ਪ੍ਰਿੰਸੀਪਲ ਸਰਵਣ ਸਿੰਘ ਦਾ ਮਿਲਖਾ ਸਿੰਘ

ਗੁਲਜ਼ਾਰ ਸਿੰਘ ਸੰਧੂ
ਜਿਸ ਮਿਲਖਾ ਸਿੰਘ ਦਾ ਇੱਥੇ ਜ਼ਿਕਰ ਹੋਣ ਲੱਗਿਆ ਹੈ, ਉਹ ‘ਭਾਗ ਮਿਲਖਾ ਭਾਗ’ ਫਿਲਮ ਵਿਚ ਨਾਇਕ ਦਾ ਰੋਲ ਕਰਨ ਵਾਲਾ ਫਰਹਾਨ ਅਖਤਰ ਨਹੀਂ, ਪ੍ਰਿੰਸੀਪਲ ਸਰਵਣ ਸਿੰਘ ਦਾ ਬਿਆਨਿਆ ਮਿਲਖਾ ਸਿੰਘ ਹੈ। ਨੱਬੇ ਸਾਲਾਂ ਨੂੰ ਢੁੱਕ ਚੁੱਕਿਆ ਇਹ ਮਿਲਖਾ ਸਿੰਘ ਆਮ ਜੱਟ ਪਰਿਵਾਰ ਵਿਚ ਪੈਦਾ ਹੋਇਆ ਤੇ ਸੰਨ ਸੰਤਾਲੀ ਵਿਚ ਯਤੀਮ ਸ਼ਰਨਾਰਥੀ ਬਣ ਕੇ ਉਧਰਲੇ ਪੰਜਾਬ ਤੋਂ ਏਧਰ ਆਇਆ ਤੇ ਅਣਥਕ ਮਿਹਨਤ ਸਦਕਾ ਉਡਣੇ ਸਿੱਖ ਵਜੋਂ ਪ੍ਰਸਿੱਧ ਹੋਇਆ। ਉਸ ਦੇ ਕਿੱਲਾਂ ਵਾਲੇ ਬੂਟ ਪਟਿਆਲਾ ਵਿਖੇ ਨੈਸ਼ਨਲ ਇੰਸਟੀਚੀਊਟ ਆਫ ਸਪੋਰਟਸ ਦੇ ਅਜਾਇਬ ਘਰ ਵਿਚ ਰੱਖੇ ਹੋਏ ਹਨ।

ਸਰਵਣ ਸਿੰਘ ਦੇ ਲਿਖਣ ਅਨੁਸਾਰ ਪ੍ਰੈਕਟਿਸ ਕਰਦਿਆਂ ਉਹ ਘੱਟੋ ਘੱਟ 40 ਹਜਾਰ ਮੀਲ ਦੌੜਿਆ ਹੈ। ਉਸ ਨੇ 80 ਇੰਟਰਨੈਸ਼ਨਲ ਦੌੜਾਂ ਦੌੜੀਆਂ, ਜਿਨ੍ਹਾਂ ਵਿਚੋਂ 77 ਦੌੜਾਂ ਜਿੱਤੀਆਂ। ਕੌਮੀ ਤੇ ਕੌਮਾਂਤਰੀ ਦੌੜਾਂ ਵਿਚ ਉਹਦੇ ਤਮਗਿਆਂ ਦੀ ਗਿਣਤੀ ਸੌ ਤੋਂ ਵਧ ਹੈ-ਏਸ਼ੀਆਈ ਖੇਡਾਂ ਵਿਚ ਜਿੱਤੇ ਚਾਰ ਸੋਨ ਤਮਗਿਆਂ ਸਮੇਤ। ਉਸ ਨੂੰ ਉਡਣੇ ਸਿੱਖ ਦਾ ਖਿਤਾਬ 1960 ਵਿਚ ਲਾਹੌਰ ਸਟੇਡੀਅਮ ਵਿਚ ਲਾਈ ਦੌੜ ਸਦਕਾ ਮਿਲਿਆ। ਪਾਕਿਸਤਾਨ ਦੇ ਪ੍ਰੈਜ਼ੀਡੈਂਟ ਜਨਰਲ ਅਯੂਬ ਖਾਂ ਨੇ ਉਸ ਨੂੰ ਮੈਡਲ ਪਹਿਨਾਉਂਦਿਆਂ ਪੰਜਾਬੀ ਵਿਚ ਕਿਹਾ ਸੀ, “ਤੁਸੀਂ ਦੌੜੇ ਨਹੀਂ ਬਲਕਿ ਉਡੇ ਓ। ਅਸੀਂ ਤੁਹਾਨੂੰ ਫਲਾਈਇੰਗ ਸਿੱਖ ਦਾ ਖਿਤਾਬ ਦਿੰਨੇਂ ਆਂ।” ਉਸ ਧਰਤੀ ਤੋਂ ਇਹ ਖਿਤਾਬ ਮਿਲਣਾ, ਜਿੱਥੇ ਸੰਨ ਸੰਤਾਲੀ ਵਿਚ ਉਸ ਦਾ ਸਾਰਾ ਪਰਿਵਾਰ ਮਾਰਿਆ ਗਿਆ ਸੀ ਤੇ ਉਹ ਯਤੀਮ ਹੋ ਕੇ ਏਧਰ ਆਇਆ ਸੀ, ਹੋਰ ਵੀ ਮਹੱਤਵ ਰੱਖਦਾ ਹੈ। ਉਦੋਂ ਉਹਦੇ ਮਾਰੇ ਜਾ ਰਹੇ ਬਾਪ ਦੇ ਆਖਰੀ ਬੋਲ ਸਨ, “ਦੌੜ ਜਾ ਪੁੱਤਰਾ, ਦੌੜ ਜਾਹ।”
1947 ਵਿਚ ਮੁਲਤਾਨ ਤੇ ਫਿਰੋਜ਼ਪੁਰ ਰਾਹੀਂ ਉਹ ਦਿੱਲੀ ਪਹੁੰਚਿਆ। ਫੇਰ ਉਸ ਨੇ ਰੇਲ ਗੱਡੀਆਂ ਮਗਰ ਦੌੜ ਕੇ ਚੋਰੀਆਂ ਵੀ ਕੀਤੀਆਂ ਤੇ ਜੇਲ੍ਹ ਵੀ ਗਿਆ, ਜਿੱਥੇ ਉਸ ਦੀ ਭੈਣ ਨੇ ਆਪਣੀਆਂ ਵਾਲੀਆਂ ਗਹਿਣੇ ਰੱਖੇ ਕੇ ਉਸ ਨੂੰ ਛੁਡਾਇਆ।
ਇੱਕ ਪੜਾਅ ਉੱਤੇ 100 ਮੀਟਰ, 200 ਮੀਟਰ, 400 ਮੀਟਰ ਤੇ 4 ਜਰਬ 400 ਮੀਟਰ ਦੇ ਚਾਰੇ ਨੈਸ਼ਨਲ ਰਿਕਾਰਡ ਮਿਲਖਾ ਸਿੰਘ ਦੇ ਨਾਂ ਸਨ। ਉਸ ਨੇ 1958 ਵਿਚ ਭਾਰਤ ਲਈ ਕਾਮਨਵੈਲਥ ਖੇਡਾਂ ਦਾ ਪਹਿਲਾ ਗੋਲਡ ਮੈਡਲ ਜਿੱਤਿਆ। ਉਸੇ ਸਾਲ ਟੋਕੀਓ ਦੀਆਂ ਏਸ਼ੀਆਈ ਖੇਡਾਂ ਵਿਚ ਬੈਸਟ ਐਥਲੀਟ ਗਰਦਾਨਿਆ ਗਿਆ ਤਾਂ ਕੁੱਲ ਦੁਨੀਆਂ ਵਿਚ ਮਿਲਖਾ-ਮਿਲਖਾ ਹੋ ਗਈ। ਉਥੋਂ ਵਾਪਸੀ ਉੱਤੇ ਪੰਡਿਤ ਜਵਾਹਰ ਲਾਲ ਨਹਿਰੂ ਨੇ ਜੇਤੂਆਂ ਨੂੰ ਤੀਨ ਮੂਰਤੀ ਭਵਨ ‘ਚ ਪ੍ਰੀਤੀ ਭੋਜਨ ਉੱਤੇ ਬੁਲਾਇਆ ਤਾਂ ਉਸ ਨੇ ਪ੍ਰਧਾਨ ਮੰਤਰੀ ਨਾਲ ਇੱਕ ਹੀ ਮੇਜ ਉੱਤੇ ਬੈਠ ਕੇ ਖਾਣਾ ਖਾਧਾ। ਪੰਡਿਤ ਨਹਿਰੂ ਨੂੰ ਮਿਲਖਾ ਸਿੰਘ ਨੇ ਆਪਣਾ ਪਿਛੋਕੜ ਦੱਸਿਆ ਤਾਂ ਪੰਡਿਤ ਨਹਿਰੂ ਦੇ ਬੋਲ ਸਨ, “ਬੇਟਾ, ਮੈਂ ਤੇਰਾ ਖੋਇਆ ਬਚਪਨ ਤਾਂ ਨਹੀਂ ਲਿਆ ਸਕਦਾ ਤੇ ਨਾ ਹੀ ਤੇਰੇ ਮ੍ਰਿਤੂ ਮਾਪੇ। ਹੁਣ ਤੂੰ ਦੇਸ਼ ਨੂੰ ਤੇ ਮੈਨੂੰ ਹੀ ਮਾਂ ਬਾਪ ਸਮਝ। ਜਦੋਂ ਵੀ ਲੋੜ ਪਵੇ, ਸਿਧਾ ਮੇਰੇ ਕੋਲ ਆਈਂ, ਝਿਜਕੀਂ ਨਾ!”
ਸਰਵਣ ਸਿੰਘ ਵਲੋਂ ਬਿਆਨਿਆ ਕਾਮਨਵੈਲਥ ਖੇਡਾਂ ਦਾ ਜ਼ਿਕਰ ਪੜ੍ਹਨ ਵਾਲਾ ਹੈ। “ਜਦੋਂ ਫਾਇਰ ਹੋਇਆ ਤਾਂ ਮਿਲਖਾ ਸਿੰਘ ਦੀ ਬਨੈਣ ਉੱਤੇ ‘ਇੰਡੀਆ’ ਅੱਖਰ ਜਗ ਰਹੇ ਸਨ। ਦੌੜ ਸ਼ੁਰੂ ਹੋਈ ਤਾਂ ਇਨ੍ਹਾਂ ਅਖਰਾਂ ਵਾਲੀ ਬਨੈਣ ਵਾਲਾ ਮਿਲਖਾ ਸਿੰਘ 300 ਮੀਟਰ ਤੱਕ ਸਭ ਤੋਂ ਅੱਗੇ ਸੀ-ਦੱਖਣੀ ਅਫਰੀਕਾ ਤੇ ਮੈਲਕਮ ਸਪੈਂਸ ਨਾਲੋਂ ਵੀ। ਅੰਤਲੇ 100 ਮੀਟਰ ਵਿਚ ਸਪੈਂਸ ਨੇ ਮਿਲਖਾ ਸਿੰਘ ਨੂੰ ਪਛਾੜਨ ਦੀ ਪੂਰੀ ਵਾਹ ਲਾਈ, ਪਰ ਮਿਲਖਾ ਸਿੰਘ ਦੀ ਛਾਤੀ ਫੀਤੇ ਨੂੰ ਪਹਿਲਾਂ ਜਾ ਛੂਹੀ ਤੇ ਇਹਦੇ ਨਾਲ ਹੀ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਸਾਰੇ ਦਾ ਸਾਰਾ ਸਟੇਡੀਅਮ ਹੱਲਾਸ਼ੇਰੀ ਦੀਆਂ ਅਵਾਜ਼ਾਂ ਦੀ ਥਾਂ ਸਕਤੇ ਵਿਚ ਆ ਗਿਆ। ਮਿਲਖਾ ਸਿੰਘ ਨੂੰ ਸਟਰੈਚਰ ਉੱਤੇ ਪਾ ਕੇ ਲਾਂਭੇ ਲਿਜਾ ਕੇ ਆਕਸੀਜਨ ਦਿੱਤੀ। ਉਸ ਨੂੰ ਹੋਸ਼ ਆਉਣ ‘ਤੇ ਪਤਾ ਲੱਗਾ ਕਿ ਉਹ ਦੌੜ ਜਿੱਤ ਗਿਆ।
ਪਾਕਿਸਤਾਨ ਦੇ ਅਬਦੁਲ ਖਾਲਿਕ ਨੂੰ ਹਰਾਉਣ ਵਾਲਾ ਜ਼ਿਕਰ ਵੀ ਪੜ੍ਹਨ ਵਾਲਾ ਹੈ: “ਅਬਦੁਲ ਖਾਲਿਕ ਡਾਢੇ ਗੁਮਾਨ ਵਿਚ ਸੀ। ਨਵੇਂ ਉੱਠ ਰਹੇ ਮਿਲਖਾ ਸਿੰਘ ਨੂੰ ਟਿੱਚ ਸਮਝ ਰਿਹਾ ਸੀ। 200 ਮੀਟਰ ਦੀ ਦੌੜ ਸ਼ੁਰੂ ਹੋਣ ਲੱਗੀ ਤਾਂ ਸਟੇਡੀਅਮ, ਕੰਢਿਆਂ ਤੱਕ ਭਰਪੂਰ ਸੀ। ਇੱਕ ਅਣਜਾਣ ਕੁੜੀ ਨੇ ਕਿਹਾ, ‘ਜੇ ਅੱਜ ਅਬਦੁਲ ਖਾਲਿਕ ਨੂੰ ਹਰਾ ਦੇਵੇਂ ਤਾਂ ਜੋ ਮੰਗੇ ਮਿਲੇਗਾ।’ ਉਹਦੇ ਬੋਲਾਂ ਨੇ ਮਿਲਖਾ ਦੇ ਮਨ ਵਿਚ ਅਥਾਹ ਸ਼ਕਤੀ ਭਰ ਦਿੱਤੀ। ਦਰਸ਼ਕ ਸੀਟਾਂ ‘ਤੇ ਖੜ੍ਹੇ ਸਨ। ਸਾਹਮਣੇ ਫੀਤਾ ਤਣਿਆ ਹੋਇਆ ਸੀ। ਫੀਤੇ ਤੋਂ ਤਿੰਨ ਚਾਰ ਮੀਟਰ ਪਿੱਛੇ ਮਿਲਖੇ ਦਾ ਮਸ਼ਲ ਖਿਚਿਆ ਗਿਆ। ਉਹਦੀਆਂ ਲੱਤਾਂ ਇੱਕ ਦੂਜੀ ਵਿਚ ਅੜ ਗਈਆਂ, ਪਰ ਮਿਲਖਾ ਸਿੰਘ ਫੀਤੇ ਨੂੰ ਛੂੰਹਦਾ ਭੁੰਜੇ ਡਿੱਗ ਪਿਆ। ਉਹਦੇ ਫਸਟ ਆਉਣ ਦਾ ਐਲਾਨ ਹੋਇਆ ਤਾਂ ਸਾਰੇ ਏਸ਼ੀਆ ਵਿਚ ‘ਮਿਲਖਾ ਸਿੰਘ, ਮਿਲਖਾ ਸਿੰਘ’ ਹੋ ਗਈ।
ਮਿਲਖਾ ਸਿੰਘ ਦੇ ਖੁਸ਼ੀ ਵਿਚ ਹੰਝੂ ਵਹਿ ਤੁਰੇ। ਤਸਵੀਰਾਂ ਖਿੱਚਣ ਲਈ ਕੈਮਰਿਆਂ ਦੀਆਂ ਅੱਖਾਂ ਜਗਣ-ਬੁਝਣ ਲੱਗੀਆਂ। ਸਾਥੀਆਂ ਦੀਆਂ ਜੱਫੀਆਂ ਨੇ ਉਹਨੂੰ ਮਧੋਲ ਲਿਆ। ਡੌਰ-ਭੌਰ ਉਹ ਆਪਣੇ ਕਮਰੇ ‘ਚ ਪੁੱਜਾ। ਉਹ ਸ਼ੀਸ਼ੇ ਸਾਹਮਣੇ ਖੜ੍ਹਾ ਹੋਇਆ। ਸ਼ੀਸ਼ਾ ਉਹਦੇ ਨਾਲ ਗੱਲਾਂ ਕਰਨ ਲੱਗਾ। ਉਸ ਨੇ ਆਪਣੇ ਆਪ ਨੂੰ ਗਹੁ ਨਾਲ ਵੇਖਿਆ…ਭੁੱਜਦੇ ਪੈਰਾਂ ਨਾਲ ਰੇਤਲੇ ਰਾਹਾਂ ‘ਤੇ ਰੁੱਖਾਂ ਦੀਆਂ ਛਾਂਵਾਂ ਵੱਲ ਦੌੜਦਾ, ਲਹੂ ਲਿਬੜੀ ਗੱਡੀ ‘ਚ ਸੀਟਾਂ ਹੇਠ ਲੁਕ ਕੇ ਸਫਰ ਕਰਦਾ, ਸ਼ਰਨਾਰਥੀ ਕੈਂਪਾਂ ‘ਚ ਰੁਲਦਾ, ਫੌਜੀਆਂ ਦੇ ਬੂਟ ਪਾਲਸ਼ ਕਰਦਾ, ਭੈਣ ਦੀ ਲੁਕਾਅ ਕੇ ਰੱਖੀ ਬੇਹੀ ਰੋਟੀ ਨਿਗਲਦਾ…।
ਜਾਨ ਬਚਾ ਕੇ ਦੌੜਿਆ ਯਤੀਮ ਬਾਲਕ, ਕੋਟ ਅੱਦੂ ਤੋਂ ਮੁਲਤਾਨ ਨੂੰ ਜਾਂਦੀ ਗੱਡੀ ਵਿਚ ਲੁਕਿਆ ਤਾਂ ਬੁਰਕੇ ਵਾਲੀਆਂ ਔਰਤਾਂ ਹੀ ਸਨ, ਜਿਨ੍ਹਾਂ ਨੇ ਉਸ ਦੀ ਜਾਨ ਬਚਾਈ ਸੀ। (ਉਨ੍ਹਾਂ ਰਹਿਮ-ਦਿਲ ਸਵਾਣੀਆਂ ਨੂੰ ਕੀ ਪਤਾ ਸੀ ਕਿ ਜੂੜੇ ਵਾਲਾ ਇਹੋ ਬਾਲ ਪਾਕਿਸਤਾਨ ਦੇ ਅਬਦੁੱਲ ਖਾਲਿਕ ਨੂੰ ਹਰਾ ਕੇ ਏਸ਼ੀਆ ਦਾ ਰੁਸਤਮ ਬਣੇਗਾ)। ਮਿਲਖਾ ਸਿੰਘ ਦੇ ਦਿਲੋਂ ਦੁਆਵਾਂ ਨਿਕਲ ਰਹੀਆਂ ਸਨ, ‘ਜੀਂਦੀਆਂ ਰਹਿਣ ਉਹ ਸਵਾਣੀਆਂ! ਮਮਤਾ ਭਰੀਆਂ ਉਹ ਮੁਸਲਮਾਨ ਮਾਤਾਵਾਂ! ਜਿਨ੍ਹਾਂ ਹਾਲਾਤ ਦੇ ਮਾਰੇ ਇਕ ਯਤੀਮ ਬਾਲਕ ਦੀ ਜਾਨ ਬਚਾਈ ਸੀ।’
ਪੱਛਮੀ ਪੰਜਾਬ ਵਿਚ ਜਿਲਾ ਮੁਜਫਰਗੜ੍ਹ ਦੇ ਪਛੜ ਪਿੰਡ ਗੋਬਿੰਦਪੁਰਾ ਵਿਚ ਇਕ ਗਰੀਬ ਕਿਸਾਨ ਘਰ ਦਾ ਜਮਪਲ ਹੋ ਕੇ, ਬਚਪਨ ਟੁਕੜੇ ਟੁਕੜੇ ਕਰਾ ਕੇ, ਆਪਣੀਆਂ ਅੱਖਾਂ ਸਾਹਮਣੇ ਮਾਪੇ ਤੇ ਭੈਣ ਭਰਾ ਕਤਲ ਹੁੰਦੇ ਵੇਖ ਕੇ, ਮਾਤਭੂਮੀ ਤੋਂ ਉਜੜ ਪੁਜੜ ਕੇ, ਅਨਾਥ ਹੋ ਕੇ, ਭੁੱਖਾ ਪਿਆਸਾ ਰਹਿ ਕੇ, ਜੇਲ੍ਹ ਦੀ ਹਵਾ ਖਾ ਕੇ, ਅੰਤਾਂ ਦੀਆਂ ਦੁਸ਼ਵਾਰੀਆਂ ‘ਚ ਲੰਘ ਕੇ ਵੱਡੀ ਉਮਰ ‘ਚੋਂ ਦੌੜ ਸ਼ੁਰੂ ਕਰ ਕੇ ਤੇ ਫਿਰ ‘ਦੌੜ ਦਾ ਬਾਦਸ਼ਾਹ’ ਬਣ ਕੇ ਜੋ ਮਸ਼ਾਲ ਮਿਲਖਾ ਸਿੰਘ ਨੇ ਜਗਾਈ, ਉਸ ਨੂੰ ਸਲਾਮ ਹੈ!
ਅੰਤਿਕਾ: ਗੁਰਭਜਨ ਗਿੱਲ
ਉਸ ਨੂੰ ਸਿਰਫ ਗੁਲਾਬ ਕਹਾਂਗਾ
ਜਿਸ ਦਾ ਰੰਗ ਗੁਲਾਬੀ ਹੈ,
ਬਾਕੀ ਸਭ ਕੁਝ ਮਗਰੋਂ ਬਣਿਆ
ਮੰਡੀ ਬੜੀ ਹਿਸਾਬੀ ਹੈ।
ਗਮਲੇ ਦੇ ਵਿਚ ਲੱਗਿਆਂ ਨੂੰ ਤਾਂ
ਧਰਤੀ ਮਾਂ ਪਹਿਚਾਣੇ ਨਾ,
ਜੋ ਪੰਜਾਬੀ ਬੋਲੇ ਖੁੱਲ੍ਹ ਕੇ
ਓਹੀ ਸਿਰਫ ਪੰਜਾਬੀ ਹੈ।