ਇੱਕ ਵਿਸ਼ਾਲ ਦੇਸ਼ ਹਿੰਦੋਸਤਾਨ ਦੇ ਇਤਿਹਾਸ ‘ਤੇ ਝਾਤ ਮਾਰਦਿਆਂ ਮਨ ‘ਚ ਕਈ ਉਤਰਾਅ ਚੜ੍ਹਾਅ ਆਉਣੇ ਸ਼ੁਰੂ ਹੋ ਜਾਂਦੇ ਹਨ। ਸੋਚਾਂ ਦੀ ਸੋਚ ਜਦੋਂ ਦੇਸ਼ ਦੀ ਆਜ਼ਾਦੀ ਵੱਲ ਜਾਂਦੀ ਹੈ ਤਾਂ ਸ਼ਹੀਦਾਂ ਜਾਂ ਸੰਗਰਾਮੀਆਂ ਪ੍ਰਤੀ ਸੋਚਣਾ ਸ਼ੁਰੂ ਹੁੰਦਾ ਹੈ ਕਿ ਕਿੰਨੇ ਸਮਰਪਿਤ ਹੋਣਗੇ, ਜਿਨ੍ਹਾਂ ਨੇ ਆਪਾ ਵਾਰਨ ਤੋਂ ਬਾਅਦ ਵਾਲੀ ਸਥਿਤੀ ਨੂੰ ਦੇਖਿਆ ਜਾਂ ਵਿਚਾਰਿਆ ਹੀ ਨਹੀਂ ਹੋਵੇਗਾ। ਪ੍ਰਤੀਤ ਭਾਵੇਂ ਇਹ ਹੁੰਦਾ ਹੈ ਕਿ ਸ਼ਾਇਦ ਉਨ੍ਹਾਂ ਆਜ਼ਾਦੀ ਦੇ ਜਨੂਨ ‘ਚ ਅਣਗੌਲਿਆਂ ਕੀਤਾ ਹੋਵੇਗਾ, ਪਰ ਨਹੀਂ! ਉਹ ਆਪਣੀ ਸੁੱਧ-ਬੁੱਧ ਨੂੰ ਕਾਇਮ ਰੱਖਕੇ ਹੀ ਆਜ਼ਾਦੀ ਦੇ ਮੈਦਾਨ-ਏ-ਜੰਗ ‘ਚ ਕੁੱਦੇ ਸਨ। ਦੇਸ਼ ਨੂੰ ਆਪਣੇ ਪਰਿਵਾਰਾਂ ਨਾਲੋਂ ਕਦੇ ਵੀ ਵੱਖ ਕਰਕੇ ਨਾ ਦੇਖਣਾ, ਉਨ੍ਹਾਂ ਦੀ ਦ੍ਰਿਸ਼ਟੀ, ਜਿੰਦਾ ਦਿਲੀ ਅਤੇ ਨਿਸ਼ਾਨੇ ਵੱਲ ਸੇਧ ਦਾ ਸਬੂਤ ਹੈ।
ਬਹੁਤੇ ਸ਼ਹੀਦ ਜਾਂ ਸੰਗਰਾਮੀ ਤਾਂ ਘਰ ਦੀ ਹਾਲਤ ਨੂੰ ਸੁਧਾਰਨ ਲਈ ਹੀ ਪਰਦੇਸੀ ਹੋਏ ਸਨ, ਪਰ ਪਰਦੇਸ ਵਿਚਲੇ ਭੈੜੇ ਸਲੂਕ ਸਾਹਮਣੇ ਆਰਥਕ ਤੰਗੀਆਂ ਤੁਰਸ਼ੀਆਂ ਛੋਟੀਆਂ ਲੱਗੀਆਂ, ਤਦ ਹੀ ਤਾਂ ਦੇਸ਼ ਦੀ ਆਜ਼ਾਦੀ ਨੂੰ ਪਹਿਲ ਦਿੱਤੀ। ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਜਦੋਂ ਘਰ ਦਾ ਕਮਾਊ ਕਿਸੇ ਕਾਰਨ ਕਰਕੇ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਜਾਂਦਾ ਹੈ ਤਾਂ ਪਰਿਵਾਰ ਦੀ ਹਾਲਤ ਕਿਹੋ ਜਿਹੀ ਹੋ ਜਾਂਦੀ ਹੈ! ਸੁਭਾਵਕ ਹੀ ਸ਼ਹੀਦਾਂ ਦੇ ਪਰਿਵਾਰ ਵੀ ਬੜੀ ਨਾਜ਼ੁਕ ਸਥਿਤੀ ਵਿਚ ਹੋਣਗੇ। ਆਜ਼ਾਦੀ ਦਾ ਅਨੰਦ ਮਾਣ ਰਹੀ ਦੁਨੀਆਂ ਦਾ ਫਰਜ਼ ਹੈ ਕਿ ਸ਼ਹੀਦਾਂ ਨੂੰ ਸਤਿਕਾਰ ਦਿੰਦੇ ਰਹੀਏ ਤੇ ਨਾਲ ਹੀ ਉਨ੍ਹਾਂ ਦੇ ਪਰਿਵਾਰਾਂ ਨਾਲ ਵੀ ਜੁੜੀਏ। ਫਰੰਗੀ ਰਾਜ ਦੇ ਖਾਤਮੇ ਲਈ ਕਿੰਨੀਆਂ ਸੰਸਥਾਵਾਂ, ਮੋਰਚੇ, ਜਥੇਬੰਦੀਆਂ, ਲਹਿਰਾਂ ਜਾਂ ਇੰਜ ਕਹੀਏ ਵੱਖ ਵੱਖ ਕੜੀਆਂ, ਜਿਨ੍ਹਾਂ ਨੇ ਆਜ਼ਾਦੀ ਲਈ ਇੱਕ ਐਸਾ ਸੰਗਲ ਬਣਾਇਆ ਕਿ ਅੰਗਰੇਜ਼ ਰਾਜ ਨੂੰ ਨੂੜ ਕੇ ਰੱਖ ਦਿੱਤਾ, ਹਿੰਦੋਸਤਾਨ ‘ਚੋਂ ਨਿਕਲਣ ਲਈ ਮਜਬੂਰ ਕਰ ਦਿੱਤਾ।
ਗਦਰ ਲਹਿਰ ਦੀ ਕਵਿਤਾ ਦੇਸ਼ ਭਗਤੀ ਦੀ ਭਾਵਨਾ ਨਾਲ ਲਬਰੇਜ਼ ਸੀ। ਇਸ ਦਾ ਉਸਾਰੂ ਪ੍ਰਭਾਵ ਤਾਂ ਬਹੁਤ ਸੀ, ਪਰ ਇਸ ਦਾ ਬਿਆਨ ਬੜਾ ਸਰਲ ਸੀ,
ਵਿਦੇਸ਼ੀਆਂ ਨੇ ਸਾਡੇ ਦੇਸ਼ ਨੂੰ ਲੁੱਟਿਆ ਹੈ,
ਪਰ ਅਸੀਂ ਡੂੰਘੀ ਨੀਂਦ ‘ਚੋਂ ਜਾਗ ਪਏ ਹਾਂ।
ਸਾਡੇ ਬਾਗ ਪਾਣੀ ਤੋਂ ਬਿਨਾ ਸੁੱਕੇ,
ਪਰ ਅਸੀਂ ਇਨ੍ਹਾਂ ਨੂੰ ਲਹੂ ਨਾਲ ਸਿੰਜਿਆ ਹੈ।
ਐ ਮਾਂ ਤੂੰ ਸਾਨੂੰ ਮਿੱਠੇ ਦੁੱਧ ਨਾਲ ਪਾਲਿਆ ਹੈ,
ਹੁਣ ਅਸੀਂ ਤੈਨੂੰ ਆਪਣਾ ਲਹੂ ਦੇਵਾਂਗੇ।
ਦੇਸ਼ ਆਜ਼ਾਦੀ ਦੇ ਅਣਖੀ ਵਿਰਸੇ ਨੂੰ ਯਾਦਾਂ ਦਾ ਹਿੱਸਾ ਬਣਾ ਕੇ ਰੱਖਣ ਲਈ ਸ਼ਰਧਾਂਜਲੀ ਵਜੋਂ ਜਾਣਕਾਰੀ ਪੇਸ਼ ਹੈ:
ਪਹਿਲੀ ਅਕਤੂਬਰ 1918 ਨੂੰ ਸਤਿਆ ਨੰਦ ਪੁਲਿਸ ਤਸ਼ੱਦਦ ‘ਚ ਦਮ ਤੋੜ ਗਏ। ਉਹ ਬੰਗਾਲ ਦੇ ਕ੍ਰਾਂਤੀਕਾਰੀ ਸਨ। ਦੋਸ਼ ਅੰਗਰੇਜ਼ ਰਾਜ ਦੇ ਖਾਤਮੇ ਲਈ ਲੋਕਾਂ ਦੀ ਲਾਮਬੰਦੀ।
ਪਹਿਲੀ ਅਕਤੂਬਰ 1925 ਨੂੰ ਰਤਨ ਸਿੰਘ ਪੁੱਤਰ ਹੀਰਾ ਸਿੰਘ, ਪਿੰਡ ਅਚੱਲਵਾਲੀ, ਤਹਿਸੀਲ ਸ਼ਕਰਗੜ੍ਹ, ਜਿਲਾ ਗੁਰਦਾਸਪੁਰ ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੇ ਜੈਤੋਂ ਮੋਰਚਾ-10 ‘ਚ ਸ਼ਮੂਲੀਅਤ ਕੀਤੀ।
2 ਅਕਤੂਬਰ 1952 ਨੂੰ ਭਗਵਾਨ ਸਿੰਘ ਪੁੱਤਰ ਮਹਿਤਾਬ ਸਿੰਘ ਪਿੰਡ ਬੱਦੋਵਾਲ, ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਹ 1909 ‘ਚ ਅਮਰੀਕਾ ਪਹੁੰਚੇ, ਗਦਰ ਪਾਰਟੀ ਦੇ ਮੈਂਬਰ ਬਣੇ, ਦੇਸ਼ ਆਜ਼ਾਦ ਕਰਾਉਣ ਲਈ ਤੋਸ਼ਾਮਾਰ ਜਹਾਜ ‘ਚ ਵਾਪਸੀ, ਭਾਰਤ ਛੱਡੋ ਅੰਦੋਲਨ ‘ਚ ਹਿੱਸਾ, ਪ੍ਰਭਾਵਿਤ ਬੁਲਾਰੇ ਅਤੇ ਡੀ. ਆਈ. ਆਰ. ਕਾਨੂੰਨ ਹੇਠ 18 ਮਹੀਨੇ ਲੁਧਿਆਣਾ, ਮਿੰਟਗੁਮਰੀ ਤੇ ਮੁਲਤਾਨ ਦੀ ਜੇਲ੍ਹ ਯਾਤਰਾ ਕੀਤੀ
3 ਅਕਤੂਬਰ 1939 ਨੂੰ ਜਥੇਦਾਰ ਤੇਜਾ ਸਿੰਘ ਭੁੱਚਰ ਪੁੱਤਰ ਮਈਆ ਸਿੰਘ ਤੇ ਮਾਤਾ ਮਤਾਬ ਕੌਰ, ਪਿੰਡ ਫੇਰੂ ਸਦੀਵੀ ਵਿਛੋੜਾ ਦੇ ਗਏ। ਉਹ ਗੁਰਦੁਆਰਾ ਸੁਧਾਰ ਲਹਿਰ ‘ਚ ਬਤੌਰ ਜਥੇਦਾਰ ਬੜੇ ਹੀ ਪ੍ਰਭਾਵਿਤ ਆਗੂ ਰਹੇ, ਕਈ ਗੁਰੂਘਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਲਿਆਂਦੇ; ਅਰੂੜ ਸਿੰਘ ਨੂੰ ਆਹੁਦਾ ਰਹਿਤ ਕਰਨ ਲਈ ਪ੍ਰਧਾਨਗੀ ਕੀਤੀ, ਕਿਉਂਕਿ ਉਸ ਨੇ ਕਾਤਿਲ ਡਾਇਰ ਨੂੰ ਸਿਰੋਪਾ ਦਿੱਤਾ ਸੀ ਅਤੇ ਅੰਗਰੇਜ਼ ਰਾਜ ਵਿਰੁਧ ਡਟ ਕੇ ਲੜਾਈ ਹਿੱਸਾ ਪਾਇਆ।
3 ਅਕਤੂਬਰ 1969 ਨੂੰ ਬਾਬਾ ਕਰਮ ਸਿੰਘ ਚੀਮਾ ਪੁੱਤਰ ਗੁੱਜਰ ਸਿੰਘ, ਪਿੰਡ ਚੀਮਾ ਖੁਰਦ (ਜਲੰਧਰ) ਸਦੀਵੀ ਵਿਛੋੜਾ ਦੇ ਗਏ। ਉਹ ਹਿੰਦੋਸਤਾਨ ਦੀ ਆਜ਼ਾਦੀ ਨੂੰ ਸਮਰਪਿਤ ਇਨਕਲਾਬੀ ਸਨ। ਲੋਕਾਂ ਨੂੰ ਆਜ਼ਾਦੀ ਲਈ ਜਾਗ੍ਰਿਤ ਕਰਨ ਲਈ ਘਰੋਂ ਪ੍ਰਸ਼ਾਦਾ ਛੱਕ ਕੇ ਸਾਈਕਲ ਉਪਰ ਮੀਲਾਂਬੱਧੀ ਸਫਰ ਹੀ ਨਹੀਂ ਕੀਤਾ, ਸਗੋਂ ਸਾਰਾ ਜੀਵਨ ਲਾਇਆ।
4 ਅਕਤੂਬਰ 1924 ਨੂੰ ਬਿਸ਼ਨ ਸਿੰਘ ਪਿੰਡ ਘਾਸੀਟਪੁਰ, ਜਿਲਾ ਲਾਇਲਪੁਰ ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-5 ‘ਚ ਸ਼ਾਮਲ ਸਨ।
4 ਅਕਤੂਬਰ 1947 ਨੂੰ ਮੋਹਰ ਸਿੰਘ ਪੁੱਤਰ ਦੇਵੀ ਸਹਾਏ, ਪਿੰਡ ਜਮਾਲਪੁਰ, ਤਹਿਸੀਲ ਨਰੌਲ, ਜਿਲਾ ਮਹਿੰਦਰਗੜ੍ਹ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਅਤੇ ਇੰਡੀਅਨ ਨੈਸ਼ਨਲ ਆਰਮੀ (ਆਜ਼ਾਦ ਹਿੰਦ ਫੌਜ) ਦੇ ਤੀਜੇ ਗੁਰੀਲਾ ਰੈਜੀਮੈਂਟ ‘ਚ ਸਨ, ਲੜਾਈ ਦੇ ਕੈਦੀ (ਪ੍ਰਿਜਨਰ ਉਹ ਵਾਰ ਦੇ ਕੈਦੀ), ਥਾਈਲੈਂਡ, ਜਿੱਗਰ ਕੱਚਾ ਕੈਂਪ ‘ਤੇ ਕਲਕੱਤਾ ਦੀ ਜੇਲ੍ਹ ਯਾਤਰਾ ਕੀਤੀ।
5 ਅਕਤੂਬਰ 1924 ਨੂੰ ਸੁੰਦਰ ਸਿੰਘ, ਪਿੰਡ ਕਹਾਨਾ, ਜਿਲਾ ਗੁਰਦਾਸਪੁਰ ਪੁਲਿਸ ਦੇ ਤਸ਼ੱਦਦ ਕਰਕੇ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਸ਼ਹੀਦੀ ਮੋਰਚਾ-2 ‘ਚ ਸ਼ਾਮਲ ਹੋਏ।
5 ਅਕਤੂਬਰ 1948 ਨੂੰ ਹਰਨਾਮ ਸਿੰਘ ਪੁੱਤਰ ਮੁਨਸ਼ੀ ਰਾਮ ਤੇ ਮਾਤਾ ਗੰਗੋ ਦੇਵੀ ਪਿੰਡ ਕਾਰਗਲ, ਜਿਲਾ ਗੁਰਦਾਸਪੁਰ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਤੇ ਆਜ਼ਾਦ ਹਿੰਦ ਫੌਜ ‘ਚ ਦੂਸਰੀ ਡੋਗਰਾ ਰੈਜੀਮੈਂਟ ‘ਚ ਸਨ। ਪੀ. ਓ. ਡਬਲਯੂ. ਹੋਏ ਰੰਗੂਨ, ਜਿੱਗਰ ਕੱਚਾ ਕੈਂਪ ਅਤੇ ਜਲੰਧਰ ਜੇਲ੍ਹ ਯਾਤਰਾ ਕੀਤੀ।
5 ਅਕਤੂਬਰ 1955 ਨੂੰ ਸੂਰਤ ਸਿੰਘ ਪੁੱਤਰ ਇੰਦਰ ਸਿੰਘ, ਪਿੰਡ ਲੁਹਾਰਕਾ ਕਲਾਂ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਆਰਮੀ ਦੇ ਬੰਗਾਲੀ ਗਰੁੱਪ ਰੁੜਕੀ ਵਿਚ ਹੌਲਦਾਰ ਅਤੇ ਆਜ਼ਾਦ ਹਿੰਦ ਫੌਜ ‘ਚ ਬਤੌਰ ਲੈਫਟੀਨੈਂਟ ਰਹੇ। ਜਪਾਨੀਆਂ ਦੇ ਘੇਰੇ ‘ਚ ਰਹੇ।
6 ਅਕਤੂਬਰ 1963 ਨੂੰ ਬਾਬਾ ਖੜਕ ਸਿੰਘ ਪੁੱਤਰ ਰਾਏ ਬਹਾਦਰ ਹਰੀ ਸਿੰਘ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ‘ਮੇਰੀ ਪਿੱਠ ਵਿਚ ਜੇ ਗੋਲੀ ਨਿੱਕਲੇ ਤਾਂ ਮੈਨੂੰ ਗੁਰੂ ਦਾ ਸਿੱਖ ਨਾ ਮੰਨਣਾ’ ਕਹਿਣ ਵਾਲੇ ਉਹ ਸਿੱਖ ਰਾਜਨੀਤਿਕ ਆਗੂ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਹਿਲੇ ਪ੍ਰਧਾਨ ਸਨ। ਉਨ੍ਹਾਂ ਦੀ ਸਮਾਧ ਗੁਰੂਘਰ ਪਿੰਡ ਸਿੱਖ ਵਾਲਾ ਮਲੋਟ (ਮੁਕਤਸਰ) ‘ਚ ਹੈ। ਉਨ੍ਹਾਂ ਦੀ ਯਾਦ ‘ਚ ਦਿੱਲੀ ਬਾਬਾ ਖੜਕ ਸਿੰਘ ਮਾਰਗ ਹੈ ਤੇ 1988 ‘ਚ ਡਾਕ ਟਿਕਟ ਬਣੀ। ਹੱਕ ਸੱਚ ਲਈ ਬਿਰਧ ਅਵੱਸਥਾ ‘ਚ ਵੀ ਸੰਘਰਸ਼ਸ਼ੀਲ ਰਹੇ।
7 ਅਕਤੂਬਰ 1918 ਨੂੰ ਸ਼ੁਸ਼ੀਲ ਚੰਦਰ ਲਹਿਰੀ ਨੂੰ ਮਿਦਨਾਪੁਰ (ਬੰਗਾਲ) ਬਨਾਰਸ ਸਾਜ਼ਿਸ਼ ਕੇਸ ਵਿਚ ਫਾਂਸੀ ਲਾਈ ਗਈ।
7 ਅਕਤੂਬਰ 1924 ਨੂੰ ਭਾਈ ਰਾਮ ਸਿੰਘ ਪਿੰਡ ਗਦਲੀ (ਅੰਮ੍ਰਿਤਸਰ) ਨਾਭਾ ਜੇਲ੍ਹ ਵਿਚ ਸ਼ਹਾਦਤ ਦਾ ਜਾਮ ਪੀ ਗਏ। ਉਨ੍ਹਾਂ ਨੇ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ।
7 ਅਕਤੂਬਰ 1924 ਨੂੰ ਅਰਜਨ ਸਿੰਘ, ਪਿੰਡ ਦੇਹਰਕਾ ਤਹਿਸੀਲ ਜਗਰਾਉਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਨਾਭਾ ਬੀੜ ਦੀ ਜੇਲ੍ਹ ਯਾਤਰਾ ਕੀਤੀ।
7 ਅਕਤੂਬਰ 1958 ਨੂੰ ਸ਼ੇਰ ਸਿੰਘ ਉਰਫ ਈਸ਼ਰ ਸਿੰਘ ਪੁੱਤਰ ਹਰਨਾਮ ਸਿੰਘ, ਪਿੰਡ ਦੂਨੀਕੇ, ਮੋਗਾ (ਫਿਰੋਜ਼ਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-3 ਵਿਚ ਸ਼ਾਮਲ ਹੋਏ ਤੇ 21 ਮਹੀਨੇ 8 ਦਿਨ ਨਾਭਾ ਬੀੜ ਜੇਲ੍ਹ ਯਾਤਰਾ ਕੀਤੀ।
9 ਅਕਤੂਬਰ 1924 ਨੂੰ ਮੱਲੂ ਸਿੰਘ, ਪਿੰਡ ਢਾਲਾ ਚੰਦਾ ਸਿੰਘ, ਤਹਿਸੀਲ ਸਿੰਗਲਾ ਜਿਲਾ ਲਾਇਲਪੁਰ ਪੁਲਿਸ ਦੇ ਤਸ਼ੱਦਦ ਨਾਲ ਦਮ ਤੋੜ ਗਏ। ਉਹ ਜੈਤੋਂ ਮੋਰਚੇ-8 ‘ਚ ਸਨ।
10 ਅਕਤੂਬਰ 1924 ਨੂੰ ਲਛਮਣ ਸਿੰਘ ਪਿੰਡ ਝਿੰਗੜ ਬੇਲਾ ਸਿੰਘ (ਹੁਸ਼ਿਆਰਪੁਰ) ਨਾਭਾ ਬੀੜ ਜੇਲ੍ਹ ‘ਚ ਸ਼ਹੀਦੀ ਪਾ ਗਏ। ਉਹ ਜੈਤੋਂ ਮੋਰਚਾ-4 ਵਿਚ ਸ਼ਾਮਲ ਸਨ।
10 ਅਕਤੂਬਰ 1924 ਨੂੰ ਈਸ਼ਰ ਸਿੰਘ ਪਿੰਡ ਸਮਾਲਸਰ, ਮੋਗਾ (ਫਿਰੋਜ਼ਪੁਰ) ਨਾਭਾ ਬੀੜ ਜੇਲ੍ਹ ‘ਚ ਦਮ ਤੋੜ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ।
10 ਅਕਤੂਬਰ 1952 ਨੂੰ ਸੰਤਾ ਸਿੰਘ ਪੁੱਤਰ ਰੂੜ ਸਿੰਘ ਪਿੰਡ ਖੁਰਦਪੁਰ ਜਿਲਾ ਜਲੰਧਰ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-4 ‘ਚ ਅਤੇ ਗੁਰੂ ਕੇ ਮੋਰਚੇ ‘ਚ ਸ਼ਾਮਲ ਹੋਏ। ਪੁਲਿਸ ਤਸ਼ੱਦਦ ਝੱਲਿਆ ਤੇ ਨਾਭਾ ਬੀੜ ਜੇਲ੍ਹ ਕੱਟੀ।
10 ਅਕਤੂਬਰ 1977 ਨੂੰ ਬਾਬੂ ਗੁਰਬਖਸ਼ ਸਿੰਘ ਬੈਂਸ, ਪਿੰਡ ਮਾਹਿਲਪੁਰ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਉਹ ਖੱਬੀ ਸੋਚ ਦੇ ਧਾਰਨੀ ਆਜ਼ਾਦੀ ਘੁਲਾਟੀਏ ਸਨ ਅਤੇ ਜ਼ਿੰਦਗੀ ਨੂੰ ਕਿਸਾਨਾਂ ਮਜ਼ਦੂਰਾਂ ਦੀ ਬਿਹਤਰੀ ਲਈ ਲੇਖੇ ਲਾਇਆ।
11 ਅਕਤੂਬਰ 1944 ਨੂੰ ਨੂਰ ਮੁਹੰਮਦ, ਪਿੰਡ ਕਨਵਾਲ ਡਾਕਖਾਨਾ ਲਿੱਲੀ ਜਿਲਾ ਜ਼ੇਹਲਮ ਸਦੀਵੀ ਵਿਛੋੜਾ ਦੇ ਗਏ। ਉਹ ਇੰਡੀਅਨ ਫੌਜ ਅਤੇ ਆਜ਼ਾਦ ਹਿੰਦ ਫੌਜ ਦੇ ਸਿਪਾਹੀ ਸਨ।
11 ਅਕਤੂਬਰ 1959 ਨੂੰ ਫਕੀਰ ਸਿੰਘ ਪੁੱਤਰ ਮੱਲ ਸਿੰਘ ਪਿੰਡ ਨੱਥੂ ਚਾਹਲ (ਕਪੂਰਥਲਾ) ਸਦੀਵੀ ਵਿਛੋੜਾ ਦੇ ਗਏ। ਉਹ ਆਜ਼ਾਦ ਹਿੰਦ ਫੌਜ ‘ਚ ਅੰਗਰੇਜ਼ ਰਾਜ ਵਿਰੁੱਧ ਲੜਦਿਆਂ ਜਖਮੀ ਹੋ ਗਏ ਸਨ।
12 ਅਕਤੂਬਰ 1958 ਨੂੰ ਸਰਦਾਰਾ ਸਿੰਘ ਪੁੱਤਰ ਮਿਲਖਾ ਸਿੰਘ, ਪਿੰਡ ਤੇ ਡਾਕਖਾਨਾ ਭੈਰੋਵਾਲ ਕਲਾਂ ਤਹਿਸੀਲ ਜਗਰਾਉਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਹ ਆਈ. ਐਨ. ਏ. ਦੇ ਸਿਪਾਹੀ ਸਨ। ਸਾਢੇ ਤਿੰਨ ਸਾਲ ਕੁਅਲਾਲੰਪਰ ‘ਚ ਜੇਲ੍ਹ ਯਾਤਰਾ ਕੀਤੀ। ਫੌਜ ਨੂੰ 30,000 ਡਾਲਰ ਦਾਨ ਕੀਤੇ।
13 ਅਕਤੂਬਰ 1914 (ਸ਼ਾਇਦ 1924) ਨੂੰ ਖੜਕ ਸਿੰਘ ਪੁੱਤਰ ਜੀਤ ਸਿੰਘ ਮਾਤਾ ਬੀਬੀ ਜਿੰਦ ਕੌਰ, ਪਿੰਡ ਗੋਰਾ ਡਾਕਖਾਨਾ ਹਾਜ਼ੀਪੁਰ (ਹੁਸ਼ਿਆਰਪੁਰ) ਜੇਲ੍ਹ ਵਿਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚ-7 ਅਤੇ ਗੁਰੂ ਕੇ ਬਾਗ ਮੋਰਚੇ ‘ਚ ਸ਼ਾਮਲ ਸਨ।
13 ਅਕਤੂਬਰ 1924 ਨੂੰ ਇੰਦਰ ਸਿੰਘ ਪੁੱਤਰ ਬੂਟਾ ਸਿੰਘ, ਪਿੰਡ ਨੂਰ ਪੁਰ ਚੱਠਿਆਂ ਵਾਲਾ, ਨਕੋਦਰ (ਜਲੰਧਰ) ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਦੇ ਬਾਗ ਅਤੇ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ।
13 ਅਕਤੂਬਰ 1924 ਨੂੰ ਜਵਾਲਾ ਸਿੰਘ ਉਰਫ ਮਿਹਰ ਸਿੰਘ ਪਿੰਡ ਬੁਲੰਦੀ, ਜਿਲਾ ਲਾਹੌਰ ਨਾਭਾ ਬੀੜ ਜੇਲ੍ਹ ਵਿਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-8 ‘ਚ ਸ਼ਾਮਲ ਸਨ।
13 ਅਕਤੂਬਰ 1924 ਨੂੰ ਸੁਦਾਗਰ ਸਿੰਘ, ਪਿੰਡ ਘਾਲੀਆ ਖੁਰਦ, ਤਹਿਸੀਲ ਮੋਗਾ (ਫਿਰੋਜ਼ਪੁਰ) ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਦੇ ਮੋਰਚੇ ‘ਚ ਸ਼ਾਮਲ ਸਨ।
13 ਅਕਤੂਬਰ 1962 ਨੂੰ ਭਾਈ ਚੈਂਚਲ ਸਿੰਘ ਜੰਡਿਆਲਾ ਮੰਜ਼ਕੀ ਪੁੱਤਰ ਅਤਰ ਸਿੰਘ ਜੌਹਲ ਬੀਮਾਰ ਰਹਿਣ ਕਰਕੇ ਪਿੰਡ ਹੀ ਸਦੀਵੀ ਵਿਛੋੜਾ ਦੇ ਗਏ। 1914 ‘ਚ ਦੇਸ਼ ਆਜ਼ਾਦ ਕਰਾਉਣ ਲਈ ਕੈਨੇਡਾ ਤੋਂ ਵਾਪਿਸ ਆਏ, ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ, ਸਿਵਲ ਨਾ-ਫੁਰਮਾਨੀ ਲਹਿਰ ਦੇ ਆਗੂ, ਭਾਰਤ ਛੱਡੋ ਅੰਦੋਲਨ ਅਤੇ ਦੇਸ਼ਾਂ ਦੀ ਵੰਡ ਸਮੇਂ ਮੁਸਲਮਾਨ ਪਰਿਵਾਰਾਂ ਨੂੰ ਥਾਂ ਸਿਰ ਪਹੁੰਚਾਉਣ ਲਈ ਅਹਿਮ ਹਿੱਸਾ ਪਾਇਆ।
16 ਅਕਤੂਬਰ 1959 ਨੂੰ ਭੋਲਾ ਸਿੰਘ ਪੁੱਤਰ ਕਾਲਾ ਸਿੰਘ, ਪਿੰਡ ਸੰਗਤਪੁਰ ਤਹਿਸੀਲ ਤਰਨ ਤਾਰਨ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਸ਼ੰਘਾਈ ‘ਚ ਵਾਚਮੈਨ ਦੀ ਨੌਕਰੀ ਛੱਡ ਕੇ ਦੇਸ਼ ਹਿੱਤ ਸੇਵਾ ਕਰਨ ਲਈ ਆਜ਼ਾਦ ਹਿੰਦ ਫੌਜ ਵਿਚ ਨੌਕਰੀ ਕੀਤੀ ਤੇ 10,000 ਡਾਲਰ ਦਾਨ ਕੀਤੇ।
17 ਅਕਤੂਬਰ 1926 ਨੂੰ ਪਿਆਰਾ ਸਿੰਘ, ਪਿੰਡ ਚੱਕ ਮਰਹਾ 42 ਤਹਿਸੀਲ ਸੰਗਲਾ, ਜਿਲਾ ਸ਼ੇਖੂਪੁਰਾ ਸਦੀਵੀ ਵਿਛੋੜਾ ਦੇ ਗਏ। ਉਹ ਅਕਾਲੀ ਮੂਵਮੈਂਟ ‘ਚ ਸ਼ਾਮਲ ਸਨ ਤੇ ਦੋ ਵਾਰ ਜੇਲ੍ਹ ਗਏ।
19 ਅਕਤੂਬਰ 1960 ਨੂੰ ਅਮਰ ਸਿੰਘ ਪੁੱਤਰ ਮੰਗਲ ਸਿੰਘ, ਪਿੰਡ ਘਾਅਵਿੰਡ, ਜਿਲਾ ਲਾਹੌਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਸਿਵਲ ਨਾ ਫੁਰਮਾਨੀ ਲਹਿਰ ‘ਚ ਹਿੱਸਾ ਪਾਇਆ। ਇੱਕ ਸਾਲ ਲਾਹੌਰ ਅਤੇ ਕਸੂਰ ਜੇਲ੍ਹ ਯਾਤਰਾ ਕੀਤੀ।
20 ਅਕਤੂਬਰ 1924 ਨੂੰ ਰਾਮ ਸਿੰਘ, ਪਿੰਡ ਕਾਹੀਨ ਜਿਲਾ ਲਾਹੌਰ ਪੁਲਿਸ ਦੇ ਅਸਹਿ ਤਸ਼ੱਦਦ ਕਰਕੇ ਨਾਭਾ ਬੀੜ ਜੇਲ੍ਹ ‘ਚ ਦਮ ਤੋੜ ਗਏ। ਉਹ ਜੈਤੋਂ ਮੋਰਚਾ-8 ‘ਚ ਸ਼ਾਮਲ ਹੋਏ।
20 ਅਕਤੂਬਰ 1944 ਨੂੰ ਬਲਵੰਤ ਸਿੰਘ ਪੁੱਤਰ ਹਰਬੇਲ ਸਿੰਘ, ਪਿੰਡ ਗੁਜ਼ਰਾ ਮੰਡੀ, ਜਿਲਾ ਲਾਇਲਪੁਰ ਪੁਲਿਸ ਨੇ ਭਗੌੜਾ ਕਹਿ ਕੇ ਗੋਲੀ ਮਾਰ ਸ਼ਹੀਦ ਕਰ ਦਿੱਤਾ। ਉਹ ਅੰਗਰੇਜ਼ ਰਾਜ ਵਿਰੋਧੀ ਸਨ ਅਤੇ ਇੱਕ ਐਸ਼ ਡੀ. ਓ. ਨੂੰ ਵੱਢੀ ਮੰਗਣ ਕਾਰਨ ਮਾਰ ਮੁਕਾਇਆ ਸੀ।
20 ਅਕਤੂਬਰ 1961 ਨੂੰ ਨਛੱਤਰ ਸਿੰਘ ਪੁੱਤਰ ਕੇਹਰ ਸਿੰਘ, ਪਿੰਡ ਘਾਲਿਬ ਕਲਾਂ, ਤਹਿਸੀਲ ਜਗਰਾਉਂ (ਲੁਧਿਆਣਾ) ਸਦੀਵੀ ਵਿਛੋੜਾ ਦੇ ਗਏ। ਉਹ ਆਜ਼ਾਦ ਹਿੰਦ ਫੌਜ ਦੇ ਗੰਨਰ ਸਨ।
21 ਅਕਤੂਬਰ 1914 ਨੂੰ ਮੇਵਾ ਸਿੰਘ ਲੋਪੋਕੇ ਆਜ਼ਾਦੀ ਦੇ ਸੰਗਰਾਮੀ ਯੋਧੇ ਨੇ ਅੰਗਰੇਜ਼ ਅਫਸਰ ਹਾਪਕਿਨ ਨੂੰ ਮਾਰ ਮੁਕਾਇਆ। ਹਾਪਕਿਨ ਗਦਰੀਆਂ ਵਿਰੁੱਧ ਸਾਜਿਸ਼ਾਂ ਤੇ ਤੰਗ ਕਰਦਾ ਸੀ।
21 ਅਕਤੂਬਰ 1924 ਨੂੰ ਜੀਵਾ ਸਿੰਘ ਪੁੱਤਰ ਦੇਵਾ ਸਿੰਘ, ਪਿੰਡ ਪੰਚਾਂਟਾ, ਕਪੂਰਥਲਾ ਰਿਆਸਤ ਪੁਲਿਸ ਤਸ਼ੱਦਦ ਨਾਲ ਦਮ ਤੋੜ ਗਏ। ਉਹ ਜੈਤੋਂ ਮੋਰਚਾ-7 ‘ਚ ਸ਼ਾਮਲ ਸ਼ਾਮਲ ਸਨ।
21 ਅਕਤੂਬਰ 1924 ਨੂੰ ਊਧਮ ਸਿੰਘ ਪੁੱਤਰ ਖੜਕ ਸਿੰਘ ਤੇ ਬੀਬੀ ਚੰਦੇ, ਪਿੰਡ ਬਹਾਲਾ, ਤਹਿਸੀਲ ਊਨਾ (ਹੁਸ਼ਿਆਰਪੁਰ), ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-8 ‘ਚ ਸ਼ਾਮਲ ਹੋਏ।
21 ਅਕਤੂਬਰ 1959 ਨੂੰ ਜਵਾਲਾ ਸਿੰਘ ਪੁੱਤਰ ਹੀਰਾ ਸਿੰਘ, ਪਿੰਡ ਖੁਰਦਪੁਰ, ਜਿਲਾ ਜਲੰਧਰ ਸਦੀਵੀ ਵਿਛੋੜਾ ਦੇ ਗਏ। ਉਹ 1910-1920 ਤੱਕ ਮਨੀਲਾ ਵਿਚ ਕ੍ਰਾਂਤੀਕਾਰੀ ਮੂਵਮੈਂਟ ‘ਚ ਸਰਗਰਮ ਸਨ ਤੇ 1922 ‘ਚ ਦੇਸ਼ ਸੇਵਕ, ਜਲੰਧਰ ਦੇ ਸੰਪਾਦਕ ਰਹੇ। ਦੋ ਸਾਲ ਮੁਲਤਾਨ ਜੇਲ੍ਹ ਯਾਤਰਾ ਕੀਤੀ।
22 ਅਕਤੂਬਰ 1957 ਨੂੰ ਘੁਮੰਡਾ ਸਿੰਘ ਪੁੱਤਰ ਦੇਵਾ ਸਿੰਘ, ਪਿੰਡ ਵੀਰਾਮ, ਤਹਿਸੀਲ ਪੱਟੀ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ ਮੋਰਚੇ ‘ਚ ਸ਼ਮੂਲੀਅਤ ਕੀਤੀ ਪੁਲਿਸ ਵਲੋਂ ਬੇਦਰਦੀ ਨਾਲ ਲਾਠੀਚਾਰਜ ‘ਚ ਜਖਮੀ ਹੋ ਗਏ।
24 ਅਕਤੂਬਰ 1967 ਨੂੰ ਹਰਦਿੱਤ ਸਿੰਘ ਕੋਟ ਫਤੂਹੀ ਥੋੜ੍ਹਾ ਬੀਮਾਰ ਰਹਿਣ ਨਾਲ ਸਦੀਵੀ ਵਿਛੜ ਗਏ। ਦੇਸ਼ ਆਜ਼ਾਦ ਕਰਾਉਣ ਲਈ ਕੈਨੇਡਾ ਤੋਂ ਵਾਪਿਸ ਅਉਂਦਿਆਂ ਸਾਰ ਹੀ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ। ਇੱਕ ਸਾਲ, ਨੌਂ ਮਹੀਨੇ ਬਾਅਦ ਰਿਹਾਈ ਹੋਈ ਤੇ ਜੂਹ ਬੰਦ ਕਰ ਦਿੱਤਾ। ਉਨ੍ਹਾਂ ਗੁਰਦੁਆਰਾ ਸੁਧਾਰ ਲਹਿਰ ‘ਚ, ਅਕਾਲੀ ਲੀਡਰਸ਼ਿਪ ਅਤੇ ਬੱਬਰਾਂ ਨਾਲ ਦੇਸ਼ ਆਜ਼ਾਦੀ ਲਈ ਕੰਮ ਕੀਤਾ।
24 ਅਕਤੂਬਰ 1924 ਨੂੰ ਚੇਤ ਸਿੰਘ ਪੁੱਤਰ ਦੇਵਾ ਸਿੰਘ ਪਿੰਡ ਬੁਡਾਲਾ, ਚੱਕ 71 ਬਚਨ ਸਿੰਘ ਵਾਲਾ, ਜਿਲਾ ਲਾਇਲਪੁਰ ਸਦੀਵੀ ਵਿਛੋੜਾ ਦੇ ਗਏ। ਉਹ ਜੈਤੋਂ ਮੋਰਚਾ-5 ਵਿਚ ਸ਼ਾਮਲ ਸਨ।
25 ਅਕਤੂਬਰ 1923 ਬੱਬਰ ਧੰਨਾ ਸਿੰਘ ਪੁੱਤਰ ਇੰਦਰ ਸਿੰਘ ਬਹਿਬਲਪੁਰ, ਗੜ੍ਹਸ਼ੰਕਰ (ਹੁਸ਼ਿਆਰਪੁਰ) ਸਦੀਵੀ ਵਿਛੋੜਾ ਦੇ ਗਏ। ਮਾਹਿਲਪੁਰ ਵਿਖੇ ਪੁਲਿਸ ਵਲੋਂ ਗ੍ਰਿਫਤਾਰੀ ਸਮੇਂ ਬੰਬ ਬਲਾਸਟ ਕਰਕੇ ਪੁਲਿਸ ਕਪਤਾਨ ਸਮੇਤ 9 ਪੁਲਿਸੀਏ ਮਾਰੇ ਗਏ।
25 ਅਕਤੂਬਰ 1944 ਨੂੰ ਹਜ਼ਾਰਾ ਸਿੰਘ ਪੁੱਤਰ ਬੂਟਾ ਸਿੰਘ, ਪਿੰਡ ਝਾਂਗਲੀਆਣਾ, ਜਿਲਾ ਹੁਸ਼ਿਆਰਪੁਰ, ਲਾਲ ਕਿਲੇ ‘ਚ ਫਾਂਸੀ ਚੜ੍ਹ ਕੇ ਸ਼ਹੀਦੀ ਪਾ ਗਏ। ਉਹ ਆਈ. ਐਨ. ਏ. ਦੇ ਹਵਾਲਦਾਰ ਸਨ। ਦੋਸ਼, ਅੰਗਰੇਜ਼ ਹਕੂਮਤ ਵਿਰੁੱਧ ਲੜੇ।
26 ਅਕਤੂਬਰ 1953 ਨੂੰ ਪ੍ਰਤਾਪ ਸਿੰਘ ਪੁੱਤਰ ਰੂਪ ਚੰਦ ਮਾਤਾ ਮਨਭਰੀ, ਪਿੰਡ ਤੇ ਡਾਕਖਾਨਾ ਨਾਹਰੀ, ਤਹਿਸੀਲ ਸੋਨੀਪਤ ਜਿਲਾ ਰੋਹਤਕ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ ਇੰਡੀਅਨ ਆਰਮੀ ‘ਚੋਂ ਬਦਲ ਕੇ ਸਿੰਘਾਪੁਰ ਰਾਇਲ ਅਟਿਲਰੀ ਵਿਚ ਭੇਜ ਦਿੱਤਾ। ਜਪਾਨੀਆਂ ਨੇ ਫੜ ਲਿਆ, ਬਾਅਦ ‘ਚ ਆਈ. ਐਨ. ਏ. ਭਰਤੀ ਹੋ ਗਏ। ਲੜਾਈ ਦੇ ਕੈਦੀ ਤੇ ਇੱਕ ਸਾਲ ਮੁਲਤਾਨ ਜੇਲ੍ਹ ਦੀ ਯਾਤਰਾ ਕੀਤੀ।
27 ਅਕਤੂਬਰ 1924 ਨੂੰ ਕਰਮ ਸਿੰਘ ਪੁੱਤਰ ਇੰਦਰ ਸਿੰਘ, ਪਿੰਡ ਕੋਟ ਫਤੂਹੀ, ਜਿਲਾ ਹੁਸ਼ਿਆਰਪੁਰ ਨਾਭਾ ਬੀੜ ਜੇਲ੍ਹ ‘ਚ ਨਿਮੋਨੀਆ ਹੋ ਜਾਣ ਕਰਕੇ ਦਮ ਤੋੜ ਗਏ। ਉਹ ਜੈਤੋਂ ਦੇ ਮੋਰਚੇ ‘ਚ ਸ਼ਾਮਲ ਸਨ।
27 ਅਕਤੂਬਰ 1969 ਨੂੰ ਦਰਸ਼ਨ ਸਿੰਘ ਫੇਰੂਮਾਨ ਪੁੱਤਰ ਚੰਦਾ ਸਿੰਘ ਤੇ ਮਾਤਾ ਬੀਬੀ ਰਾਜ ਕੌਰ, ਪਿੰਡ ਫੇਰੂਮਾਨ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚਾ-14 ਦੀ ਜਥੇਦਾਰੀ ਕੀਤੀ, ਕਾਂਗਰਸ ਦੀ ਫਰੰਗੀ ਸਰਕਾਰ ਨਾਲ ਨਾ ਮਿਲਵਰਤਨ ਲਹਿਰ, ਸਿਵਲ ਨਾ-ਫੁਰਮਾਨੀ ਲਹਿਰ 1938 ‘ਚ ਕਿਸਾਨ ਮੋਰਚੇ, 1942 ਦੇ ਭਾਰਤ ਛੱਡੋ ਅੰਦੋਲਨ ਆਦਿ ਹੋਰ ਕਈ ਮੋਰਚਿਆਂ ‘ਚ ਹਿੱਸਾ ਲਿਆ। 1952 ਤੋਂ 1964 ਤੱਕ ਰਾਜ ਸਭਾ ਮੈਂਬਰ ਰਹੇ ਅਤੇ ਸੁਤੰਤਰ ਪਾਰਟੀ ‘ਚ ਸ਼ਾਮਲ ਕਈ ਵਰ੍ਹੇ ਜੇਲ੍ਹ ਯਾਤਰਾ ਕੀਤੀ। ਦੇਸ਼ ਸਮਾਜ ਅਤੇ ਕੌਮ ਦੀ ਬਿਹਤਰੀ ਲਈ 1969 ‘ਚ ਜੇਲ੍ਹ ‘ਚ ਮਰਨ ਵਰਤ ਰੱਖਿਆ 74 ਦਿਨ ਬਾਅਦ ਸ਼ਹੀਦ ਹੋ ਗਏ।
30 ਅਕਤੂਬਰ 1924 ਨੂੰ ਕਰਤਾਰ ਸਿੰਘ ਪੁੱਤਰ ਦੱਲ ਸਿੰਘ, ਪਿੰਡ ਕੋਟਲਾ ਸੂਰਜ ਮੱਲ, ਨਕੋਦਰ, ਜਿਲਾ ਜਲੰਧਰ ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਮੋਰਚਾ-7 ‘ਚ ਹਿੱਸਾ ਲਿਆ।
30 ਅਕਤੂਬਰ 1948 ਨੂੰ ਨੰਦ ਸਿੰਘ ਪੁੱਤਰ ਰੂੜ ਸਿੰਘ (ਅੰਮ੍ਰਿਤਸਰ) ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ, ਨੌਂ ਮਹੀਨੇ ਜੇਲ੍ਹ ਯਾਤਰਾ, ਇੱਕ ਹਜ਼ਾਰ ਰੁਪੱਈਆ ਜੁਰਮਾਨਾ ਅਤੇ ਭਾਰਤ ਛੱਡੋ ਅੰਦੋਲਨ ‘ਚ ਡੀ. ਆਈ. ਆਰ. ਕਾਨੂੰਨ ਹੇਠ ਦੋ ਸਾਲ ਕੈਦ ਹੋਈ।
31 ਅਕਤੂਬਰ 1924 ਨੂੰ ਆਤਮਾ ਸਿੰਘ ਪਿੰਡ ਡੇਰਾ ਬਾਬਾ ਨਾਨਕ (ਅੰਮ੍ਰਿਤਸਰ) ਨਾਭਾ ਬੀੜ ਜੇਲ੍ਹ ‘ਚ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ।
31 ਅਕਤੂਬਰ 1924 ਨੂੰ ਬਿਸ਼ਨ ਸਿੰਘ ਪੁੱਤਰ ਭਾਨ ਸਿੰਘ ਤੇ ਮਾਤਾ ਸਾਹਿਬ ਕੌਰ ਪਿੰਡ ਰੂਮੀ ਜਿਲਾ ਲੁਧਿਆਣਾ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਜੈਤੋਂ ਮੋਰਚਾ-14 ‘ਚ ਸ਼ਮੂਲੀਅਤ ਕੀਤੀ।
ਅਕਤੂਬਰ ਮਹੀਨੇ ਦੇ ਹੋਰ ਸੰਗਰਾਮੀਏ ਅਤੇ ਸ਼ਹੀਦ:
ਕਾਮਾਗਾਟਾ ਮਾਰੂ ਜਹਾਜ ਹੁਗਲੀ ਦਰਿਆ ‘ਚ ਬੱਜ ਬੱਜ ਘਾਟ (ਕਲਕੱਤਾ) ਦੇ ਨੇੜੇ 27 ਸਤੰਬਰ 1914 ਨੂੰ ਕੈਨੇਡਾ ਤੋਂ ਵਾਪਿਸ ਪਹੁੰਚ ਗਿਆ ਸੀ। ਫਰੰਗੀ ਸਰਕਾਰ ਦੀ ਪੁਲਿਸ ਨੇ ਉਤਰ ਰਹੇ ਯਾਤਰੀਆਂ ਉਪਰ ਗੋਲੀਆਂ ਦੀਆਂ ਬੁਛਾੜਾਂ ਕਰ ਦਿੱਤੀਆਂ, ਜਿਸ ਦੇ ਨਤੀਜੇ ਵਜੋਂ 20 ਯਾਤਰੀ ਮੌਕੇ ‘ਤੇ ਸ਼ਹੀਦ ਹੋ ਗਏ ਤੇ ਸੈਂਕੜੇ ਜਖਮੀ ਹੋਏ। ਗੋਲੀਕਾਂਡ ਪਿਛੋਂ ਜਖਮੀਆਂ ਨੂੰ ਅਕਤੂਬਰ ਮਹੀਨੇ ਦੀ ਪਹਿਲੀ ਤੋਂ 14 ਤਰੀਖ ਤੱਕ ਜੇਲ੍ਹ ‘ਚ ਭੇਜ ਦਿੱਤਾ ਗਿਆ, ਜੋ ਬਾਅਦ ‘ਚ ਗਦਰ ਲਹਿਰ ਦਾ ਹਿੱਸਾ ਬਣ ਕੇ ਅੰਗਰੇਜ਼ ਰਾਜ ਦਾ ਤਖਤਾ ਪਲਟਣ ਵਿਚ ਸਹਾਈ ਹੋਏ।
ਅਕਤੂਬਰ 1893 ਨੂੰ ਸੰਤ ਧੌਂਕਲ ਸਿੰਘ ਨਾਮਧਾਰੀ (ਕੂਕਾ ਸਿੰਘ) ਪੁੱਤਰ ਚੌਧਰੀ ਗਰੇਵਾਲ ਦੇਵਾ ਸਿੰਘ ਅਤੇ ਮਾਤਾ ਇੰਦ ਕੌਰ, ਪਿੰਡ ਕਿਲ੍ਹਾ ਰਾਏਪੁਰ ਕਾਲੇ ਪਾਣੀ (ਅੰਡੇਮਾਨ) ਜੇਲ੍ਹ ‘ਚ ਸਜ਼ਾ ਕੱਟਦੇ ਸ਼ਹੀਦੀ ਜਾਮ ਪੀ ਗਏ। ਉਹ ਮੋਰਿੰਡਾ ਕਤਲ ਕੇਸ ‘ਚ ਸ਼ਾਮਲ ਸਨ, ਜੋ ਬੁੱਚੜਖਾਨਿਆਂ ਦੇ ਵਿਰੋਧ ਵਾਪਰਿਆ ਸੀ। ਉਹ ਅਤੇ ਸੰਤ ਚੜਤ ਸਿੰਘ ਮਹਿੰਮਾ ਸਿੰਘ ਵਾਲਾ ਨੇ ਸਾਹਵੇ ਚੌਧਰੀ ਨੂੰ ਵੀ ਕੂਕਾ ਲਹਿਰ ਦੀ ਪਵਿਤਰਤਾ ‘ਚ ਖਲਲ ਪਾਉਣ ਕਰਕੇ ਛਿੱਤਰਾਂ ਨਾਲ ਕੁੱਟਿਆ ਸੀ। ਸੈਂਢੇ ਗੱਦਾਰ ਦੀ ਗੱਦਾਰੀ ਕਰਕੇ ਪੁਲਿਸ ਨੇ ਪਿੰਜਰੇ ‘ਚ ਪਾ ਕੇ ਕਾਲੇ ਪਾਣੀ ਭੇਜਿਆ ਸੀ।
ਅਕਤੂਬਰ 1918 ਨੂੰ ਬੀਬੀ ਜੋਗਿੰਦਰ ਕੌਰ ਪਤਨੀ ਸੁਰਜਣ ਸਿੰਘ ਨਾਮਧਾਰੀ ਪਰਿਵਾਰ ਨਾਲ ਸਬੰਧਤ ਪਿੰਡ ਮੁਠੱਡੇ, ਜਿਲਾ ਜਲੰਧਰ ਜਨਮੇ, ਬੀਮਾਰੀ ਕਾਰਨ ਆਪਣੇ ਭੁਝੰਗੀ ਸਮੇਤ ਇੱਕ ਦਿਨ ਦੇ ਵਕਫੇ ਨਾਲ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਦੇ ਰੋਹਬ ਅਤੇ ਦਬਕੇ ਤੋਂ ਪੁਲਿਸ ਵੀ ਕੰਬਦੀ ਸੀ। ਸੁਰਜਣ ਸਿੰਘ ਅਤੇ ਪਿਤਾ ਮਹਾਂ ਸਿੰਘ ਪੁੱਤਰ ਚੈਨ ਸਿੰਘ ਅੰਗਰੇਜ਼ ਸਰਕਾਰ ਦੇ ਬਾਗੀ ਸਨ, ਜੋ ਕੂਕਾ ਲਹਿਰ ਦੇ ਸੰਗਰਾਮੀ ਸਨ। ਉਨ੍ਹਾਂ ਦੇ ਪਰਿਵਾਰ ਦੀਆਂ ਤਿੰਨ ਪੀੜ੍ਹੀਆਂ ਅੰਗਰੇਜ਼ ਰਾਜ ਵਿਰੁੱਧ ਡਟ ਕੇ ਲੜੇ ਸਨ।
ਅਕਤੂਬਰ 1924 ਨੂੰ ਊਧਮ ਸਿੰਘ, ਪਿੰਡ ਭਲੋਹ, ਤਹਿਸੀਲ ਊਨਾ, ਜਿਲਾ ਹੁਸ਼ਿਆਰਪੁਰ ਉਨ੍ਹਾਂ ਜੈਤੋਂ ਦੇ ਮੋਰਚਾ-4 ‘ਚ ਸ਼ਮੂਲੀਅਤ ਤੇ ਨਾਭਾ ਬੀੜ ‘ਚ ਦਮ ਤੋੜ ਗਏ।
ਅਕਤੂਬਰ 1929 ਨੂੰ ਮੰਧੂ ਪੁੱਤਰ ਚੋਗੇਟਾ, ਪਿੰਡ ਗੁੰਮਨਪੁਰ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਨੂੰ 1919 ਦੇ ਮਾਰਸ਼ਲ ਕਾਨੂੰਨ ਹੇਠ ਤਿੰਨ ਸਾਲ ਕੈਦ ਹੋਈ, ਪਰ ਨੌਂ ਮਹੀਨੇ ਹੀ ਕੱਟਣੀ ਪਈ।
ਅਕਤੂਬਰ 1944 ਮੇਹਰਬਾਨ ਖਾਨ, ਪਿੰਡ ਰੰਬਸ, ਜਿਲਾ ਕਰਨਾਲ ਕਲੇਵਾ ਕਾਂਡ ਦੇ ਬੰਬ ਅਟੈਕ ‘ਚ ਸ਼ਹੀਦ ਹੋਏ। ਉਹ ਇੰਡੀਅਨ ਫੌਜ ਅਤੇ ਅਜ਼ਾਦ ਹਿੰਦ ਫੌਜ ਦੇ ਤੀਸਰੇ ਗੁਰੀਲਾ ਗਰੁੱਪ ‘ਚ ਲੈਸ ਨਾਇਕ ਸਨ।
ਅਕਤੂਬਰ 1944 ਨੂੰ ਹੁਸੈਨ ਅਲੀ, ਪਿੰਡ ਚੋਨਾ ਸੈਂਦਾਂ ਸ਼ਾਹ, ਜਿਲਾ ਜੇਹਲਮ ਸਦੀਵੀ ਵਿਛੋੜਾ ਦੇ ਗਏ। ਉਹ ਭਾਰਤੀ ਫੌਜ ਤੇ ਅਜ਼ਾਦ ਹਿੰਦ ਫੌਜ ਦੇ ਲੈਸ ਨਾਇਕ ਸਨ।
ਅਕਤੂਬਰ 1944 ਨੂੰ ਖਾਲਸ ਖਾਨ, ਪਿੰਡ ਬਸੀਨ, ਜਿਲਾ ਜੇਹਲਮ ਹਸਪਤਾਲ ਵਿਚ ਦਮ ਤੋੜ ਗਏ। ਉਹ ਅਜ਼ਾਦ ਹਿੰਦ ਫੌਜ ਦੇ ਸਿਪਾਹੀ ਸਨ।
ਅਕਤੂਬਰ 1948 ਨੂੰ ਗੁਰਮੁੱਖ ਸਿੰਘ ਪੁੱਤਰ ਫੁੰਮਣ ਸਿੰਘ ਮਾਤਾ ਰਤਨ ਕੌਰ ਪਿੰਡ ਬਿਲਾਸਪੁਰ ਤਹਿਸੀਲ ਮੋਗਾ ਜਿਲਾ ਫਿਰੋਜਪੁਰ ਸਦੀਵੀ ਵਿਛੋੜਾ ਦੇ ਗਏ। ਉਹ ਨੇ ਜੈਤੋਂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਤੇ ਨਾਭਾ ਬੀੜ ਜੇਲ੍ਹ ‘ਚ 19 ਮਹੀਨੇ ਯਾਤਰਾ ਕੀਤੀ।
ਅਕਤੂਬਰ 1950 ਰਾਮ ਸਿੰਘ ਪੁੱਤਰ ਖੁਸ਼ਹਾਲ ਸਿੰਘ, ਪਿੰਡ ਮੂਧਲ, ਜਿਲਾ ਅੰਮ੍ਰਿਤਸਰ ਸਦੀਵੀ ਵਿਛੜ ਗਏ। ਉਹ ਗੁਰੂ ਕੇ ਬਾਗ ਅਤੇ ਭਾਈ ਫੇਰੂ ਮੋਰਚੇ ਸ਼ਾਮਲ ਹੋਏ। ਦੋ ਸਾਲ ਜੇਲ੍ਹ 200 ਰੁਪਏ ਜੁਰਮਾਨਾ ਹੋਇਆ ਤੇ ਕੈਂਪਵੈਲ ਤੇ ਮੁਲਤਾਨ ਜੇਲ੍ਹ ਦੀ ਯਾਤਰਾ ਕੀਤੀ।
ਅਕਤੂਬਰ 1952 ਨੂੰ ਰਿਖੀ ਰਾਮ ਪੁੱਤਰ ਰੰਜੂ ਰਾਮ ਅਤੇ ਮਾਤਾ ਦੇਵਕੀ ਦੇਵੀ ਪਿੰਡ ਟਿੱਕਰੀ ਜੈ ਸਿੰਘ ਪੁਰ, ਤਹਿਸੀਲ ਪਾਲਿਮਪੁਰ, ਜਿਲਾ ਕਾਂਗੜਾ ਸਦੀਵੀ ਵਿਛੜ ਗਏ। ਉਹ ਇੰਡੀਅਨ ਆਰਮੀ ਤੇ ਅਜ਼ਾਦ ਹਿੰਦ ਫੌਜ ‘ਚ ਸਨ। ਸਿੰਘਾਪੁਰ ਮਲਾਇਆ ਦੀ ਡੋਗਰਾ ਰੈਜੀਮੈਂਟ ‘ਚ ਹਾਜ਼ਰੀ ਸੀ।
ਅਕਤੂਬਰ 1955 ਨੂੰ ਅਨੂਪ ਸਿੰਘ ਪੁੱਤਰ ਪਾਲ ਸਿੰਘ ਤੇ ਮਾਤਾ ਬੀਬੀ ਸੰਤ ਕੌਰ, ਪਿੰਡ ਨਾਗੋਕੇ ਤਹਿਸੀਲ ਤਰਨ ਤਾਰਨ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ, ਉਹ ਨੇ ਫੇਰੂ ਦੇ ਮੋਰਚੇ ‘ਚ ਸ਼ਮੂਲੀਅਤ ਕੀਤੀ ਅਤੇ ਮੁਲਤਾਨ ਜੇਲ੍ਹ ‘ਚ ਛੇ ਮਹੀਨੇ ਕੱਟੇ।
ਅਕਤੂਬਰ 1959 ਨੂੰ ਬੱਲ ਸਿੰਘ ਪੁੱਤਰ ਸ਼ੇਰ ਸਿੰਘ, ਪਿੰਡ ਭਿੱਟੇਵਾਲ ਵਡਾਲਾ ਖੁਰਦ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। 1922 ਅਕਾਲੀ ਮੂਵਮੈਂਟ ‘ਚ ਸ਼ਮੂਲੀਅਤ ਕੀਤੀ ਛੇ ਮਹੀਨੇ ਅੰਮ੍ਰਿਤਸਰ ਜੇਲ੍ਹ ਦੀ ਯਾਤਰਾ ਕੀਤੀ ਤੇ 200 ਰੁਪਏ ਜੁਰਮਾਨਾ ਦਿੱਤਾ।
ਅਕਤੂਬਰ 1963 ਨੂੰ ਕਰਮ ਸਿੰਘ ਪੁੱਤਰ ਗੰਡਾ ਸਿੰਘ ਤੇ ਬੀਬੀ ਬੁੱਧਾਂ, ਪਿੰਡ ਮੀਂਹਾਲਾ ਜੈ ਸਿੰਘ, ਜਿਲਾ ਅੰਮ੍ਰਿਤਸਰ ਸਦੀਵੀ ਵਿਛੋੜਾ ਦੇ ਗਏ। ਉਨ੍ਹਾਂ ਗੁਰੂ ਕੇ ਬਾਗ਼ ਦੇ ਮੋਰਚੇ ‘ਚ ਹਿੱਸਾ ਲਿਆ ਅਤੇ ਕੈਂਪਾਵੈੱਲ ਦੀ ਜੇਲ੍ਹ ‘ਚ ਦਸ ਮਹੀਨੇ ਰਹੇ।
ਲੰਬੀਆਂ ਜੇਲ੍ਹਾਂ, ਬੇਰਹਿਮ ਤਸ਼ੱਦਦ, ਅਣਮਨੁੱਖੀ ਵਿਹਾਰ ਅਤੇ ਫਾਂਸੀਆਂ ਦੇ ਤਖਤਿਆਂ ‘ਤੇ ਹੱਸ ਹੱਸ ਚੜ੍ਹ ਜਾਣ ਦੀਆਂ ਕਹਾਣੀਆਂ ਵੱਲ ਜਦੋਂ ਧਿਆਨ ਜਾਂਦਾ ਹੈ ਤਾਂ ਲੱਗਦਾ ਹੈ ਕਿ ਆਜ਼ਾਦੀ ਦੇ ਪ੍ਰਵਾਨੇ ਸਾਡੇ ਕੰਨਾਂ ‘ਚ ਕਹਿ ਰਹੇ ਹਨ, “ਜਦੋਂ ਤੁਸੀਂ ਘਰ ਜਾਵੋਗੇ ਤਾਂ ਸਾਰਿਆਂ ਨੂੰ ਦੱਸਣਾ ਕਿ ਅਸੀਂ ਆਪਣਾ ਅੱਜ ਤੁਹਾਡੇ ਭਵਿੱਖ ਦੇ ਲੇਖੇ ਲਾ ਦਿੱਤਾ ਹੈ।” (ਅੰਡੇਮਾਨ ਤੋਂ ਗਦਰੀ ਬਾਬੇ)
—
ਤਰਲਿਆਂ ਨਾਲ ਨਾ ਰਾਜ ਮਿਲਦੇ
ਜਿਚਰ ਜੰਗ ਮੈਦਾਨ ਤਪਾਈਏ ਨਾ।
ਬਾਜ਼ੀ ਸਿਰਾਂ ਤੇ ਧੜਾਂ ਦੀ ਲਾਵੀਏ ਨਾ
ਜੇਲ੍ਹਾਂ ਫਾਂਸੀਆਂ ਪਰ ਲਟਕ ਜਾਈਏ ਨਾ।
-ਭਾਈ ਭਗਵਾਨ ਸਿੰਘ ‘ਪ੍ਰੀਤਮ’
—
“ਸਰਫਰੋਸ਼ੀ ਦੀ ਤਮੰਨਾ ਦਿਲ ‘ਚ ਨਾ ਰਹਿ ਜਾਏ ਕਿਤੇ,
ਇਹ ਸੋਚ ਕੇ ਅਹਿਲੇ ਵਤਨ ਰਾਹੇ ਸ਼ਹਾਦਤ ਪੈ ਗਏ।”
-ਡਾ. ਗੁਰੂਮੇਲ ਸਿੱਧੂ
ਇੰਡੋ-ਅਮੈਰੀਕਨ ਹੈਰੀਟੇਜ ਫਾਊਂਡੇਸ਼ਨ, ਨਿਊ ਯਾਰਕ ਵਲੋਂ ਉਨ੍ਹਾਂ ਸਾਰੇ ਭੈਣਾਂ, ਭਰਾਵਾਂ ਅਤੇ ਦੋਸਤਾਂ ਨੇ ਜੰਗ-ਏ-ਆਜ਼ਾਦੀ ਦੇ ਸੂਰਬੀਰ ਯੋਧਿਆਂ, ਸ਼ਹੀਦਾਂ ਤੇ ਸੰਗਰਾਮੀਆਂ ਬਾਰੇ ਦੱਸਣ ਲਈ ਯੋਗਦਾਨ ਪਾਇਆ ਅਤੇ ਅਕਤੂਬਰ ਮਹੀਨੇ ਦੀ ਲੜੀ ਨੂੰ ਪੂਰਾ ਕਰਨ ਲਈ ਹੌਂਸਲਾ ਦਿੱਤਾ, ਧੰਨਵਾਦ ਕਰਦੇ ਹਾਂ। ਅੱਗੇ ਤੋਂ ਵੀ ਸਾਥ ਲਈ ਆਸਵੰਦ ਹਾਂ।
ਦੇਸ਼ ਭਗਤਾਂ, ਸੰਗਰਾਮੀਆਂ ਅਤੇ ਸ਼ਹੀਦਾਂ ਦੇ ਜੀਵਨ ਦਰਸ਼ਨ ਕਰਾਉਣ ਦੇ ਯਤਨ ਜਾਰੀ ਹਨ।
ਬੇਨਤੀ ਹੈ ਕਿ ਆਜ਼ਾਦੀ ਦੇ ਇਤਿਹਾਸ ਦਾ ਵੇਰਵਾ ਕਦੀ ਵੀ ਪੂਰਾ ਨਹੀਂ ਕੀਤਾ ਜਾ ਸਕਦਾ, ਜੇ ਕਿਸੇ ਕੋਲ ਭੁੱਲੇ ਵਿਸਰੇ ਸੰਗਰਾਮੀਆਂ ਯੋਧਿਆਂ ਜਾਂ ਸ਼ਹੀਦਾਂ ਦੀ ਜਾਣਕਾਰੀ ਹੋਵੇ ਤਾਂ ਸਾਡੇ ਨਾਲ ਫੋਨ: 1-347-753-5940 ਰਾਹੀਂ ਸਾਂਝੀ ਕੀਤੀ ਜਾ ਸਕਦੀ ਹੈ ਤਾਂ ਜੋ ਉਨ੍ਹਾਂ ਨੂੰ ਇਤਿਹਾਸ ਨਾਲ ਜੋੜ ਕੇ ਕੁਰਬਾਨੀਆਂ ਦਾ ਰਿਣ ਉਤਾਰਿਆ ਜਾ ਸਕੇ। (ਨੋਟ: ਫੋਨ ਨਾ ਚੁੱਕ ਹੋਣ ‘ਤੇ ਮੈਸੇਜ਼ ਛੱਡ ਦੇਵੋ)