ਗੁਲਜ਼ਾਰ ਸਿੰਘ ਸੰਧੂ ਦੀ ‘ਪਰੀ ਸੁਲਤਾਨਾ’

ਪ੍ਰਿੰ. ਸਰਵਣ ਸਿੰਘ
‘ਪਰੀ ਸੁਲਤਾਨਾ’ ਗੁਲਜ਼ਾਰ ਸਿੰਘ ਸੰਧੂ ਦਾ ਨਵਾਂ ਨਾਵਲ ਹੈ, ਜੋ ਵਾਕਿਆ ਈ ਪਰੀ ਕਹਾਣੀ ਵਰਗਾ ਹੈ। ਆਮ ਨਾਵਲਾਂ ਤੋਂ ਹਟਵਾਂ। ਕਰੋਨਾ ਦਾ ਲੋਕਾਂ ਨੂੰ ਘਰੋ-ਘਰੀ ਬਹਾਉਣ ਦਾ ਦੌਰ ਨਾ ਆਉਂਦਾ ਤਾਂ ਸ਼ਾਇਦ ਇਹ ਨਾਵਲ ਵਜੂਦ ਵਿਚ ਨਾ ਆਉਂਦਾ। ਸੰਧੂ ਨੇ ਤਿੰਨ ਸਾਲ ਪਹਿਲਾਂ ਇਹ ਨਾਵਲ ਲਿਖਣਾ ਸ਼ੁਰੂ ਕੀਤਾ ਸੀ, ਪਰ ਕੁਝ ਕੁ ਵਰਕੇ ਲਿਖ ਕੇ ਸੰਤੋਖ ਦਿੱਤਾ ਸੀ। ਉਹਦੇ ਵਰਗੇ ਘੁਮੱਕੜ ਬੰਦੇ ਨੂੰ ਨਾਵਲ ਲਿਖਣ ਦੀ ਵਿਹਲ ਕਿਥੇ ਮਿਲਣੀ ਸੀ! ‘ਪਰੀ ਸੁਲਤਾਨਾ’ ਦੇ ਕਰਮਾਂ ਨੂੰ, ਕਰੋਨਾ ਕਾਰਨ ਤੋਰੇ ਫੇਰੇ ਤੋਂ ਮਿਲੀ ਵਿਹਲ ਵਿਚ ਸੰਤੋਖੇ ਹੋਏ ਵਰਕਿਆਂ ਦੇ ਭਾਗ ਫਿਰ ਜਾਗ ਪਏ।

ਨਾਵਲ ਸਿਰੇ ਚੜ੍ਹ ਗਿਆ, ਜੋ ਪੈਂਦੀ ਸੱਟੇ ਲੋਕਗੀਤ ਪ੍ਰਕਾਸ਼ਨ ਚੰਡੀਗੜ੍ਹ ਵਾਲਿਆਂ ਨੇ ਛਾਪ ਦਿੱਤਾ। ਇਸ ਦੇ 63 ਕਾਂਡ ਹਨ, 184 ਸਫੇ ਤੇ ਭੂਮਿਕਾ ਦੇ ਸਿਰਫ ‘ਦੋ ਸ਼ਬਦ’, “ਇਸ ਨਾਵਲ ਦੀ ਨਾਇਕਾ ਈਰਾਨੀ ਮੁਸਲਮਾਨਾਂ ਦੇ ਘਰ ਜੰਮੀ, ਪਿਸ਼ਾਵਰ ਦੇ ਬਹਾਈ ਸਿੱਖਾਂ ਨੇ ਗੋਦ ਲਈ ਤੇ ਪਾਣੀਪਤ ਦੇ ਹਿੰਦੂ ਬੇਦੀ ਪਰਿਵਾਰ ਵਿਚ ਵਿਆਹੀ ਗਈ। ਧਾਰਨਾ ਅਗਾਂਹਵਧੂ ਰਹੀ। ਅਮਲੀ ਜਾਮਾ ਕਾਂਗਰਸੀ ਵੀ ਰਿਹਾ, ਸਮਾਜਵਾਦੀ ਵੀ ਤੇ ਮਾਰਕਸਵਾਦੀ ਵੀ। ਇਤਿਹਾਸਕ, ਮਿਥਿਹਾਸਕ ਤੇ ਸਥਾਨਕ ਵੇਰਵੇ ਸੇਧ ਦੱਸਣ ਲਈ ਵਰਤੇ ਗਏ, ਇਤਿਹਾਸ ਜਾਂ ਭੂਗੋਲ ਪੜ੍ਹਾਉਣ ਲਈ ਨਹੀਂ। ਰਚਨਾ ਦਾ ਸਰੋਤ ਕੀ, ਕਦੋਂ ਤੇ ਕਿਥੇ ਦਾ ਹੈ, ਦੱਸਣ ਦੀ ਲੋੜ ਨਹੀਂ। ਕਿਉਂ ਲਿਖੀ ਗਈ, ਇਸ ਦੀ ਵੀ ਨਹੀਂ!”
ਬੱਸ ਏਨੀ ਕੁ ਹੈ ਭੂਮਿਕਾ। ਨਾਵਲ ਦਾ ਅਖੀਰਲਾ ਕਾਂਡ ਸਿਰਫ ਸੱਤ ਸਤਰਾਂ ਦਾ ਹੈ ਜਿਸ ਦੇ ਆਖਰੀ ਵਾਕ ਹਨ, “ਗੱਡੀ ਲਾਹੌਰ ਤੋਂ ਬਾਹਰ ਨਿਕਲੀ ਤਾਂ ਸੂਰਜ ਦੀ ਪਹਿਲੀ ਕਿਰਨ ਨੇ ਸਭਨਾਂ ਦਾ ਸਵਾਗਤ ਕੀਤਾ। ਸੂਰਜ ਲਾਲ ਸੀ। ਲਾਲੀ ਬਖੇਰ ਰਿਹਾ ਸੀ…।”
ਮੈਂ ਗੁਲਜ਼ਾਰ ਸੰਧੂ ਦੀ ਪਹਿਲੀ ਰਚਨਾ ਉਸ ਵੱਲੋਂ ਗੋਰਕੀ ਦੀ ਅਨੁਵਾਦਿਤ ਪੁਸਤਕ ‘ਜੀਵਨ ਤੇ ਸਾਹਿਤ’ ਦਿੱਲੀ ਯੂਨੀਵਰਸਿਟੀ ‘ਚ ਪੜ੍ਹਦਿਆਂ ਪੜ੍ਹੀ ਸੀ। ਉਹ ਕਿਤਾਬ ਮੇਰੇ ਬੜੇ ਕੰਮ ਆਈ। ਸੰਧੂ ਨਾਲ ਮੇਲ ਮਿਲਾਪ ਵਧਦਾ-ਵਧਦਾ ਸੁਲਤਾਨਾ ਪਰੀ ਤਕ ਪੁੱਜ ਗਿਆ ਹੈ। ਇਸ ਨਾਵਲ ਦੀ ਕਹਾਣੀ ਬੇਸ਼ਕ ਪਰੀ ਕਹਾਣੀਆਂ ਵਰਗੀ ਹੈ, ਪਰ ਹੈ ਸੱਚੀ। ਨਾਵਲ ਵਿਚ ਸੁਲਤਾਨਾ ਚਾਰ ਸਾਲ ਦੀ ਨਿਆਣੀ ਉਮਰ ਤੋਂ ਤੀਹ ਕੁ ਵਰ੍ਹਿਆਂ ਦੀ ਭਰ ਜੁਆਨੀ ਅਵੱਸਥਾ ਨੂੰ ਪਹੁੰਚਦੀ ਵਿਖਾਈ ਹੈ, ਪਰ ਅਸਲੀ ਜੀਵਨ ਵਿਚ ਉਹ ਨੱਬੇ ਵਰ੍ਹੇ ਜੀਵੀ ਤੇ ਤਿੰਨ ਕੁ ਸਾਲ ਪਹਿਲਾਂ ਹੀ ਪੂਰੀ ਹੋਈ। ਅਰੁਣਾ ਆਸਫ ਅਲੀ ਵੀ ਨਾਵਲ ਦੀ ਵਿਸ਼ੇਸ਼ ਪਾਤਰ ਹੈ। ਟਾਈਟਲ ਉਤੇ ਤਿੰਨ ਔਰਤਾਂ ਦੀਆਂ ਤਸਵੀਰਾਂ ਛਪੀਆਂ ਹਨ, ਉਪਰ ਨੂਰ ਜਹਾਂ ਦੀ, ਖੱਬੇ ਮੁਟਿਆਰ ਹੁੰਦੀ ਸੁਲਤਾਨਾ ਦੀ ਤੇ ਹੇਠਾਂ ਬੁੱਢੀ ਹੁੰਦੀ ਅਰੁਣਾ ਆਸਫ ਅਲੀ ਦੀ।
ਕਹਾਣੀ ਦਾ ਸੰਖੇਪਸਾਰ ਇਥੇ ਹੀ ਦੱਸ ਦੇਵਾਂ ਤਾਂ ਪਾਠਕਾਂ ਦਾ ਉਲਾਂਭਾ ਮਿਲੇਗਾ ਕਿ ਕਹਾਣੀ ਪਹਿਲਾਂ ਨਹੀਂ ਸੀ ਦੱਸਣੀ। ਫਿਰ ਖੁਦ ਪੁਸਤਕ ਪੜ੍ਹਦਿਆਂ ਕਹਾਣੀ ਦਾ ਅੰਤ ਜਾਣਨ ਦੀ ਓਨੀ ਉਤਸੁਕਤਾ ਨਹੀਂ ਰਹਿੰਦੀ, ਮਜ਼ਾ ਨਹੀਂ ਆਉਂਦਾ। ਕਹਾਣੀ ਦਾ ਪਾਸਾਰ ਜ਼ਰੂਰ ਦੱਸ ਦਿੰਨਾਂ, ਜਿਸ ਵਿਚ ਇਰਾਨ ਦਾ ਸ਼ਹਿਰ ਕਾਜ਼ਵਿਨ, ਇਰਾਕ ਦੇ ਬਸਰਾ ਤੇ ਬਗਦਾਦ, ਪਾਕਿਸਤਾਨ ਦੇ ਪਿਸ਼ਾਵਰ, ਕਰਾਚੀ ਤੇ ਲਾਹੌਰ ਅਤੇ ਭਾਰਤ ਦੇ ਕਲਕੱਤਾ, ਦਿੱਲੀ ਤੇ ਪਾਣੀਪਤ ਆਉਂਦੇ ਹਨ। ਕਹਾਣੀ ਦੀ ਰਫਤਾਰ ਰਾਕਟ ਵਰਗੀ ਹੈ। ਮਿੰਟਾਂ ‘ਚ ਮੈਕਸੀਕੋ, ਇਰਾਨ, ਇਰਾਕ, ਪਾਕਿਸਤਾਨ ਤੇ ਭਾਰਤ। ਸੰਧੂ ਨੇ ਸਿਰਫ ਦੋ-ਦੋ ਚਾਰ-ਚਾਰ ਸਤਰਾਂ ਦੇ ਪੈਰੇ ਬਣਾਏ ਹਨ ਤੇ ਪੰਜ-ਦਸ ਸ਼ਬਦਾਂ ਵਾਲੇ ਵਾਕ। ਬਿਰਤਾਂਤ ਉਡਦਾ ਜਾਂਦਾ ਹੈ। ਇਹੋ ਕਾਰਨ ਹੈ ਕਿ ਮੇਰੇ ਵਰਗਾ ਮੱਠਾ ਪਾਠਕ ਵੀ ਇਹ ਨਾਵਲ ਇਕੋ ਦਿਨ ‘ਚ ਪੜ੍ਹ ਗਿਆ। ਨਾਵਲ ਦੇ ਉਤਲੇ ਅਰਥ ਬੇਸ਼ਕ ਸਤੱਈ ਹਨ ਤੇ ਹੇਠਲੇ ਬਹੁਤ ਡੂੰਘੇ ਹਨ। ਬੇਲੋੜੇ ਧਰਮਾਂ-ਕਰਮਾਂ ਦੇ ਗੇੜ ‘ਚੋਂ ਕੱਢਣ ਵਾਲੇ, ਸੁੱਚੀ ਕਿਰਤ ਵਾਲੇ ਤੇ ਸਮਾਨਤਾ ਵਾਲੇ, ਚੰਗੇਰੇ ਭਵਿੱਖ ਵਾਲੇ। ਸੰਧੂ ਦੀ ਸ਼ੈਲੀ ਸਿਰ ਚੜ੍ਹ ਕੇ ਬੋਲਦੀ ਹੈ। ਇਹ ਉਹਦੇ ਨਾਵਲ ‘ਕੰਧੀਂ ਜਾਏ’, ‘ਧਰੂ ਤਾਰੇ’ ਤੇ ‘ਗੋਰੀ ਹਿਰਨੀ’ ਤੋਂ ਬਾਅਦ ਚੌਥਾ ਨਾਵਲ ਹੈ। ਨਾਵਲ ਪੜ੍ਹਨ ਤੇ ਵਿਚਾਰਨ ਵਾਲਾ ਹੈ।
ਇਥੇ ਲੇਖਕ ਬਾਰੇ ਵੀ ਕੁਝ ਕਹਿਣਾ ਵਾਜਬ ਹੋਵੇਗਾ। ਸੰਧੂ ਚੁਰਾਸੀ ਕੱਟ ਚੁੱਕੈ, 88ਵੇਂ ਡੰਡੇ ‘ਤੇ ਪੈਰ ਰੱਖ ਚੁੱਕੈ ਤੇ ਸੈਂਚਰੀ ਮਾਰਨ ਦੇ ਰਾਹ ਪੈ ਚੁੱਕੈ। ਉਹਦੀਆਂ ਹਲਕੀਆਂ ਫੁਲਕੀਆਂ ਹਾਸੇ-ਠੱਠੇ ਦੀਆਂ ਗੱਲਾਂ ਵਿਚ ਵੀ ਡੂੰਘੇ ਅਰਥ ਸਮੋਏ ਹੁੰਦੇ ਹਨ। ਉਹ ਸਦਾਬਹਾਰ ਲੇਖਕ ਹੈ। ਇਹ ਖਿਤਾਬ ਉਸ ਨੂੰ ਬਲਵੰਤ ਗਾਰਗੀ ਨੇ ਦਿੱਤਾ ਸੀ। ਸਤਾਸੀ ਕੋਹ ਦੀ ਦੌੜ ਲਾ ਕੇ ਵੀ ਉਹਦੀ ਕਲਮ ਪਹਿਲਾਂ ਵਾਂਗ ਚੱਲ ਰਹੀ ਹੈ ਤੇ ਹਾਸਾ ਵੀ ਪਹਿਲਾਂ ਵਾਂਗ ਹੀ ਛਣਕ ਰਿਹੈ। ਹਾਸਾ ਉਹਦੀ ਰੂਹ ਦੀ ਖੁਰਾਕ ਹੈ। ਹਾਸੇ ਕਰਕੇ ਹੀ ਉਹ ਗੁਲਜ਼ਾਰ ਹੈ ਤੇ ਸਦਾਬਹਾਰ ਹੈ। ਕਹਿੰਦੇ ਹਨ ਕਿ ਹਸਮੁੱਖ ਬੰਦੇ ਕਰਮਾਂ ਦੇ ਬਲੀ ਹੁੰਦੇ ਹਨ। ਸੰਧੂ ਸੱਚਮੁੱਚ ਕਰਮਾਂ ਦਾ ਬਲੀ ਹੈ।
ਉਹਦੇ ਹਾਸੇ ਦੇ ਕਈ ਰੰਗ ਹਨ, ਕਈ ਰਉਂ ਹਨ। ਕਦੇ ਉਹਦਾ ਹਾਸਾ ਖੁਸ਼ੀ ਪਰਗਟ ਕਰਦਾ, ਕਦੇ ਉਦਾਸੀ। ਕਦੇ ਉਤਮਤਾ ਵਿਖਾਉਂਦਾ, ਕਦੇ ਨਿਮਰਤਾ। ਕਦੇ ਸ਼ਾਬਾਸ਼ੇ ਦਿੰਦਾ, ਕਦੇ ਦਿਲ ਧਰਾਉਂਦਾ। ਕਦੇ ਉਹਦਾ ਹਾਸਾ ਬੇਪਰਵਾਹੀ ਦਾ ਹੁੰਦਾ, ਕਦੇ ਲਾਪਰਵਾਹੀ ਦਾ। ਕਦੇ ਅੰਗੂਰੀ, ਕਦੇ ਸੰਧੂਰੀ ਤੇ ਕਦੇ ਕਪੂਰੀ। ਇਸ ਹਾਸੇ ਤੋਂ ਬਿਨਾ ਗੁਲਜ਼ਾਰ, ਗੁਲਜ਼ਾਰ ਸੰਧੂ ਨਹੀਂ ਲੱਗਦਾ। ਰੱਬ ਦਾ ਸ਼ੁਕਰ ਹੈ ਕਿ ਨੱਬਿਆਂ ਨੂੰ ਢੁੱਕ ਕੇ ਵੀ ਉਹਦਾ ਹਾਸਾ ਖੇੜਾ ਪਹਿਲਾਂ ਵਾਂਗ ਕਾਇਮ ਹੈ। ਕਈ ਰੋ ਕੇ ਦੱਸਦੇ ਹਨ ਕਿ ਸਾਡੇ ਕੋਈ ਨਿਆਣਾ ਨਹੀਂ ਹੋਇਆ, ਪਰ ਉਹ ਹੱਸਦਾ ਹੋਇਆ ਦਸਦਾ ਹੈ, “ਆਪਣੇ ਕਿਹੜਾ ਜੁਆਕ ਰੋਂਦੇ ਆ?”
ਗਾਰਗੀ ਨੇ ਗੁਲਜ਼ਾਰ ਦੀ ਦੋਸਤੀ ਦਾ ਰੱਜਵਾਂ ਸਵਾਦ ਮਾਣਿਆ। ਉਹ ਗੁਲਜ਼ਾਰ ਦੇ ਹਾਸੇ ਬਾਰੇ ਲਿਖ ਗਿਐ, “ਉਹਦਾ ਹਾਸਾ ਉਹਦੇ ਮੋਕਲੇ ਹੱਡਾਂ ਵਾਂਗ ਚੌੜਾ ਤੇ ਵਿਸ਼ਾਲ ਹੈ। ਉਹਦੇ ਰੋਸੇ ਵਿਚ ਵੀ ਕੌੜੀ ਉਦਾਰਤਾ ਦਾ ਨਿੱਘ ਹੁੰਦਾ ਹੈ।”
ਕਵੀ ਮੋਹਣ ਸਿੰਘ ਜਲੰਧਰ ਤੋਂ ‘ਪੰਜ ਦਰਿਆ’ ਪਰਚਾ ਕੱਢਦਾ ਸੀ। ਸੰਧੂ ਨੇ ਦਿੱਲੀ ਤੋਂ ਆਪਣੀ ਕਹਾਣੀ ‘ਸੀਤ ਪੋਟੇ’ ਭੇਜੀ। ਮੋਹਣ ਸਿੰਘ ਨੇ 1961 ਵਿਚ ਸੰਧੂ ਬਾਰੇ ਲਿਖਿਆ, “ਗੁਲਜ਼ਾਰ ਸੰਧੂ ਛਣਕਦੇ ਹਾਸੇ ਵਾਲੀ ਰੰਗਲੀ ਸ਼ਖਸੀਅਤ ਦਾ ਮਾਲਕ ਹੈ। ਮੈਂ ਉਸ ਨੂੰ ਉਸ ਦੀ ਕਹਾਣੀ ‘ਸੀਤ ਪੋਟੇ’ ਤੋਂ ਪਛਾਣਿਆ ਸੀ, ਜੋ 1958 ਵਿਚ ਪੰਜ ਦਰਿਆ ਲਈ ਭੇਜੀ ਗਈ ਸੀ।”
ਉਸ ਦੀਆਂ ਪੁਸਤਕਾਂ ਦੇ ਨਾਂ ਹਨ: ਸਾਡੇ ਹਾਰ ਸ਼ਿੰਗਾਰ, ਹੁਸਨ ਦੇ ਹਾਣੀ, ਇੱਕ ਸਾਂਝ ਪੁਰਾਣੀ, ਸੋਨੇ ਦੀ ਇੱਟ, ਅਮਰ ਕਥਾ, ਗਮਲੇ ਦੀ ਵੇਲ, ਚੋਣਵੀਆਂ ਕਹਾਣੀਆਂ, ਰੁਦਨ ਬਿੱਲੀਆਂ ਦਾ, ਦਿਨ ਦੀਵੀਂ ਲੁੱਟ, ਇਕ ਇੱਟ ਵਾਲੀ ਹਵੇਲੀ, ਤਿੰਨ ਛੱਕੇ, ਕੰਧੀਂ ਜਾਏ, ਧਰੂ ਤਾਰੇ, ਗੋਰੀ ਹਿਰਨੀ, ਮੇਰਾ ਪੰਜਾਬ ਤੇ ਮੇਰੀ ਪੱਤਰਕਾਰੀ, 25 ਮੁਲਕ 75 ਗੱਲਾਂ, ਸਾਹਿਤਕ ਸਵੈਜੀਵਨੀ, ਮੇਰੀ ਸਹੁੰ/ਸਰਗੋਸ਼ੀਆਂ-1, ਮਿੱਤਰਾਂ ਦਾ ਮੈਂ ਤੇ ਅੱਸੀ ਕੋਹ ਦੀ ਦੌੜ/ਜੀਵਨ ਦਰਪਨ। ਇਸ ਤੋਂ ਇਲਾਵਾ ਟੈੱਸ, ਪਾਕਿਸਤਾਨ ਮੇਲ, ਜੀਵਨ ਤੇ ਸਾਹਿਤ, ਸਾਥੀ, ਬਾਲ ਬਿਰਖ ਤੇ ਸੂਰਜ, ਲਹਿਰਾਂ ਦੀ ਆਵਾਜ਼ ਤੇ ਭਾਰਤੀ ਸੈਨਾ ਦੀਆਂ ਪ੍ਰਾਪਤੀਆਂ ਅਨੁਵਾਦਤ ਪੁਸਤਕਾਂ ਹਨ। ਅੱਗ ਦਾ ਸਫਰ ਸ਼ਿਵ ਬਟਾਲਵੀ ਦੀ ਚੋਣਵੀਂ ਕਵਿਤਾ, ਪੰਜਾਬ ਦਾ ਛੇਵਾਂ ਦਰਿਆ ਐੱਮ. ਐੱਸ਼ ਰੰਧਾਵਾ, ਨਵਯੁਗ ਟਕਸਾਲ ਭਾਪਾ ਪ੍ਰੀਤਮ ਸਿੰਘ, ਵਾਸਨਾ ਵਿਸਕੀ ਵਿਦਵਤਾ ਖੁਸ਼ਵੰਤ ਸਿੰਘ ਤੇ ਲਾਲ ਕਿਲੇ ਦੀਆਂ ਟਾਹਣੀਆਂ ਸੰਪਾਦਤ ਪੁਸਤਕਾਂ ਵੱਖਰੀਆਂ ਹਨ। ਉਸ ਦੀਆਂ ਕਹਾਣੀਆਂ ਦੇ ਸੰਗ੍ਰਹਿ ਅੰਗਰੇਜ਼ੀ ਤੇ ਉਰਦੂ ਵਿਚ ਵੀ ਛਪੇ ਹਨ। ਪੰਜਾਬੀਜ਼ ਵਾਰ ਐਂਡ ਵੁਮਨ, ਗਾਡਜ਼ ਆਨ ਟਰਾਇਲ ਤੇ ਅਮਰ ਕਥਾ। ਉਹ ਸਪਤਾਹਿਕ ਤੇ ਮਾਸਕ ਰਸਾਲਿਆਂ ਤੋ ਇਲਾਵਾ ਰੋਜ਼ਾਨਾ ਅਖਬਾਰ ‘ਪੰਜਾਬੀ ਟ੍ਰਿਬਿਊਨ’ ਤੇ ‘ਦੇਸ਼ ਸੇਵਕ’ ਦਾ ਸੰਪਾਦਕ ਰਿਹਾ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸੰਚਾਰ ਵਿਭਾਗ ਦਾ ਡਾਇਰੈਕਟਰ ਅਤੇ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਵਿਭਾਗ ਦਾ ਮੁਖੀ ਪ੍ਰੋਫੈਸਰ ਰਿਹਾ।
ਸੰਧੂ ਪੰਜਾਬੀ ਦਾ ਹਰਫਨਮੌਲਾ ਲੇਖਕ ਹੈ। ਕਹਾਣੀਕਾਰ, ਨਾਵਲਕਾਰ, ਨਿਬੰਧਕਾਰ, ਪੱਤਰਕਾਰ, ਰੇਖਾ ਚਿੱਤਰਕਾਰ, ਸਫਰਨਾਮੀਆ, ਅਨੁਵਾਦਕ ਤੇ ਸੰਪਾਦਕ। ਅਖਬਾਰਾਂ ਦਾ ਕਾਲਮਨਵੀਸ। ਗੱਲਾਂ ਦਾ ਧਨੀ। ਮਾੜੇ ਧੀੜੇ ਦਾ ਮਦਦਗਾਰ। ਸਾਹਿਤ ਸਭਾਵਾਂ ਤੇ ਅਕਾਦਮੀਆਂ ਦਾ ਪ੍ਰਧਾਨ, ਸਕੱਤਰ ਤੇ ਸਲਾਹਕਾਰ। ਵਫਾਦਾਰ ਪਤੀ, ਰਿਸ਼ਤੇਦਾਰਾਂ ਦਾ ਸਕਾ ਸਨੇਹੀ ਤੇ ਮਿੱਤਰਾਂ ਦਾ ਮਿੱਤਰ। ਉਹ ਹੋਰ ਵੀ ਬਹੁਤ ਕੁਝ ਹੈ, ਪਰ ਹੈ ਸਭ ਕਾਸੇ ਤੋਂ ਬੇਨਿਆਜ਼। ‘ਕੋਈ ਰੌਲਾ ਨ੍ਹੀਂ’ ਉਹਦਾ ਤਕੀਆ ਕਲਾਮ ਹੈ। ਹਾਲ-ਚਾਲ ਪੁੱਛੋ ਤਾਂ ਅਜੋਕਾ ਜਵਾਬ ਹੈ, ‘ਚੱਲਦੈ!’ ਪਹਿਲਾਂ ਉਹ ‘ਚੜ੍ਹਦੀ ਕਲਾ’ ਕਹਿੰਦਾ ਹੁੰਦਾ ਸੀ, ਫਿਰ ‘ਇਕ ਨੰਬਰ’ ਕਹਿਣ ਲੱਗ ਪਿਆ ਸੀ ਤੇ ਫਿਰ ‘ਹਾਲੀ ਤਕ ਠੀਕ ਹੈ।’ ਹੁਣ ਉਹਦੀ ਹਾਲਤ ਉਸ ਗੇਂਦ ਵਰਗੀ ਹੈ, ਜੋ ਰੁੜ੍ਹ ਤਾਂ ਰਹੀ ਹੈ, ਪਰ ਉਹਦਾ ਰੁੜ੍ਹਨਾ ਰੁਕਣ ਵਾਲਾ ਹੈ,
ਰੌਅ ਮੇਂ ਹੈ ਰਖਸ਼ ਏ ਉਮਰ ਕਹਾਂ ਦੇਖੀਏ ਥਮੇਂ
ਨਾ ਹਾਥ ਬਾਗ ਪਰ ਹੈ ਨਾ ਪਾ ਹੈ ਰਕਾਬ ਮੇਂ।
ਪਿਛਲੇ ਸਾਲ ਉਹਦੀ ਸਵੈਜੀਵਨੀ ‘ਬਿਨ ਮਾਂਗੇ ਮੋਤੀ ਮਿਲੇ’ ਛਪਣ ਸਾਰ ਹੀ ‘ਪੰਜਾਬ ਗੌਰਵ’ ਨਾਂ ਦਾ ਇਕ ਹੋਰ ਮੋਤੀ ਉਹਦੀ ਝੋਲੀ ‘ਚ ਆ ਡਿੱਗਾ ਸੀ। ਅਜੇ ਪਤਾ ਨਹੀਂ ਹੋਰ ਕਿੰਨੇ ਡਿੱਗਣੇ ਹਨ? ਕੀ ਪਤਾ ‘ਸੁਲਤਾਨਾ ਪਰੀ’ ਹੀ ਕੋਈ ਮੋਤੀ ਡੇਗ ਦੇਵੇ? ਪਰ ਡਰ ਇਹੋ ਹੈ ਕਿ ਕਿਸੇ ਜੋਤਸ਼ੀ ਦੇ ਦੱਸੇ ਮੁਤਾਬਿਕ ਉਹ ਕਿਤੇ ਸੱਚੀਂ ‘ਪਾਗਲ’ ਨਾ ਹੋ ਜਾਵੇ! ਆਪਣੀ ਸਵੈਜੀਵਨੀ ਦੇ ਅੰਤ ਵਿਚ ਉਸ ਨੇ ਆਪ ਲਿਖਿਆ ਹੈ, “ਆਪਣੀ ਉਮਰ ਦੇ ਨੌਵੇਂ ਦਹਾਕੇ ਵਿਚ ਪਹੁੰਚ ਕੇ ਮੈਨੂੰ ਏਨਾ ਜ਼ਰੂਰ ਪਤਾ ਲੱਗ ਗਿਆ ਹੈ ਕਿ ਆਖਰੀ ਉਮਰੇ ਚੇਤੇ ਨੂੰ ਖੋਰਾ ਲੱਗ ਜਾਂਦਾ ਹੈ। ਮੇਰੇ ਉੱਘੇ ਤੇ ਸੀਨੀਅਰ ਮਿੱਤਰਾਂ ਨੂੰ ਲੱਗ ਗਿਆ ਸੀ। ਏਧਰ ਵੀ ਭਾਣਾ ਵਰਤ ਸਕਦਾ ਹੈ। ਉਹ ਜੋਤਸ਼ੀ ਪਤਾ ਨਹੀਂ ਕਿੰਨਿਆਂ ਬੰਦਿਆਂ ਨੂੰ ਇਹ ਦੱਸ ਕੇ ਪਾਗਲ ਕਰ ਚੁਕਾ ਹੈ। ਹਾਲੀ ਤੱਕ ਤਾਂ ਮੈਂ ਠੀਕ ਠਾਕ ਹਾਂ। ਉਂਜ ਕਹਿੰਦੇ ਹਨ ਕਿ ਹਰ ਪਾਗਲ ਆਪਣੇ ਆਪ ਨੂੰ ਠੀਕ ਹੀ ਕਹਿੰਦਾ ਹੈ!”