ਵਸਦੀਆਂ ਉਜੜਦੀਆਂ ਬਸਤੀਆਂ ਦੀ ਗਾਥਾ ‘ਮਿਰਾਕਲ ਇਨ ਮਿਲਾਨ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ, ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਇਟਲੀ ਦੇ ਉਘੇ ਫਿਲਮਸਾਜ਼ ਵਿਤੋਰੀਓ ਦਿ ਸੀਕਾ ਦੀ ਫਿਲਮ ‘ਮਿਰਾਕਲ ਇਨ ਮਿਲਾਨ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਥੁੜ੍ਹਾਂ ਮਾਰੇ ਜਿਊੜਿਆਂ ਦੀ ਜ਼ਿੰਦਗੀ ਦੀਆਂ ਬਾਤਾਂ ਪਾਈਆਂ ਗਈਆਂ ਹਨ।

-ਸੰਪਾਦਕ
ਡਾæ ਕੁਲਦੀਪ ਕੌਰ
ਫੋਨ: +91-98554-04330
ਦੁਨੀਆ ਭਰ ਵਿਚ ਕੋਈ ਸ਼ਹਿਰ ਅਜਿਹਾ ਨਜ਼ਰ ਨਹੀਂ ਆਉਂਦਾ ਜਿੱਥੇ ਗੰਦੀਆਂ ਬਸਤੀਆਂ ਅਤੇ ਉਨ੍ਹਾਂ ਵਿਚ ਕੀੜੇ-ਮਕੌੜਿਆਂ ਵਾਂਗ ਜੂਨ ਭੁਗਤ ਰਹੇ ਔੜਾਂ-ਥੁੜ੍ਹਾਂ ਮਾਰੇ ਗਰੀਬ ਨਾ ਮਿਲਦੇ ਹੋਣ। ਆਖਰ ਇਹ ਕਿਹੋ ਜਿਹੀ ਤਰਾਸਦੀ ਹੈ ਕਿ ਇਨ੍ਹਾਂ ਬਸਤੀਆਂ ਵਿਚ ਵੱਸ ਰਹੇ ਬਹੁਤੇ ਲੋਕਾਂ ਨੂੰ ਇਹ ਵੀ ਸਮਝ ਵਿਚ ਨਹੀਂ ਆਉਂਦਾ ਕਿ ਉਨ੍ਹਾਂ ਦੀ ਇਸ ਗੁਰਬਤ ਅਤੇ ਜ਼ਲਾਲਤ ਦੀ ਇਬਾਰਤ ਲਿਖਦਾ ਕੌਣ ਹੈ?
ਬਹਰਹਾਲ, ਇਹ ਜਾਣਨਾ ਹੋਰ ਵੀ ਭਿਅੰਕਰ ਹੈ ਕਿ ਜੇ ਇਹ ਚਮਤਕਾਰ ਹੋ ਵੀ ਜਾਵੇ ਕਿ ਰਾਤੋ-ਰਾਤ ਕਿਸੇ ਗੰਦੀ ਬਸਤੀ ਦੀ ਕਾਇਆ-ਕਲਪ ਹੋ ਜਾਵੇ ਅਤੇ ਸਾਰੇ ਗਰੀਬਾਂ ਨੂੰ ਉਨ੍ਹਾਂ ਦੀਆਂ ਮਨਪਸੰਦ ਚੀਜ਼ਾਂ, ਖਾਹਿਸ਼ਾਂ ਅਤੇ ਸੁਫਨੇ ਪੂਰੇ ਕਰਨ ਦਾ ਮੌਕਾ ਮਿਲ ਜਾਵੇ ਤਾਂ ਫਿਲਮ Ḕਮਿਰਾਕਲ ਇਨ ਮਿਲਾਨ’ (ਮਿਲਾਨ ਵਿਚ ਚਮਤਕਾਰ) ਵਾਂਗ ਹਕੀਕਤ ਇਹ ਵੀ ਹੋ ਸਕਦੀ ਹੈ ਕਿ ਉਹ ਲੋਕ ਆਪਣੀ ਬੰਦ-ਖਲਾਸੀ ਕਰਾਉਣ ਦੀ ਥਾਂ ਉਮੀਦਾਂ ਅਤੇ ਸੁਫਨਿਆਂ ਦੇ ਨਾਮ Ḕਤੇ ਅਜਿਹੇ ਕੂੜ-ਕਬਾੜ ਅਤੇ ਸੱਭਿਆਚਾਰਕ ਉਤਪਾਦਾਂ ਦੀ ਚੋਣ ਕਰਨ ਜਿਨ੍ਹਾਂ ਬਾਰੇ ਉਨ੍ਹਾਂ ਨੂੰ ਵਹਿਮ ਹੁੰਦਾ ਹੈ ਕਿ ਉਹ Ḕਅਮੀਰ’ ਹੋਣ ਦੀ ਨਿਸ਼ਾਨੀ ਹਨ। ਇੱਥੋਂ ਤੱਕ ਕਿ ਉਹ ਆਪਣੀ ਗੱਲਬਾਤ ਅਤੇ ਵਰਤੋਂ-ਵਿਹਾਰ ਵਿਚ ਵੀ ਅਮੀਰਾਂ ਦੀ ਨਕਲ ਕਰਨ ਦੀ ਕੋਸ਼ਿਸ ਕਰਨ ਲੱਗ ਪੈਂਦੇ ਹਨ ਜਿਸ ਦੇ ਵਜ਼ਨ ਥੱਲੇ ਉਨ੍ਹਾਂ ਦੇ ਸੋਚਣ-ਸਮਝਣ ਦਾ ਢੰਗ ਅਤੇ ਜ਼ਿੰਦਗੀ ਦੀ ਸੂਝ-ਬੂਝ ਵੀ ਦਬ ਕੇ ਰਹਿ ਜਾਂਦੀ ਹੈ।
ਅਜਿਹੀਆਂ ਬਹੁਤ ਸਾਰੀਆਂ ਕਹਾਣੀਆਂ ਅਤੇ ਫਿਲਮਾਂ ਮੌਜੂਦ ਹਨ ਜਿਨ੍ਹਾਂ ਵਿਚ ਇਸ ਗੱਲ ਦੀ ਵਿਆਖਿਆ ਕੀਤੀ ਗਈ ਹੈ ਕਿ ਮੌਕਾ ਆਉਣ Ḕਤੇ ਸਮੂਹਿਕ ਏਕੇ ਅਤੇ ਸਾਂਝੀ ਸਿਆਸੀ ਕਲਪਨਾ ਦੀ ਅਣਹੋਂਦ ਵਿਚ, ਸੰਘਰਸ਼ਾਂ ਵਿਚ ਸਫਲ ਹੋਣ ਅਤੇ ਜਬਰ ਕਰਨ ਵਾਲੇ ਨੂੰ ਖਦੇੜਨ ਦੇ ਬਾਵਜੂਦ ਪੂਰੀ ਲੋਕ-ਸਮਰੱਥਾ ਆਪਾ-ਧਾਪੀ ਜਾਂ ਆਪਸੀ ਖਾਨਾਜੰਗੀ ਦਾ ਸ਼ਿਕਾਰ ਹੋ ਜਾਂਦੀ ਹੈ। ਅਜਿਹੇ ਹਾਲਾਤ ਵਿਚ ਜਾਬਰ ਦਾ ਵਾਪਸ ਪਰਤ ਆਉਣਾ ਜਾਂ ਉਸ ਪੂਰੇ ਸਮੂਹ ਜਾਂ ਗਰੁੱਪ ਦਾ ਹੀ ਜਾਬਰ ਵਾਲਾ ਰਵੱਈਆ ਅਖਤਿਆਰ ਕਰ ਲੈਣਾ ਕੋਈ ਅਣਹੋਣੀ ਗੱਲ ਨਹੀਂ।
ਇਸ ਫਿਲਮ ਵਿਚ ਵਿਤੋਰੀਓ ਦਿ ਸੀਕਾ ਆਪਣੇ ਫਿਲਮਾਂ ਬਣਾਉਣ ਦੇ ਅੰਦਾਜ਼ ਤੋਂ ਅਲੱਗ ਜਾ ਕੇ ਪਰੀ-ਕਥਾ ਦੇ ਰੂਪ ਵਿਚ ਫਿਲਮ ਬਣਾਉਂਦੇ ਹਨ ਜਿਸ ਵਿਚ ਫਿਲਮ ਦੇ ਹੀਰੋ ਨੂੰ ਉਸ ਦੀ ਮਰੀ ਹੋਈ ਦਾਦੀ ਅਜਿਹੀ ਬਤਖ ਤੋਹਫੇ ਵਜੋਂ ਦਿੰਦੀ ਹੈ ਜਿਹੜੀ ਹੀਰੋ ਦੇ ਹੱਥਾਂ ਵਿਚ ਆਉਣ Ḕਤੇ ਕਿਸੇ ਦੀ ਕੋਈ ਵੀ ਇੱਛਾ ਪੂਰੀ ਕਰ ਸਕਦੀ ਹੈ। ਇਸ ਫਿਲਮ ਦਾ ਹੀਰੋ ਟੀਟੋ ਅਨਾਥ ਬੱਚਾ ਹੈ ਜਿਹੜਾ ਆਪਣੀ ਦਾਦੀ ਦੀ ਮੌਤ ਤੋਂ ਬਾਅਦ ਅਨਾਥ ਆਸ਼ਰਮ ਵਿਚ ਰਹਿੰਦਾ ਹੈ। ਹੁਣ ਉਹ ਬਾਲਗ ਹੋ ਚੁੱਕਿਆ ਹੈ ਜਿਸ ਕਾਰਨ ਉਸ ਨੂੰ ਸ਼ਹਿਰ ਦੇ ਪ੍ਰਸ਼ਾਸਨ ਦੀ ਇਹ ਚਿਤਾਵਨੀ ਮਿਲਦੀ ਹੈ ਕਿ ਉਹ ਹੁਣ ਆਪਣਾ ਕਮਾਵੇ ਤੇ ਖਾਵੇ। ਟੀਟੋ ਹੁਣ ਤੱਕ ਅਨਾਥ ਆਸ਼ਰਮ ਦੀ ਘੱਟ ਸਹੂਲਤਾਂ ਵਾਲੀ ਪਰ ਮਨੁੱਖੀ ਨਿੱਘ ਅਤੇ ਦੋਸਤੀਆਂ ਨਾਲ ਭਰੀ ਦੁਨੀਆ ਵਿਚ ਰਹਿ ਰਿਹਾ ਹੈ। ਜਦੋਂ ਉਹ ਬਾਹਰ ਦੀ ਦੁਨੀਆ ਦੇਖਦਾ ਹੈ ਤਾਂ ਉਸ ਨੂੰ ਹਕੀਕਤ ਦਾ ਅੰਦਾਜ਼ਾ ਹੋ ਜਾਂਦਾ ਹੈ ਅਤੇ ਇਹ ਵੀ ਸਮਝ ਆ ਜਾਂਦਾ ਹੈ ਕਿ ਬਾਹਰ ਦੀ ਦੁਨੀਆ ਕਿੰਨੇ ਝੂਠਾਂ ਤੇ ਫਰੇਬਾਂ ਨਾਲ ਭਰੀ ਹੋਈ ਹੈ।
ਟੀਟੋ ਦਾ ਵਾਹ ਅਜਿਹੇ ਲੋਕਾਂ ਨਾਲ ਪੈਣਾ ਸ਼ੁਰੂ ਹੋ ਜਾਂਦਾ ਹੈ ਜਿਹੜੇ ਜ਼ਿੰਦਗੀ ਤੋਂ ਰੁੱਸੇ ਹੋਏ ਹਨ ਅਤੇ ਮੁਸਕਰਾਣਾ ਭੁੱਲ ਚੁੱਕੇ ਹਨ। ਉਸ ਦੀ ਪਹਿਲੀ ਮੁਲਾਕਾਤ ਅਜਿਹੇ ਸ਼ਖਸ ਨਾਲ ਹੁੰਦੀ ਹੈ ਜਿਹੜਾ ਉਸ ਦਾ ਸਮਾਨ ਵਾਲਾ ਬੈਗ ਚੋਰੀ ਕਰ ਲੈਂਦਾ ਹੈ ਅਤੇ ਉਸ ਦੁਆਰਾ ਫੜੇ ਜਾਣ Ḕਤੇ ਸ਼ਰਮਿੰਦਾ ਹੋ ਕੇ ਰੋਣ ਲੱਗ ਪੈਂਦਾ ਹੈ। ਉਸ ਨੂੰ ਇਸ ਗੱਲ ਦੀ ਬੇਹੱਦ ਨਾਮੋਸ਼ੀ ਹੈ ਕਿ ਉਸ ਨੇ ਇੱਕ ਚੰਗੇ ਨੌਜਵਾਨ ਦਾ ਆਖਰੀ ਸਮਾਨ ਵੀ ਚੋਰੀ ਕਰਨ ਦੀ ਕੋਸ਼ਿਸ ਕੀਤੀ ਹੈ। ਟੀਟੋ ਉਸ ਦੀ ਗਿਲਾਨੀ ਦੇਖ ਕੇ ਪ੍ਰੇਸ਼ਾਨ ਹੋ ਉਠਦਾ ਹੈ ਅਤੇ ਕਿਤੇ ਵੀ ਰਾਤ ਗੁਜ਼ਾਰਨ ਦਾ ਟਿਕਾਣਾ ਨਾ ਹੋਣ ਕਾਰਨ ਉਸ ਚੋਰ ਦੇ ਨਾਲ ਹੀ ਉਸ ਦੇ ਘਰ ਚਲਾ ਜਾਂਦਾ ਹੈ।
ਜਿਥੇ ਟੀਟੋ ਆਪਣੇ ਇਸ ਸਾਥੀ ਨਾਲ ਪੁੱਜਦਾ ਹੈ, ਉਸ ਥਾਂ ਨੂੰ ਪੂਰੀ ਤਰ੍ਹਾਂ ਘਰ ਵੀ ਨਹੀਂ ਕਿਹਾ ਜਾ ਸਕਦਾ; ਇਹ ਤਾਂ ਸਿਰਫ ਟੀਨ ਦੇ ਡੱਬਿਆਂ ਨੂੰ ਆਪਸ ਵਿਚ ਜੋੜ ਕੇ ਜੁਗਾੜ ਜਿਹਾ ਖੜ੍ਹਾ ਕੀਤਾ ਹੋਇਆ ਹੈ ਜਿਹੜਾ ਕਿਸੇ ਵੀ ਪਲ ਢਹਿ ਸਕਦਾ ਹੈ। ਟੀਟੋ ਲਈ ਇਹ ਥਾਂ ਓਪਰੀ ਹੈ। ਇਸ ਦੇ ਬਾਵਜੂਦ ਉਹ ਇਥੇ ਹੀ ਟਿਕਣ ਦਾ ਇਰਾਦਾ ਕਰ ਲੈਂਦਾ ਹੈ। ਇਨ੍ਹਾਂ ਦਿਨਾਂ ਵਿਚ ਸਾਰੀ ਬਸਤੀ ਬਰਫ ਨਾਲ ਢਕੀ ਹੋਈ ਹੈ ਅਤੇ ਹਰ ਆਉਂਦਾ-ਜਾਂਦਾ ਸਾਹ ਵੀ ਜੰਮ ਰਿਹਾ ਹੈ। ਬਸਤੀ ਦੇ ਬਹੁਤੇ ਲੋਕ ਬੇਰੁਜ਼ਗਾਰ ਹਨ ਅਤੇ ਸਾਰਾ ਦਿਨ ਗਲੀਆਂ ਦੀ ਧੂੜ ਫੱਕਦੇ ਹਨ। ਉਨ੍ਹਾਂ ਵਿਚੋਂ ਕੁਝ ਲੋਕ ਜੁਰਮਾਂ ਦੀ ਦੁਨੀਆ ਵਿਚ ਵੀ ਗਲਤਾਨ ਹਨ ਪਰ ਉਨ੍ਹਾਂ ਨੂੰ ਬਸਤੀ ਦੇ ਬਜ਼ੁਰਗਾਂ ਤੋਂ ਸ਼ਰਮ ਵੀ ਮਹਿਸੂਸ ਹੁੰਦੀ ਹੈ। ਬਹੁਤੇ ਲੋਕਾਂ ਦੀ ਰੋਜ਼ੀ-ਰੋਟੀ ਦਾ ਜ਼ਰੀਆ ਭੀਖ ਮੰਗਣਾ ਹੈ। ਬਸਤੀ ਵਿਚ ਸੂਰਜ ਦੀ ਧੁੱਪ ਨਿਆਮਤ ਵਾਂਗ ਹੀ ਹੈ।
ਸ਼ੁਰੂ ਦੇ ਦਿਨਾਂ ਵਿਚ ਟੀਟੋ ਦੇਖਦਾ ਹੈ ਕਿ ਕਿਵੇਂ ਲੋਕ ਸੂਰਜ ਦੀ ਉਮੀਦ ਵਿਚ ਟਿਕਟਿਕੀ ਲਾ ਅਸਮਾਨ ਵਲ ਤੱਕਦੇ ਰਹਿੰਦੇ ਹਨ ਅਤੇ ਆਪਣੇ ਸਾਰੇ ਕੰਮਾਂ-ਕਾਰਾਂ ਦੀ ਵਿਆਖਿਆਂ ਤੇ ਤਰਤੀਬ ਸੂਰਜ ਦੇ ਰਹਿਮੋ-ਕਰਮ ਨਾਲ ਤੈਅ ਕਰਦੇ ਹਨ। ਉਸ ਨੂੰ ਉਨ੍ਹਾਂ ਦੀ ਜ਼ਿੰਦਗੀ ਨਾਲ ਲਗਾਓ ਹੋ ਜਾਂਦਾ ਹੈ ਅਤੇ ਉਹ ਉਨ੍ਹਾਂ ਨੂੰ ਵਿਹਲੇ ਸਮੇਂ ਵਿਚ ਘਰਾਂ ਦੀ ਮੁਰੰਮਤ ਕਰਨ ਅਤੇ ਟੁੱਟੇ ਕਬਾੜ ਵਿਚੋਂ ਵਰਤੋਂ ਯੋਗ ਚੀਜ਼ਾਂ ਦੀ ਸਾਂਭ-ਸੰਭਾਲ ਕਰਨ ਅਤੇ ਆਪਸ ਵਿਚ ਸਹਿਯੋਗ ਕਰਨ ਲਈ ਮਨਾ ਲੈਂਦਾ ਹੈ। ਇਨ੍ਹਾਂ ਲੋਕਾਂ ਵਿਚ ਹਰ ਤਰ੍ਹਾਂ ਦੇ ਲੋਕ ਸ਼ਾਮਿਲ ਹਨ। ਇੱਕ ਬੁਜ਼ਰਗ ਜਿਸ ਨੇ ਜ਼ਿੰਦਗੀ ਵਿਚ ਕਦੇ ਮੁਰਗਾ ਨਹੀਂ ਚੱਖਿਆ, ਤੇ ਉਸ ਨੂੰ ਡਰ ਹੈ ਕਿ ਜੇ ਉਸ ਨੇ ਕਿਸੇ ਦਿਨ ਪੂਰਾ ਮੁਰਗਾ ਖਾ ਲਿਆ ਤਾਂ ਉਸ ਦੀ ਮੌਤ ਹੋ ਜਾਣੀ ਹੈ! ਸਾਰਾ ਦਿਨ ਬੁੜ-ਬੁੜ ਕਰਨ ਵਾਲੀ ਇਕ ਬੁੱਢੀ ਹੈ ਜਿਸ ਕੋਲ ਕੁਝ ਕੁਰਸੀਆਂ ਹਨ; ਉਸ ਦੀ ਝੌਪੜੀ ਤੋਂ ਸੂਰਜ ਕਿਉਂਕਿ ਸਿੱਧਾ ਅਤੇ ਸਭ ਤੋਂ ਪਹਿਲਾ ਦਿਸਦਾ ਹੈ, ਉਹ ਲੋਕਾਂ ਤੋਂ ਕੁਰਸੀਆਂ Ḕਤੇ ਬੈਠ ਕੇ ਸੂਰਜ ਦਿਖਾਉਣ ਦੀ ਫੀਸ ਵਸੂਲਦੀ ਹੈ। ਇੱਦਾਂ ਹੀ ਬਸਤੀ ਦੇ ਬਹੁਤੇ ਲੋਕ ਪੈਸੇ ਦੀ ਅਣਹੋਂਦ ਨਾਲ ਘੁਲਦੇ ਹੋਏ ਆਪਣਾ-ਆਪ ਗੁਆ ਰਹੇ ਹਨ। ਉਨ੍ਹਾਂ ਦਿਨਾਂ ਵਿਚ ਹੀ ਬੇਹੱਦ ਚਲਾਕ ਤੇ ਮੁਨਾਫਾਖੋਰ ਪੂੰਜੀਪਤੀ ਦੀ ਨਿਗਾਹ ਇਸ ਬਸਤੀ Ḕਤੇ ਪੈਂਦੀ ਹੈ। ਉਹ ਬਸਤੀ ਵਾਲਿਆਂ ਦੀ ਸਮਰੱਥਾ ਜੋਖਣ ਅਤੇ ਉਨ੍ਹਾਂ ਨੂੰ ਲਾਲਚ ਦੇਣ ਦੇ ਇਰਾਦੇ ਨਾਲ ਦੋਸਤੀ ਗੰਢ ਲੈਂਦਾ ਹੈ। ਬਸਤੀ ਦੇ ਮੁਹਤਬਰ ਲੋਕ ਉਸ ਦੀਆਂ ਲੂੰਬੜ ਚਾਲਾਂ ਵਿਚ ਆ ਜਾਂਦੇ ਹਨ ਅਤੇ ਉਸ ਨੂੰ ਆਪਣਾ ਹਮਦਰਦ ਮੰਨ ਲੈਂਦੇ ਹਨ। ਉਹ ਇਨ੍ਹਾਂ ਸਾਰਿਆਂ ਨੂੰ ਬੇਵਕੂਫ ਤੇ ਗਲੀਜ਼ ਸਮਝਦਾ ਹੈ ਅਤੇ ਇਸ ਬਸਤੀ ਨੂੰ ਹੜੱਪਣ ਲਈ ਮੌਕੇ ਦੀ ਤਲਾਸ਼ ਵਿਚ ਹੈ।
ਇਸ ਸ਼ਖਸ ਨੂੰ ਇਹ ਮੌਕਾ ਉਸ ਦਿਨ ਮਿਲਦਾ ਹੈ ਜਿਸ ਦਿਨ ਉਸ ਨੂੰ ਪਤਾ ਲਗਦਾ ਹੈ ਕਿ ਬਸਤੀ ਵਿਚ ਜਦੋਂ ਲੋਕ ਪਾਣੀ ਦੀ ਤਲਾਸ਼ ਵਿਚ ਨਵਾਂ ਬੋਰ ਕਰ ਰਹੇ ਸਨ ਤਾਂ ਅਚਾਨਕ ਉਥੋਂ ਤੇਲ ਨਿਕਲਣਾ ਸ਼ੁਰੂ ਹੋ ਗਿਆ ਹੈ। ਲਾਲਚ ਵਿਚ ਉਹ ਹਾਬੜਿਆ ਹੋਇਆ ਸ਼ਹਿਰ ਦੀ ਪੁਲਿਸ ਨਾਲ ਮਿਲ ਕੇ ਬਸਤੀ Ḕਤੇ ਧਾਵਾ ਬੋਲ ਦਿੰਦਾ ਹੈ ਅਤੇ ਸ਼ਹਿਰ ਦੇ ਮੁਖੀ ਰਾਹੀਂ ਫੌਜ ਨੂੰ ਤਿਆਰ ਰਹਿਣ ਦਾ ਹੁਕਮ ਚਾੜ੍ਹ ਦਿੰਦਾ ਹੈ। ਇਸ ਤਰ੍ਹਾਂ ਇਹ ਵੀ ਚਿੱਟੇ ਦਿਨ ਵਾਂਗ ਸਾਫ ਹੋ ਜਾਂਦਾ ਹੈ ਕਿ ਅਸਲ ਵਿਚ ਸਾਰੀ ਸਟੇਟ ਮਸ਼ੀਨਰੀ ਅਤੇ ਪ੍ਰਬੰਧ ਦਾ ਹੀ ਭੱਠਾ ਬੈਠ ਚੁੱਕਿਆ ਹੈ ਅਤੇ ਇਸ ਦੇ ਪੁਲਿਸ ਅਤੇ ਫੌਜ ਵਰਗੇ ਹਥਿਆਰਬੰਦ ਅੰਗ ਆਮ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਉਣ ਲਈ ਪੂੰਜੀਪਤੀਆਂ ਦੇ ਇਸ਼ਾਰਿਆਂ Ḕਤੇ ਨੱਚ ਰਹੇ ਹਨ। ਫਿਲਮ ਵਿਚ ਫੌਜ ਤੇ ਪੁਲਿਸ ਬਸਤੀ ਵਾਲਿਆਂ ਨੂੰ ਉਜਾੜਨਾ ਸ਼ੁਰੂ ਕਰ ਦਿੰਦੀ ਹੈ।
ਇਥੇ ਫਿਲਮਸਾਜ਼ ਵਜੋਂ ਡੀ ਸਿੱਕਾ ਦੀ ਕਾਰਗੁਜ਼ਾਰੀ ਕਾਬਲ-ਏ-ਤਾਰੀਫ ਹੈ । ਫਿਲਮ ਵਿਚ ਉਸ ਨੇ ਸਿੱਖੇ-ਸਿਖਾਏ ਅਦਾਕਾਰਾਂ ਦੀ ਥਾਂ ਬਸਤੀ ਵਾਲਿਆਂ ਨਾਲ ਹੀ ਕੰਮ ਕੀਤਾ ਹੈ ਜਿਸ ਕਾਰਨ ਫਿਲਮ ਸੁਭਾਵਿਕ ਅਤੇ ਸਹਿਜ ਬਣੀ ਹੈ। ਬਹੁਤੇ ਦ੍ਰਿਸ਼ ਫਿਲਮ ਦੀ ਬਜਾਏ ਕਿਸੇ ਦਸਤਾਵੇਜ਼ੀ ਫਿਲਮ ਦਾ ਹਿੱਸਾ ਲੱਗਦੇ ਹਨ। ਬਸਤੀ ਵਾਲਿਆਂ ਦੇ ਸਰੀਰਾਂ ਦੇ ਹਾਵ-ਭਾਵ, ਬੋਲਣ ਦਾ ਲਹਿਜਾ ਅਤੇ ਅਦਾਕਾਰੀ ਦਾ ਢੰਗ ਫਿਲਮ ਉਪਰ ਦਰਸ਼ਕਾਂ ਦਾ ਭਰੋਸਾ ਲਗਾਤਾਰ ਬਣਾਈ ਰੱਖਦੇ ਹਨ।
ਬਸਤੀ ਉਪਰ ਹਮਲਾ ਕਰ ਕੇ ਪੂੰਜੀਪਤੀ ਉਸ ਤੇਲ ਦੇ ਖਜ਼ਾਨੇ Ḕਤੇ ਕਬਜ਼ਾ ਕਰਨਾ ਚਾਹੁੰਦਾ ਹੈ। ਉਹ ਖੁਦ ਆ ਕੇ ਬਸਤੀ ਵਾਲਿਆਂ ਉਪਰ ਧੂੰਏਂ ਵਾਲੇ ਬੰਬ ਅਤੇ ਪਾਣੀ ਦੀ ਵਾਛੜ ਦਾ Ḕਆਨੰਦ’ ਲੈਣਾ ਚਾਹੁੰਦਾ ਹੈ। ਉਸ ਨੂੰ ਲਗਦਾ ਹੈ ਕਿ ਇਹ ਨਿਹੱਥੇ ਅਤੇ ਉਜੜੇ-ਪੁੱਜੜੇ ਲੋਕ ਕੀ ਕਰ ਸਕਦੇ ਹਨ! ਇਥੇ ਫਿਲਮ ਵਿਚ ਵੱਡਾ ਮੋੜ ਆਉਂਦਾ ਹੈ ਜਦੋਂ ਟੀਟੋ ਦੀ ਮਰੀ ਹੋਈ ਦਾਦੀ ਉਸ ਨੂੰ ਬੱਤਖ ਦੇ ਕੇ ਆਖਦੀ ਹੈ ਕਿ ਇਸ ਨਾਲ ਉਹ ਦੁਨੀਆ ਦਾ ਕੋਈ ਵੀ ਕੰਮ ਮਿੰਟਾਂ ਵਿਚ ਪੂਰਾ ਕਰ ਸਕਦਾ ਹੈ। ਟੀਟੋ ਲਈ ਇਸ ਸਮੇਂ ਸਭ ਤੋਂ ਅਹਿਮ ਉਜਾੜੇ ਦੇ ਇਸ ਹਾਦਸੇ ਨੂੰ ਰੋਕਣਾ ਹੈ। ਉਹ ਬੱਤਖ ਦੀ ਸਹਾਇਤਾ ਨਾਲ ਦੋਵਾਂ ਧਿਰਾਂ ਦਾ ਨੁਕਸਾਨ ਕੀਤੇ ਬਿਨਾ ਹਮਲੇ ਦਾ ਸਾਹਮਣਾ ਤਾਂ ਕਰ ਲੈਂਦਾ ਹੈ ਪਰ ਹੁਣ ਨਵੀਂ ਮੁਸੀਬਤ ਖੜ੍ਹੀ ਹੋ ਜਾਂਦੀ ਹੈ। ਬਸਤੀ ਦੇ ਸਾਰੇ ਲੋਕਾਂ ਨੂੰ ਜਦੋਂ ਇਹ ਪਤਾ ਲਗਦਾ ਹੈ ਕਿ ਇਸ ਬੱਤਖ ਰਾਹੀਂ ਟੀਟੋ ਉਨ੍ਹਾਂ ਦੀਆਂ ਸਾਰੀਆਂ ਇੱਛਾਵਾਂ ਪੂਰੀਆਂ ਕਰ ਸਕਦਾ ਹੈ ਤਾਂ ਉਨ੍ਹਾਂ ਲਈ ਸਬਰ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਬਸਤੀ ਦੇ ਹਰ ਬਾਸ਼ਿੰਦੇ ਨੂੰ ਕੁਝ ਨਾ ਕੁਝ ਚਾਹੀਦਾ ਹੈ। ਕੋਈ ਉਸ ਤੋਂ ਫੱਰ ਵਾਲਾ ਕੋਟ ਮੰਗਦਾ ਹੈ ਤੇ ਕੋਈ ਲੱਖਾਂ ਦੀ ਨਕਦੀ। ਕਿਸੇ ਨੂੰ ਬੂਟ ਚਾਹੀਦੇ ਹਨ, ਕਿਸੇ ਨੂੰ ਅਲਮਾਰੀ। ਉਨ੍ਹਾਂ ਸਾਰਿਆਂ ਲਈ ਇਹ ਛੋਟੀਆਂ-ਛੋਟੀਆਂ ਚੀਜ਼ਾਂ ਹੀ ਇੰਨੀਆਂ ਮਹੱਤਵਪੂਰਨ ਹੋ ਚੁੱਕੀਆਂ ਹਨ ਕਿ ਉਹ ਇਨ੍ਹਾਂ ਦੀ ਖਾਹਿਸ਼ ਵਿਚ ਹੀ ਖਪਤ ਹੋ ਜਾਂਦੇ ਹਨ ਅਤੇ ਇਹ ਭੁੱਲ ਜਾਂਦੇ ਹਨ ਕਿ ਇਸ ਬੱਤਖ ਰਾਹੀਂ ਉਹ ਇਸ ਗੰਦੀ ਬਸਤੀ ਤੋਂ ਸਦਾ ਲਈ ਛੁਟਕਾਰਾ ਪਾ ਸਕਦੇ ਹਨ ਅਤੇ ਆਪਣੇ ਲਈ ਬਿਹਤਰ ਕੱਲ੍ਹ ਦੀ ਤਲਾਸ਼ ਕਰ ਸਕਦੇ ਹਨ। ਬੱਤਖ ਕੁਝ ਪਲ ਦਾ ਛਲਾਵਾ ਮਾਤਰ ਹੈ ਜਿਵੇਂ ਸਾਬਿਤ ਵੀ ਹੋ ਜਾਂਦਾ ਹੈ: ਅੰਤਿਮ ਦ੍ਰਿਸ਼ਾਂ ਵਿਚ ਉਨ੍ਹਾਂ ਨੂੰ ਮੁਜਰਿਮਾਂ ਵਾਂਗ ਗੱਡੀਆਂ ਵਿਚ ਤੁੰਨ੍ਹ ਕੇ ਥਾਣੇ ਵਲ ਲਿਜਾਇਆ ਜਾ ਰਿਹਾ ਹੈ।
1948 ਵਿਚ ਆਪਣੀ ਸ਼ਾਹਕਾਰ ਫਿਲਮ Ḕਦਿ ਬਾਈਸਾਈਕਲ ਥੀਵਜ਼’ ਰਾਹੀਂ ਦੁਨੀਆ ਦੇ ਕਈ ਮੁਲਕਾਂ ਦੇ ਫਿਲਮਸਾਜ਼ਾਂ ਨੂੰ ਸਿਨੇਮਾ ਦੀ ਨਵ-ਯਥਾਰਥਵਾਦੀ ਧਾਰਾ ਨਾਲ ਜੋੜਨ ਵਾਲੇ ਵਿਤੋਰੀਓ ਦਿ ਸੀਕਾ ਦੀ ਇਹ ਫਿਲਮ Ḕਦਿ ਮਿਰਾਕਲ ਇਨ ਮਿਲਾਨ’ ਇਟਲੀ ਦੇ ਅਤੀਤ ਦਾ ਅਣਫਰੋਲਿਆ ਪੰਨਾ ਹੈ। ਦੂਜੀ ਸੰਸਾਰ ਜੰਗ ਵਿਚ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਇਟਲੀ ਵਿਚ ਇਸ ਫਿਲਮ ਦਾ ਵਾਪਰਨ ਦਾ ਸਮਾਂ ਤੇ ਸਥਾਨ ਮਿੱਥਿਆ ਗਿਆ ਹੈ।
ਫਿਲਮ ਕਿਸੇ ਪਰੀ-ਕਥਾ ਵਾਂਗ ਚਲਦੀ ਹੈ ਪਰ ਇਸ ਵਿਚ ਫਿਲਮਾਈਆਂ ਹਕੀਕਤਾਂ ਬਹੁਤ ਡਰਾਵਣੀਆਂ ਅਤੇ ਤਰਾਸਦੀਆਂ ਨਾਲ ਭਰੀਆਂ ਪਈਆਂ ਹਨ। ਫਿਲਮ ਵਿਚ ਗਰੀਬੀ ਅਤੇ ਅਮੀਰੀ ਦੀ ਯੁੱਗਾਂ-ਯੁਗਾਂਤਰਾਂ ਤੋਂ ਤੁਰੀ ਆ ਰਹੀ ਗੈਰ-ਕੁਦਰਤੀ ਅਤੇ ਹਰ ਜੁਰਮ ਦੀ ਜੜ੍ਹ ਖਾਈ ਨੂੰ ਹੀ ਜ਼ੁਬਾਨ ਦਿੱਤੀ ਗਈ ਹੈ ਪਰ ਬਹੁਤ ਕਲਾਤਮਿਕ ਢੰਗ ਨਾਲ ਫਿਲਮਸਾਜ਼ ਨੇ ਇਸ ਤੱਥ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਸਾਂਝੇ ਧਰਾਤਲ Ḕਤੇ ਖੜ੍ਹ ਕੇ ਲੜਨ ਅਤੇ ਯਥਾਰਥ ਨਾਲ ਦਸਤਪੰਜਾ ਲਏ ਬਿਨਾ ਲੋਕਾਈ ਦੀਆਂ ਸਮੱਸਿਆਵਾਂ ਦਾ ਕੋਈ ਹੱਲ ਨਹੀਂ ਕੱਢਿਆ ਜਾ ਸਕਦਾ। ਗਰੀਬੀ ਤੇ ਗੈਰ-ਬਰਾਬਰੀ ਵਰਗੇ ਸਿਆਸੀ ਤੇ ਸਮਾਜਿਕ ਮਸਲਿਆਂ ਵਿਚ ਕਿਸੇ ਦੈਵੀ ਸ਼ਕਤੀ ਜਾਂ ਚਮਤਕਾਰ ਦੀ ਉਮੀਦ ਕਰਨੀ ਖੁਦ ਨੂੰ ਧੋਖਾ ਦੇਣ ਤੋਂ ਸਿਵਾ ਕੁਝ ਵੀ ਨਹੀਂ ਹੋ ਸਕਦੀ।