ਘੁੱਗੀ ਵਾਰਤਾ

ਹਰਜੀਤ ਦਿਓਲ, ਬਰੈਂਪਟਨ
ਕਾਫੀ ਸਮਾਂ ਪਹਿਲਾਂ ਦਿੱਲੀਓਂ ਜਦ ਰਿਸ਼ਤੇਦਾਰੀ ‘ਚ ਪੰਜਾਬ ਜਾਣ ਦਾ ਸਬੱਬ ਬਣਦਾ ਤਾਂ ਸਵੇਰੇ ਜੰਗਲ ਪਾਣੀ ਲਈ ਖੇਤਾਂ ‘ਚ ਜਾਇਆ ਕਰਦੇ ਸੀ। ਸ਼ਹਿਰੀ ਕੰਕਰੀਟ ਦੇ ਜੰਗਲ ਤੋਂ ਨਿਜਾਤ ਪਾ ਮੇਰੇ ਲਈ ਉਹ ਸਵੇਰ ਦੀ ਲੰਮੀ ਸੈਰ ਕੁਦਰਤ ਨਾਲ ਨੇੜਤਾ ਕਰਕੇ ਅਨੋਖੇ ਅਨੰਦ ਦਾ ਜਰੀਆ ਬਣ ਜਾਂਦੀ ਸੀ। ਹਰੀ ਕਚੂਚ ਫਸਲਾਂ ਦਰਮਿਆਨ ਦਰੱਖਤਾਂ ‘ਤੇ ਲਟਕਦੇ ਪੰਛੀਆਂ ਦੇ ਆਲ੍ਹਣੇ, ਚੜ੍ਹ ਰਹੇ ਸੂਰਜ ਦੀ ਲਾਲੀ, ਤਾਜੀ ਹਵਾ ਦੇ ਬੁੱਲ੍ਹੇ ਇੱਕ ਸੁਪਨ ਸੰਸਾਰ ਸਿਰਜ ਦਿੰਦੇ। ਪੰਛੀ ਵੀ ਕਲੋਲਾਂ ਕਰਦੇ ਜਿਵੇਂ ਇਸ ਵਿਸਮਾਦਮਈ ਵਾਤਾਵਰਣ ਦਾ ਅਨੰਦ ਮਾਣ ਰਹੇ ਹੁੰਦੇ।

ਇੱਥੇ ਕੈਨੇਡਾ ਦੀ ਧਰਤੀ ਨੂੰ ਵੀ ਕੁਦਰਤ ਨੇ ਆਪਣੇ ਹੁਸਨ ਦੇ ਖੁੱਲੇ ਗੱਫੇ ਬਖਸ਼ੇ ਹਨ। ਗਰਮੀ ਰੁੱਤੇ ਸੰਘਣੀ ਹਰਿਆਲੀ ਤੇ ਥਾਂ ਥਾਂ ਵਗਦੇ ਪਾਣੀ ਦੇ ਸੋਮੇ ਅਦੁੱਤੀ ਨਜ਼ਾਰਾ ਪੇਸ਼ ਕਰਦੇ ਹਨ। ਇਕ ਦਿਨ ਸਵੇਰ ਵੇਲੇ ਲੰਮੀ ਸੈਰ ਕਰਦਿਆਂ ਸੁਸਤਾਉਣ ਲਈ ਘਣੇ ਦਰੱਖਤਾਂ ਵਿਚ ਘਿਰੇ ਇੱਕ ਬੈਂਚ ‘ਤੇ ਜਾ ਬੈਠਾ। ਦੇਖਿਆ ਕਿ ਕਈ ਸਾਰੀਆਂ ਘੁੱਗੀਆਂ ਦਾ ਇੱਕ ਟੋਲਾ ਵੀ ਸਾਹਮਣੇ ਰੁਖ ‘ਤੇ ਕਲੋਲਾਂ ਕਰ ਚਹਿਚਹਾਉਂਦੇ ਹੋਏ ਜਿਵੇਂ ਲੁਕਣਮੀਟੀ ਖੇਡ ਸੁਹਾਵਣੇ ਮੌਸਮ ਦਾ ਅਨੰਦ ਮਾਣ ਰਿਹਾ ਹੋਵੇ। ਕਾਸ਼! ਇਨ੍ਹਾਂ ਦੀ ਭਾਸ਼ਾ ਸਮਝੀ ਜਾ ਸਕਦੀ। ਕੀ ਬੋਲ ਰਹੀਆਂ ਹੋਣਗੀਆਂ ਇਹ? ਲੱਗਦੈ ਮੇਰੀ ਮੌਜੂਦਗੀ ਦਾ ਅਹਿਸਾਸ ਵੀ ਹੈ ਇਨ੍ਹਾਂ ਨੂੰ।
ਅਚਾਨਕ ਮੈਨੂੰ ਜਾਪਿਆ ਜਿਵੇਂ ਇੱਕ ਨੇ ਕਿਹਾ ਹੋਵੇ, “ਇਹ ਡੁੰਨ ਵੱਟਾ ਜਿਹਾ ਮਨੁੱਖ ਗੁੰਮ ਸੁੰਮ ਕਿਉਂ ਬੈਠਾ ਹੈ?”
“ਇਹ ਸਾਡੇ ਵਾਂਗੂੰ ਨੱਚ, ਗਾ ਕਿਉਂ ਨਹੀਂ ਰਿਹਾ?” ਜਿਵੇਂ ਦੂਜੀ ਘੁੱਗੀ ਨੇ ਕਿਹਾ ਹੋਵੇ।
ਕੀ ਮੈਂ ਇਨ੍ਹਾਂ ਦੀ ਜ਼ੁਬਾਨ ਸਮਝਣ ਲੱਗ ਪਿਆ ਹਾਂ। ਸ਼ਾਇਦ ਹਾਂ!
“ਇਨ੍ਹਾਂ ਬੇਚਾਰਿਆਂ ਦੀ ਕਿਸਮਤ ‘ਚ ਸਾਡੇ ਵਰਗੀ ਆਜ਼ਾਦੀ ਮਾਣਨ ਦਾ ਵੱਲ ਕਿੱਥੇ!” ਤੀਜੀ ਨੇ ਆਪਣੀ ਰਾਇ ਦਿੱਤੀ।
ਮੈਂ ਆਪਣਾ ਧਿਆਨ ਇਨ੍ਹਾਂ ‘ਤੇ ਕੇਂਦ੍ਰਿਤ ਕਰ ਲਿਆ, ਕਿਉਂਕਿ ਇਹ ਤਾਂ ਮੇਰੇ ਬਾਰੇ ਹੀ ਗੱਲਾਂ ਕਰ ਰਹੀਆਂ ਹਨ।
ਦੂਜੀ ਟਹਿਣੀ ਤੋਂ ਆਈ ਇਨ੍ਹਾਂ ਦੀ ਇੱਕ ਹੋਰ ਸਾਥਣ ਨੇ ਇਸ ਚਰਚਾ ਵਿਚ ਯੋਗਦਾਨ ਪਾਉਂਦਿਆਂ ਆਪਣਾ ਗਿਆਨ ਸਾਂਝਾ ਕੀਤਾ, “ਅੜੀਓ ਇਸ ਬਦਕਿਸਮਤ ਮਨੁੱਖ ਨੇ ਕੁਦਰਤ ਤੇ ਆਪਣੇ ਵਿਚਾਲੇ ਰੱਬ ਅਤੇ ਧਰਮ ਦਾ ਐਸਾ ਮੱਕੜਜਾਲ ਉਸਾਰ ਲਿਆ, ਜਿਸ ਵਿਚ ਇਹ ਦਲਦਲ ਵਾਂਗੂੰ ਧਸਦਾ ਹੀ ਗਿਆ। ਕੁਝ ਕੁ ਸਿਆਣੇ ਮਨੁੱਖਾਂ ਕੁਦਰਤ ਦੇ ਭੇਤਾਂ ਦੀ ਥਾਹ ਪਾ ਕੇ ਚਮਤਕਾਰ ਵੀ ਕਰ ਵਿਖਾਏ, ਜਿਨ੍ਹਾਂ ਨੂੰ ਇਹ ਵਿਗਿਆਨੀ ਕਹਿੰਦੇ ਹਨ, ਪਰ ਬਹੁਗਿਣਤੀ ਧਾਰਮਕ ਅਡੰਬਰਾਂ ਵਿਚ ਹੀ ਫਸ ਕੇ ਰਹਿ ਗਏ।”
ਸਾਰੀਆਂ ਘੁੱਗੀਆਂ ਉਸ ਦੀ ਰਾਇ ਨਾਲ ਸਹਿਮਤ ਸਨ। ਉਸ ਫਿਰ ਕਹਿਣਾ ਸ਼ੁਰੂ ਕੀਤਾ, “ਮੈਂ ਸੁਣਿਆ ਪਈ ਅੱਜ ਕਲ ਇਹ ਲੋਕ ਆਪਣੇ ਕੁਝ ਗੁਆਚੇ ਗ੍ਰੰਥਾਂ ਨੂੰ ਲੈ ਕੇ ਹਲਕਾਨ ਹਨ। ਗ੍ਰੰਥਾਂ ਦੀਆਂ ਸਿਖਿਆਵਾਂ ਨੂੰ ਟਿੱਚ ਜਾਣਨ ਵਾਲੇ ਇਹ ਨਾਸਮਝ ਉਨ੍ਹਾਂ ਦੀ ਬੇਅਦਬੀ ਨੂੰ ਲੈ ਕੇ ਤਰਥੱਲੀ ਮਚਾਈ ਰੱਖਦੇ ਹਨ। ਕਦੇ ਇਨ੍ਹਾਂ ਨੂੰ ਆਪਣੇ ਧਰਮ ਅਤੇ ਕਦੇ ਆਪਣੀ ਕੌਮ ‘ਤੇ ਖਤਰਾ ਮੰਡਰਾਉਂਦਾ ਨਜ਼ਰ ਆਉਂਦਾ ਹੈ। ਕੁਦਰਤ ਦੇ ਹੁਸਨ ਵੱਲ ਝਾਤ ਮਾਰਨ ਦੀ ਇਨ੍ਹਾਂ ਨੂੰ ਵੇਹਲ ਹੀ ਕਿੱਥੇ। ਇਹ ਤਾਂ ਧਰਤੀ ਨੂੰ ਵੰਡਣ ਦੇ ਆਹਰੇ ਹੀ ਲੱਗੇ ਰਹਿੰਦੇ ਹਨ, ਕੋਈ ਕਹੇ ਫਲਾਣਾਸਤਾਨ, ਕੋਈ ਢਿਮਕਾਸਤਾਨ।”
ਸਾਰੇ ਘੁੱਗੀ ਟੋਲੇ ਨੂੰ ਧਰਤੀ ਉੱਪਰ ਰਾਜ ਕਰ ਰਹੇ ਇਸ ਬੁੱਧੀਮਾਨ ਮਨੁੱਖ ਦੀ ਅਸਲੀਅਤ ਜਾਣ ਬੜੀ ਹੈਰਾਨੀ ਹੋ ਰਹੀ ਸੀ। ਇੱਕ ਹੋਰ ਆਪਣੀ ਜਾਣਕਾਰੀ ਸਾਂਝੀ ਕਰਦਿਆਂ ਕਹਿਣ ਲੱਗੀ, “ਅੜੀਓ ਮੈਂ ਤਾਂ ਸੁਣਿਐ ਪਈ ਸਾਰੀ ਦੁਨੀਆਂ ‘ਚ ਹੋ ਰਹੀ ਕਤਲੋਗਾਰਤ ਲਈ ਇਨ੍ਹਾਂ ਦੀ ਧਾਰਮਕ ਕੱਟੜਤਾ ਹੀ ਜ਼ਿੰਮੇਵਾਰ ਹੈ। ਕੀ ਇਨ੍ਹਾਂ ਦਾ ਧਰਮ ਇਹੀ ਸਿਖਾਉਂਦਾ ਹੈ? ਕਮਲੇ ਨਾ ਹੋਣ ਤਾਂ!”
ਪਹਿਲੀ ਨੇ ਇਸ ਦੀ ਤਾਈਦ ਕਰਦਿਆਂ ਦੱਸਿਆ, “ਭੈਣੇ ਇਨ੍ਹਾਂ ਐਸੇ ਬੰਬ ਬਣਾ ਲਏ ਹਨ ਕਿ ਮਿੰਟਾਂ ‘ਚ ਇਸ ਸੋਹਣੀ ਧਰਤੀ ਨੂੰ ਖੰਡਰ ਬਣਾ ਦੇਣ। ਜਾਣ ਕੇ ਦਿਲ ਕੰਬ ਉਠਦਾ ਹੈ। ਇਹ ਬੰਦੇ ਨੇ ਕਿ ਰਾਖਸ਼ਸ਼?”
ਮੈਨੂੰ ਆਪਣੇ ਇਨਸਾਨ ਹੋਣ ‘ਤੇ ਸ਼ਰਮ ਆਉਣ ਲੱਗੀ, ਜਦ ਮੈਂ ਉਨ੍ਹਾਂ ਨੂੰ ਕਹਿੰਦੇ ਸੁਣਿਆ, “ਚਲੋ ਨੀ ਐਥੋਂ ਉੱਡ ਚੱਲੀਏ! ਧਾਨੂੰ ਪਤਾ ਨੀਂ ਇਹ ਤਾਂ ਪੰਛੀਆਂ ਨੂੰ ਵੀ ਭੁੰਨ ਕੇ ਖਾ ਜਾਂਦੇ ਆ। ਇਨ੍ਹਾਂ ਦਾ ਵਸਾਹ ਨਾ ਕਰੋ। ਕਿਵੇਂ ਬਗਲਾ ਭਗਤ ਬਣਿਆ ਬੈਠਾ। ਇਨ੍ਹਾਂ ਤੋਂ ਦੂਰ ਹੀ ਭਲੇ।”
‘ਲੱਖ ਲਾਹਨਤ’ ਕਹਿ ਇੱਕ ਘੁੱਗੀ ਉੱਡ ਗਈ। ‘ਦੁਰ ਫਿੱਟੇ ਮੂੰਹ’ ਆਖ ਦੂਜੀ ਵੀ ਉਡਾਰੀ ਮਾਰ ਗਈ। ਮੈਨੂੰ ਜਾਪਿਆ ਜਿਵੇਂ ਸਾਰੀਆਂ ਮੈਨੂੰ ਹੀ ਲਾਹਨਤਾਂ ਪਾਉਂਦੀਆਂ ਉੱਡ ਗਈਆਂ ਹੋਣ। ਕੀ ਮੈਂ ਕੋਈ ਸੁਫਨਾ ਵੇਖ ਰਿਹਾ ਸਾਂ? ਮੈਂ ਆਪਣੇ ਕਲਪਨਾ ਸੰਸਾਰ ਵਿਚੋਂ ਬਾਹਰ ਆਇਆ ਤੇ ਬੋਝਲ ਕਦਮਾਂ ਨਾਲ ਘਰ ਵੱਲ ਪਰਤਣ ਲੱਗਾ। ਘੁੱਗੀ ਵਾਰਤਾਲਾਪ ਮੇਰੀ ਜ਼ਮੀਰ ਨੂੰ ਧੁਰ ਅੰਦਰ ਤੱਕ ਹਲੂਣਾ ਦੇ ਗਿਆ ਸੀ।