ਤਣੀ ਹੋਈ ਉਂਗਲ

ਸੰਤੋਖ ਸਿੰਘ ਧੀਰ ਪੰਜਾਬੀ ਦਾ ਬਹੁ-ਵਿਧਾਈ ਲਿਖਾਰੀ ਸੀ, ਜਿਸ ਨੇ ਕਵਿਤਾ, ਕਹਾਣੀ, ਨਾਵਲ ਅਤੇ ਵਾਰਤਕ ਵਿਚ ਚੋਖਾ ਨਾਮਣਾ ਖੱਟਿਆ। ਇਹ ਵਰ੍ਹਾ (2020) ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਉਨ੍ਹਾਂ ਦਾ ਜਨਮ 2 ਦਸੰਬਰ 1920 ਨੂੰ ਹੋਇਆ ਸੀ। ਉਨ੍ਹਾਂ ਦੇ ਜਨਮ ਸ਼ਤਾਬਦੀ ਵਰ੍ਹੇ ਮੌਕੇ ਉਨ੍ਹਾਂ ਦੇ ਬੇਲੀ ਡਾ. ਗੁਰੂਮੇਲ ਸਿੱਧੂ ਨੇ ਉਨ੍ਹਾਂ ਬਾਰੇ ਉਪਰੋਥਲੀ ਇਹ ਦੂਜਾ ਲੰਮਾ ਲੇਖ ਭੇਜਿਆ ਹੈ, ਜੋ ਅਸੀਂ ਆਪਣੇ ਪਾਠਕਾਂ ਲਈ ਪੇਸ਼ ਕਰ ਰਹੇ ਹਾਂ। ਇਸ ਲੇਖ ਵਿਚ ਸੰਤੋਖ ਸਿੰਘ ਧੀਰ ਅਤੇ ਉਨ੍ਹਾਂ ਦੀ ਮੁਹੱਬਤ ਦੇ ਨਾਲ-ਨਾਲ ਪੰਜਾਬੀ ਸਾਹਿਤ ਜਗਤ ਦੀਆਂ ਕਈ ਝਾਕੀਆਂ ਪੇਸ਼ ਹੋਈਆਂ ਹਨ।

-ਸੰਪਾਦਕ

ਡਾ. ਗੁਰੂਮੇਲ ਸਿੱਧੂ

ਇਕ ਦਿਨ ਮੈਂ ਲਾਹੌਰ ਬੁੱਕ ਸ਼ਾਪ (ਲੁਧਿਆਣਾ) ‘ਤੇ ਕਿਤਾਬਾਂ ਦੀ ਫੋਲਾਫਾਲੀ ਕਰ ਰਿਹਾ ਸੀ ਤਾਂ ਘੋਟਵੀਂ ਪੱਗ ਵਾਲਾ ਬੰਦਾ, ਜਿਸ ਦੇ ਮੂੰਹ ‘ਤੇ ਚੇਚਕ ਦੇ ਦਾਗ ਸਨ ਤੇ ਅੱਖਾਂ ਵਿਚ ਧਾਰੀਦਾਰ ਸੁਰਮਾ ਪਾਇਆ ਹੋਆ ਸੀ, ਸਿੱਧਾ ਜੀਵਨ ਸਿੰਘ ਦੇ ਦਫਤਰ ਵਿਚ ਜਾ ਵੜਿਆ। ਜੀਵਨ ਸਿੰਘ ਨੇ ਮੈਨੂੰ ਆਵਾਜ਼ ਮਾਰੀ, “ਆ ਤੈਨੂੰ ਧੀਰ ਸਾਹਿਬ ਨੂੰ ਮਿਲਾਵਾਂ।” ਤੁਆਰਫ ਕਰਾਉਂਦਿਆਂ ਕਿਹਾ, “ਇਹ ਸਾਡਾ ਵੱਡਾ ਪ੍ਰਗਤੀਵਾਦੀ ਕਵੀ ਸੰਤੋਖ ਸਿੰਘ ਧੀਰ ਹੈ।” ਮੇਰੇ ਵਲ ਇਸ਼ਾਰਾ ਕਰਦਿਆਂ ਕਿਹਾ, “ਇਹ ਨਵਾਂ ਉਭਰਦਾ ਕਵੀ ਗੁਰਮੇਲ ‘ਰਾਹੀ’ ਹੈ।” ਧੀਰ ਸਾਹਿਬ ਨੇ ਮੇਰੇ ਵਲ ਗਹੁ ਨਾਲ ਤੱਕਿਆ ਅਤੇ ਸਹਿਜ ਨਾਲ ਕਿਹਾ, “ਅੱਛਾ-ਅੱਛਾ ਤੈਨੂੰ ਕਵਿਤਾ ਲਿਖਣ ਦਾ ਸ਼ੌਕ ਹੈ!” ਧੀਰ ਦਾ ਕੋਈ ਰਾਇਲਟੀ ਦਾ ਲੇਖਾ-ਜੋਖਾ ਸੀ ਜਿਸ ਬਾਰੇ ਉਹ ਜੀਵਨ ਸਿੰਘ ਨਾਲ ਗੱਲਬਾਤ ਕਰਨ ਲੱਗ ਪਿਆ ਤੇ ਮੈਂ ਬਾਹਰ ਆ ਕੇ ਫੇਰ ਪੁਸਤਕਾਂ ਫੋਲਣ ਲੱਗ ਪਿਆ।
ਧੀਰ ਹੋਰੀਂ ਬਾਹਰ ਆਏ ਤਾਂ ਮੈਂ ਬੜੀ ਹਲੀਮੀ ਨਾਲ ਮਿਲਿਆ, ਉਸ ਦੀ ਕਵਿਤਾ ਦੀ ਸ਼ਲਾਘਾ ਕੀਤੀ। ਕਵਿਤਾ ਦਾ ਤਾਂ ਬਹਾਨਾ ਸੀ, ਦਰਅਸਲ ਉਸ ਨਾਲ ਗੱਲਾਂ ਕਰਨ ਨੂੰ ਜੀ ਕਰਦਾ ਸੀ। ਧੀਰ ਸਾਹਿਬ ਨੂੰ ਪੁੱਛਿਆ, “ਦੁਪਹਿਰ ਦਾ ਖਾਣਾ ਖਾਧਾ?” ਉਸ ਨੇ ਕਿਹਾ, “ਨਹੀਂ।” ਲਾਹੌਰੀਆਂ ਦਾ ਹੋਟਲ ਘੰਟਾਘਰ ਚੌਕ ਦੇ ਉਤੇ ਸੀ। ਅਸੀਂ ਉਥੇ ਚੱਲੇ ਗਏ, ਖਾਣੇ ਲਈ ਬੈਠੇ ਤਾਂ ਬਹਿਰਾ ਮੈਨਯੂ ਲੈ ਕੇ ਆ ਗਿਆ।
“ਧੀਰ ਸਾਹਿਬ ਕੀ ਖਾਉਗੇ?” ਮੈਂ ਪੁੱਛਿਆ।
“ਤੂੰ ਜੋ ਖਾਣੈ, ਉਹੋ ਖਾ ਲਵਾਂਗਾ।” ਧੀਰ ਨੇ ਉਤਰ ਦਿੱਤਾ।
“ਤੁਸੀਂ ਮੇਰੇ ਮਹਿਮਾਨ ਹੋ, ਤੁਸੀਂ ਦੱਸੋ।”
“ਤੂੰ ਜੋ ਮੰਗਵਾਉਣਾ, ਮੰਗਵਾ ਲੈ।”
“ਮੈਨਯੂ ਵਿਚ ਬੱਕਰੇ ਦਾ ਮੀਟ, ਭਿੰਡੀਆਂ ਦੀ ਸਬਜ਼ੀ, ਮਟਰ ਪਨੀਰ, ਨਾਨ, ਰੋਟੀ …।”
“ਬੱਸ-ਬੱਸ ਜੋ ਵੀ ਤੂੰ ਖਾਣਾ ਮੰਗਵਾ ਲੈ, ਵੈਸੇ ਮੈਨੂੰ ਸਾਰੀਆਂ ਚੀਜ਼ਾਂ ਪਸੰਦ ਹਨ ਪਰ ਮਹਿੰਗੀਆਂ ਹੋਣਗੀਆਂ!”
“ਮਹਿੰਗੀਆਂ ਦਾ ਫਿਕਰ ਨਾ ਕਰੋ, ਜੋ ਖਾਣ ਨੂੰ ਜੀ ਕਰਦਾ ਔਰਡਰ ਕਰ ਦਿੰਦੇ ਆਂ।”
ਬਹਿਰੇ ਨੂੰ ਆਵਾਜ਼ ਮਾਰੀ ਅਤੇ ਖਾਣੇ ਦਾ ਆਰਡਰ ਦਿੰਦਿਆਂ ਧੀਰ ਨੂੰ ਪੁੱਛਿਆ, “ਨਾਲ ਕੀ ਖਾਉਗੇ, ਨਾਨ, ਤੰਦੂਰੀ ਜਾਂ ਤਵੇ ਵਾਲੀ ਰੋਟੀ?” ਧੀਰ ਬੋਲਿਆ, “ਤੰਦੂਰੀ ਰੋਟੀ ਠੀਕ ਰਹੇਗੀ।” ਨਾਲ ਹੀ ਦੁਬਾਰਾ ਫਿਕਰ ਜ਼ਾਹਿਰ ਕੀਤਾ ਕਿ ਤੇਰਾ ਬਹੁਤਾ ਖਰਚ ਹੋ ਜਾਵੇਗਾ। ਮੈਂ ਉਨ੍ਹਾਂ ਨੂੰ ਫੇਰ ਤਸੱਲੀ ਦਿਵਾਈ ਕਿ ਤੁਸੀਂ ਖਰਚੇ ਦਾ ਫਕਰ ਨਾ ਕਰੋ, ਮੇਰੇ ਲਈ ਏਨਾ ਹੀ ਬਹੁਤ ਹੈ ਕਿ ਵੱਡੇ ਕਵੀ ਨਾਲ ਬਹਿ ਕੇ ਖਾਣਾ ਖਾਣ ਦਾ ਮੌਕਾ ਮਿਲਿਆ ਹੈ।” ਧੀਰ ਸਾਹਿਬ ਖੁਸ਼ ਹੋ ਗਏ ਅਤੇ ਬੇਫਿਕਰ ਹੋ ਕੇ ਬੈਠ ਗਏ।
ਹੋਟਲ ਦਾ ਮਾਲਕ ਢਿੱਡਲ ਜਿਹਾ ਮੋਟਾ ਸਾਰਾ ਬੰਦਾ ਸੀ ਜੋ ਗੱਲੇ ‘ਤੇ ਬੈਠਾ ਸੂਈਆਂ ਵਾਲੀ ਮਸ਼ੀਨ ‘ਤੇ ਇਕੋ ਤਵਾ ਮੁੜ-ਮੁੜ ਧਰੀ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ‘ਮੇਰੀ ਜਾਂ ਮੇਰੀ ਜਾਂ, ਪਿਆਰ ਤੁਮੀਂ ਸੇ ਹੋ ਹੀ ਗਿਆ ਹੈ, ਹਮ ਕਿਆ ਕਰੇਂ’ ਗਾਣਾ ਬਹੁਤ ਮਸ਼ਹੂਰ ਸੀ। ਉਹ ਇਹੋ ਗਾਣਾ ਵਾਰ-ਵਾਰ ਵਜਾਈ ਜਾਂਦਾ ਸੀ। ਐਨੇ ਨੂੰ ਗਰਮਾ-ਗਰਮ ਲਪਟਾਂ ਮਾਰਦਾ ਖਾਣਾ ਆ ਗਿਆ। ਖਾਣੇ ਵਲ ਦੇਖ ਕੇ ਧੀਰ ਕਹਿਣ ਲੱਗੇ, “ਬਹੁਤ ਵਧੀਆ ਖੁਸ਼ਬੂ ਆ ਰਹੀ ਹੈ।” ਮੈਂ ਕਿਹਾ, “ਧੀਰ ਸਾਹਿਬ, ਤੁਸੀਂ ਹੁਣ ਖਾਣਾ ਠੰਢਾ ਨਾ ਕਰੋ, ਨਿੱਠ ਕੇ ਆਨੰਦ ਨਾਲ ਖਾਓ।” ਖਾਣਾ ਖਾਣ ਲੱਗ ਪਏ ਤਾਂ ਮੈਂ ਰਵਾਇਤੀ ਜਿਹੀਆਂ ਗੱਲਾਂ ਪੁੱਛਣੀਆਂ ਸ਼ੁਰੂ ਕਰ ਦਿੱਤੀਆਂ।
“ਤੁਸੀਂ ਕਵਿਤਾ ਕਦੋਂ ਤੋਂ ਲਿਖਦੇ ਹੋ? ਮੈਨੂੰ ਤੁਹਾਡੀ ਕਵਿਤਾ ‘ਪੱਤ ਝੜੇ ਪੁਰਾਣੇ ਰੁੱਤ ਨਵਿਆਂ ਦੀ ਆਈ ਵੇ’ ਬਹੁਤ ਪਸੰਦ ਹੈ।”
“ਮੇਰਾ ਪਿਤਾ ਕਵਿਤਾ ਲਿਖਦਾ ਹੁੰਦਾ ਸੀ, ਸ਼ਾਇਦ ਇਹ ਮੇਰੇ ਖੂਨ ਵਿਚ ਹੀ ਹੈ।” ਧੀਰ ਨੇ ਕਿਹਾ।
“ਤੁਹਾਡੀ ਪਹਿਲੀ ਕਵਿਤਾ ਕਦੋਂ ਛਪੀ?”
“ਦਰਅਸਲ ਪਹਿਲੀ ਕਵਿਤਾ ਮੇਰੇ ਨਾਂ ਹੇਠ ਮੇਰੇ ਬਾਪ ਦੀ ਲਿਖੀ ਹੋਈ ਛਪੀ ਸੀ। ਉਸ ਨੇ ਹੋਰ ਵੀ ਕਈ ਕਵਿਤਾਵਾਂ ਮੇਰੇ ਨਾਂ ਹੇਠ ਛਪਾਈਆਂ। ਸ਼ਾਇਦ ਉਹ ਮੈਨੂੰ ਕਵਿਤਾ ਦੀ ਚੇਟਕ ਲਾਉਣ ਦਾ ਯਤਨ ਕਰ ਰਹਾ ਸੀ।”
“ਤੁਹਾਡੀ ਆਪਣੀ ਲਿਖੀ ਹੋਈ ਕਵਿਤਾ ਕਦੋਂ ਛਪੀ?”
“ਪੂਰਾ ਤਾਂ ਯਾਦ ਨਹੀਂ, ਸ਼ਾਇਦ ‘ਪ੍ਰੀਤਮ’ ਰਸਾਲੇ ਵਿਚ ਛਪੀ ਸੀ।
“ਕਿੰਨੀ ਕੁ ਉਮਰ ਸੀ ਜਦ ਪਹਿਲੀ ਕਵਿਤਾ ਛਪੀ?”
“ਓਦੋਂ ਮੈਂ ਮੱਸ-ਫੁੱਟ ਮੁੰਡਾ ਜਿਹਾ ਸੀ।”
ਜਦ ਹੋਟਲ ਦਾ ਮਾਲਕ ਉਹੋ ਤਵਾ ਮੁੜ-ਮੁੜ ਧਰਨੋ ਨਾ ਹਟਿਆ ਤਾਂ ਧੀਰ ਨੂੰ ਗੁੱਸਾ ਆ ਗਿਆ। ਰੋਟੀ ਵਿਚੇ ਛੱਡ ਕੇ ਕਹਿਣ ਲੱਗਾ, “ਠਹਿਰ ਕੇਰਾਂ ਇਸ ਬਾਹਯਾਤ ਨੂੰ ਸੁਰ ਕਰ ਲਵਾਂ।” ਢਿੱਡਲ ਜਿਹੇ ਬੰਦੇ ਦੇ ਕੋਲ ਖੜ੍ਹੋ ਕੇ ਉਂਗਲੀ ਖੜ੍ਹੀ ਕਰ ਕੇ ਧੀਰ ਗਰਜਿਆ, “ਬੰਦ ਕਰ ਇਸ ਬਕਵਾਸ ਨੂੰ, ਮੁੜ-ਮੁੜ ਓਸੇ ਤਵੇ ‘ਤੇ ਸੂਈ ਧਰੀ ਜਾਂਦਾਂ, ਮਿੱਝ ਕੱਢਤੀ ਗਾਣੇ ਦੀ, ਰੋਟੀ ਦਾ ਸੁਆਦ ਕਿਰਕਰਾ ਕਰ’ਤਾ।” ਉਹ ਡਰ ਗਿਆ ਅਤੇ ਕਹਿਣ ਲੱਗਾ, “ਸਰਦਾਰ ਜੀ ਕੋਈ ਨਵਾਂ ਲਾ ਦਿੰਦਾਂ।” ਧੀਰ ਨੇ ਥੋੜ੍ਹੀ ਧੀਮੀ ਆਵਾਜ਼ ਵਿਚ ਕਿਹਾ, “ਯਾਰ! ਥੋੜ੍ਹਾ ਚਿਰ ਮਸ਼ੀਨ ਨੂੰ ਸਾਹ ਲੈ ਲੈਣ ਦੇ, ਬੰਦ ਹੀ ਕਰਦੇ, ਆਰਾਮ ਨਾਲ ਰੋਟੀ ਖਾਣ ਦੇ, ਮਗਰੋਂ ਜੋ ਮਰਜ਼ੀ ਬਜਾਈ ਜਾਈਂ।”
ਰੋਟੀ ਖਾ ਕੇ ਬਾਹਰ ਨਿਕਲੇ ਤਾਂ ਧੀਰ ਕਹਿਣ ਲੱਗਾ, “ਗੁਰਮੇਲ, ਐਨਾ ਲਜ਼ੀਜ਼ ਖਾਣਾ ਬੜੀ ਦੇਰ ਬਾਅਦ ਖਾਧਾ, ਸ਼ੁਕਰੀਆ। ਹੁਣ ਮੈਂ ਘਰ ਲਈ ਬਾਜ਼ਾਰੋਂ ਕੁਝ ਸਮਾਨ ਖਰੀਦਣਾ, ਮੈਂ ਚਲਦਾਂ, ਫੇਰ ਮਿਲਾਂਗੇ।”
“ਚਲੋ ਮੈਂ ਵੀ ਤੁਹਾਡੇ ਨਾਲ ਚਲਦਾਂ, ਮੈਨੂੰ ਵੀ ਅੱਜ ਹੋਰ ਕੋਈ ਕੰਮ ਨਹੀਂ।” ਮੈਂ ਕਿਹਾ।
“ਨਹੀਂ-ਨਹੀਂ, ਮੈਨੂੰ ਦੇਰ ਹੋ ਜਾਣੀ ਆਂ, ਤੂੰ ਚੱਲ, ਫੇਰ ਕਦੇ ਮਿਲਦੇ ਆਂ।”
“ਕੋਈ ਨਹੀਂ ਮੈਂ ਨਾਲ ਹੀ ਚਲਦਾਂ। ਮੈਂ ਅੱਜ ਵਿਹਲਾ ਹਾਂ।”
ਮੈਨੂੰ ਲਾਹਾ ਸੀ ਕਿ ਧੀਰ ਨਾਲ ਕੁਝ ਚਿਰ ਹੋਰ ਬਿਤਾਵਾਂ। ਧੀਰ ਨੇ ਪਰਚੂਨ ਦੀ ਦੁਕਾਨ ਤੋਂ ਕੁਝ ਚੀਜ਼ਾਂ ਖਰੀਦੀਆਂ ਤੇ ਅਸੀਂ ਮੁੜ ਲਾਹੌਰ ਬੁੱਕ ਸ਼ਾਪ ਵੜ ਪਏ ਜਿੱਥੇ ਮੇਰਾ ਸਾਈਕਲ ਖੜ੍ਹਾ ਸੀ। ਮੇਰੇ ਵਲ ਹੱਥ ਵਧਾ ਕੇ ਧੀਰ ਕਹਿਣ ਲੱਗਾ, “ਚੰਗਾ ਮੈਂ ਹੁਣ ਚਲਦਾਂ, ਚਾਰ ਵਜੇ ਮੰਡੀ ਗੋਬਿੰਦਗੜ੍ਹ ਦੀ ਗੱਡੀ ਫੜਨੀ ਆਂ।” ਲਾਹੌਰ ਬੁੱਕ ਸ਼ਾਪ ਤੋਂ ਲੁਧਿਆਣੇ ਦਾ ਰੇਲਵੇ ਸਟੇਸ਼ਨ ਕੋਈ ਮੀਲ ਕੁ ਦੀ ਵਿੱਥ ‘ਤੇ ਹੋਵੇਗਾ; ਮੈਂ ਕਿਹਾ, “ਚਲੋ ਸਾਈਕਲ ‘ਤੇ ਬੈਠੋ, ਤੁਹਾਨੂੰ ਸਟੇਸ਼ਨ ਛੱਡ ਕੇ ਮੈਂ ਅਗਾਂਹ ਹੋਸਟਲ ਵਲ ਨਿਕਲ ਜਾਵਾਂਗਾ।” ਸਟੇਸ਼ਨ ‘ਤੇ ਪਹੁੰਚ ਕੇ ਮੈਂ ਸਾਈਕਲ ਨੂੰ ‘ਸਾਈਕਲ-ਰੈਕ’ ਵਿਚ ਖੜ੍ਹਾ ਕੀਤਾ ਅਤੇ ਧੀਰ ਤੋਂ ਪੁੱਛੇ ਵਗੈਰ ਮੰਡੀ ਗੋਬਿੰਦਗੜ੍ਹ ਦੇ ਦੋ ਟਿਕਟ ਲੈ ਆਇਆ। ਧੀਰ ਕੋਲ ਹਮੇਸ਼ਾ ਚਮੜੇ ਦਾ ਝੋਲਾ ਹੁੰਦਾ ਸੀ ਜੋ ਮੈਂ ਫੜ ਲਿਆ ਤੇ ਧੀਰ ਨੂੰ ਕਿਹਾ, “ਗੱਡੀ ਚੜ੍ਹ ਕੇ ਸੀਟ ਮੱਲ ਲਓ।” ਉਹ ਸੀਟ ‘ਤੇ ਜਾ ਬੈਠੇ ਤੇ ਮੈਂ ਝੋਲਾ ਉਨ੍ਹਾਂ ਦੇ ਪੈਰਾਂ ‘ਚ ਰੱਖ ਕੇ ਨਾਲ ਦੀ ਸੀਟ ‘ਤੇ ਬਹਿ ਗਿਆ। ਗੱਡੀ ਚੱਲ ਪਈ ਤਾਂ ਧੀਰ ਨੇ ਕਿਹਾ ਕਿ ਤੂੰ ਹੁਣ ਉਤਰ ਜਾ, ਗੱਡੀ ਤੇਜ਼ ਹੋ ਰਹੀ ਹੈ।” ਮੈਂ ਜਵਾਬ ਦਿਤਾ, “ਮੈਨੂੰ ਕੱਲ੍ਹ ਦੀ ਛੁੱਟੀ ਹੈ, ਤੁਹਾਡੇ ਨਾਲ ਹੀ ਚਲਦਾਂ, ਭਲਕੇ ਮੁੜ ਆਵਾਂਗਾ। ਟਿਕਟ ਮੈਂ ਦੋ ਲੈ ਲਏ ਹਨ।” ਧੀਰ ਨੇ ਕਿਹਾ, “ਤੂੰ ਇੱਕਣ ਨਹੀਂ ਸੀ ਕਰਨਾ, ਪਹਿਲਾਂ ਹੀ ਤੇਰਾ ਕਾਫੀ ਖਰਚ ਹੋ ਗਿਆ। ਅੱਛਾ ਚੰਗਾ, ਤੇਰੀ ਮਰਜ਼ੀ।” ਉਸ ਦੇ ਬੋਲਾਂ ਤੋਂ ਲਗਦਾ ਸੀ ਕਿ ਉਹ ਮੈਨੂੰ ਨਾਲ ਲਿਜਾਣ ਤੋਂ ਝਿਜਕ ਰਿਹਾ ਸੀ। ਅਸੀਂ ਮੰਡੀ ਗੋਬਿੰਦਗੜ੍ਹ ਉਤਰ ਕੇ ਧੀਰ ਦੇ ਪਿੰਡ ਡਡਹੇੜੀ ਦੇ ਰਾਹੇ ਪੈ ਗਏ ਜੋ ਸਟੇਸ਼ਨ ਤੋਂ ਦੋ-ਢਾਈ ਮੀਲ ‘ਤੇ ਹੋਵੇਗਾ। ਰਾਹ ਵਿਚ ਧੀਰ ਮੇਰੇ ਪਿਛੋਕੜ ਬਾਰੇ ਪੁੱਛਦਾ ਗਿਆ। ਘਰ ਪਹੁੰਚ ਗਏ ਤਾਂ ਧੀਰ ਨੇ ਆਪਣੀ ਪਤਨੀ ਨੂੰ ਧੀਮੀ ਜਿਹੀ ਆਵਾਜ਼ ਵਿਚ ਕਿਹਾ, “ਮੇਰੇ ਨਾਲ ਮੇਰਾ ਇਕ ਸ਼ਰਧਾਲੂ ਆਇਆ, ਕੁਝ ਖਾਣ ਲਈ ਹੈ?” ਉਸ ਨੇ ਜੋ ਰੁੱਖੀ-ਸੁੱਕੀ ਸੀ, ਪਰੋਸ ਦਿੱਤੀ। ਰਾਤ ਕੱਟ ਕੇ ਮੈਂ ਦੂਜੇ ਦਿਨ ਵਾਪਸ ਲੁਧਿਆਣੇ ਆ ਗਿਆ।
ਸੰਨ 1996 ਵਿਚ ਭਾਸ਼ਾ ਵਿਭਾਗ, ਪਟਿਆਲਾ ਨੇ ਮੈਨੂੰ ਸ਼੍ਰੋਮਣੀ ਕਵੀ ਵਜੋਂ ਸਨਮਾਨਿਆ। ਵੈਸੇ ਤਾਂ ਇਹ ਪੁਰਸਕਾਰ ਸਾਹਿਤਕਾਰ ਦੀ ਸਮੁੱਚੀ ਦੇਣ ਨੂੰ ਧਿਆਨ ਵਿਚ ਰੱਖ ਕੇ ਦਿੱਤਾ ਜਾਂਦਾ ਹੈ ਪਰ ਪਿਛਲੇ ਤਿੰਨ ਸਾਲਾਂ ਦੌਰਾਨ ਛਪੀ ਕਿਸੇ ਪੁਸਤਕ ਨੂੰ ਧਿਆਨ ਗੋਚਰੇ ਰੱਖਿਆ ਜਾਂਦਾ ਹੈ। ਮੇਰੀ ਕਵਿਤਾ ਦੀ ਪੁਸਤਕ ‘ਸੁਰਖੀਆਂ’ ਨੂੰ ਮੁੱਖ ਰੱਖ ਕੇ ਇਹ ਇਨਾਮ ਦਿੱਤਾ ਗਿਆ ਸੀ। ਇਨਾਮ ਵੰਡਣ ਸਮਂੇ ਮੈਂ ਹਾਜ਼ਰ ਨਹੀਂ ਸੀ ਹੋ ਸਕਿਆ। ਭਾਸ਼ਾ ਵਭਾਗ ਦੇ ਡਾਇਰੈਕਟਰ ਡਾ. ਮਦਨ ਲਾਲ ਹਸੀਜਾ ਨੇ ਚਿੱਠੀ ਲਿਖੀ ਕਿ ਜਦ ਤੂੰ ਪੰਜਾਬ ਆਵੇਂਗਾ, ਉਦੋਂ ਸਮਾਗਮ ਕਰ ਲਵਾਂਗੇ। ਦਸੰਬਰ 1996 ਵਿਚ ਮੈਂ ਪੰਜਾਬ ਗਿਆ ਤਾਂ ਉਸ ਨੇ ਚੰਡੀਗੜ੍ਹ ਸਮਾਗਮ ਰੱਖ ਲਿਆ। ਹਸੀਜਾ ਜੀ ਸਮਾਗਮ ਦੀ ਪ੍ਰਧਾਨਗੀ ਪੰਜਾਬ ਦੇ ਵਿੱਦਿਆ ਮੰਤਰੀ ਤੋਂ ਕਰਾਉਣਾ ਚਾਹੁੰਦਾ ਸੀ ਪਰ ਉਹ ਲੱਭ ਨਹੀਂ ਸੀ ਰਿਹਾ। ਮੇਰੀ ਅਮਰੀਕਾ ਵਾਪਸ ਮੁੜਨ ਦੀ ਤਾਰੀਕ ਨੇੜੇ ਆ ਰਹੀ ਸੀ। ਜਦ ਮੁੜਨ ਵਿਚ ਦੋ ਦਿਨ ਹੀ ਰਹਿ ਗਏ ਤਾਂ ਮੈਂ ਹਸੀਜਾ ਸਾਹਿਬ ਨੂੰ ਕਿਹਾ ਕਿ ਕਿਸੇ ਮੰਤਰੀ ਨਾਲੋਂ ਸਮਾਗਮ ਦੀ ਪ੍ਰਧਾਨਗੀ ਸੰਤੋਖ ਸਿੰਘ ਧੀਰ ਤੋਂ ਕਰਵਾ ਲਉ। ਧੀਰ ਮੇਰਾ ਪੁਰਾਣਾ ਦੋਸਤ ਹੈ, ਨਾਲੇ ਮੇਰੀਆਂ ਲਿਖਤਾਂ ਤੋਂ ਵੀ ਵਾਕਿਫ ਹੈ। ਧੀਰ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ ਅਤੇ ਭਾਸ਼ਨ ਵਿਚ ਸਾਡੀ ਪਹਿਲੀ ਮਿਲਣੀ ਦਾ ਜ਼ਿਕਰ ਕੁਝ ਇਸ ਤਰ੍ਹਾਂ ਕੀਤਾ:
‘ਗੁਰਮੇਲ ਮੈਨੂੰ ਪਹਿਲੀ ਵਾਰ ਲਾਹੌਰ ਬੁਕ ਸ਼ਾਪ ‘ਤੇ ਮਿਲਿਆ। ਇਹ ਮੇਰੇ ਨਾਂ ਤੋਂ ਪਹਿਲਾਂ ਹੀ ਵਾਕਿਫ ਸੀ, ਸ਼ਾਇਦ ਮੈਨੂੰ ਕਿਸੇ ਕਵੀ ਦਰਬਾਰ ਵਿਚ ਸੁਣ ਚੁਕਿਆ ਸੀ। ਮੇਰੀ ਕਵਿਤਾ ਤੋਂ ਬਹੁਤ ਪ੍ਰਭਾਵਤ ਹੋਣ ਕਰ ਕੇ ਇਹ ਮੇਰੇ ਨਾਲ ਬੜੇ ਆਦਰ ਭਾਅ ਨਾਲ ਪੇਸ਼ ਆਇਆ। ਮੈਨੂੰ ‘ਧੀਰ ਸਾਹਿਬ, ਧੀਰ ਸਾਹਿਬ’ ਕਹਿ ਕੇ ਬੁਲਾਵੇ। ਪਹਿਲੀ ਮਿਲਣੀ ਇਸ ਕਰ ਕੇ ਵੀ ਯਾਦ ਹੈ ਕਿਉਂਕਿ ਗੁਰਮੇਲ ਨੇ ਮੈਨੂੰ ਲੁਧਿਆਣਾ ਦੇ ਲਾਹੌਰੀਆਂ ਦੇ ਹੋਟਲ ਤੋਂ ਬਹੁਤ ਹੀ ਲਜ਼ੀਜ਼ ਖਾਣਾ ਖਿਲਾਇਆ ਸੀ, ਐਨਾ ਸੁਆਦ ਖਾਣਾ ਮੈਂ ਸ਼ਾਇਦ ਪਹਿਲੀ ਵਾਰ ਖਾਧਾ ਸੀ। ਖਾਣਾ ਖਾਣ ਤੋਂ ਬਾਅਦ ਮੈਂ ਘਰ ਲਈ ਕੁਝ ਸਾਮਾਨ ਖਰੀਦਣਾ ਸੀ ਤਾਂ ਇਹ ਵੀ ਮੇਰੇ ਨਾਲ ਹੀ ਤੁਰ ਪਿਆ। ਮੈਂ ਸੋਚਿਆ ਕਿ ਇਹ ਮੇਰੇ ਨਾਲ ਕੁਝ ਹੋਰ ਵਕਤ ਬਿਤਾਉਣਾ ਚਾਹੁੰਦਾ ਹੈ। ਜਦ ਮੈਂ ਪਰਚੂਨ ਦੀ ਦੁਕਾਨ ਤੋਂ ਕੁਝ ਖਰੀਦਿਆ ਤਾਂ ਇਹ ਜੇਬ ‘ਚੋਂ ਪੈਸੇ ਕੱਢ ਕੇ ਦੇਣ ਲੱਗਾ। ਮੈਂ ਕਿਹਾ, ਨਹੀਂ-ਨਹੀਂ, ਤੂੰ ਮੈਨੂੰ ਐਨਾ ਲਜ਼ੀਜ਼ ਖਾਣਾ ਖਿਲਾਇਆ, ਤੇਰੇ ਕਾਫੀ ਪੈਸੇ ਖਰਚ ਹੋ ਗਏ, ਤੂੰ ਰਹਿਣ ਦੇ। ਖੈਰ! ਮੈਂ ਇਸ ਨੂੰ ਪੈਸੇ ਨਾ ਦੇਣ ਦਿੱਤੇ। ਜਦ ਮੈਂ ਪੈਸੇ ਦੇਣ ਲੱਗਾ ਤਾਂ ਚੁਆਨੀ ਘਟਦੀ ਸੀ, ਜੇ ਰੁਪੱਈਆ ਤੁੜਾ ਕੇ ਦਿੰਦਾ ਤਾਂ ਵਾਪਸ ਜਾਣ ਦਾ ਕਿਰਾਇਆ ਘਟਦਾ ਸੀ। ਇਸ ਨੇ ਫੇਰ ਕਿਹਾ, ਧੀਰ ਸਾਹਿਬ ਤੁਸੀਂ ਫਿਕਰ ਨਾ ਕਰੋ, ਮੈਂ ਪੈਸੇ ਦੇ ਦਿੰਦਾ ਹਾਂ। ਮੈਨੂੰ ਨਮੋਸ਼ੀ ਜਿਹੀ ਮਹਿਸੂਸ ਹੋਈ ਕਿ ਇਹ ਕੀ ਸੋਚਦਾ ਹੋਵੇਗਾ, ਮੈਂ ਨੰਗ ਹੀ ਹਾਂ ਪਰ ਮਜਬੂਰੀ ਸੀ, ਇਸ ਤੋਂ ਚੁਆਨੀ ਲੈ ਕੇ ਦੁਕਾਨਦਾਰ ਨੂੰ ਦੇ ਦਿਤੀ। ਮੈਂ ਪਿੰਡ ਨੂੰ ਜਾਣ ਲਈ ਗੱਡੀ ਫੜਨੀ ਸੀ ਤਾਂ ਇਹ ਕਹਿਣ ਲੱਗਾ, ਚਲੋ ਮੈਂ ਸਾਈਕਲ ‘ਤੇ ਸਟੇਸ਼ਨ ਤੱਕ ਛੱਡ ਆਉਂਦਾ। ਮੈਂ ਕਿਹਾ, ਕੋਈ ਨਹੀਂ, ਤੂੰ ਹੁਣ ਜਾਹ, ਮੈਂ ਤੁਰ ਕੇ ਚਲਿਆ ਜਾਵਾਂਗਾ। ਇਸ ਦੀ ਜ਼ਿਦ ਕਰਨ ‘ਤੇ ਮੈਂ ਸਾਈਕਲ ‘ਤੇ ਬਹਿ ਗਿਆ। ਸਟੇਸ਼ਨ ਪਹੁੰਚ ਕੇ ਫੇਰ ਕਿਹਾ, ਅਛਾ ਮੈਂ ਟਿਕਟ ਲੈ ਲਵਾਂ, ਤੂੰ ਹੁਣ ਜਾਹ। ਇਹ ਮੱਲੋ-ਮੱਲੀ ਦੋ ਟਿਕਟਾਂ ਲੈ ਆਇਆ, ਤੇ ਕਹਿਣ ਲੱਗਾ, ਮੈਨੂੰ ਕੱਲ੍ਹ ਦੀ ਛੁੱਟੀ ਹੈ, ਮੈਂ ਵੀ ਨਾਲ ਹੀ ਚਲਦਾਂ, ਤੇਰਾ ਪਿੰਡ ਦੇਖ ਆਵਾਂਗਾ। ਜਦ ਇਹ ਮੇਰੇ ਨਾਲ ਗੱਡੀ ‘ਚ ਬਹਿ ਗਿਆ ਤਾਂ ਮਨ ਵਿਚ ਭੈਅ ਜਿਹਾ ਪੈਦਾ ਹੋ ਗਿਆ ਕਿ ਇਹ ਕਿਤੇ ਖਿਸਕਿਆ ਹੋਇਆ ਤਾਂ ਨਹੀਂ, ਲਸੂੜੇ ਦੀ ਗਿਟਕ ਵਾਂਗ ਨਾਲੋਂ ਈ ਨਹੀਂ ਲਹਿੰਦਾ। ਹੁਣ ਮੈਨੂੰ ਇਹਤੋਂ ਕੁਝ ਡਰ ਜਿਹਾ ਵੀ ਲੱਗਣ ਲੱਗ ਪਿਆ। ਖੈਰ! ਅਸੀਂ ਡਡਹੇੜੀ ਪਹੁੰਚ ਗਏ। ਸਾਡੇ ਘਰ ਡੰਗ-ਦੀ-ਡੰਗ ਗੁਜ਼ਾਰਾ ਹੁੰਦਾ ਸੀ, ਮੈਨੂੰ ਨਹੀਂ ਸੀ ਪਤਾ ਕਿ ਘਰ ਵਿਚ ਖਾਣ ਨੂੰ ਕੁਝ ਬਣਿਆ ਹੋਇਆ ਵੀ ਹੈ! ਆਪਣੀ ਬੀਵੀ ਨੂੰ ਹੌਲੀ ਜਿਹੀ ਕਿਹਾ, ਮੇਰੇ ਨਾਲ ਇਕ ਮੇਰਾ ਉਪਾਸ਼ਕ ਮੁੰਡਾ ਵੀ ਆਇਆ ਹੈ, ਕੁਝ ਖਾਣ ਨੂੰ ਹੈ? ਉਹ ਧੀਮੀ ਆਵਾਜ਼ ਵਿਚ ਬੋਲੀ, ਮਸਰਾਂ ਦੀ ਦਾਲ ਬਣਾਉਂਦੀ ਆਂ। ਗੁਰਮੇਲ ਨੇ ਸੁਣ ਲਿਆ ਤੇ ਇਕ ਦਮ ਬੋਲਿਆ, ‘ਮੈਨੂੰ ਮਸਰਾਂ ਦੀ ਦਾਲ ਬਹੁਤ ਪਸੰਦ ਹੈ।’ ਬੀਵੀ ਨੇ ਮਸਰਾਂ ਦੀ ਦਾਲ ਵਗੈਰਾ ਬਣਾ ਕੇ ਜੋ ਰੁੱਖੀ-ਸੁੱਕੀ ਸੀ, ਪਰੋਸ ਦਿੱਤੀ। ਖਾ ਕੇ ਇਹ ਕਹਿਣ ਲੱਗਾ, “ਬਈ ਧੀਰ ਸੁਆਦ ਆ ਗਿਆ, ਤੂੰ ਕਰਮਾਂ ਵਾਲਾਂ, ਤੈਨੂੰ ਹੋਸਟਲ ਦੀ ਰੋਟੀ ਨਹੀਂ ਖਾਣੀ ਪੈਂਦੀ, ਕਦੇ ਸਾਲਾ ਲੂਣ ਘੱਟ ਤੇ ਕਦੇ ਮਿਰਚਾਂ ਵੱਧ।” ਸੁਣ ਕੇ ਮੈਨੂੰ ਧੱਕਾ ਜਿਹਾ ਲੱਗਿਆ ਕਿ ਜਦ ਇਹ ਸਵੇਰੇ ਮਿਲਿਆ ਸੀ ਤਾਂ ਮੈਨੂੰ ‘ਧੀਰ ਸਾਹਿਬ, ਧੀਰ ਸਾਹਿਬ’ ਕਹਿ ਕੇ ਬੁਲਾਉਂਦਾ ਸੀ, ਸ਼ਾਮ ਤੱਕ ‘ਧੀਰ’ ਤੇ ਆ ਗਿਆ ਅਤੇ ਰੋਟੀ ਖਾਣ ਵੇਲੇ ਕੱਲਾ ‘ਤੂੰ’ ਤੱਕ ਪਹੁੰਚ ਗਿਆ। ਦੂਜੇ ਦਿਨ ਜਦ ਮੈਂ ਗੁਰਮੇਲ ਨੂੰ ਮੰਡੀ ਗੋਬਿੰਦਗੜ੍ਹ ਦੇ ਸਟੇਸ਼ਨ ‘ਤੇ ਛੱਡ ਕੇ ਮੁੜ ਰਿਹਾ ਸੀ ਤਾਂ ਇਸ ਦੀ 24 ਘੰਟਿਆਂ ਵਿਚ ‘ਧੀਰ ਸਾਹਿਬ’ ਤੋਂ ‘ਧੀਰ’ ਅਤੇ ਧੀਰ ਤੋਂ ‘ਤੂੰ’ ਤਕ ਪਹੁੰਚਣ ਦੀ ਬੇਬਾਕੀ ਬਾਰੇ ਸੋਚਦਾ ਆਇਆ। ਘਰ ਤਕ ਪਹੁੰਚਦਿਆਂ ਮੈਂ ਥੋੜ੍ਹਾ ਉਦਾਸ ਹੋ ਗਿਆ, ਮਨ ਵਿਚ ਖਿਆਲ ਆਈ ਜਾਵੇ, ‘ਇਕ ਦਿਨ ਹੋਰ ਰਹਿ ਜਾਂਦਾ ਤਾਂ ਬੜਾ ਚੰਗਾ ਹੁੰਦਾ’।’
ਸੰਤੋਖ ਸਿੰਘ ਧੀਰ ਜਦ ਵੀ ਲੁਧਿਆਣੇ ਆਉਂਦਾ ਤਾਂ ਮੇਰੇ ਕੋਲ ਹੀ ਠਹਿਰਦਾ, ਭਾਵੇਂ ਉਸ ਦੇ ਪੁਰਾਣੇ ਮਿੱਤਰ ਅਜਾਇਬ ਚਿਤਰਕਾਰ ਅਤੇ ਹਜ਼ਾਰਾ ਸਿੰਘ, ਇਸੇ ਸ਼ਹਿਰ ਵਿਚ ਰਹਿੰਦੇ ਸਨ। ਇਹ ਦੋਵੇਂ ਜੀਵਨ ਸਿੰਘ ਦੀ ਲਾਹੌਰ ਆਰਟ ਪ੍ਰੈਸ ਵਿਚ ਕੰਮ ਕਰਦੇ ਸਨ। ਜਦ ਉਹ ਆਉਂਦਾ ਤਾਂ ਅਸੀਂ ਉਨ੍ਹਾਂ ਨੂੰ ਮਿਲਣ ਜ਼ਰੂਰ ਜਾਂਦੇ ਜਿਸ ਕਰ ਕੇ ਅਜਾਇਬ ਅਤੇ ਹਜ਼ਾਰਾ ਸਿੰਘ ਨਾਲ ਮੇਰਾ ਮੇਲਜੋਲ ਵੀ ਮਿਤਰਾਨਾ ਹੋ ਗਿਆ ਸੀ। ਲਾਹੌਰ ਆਰਟ ਪ੍ਰੈਸ ‘ਤੇ ਬਹਿ ਕੇ ਅਸੀਂ ਗੱਪਾਂ ਮਾਰਦੇ ਅਤੇ ਹਲਕੀ ਜਿਹੀ ਰੌਂਅ ਵਿਚ ਸਹਿਤਕਾਰਾਂ ਦੀ ਬਣਦੀ-ਜੁੜਦੀ ਸ਼ਲਾਘਾ ਅਤੇ ਚੁਗਲੀ-ਨਿੰਦਾ ਕਰਦੇ। ਉਨ੍ਹਾਂ ਸਾਲਾਂ ਵਿਚ ਧੀਰ ਨਾਲ ਸੰਬੰਧਤ ਕੁਝ ਦਿਲਚਸਪ ਘਟਨਾਵਾਂ ਵਾਪਰੀਆਂ ਜਿਨ੍ਹਾਂ ਦਾ ਮੈਂ ਚਸ਼ਮਦੀਦ ਗਵਾਹ ਹਾਂ।
ਪੰਜ ਗਾਲਾਂ
ਇਕ ਵਾਰ ਹਜ਼ਾਰਾ ਸਿੰਘ ਨੇ ਧੀਰ, ਅਜਾਇਬ ਚਿਤਰਕਾਰ ਤੇ ਮੈਨੂੰ ਸ਼ਾਮ ਦੇ ਖਾਣੇ ‘ਤੇ ਬੁਲਾਇਆ। ਧੀਰ ਮੇਰੇ ਪਾਸ ਕਾਲਜ ਦੇ ਹੋਸਟਲ ਵਿਚ ਠਹਿਰਿਆ ਹੋਇਆ ਸੀ। ਅਸੀਂ ਦੋਵੇਂ ਸਾਈਕਲ ‘ਤੇ ਜਗਰਾਵਾਂ ਵਾਲਾ ਪੁਲ ਪਾਰ ਕਰ ਕੇ ਹਜ਼ਾਰਾ ਸਿੰਘ ਦੇ ਘਰ ਪਹੁੰਚੇ। ਉਸ ਦਾ ਘਰ ਪੁਲ ਤੋਂ ਉਤਰਦਿਆਂ ਸਾਰ ਸੱਜੇ ਪਾਸੇ ਨੂੰ ਮੁੜਦੀ ਭੀੜੀ ਜਿਹੀ ਸੜਕ ‘ਤੇ ਸੀ। ਘਰ ਪਹੁੰਚ ਕੇ ਕੁਰਸੀ ‘ਤੇ ਬਹਿੰਦਿਆਂ ਧੀਰ ਨੇ ਪੱਗ ਲਾਹ ਕੇ ਨਾਲ ਦੇ ਮੇਜ਼ ‘ਤੇ ਰੱਖੀ ਅਤੇ ਘਰਦਿਆਂ ਵਾਂਗ ਸੌਖਾ ਹੋ ਕੇ ਬਹਿ ਗਿਆ। ਐਨੇ ਨੂੰ ਅਜਾਇਬ ਵੀ ਆ ਗਿਆ। ਹਜ਼ਾਰਾ ਸਿੰਘ ਦੇ ਕੁਝ ਰਿਸ਼ਤੇਦਾਰ ਵੀ ਆ ਪਹੁੰਚੇ। ਉਸ ਨੇ ਸਾਰਿਆਂ ਦਾ ਤੁਆਰਫ ਕਰਾਇਆ ਤਾਂ ਸਰਸਰੀ ਜਿਹੀ ਗੱਲਬਾਤ ਸ਼ੁਰੂ ਹੋ ਗਈ। ਉਸ ਮਹੀਨੇ ਧੀਰ ਦੀ ਮਸ਼ਹੂਰ ਨਜ਼ਮ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਛਪੀ ਸੀ। ਇਹ ਨਜ਼ਮ ਧੀਰ ਦੇ ਦਿਲ ‘ਚੋਂ ਨਿਕਲੀ ਹੋਈ ਸੱਚੇ-ਸੁੱਚੇ ਪਿਆਰ ਦੀ ਦਾਸਤਾਂ ਹੈ ਜਿਸ ਨੂੰ ਪ੍ਰਭਾਵਸ਼ਾਲੀ ਅਲੰਕਾਰਕ ਸ਼ਬਦਾਬਲੀ ਵਿਚ ਦਰਸਾਇਆ ਗਿਆ ਹੈ। ਇਕ ਅੱਲ੍ਹੜ ਜਿਹੀ ਕੁੜੀ ਦੀਆਂ ਕੱਚੀਆਂ, ਪਰ ਸੱਚੀਆਂ ਭਾਵਨਾਵਾਂ ਨੂੰ ਬੜੇ ਰੌਚਕ ਢੰਗ ਨਾਲ ਬਿਆਨ ਕੀਤਾ ਗਿਆ ਹੈ। ਕਵਿਤਾ ਵਿਚ ਜਿਸ ਸੜਕ ਦੇ ਟੋਟੇ ਨੂੰ ਅਲੰਕਾਰ ਦੇ ਤੌਰ ‘ਤੇ ਵਰਤਿਆ ਗਿਆ ਹੈ, ਉਹ ਉਸ ਕੁੜੀ ਦੇ ਪਿੰਡ ਨੂੰ ਜਾਂਦੀ ਹੈ। ਇਹ ਪਿਆਰ ਹਕੀਕੀ ਸੀ ਜਾਂ ਮਿਜ਼ਾਜੀ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਪਰ ਨਜ਼ਮ ਵਿਚ ਜਿਸ ਸ਼ਿਦਤ ਨਾਲ ਇਸ ਦਾ ਇਜ਼ਹਾਰ ਹੋਇਆ ਹੈ, ਉਹ ਬਹੁਤ ਦਿਲ ਟੁੰਬਵਾਂ ਹੈ।
ਕਵਿਤਾ ਦੀ ਮੁੱਖ ਪਾਤਰ ਕੁੜੀ ਹੈ ਜਿਸ ਦਾ ਪਿਤਾ ਕਵਿਤਾ ਵਿਚ ਦਿਲਚਸਪੀ ਰੱਖਦਾ ਹੈ ਅਤੇ ਪ੍ਰਗਤੀਵਾਦੀ ਵਿਚਾਰਾਂ ਦਾ ਹੋਣ ਕਰ ਕੇ ਅਕਸਰ ਕਵੀ ਦਰਬਾਰਾਂ ਵਿਚ ਜਾਂਦਾ ਸੀ। ਉਨ੍ਹਾਂ ਦਿਨਾਂ ਵਿਚ ਅਗਾਂਹ-ਵਧੂ ਵਿਚਾਰਧਾਰਾ ਨਾਲ ਸੰਬੰਧਤ ਕਵੀ ਦਰਬਾਰਾਂ ਦਾ ਬੋਲ-ਬਾਲਾ ਸੀ। ਉਹ ਆਪਣੀ ਮੁਟਿਆਰ ਧੀ ਨੂੰ ਵੀ ਨਾਲ ਲੈ ਜਾਂਦਾ ਤਾਂ ਕਿ ਭਵਿਖ ਵਿਚ ਪਿਤਾ ਦੇ ਪੂਰਨਿਆਂ ‘ਤੇ ਚੱਲ ਸਕੇ। ਉਸ ਵੇਲੇ ਕਵੀ ਦਰਬਾਰਾਂ ਵਿਚ ਧੀਰ ਦੀ ਚੜ੍ਹਤ ਸੀ। ਇਕ ਕਵੀ ਦਰਬਾਰ ਦੌਰਾਨ ਪਿਤਾ ਆਪਣੀ ਧੀ ਨੂੰ ਧੀਰ ਨਾਲ ਮਿਲਾਉਂਦਾ ਹੈ। ਕਈ ਵਾਰੀ ਮਿਲਣ-ਜੁਲਣ ਕਰ ਕੇ ਕੁੜੀ ਦੀ ਧੀਰ ਨਾਲ ਸਹਿਜ-ਪ੍ਰੀਤ ਹੋ ਜਾਂਦੀ ਹੈ। ਕੱਚੀ ਜਿਹੀ ਉਮਰੇ ਅਜਿਹੀ ਪ੍ਰੀਤ ਹੋ ਜਾਣੀ ਸੁਭਾਵਕ ਹੈ। ਇਹ ਤਾਂ ਪਤਾ ਨਹੀਂ ਕਿ ਇਹ ਪ੍ਰੀਤ ਕਿੱਥੋਂ ਤੱਕ ਪਹੁੰਚੀ ਪਰ ਧੀਰ ਨੇ ਇਸ ਪ੍ਰੇਮ ਕਾਹਣੀ ਨੂੰ ਆਪਣੇ ਨਾਵਲ ‘ਯਾਦਗਾਰ’ ਵਿਚ ਬੜੀ ਸੂਖਮਤਾ ਨਾਲ ਚਿਤਰਿਆ ਹੈ। ਧੀਰ ਦੇ ਸ਼ਬਦਾਂ ਵਿਚ ‘ਇਹ ਨਾਵਲ ਪਿਆਰ ਦਾ ਨਹੀਂ ਸਗੋਂ ਪ੍ਰੇਮ ਦਾ ਨਾਵਲ ਹੈ। ਭਗਤੀ ਲਹਿਰ ਦੇ ਸੰਤ ਜਿਸ ਪ੍ਰੇਮ ਨੂੰ ਗਾਉਂਦੇ ਰਹੇ ਹਨ, ਇਹ ਉਸ ਪ੍ਰੇਮ ਦਾ ਨਾਵਲ ਹੈ, ਜਿਸ ਪ੍ਰੇਮ ਨੂੰ ਕਰਨ ਨਾਲ ਉਹ ਪ੍ਰਭੂ ਨੂੰ ਪਾਉਂਦੇ ਹੁੰਦੇ ਸਨ’। ਧੀਰ ਦੀ ਨਜ਼ਮ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਇਸ ਨਾਵਲ ਦੀ ਭੂਮਿਕਾ ਕਹੀ ਜਾ ਸਕਦੀ ਹੈ ਜੋ ਉਸ ਨੇ ਆਪਣੀ ਪ੍ਰੇਮਣ ਦੇ ਜਿਉਂਦਿਆਂ ਜੀ ਲਿਖੀ ਸੀ ਪਰ ਇਹ ਨਾਵਲ ਉਸ ਕੁੜੀ ਦੀ ਕੁਵੇਲੇ-ਵੇਲੇ ਹੋਈ ਮੌਤ ਤੋਂ ਬਾਅਦ ਵਿਚ ਲਿਖਿਆ। ਧੀਰ ਇਸ ਕਵਿਤਾ ਨੂੰ ਆਪਣੇ ਜੀਵਨ ਦੀ ਬਿਹਤਰੀਨ ਨਜ਼ਮ ਕਹਿੰਦਾ ਸੀ। ਧੀਰ ਦੀ ਇਸ ਨਜ਼ਮ ਦੇ ਦੋ ਬੰਦ ਸ਼ਰਧਾਂਜਲੀ ਵਜੋਂ ਇਥੇ ਦਰਜ ਕਰਨ ਦਾ ਮਾਣ ਲੈਣਾ ਚਾਹਵਾਂਗਾ:
ਨਿੱਕੀ ਸਲੇਟੀ ਸੜਕ ਦਾ ਟੋਟਾ
ਨਿੱਕੀ ਸਲੇਟੀ ਸੜਕ ਕਿਨਾਰੇ
ਪਿੰਡ ਵਸਦਾ, ਜਿੱਥੇ ਵਸਣ ਪਿਆਰੇ।
ਨਿੱਕੀ ਸਲੇਟੀ ਸੜਕ ਦਾ ਟੋਟਾ
ਓਨਾ ਪਿਆਰਾ, ਜਿੰਨਾ ਛੋਟਾ
ਕੰਨੀਆਂ ਉਤੇ ਬਿਰਛ ਖਲੋਤੇ
ਲੰਮੇ, ਮਧਰੇ, ਛਿਦਰੇ, ਸੰਘਣੇ
ਸੀਹੋਂ, ਕਿੱਕਰ, ਧ੍ਰੇਕ, ਫੁਲਾਹੀਆਂ
ਨਾਲ ਅੰਬਾਂ ਸਿਰ ਜੋੜੇ ਖੜ੍ਹੀਆਂ
ਕਿਤੇ-ਕਿਤੇ ਹਿੱਲਣ ਮਧ-ਮੱਤੇ
ਸਾਗਵਾਨ ਦੇ ਚੌੜੇ ਪੱਤੇ।
ਨਿੱਕੀ ਸਲੇਟੀ ਸੜਕ ਦੇ ਉਤੇ
ਫੇਰ ਤੁਰੇ ਭਾਦੋਂ ਦੀ ਰੁੱਤੇ
ਪਹੁ-ਨਣਦੀ ਨੇ ਛੇੜ-ਛੇੜ ਕੇ
ਸੀ ਭਾਬੋ-ਪ੍ਰਭਾਤ ਜਗਾਈ
ਸਿਰ ‘ਤੇ ਲੈ ਅੰਬਰਸੀਆ ਲੀੜਾ
ਉਠੀ ਸਰਘੀ ਲੈ ਅੰਗੜਾਈ
ਸਿਰ ‘ਤੇ ਰੱਖ ਚਾਨਣ ਦਾ ਭੱਤਾ
ਬੰਨੇ-ਬੰਨੇ ਤੁਰੀ ਸਲੇਟੀ।
ਹਜ਼ਾਰਾ ਸਿੰਘ ਨੇ ਇਸ ਨਜ਼ਮ ਦੀ ਬਹੁਤ ਤਾਰੀਫ ਕੀਤੀ ਅਤੇ ਨਾਲ ਹੀ ਸੁਝਾਅ ਦਿੱਤਾ, “ਧੀਰ ਸਾਹਬ, ਜੇ ‘ਅੰਬਰਸੀਆ ਲੀੜਾ’ ਦੇ ਥਾਂ ‘ਅੰਬਰਸੀਆ ਚੁੰਨੀ’ ਹੁੰਦੀ ਤਾਂ ਚਾਰ ਚੰਦ ਲੱਗ ਜਾਣੇ ਸਨ।” ਧੀਰ ਦੀ ਇਹ ਨਜ਼ਮ ਉਸ ਮਹਿਬੂਬਾ ਬਾਰੇ ਲਿਖਿਆ ਪ੍ਰੇਮ ਗੀਤ ਸੀ ਜਿਸ ਨੂੰ ਉਹ ਜਾਨ ਨਾਲੋਂ ਵੱਧ ਪਿਆਰ ਕਰਦਾ ਸੀ। ਹਜ਼ਾਰਾ ਸਿੰਘ ਦੀ ਟਿਪਣੀ ਸੁਣ ਕੇ ਧੀਰ ਨੂੰ ਗੁੱਸਾ ਚੜ੍ਹ ਗਿਆ ਅਤੇ ਭੜਕ ਕੇ ਬੋਲਿਆ, “ਸਾਲੇ ਪਰੂਫ ਰੀਡਰ, ਤੈਨੂੰ ਕੀ ਪਤਾ ਕਵਿਤਾ ਵਿਚ ਕਿਹੜਾ ਸ਼ਬਦ ਕਿੱਥੇ ਵਰਤਣਾ ਚਾਹੀਦੈ!” ਹਜ਼ਾਰਾ ਸਿੰਘ ਦੀ ਬੀਵੀ, ਬੱਚੇ ਅਤੇ ਕੁਝ ਰਿਸ਼ਤੇਦਾਰ ਵੀ ਬੈਠੇ ਹੋਏ ਸਨ ਜਿਨ੍ਹਾਂ ਦੀ ਹਾਜ਼ਰੀ ਵਿਚ ਧੀਰ ਨੇ ਇਹ ਅਪਮਾਨ ਭਰੇ ਕੌੜ-ਕਸੈਲੇ ਸ਼ਬਦ ਕਹੇ। ਹਜ਼ਾਰਾ ਸਿੰਘ ਨੂੰ ਵੀ ਗੁੱਸਾ ਚੜ੍ਹ ਗਿਆ, ਉਸ ਨੇ ਇਕੋ ਸਾਹੇ ਪੰਜ-ਸੱਤ ਕਰਾਰੀਆਂ-ਕਰਾਰੀਆਂ ਗਾਲਾਂ ਕੱਢੀਆਂ ਜੋ ਇਥੇ ਦੁਹਰਾਈਆਂ ਨਹੀਂ ਜਾ ਸਕਦੀਆਂ। ਗਾਲਾਂ ਸੁਣ ਕੇ ਧੀਰ ਦੇ ਸਿਰ ਤਾਂ ਸੱਤਾਂ ਘੜਿਆਂ ਦਾ ਪਾਣੀ ਪੈਣਾ ਹੀ ਸੀ, ਬਾਕੀਆਂ ਦਾ ਸੁਆਦ ਵੀ ਕਿਰਕਿਰਾ ਹੋ ਗਿਆ। ਧੀਰ ਹੱਕਾ-ਬੱਕਾ ਰਹਿ ਗਿਆ, ਉਸ ਨੇ ਤਨੌੜ ਵੱਟ ਕੇ ਮੇਜ਼ ‘ਤੇ ਪਈ ਪੱਗ ਚੁੱਕ ਕੇ ਸਿਰ ‘ਤੇ ਧਰੀ, ਝੋਲਾ ਉਠਾਇਆ ਅਤੇ ਚੁੱਪ-ਚਾਪ ਪੈਰ ਘਸੇਂਦਾ ਘਰੋਂ ਬਾਹਰ ਨਿਕਲ ਗਿਆ। ਮੈਂ ਅਤੇ ਅਜਾਇਬ ਨੇ ਮਨਾਉਣ ਦੀ ਬਥੇਰੀ ਕੋਸ਼ਿਸ਼ ਕੀਤੀ ਪਰ ਉਹ ਮੂੰਹ ਵੱਟੀ ਨੱਕ ਦੀ ਸੇਧੇ ਤੁਰਿਆ ਗਿਆ। ਧੀਰ ਮੇਰੇ ਨਾਲ ਆਇਆ ਸੀ, ਇਸ ਲਈ ਮੈਨੂੰ ਵੀ ਮਜਬੂਰਨ ਸਾਈਕਲ ਚੁੱਕ ਕੇ ਉਸ ਦੇ ਪਿੱਛੇ-ਪਿੱਛੇ ਤੁਰਨਾ ਪਿਆ। ਉਹ ਅੱਗੇ-ਅੱਗੇ ਤੇ ਮੈਂ ਪਿੱਛੇ-ਪਿਛੇ। ਛੁੱਪ-ਚਾਪ ਤੁਰਦੇ ਗਏ। ਧੀਰ ਮੂੰਹ ਵਿਚ ਬੁੜਬੜਾ ਰਿਹਾ ਸੀ, “ਆ ਹਾਹਾ। ਉਹੋ ਹੋ, ਹੱਦ ਹੋ ਗਈ ਬਈ…।” ਅੱਗੇ ਜਗਰਾਵਾਂ ਵਾਲਾ ਪੁਲ ਸੀ, ਅਸੀਂ ਅੱਗੜ-ਪਿਛੜ ਪੁਲ ‘ਤੇ ਚੜ੍ਹਦੇ ਗਏ। ਜਦ ਪੁਲ ਦੀ ਢਲਾਨ ਆਈ ਤਾਂ ਮੈਂ ਡਰਦੇ ਨੇ ਹੌਲੀ ਜਿਹੀ ਕਿਹਾ ਕਿ ਧੀਰ ਸਾਹਿਬ ਸਾਈਕਲ ‘ਤੇ ਬੈਠੋ। ਉਹ ਬੈਠ ਗਿਆ ਤੇ ਅਸੀਂ ਵਗੈਰ ਕੋਈ ਗੱਲਬਾਤ ਕੀਤਿਆਂ ਮੇਰੇ ਹੋਸਟਲ ਪਹੁੰਚ ਗਏ। ਕਮਰੇ ਵਿਚ ਪਹੁੰਚ ਕੇ ਧੀਰ ਚੁਪ-ਚਾਪ ਮੰਜੇ ‘ਤੇ ਲੇਟ ਗਿਆ। ਮੈਂ ਹੌਲੀ ਜਿਹੀ ਸਲਾਸੀ ਨਾਲ ਪੁੱਛਿਆ, “ਚਾਹ ਜਾਂ ਕਾਫੀ ਮੰਗਾਵਾਂ?” ਉਹ ਨੱਕ ਦੇ ਕੋਕੇ ਵਾਲੀ ਥਾਂ ‘ਤੇ ਕਾਹਲੀ-ਕਾਹਲੀ ਤਣੀ ਹੋਈ ਉਂਗਲ ਮਾਰਦਾ, ਉਧਾਰੇ ਜਿਹੇ ਉਤਰ ਵਾਂਗ ਕਹੇ, “ਰਹਿਣ ਦੇ, ਨਹੀਂ ਰਹਿਣ ਦੇ।” ਖੈਰ! ਮੈਂ ਹੋਸਟਲ ਦੇ ਮੁੰਡੂ ਨੂੰ ਕਿਹਾ ਕਿ ਦੁਕਾਨ ਤੋਂ ਬਰਫੀ ਅਤੇ ਚਾਹ ਲੈ ਆਵੇ। ਜਦ ਚਾਹ ਅਤੇ ਬਰਫੀ ਆ ਗਏ ਤਾਂ ਧੀਰ ਬੋਲਿਆ, “ਚਲੋ ਪੀ ਲੈਂਦੇ ਆਂ, ਵੈਸੇ ਹਜ਼ਾਰਾ ਸਿੰਘ ਨੇ ਅੱਜ ਕਾਫੀ ਚਾਹਟਾ ਛਕਾ ਦਿੱਤਾ।” ਸਹਿਜੇ ਜਿਹੇ ਮੰਜੇ ਤੋਂ ਉਠ ਕੇ ਮਸੋਸਿਆ ਜਿਹਾ ਮੂੰਹ ਬਣਾਈ, ਉਦਾਸ ਜਿਹੀ ਆਵਾਜ਼ ਵਿਚ ਬੋਲਿਆ: “ਬਈ! ਹਜ਼ਾਰਾ ਸਿੰਘ ਤੋਂ ਐਨੀ ਉਮੀਦ ਨਹੀਂ ਸੀ, ਸਾਲੇ ਨੇ ਗਾਲਾਂ ਦੀ ਝੜੀ ਲਾ ਦਿੱਤੀ, ਇਕੋ ਸਾਹੇ ਕਈ ਗਾਲਾਂ ਕੱਢ ਗਿਆ।”
“ਵਾਕਈ ਇਕੋ ਸਾਹੇ ਪੰਜ-ਸੱਤ ਗਾਲਾਂ ਕੱਢ ਦਿੱਤੀਆਂ।” ਮੈਂ ਕਿਹਾ।
“ਅੱਛਾ, ਪੰਜ-ਸੱਤ ਕਿਹੜੀਆਂ ਕਿਹੜੀਆਂ।” ਧੀਰ ਨੇ ਪੁੱਛਿਆ ਤਾਂ ਮੈਂ ਗਾਲਾਂ ਦੁਹਰਾਈਆਂ।
“ਇਹ ਤਾਂ ਪੰਜ ਹੋਈਆਂ।” ਉਂਗਲਾਂ ‘ਤੇ ਗਿਣਦਾ ਧੀਰ ਬੋਲਿਆ।
“ਥੋੜ੍ਹੀਆਂ ਤਾਂ ਮੁੜ ਕੇ ਚੱਲੀਏ ਹਜ਼ਾਰਾ ਸਿਹੁੰ ਕੋਲ।” ਮੈਂ ਉਹਨੂੰ ਚੋਭ ਲਾ ਕੇ ਹਸਾਉਣ ਦੀ ਕੋਸ਼ਿਸ਼ ਕੀਤੀ।
“ਹਜ਼ਾਰਾ ਸਿੰਘ ਤੋਂ ਐਨੀ ਉਮੀਦ ਨਹੀਂ ਸੀ।” ਧੀਰ ਨੇ ਹੈਰਤ ਭਰੀ ਆਵਾਜ਼ ਵਿਚ ਦੁਹਰਾਇਆ।
“ਤੂੰ ਹਜ਼ਾਰਾ ਸਿੰਘ ਦੇ ਘਰਦਿਆਂ ਦੇ ਸਾਹਮਣੇ ਗੱਲ ਹੀ ਏਦਾਂ ਦੀ ਕੀਤੀ ਸੀ, ਗਾਲਾਂ ਤਾਂ ਪੈਣੀਆਂ ਹੀ ਸਨ।” ਮੈਂ ਥੋੜ੍ਹਾ ਕਰੜਾ ਹੋ ਕੇ ਬੋਲਿਆ।
ਦੂਜੇ ਦਿਨ ਹਜ਼ਾਰਾ ਸਿੰਘ ਨੇ ਮੈਨੂੰ ਸੁਨੇਹਾ ਭੇਜਿਆ ਕਿ ਧੀਰ ਨੂੰ ਲਾਹੌਰ ਆਰਟ ਪ੍ਰੈਸ ਲੈ ਕੇ ਆਵਾਂ। ਜਦ ਮੈਂ ਧੀਰ ਨੂੰ ਉਸ ਦਾ ਸੁਨੇਹਾ ਸੁਣਾਇਆ ਤਾਂ ਮਹਾਂ ਦੇ ਆਟੇ ਵਾਂਗ ਆਕੜ ਗਿਆ, “ਮੈਂ ਨਹੀਂ ਮਿਲਣਾ ਕਿਸੇ ਹੜੇ ਹਜ਼ਾਰਾ ਸਿਹੁੰ ਨੂੰ।” ਪਰ ਮੈਂ ਮਨਾ-ਮਨੂ ਕੇ ਧੀਰ ਨੂੰ ਹਜ਼ਾਰਾ ਸਿੰਘ ਕੋਲ ਲੈ ਗਿਆ। ਹਜ਼ਾਰਾ ਸਿੰਘ ਦਫਤਰ ਤੋਂ ਬਾਹਰ ਆ ਕੇ ਧੀਰ ਨੂੰ ਬੜੇ ਤਪਾਕ ਨਾਲ ਮਿਲਿਆ ਅਤੇ ਘੁਟਵੀਂ ਜੱਫੀ ਵਿਚ ਲੈਂਦਿਆਂ ਕਹਿਣ ਲੱਗਾ, “ਯਾਰ ਧੀਰ, ਮਾਫ ਕਰਦੇ ਕੱਲ੍ਹ ਗਲਤੀ ਹੋ ਗਈ, ਘਰ ਸੱਦ ਕੇ ਅਵਾ-ਤਵਾ ਬੋਲ ਗਿਆ।” ਧੀਰ ਮੂੰਹ ਵੱਟੀ ਮੱਛੀ ਵਾਂਗ ਜੱਫੀ ‘ਚੋਂ ਤਿਲਕਣ ਦੀ ਕੋਸ਼ਿਸ਼ ਕਰੇ ਪਰ ਹਜ਼ਾਰਾ ਸਿੰਘ ਅਪਣੱਤ ਨਾਲ ਜੱਫੀ ਹੋਰ ਪੀਡੀ ਕਰੀ ਜਾਵੇ। ਥੋੜ੍ਹੀ ਦੇਰ ਬਾਅਦ ਮੋਕਲਾ ਜਿਹਾ ਹੋ ਕੇ ਧੀਰ ਜੇਤੂ ਜਲੌਅ ਵਿਚ ਬੋਲਿਆ, “ਬਾਹਯਾਤ ਆਦਮੀ, ਇਕੋ ਸਾਹੇ ਤੂੰ ਪੰਜ ਗਾਲਾਂ ਕੱਢੀਆਂ, ਤੈਨੂੰ ਸ਼ਰਮ ਨਾ ਆਈ ਵੱਡੇ ਕਵੀ ਦੀ ਬੇਇਜ਼ਤੀ ਕਰਦਿਆਂ, ਉਹ ਵੀ ਘਰ ਬੁਲਾ ਕੇ।” ਧੀਰ ਹੁਣ ਪੂਰੀ ਚੜ੍ਹਤ ਵਿਚ ਸੀ ਅਤੇ ਰੋਹਬ ਨਾਲ ਬੋਲ ਰਿਹਾ ਸੀ। ਉਸ ਦੇ ਇਸ ਲਹਿਜ਼ੇ ‘ਚੋਂ ਦੋਸਤੀ ਦੀ ਉਹੋ ਪੁਰਾਣੀ ਖੁਸ਼ਬੂ ਆ ਰਹੀ ਸੀ। ਦੋਸਤੀ ਦੀ ਗਹਿਰਾਈ ਦੇ ਇਸ ਜਸ਼ਨ ਨੂੰ ਅਸੀਂ ਬਰਫੀ ਅਤੇ ਚਾਹ ਦੇ ਗੱਫਿਆਂ ਨਾਲ ਮਨਾਇਆ। ਜਦ ਅਸੀਂ ਤੁਰਨ ਲੱਗੇ ਤਾਂ ਅਜਾਇਬ ਨੇ ਕਿਹਾ, “ਧੀਰ, ਜਾਂਦਾ-ਜਾਂਦਾ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਸੁਣਾ ਜਾ।” ਧੀਰ ਨੇ ਹਜ਼ਾਰਾ ਸਿੰਘ ਵਲ ਦੇਖਦਿਆਂ ਕਿਹਾ, “ਹੋਰ ਗਾਲਾਂ ਖਾਣ ਨੂੰ ਹੁਣ ਜੀ ਨਹੀਂ ਕਰਦਾ।”
ਬਾਹਰਲੇ ਨਾਲੋਂ ਅੰਦਰਲਾ ਮੱਛਰ ਘੱਟ ਜ਼ਹਿਰੀਲਾ
ਡਾਕਟਰ ਹਰਿਭਜਨ ਸਿੰਘ ਦੀ ਪਹਿਲੀ ਕਾਵਿ-ਪੁਸਤਕ ‘ਲਾਸਾਂ’ ਛਪਣ ਉਪਰੰਤ ਉਸ ਦੀ ਰਾਤੋ-ਰਾਤ ਗੁੱਡੀ ਚੜ੍ਹ ਗਈ। ਕਵੀ ਦਰਬਾਰਾਂ ਵਿਚ ਉਸ ਦੀ ਪੇਸ਼ਕਾਰੀ ਐਨੀ ਨਾਟਕੀ ਅਤੇ ਰੌਚਕ ਸੀ ਕਿ ਸਰੋਤੇ ਕੀਲੇ ਜਾਂਦੇ ਸਨ। ਸੰਤੋਖ ਸਿੰਘ ਧੀਰ ਉਸ ਨਾਲੋਂ ਬਹੁਤ ਚਿਰ ਪਹਿਲਾਂ ਕਵਿਤਾ ਦੇ ਪਿੜ ਵਿਚ ਧਾਂਕ ਜਮਾਈ ਬੈਠਾ ਸੀ। ਹਰਿਭਜਨ ਦੀ ਚੜ੍ਹਤ ਦੇਖ ਕੇ ਧੀਰ ਉਸ ਤੋਂ ਖਾਰ ਖਾਣ ਲਗ ਪਿਆ।
ਇਕ ਵਾਰ ਗੌਰਮਿੰਟ ਕਾਲਜ, ਲੁਧਿਆਣਾ ਵਿਖੇ ਸਾਲਾਨਾ ਕਵੀ ਦਰਬਾਰ ਲਈ ਧੀਰ ਅਤੇ ਹਰਿਭਜਨ ਦੋਹਾਂ ਨੂੰ ਸੱਦਿਆ ਹੋਇਆ ਸੀ। ਧੀਰ ਤਾਂ ਹਮੇਸ਼ਾ ਵਾਂਗ ਪਹਿਲਾਂ ਹੀ ਮੇਰੇ ਪਾਸ ਠਹਿਰਿਆ ਹੋਇਆ ਸੀ; ਹਰਿਭਜਨ ਨੂੰ ਮੈਂ ਕੁਝ ਦਿਨ ਪਹਿਲਾਂ ਦਿੱਲੀ ਮਿਲ ਕੇ ਆਇਆ ਸੀ ਅਤੇ ਮੇਰੇ ਪਾਸ ਠਹਿਰਨ ਲਈ ਕਹਿ ਆਇਆ ਸੀ। ਉਹ ਦਿੱਲੀ ਤੋਂ ਰਾਤ ਦੀ ਗੱਡੀ ਫੜ ਕੇ ਸਵੇਰੇ ਵੇਲੇ ਸਿਰ ਮੇਰੇ ਪਾਸ ਪਹੁੰਚ ਗਿਆ। ਸ਼ਿਵ ਕੁਮਾਰ ਬਟਾਲਵੀ ਨੂੰ ਜਦ ਪਤਾ ਲੱਗਿਆ ਕਿ ਦੋ ਮਹਾਂ ਕਵੀ ਮੇਰੇ ਘਰ ਠਹਿਰੇ ਹੋਏ ਹਨ ਤਾਂ ਉਹ ਵੀ ਜਗਰਾਵਾਂ ਵਾਲੀ ਬੱਸ ਤੋਂ ਐਗ੍ਰੀਕਲਚਰਲ ਯੂਨੀਵਰਸਿਟੀ ਦੇ ਸਾਹਮਣੇ ਉਤਰ ਕੇ ਮੇਰੇ ਘਰ ਆਣ ਪਹੁੰਚਾ। ਉਸ ਦੇ ਹੱਥ ਵਿਚ ਸ਼ਰਾਬ ਦੀ ਅੱਧੀ ਕੁ ਬੋਤਲ ਸੀ, ਆਉਂਦਿਆਂ ਸਾਰ ਕਹਿਣ ਲੱਗਾ, “ਗੁਰਮੇਲ, ਸ਼ਰਾਬ ਦਾ ਇੰਤਜ਼ਾਮ ਕਰ।” ਮੇਰੇ ਗੁਆਂਢ ਵਿਚ ਵਿਰਕ ਪਰਿਵਾਰ ਰਹਿੰਦਾ ਸੀ ਜੋ ਘਰ ਵਿਚ ਹਮੇਸ਼ਾ ਦੇਸੀ ਸ਼ਰਾਬ ਰੱਖਦਾ ਸੀ। ਉਸ ਤੋਂ ਬੋਤਲ ਫੜ ਲਿਆਂਦੀ। ਕਵੀ ਦਰਬਾਰ ਸ਼ਾਮ ਨੂੰ ਸੀ, ਤੁਰਨ ਤੱਕ ਇਨ੍ਹਾਂ ਤਿੰਨਾਂ ਨੇ ਬੋਤਲ ਖਾਲੀ ਕਰ ਦਿੱਤੀ। ਅਸੀਂ ਸ਼ਾਮ ਨੂੰ ਗੌਰਮਿੰਟ ਕਾਲਜ ਪਹੁੰਚੇ। ਮੈਨੂੰ ਕਵੀ ਦਰਬਾਰ ਵਿਚ ਭਾਗ ਲੈਣ ਲਈ ਨਹੀਂ ਸੀ ਸੱਦਿਆ ਹੋਇਆ। ਇਨ੍ਹਾਂ ਤਿੰਨਾਂ ਨੂੰ ਪ੍ਰਬੰਧਕਾਂ ਦੇ ਹਵਾਲੇ ਕਰ ਕੇ ਮੈਂ ਸਰੋਤਿਆਂ ਵਿਚ ਜਾ ਬੈਠਾ। ਕਵੀ ਦਰਬਾਰ ਵਿਚ ਧੀਰ ਤੇ ਹਰਿਭਜਨ, ਦੋਹਾਂ ਨੇ ਸਰੋਤਿਆਂ ਤੋਂ ਵਾਹ ਵਾਹ ਖੱਟੀ ਪਰ ਸ਼ਿਵ ਬਾਜ਼ੀ ਮਾਰ ਗਿਆ। ਸਮਾਗਮ ਖਤਮ ਹੋਇਆ ਤਾਂ ਸ਼ਿਵ ਨੂੰ ਉਸ ਦੇ ਸ਼ਰਧਾਲੂ ਲੈ ਗਏ ਅਤੇ ਅਸੀਂ ਤਿੰਨਾਂ ਨੇ ਘਰ ਵਲ ਚਾਲੇ ਪਾ ਦਿੱਤੇ। ਰਾਹ ਵਿਚ ਹਰਿਭਜਨ ਨੇ ਧੀਰ ਦੀ ਕਵਿਤਾ ਦੀ ਤਾਰੀਫ ਕੀਤੀ ਪਰ ਧੀਰ ਚੁੱਪ-ਚਾਪ ਮੂੰਹ ਵੱਟੀ ਅੱਗੇ-ਅੱਗੇ ਤੁਰਿਆ ਗਿਆ। ਘਰ ਪਹੁੰਚੇ ਤਾਂ ਸੌਣ ਲਈ ਮੰਜੇ ਬਾਹਰ ਵਿਹੜੇ ਵਿਚ ਡਾਹੇ ਹੋਏ ਸਨ। ਹਰਿਭਜਨ ਕਛਿਹਰੇ ਤੋਂ ਵਗੈਰ ਸਾਰੇ ਕੱਪੜੇ ਉਤਾਰ ਕੇ ਢਿੱਡ ਤੇ ਹੱਥ ਫੇਰਦਾ ਬਾਹਰ ਵਿਹੜੇ ਵਿਚ ਟਹਿਲਣ ਲੱਗ ਪਿਆ। ਬਨੈਣ ਅਤੇ ਕਛਹਿਰਾ ਪਾਈ, ਧੀਰ ਕਮਰੇ ਵਿਚ ਸਰਾਹਣੇ ਨਾਲ ਢੋਹ ਲਾ ਕੇ ਗਲੀਚੇ ‘ਤੇ ਲੰਮਾ ਪੈ ਗਿਆ। ਗਰਮੀ ਦਾ ਮੌਸਮ ਸੀ, ਮੱਛਰ ਭਿਣਭਣਾ ਰਹੇ ਸਨ। ਹਰਿਭਜਨ ਨੇ ਮੈਨੂੰ ਕਿਹਾ ਕਿ ਧੀਰ ਨੂੰ ਆਖ, ਬਾਹਰ ਆ ਜਾਵੇ, ਅੰਦਰ ਮੱਛਰ ਹੋਵੇਗਾ। ਧੀਰ ਨੂੰ ਮੈਂ ਹਰਿਭਜਨ ਦਾ ਸੁਨੇਹਾ ਦੇ ਦਿੱਤਾ ਪਰ ਉਹ ਟੱਸ ਤੋਂ ਮੱਸ ਨਾ ਹੋਇਆ ਅਤੇ ਨਾ ਹੀ ਕੋਈ ਹਾਂ ਜਾਂ ਨਾਂਹ ਵਿਚ ਹੁੰਗਾਰਾ ਭਰਿਆ। ਥੋੜ੍ਹੀ ਦੇਰ ਬਾਅਦ ਹਰਿਭਜਨ ਨੇ ਉਹੀ ਗੱਲ ਦੁਹਰਾਈ ਜੋ ਮੈਂ ਦੂਜੀ ਵਾਰ ਧੀਰ ਨੂੰ ਸੁਣਾ ਦਿੱਤੀ। ਧੀਰ ਉਂਗਲੀ ਖੜ੍ਹੀ ਕਰ ਕੇ ਕਰਾਰੀ ਜਿਹੀ ਆਵਾਜ਼ ਵਿਚ ਬੋਲਿਆ, “ਆਪਣੇ ਡਾਕਟਰ ਨੂੰ ਕਹਿ ਦੇ, ਮੈਂ ਅੰਦਰ ਹੀ ਸੌਂਵਾਂਗਾ, ਬਾਹਰਲੇ ਮੱਛਰ ਨਾਲੋਂ ਅੰਦਰਲਾ ਘੱਟ ਜ਼ਹਿਰੀਲਾ ਹੈ।”
ਦੂਜੇ ਦਿਨ ਸਵੇਰੇ ਮੈਂ ਹਰਿਭਜਨ ਨੂੰ ਸਟੇਸ਼ਨ ਛੱਡ ਕੇ ਜਦ ਵਾਪਸ ਘਰ ਆਇਆ ਤਾਂ ਮੇਰੀ ਮਾਂ ਪਰੌਂਠੇ ਪਕਾ ਰਹੀ ਸੀ ਅਤੇ ਧੀਰ ਮਜ਼ੇ ਨਾਲ ਖਾ ਰਿਹਾ ਸੀ। ਆਉਂਦਿਆਂ ਸਾਰ ਮੈਂ ਕਿਹਾ, “ਮੇਰੀ ਉਡੀਕ ਕਰ ਲੈਣੀ ਸੀ।” ਮੂੰਹ ਬਣਾ ਕੇ ਧੀਰ ਬੋਲਿਆ, “ਜਿਹੜੀ ਕੁੜਿੰਦੀ ਵਿਚ ਮੈਂ ਪਿਛਲੀ ਰਾਤ ਕੱਟੀ ਆ, ਉਹ ਮੈਂ ਹੀ ਜਾਣਦਾਂ। ਮੱਛਰਾਂ ਨੇ ਸਾਰੀ ਰਾਤ ਤੋੜ-ਤੋੜ ਕੇ ਖਾ ਲਿਆ, ਬੋਤਲ ਲਹੂ ਦੀ ਚੂਸ ਗਏ ਹੋਣਗੇ। ਕਮਜ਼ੋਰੀ ਪੂਰੀ ਕਰਨ ਲਈ ਸਵੇਰੇ-ਸਵੇਰੇ ਪਰੌਂਠਿਆਂ ਦੀ ਬੜੀ ਲੋੜ ਸੀ।” ਟਕੋਰ ਲਾਉਂਦਿਆਂ ਮੈਂ ਕਿਹਾ, “ਮੱਛਰਾਂ ਤੋਂ ਬਚਾਉਣ ਲਈ ਹੀ ਹਰਿਭਜਨ ਨੇ ਤੈਨੂੰ ਬਾਹਰ ਸੌਣ ਲਈ ਕਿਹਾ ਸੀ।” ਬਣਾ ਸੁਆਰ ਕੇ ਧੀਰ ਨੇ ਜਵਾਬ ਦਿੱਤਾ, “ਫੇਰ ਤਾਂ ਮੈਂ ਸਵੇਰੇ ਮੂਰਛਿਤ ਹੋਇਆ ਹੀ ਮਿਲਣਾ ਸੀ।”
ਰਾਇਲਟੀ ਦਾ ਰੇੜਕਾ
ਜੀਵਨ ਸਿੰਘ ਨੇ ਧੀਰ ਦੀਆਂ ਕਹਾਣੀਆਂ ਦੀਆਂ ਕਈ ਪੁਸਤਕਾਂ ਜਿਵੇਂ ‘ਸਿੱਟਿਆਂ ਦੀ ਛਾਂ’, ‘ਸਵੇਰ ਹੋਣ ਤਕ’ ਅਤੇ ‘ਸਾਂਝੀ ਕੰਧ’ ਛਾਪੀਆਂ ਹੋਈਆਂ ਸਨ। ਇਨ੍ਹਾਂ ਦੇ ਕਈ ਐਡੀਸ਼ਨਾਂ ਵਿਕ ਚੁਕੇ ਸਨ। ਇਕ ਦਿਨ ਧੀਰ ਮੇਰੇ ਪਾਸ ਆਇਆ ਤਾਂ ਕਹਿਣ ਲੱਗਾ, “ਜੀਵਨ ਸਿੰਘ ਨਾਲ ਤੇਰੀ ਚੰਗੀ ਬਣਦੀ ਹੈ, ਮੇਰੀ ਰਾਇਲਟੀ ਦਾ ਹਿਸਾਬ-ਕਿਤਾਬ ਹੀ ਕਰਾ ਦੇ, ਮੈਨੂੰ ਤਾਂ ਉਹ ਕੋਈ ਲੜ-ਪੱਲਾ ਨਹੀਂ ਫੜਾਉਂਦਾ।” ਜੀਵਨ ਸਿੰਘ ਦਾ ਸੁਭਾਅ ਸੀ ਕਿ ਜਦ ਕੋਈ ਲੇਖਕ ਰਾਇਲਟੀ ਮੰਗਦਾ ਸੀ ਤਾਂ ਉਹ ਗੁੱਸੇ ਵਾਲਾ ਮੂੰਹ ਬਣਾ ਕੇ ਬੋਲਣਾ ਸ਼ੁਰੂ ਕਰ ਦਿੰਦਾ, “ਕਿਤਾਬਾਂ ਦੇ ਵਪਾਰ ਵਿਚ ਕੁਝ ਨਹੀਂ ਰੱਖਿਆ, ਘਾਟਾ ਹੀ ਘਾਟਾ ਹੈ, ਟੱਬਰ ਦੀ ਰੋਟੀ ਵੀ ਨਹੀਂ ਤੁਰਦੀ। ਮੈਂ ਤਾਂ ਇਹ ਧੰਦਾ ਬੰਦ ਕਰ ਦੇਣਾ ਹੈ।” ਜੇ ਕੋਈ ਲੇਖਕ ਸੇਵਾਫਲ ਲਈ ਜਿੱਦ ਕਰਦਾ ਤਾਂ ਸੋਗਵਾਰ ਜਿਹਾ ਮੂੰਹ ਬਣਾ ਕੇ ਕਹਿੰਦਾ, “ਘਰ ਖਾਣ ਨੂੰ ਦਾਣਾ ਨਹੀਂ, ਸਾਰਾ ਟੱਬਰ ਭੁੱਖਾ ਬੈਠਾ, ਤੈਨੂੰ ਰਾਇਲਟੀ ਕਿੱਥੋਂ ਦਈਏ!” ਧੀਰ ਨੂੰ ਮੈਂ ਕਿਹਾ, “ਪਤਾ ਨਹੀਂ ਮੇਰੇ ਕਹਿਣ ‘ਤੇ ਮੰਨੇ ਜਾਂ ਨਾ ਮੰਨੇ, ਲਾਹੌਰ ਬੁੱਕ ਸ਼ਾਪ ‘ਤੇ ਚੱਲ ਕੇ ਦੇਖਦੇ ਹਾਂ।” ਸਕੀਮ ਇਹ ਬਣਾਈ ਕਿ ਧੀਰ ਬਾਹਰ ਖੜ੍ਹਾ ਰਹੇਗਾ ਤੇ ਮੈਂ ਅੰਦਰ ਜਾ ਕੇ ਜੀਵਨ ਸਿੰਘ ਨਾਲ ਗੱਲ ਕਰ ਕੇ ਦੇਖਾਂਗਾ। ਜੇ ਉਸ ਦਾ ਮੂਡ ਠੀਕ ਹੋਇਆ ਤਾਂ ਧੀਰ ਨੂੰ ਅੰਦਰ ਬੁਲਾ ਲਵਾਂਗਾ।
ਅੰਦਰ ਵੜਿਆ ਤਾਂ ਜੀਵਨ ਸਿੰਘ ਨੇ ਮੈਨੂੰ ਦੇਖਦਿਆਂ ਸਾਰ ਕਿਹਾ, “ਗੁਰਮੇਲ ਤੇਰੀ ਕਿਤਾਬ ‘ਪਸ਼ੂ-ਪਾਲਣ ਵਿਗਿਆਨ’ ਸਕੂਲਾਂ ਦੇ ਕੋਰਸ ਲਈ ਮਨਜ਼ੂਰ ਹੋ ਗਈ ਹੈ।” ਜੀਵਨ ਸਿੰਘ ਬਹੁਤ ਖੁਸ਼ ਸੀ ਅਤੇ ਧੀਰ ਦੀ ਰਾਇਲਟੀ ਬਾਰੇ ਗੱਲ ਕਰਨ ਲਈ ਚੰਗਾ ਮੌਕਾ ਸੀ। ਹਲੀਮੀ ਨਾਲ ਜੀਵਨ ਸਿੰਘ ਨੂੰ ਕਿਹਾ, “ਤੁਹਾਡੇ ਨਾਲ ਇਕ ਗੱਲ ਕਰਨੀ ਸੀ, ਧੀਰ ਦੀ ਰਾਇਲਟੀ ਬਾਰੇ। ਉਹ ਸਮਝਦਾ ਹੈ ਕਿ ਮੈਂ ਤੁਹਾਡੇ ਨੇੜੇ ਹਾਂ, ਇਸ ਲਈ ਮੈਨੂੰ ਗੱਲ ਕਰਨ ਲਈ ਕਿਹਾ ਹੈ।” ਜੀਵਨ ਸਿੰਘ ਨੇ ਕਿਤਾਬਾਂ ਦੀ ਘੱਟ ਵਿਕਰੀ ਬਾਰੇ ਫੇਰ ਕਲਿਆਣ ਦੇਣੀ ਸ਼ੁਰੂ ਕਰ ਦਿਤਾ ਪਰ ਧੀਰ ਦਾ ਹਿਸਾਬ ਕਰਨ ਲਈ ਮੰਨ ਗਿਆ। ਆਪਣੇ ਪਿਤਾ ਜੋ ਦੁਕਾਨ ਦਾ ਖਜ਼ਾਨਚੀ ਸੀ, ਨੂੰ ਧੀਰ ਦੀ ਰਾਇਲਟੀ ਦਾ ਲੇਖਾ-ਜੋਖਾ ਕਰਨ ਲਈ ਕਹਿ ਦਿੱਤਾ। ਪਿਤਾ ਜੀ ਕਹਿਣ ਲੱਗੇ, ‘ਥੋੜ੍ਹੀ ਦੇਰ ਬਾਅਦ ਆਉਣਾ, ਜਦ ਤੱਕ ਮੈਂ ਬਹੀ ਖਾਤਾ ਦੇਖਦਾ’। ਮੈਂ ਤੇ ਧੀਰ ਚੌੜੇ ਬਾਜ਼ਾਰ ਵਿਚ ਚੱਕਰ ਲਾ ਕੇ ਘੰਟੇ ਕੁ ਬਾਅਦ ਵਾਪਸ ਆ ਗਏ। ਜੀਵਨ ਸਿੰਘ ਤਾਂ ਜਾ ਚੁਕਿਆ ਸੀ ਪਰ ਉਸ ਦਾ ਪਿਤਾ ਬਹੀ ਖੋਲ੍ਹੀ ਬੈਠਾ ਸੀ। ਉਸ ਨੇ ਧੀਰ ਨੂੰ ਦੇਖਿਦਆਂ ਸਾਰ ਰੁੱਖੇ ਜਿਹੇ ਲਹਿਜ਼ੇ ਵਿਚ ਕਿਹਾ, “ਤੇਰੇ ਵਲ ਇੱਕੀ ਰੁਪਏ ਚਾਰ ਆਨੇ ਨਿਕਲਦੇ ਹਨ।” ਹੈਰਾਨ ਹੁੰਦਿਆਂ ਧੀਰ ਨੇ ਕਿਹਾ, “ਇਹ ਕਿੱਕਣ ਹੋ ਸਕਦਾ ਹੈ? ਤੁਸੀਂ ਲੇਖਕ ਦਾ ਮਿਹਨਤਾਨਾ ਦੇਣ ਦੀ ਬਜਾਏ ਉਸ ਕੋਲੋਂ ਪੈਸੇ ਮੰਗਦੇ ਹੋ, ਚੰਗਾ ਇਨਸਾਫ ਹੈ।” ਪਿਤਾ ਜੀ ਨੇ ਵਹੀ ਖਾਤਾ ਧੀਰ ਨੂੰ ਦਿਖਾਂਦਿਆਂ ਕਿਹਾ, “ਖੁਦ ਦੇਖ ਲਉ, ਤੁਹਾਡੇ ਵਲ ਏਨੇ ਪੈਸੇ ਨਿਕਲਦੇ ਹਨ।” ਜੋੜ ਕਰਨ ‘ਤੇ ਪਤਾ ਲੱਗਾ ਕਿ ਧੀਰ ਨੇ ਵਾਕਈ ਬਣਦੀ ਰਾਇਲਟੀ ਤੋਂ ਵੱਧ ਪੈਸੇ ਲਏ ਹੋਏ ਸਨ। ਹੋਇਆ ਇਉਂ ਕਿ ਜਦ ਕਦੇ ਕੁਝ ਪੈਸਿਆਂ ਦੀ ਲੋੜ ਪੈਂਦੀ ਸੀ ਤਾਂ ਧੀਰ ਗਾਹੇ-ਬਗਾਹੇ ਆਉਂਦਾ ਜਾਂਦਾ, ਦਸ-ਵੀਹ ਰੁਪਏ ਦੁਕਾਨ ਤੋਂ ਫੜ ਲੈਂਦਾ ਸੀ ਅਤੇ ਪਿਤਾ ਜੀ ਉਸੇ ਵੇਲੇ ਰਜਿਸਟਰ ਵਿਚ ਦਸਤਖਤ ਕਰਵਾ ਲੈਂਦੇ ਸਨ। ਵਹੀ-ਖਾਤਾ ਦੇਖ ਕੇ ਧੀਰ ਬਿਨਾ ਕੁਝ ਬੋਲਿਆਂ ਦੁਕਾਨ ਤੋਂ ਬਾਹਰ ਆ ਗਿਆ। ਮੈਂ ਵੀ ਉਸ ਦੇ ਮਗਰ-ਮਗਰ ਨਿਕਲ ਆਇਆ। ਬਾਹਰ ਆ ਕੇ ਕਹਿਣ ਲੱਗਾ, “ਪਿਉ-ਪੁੱਤ ਨੇ ਜ਼ਰੂਰ ਕੋਈ ਠੱਗੀ ਮਾਰੀ ਆ।” ਮੈਂ ਕਿਹਾ, “ਤੂੰ ਪੈਸੇ ਲੈ ਕੇ ਦਸਤਖਤ ਕੀਤੇ ਹੋਏ ਹਨ, ਠੱਗੀ ਕਿੱਦਾਂ ਮਾਰੀ ਹੋਵੇਗੀ?” “ਬਹੁਤਾ ਨਾ ਬੋਲਿਆ ਕਰ, ਤੈਨੂੰ ਨਹੀਂ ਪਤਾ ਇਨ੍ਹਾਂ ਖੁੱਸੀਆਂ ਜਿਹੀਆਂ ਪੱਗਾਂ ਵਾਲੇ ਦਾਹੜੀ-ਪੋਚਾਂ ਦਾ।” ਧੀਰ ਤਣੀ ਹੋਈ ਉਂਗਲ ਨਾਲ ਤਾਅ ਵਿਚ ਬੋਲ ਰਿਹਾ ਸੀ।
ਮੂਲੀਆਂ ਦੀ ਰਾਖੀ
ਚੰਡੀਗੜ੍ਹ ਵਸੇਬਾ ਕਰਨ ਤੋਂ ਪਹਿਲਾਂ ਧੀਰ ਦੀ ਮਾਇਕ ਹਾਲਤ ਹਮੇਸ਼ਾ ਪਤਲੀ ਰਹੀ। ਉਹ ਅਕਸਰ ਤਿੰਨਾਂ ਕੱਪੜਿਆਂ ਵਿਚ ਗੁਜ਼ਾਰਾ ਕਰਦਾ ਸੀ। ਧੀਰ ਦੀ ਤੰਗੀ-ਤੁਰਸ਼ੀ ਦੇਖ ਕੇ ਅਤੇ ਵਚਨਬਧ ਕਾਮਰੇਡ ਹੋਣ ਦੇ ਨਾਤੇ ‘ਨਵਾਂ ਜ਼ਮਾਨਾ’ ਅਖਬਾਰ ਦੇ ਸੰਪਾਦਕ ਜਗਜੀਤ ਸਿੰਘ ਆਨੰਦ ਨੇ ਉਸ ਨੂੰ 60 ਰੁਪਏ ਮਹੀਨੇ ‘ਤੇ ਪਰੂਫ ਰੀਡਿੰਗ ਲਈ ਰੱਖ ਲਿਆ। ਰਹਿਣ ਲਈ ਜਲੰਧਰ ਦੇ ਗਦਰ ਮੈਮੋਰੀਅਲ ਹਾਲ ਵਿਚ ਮੁਫਤ ਕਮਰਾ ਦਿਵਾ ਦਿੱਤਾ। ਕਮਰੇ ਦੇ ਬਾਹਰ ਨਲਕਾ ਲੱਗਾ ਹੋਇਆ ਸੀ ਜਿਸ ਦਾ ਪਾਣੀ ਛੋਟੀ ਜਿਹੀ ਕਿਆਰੀ ਵਿਚ ਪੈਂਦਾ ਸੀ। ਇਸ ਕਿਆਰੀ ਵਿਚ ਬਾਬਾ ਗੁਰਮੁਖ ਸਿੰਘ ਲਲਤੋਂ ਨੇ ਮੂਲੀਆਂ ਬੀਜੀਆਂ ਹੋਈਆਂ ਸਨ। ਨਲਕੇ ਦੇ ਲਾਗੇ ਤਖਤਪੋਸ਼ ਸੀ ਅਤੇ ਬਹਿਣ ਲਈ ਬੈਂਚ ਪਿਆ ਸੀ। ਇਕ ਦਿਨ ਧੀਰ ਬੈਂਚ ‘ਤੇ ਬੈਠਾ ਤਖਤ ਪੋਸ਼ ‘ਤੇ ਰੋਟੀ ਵਾਲਾ ਡੱਬਾ ਰੱਖ ਕੇ ਮੂਲੀਆਂ ਨਾਲ ਰੋਟੀ ਖਾ ਰਿਹਾ ਸੀ। ਮੂਲੀਆਂ ਅਜੇ ਲੈਰੀਆਂ ਸਨ ਤੇ ਪੁੱਟਣ ਯੋਗ ਨਹੀਂ ਸਨ ਹੋਈਆਂ। ਐਨੇ ਨੂੰ ਬਾਬਾ ਜੀ ਉਧਰ ਆ ਨਿਕਲੇ। ਮੂਲੀਆਂ ਵਲ ਦੇਖ ਕੇ ਬੁੜਬੜਾਉਣ ਲੱਗ ਪਏ, “ਅੱਛਾ! ਮੂਲੀਆਂ ਬਾਜ਼ਾਰ ਵਿਚ ਆ ਗਈਆਂ! ਅਜੇ ਮੌਸਮ ਤਾਂ ਨਹੀਂ ਹੋਇਆ, ਅਗੇਤੀਆਂ ਹੀ ਆ ਗਈਆਂ!” ਧੀਰ ਨੂੰ ਪਤਾ ਸੀ ਕਿ ਬਾਬਾ ਜੀ ਉਸ ਨੂੰ ਟਕੋਰ ਲਾ ਰਹੇ ਸਨ। ਉਸ ਨੇ ਬਾਬਾ ਜੀ ਨੂੰ ਮੁਖਾਤਿਬ ਹੁੰਦਿਆਂ ਕਿਹਾ, “ਬਾਬਾ ਜੀ, ਇਹ ਮੂਲੀਆਂ ਮੈਂ ਉਸ ਕਿਆਰੀ ‘ਚੋਂ ਪੁੱਟੀਆਂ, ਨਲਕੇ ਹੇਠਾਂ ਧੋਤੀਆਂ ਤੇ ਲੂਣ ਲਾ ਕੇ ਰੋਟੀ ਨਾਲ ਖਾ ਰਿਹਾਂ। ਮੈਂ ਨਮਕ ਹਰਾਮ ਨਹੀਂ, ਮੂਲੀਆਂ ਗਦਰੀ ਬਾਬਿਆਂ ਦੇ ਹਾਤੇ ਦੀਆਂ ਹਨ ਤੇ ਲੂਣ ਦੀ ਡਲੀ ਮੈਂ ਘਰੋਂ ਲਿਆਂਦੀ ਹੈ।” ਬਾਬਾ ਜੀ ਬਗੈਰ ਕੁਝ ਕਿਹਾਂ ਪਰੇ ਨੂੰ ਚਲੇ ਗਏ। ਧੀਰ ਸੋਚਣ ਲੱਗਾ ਪਿਆ ਕਿ ਇਹ ਬਾਬਾ ਮੁਲਕਾਂ ਦੀ ਰਾਖੀ ਕਰਦਾ-ਕਰਦਾ ਹੁਣ ਮੂਲੀਆਂ ਦੀ ਰਾਖੀ ਕਰਨ ਲੱਗ ਪਿਆ ਹੈ।
ਤੂੰ ਵੀ ਹੁਣ ਵਿਦਵਾਨ ਬਣ ਗਿਆਂ
ਸੰਤੋਖ ਸਿੰਘ ਧੀਰ ਦੀ ਸਭ ਤੋਂ ਮਹੱਤਵਪੂਰਨ ਕਾਵਿ-ਪੁਸਤਕ ‘ਬਿਰਹੜੇ’ ਪਹਿਲੀ ਵਾਰ 1960 ਵਿਚ ਛਪੀ ਸੀ। ਇਹ ਉਸ ਦੀਆਂ ਸਾਰੀਆਂ ਕਾਵਿ-ਪੁਸਤਕਾਂ ਨਾਲੋਂ ਬਿਹਤਰੀਨ ਪੁਸਤਕ ਹੈ। ਇਸ ਦੀਆਂ ਕਵਿਤਾਵਾਂ ਬਣਾਈਆਂ ਹੋਈਆਂ ਨਹੀਂ, ਰਚੀਆਂ ਹੋਈਆਂ ਹਨ। ਇਨ੍ਹਾਂ ਵਿਚ ਕਵੀ ਦਾ ਸੱਚਾ ਅਨੁਭਵ ਅਤੇ ਆਵੇਸ਼ ਦਾ ਅਨੂਠਾ ਸੁਮੇਲ ਝਲਕਦਾ ਹੈ। ਇਸ ਪੁਸਤਕ ਵਿਚ ਪਿਆਰ-ਮੁਹੱਬਤ ਦੀ ਸੁੱਚਮਤਾ ਬਾਰੇ ਦਿਲਕਸ਼ ਕਵਿਤਾਵਾਂ ਅਤੇ ਗੀਤ ਹਨ। ਪ੍ਰਮਾਣ ਲਈ ਕੁਝ ਟੂਕਾਂ ਪੇਸ਼ ਹਨ:
ਨਾ ਇੰਝ ਤਰਕਾਂ ਮਾਰ ਜ਼ਾਲਮਾ
ਬੋਲ ਨਾ ਬੋਲੀਂ ਰੁੱਖੜੇ ਵੇ ਹੋ,
ਦਿਲ ਤਾਂ ਸਾਡਾ ਕੱਚ ਦੀ ਸ਼ੀਸ਼ੀ,
ਹੋ ਜਾਊ ਟੁਕੜੇ-ਟੁਕੜੇ ਵੇ ਹੋ।
ਜਾਂ
ਕਿਤੋਂ ਭਿੰਨੀ ਭਿੰਨੀ ਆਉਂਦੀ ਖੁਸ਼ਬੋ
ਕਿ ਜਦੋਂ ਤੇਰੀ ਗੱਲ ਕਰੀਏ।
ਜਾਂ
ਅੱਜ ਤੇਰਾ ਖਤ ਮਿਲਿਆ
ਪਿਆ ਸੁੱਕਿਆਂ ਅੰਬਾਂ ਨੂੰ ਬੂਰ।
ਅੱਜ ਤੇਰਾ ਖਤ ਮਿਲਿਆ
ਹੋਈ ਸੱਖਣੀ ਜਿੰਦ ਭਰਪੂਰ।
ਧੀਰ ਪ੍ਰਗਤੀਵਾਦੀ ਕਵੀ ਦੇ ਤੌਰ ‘ਤੇ ਮਕਬੂਲ ਸੀ, ਇਸ ਲਈ ਉਸ ਤੋਂ ਕੇਵਲ ਅਗਾਂਹਵਧੂ ਕਵਿਤਾ ਦੀ ਹੀ ਉਮੀਦ ਕੀਤੀ ਜਾਂਦੀ ਸੀ। ਇਨ੍ਹਾਂ ਕਵਿਤਾਵਾਂ ਨੂੰ ਪ੍ਰਗਤੀਵਾਦੀ ਵਿਚਾਰਧਾਰਾ ਤੋਂ ਊਣੀਆਂ ਕਹਿ ਕੇ ਕਰੜੀ ਨੁਕਤਾਚੀਨੀ ਕੀਤੀ ਗਈ; ਖਾਸ ਕਰ ਕੇ ਕਮਿਊਨਿਸਟ ਵਿਚਾਧਾਰਾ ਰੱਖਣ ਵਾਲਿਆਂ ਅਤੇ ਪ੍ਰਗਤੀਵਾਦੀ ਸਾਹਿਤਕ ਆਲੋਚਨਕਾਂ ਨੇ ਧੀਰ ਨੂੰ ਪਿਛਾਂਹ-ਖਿੱਚੂ ਗਰਦਾਨਿਆ। ਇਸ ਪ੍ਰਤੀਕਰਮ ਦਾ ਉਤਰ ਦਿੰਦਿਆਂ ਧੀਰ ਨੇ ਮੁਖਬੰਦ ਵਿਚ ਲਿਖਿਆ, “ਪਿਆਰ, ਬਿਰਹਾ ਜਾਂ ਹੁਸਨ-ਇਸ਼ਕ ਬਾਰੇ ਸਾਡੇ ਵਿਚੋਂ ਬਹੁਤ ਸਾਰਿਆਂ ਦੇ ਵਿਚਾਰ ਉਲਝੇ ਹੋਏ ਹਨ। ਬਾਬਾ ਫਰੀਦ ਅਤੇ ਗੁਰੂ ਨਾਨਕ ਜੇ ਕਦੇ ਪ੍ਰੇਮ ਜਾਂ ਬਿਰਹੋਂ ਵਿਚ ਡੁੱਬ ਕੇ ਬੋਲ ਜਾਣ ਤਾਂ ਉਹ ਉਚ ਕੋਟੀ ਦਾ ਪੂਜਯ, ਜਗਤ-ਜਲੰਦੇ ਨੂੰ ਠਾਰਨ ਵਾਲਾ, ਕਰੁਣਾਮਈ, ਮਹਾਨ ਅਧਿਆਤਮਕ ਕਾਵਿ ਹੋ ਜਾਂਦਾ ਹੈ ਪਰ ਅੱਜ ਜੇ ਕੋਈ ਸਾਡਾ ਸਮਕਾਲੀ ਸਮਾਜਵਾਦੀ ਕਵੀ ਦਸ ਕਵਿਤਾਵਾਂ ਸਮੁੱਚੀ ਜਨਤਾ ਬਾਰੇ ਲਿਖਦਾ-ਲਿਖਦਾ ਇਕ ਕੋਈ ਆਪਣੇ ਕਿਸੇ ਮਹਿਬੂਬ ਨੂੰ ਸੰਬੋਧਨ ਕਰ ਬੈਠੇ ਤਾਂ ਝੱਟ ਉਸ ਦਾ ਇਕ ਕਦਮ ਅੱਗੇ ਵਧਿਆ ਦੋ ਕਦਮ ਪਛਾਂਹ ਮੁੜਿਆ ਦਿਸਣ ਲੱਗ ਪੈਂਦਾ ਹੈ।”
‘ਬਿਰਹੜੇ’ ਦੀ ਮਹੱਤਤਾ ਨੂੰ ਮੁੱਖ ਰਖਿਦਆਂ ਮੈਂ ਅਮਰੀਕਾ ਦੇ ਇਕ ਟਰੱਸਟ ਵਲੋਂ ਇਸ ਦਾ ਦੂਜਾ ਐਡੀਸ਼ਨ ਛਾਪਿਆ। ਧੀਰ ਦੇ ਪੁਰਾਣੇ ਮੁਖਬੰਦ ਦੇ ਨਾਲ ਆਪਣੇ ਵਲੋਂ ਵੀ ਛੋਟਾ ਜਿਹਾ ਮੁੱਖਬੰਦ ਲਿਖਿਆ। ਇਸ ਵਿਚ ਧੀਰ ਦੀਆਂ ਪਿਆਰ-ਮੁਹੱਬਤ ਬਾਰੇ ਭਾਵਨਾਵਾਂ ਦਾ ਪੱਖ ਪੂਰਿਦਿਆਂ ਮੈਂ ਲਿਖਿਆ, “ਗੁਰੂ ਗ੍ਰੰਥ ਸਾਹਿਬ ਵਿਚ ਵੱਖ-ਵੱਖ ਗੁਰੂਆਂ ਅਤੇ ਭਗਤਾਂ ਵਲੋਂ ਬਿਰਹਾ ਦੀ ਸੱਚੀ ਸੁੱਚੀ ਭਾਵਨਾ ਦਾ ਭਰਪੂਰ ਉਲੇਖ ਮਿਲਦਾ ਹੈ। ਗੁਰੂ ਰਾਮਦਾਸ: “ਨਾਨਕ ਜਿਸੁ ਪਿੰਜਰ ਮਹਿ ਬਰਹਾ ਨਹੀਂ ਸੋ ਪਿੰਜਰ ਲੈ ਜਾਇ।” ਗੁਰੂ ਅੰਗਦ ਦੇਵ: “ਹੋਰ ਬਿਰਹਾ ਸੱਭ ਧਾਤ ਹੈ ਜਬ ਲਗੁ ਸਾਹਿਬ ਪ੍ਰੀਤ ਨ ਹੋਇ” ਅਤੇ ਬਾਬਾ ਕਬੀਰ: “ਕਬੀਰ ਬਿਰਹਾ ਭੇਯੰਗਮੁ ਮਨਿ ਬਸੈ ਮੰਤੁ ਨਾ ਮਾਨੈ ਕੋਇ॥ ਰਾਮ ਬਿਓਗੀ ਨ ਜੀਐ ਤ ਬਉਰਾ ਹੋਇ॥” ਬਾਬਾ ਫਰੀਦ: ਬਿਰਹਾ ਬਿਰਹਾ ਆਖੀਐ ਬਿਰਹਾ ਤੂ ਸੁਲਤਾਨੁ॥ਫਰੀਦਾ ਜਿਤੁ ਤਨਿ ਬਿਰਹੁ ਨ ਉਪਜੈ ਸੋ ਤਨੁ ਜਾਣੇ ਮਸਾਨੁ
ਵਿਸ਼ਵ ਸਾਹਿਤ ਵਿਚ ਬਹੁਤ ਸਾਰੇ ਫਿਲਾਸਫਰਾਂ ਅਤੇ ਕਵੀਆਂ ਨੇ ਵੀ ਬਿਰਹਾ ਬਾਰੇ ਧਿਜ ਕੇ ਲਖਿਆ ਹੈ। ਖਲੀਲ ਜਿਬਰਾਨ ਲਖਦਾ ਹੈ, ‘ਮੁਹੱਬਤ ਦੀ ਗਹਿਰਾਈ ਵਿਛੋੜੇ ਦੇ ਦਰਦ ਦੀ ਇੰਤਹਾ ਤੋਂ ਮਿਣੀ ਜਾ ਸਕਦੀ ਹੈ।’ ਅੰਗਰੇਜ਼ੀ ਦੇ ਕਈ ਕਵੀਆਂ ਦੀਆਂ ਮੋਹ-ਵਿਛੋੜੇ ਬਾਰੇ ਟੂਕਾਂ ਉਨ੍ਹਾਂ ਦਾ ਪਛਾਣ-ਚਿੰਨ੍ਹ ਬਣੀਆਂ ਹੋਈਆਂ ਹਨ।
ਠਸਿ ਬeਟਟeਰ ਟੋ ਹਅਵe ਲੋਵeਦ ਅਨਦ ਲੋਸਟ ਟਹਅਨ ਨeਵeਰ ਟੋ ਹਅਵe ਲੋਵeਦ ਅਟ ਅਲਲ। (ਠeਨਨੇਸੋਨ)
ੀਟ ਸਿ ਬeਟਟeਰ ਟੋ ਹਅਵe ਲੋਵeਦ ਅਨਦ ਲੋਸਟ ਟਹਅਨ ਨeਵeਰ ਟੋ ਹਅਵe ਲੋਸਟ ਅਟ ਅਲਲ (ਭੁਟਲeਰ)
ੁਰ ਸੱeeਟeਸਟ ਸੋਨਗਸ ਅਰe ਟਹੋਸe ਟਹਅਟ ਟeਲਲ ਾ ਸਅਦਦeਸਟ ਟਹੁਗਹਟਸ (ੰਹeਲਲਏ)
ਕਮਿਊਨਿਸਟ ਵਿਚਾਰਧਾਰਾ ਦੇ ਪਿਤਾਮਾ ਕਾਰਲ ਮਾਰਕਸ ਦੇ ਵਿਹਾਰਕ ਜੀਵਨ ਵਿਚੋਂ ਵੀ ਪਿਆਰ-ਮੁਹੱਬਤ ਦਾ ਬਿਰਤਾਂਤ ਮਿਲਦਾ ਹੈ। ਉਸ ਨੇ ਜਵਾਨੀ ਦੇ ਦਿਨਾਂ ਵਿਚ ਜੈਨੀ ਨਾਮੀ ਕੁੜੀ ਨਾਲ ਮੁਹੱਬਤ ਕੀਤੀ ਸੀ ਜੋ ਅੰਤ ਨੂੰ ਉਸ ਦੀ ਪਤਨੀ ਬਣੀ। ਮਾਰਕਸ ਨੇ ਜੈਨੀ ਦੇ ਪਿਆਰ ਵਿਚ ਕਈ ਕਵਿਤਾਵਾਂ ਲਖੀਆਂ ਜੋ ‘ਭੋਕ ਾ .ੋਵe’ ਅਤੇ ‘ਭੋਕ ਾ ੰੋਨਗਸ’ ਵਿਚ ਦਰਜ ਹਨ। ਇਹ ਪੁਸਤਕਾਂ ਜੈਨੀ ਨੂੰ ਸਮਰਪਤ ਹਨ: ਠੋ ਮੇ ਦeਅਰ, eਵeਰ ਬeਲੋਵeਦ ਝeਨਨੇ, ੱeਸਟਪਹਅਲeਨ।
ਇਨ੍ਹਾਂ ਕਵਿਤਾਵਾਂ ਵਿਚੋਂ ਪਿਆਰ-ਮੁਹੱਬਤ ਬਾਰੇ ਇਕ-ਦੋ ਟੂਕਾਂ ਹੇਠ ਦਿੱਤੀਆਂ ਜਾਂਦੀਆਂ ਹਨ:
ੱਹeਨ ੁਰ ਨਅਮe’ਸ eਅਚਹ ਸੇਲਲਅਬਲe ਮੁਸਟ ਚੋਨਾeਸਸ,
ੱਹeਨ ੁ ਲeਨਦ eਅਚਹ ਨੋਟe ਮeਲੋਦੁਸ
।।। ।।। ।।।
‘ਠਸਿ ਬeਚਅੁਸe ਸੋ ਸੱeeਟ ਟਹe ਦeਅਰ ਨਅਮe ਸੁਨਦਸ
Aਨਦ ਟਿਸ ਚਅਦeਨਚe ਸਅੇਸ ਸੋ ਮੁਚਹ ਟੋ ਮe
Aਨਦ ਸੋ ੁਲਲ, ਸੋ ਸੋਨੋਰੁਸ ਟਿ ਰeਸੁਨਦਸ।
ਸੰਤੋਖ ਸਿੰਘ ਧੀਰ ਨੇ ਵੀ ‘ਬਿਰਹੜੇ’ ਆਪਣੀ ਮਹਿਬੂਬਾ ਦੇ ਪਿੰਡ ਨੂੰ ਜਾਂਦੀ ਸੜਕ ‘ਨਿੱਕੀ ਸਲੇਟੀ ਸੜਕ ਦਾ ਟੋਟਾ’ ਨੂੰ ਸਮਰਪਤ ਕੀਤੀ ਹੈ। ਮਾਰਕਸ ਨੂੰ ਆਪਣੇ ਮਹਿਬੂਬ ਦਾ ਨਾਂ ਲੈਂਦਿਆ ਉਸ ਦੇ ਨਾਂ ਦੇ ਹਰ ਅੱਖਰ ਤੋਂ ਸਰੋਦੀ ਧੁਨਾਂ ਸੁਣਾਈ ਦਿੰਦੀਆਂ ਹਨ ਅਤੇ ਧੀਰ ਨੂੰ ਮਹਿਬੂਬ ਬਾਰੇ ਗੱਲ ਕਰਦਿਆਂ ਭਿੰਨੀ ਭਿੰਨੀ ਖੁਸ਼ਬੋ ਆਉਂਦੀ ਹੈ।
ਧੀਰ ਦੀ ਅਖੀਰਲੀ ਪੁਸਤਕ ‘ਕੋਧਰੇ ਦਾ ਮਹਾਂਗੀਤ’ ਦਾ ਖਰੜਾ ਮੇਰੇ ਪਾਸ ਆਇਆ। ਮੈਨੂੰ ਇਸ ਦਾ ਮੁਖਬੰਧ ਲਿਖਣ ਲਈ ਕਿਹਾ ਗਿਆ ਸੀ। ਮੈਂ ਫੋਨ ‘ਤੇ ਧੀਰ ਨੂੰ ਕਿਹਾ: “ਹੁਣ ਚੇਲੇ ਗੁਰੂਆਂ ਦਾ ਮੁਖਬੰਧ ਲਿਖਿਆ ਕਰਨਗੇ!” ਹੱਸਦਿਆਂ ਹੋਇਆਂ ਪੁਰਾਣੇ ਲਹਿਜ਼ੇ ਵਿਚ ਕਹਿਣ ਲਗਾ, “ਹੁਣ ਚੇਲੇ ਗੁਰੂਆਂ ਨੂੰ ਛੜਪ ਗਏ ਹਨ, ਤੂੰ ਹੁਣ ਚੇਲਾ ਨਹੀਂ ਰਿਹਾ, ਗੁਰੂ ਬਣ ਗਿਆਂ, ਗੁਰੂ+ਮੇਲ।” ਸਹਿਜੇ ਕੀਤੇ ਧੀਰ ਨੂੰ ਕੋਈ ਲਿਖਤ ਪਸੰਦ ਨਹੀਂ ਸੀ ਆਉਂਦੀ, ਮੈਂ ਬੜੀ ਮਿਹਨਤ ਨਾਲ ਮੁੱਖਬੰਧ ਲਿਖ ਕੇ ਭੇਜਿਆ। ਕੁਝ ਦਿਨਾਂ ਬਾਅਦ ਫੋਨ ‘ਤੇ ਪੁੱਛਿਆ, “ਮੁਖਬੰਧ ਪਸੰਦ ਵੀ ਆਇਆ?” ਧੀਰ ਖੁਸ਼ੀ ਵਿਚ ਕਹਿਣ ਲੱਗਾ, “ਵੀਹ ਬੰਦਿਆਂ ਤੋਂ ਪੜ੍ਹਾਇਆ, ਸਾਰੇ ਵਾਹ-ਵਾਹ ਕਹਿ ਰਹੇ ਹਨ, ਤੂੰ ਹੁਣ ਵਿਦਵਾਨ ਬਣ ਗਿਆ ਏਂ, ਮੂਰਖਾ।” ਸੁਣ ਕੇ ਮੈਨੂੰ ਉਹੋ ਪਹਿਲਾਂ ਵਰਗੀ ਅਪਣੱਤ ਦਾ ਅਹਿਸਾਸ ਹੋਇਆ। ‘ਕੋਧਰੇ ਦਾ ਮਹਾਂਗੀਤ’ ਧੀਰ ਸਾਹਿਬ ਦੀ ਅਖੀਰਲੀ ਕਾਵਿ-ਪੁਸਤਕ ਹੈ। ਜੀਵਨ-ਪੰਧ ਦੀ ਅਖੀਰਲੀ ਰਚਨਾ ਨੂੰ ਦੇਖ ਕੇ ਸੰਤੋਖ ਸਿੰਘ ਧੀਰ ਫਾਨੀ ਦੁਨੀਆ ਤੋਂ ਰੁਖਸਤ ਹੋ ਗਆ।