ਯਾਦਾਂ ਦੇ ਝਰੋਖੇ

ਨਿੰਦਰ ਘੁਗਿਆਣਵੀ
ਪੁਰਾਣੇ ਸਮਿਆਂ ਦੇ ਫਨਕਾਰ ਬਹੁਤ ਘੱਟ ਬੀਮਾਰ ਹੁੰਦੇ ਸਨ। ਜੇ ਹੁੰਦਾ ਵੀ ਕੋਈ ਤਾਂ ਉਹ ਆਪਣੀ ਬੀਮਾਰੀ ਦਾ ਖੁਦ ਵੈਦ ਹੁੰਦਾ ਸੀ। ਲਿਖਣ ਤੋਂ ਭਾਵ ਕਿ ਦੇਸੀ ਜੜ੍ਹੀ-ਬੂਟੀ ਦੀ ਦਵਾਈ ਬਣਾ ਕੇ ਛਕ ਲੈਂਦਾ। ਦੇਸੀ ਪੁੜੀਆਂ ਗਵੱਈਏ ਅਖਾੜਿਆਂ ਉਤੇ ਜਾਣ ਸਮੇਂ ਆਪਣੇ ਨਾਲ ਬੰਨ੍ਹ ਲਿਜਾਂਦੇ ਸਨ।

ਉਸਤਾਦ ਬੜੇ ਗੁਲਾਮ ਅਲੀ ਖਾਂ ਅਧਰੰਗ ਦੇ ਦੌਰੇ ਨਾਲ ਮਝੱਟੇ ਗਏ, ਪਰ ਹੌਸਲਾ ਨਾ ਹਾਰਿਆ। ਅਜਿਹੀ ਝਲਕ ਉਨ੍ਹਾਂ ਬਾਰੇ ਬਲਵੰਤ ਗਾਰਗੀ ਨੇ ਲਿਖ ਕੇ ਪੁਵਾਈ:
1958 ਵਿਚ ਉਸ ਨੂੰ ਅਧਰੰਗ ਦਾ ਦੌਰਾ ਪਿਆ ਤੇ ਉਸ ਦਾ ਇਕ ਪਾਸਾ ਮਾਰਿਆ ਗਿਆ, ਪਰ ਉਸ ਨੇ ਫਿਰ ਰਿਆਜ਼ ਸ਼ੁਰੂ ਕਰ ਦਿੱਤਾ, ਡਾਕਟਰ ਦੇ ਮਸ਼ਵਰੇ ਦੇ ਖਿਲਾਫ। ਉਹ ਇੱਕ ਮਾਲਸ਼ੀਏ ਕੋਲੋਂ ਰੋਜ਼ ਮਾਲਿਸ਼ ਕਰਵਾਉਂਦਾ। ਲੱਕੜ ਦੇ ਦੀਵਾਨ ਉਤੇ ਲੇਟਿਆਂ ਉਹ ਆਪਣੇ ਸਿਰ, ਗਰਦਨ, ਛਾਤੀ, ਪਿੱਠ ਤੇ ਲੱਤਾਂ ਦੀ ਮਾਲਿਸ਼ ਦਾ ਅਨੰਦ ਲੈਂਦਾ ਤੇ ਨਾਲ-ਨਾਲ ਗਾਉਂਦਾ। ਮਾਲਸ਼ੀਏ ਦੀ ਲੈਆਤਮਕ ਚੰਪੀ ਨਾਲ ਸੁਰ ਤੇ ਤਾਲ ਮਿਲਾ ਕੇ ਗਾਉਂਦਾ। ਕਦੇ ਉਹ ਸਰਗਮ ਜਾਂ ਅਲਾਪ ਜਾਂ ਤਾਨ ਨੂੰ ਵਿਲੰਬਿਤ ਵਿਚ ਗਾਉਂਦਿਆਂ ਯਕਦਮ ਦ੍ਰਤ ਵਿਚ ਬਦਲ ਦਿੰਦਾ ਤੇ ਤਾਨ ਤੇ ਗਰਾਰੀ ਨੂੰ ਮਾਲਿਸ਼ ਦੀ ਤਾਲ ਤੇ ਚਾਲ ਅਨੁਸਾਰ ਤੋਰਦਾ।
ਇਕ ਵਾਰੀ ਉਸ ਨੇ ਮਾਲਸ਼ੀਏ ਨੂੰ ਆਪਣੇ ਸਾਹਮਣੇ ਬਿਠਾ ਲਿਆ ਤੇ ਸ਼ਿੰਗਾਰ ਰਸ ਦੀ ਠੁਮਰੀ ਗਾਉਣ ਲੱਗਾ। ਉਸ ਨੇ ਹੱਥਾਂ ਤੇ ਅੱਖਾਂ ਨਾਲ ਪਾਵ ਦੀ ਅਦਾਇਗੀ ਕੀਤੀ ਤੇ ਪਿਆਰ ਰਸ ਵਿਚ ਡੁੱਬੀ ਠੁਮਰੀ ਨੂੰ ਇਸ ਖੂਬਸੂਰਤੀ ਨਾਲ ਗਾਇਆ ਜਿਵੇਂ ਕਿ ਉਹ ਆਪਣੀ ਮਹਿਬੂਬਾ ਸਾਹਮਣੇ ਬੈਠਾ ਗਾ ਰਿਹਾ ਹੋਵੇ। ਮਾਲਸ਼ੀਆ ਕੀਲਿਆ ਹੋਇਆ ਬੈਠਾ ਸੁਣਦਾ ਰਿਹਾ ਤੇ ਬੜੇ ਗੁਲਾਮ ਅਲੀ ਖਾਂ ਪੇਚਦਾਰ ਤਾਨਾਂ ਤੇ ਪਲਟਿਆਂ ਨਾਲ ਆਪਣਾ ਸ਼ਿੰਗਾਰ ਭਾਗ ਪ੍ਰਗਟਾਉਣ ਵਿਚ ਮੁਗਧ ਸੀ। ਮਾਲਸ਼ੀਆ ਫਸੇ ਹੋਏ ਕਾਂ ਵਾਂਗ ਬੈਠਾ ਸੀ। ਨਾ ਉਠ ਸਕਦਾ ਸੀ, ਨਾ ਹਿਲ ਸਕਦਾ ਸੀ। ਬੜੇ ਗੁਲਾਮ ਅਲੀ ਖਾਂ ਤਾਂ ਮਾਲਸ਼ੀਏ ਦਾ ਸ਼ੁਕਰੀਆ ਅਦਾ ਕਰ ਰਿਹਾ ਸੀ ਤੇ ਠੁਮਰੀ ਉਸ ਦੇ ਹਿੱਤ ਭੇਟ ਕਰ ਰਿਹਾ ਸੀ। ਮਾਲਸ਼ੀਏ ਨੇ ਇਹੋ ਜਿਹੀ ਜਬਰੀ ਸੰਗੀਤਕ ਸਜ਼ਾ ਕਦੇ ਨਹੀਂ ਸੀ ਕੱਟੀ।
ਜੇ ਕੋਈ ਤਬਲਚੀ ਆਉਂਦਾ ਤਾਂ ਉਹ ਉਸ ਨਾਲ ਸੰਗੀਤ ਦੀਆਂ ਲੈਅ-ਬੱਧ ਵੰਨਗੀਆਂ, ਤਾਲਾ, ਤੋੜੇ ਤੇ ਉਨ੍ਹਾਂ ਦੀ ਮਾਤਰਾ-ਵੰਡ ਬਾਰੇ ਗੱਲਾਂ ਕਰਦਾ। ਉਹ ਤਬਲਚੀ ਨੂੰ ਝੱਪ ਤਾਲ ਵਜਾਉਣ ਲਈ ਆਖਦਾ ਤੇ ਉਤਨੇ ਹੀ ਸਮੇਂ ਵਿਚ ਉਹ ਖੁਦ ਤੀਨ ਤਾਲ ਦੀਆਂ ਸੋਲ੍ਹਾਂ ਮਾਤਰਾਂ ਗਿਣਦਾ ਤੇ ਦੋਵੇਂ ਜਣੇ ਵੱਖ-ਵੱਖ ਤਾਲ-ਚੱਕਰਾਂ ਨੂੰ ਕਟਦੇ ਇਕੋ ਵੇਲੇ ਸਮ ਉਤੇ ਆ ਡਿਗਦੇ। ਇਸ ਪ੍ਰਕਾਰ ਉਹ ਕਈ ਮਿਸ਼ਰਿਤ ਤਾਲ-ਵੰਨਗੀਆਂ ਸਿਰਜਦਾ ਅਤੇ ਸਰੋਤਿਆਂ ਤੇ ਦਰਸ਼ਕਾਂ ਨੂੰ ਚਕ੍ਰਿਤ ਕਰ ਦਿੰਦਾ।
ਬੀਮਾਰੀ ਦੀ ਹਾਲਤ ਵਿਚ ਇਕ ਵਾਰ ਇਕ ਮਸ਼ਹੂਰ ਡਾਕਟਰ ਉਸ ਨੂੰ ਦੇਖਣ ਲਈ ਆਇਆ। ਡਾਕਟਰ ਨੇ ਸੋਚਿਆ ਕਿ ਉਹ ਬਿਸਤਰੇ ਵਿਚ ਪਏ ਅਧਰੰਗ ਦੇ ਮਾਰੇ ਕਿਸੇ ਮਰੀਜ਼ ਨੂੰ ਮਿਲੇਗਾ, ਪਰ ਉਸ ਨੇ ਬੜੇ ਗੁਲਾਮ ਅਲੀ ਖਾਂ ਨੂੰ ਤਖਤਪੋਸ਼ ਉਤੇ ਬੈਠੇ ਗਾਉਂਦਿਆਂ ਦੇਖਿਆ। ਡਾਕਟਰ ਨੂੰ ਹੈਰਾਨੀ ਹੋਈ ਕਿ ਬੜੇ ਗੁਲਾਮ ਅਲੀ ਖਾਂ ਰਿਆਜ਼ ਕਰ ਰਿਹਾ ਸੀ, ਸ਼ਾਗਿਰਦਾਂ ਨੂੰ ਹਦਾਇਤਾਂ ਦੇ ਰਿਹਾ ਸੀ, ਤਾਨਾਂ ਤੇ ਰਾਗਣੀਆਂ ਅਤੇ ਅਰਥ ਗਾ ਕੇ ਸਮਝਾ ਰਿਹਾ ਸੀ। ਡਾਕਟਰ ਆਖਣ ਲੱਗਾ ਕਿ ਇਹ ਗੱਲ ਸੰਗੀਤਕ ਇਤਿਹਾਸ ਵਿਚ ਹੀ ਨਹੀਂ, ਸਗੋਂ ਡਾਕਟਰੀ ਇਤਿਹਾਸ ਵਿਚ ਵੀ ਇੱਕ ਮਿਸਾਲ ਹੈ ਕਿ ਕਿਵੇਂ ਇੱਕ ਦ੍ਰਿੜ੍ਹ ਨਿਸ਼ਚੇ ਵਾਲਾ ਸੰਗੀਤਕਾਰ ਆਪਣੇ ਸਰੀਰ ਵਿਚ ਇੱਕ ਨਵੀਂ ਸ਼ਕਤੀ ਭਰ ਸਕਦਾ ਹੈ। ਅਧਰੰਗ ਦੇ ਦੌਰੇ ਕਾਰਨ ਉਸ ਦੇ ਚਿਹਰੇ ਦਾ ਇਕ ਪਾਸਾ ਵਿਗੜ ਗਿਆ ਸੀ ਤੇ ਜਿਸਮ ਦਾ ਅੱਧਾ ਹਿੱਸਾ ਨਿਸੱਤਾ ਹੋ ਗਿਆ ਸੀ। ਬੜੇ ਗੁਲਾਮ ਅਲੀ ਖਾਂ ਬੜੀ ਖੁਸ਼ੀ ਤੇ ਖੂਬੀ ਨਾਲ ਭਲੀ ਭਾਂਤ ਦਸ ਬਾਰਾਂ ਸਾਲ ਆਪਣੀ ਕਲਾ ਦੇ ਜੌਹਰ ਦਿਖਾਉਂਦਾ ਰਿਹਾ। ਉਹ ਆਖਣ ਲੱਗਾ, “ਡਾਕਟਰਾਂ ਦੀਆਂ ਗੱਲਾਂ ‘ਤੇ ਨਾ ਜਾਓ। ਉਹ ਮੈਨੂੰ ਆਖਦੇ ਨੇ ‘ਬਸ ਬਿਸਤਰੇ ਵਿਚ ਪਏ ਰਹੋ, ਆਰਾਮ ਕਰੋ।’ ਡਾਕਟਰ ਬਾਲਿਗਾ ਨੇ ਮੈਨੂੰ ਮਸ਼ਵਰਾ ਦਿੱਤਾ ਕਿ ਮੈਂ ਰਿਆਜ਼ ਨਾ ਕਰਾਂ। ਭਲਾ ਦੱਸੋ, ਮੈਂ ਰਿਆਜ਼ ਕੀਤੇ ਬਿਨਾ ਕਿਵੇਂ ਰਹਿ ਸਕਦਾ ਹਾਂ? ਇਹ ਤਾਂ ਬਿਲਕੁਲ ਉਵੇਂ ਹੀ ਹੈ ਜਿਵੇਂ ਮੈਨੂੰ ਕੋਈ ਆਖੇ ਕਿ ਸਾਹ ਲੈਣਾ ਬੰਦ ਕਰ ਦੇਹ। ਰਿਆਜ਼ ਤਾਂ ਮੈਂ ਕਰਨਾ ਹੀ ਕਰਨਾ ਹੈ। ਇਹ ਮੇਰੀ ਜ਼ਿੰਦਗੀ ਹੈ…।
ਉਸਤਾਦ ਬੜੇ ਗੁਲਾਮ ਅਲੀ ਖਾਂ ਦੀ ਚਹੇਤੀ ਸ਼ਿਸ਼ ਮਾਲਿਤੀ ਇਲਾਨੀ ਦਾ ਬਲਵੰਤ ਗਾਰਗੀ ਨਾਲ ਮੇਲ ਹੋਇਆ ਤਾਂ ਇਲਾਨੀ ਨੇ ਉਸਤਾਦ ਜੀ ਦੀਆਂ ਕੁਝ ਯਾਦਾਂ ਉਨ੍ਹਾਂ ਨਾਲ ਸਾਂਝੀਆਂ ਕਰਦਿਆਂ ਦੱਸਿਆ, ਗਾਰਗੀ ਨੇ ਉਸ ਨੂੰ ਇਸ ਰੂਪ ਵਿਚ ਕਲਮਬੱਧ ਕੀਤਾ, “ਮੈਂ ਬੜੇ ਗੁਲਾਮ ਅਲੀ ਖਾਂ ਨੂੰ ਉਨੀ ਸੌ ਤਰੇਹਠ ਵਿਚ ਕਲਕੱਤੇ ਦੀ ਇਕ ਮਹਿਫਿਲ ਵਿਚ ਮਿਲੀ। ਗਾਣਾ ਖਤਮ ਹੋਣ ‘ਤੇ ਖਾਂ ਸਾਹਿਬ ਨੇ ਮੇਰੇ ਵੱਲ ਉਦਾਰਤਾ ਨਾਲ ਦੇਖਿਆ। ਉਹ ਬੜੇ ਖੁਸ਼ ਹੋਏ ਕਿ ਮੈਂ ਇਕ ਪੰਜਾਬੀ ਸਾਂ ਤੇ ਮੈਨੂੰ ਸੰਗੀਤ ਦਾ ਸ਼ੌਕ ਸੀ। ਉਨ੍ਹਾਂ ਨੇ ਮੈਨੂੰ ਆਪਣਾ ਪਤਾ ਦਿੱਤਾ। ਕੁਝ ਦਿਨਾਂ ਪਿਛੋਂ ਮੈਂ ਉਨ੍ਹਾਂ ਨੂੰ ਮਿਲਣ ਗਈ। ਉਹ ਕਮਰੇ ਵਿਚ ਤਖਤਪੋਸ਼ ਉਤੇ ਬੈਠੇ ਸਨ। ਉਨ੍ਹਾਂ ਦੇ ਬੰਗਾਲੀ ਸ਼ਾਗਿਰਦ ਹੇਠਾਂ ਦਰੀ ਉਤੇ। ਉਨ੍ਹਾਂ ਨੇ ਮੈਨੂੰ ਆਖਿਆ, ਮੈਂ ਉਨ੍ਹਾਂ ਨੂੰ ਗਾ ਕੇ ਸੁਣਾਵਾਂ। ਮੈਂ ਗੰਧਰਵ ਮਹਾਵਿਦਿਆਲਯ ਤੋਂ ਪੰਜ ਸਾਲ ਕਲਾਸਕੀ ਸੰਗੀਤ ਸਿਖਿਆ ਸੀ। ਇੱਕ ਪੱਕਾ ਰਾਗ ਗਾਇਆ। ਉਹ ਹੱਸ ਕੇ ਆਖਣ ਲੱਗੇ, ‘ਪੁੱਤਰ, ਇਹ ਕੋਈ ਸੰਗੀਤ ਨਹੀਂ। ਜੇ ਤੂੰ ਗਾਉਣਾ ਚਾਹੁੰਦੀ ਹੈ ਤਾਂ ਤੈਨੂੰ ਠੀਕ ਤਰੀਕੇ ਨਾਲ ਗਾਉਣਾ ਸਿੱਖਣਾ ਚਾਹੀਦਾ ਹੈ। ਸੰਗੀਤ ਰਿਆਜ਼ ਮੰਗਦਾ ਹੈ, ਸਾਧਨਾ ਤੇ ਤਵੱਜੋ।’ ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਰਾਗ ਵਿਦਿਆ ਸਿਖਾ ਦੇਣ। ਉਨ੍ਹਾਂ ਆਖਿਆ, ‘ਪੁੱਤਰ ਮੈਂ ਤੈਨੂੰ ਨਹੀਂ ਸਿਖਾ ਸਕਦਾ। ਮੈਂ ਬਹੁਤ ਮਸ਼ਰੂਫ ਹਾਂ। ਕਈ ਵਾਰ ਮੈਂ ਲੰਮੇ ਸਫਰ ਉਤੇ ਜਾਂਦਾ ਹਾਂ। ਤੂੰ ਕਿਸੇ ਹੋਰ ਉਸਤਾਦ ਤੋਂ ਸਿੱਖ। ਇਹ ਬੜੀ ਮਿਹਨਤ ਦਾ ਕੰਮ ਹੈ।’ ਪਰ ਮੈਂ ਉਨ੍ਹਾਂ ਨੂੰ ਹੀ ਮਨ ਵਿਚ ਆਪਣਾ ਗੁਰੂ ਧਾਰ ਚੁਕੀ ਸਾਂ। ਇਕ ਦਿਨ ਮੈਂ ਆਪਣੀ ਮਾਂ ਨੂੰ ਨਾਲ ਲੈ ਕੇ ਖਾਂ ਸਾਹਿਬ ਕੋਲ ਗਈ। ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਹ ਮੈਨੂੰ ਆਪਣੀ ਸ਼ਾਗਿਰਦੀ ਵਿਚ ਲੈ ਲੈਣ। ਸਾਡੇ ਮਜਬੂਰ ਕਰਨ ‘ਤੇ ਉਨ੍ਹਾਂ ਨੇ ਮੇਰੀ ਅਰਜ਼ ਕਬੂਲ ਕੀਤੀ। ਸ਼ਾਗਿਰਦੀ ਦੀ ਰਸਮ ਦਾ ਦਿਨ ਮੁਕੱਰਰ ਹੋਇਆ। ਮੈਂ ਫਲ, ਫੁੱਲ, ਨਾਰੀਅਲ, ਮਿਠਾਈ, ਰੇਸ਼ਮੀ ਕੁੜਤਾ ਪਜਾਮਾ ਅਤੇ ਰੇਸ਼ਮੀ ਸ਼ਾਲ ਲੈ ਕੇ ਗਈ ਤੇ ਇਹ ਚੀਜਾਂ ਉਨ੍ਹਾਂ ਨੂੰ ਭੇਟ ਕੀਤੀਆਂ। ਉਨ੍ਹਾਂ ਨੇ ਮੇਰੀ ਕਲਾਈ ਉਤੇ ਗੰਡਾ ਬੰਨ੍ਹਣ ਦੀ ਰਸਮ ਅਦਾ ਕੀਤੀ।”
ਕੁਝ ਦੇਰ ਸੋਚ ਕੇ ਮਾਲਿਤੀ ਨੇ ਆਖਿਆ, “ਜਦੋਂ ਖਾਂ ਸਾਹਿਬ ਉਦਾਸ ਹੁੰਦੇ ਤਾਂ ਅਸੀਂ ਕਾਰ ਵਿਚ ਘੁੰਮਣ ਲਈ ਨਿਕਲਦੇ। ਜਦੋਂ ਮੈਂ ਕਾਰ ਚਲਾ ਰਹੀ ਹੁੰਦੀ ਤਾਂ ਉਹ ਆਪਣੀਆਂ ਸੰਗੀਤਕ ਹਦਾਇਤਾਂ ਜਾਰੀ ਰੱਖਦੇ। ਉਹ ਆਖਦੇ, ‘ਪੁੱਤਰ ਔਹ ਦੇਖ ਸਾਹਮਣੇ ਲਾਲ ਬੱਤੀ। ਤੂੰ ਇਸ ਹਿਸਾਬ ਨਾਲ ਬਰੇਕ ਲਾ ਕਿ ਕਾਰ ਐਨ ਚਿੱਟੀ ਲੀਕ ਦੇ ਨਿਸ਼ਾਨ ‘ਤੇ ਜਾ ਕੇ ਰੁਕੇ। ਤੈਨੂੰ ਚਾਹੀਦਾ ਹੈ ਕਿ ਤਾਨ ਵੀ ਇਸ ਤਰ੍ਹਾਂ ਮਾਰੇ ਕਿ ਇਹ ਆਰੋਹੀ ਤੇ ਅਵਰੋਹੀ ਦੀਆਂ ਸਰਗਮਾਂ ਨੂੰ ਚੰਡਦੀ ਐਨ ਠੀਕ ਸਮ ਉਤੇ ਆ ਡਿੱਗੇ।’ ਜੇ ਮੈਂ ਸੜਕ ਦਾ ਮੋੜ ਕਟਦਿਆਂ ਕਾਰ ਨੂੰ ਮੋੜਦੀ ਤਾਂ ਉਹ ਆਖਦੇ, ‘ਪੁੱਤਰ, ਆਪਣੀ ਆਵਾਜ਼ ਨੂੰ ਵੀ ਗਲੇ ਵਿਚ ਇਸੇ ਖੂਬੀ ਨਾਲ ਮੋੜਿਆ ਕਰ। ਤੂੰ ਕਾਰ ਏਨੀ ਵਧੀਆ ਚਲਾਉਂਦੀ ਹੈ, ਹੈਰਾਨੀ ਦੀ ਗੱਲ ਹੈ ਕਿ ਤੂੰ ਵਧੀਆ ਗਾ ਕਿਉਂ ਨਹੀਂ ਸਕਦੀ। ਉਨ੍ਹਾਂ ਨੂੰ ਹਰ ਕੰਮ ਤੋਂ ਉਤਸ਼ਾਹ ਮਿਲਦਾ। ਪੰਛੀ ਦੀ ਉਡਾਣ ਤੋਂ, ਪਾਣੀ ਵਿਚ ਤੈਰਦੀ ਮੱਛੀ ਤੋਂ, ਸਰਪਟ ਦੌੜਦੇ ਘੋੜੇ ਤੋਂ, ਖਿੜੇ ਹੋਏ ਫੁੱਲ ਤੋਂ, ਗੁਲਾਬ ਦੀ ਪੱਤੀ ਉਤੇ ਪਏ ਤ੍ਰੇਲ ਤੁਪਕਿਆਂ ਤੋਂ। ਉਹ ਇਨ੍ਹਾਂ ਸਭਨਾਂ ਨੂੰ ਤਾਨਾਂ ਤੇ ਲੈਅ-ਮਈ ਸੁਰਾਂ ਵਿਚ ਪ੍ਰਗਟਾਉੁਂਦੇ।”