ਫਾਸ਼ੀਵਾਦ ਨੂੰ ਲਲਕਾਰਦਾ ਇਟਲੀ ਦਾ ਸਿਨੇਮਾ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਟਲੀ ਦੇ ਸਰਕਰਦਾ ਫਿਲਮਸਾਜ਼ ਵਿਤੋਰੀਓ ਦਿ ਸੀਕਾ ਦੀ ਫਿਲਮ ‘ਅੰਬਰੈਟੋ-ਡੀ’ ਦੇ ਨਾਲ-ਨਾਲ ਕੁਝ ਹੋਰ ਫਿਲਮਸਾਜ਼ਾਂ ਦੇ ਹਵਾਲੇ ਨਾਲ ਇਟਲੀ ਦੇ ਨਵ-ਯਥਾਰਥਵਾਦੀ ਸਿਨੇਮਾ ਬਾਰੇ ਚਰਚਾ ਕੀਤੀ ਗਈ ਹੈ। ਇਨ੍ਹਾਂ ਫਿਲਮਾਂ ਵਿਚ ਫਾਸ਼ੀਵਾਦ ਨੂੰ ਲਲਕਾਰ ਸਾਫ ਸੁਣਾਈ ਦਿੰਦੀ ਹੈ।

-ਸੰਪਾਦਕ

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਟਲੀ ਦੇ ਸਰਕਰਦਾ ਫਿਲਮਸਾਜ਼ ਵਿਤੋਰੀਓ ਦਿ ਸੀਕਾ ਦੀ ਫਿਲਮ ‘ਅੰਬਰੈਟੋ-ਡੀ’ ਦੇ ਨਾਲ-ਨਾਲ ਕੁਝ ਹੋਰ ਫਿਲਮਸਾਜ਼ਾਂ ਦੇ ਹਵਾਲੇ ਨਾਲ ਇਟਲੀ ਦੇ ਨਵ-ਯਥਾਰਥਵਾਦੀ ਸਿਨੇਮਾ ਬਾਰੇ ਚਰਚਾ ਕੀਤੀ ਗਈ ਹੈ। ਇਨ੍ਹਾਂ ਫਿਲਮਾਂ ਵਿਚ ਫਾਸ਼ੀਵਾਦ ਨੂੰ ਲਲਕਾਰ ਸਾਫ ਸੁਣਾਈ ਦਿੰਦੀ ਹੈ। -ਸੰਪਾਦਕ
ਦੂਜੀ ਸੰਸਾਰ ਜੰਗ ਦੇ ਖਾਤਮੇ ਅਤੇ ਮੁਸੋਲਿਨੀ ਦੀ ਤਾਨਾਸ਼ਾਹੀ ਦੇ ਢਹਿ-ਢੇਰੀ ਹੋਣ ਤੋਂ ਬਾਅਦ ਇਟਲੀ ਵਿਚ ਬਣੀਆਂ ਫਿਲਮਾਂ ਨੂੰ ਇਟਾਲੀਅਨ ਨਵ-ਯਥਾਰਥਵਾਦੀ ਸਿਨੇਮਾ ਦੇ ਲਕਬ ਹੇਠ ਸੂਤਰਬੱਧ ਕੀਤਾ ਜਾਂਦਾ ਹੈ। ਇਨ੍ਹਾਂ ਫਿਲਮਾਂ ਵਿਚੋਂ ਰੋਸੇਲੀਨੀ ਦੀ ਫਿਲਮ ‘ਰੋਮ, ਓਪਨ ਸਿਟੀ’ ਤੇ ‘ਪੈਸਾ’, ਵਿਤੋਰੀਓ ਦਿ ਸੀਕਾ ਦੀਆਂ ਫਿਲਮਾਂ ‘ਸ਼ੂ-ਸ਼ਾਈਨ’, ‘ਦਿ ਬਾਈ-ਸਾਈਕਲ ਥੀਵਜ਼’, ਲੁਕੀਨੋ ਵਿਸਕੌਂਤੀ ਦੀ ਫਿਲਮ ‘ਦਿ ਅਰਥ ਵਿਲ ਟਰੈਂਬਲ’ ਆਦਿ ਮੁੱਖ ਹਨ। ਇਨ੍ਹਾਂ ਫਿਲਮਾਂ ਬਾਰੇ ਦੋ ਟਿੱਪਣੀਆਂ ਬੇਹੱਦ ਅਹਿਮ ਹਨ: ਪਹਿਲੀ, ਇਹ ਫਿਲਮਾਂ ਸਾਧਾਰਨ ਲੋਕਾਂ ਦੇ ਸੰਘਰਸ਼ਾਂ ਦੀਆਂ ਅਚੰਭਿਤ ਕਰ ਦੇਣ ਵਾਲੀਆਂ ਕਹਾਣੀਆਂ ‘ਤੇ ਆਧਾਰਿਤ ਹਨ ਅਤੇ ‘ਕਲਾ ਲੋਕਾਂ ਦੁਆਰਾ, ਲੋਕਾਂ ਲਈ’ ਦੇ ਵਿਚਾਰ ਦੀ ਪੈਰਵੀ ਕਰਦੀਆਂ ਹਨ। ਇਨ੍ਹਾਂ ਫਿਲਮਾਂ ਨੇ ਤਾਨਾਸ਼ਾਹੀ ਅਤੇ ਜੰਗ ਦੇ ਭੰਨੇ ਦੱਬੇ-ਕੁਚਲੇ ਲੋਕਾਂ ਦੀਆਂ ਦਰਦਨਾਕ ਕਹਾਣੀਆਂ ਨੂੰ ਇੰਨੇ ਕਲਾਤਮਿਕ ਅਤੇ ਸੁਹਜਾਤਮਿਕ ਢੰਗ ਨਾਲ ਕੈਮਰੇ ਰਾਹੀਂ ਚਿਤਰਿਆ ਕਿ ਹੁਣ ਤੱਕ ਇਨ੍ਹਾਂ ਦੁਆਰਾ ਘੜੀ ਅਤੇ ਪਰਵਾਨ ਚੜ੍ਹੀ ‘ਸਿਨੇਮਾ ਵਿਚ ਨਵ-ਯਥਾਰਥਵਾਦ’ ਦੀ ਲੀਹ ਦੁਨੀਆ ਭਰ ਦੇ ਫਿਲਮਸਾਜ਼ਾਂ ਲਈ ਰਾਹ-ਦਸੇਰਾ ਬਣੀ ਹੋਈ ਹੈ।
ਇਨ੍ਹਾਂ ਫਿਲਮਾਂ ਵਿਚ ਜਿੱਥੇ ਜੰਗ ਦੀ ਕਸ਼ਮਕਸ਼ ਅਤੇ ਬਰਬਾਦੀ ‘ਚ ਫਸੇ ਲੋਕਾਂ ਦੀਆਂ ਕਹਾਣੀਆਂ ਸਨ, ਇਨ੍ਹਾਂ ‘ਚ ਜਿੱਥੇ ਫਾਸ਼ੀਵਾਦ ਖਿਲਾਫ ਲਹੂ-ਹੂਲਵਾਂ ਵਿਰੋਧ ਹੈ, ਉਥੇ ਗਰੀਬੀ ਤੇ ਬੇਰੁਜ਼ਗਾਰੀ ਦੀ ਘੁੰਮਣਘੇਰੀ ਵਿਚ ਫਸੀਆਂ ਜਿੰਦਾਂ ਦਾ ਵਿਰਲਾਪ ਵੀ ਹੈ। ਇਨ੍ਹਾਂ ਫਿਲਮਾਂ ਦੀ ਸਿਨੇਮਾ ਦੇ ਇਤਿਹਾਸ ਵਿਚ ਇਸ ਲਈ ਵੀ ਮਹੱਤਤਾ ਹੈ ਕਿ ਇਨ੍ਹਾਂ ਨੇ ਹਾਲੀਵੁੱਡ ਦੁਆਰਾ ਤੈਅ ਫਾਰਮੂਲਿਆਂ ਅਤੇ ਫਿਲਮਾਂ ਬਣਾਉਣ ਦੇ ਢੰਗ-ਤਰੀਕਿਆਂ ਨੂੰ ਹੀ ਰੱਦ ਨਹੀਂ ਕੀਤਾ ਸਗੋਂ ਇਹ ਫਿਲਮਾਂ ਬਿਲਕੁਲ ਸਾਧਾਰਨ ਲੋਕਾਂ ਨਾਲ ਸਾਧਾਰਨ ਥਾਵਾਂ ‘ਤੇ ਦਸਤਾਵੇਜ਼ੀ ਫਿਲਮਾਂ ਦੇ ਅੰਦਾਜ਼ ਵਿਚ ਬਣਾਈਆਂ ਗਈਆਂ। ਇਨ੍ਹਾਂ ਫਿਲਮਾਂ ਰਾਹੀਂ ਜਿੱਥੇ ਸਮਾਜ ਦੇ ਜੀਵੰਤ ਅਤੇ ਚਲੰਤ ਮੁੱਦਿਆਂ ‘ਤੇ ਸਿਆਸੀ/ਆਲੋਚਨਾਤਮਿਕ ਤੌਰ ‘ਤੇ ਤਿੱਖੀਆਂ ਟਿੱਪਣੀਆਂ ਕੀਤੀਆਂ ਗਈਆਂ, ਉਥੇ ਮਾਨਵੀ ਸਰੋਕਾਰਾਂ ਤੇ ਦੁਨਿਆਵੀ ਤਕਲੀਫਾਂ ਨੂੰ ਵੀ ਜ਼ਬਾਨ ਦਿੱਤੀ। ਇਨ੍ਹਾਂ ਫਿਲਮਾਂ ਰਾਹੀ ਅਜਿਹੀ ਸਿਨੇਮਈ ਭਾਸ਼ਾ ਦੀ ਰਚਨਾ ਕੀਤੀ ਗਈ ਜਿਸ ਵਿਚ ਹਰ ਤਰ੍ਹਾਂ ਦੀਆਂ ਸਮਾਜਕ ਤਰਾਸਦੀਆਂ ਅਤੇ ਸਿਆਸੀ ਮੁੱਦਿਆਂ ਨੂੰ ਸਮਝਿਆ ਤੇ ਸਮਝਾਇਆ ਜਾ ਸਕਦਾ ਸੀ।
ਇਨ੍ਹਾਂ ਫਿਲਮਾਂ ਨਾਲ ਜੁੜਿਆ ਇਕ ਤੱਥ ਇਹ ਵੀ ਹੈ ਕਿ ਇਨ੍ਹਾਂ ਫਿਲਮਾਂ ਨੇ ਆਪਣੇ ਸਿਰਜਣਹਾਰਿਆਂ ਨੂੰ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਬੇਹੱਦ ਮਕਬੂਲੀਅਤ ਜ਼ਰੂਰ ਦਿਵਾਈ ਪਰ ਇਟਲੀ ਅੰਦਰ ਬਾਕਸ-ਆਫਿਸ ‘ਤੇ ਇਨ੍ਹਾਂ ਵਿਚੋਂ ਜ਼ਿਆਦਾਤਰ ਅਸਫਲ ਹੀ ਰਹੀਆਂ। ਅਜਿਹਾ ਵਰਤਾਰਾ ਉਦੋਂ-ਉਦੋਂ ਵਾਪਰਿਆ ਹੈ, ਜਦੋਂ-ਜਦੋਂ ਸੰਸਾਰ ਭਰ ਵਿਚ ਸਿਨੇਮਾ ਨੂੰ ਕਲਾ ਮਾਧਿਅਮ ਦੇ ਤੌਰ ‘ਤੇ ਵਰਤਣ ਦੇ ਯਤਨ ਹੋਏ ਹਨ। ਅਕਾਦਮਿਕ ਹਲਕਿਆਂ ਤੋਂ ਲੈ ਕੇ ਫਿਲਮ ਆਲੋਚਕਾਂ ਨੇ ਇਸ ਦਾ ਕਾਰਨ ਲੱਭਣ ਦੀ ਕੋਸ਼ਿਸ਼ਾਂ ਕੀਤੀਆਂ ਹਨ ਜਿਨ੍ਹਾਂ ਵਿਚੋਂ ਕਈ ਦਿਲਚਸਪ ਤੱਥ ਨਿਕਲ ਕੇ ਸਾਹਮਣੇ ਆਏ ਹਨ।
ਸਭ ਤੋਂ ਪਹਿਲਾ ਤੇ ਜ਼ਰੂਰੀ ਨੁਕਤਾ ਇਹ ਹੈ ਕਿ ਇਨ੍ਹਾਂ ਫਿਲਮਾਂ ਦੀ ਪਟਕਥਾ, ਕਹਾਣੀ ਤੇ ਸਕਰੀਨ-ਪਲੇਅ ਭਾਵੇਂ ਯਥਾਰਥਕ ਤੇ ਕਲਾਤਮਿਕ ਪੱਖ ਤੋਂ ਬੇਹੱਦ ਪ੍ਰਭਾਵੀ ਤੇ ਅਸਲੀਅਤ ਦੇ ਨਜ਼ਦੀਕ ਹੁੰਦੇ ਹਨ, ਆਮ ਲੋਕ ਫਿਰ ਵੀ ਇਨ੍ਹਾਂ ਫਿਲਮਾਂ ਨੂੰ ਹੁੰਗਾਰਾ ਨਹੀਂ ਭਰਦੇ। ਉਨ੍ਹਾਂ ਨੂੰ ਸ਼ਾਇਦ ਇਸ ਸੰਭਾਵਨਾ ਤੋਂ ਡਰ ਲੱਗਦਾ ਹੈ ਕਿ ਉਹ ਸੱਚ ਦਾ ਇੰਨਾ ਕਰੂਰ ਅਤੇ ਨੰਗਾ ਰੂਪ ਬਰਦਾਸ਼ਤ ਹੀ ਨਹੀਂ ਕਰ ਸਕਦੇ। ਉਨ੍ਹਾਂ ਦੀ ਸਭਿਆਚਾਰਕ ਸਮਝ ਅਤੇ ਜ਼ਿੰਦਗੀ ਦੀ ਕਠੋਰਤਾ ਨਾਲ ਵਾਰ-ਵਾਰ ਟਕਰਾਉਣ ਦਾ ਤਜਰਬਾ ਉਨ੍ਹਾਂ ਨੂੰ ਇਨ੍ਹਾਂ ਫਿਲਮਾਂ ਨਾਲ ਅੱਖ ਮਿਲਾਉਣ ਤੋਂ ਡਰਾਉਂਦਾ ਹੈ। ਆਖਿਰ ਕੋਈ ਇਕੋ ਜ਼ਲਾਲਤ ਵਿਚੋਂ ਦੋ ਵਾਰ ਕਿਉਂ ਗੁਜ਼ਰੇ? ਜਿਸ ਗਲਾਜ਼ਤ, ਗਰੀਬੀ ਅਤੇ ਬੇਵਸੀ ਨੂੰ ਉਹ ਦੰਦਾਂ ਥੱਲੇ ਜੀਭ ਦੇ ਕੇ ਭੋਗ ਰਹੇ ਹਨ, ਉਸ ਨੂੰ ਦੇਖਣ ਲਈ ਉਹ ਪੈਸੇ ਕਿਉਂ ਖਰਚਣ? ਜੀਣ ਦੇ ਜਿਹੜੇ ਸਦਮਿਆਂ ਤੇ ਜ਼ਖਮਾਂ ਨੂੰ ਉਨ੍ਹਾਂ ਨੇ ਦੁਨੀਆਦਾਰੀ ਦੀਆਂ ਇੰਨੀਆਂ ਝੂਠੀਆਂ ਪਰਤਾਂ ਹੇਠ ਦਫਨ ਕੀਤਾ ਹੁੰਦਾ ਹੈ, ਉਨ੍ਹਾਂ ਨੂੰ ਕੋਈ ਫਿਲਮਸਾਜ਼ ਜਾਂ ਕਲਾਕਾਰ ਕਿਉਂ ਇੰਨੀ ਬੇਦਰਦੀ ਨਾਲ ਉਚੇੜ ਦੇਵੇ?
ਦੂਜੇ ਪਾਸੇ ਇਨ੍ਹਾਂ ਫਿਲਮਾਂ ਦੇ ਸਿਰਜਕਾਂ ਦਾ ਮੰਨਣਾ ਸੀ ਕਿ ਸੱਚ ਤੋਂ ਕੀ ਡਰਨਾ? ਉਨ੍ਹਾਂ ਨੇ ਆਪਣੇ ਸੀਮਤ ਸਾਧਨਾਂ, ਉਧਾਰ ਲਏ ਕੈਮਰਿਆਂ ਅਤੇ ਐਡੀਟਿੰਗ ਯੰਤਰਾਂ ਨਾਲ ਆਮ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ ਕੀਤੀ ਕਿ ਮਾੜੀ ਵਿਵਸਥਾ ਦੇ ਪੱਕ ਚੁੱਕੇ ਫੋੜੇ ਨੂੰ ਚੀਰਾ ਦੇਣਾ ਤੇ ਫਿਰ ਫਿਹ ਕੇ ਦਵਾਈ ਨਾਲ ਭਰਨਾ ਜ਼ਰੂਰੀ ਹੈ ਤਾਂ ਜੋ ਨਵੀਂ ਦੁਨੀਆ ਦੀ ਨੀਂਹ ਧਰੀ ਜਾ ਸਕੇ। ਇਸ ਲਈ ਉਨ੍ਹਾਂ ਨੇ ਇਨ੍ਹਾਂ ਫਿਲਮਾਂ ਦੇ ਸ਼ੀਸੇ ਵਿਚੋਂ ਲੋਕਾਂ ਨੂੰ ਆਪਣੇ ਮੁਲਕ ਦਾ ਮੂੰਹ ਦੇਖਣ ਦੀ ਵਾਰ-ਵਾਰ ਬੇਨਤੀ ਕੀਤੀ। ਦੂਜੇ ਪਾਸੇ ਸਰਕਾਰੀ ਅਧਿਕਾਰੀਆਂ ਅਤੇ ਲਾਲ-ਫੀਤਾਸ਼ਾਹੀ ਨੇ ਇਨ੍ਹਾਂ ਫਿਲਮਾਂ ਅਤੇ ਇੱਦਾਂ ਦੀ ਹਰ ਕਲਾ ਜਿਹੜੀ ਲੋਕਾਂ ਦੇ ਦੁੱਖਾਂ-ਦਰਦਾਂ ‘ਤੇ ਮੱਲ੍ਹਮ ਰੱਖਦੀ ਹੋਵੇ, ਉਸ ਨੂੰ ਮਣਾਂ-ਮੂੰਹੀ ਨਫਰਤ ਕੀਤੀ ਹੈ। ਸਿਨੇਮਾ ਤੇ ਕਿਤਾਬਾਂ ਸੋਚਣ-ਸਮਝਣ ਵਾਲੇ ਸਮਾਜਾਂ ਦੀ ਸੰਵੇਦਨਸ਼ੀਲਤਾ ਅਤੇ ਖੁੱਦਾਰੀ ਨੂੰ ਘੜਨ ਵਾਲੇ ਮੁੱਖ ਕਾਰਕ ਹਨ। ਕੀ ਹੁੰਦਾ ਹੈ ਜਦੋਂ ਕੋਈ ਸਮਾਜ ਇਨ੍ਹਾਂ ਦੋਵਾਂ ਵਲ ਪਿੱਠ ਕਰ ਕੇ ਖੜਾ੍ਹ ਹੋ ਜਾਵੇ?
ਵਿਤੋਰੀਓ ਦਿ ਸੀਕਾ ਦੀ ਫਿਲਮ ‘ਅੰਬਰੈਟੋ-ਡੀ’ ਦੀ ਇਸ ਪੱਖੋਂ ਮੁਲਕ ਦੇ ਉਚੇ ਤਬਕਿਆਂ ਨੇ ਆਲੋਚਨਾ ਕੀਤੀ ਕਿ ਇਸ ਫਿਲਮ ਨਾਲ ਇਟਲੀ ਦੇ ਅਕਸ ਨੂੰ ਢਾਹ ਲਗਾਉਣ ਦੀ ਕੋਸ਼ਿਸ ਕੀਤੀ ਗਈ ਹੈ। ਇੱਥੋਂ ਤੱਕ ਕਿ ਕੈਥੋਲਿਕ ਚਰਚ ਨੇ ਵੀ ਇਸ ਫਿਲਮ ਨੂੰ ਇਸ ਲਈ ਨਕਾਰ ਦਿੱਤਾ ਕਿ ਇਹ ਫਿਲਮ ਇਟਲੀ ਦੇ ਸਮਾਜ ਦੇ ਅੰਦੂਰਨੀ ਕਲੇਸ਼ਾਂ ਨੂੰ ਜੱਗ-ਜ਼ਾਹਿਰ ਕਰਦੀ ਹੈ ਅਤੇ ਰੋਮ ਦੀ ਪੁਰਾਤਨ ਤੇ ਮਹਾਨ ਸਭਿਅਤਾ ਤੇ ਸਵਾਲ ਖੜ੍ਹੇ ਕਰਦੀ ਹੈ। ਇਕ ਬਜ਼ੁਰਗ ਅਤੇ ਉਸ ਦੇ ਕੁੱਤੇ ਦੀ ਕਹਾਣੀ ‘ਤੇ ਆਧਾਰਿਤ ਇਸ ਫਿਲਮ ਨੇ ਜਿਸ ਤਰੀਕੇ ਨਾਲ ਇਨਸਾਨੀ ਜ਼ਿੰਦਗੀ ਦੀ ਕੀਮਤ ਅਤੇ ਰਿਸ਼ਤਿਆਂ ਦੀ ਨਿਰਾਰਥਕਤਾ ਨੂੰ ਫਿਲਮਾਇਆ ਹੈ, ਉਸ ਕਾਰਨ ਇਹ ਫਿਲਮ ਸੰਸਾਰ ਸਿਨੇਮਾ ਵਿਚ ਆਪਣਾ ਵੱਖਰਾ ਮੁਕਾਮ ਰੱਖਦੀ ਹੈ।