਾਵੇ ਤਾਂ ਅਜਿਹੀ ਸੰਭਾਵਨਾ ਦੁੱਗਣੀ ਹੋ ਜਾਂਦੀ ਹੈ। ਮਹਾਰਾਸ਼ਟਰ ਵਿਚ ਵੀ ਸੰਭਾਵਨਾਵਾਂ ਜ਼ਿਆਦਾ ਹੌਸਲਾ ਦੇਣ ਵਾਲੀਆਂ ਨਹੀਂ ਜੋ ਇਕ ਦਹਾਕੇ ਤੋਂ ਅਜਿਹੀਆਂ ਸਭ ਤੋਂ ਵੱਧ ਖ਼ੁਦਕੁਸ਼ੀਆਂ ਵਾਲਾ ਸੂਬਾ ਹੈ।
ਏਸ਼ੀਆ ਕਾਲਜ ਆਫ ਜਨਰਲਿਜ਼ਮ, ਚੇਨਈ ਦਾ ਅਰਥਸ਼ਾਸਤਰੀ ਪ੍ਰੋæ ਕੇæ ਨਾਗਰਾਜ ਕਹਿੰਦਾ ਹੈ, “ਤਸਵੀਰ ਡਰਾਉਣੀ ਹੀ ਬਣੀ ਹੋਈ ਹੈ।” ਭਾਰਤ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਬਾਰੇ ਪ੍ਰੋਫੈਸਰ ਨਾਗਰਾਜ ਦਾ 2008 ਦਾ ਅਧਿਐਨ ਇਸ ਵਿਸ਼ੇ ਬਾਰੇ ਹੁਣ ਤੱਕ ਦਾ ਸਭ ਤੋਂ ਅਹਿਮ ਅਧਿਐਨ ਹੈ। ਉਹ ਦੱਸਦਾ ਹੈ, “ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਤੀਬਰਤਾ ਘਟਣ ਦਾ ਨਾਂ ਨਹੀਂ ਲੈ ਰਹੀ। ਨਾ ਹੀ ਅੰਕੜਿਆਂ ਤੋਂ ਕਿਸੇ ਵੱਡੀ ਗਿਰਾਵਟ ਦਾ ਸੰਕੇਤ ਮਿਲਦਾ ਹੈ। ਇਹ ਖੇਤੀ ਦੇ ਕੇਂਦਰ ਪੰਜ ਮੁੱਖ ਸੂਬਿਆਂ ਵਿਚ ਹੀ ਕੇਂਦਰਤ ਹਨ। ਉਥੇ ਸੰਕਟ ਲਗਾਤਾਰ ਬਣਿਆ ਹੋਇਆ ਹੈ। ਦਰਅਸਲ, ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ 2011 ਦੀ ਦਰ ਉਸ ਤੋਂ ਥੋੜ੍ਹੀ ਵਧੇਰੇ ਹੀ ਸੀ ਜਿੰਨੀ ਇਹ 2001 ‘ਚ ਸੀ।” ਅਤੇ ਇਹ ਵੀ ਸੂਬਾ ਪੱਧਰ ‘ਤੇ ਅੰਕੜਿਆਂ ‘ਚ ਭਾਰੀ ਹੇਰ-ਫੇਰ ਤੋਂ ਬਾਅਦ ਦੀ ਹਾਲਤ ਹੈ।
ਜਿਵੇਂ ਐੱਨæਸੀæਆਰæਬੀæ ਦੇ ਅੰਕੜੇ ਦਿਖਾਉਂਦੇ ਹਨ ਕਿ ਮੁਲਕ ਵਿਚ ਕਿਸਾਨਾਂ ਦੀਆਂ ਕੁਲ ਖ਼ੁਦਕੁਸ਼ੀਆਂ ਦਾ ਦੋ-ਤਿਹਾਈ ਹਿੱਸਾ ਇਨ੍ਹਾਂ ਪੰਜ ਸੂਬਿਆਂ ਤੋਂ ਹੈ। ਇਹ ਹਨ ਮਹਾਰਾਸ਼ਟਰ, ਆਂਧਰਾ ਪ੍ਰਦੇਸ਼, ਕਰਨਾਟਕਾ, ਮੱਧ ਪ੍ਰਦੇਸ ਅਤੇ ਛੱਤੀਸਗੜ੍ਹ। ਇਨ੍ਹਾਂ ‘ਪੰਜ ਵੱਡਿਆਂ’ ਦਾ ਕਿਸਾਨਾਂ ਦੀਆਂ ਕੁਲ ਖ਼ੁਦਕੁਸ਼ੀਆਂ ਵਿਚ ਹਿੱਸਾ 2011 ਵਿਚ ਉਸ ਤੋਂ ਕਿਤੇ ਵਧੇਰੇ ਸੀ ਜਿੰਨਾ ਇਹ 2001 ਵਿਚ ਸੀ। ਮਰਦਮਸ਼ੁਮਾਰੀ ਦੇ ਨਵੇਂ ਅੰਕੜੇ ਇਹ ਵੀ ਦਿਖਾਉਂਦੇ ਹਨ ਕਿ ਇਨ੍ਹਾਂ ਵਿਚੋਂ ਚਾਰ ਸੂਬਿਆਂ ਵਿਚ ਹੁਣ ਕਿਸਾਨਾਂ ਦੀ ਗਿਣਤੀ ਉਸ ਤੋਂ ਕਿਤੇ ਥੋੜ੍ਹੀ ਹੈ ਜਿੰਨੀ ਇਕ ਦਹਾਕਾ ਪਹਿਲਾਂ ਹੁੰਦੀ ਸੀ। ਸਿਰਫ਼ ਮਹਾਰਾਸ਼ਟਰ ਵਿਚ ਉਨ੍ਹਾਂ ਦੀ ਗਿਣਤੀ ਵਧਣ ਦੀਆਂ ਰਿਪੋਰਟਾਂ ਹਨ।
2011 ਵਿਚ ਕੌਮੀ ਪੱਧਰ ‘ਤੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਇਕ ਲੱਖ ਕਿਸਾਨਾਂ ਪਿੱਛੇ 16æ3 ਸੀ। ਇਹ ਬਾਕੀ ਆਬਾਦੀ ਦੀ ਖ਼ੁਦਕੁਸ਼ੀਆਂ ਦੀ ਦਰ 11æ1 ਨਾਲੋਂ ਕਿਤੇ ਵਧੇਰੇ ਹੈ। ਇਹ 2001 ਦੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਦਰ 15æ8 ਤੋਂ ਵੀ ਥੋੜ੍ਹੀ ਵਧੇਰੇ ਹੀ ਹੈ।
ਮਸਲਨ, ਮਹਾਰਾਸ਼ਟਰ ਵਿਚ ਇਕ ਲੱਖ ਕਿਸਾਨਾਂ (ਮੁੱਖ ਵਾਹੀਕਾਰਾਂ) ਪਿੱਛੇ ਇਹ ਦਰ 29æ1 ਖ਼ੁਦਕੁਸ਼ੀਆਂ ਦੀ ਹੈ, ਜੋ ਕਿਸਾਨੀ ਨੂੰ ਬਾਹਰ ਕੱਢ ਕੇ ਬਾਕੀ ਸਾਰੇ ਭਾਰਤੀਆਂ ਦੀ ਖ਼ੁਦਕੁਸ਼ੀ ਦੀ ਦਰ ਨਾਲੋਂ 160 ਫ਼ੀ ਸਦੀ ਵੱਧ ਹੈ। ਅਜਿਹੇ ਪਾੜੇ ਹੋਰ ਸੂਬਿਆਂ ਵਿਚ ਵੀ ਹਨ। 2011 ਵਿਚ ਵੱਡੇ 22 ਵਿਚੋਂ 16 ਸੂਬਿਆਂ ਵਿਚ, ਬਾਕੀ ਵਸੋਂ ਦੀ ਖ਼ੁਦਕੁਸ਼ੀਆਂ ਦੀ ਦਰ ਨਾਲੋਂ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਵਧੇਰੇ ਸੀ।
2011 ਦੇ ਅੰਕੜਿਆਂ ‘ਚ ਬੁਰੀ ਤਰ੍ਹਾਂ ਹੇਰਾਫੇਰੀ ਕੀਤੀ ਗਈ ਹੈ। ਛੱਤੀਸਗੜ੍ਹ ਵਰਗੇ ਸੂਬੇ ਐਲਾਨ ਕਰ ਰਹੇ ਹਨ ਕਿ ਇਸ ਸਾਲ ‘ਚ ਕੋਈ ਖ਼ੁਦਕੁਸ਼ੀ ਨਹੀਂ ਹੋਈ। ਇਸੇ ਸੂਬੇ ਤੋਂ ਇਹ ਰਿਪੋਰਟ ਵੀ ਆਈ ਕਿ ਇਸੇ ਸਾਲ ਕੁਲ ਖ਼ੁਦਕੁਸ਼ੀਆਂ ‘ਚ ਵਾਧਾ ਹੋਇਆ ਹੈ; ਪਰ ਦਾਅਵਾ ਇਹ ਕੀਤਾ ਗਿਆ ਕਿ ਇਨ੍ਹਾਂ ਵਿਚੋਂ ਕੋਈ ਵੀ ਕਿਸਾਨ ਨਹੀਂ ਸੀ। ਜੇ ਅਸੀਂ ਇਸ ਸੂਬੇ ਦੀ 2011 ਤੋਂ ਪਹਿਲੇ ਤਿੰਨ ਸਾਲਾਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਔਸਤ ਗਿਣਤੀ ਲਾਈਏ ਤਾਂ ਨਤੀਜਾ ਕੀ ਨਿਕਲਦਾ ਹੈ? ਫਿਰ ਛੱਤੀਸਗੜ੍ਹ ਦੀ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਮੁਲਕ ਦੀ ਬਾਕੀ ਵਸੋਂ ਦੀ ਖ਼ੁਦਕੁਸ਼ੀ ਦੀ ਦਰ ਨਾਲੋਂ 350 ਫ਼ੀ ਸਦੀ ਵਧੇਰੇ ਹੈ।
1995 ਵਿਚ ‘ਪੰਜ ਵੱਡੇ’ ਸੂਬਿਆਂ ਵਿਚ ਭਾਰਤ ਦੀਆਂ ਅੱਧੀਆਂ ਤੋਂ ਵੱਧ ਖ਼ੁਦਕੁਸ਼ੀਆਂ ਹੋਈਆਂ। 2011 ਵਿਚ, ਇਹ ਗਿਣਤੀ ਵਧ ਕੇ ਦੋ-ਤਿਹਾਈ ਹੋ ਗਈ। ਖ਼ੁਦਕੁਸ਼ੀਆਂ ਦੇ ਇਥੇ ਕੇਂਦਰਤ ਹੋਣ ਨੂੰ ਦੇਖਦਿਆਂ, ਸਰਵ ਭਾਰਤ ਦੇ ਭਿਆਨਕ ਅੰਕੜੇ ਵੀ ਇਨ੍ਹਾਂ ਤੋਂ ਘੱਟ ਭਿਆਨਕ ਹਨ।
ਦਸ ਸੂਬਿਆਂ ਦੇ ਅੰਕੜੇ 2011 ਵਿਚ 2001 ਨਾਲੋਂ ਖ਼ੁਦਕੁਸ਼ੀਆਂ ਦੀ ਵਧੇਰੇ ਦਰ ਨੂੰ ਦਿਖਾਉਂਦੇ ਹਨ। ਇਨ੍ਹਾਂ ਵਿਚ ਪੰਜਾਬ ਤੇ ਹਰਿਆਣਾ ਦੇ ਵੱਡੇ ਖੇਤੀ ਖੇਤਰ ਵੀ ਸ਼ਾਮਲ ਹਨ। ਕਰਨਾਟਕ ਵਿਚ ਖ਼ੁਦਕੁਸ਼ੀਆਂ ਘਟਣ ਦੇ ਬਾਵਜੂਦ ‘ਪੰਜ ਵੱਡਿਆਂ’ ਸੂਬਿਆਂ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਔਸਤ ਦਰ ਥੋੜ੍ਹੀ ਵੱਧ ਹੀ ਹੈ। ਮਹਾਰਾਸ਼ਟਰ ਵਿਚ ਗਿਣਤੀ ਘਟੀ ਹੈ। ਇਸ ਦਾ ਹੋਰ ਕਿਸੇ ਸੂਬੇ ਨਾਲੋਂ ਸਭ ਤੋਂ ਮਾੜਾ ਰਿਕਾਰਡ ਰਿਹਾ ਹੈ। 1995 ਤੋਂ ਲੈ ਕੇ ਕਿਸਾਨਾਂ ਦੀਆਂ ਘੱਟੋਘੱਟ 53,818 ਖ਼ੁਦਕੁਸ਼ੀਆਂ। ਫਿਰ ਇਹ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਨੂੰ ਘਟੀ ਹੋਈ ਕਿਵੇਂ ਦਿਖਾਉਂਦਾ?
ਖ਼ੈਰ, 2011 ਦੀ ਮਰਦਮਸ਼ੁਮਾਰੀ ਸਾਨੂੰ ਦੱਸਦੀ ਹੈ ਕਿ ਸੂਬੇ ਵਿਚ 2001 ਤੋਂ ਲੈ ਕੇ ਕਿਸਾਨਾਂ (ਮੁੱਖ ਵਾਹੀਕਾਰਾਂ) ਦੀ ਗਿਣਤੀ 12 ਲੱਖ ਵਧੀ ਹੈ। ਇਹ ਇਸੇ ਸਾਲ ਕੌਮੀ ਪੱਧਰ ‘ਤੇ ਕਿਸਾਨਾਂ ਦੀ ਗਿਣਤੀ 77 ਲੱਖ ਘਟਣ ਤੋਂ ਉਲਟ ਹੈ। ਇਸੇ ਲਈ ਮਹਾਰਾਸ਼ਟਰ ਵਿਚ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਦਰ ਘਟੀ ਹੋਈ ਦਿਖਾਈ ਦਿੰਦੀ ਹੈ। ਹਾਲਾਂਕਿ, ਇਥੇ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਗਿਣਤੀ ਵਿਚ ਜ਼ਿਆਦਾ ਗਿਰਾਵਟ ਨਹੀਂ ਆਈ। ਅਤੇ ਇਸ ਸੂਬੇ ਵਿਚ ਕਿਸਾਨ ਦੀ ਮੁਲਕ ਦੇ ਬਾਕੀ ਲੋਕਾਂ ਨਾਲੋਂ, ਕਿਸਾਨਾਂ ਨੂੰ ਛੱਡ ਕੇ, ਆਪਣੀ ਜਾਨ ਲੈਣ ਦੀ ਸੰਭਾਵਨਾ ਢਾਈ ਗੁਣਾ ਵਧੇਰੇ ਹੈ।
2011 ਵਿਚ ਕਰਨਾਟਕਾ ਵਿਚ ਕਿਸਾਨਾਂ ਦੀਆਂ ਉਸ ਤੋਂ ਕਾਫ਼ੀ ਘੱਟ ਖ਼ੁਦਕੁਸ਼ੀਆਂ ਦੇਖਣ ‘ਚ ਆਈਆਂ ਜਿੰਨੀਆਂ ਇਕ ਦਹਾਕਾ ਪਹਿਲਾਂ ਹੋਈਆਂ ਸਨ। ਇਸ ਕਰ ਕੇ, ਇਸ ਦੇ ਕਿਸਾਨਾਂ ਦੀ ਗਿਣਤੀ 2001 ਨਾਲੋਂ ਘਟ ਜਾਣ ਦੇ ਬਾਵਜੂਦ, ਸੂਬਾ ਕਿਸਾਨਾਂ ਦੀ ਖ਼ੁਦਕੁਸ਼ੀ ਦੀ ਦਰ ਘਟੀ ਹੋਈ ਦਿਖਾ ਰਿਹਾ ਹੈ। ਹਾਲਾਂਕਿ, ਮਹਾਰਾਸ਼ਟਰ ਅਤੇ ਕਰਨਾਟਕ ਵਿਚ ਕਿਸਾਨਾਂ ਦੀ ‘ਘੱਟ ਖ਼ੁਦਕੁਸ਼ੀ’ ਵੀ ਬਾਕੀ ਮੁਲਕ ਦੀ ਦਰ ਨਾਲੋਂ ਵੱਧ ਹੈ।
ਇਹ ਅੰਕੜੇ 2011 ਦੀ ਮਰਦਮਸ਼ੁਮਾਰੀ ਵਿਚ ਖੇਤੀ ਦੀ ਮੌਜੂਦਾ ਆਬਾਦੀ ਦੇ ਕੁਲ ਜੋੜ ਨੂੰ ਅੰਕੜਿਆਂ ਨੂੰ ਕੌਮੀ ਜੁਰਮ ਰਿਕਾਰਡ ਬਿਊਰੋ ਅਨੁਸਾਰ ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਦੀ ਕੁਲ ਗਿਣਤੀ ‘ਤੇ ਲਾਗੂ ਕਰ ਕੇ ਹਾਸਲ ਕੀਤੇ ਗਏ ਹਨ। ਮਰਦਮਸ਼ੁਮਾਰੀ ਵਾਹੀਕਾਰਾਂ ਦਾ ਇੰਦਰਾਜ ਕਰਦੀ ਹੈ। ਪੁਲਿਸ ਖ਼ੁਦਕੁਸ਼ੀਆਂ ਦਾ ਹਿਸਾਬ-ਕਿਤਾਬ ਲਾਉਂਦੀ ਹੈ। ਖ਼ੁਦਕੁਸ਼ੀਆਂ ਦੀ ਸੂਚੀ ਬਣਾਉਂਦੇ ਵਕਤ, ਸੂਬਾ ਸਰਕਾਰਾਂ ਅਤੇ ਪੁਲਿਸ ਸਿਰਫ਼ ਉਨ੍ਹਾਂ ਨੂੰ ਹੀ ਸੂਚੀ ਵਿਚ ਸ਼ਾਮਲ ਕਰਦੇ ਹਨ ਜਿਨ੍ਹਾਂ ਦੇ ਨਾਂ ਜ਼ਮੀਨ ਹੈ।
ਪ੍ਰੋਫੈਸਰ ਨਾਗਰਾਜ ਕਹਿੰਦਾ ਹੈ, “ਕਿਸਾਨਾਂ ਦੀਆਂ ਖ਼ੁਦਕੁਸ਼ੀਆਂ ਅਜੇ ਵੀ ਵੱਡੀ ਤਾਦਾਦ ‘ਚ ਹੁੰਦੀਆਂ ਹਨ। ਬੱਸ, ਸਿਰਫ਼ ਸਰਕਾਰੀ ਅਤੇ ਸਿਆਸੀ ਤੌਰ ‘ਤੇ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਰਿਹਾ। ਕੀ ‘ਖ਼ਾਮੋਸ਼ੀ ਦੀ ਸਾਜ਼ਿਸ਼’ ਮੁੜ ਹਰਕਤ ‘ਚ ਆ ਗਈ ਹੈ?” ਛੱਤੀਸਗੜ੍ਹ ਵਲੋਂ ‘ਸਿਫ਼ਰ’ ਖ਼ੁਦਕੁਸ਼ੀਆਂ ਦਾ ਐਲਾਨ ਕੀਤੇ ਜਾਣ ਨਾਲ ਪ੍ਰੇਸ਼ਾਨ ਕਰਨ ਵਾਲੇ ਰੁਝਾਨ ਦਾ ਮੁੱਢ ਬੱਝ ਗਿਆ ਹੈ। (ਇਹ ਇਸ ਦੇ ਬਾਵਜੂਦ ਹੈ ਕਿ ‘ਸਿਫ਼ਰ’ ਵਾਲੇ ਐਲਾਨ ਤੋਂ ਪਹਿਲੇ 36 ਮਹੀਨਿਆਂ ਵਿਚ 4700 ਖ਼ੁਦਕੁਸ਼ੀਆਂ ਹੋਈਆਂ ਸਨ) ਪੁਡੂਚੇਰੀ ਵੀ ਇਨ੍ਹਾਂ ਹੀ ਨਕਸ਼ੇ-ਕਦਮਾਂ ‘ਤੇ ਚੱਲਿਆ ਹੈ। ਨਿਸ਼ਚੇ ਹੀ ਬਾਕੀ ਵੀ ਇਵੇਂ ਹੀ ਕਰ ਰਹੇ ਹਨ। ਕਈ ਸਾਲਾਂ ਤੋਂ ਪੰਜਾਬ ਅਤੇ ਹਰਿਆਣਾ ਦਾਅਵੇ ਕਰ ਰਹੇ ਹਨ ਕਿ ਉਨ੍ਹਾਂ ਦੇ ਕੋਈ ਔਰਤ ਕਿਸਾਨ ਖ਼ੁਦਕੁਸ਼ੀ ਨਹੀਂ ਕਰ ਰਹੀ। (ਹਾਲਾਂਕਿ ਉਨ੍ਹਾਂ ਹੀ ਸਾਲਾਂ ਵਿਚ ਮੀਡੀਆ ਅਤੇ ਅਧਿਐਨ ਰਿਪੋਰਟਾਂ ਇਸ ਦੋਂ ਉਲਟਾ ਸਾਬਤ ਕਰਦੀਆਂ ਹਨ)। ਕਿਤੇ ਨਾ ਕਿਤੇ ਜਾ ਕੇ ਇਹ ਰੁਝਾਨ ਅਵੱਸ਼ ਹੀ ਅੰਕੜਿਆਂ ਵਿਚ ਘਾਤਕ ਤੌਰ ‘ਤੇ ਹੇਰਾਫੇਰੀ ਕਰਦਾ ਹੈ।
1995 ਤੋਂ ਲੈ ਕੇ ਘੱਟੋਘੱਟ 270,940 ਕਿਸਾਨਾਂ ਨੇ ਆਪਣੀਆਂ ਜਾਨਾਂ ਲਈਆਂ ਹਨ, ਇਹ ਐੱਨæਸੀæਆਰæਬੀæ ਦਾ ਰਿਕਾਰਡ ਦੱਸਦਾ ਹੈ। 1995 ਤੋਂ ਲੈ ਕੇ 2000 ਤਕ ਦੇ ਛੇ ਸਾਲਾਂ ਵਿਚ ਹਰ ਸਾਲ ਔਸਤ 14,462 ਕਿਸਾਨਾਂ ਨੇ ਖ਼ੁਦਕੁਸ਼ੀਆਂ ਕੀਤੀਆਂ। 2001 ਤੋਂ ਲੈ ਕੇ 2011 ਦਰਮਿਆਨ ਦੇ 11 ਸਾਲਾਂ ਵਿਚ ਇਹ ਸਾਲਾਨਾ ਔਸਤ 16,743 ਕਿਸਾਨ ਖ਼ੁਦਕੁਸ਼ੀਆਂ ਦੀ ਸੀ; ਭਾਵ ਹਰ ਰੋਜ਼ ਔਸਤ 46 ਕਿਸਾਨਾਂ ਦੀ ਖ਼ੁਦਕੁਸ਼ੀ; ਜਾਂ 2001 ਤੋਂ ਲੈ ਕੇ ਹਰ ਅੱਧੇ ਘੰਟੇ ਬਾਅਦ ਇਕ ਖ਼ੁਦਕੁਸ਼ੀ।
-ਪੇਸ਼ਕਸ਼: ਬੂਟਾ ਸਿੰਘ

Be the first to comment

Leave a Reply

Your email address will not be published.