ਹਾਥਰਸ ਕਾਂਡ ਨੇ ਯੋਗੀ ਸਰਕਾਰ ਦੀ ਨਾਲਾਇਕੀ ‘ਤੇ ਖੜ੍ਹੇ ਕੀਤੇ ਸਵਾਲ

ਨਵੀਂ ਦਿੱਲੀ: ਉਤਰ ਪ੍ਰਦੇਸ਼ ਵਿਚ ਹਾਥਰਸ ਜ਼ਿਲ੍ਹੇ ਵਿਚ ਸਮੂਹਿਕ ਜਬਰ ਜਨਾਹ ਦੀ ਸ਼ਿਕਾਰ ਹੋਈ 19 ਸਾਲਾ ਲੜਕੀ ਦੀ ਇਲਾਜ ਦੌਰਾਨ ਮੌਤ ਪਿੱਛੋਂ ਪੁਲਿਸ ਵਲੋਂ ਉਸ ਦੇ ਜਬਰੀ ਸਸਕਾਰ ਦੇ ਮਾਮਲੇ ਨੇ ਪੂਰੇ ਮੁਲਕ ਨੂੰ ਹਿਲਾ ਕੇ ਰੱਖ ਦਿੱਤਾ ਹੈ। ਸੂਬੇ ਵਿਚ ਇਸ ਦਰਿੰਦਗੀ ਵਾਲੇ ਕਾਰੇ ਖਿਲਾਫ ਰੋਹ ਭਖਿਆ ਹੋਇਆ ਹੈ। ਆਮ ਲੋਕਾਂ ਦੇ ਨਾਲ ਸਿਆਸੀ ਧਿਰਾਂ ਵੀ ਪੀੜਤ ਪਰਿਵਾਰ ਲਈ ਇਨਸਾਫ ਲਈ ਸੜਕਾਂ ਉਤੇ ਹਨ।

ਪੁਲਿਸ ਇਸ ਗੱਲ ਦਾ ਜਵਾਬ ਦੇਣ ਵਿਚ ਨਾਕਾਮ ਹੈ ਕਿ ਆਖਰ ਅੱਧੀ ਰਾਤ ਨੂੰ ਮਾਪਿਆਂ ਤੋਂ ਬਿਨਾ ਸਸਕਾਰ ਕਰਨ ਪਿੱਛੇ ਕੀ ਮਜਬੂਰੀ ਸੀ। ਮਾਤਾ-ਪਿਤਾ ਅਤੇ ਭਰਾ ਨੂੰ ਲੜਕੀ ਦਾ ਮੂੰਹ ਤੱਕ ਨਹੀਂ ਦੇਖਣ ਦਿੱਤਾ ਗਿਆ। ਪ੍ਰਸ਼ਾਸਨ ਮੀਡੀਆ ਸਾਹਮਣੇ ਸਭ ਕੁਝ ਠੀਕ ਹੋਣ ਦਾ ਪ੍ਰਭਾਵ ਦੇਣ ਵਿਚ ਰੁੱਝਾ ਹੋਇਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਗ੍ਰਿਫਤਾਰ ਕੀਤੇ ਜਾ ਚੁੱਕੇ ਹਨ ਅਤੇ ਜਾਂਚ ਜਾਰੀ ਹੈ ਪਰ ਵਧੀਕ ਡੀ.ਜੀ.ਪੀ. ਨੇ ਫੋਰੈਂਸਿਕ ਰਿਪੋਰਟ ਦੇ ਹਵਾਲੇ ਨਾਲ ਇਹ ਕਿਹਾ ਹੈ ਕਿ ਲੜਕੀ ਨਾਲ ਜਬਰ ਜਨਾਹ ਨਹੀਂ ਹੋਇਆ।
ਇਸ ਕੇਸ ਨੂੰ ਲੈ ਕੇ ਸਭ ਪਾਸੇ ਤੋਂ ਸੂਬੇ ਦੀ ਅਦਿੱਤਿਆਨਾਥ ਯੋਗੀ ਦੀ ਸਰਕਾਰ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
14 ਸਤੰਬਰ ਨੂੰ ਦਰਿੰਦਿਆਂ ਨੇ ਸਮੂਹਿਕ ਜਬਰ ਜਨਾਹ ਕਰਕੇ ਇਸ ਲੜਕੀ ਦੀ ਰੀੜ੍ਹ ਦੀ ਹੱਡੀ ਤੋੜ ਦਿੱਤੀ ਸੀ ਅਤੇ ਉਸ ਦੀ ਜੀਭ ਵੀ ਕੱਟ ਦਿੱਤੀ ਸੀ। 16 ਦਿਨ ਤੱਕ ਉਹ ਲੜਕੀ ਪਹਿਲਾਂ ਅਲੀਗੜ੍ਹ ਦੇ ਮੈਡੀਕਲ ਕਾਲਜ ਦੇ ਹਸਪਤਾਲ ਵਿਚ ਦਾਖਲ ਰਹੀ ਅਤੇ ਬਾਅਦ ਵਿਚ ਉਸ ਨੂੰ ਦਿੱਲੀ ਦੇ ਸਫਦਰਗੰਜ ਹਸਪਤਾਲ ਵਿਚ ਲਿਜਾਇਆ ਗਿਆ, ਜਿਥੇ ਉਸ ਦੀ ਮੌਤ ਹੋ ਗਈ।
ਜੇਕਰ ਅੰਕੜਿਆਂ ਦੀ ਗੱਲ ਕਰੀਏ ਤਾਂ ਉਤਰ ਪ੍ਰਦੇਸ਼ ਇਕ ਅਜਿਹਾ ਸੂਬਾ ਹੈ ਜੋ ਅਜਿਹੀਆਂ ਵਾਰਦਾਤਾਂ ਕਰਕੇ ਅੱਜ ਦੇਸ਼ ਵਿਚ ਪਹਿਲੇ ਨੰਬਰ ਉਤੇ ਆ ਚੁੱਕਾ ਹੈ। ਪਿਛਲੇ ਅਗਸਤ ਦੇ ਮਹੀਨੇ ਵਿਚ ਵੀ ਇਥੇ ਦੇ ਮਹਾਰਾਜਗੰਜ ਜ਼ਿਲ੍ਹੇ ਦੀ ਇਕ ਬਾਰਾਂ ਸਾਲਾਂ ਦੀ ਮਾਸੂਮ ਬੱਚੀ ਨਾਲ ਜਬਰ ਜਨਾਹ ਕਰਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਅਗਸਤ ਦੇ ਮਹੀਨੇ ਵਿਚ ਬੁਲੰਦ ਸ਼ਹਿਰ ਵਿਚ ਇਕ ਅਮਰੀਕਾ ਪੜ੍ਹਨ ਜਾ ਰਹੀ ਲੜਕੀ ਨਾਲ ਛੇੜਛਾੜ ਦੀ ਘਟਨਾ ਵਾਪਰੀ ਸੀ। ਆਪਣਾ ਬਚਾਅ ਕਰਦੀ ਉਸ ਲੜਕੀ ਨਾਲ ਵਾਪਰੇ ਹਾਦਸੇ ਕਰਕੇ ਉਸ ਦੀ ਮੌਤ ਹੋ ਗਈ ਸੀ। 16 ਅਗਸਤ ਨੂੰ ਉੱਤਰ ਪ੍ਰਦੇਸ਼ ਦੇ ਹੀ ਲਖੀਮਪੁਰ ਖੀਰੀ ਜ਼ਿਲ੍ਹੇ ਵਿਚ ਇਕ 13 ਸਾਲਾ ਲੜਕੀ ਦੀ ਜਬਰ ਜਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਗਈ ਸੀ। ਹਾਲੇ ਹਾਥਰਸ ਸਮੂਹਿਕ ਜਬਰ ਜਨਾਹ ਦਾ ਹਾਦਸਾ ਵਾਪਰ ਹੀ ਰਿਹਾ ਸੀ ਕਿ ਉੱਤਰ ਪ੍ਰਦੇਸ਼ ਦੇ ਹੀ ਬਲਰਾਮਪੁਰ ਵਿਚ ਅਜਿਹੀ ਹੀ ਇਕ ਹੋਰ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ। ਇਥੇ ਦੋਸ਼ੀਆਂ ਨੇ ਇਕ 22 ਸਾਲਾ ਵਿਦਿਆਰਥਣ ਨਾਲ ਕਈ ਘੰਟਿਆਂ ਤੱਕ ਜਬਰ ਜਨਾਹ ਕਰਨ ਤੋਂ ਬਾਅਦ ਬੇਰਹਿਮੀ ਨਾਲ ਉਸ ਦੀ ਕੁੱਟਮਾਰ ਕੀਤੀ। ਦੋਸ਼ੀਆਂ ਨੇ ਇਹ ਵਾਰਦਾਤ ਕਰਨ ਪਿੱਛੋਂ ਪੀੜਤਾ ਨੂੰ ਰਿਕਸ਼ੇ ‘ਤੇ ਬਿਠਾ ਕੇ ਉਸ ਦੇ ਘਰ ਭੇਜ ਦਿੱਤਾ। ਘਰ ਪਹੁੰਚਣ ਤੋਂ ਕੁਝ ਦੇਰ ਬਾਅਦ ਹੀ ਉਸ ਦੀ ਮੌਤ ਹੋ ਗਈ। ਲੜਕੀ ਨੇ ਮਰਨ ਤੋਂ ਪਹਿਲਾਂ ਆਪਣੀ ਮਾਂ ਨੂੰ ਦੱਸਿਆ ਸੀ ਕਿ ਦੋਸ਼ੀਆਂ ਨੇ ਉਸ ਨੂੰ ਟੀਕਾ ਲਗਾ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ।
ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਇਸ ਪ੍ਰਦੇਸ਼ ਵਿਚ ਵਿਗੜ ਰਹੀ ਅਮਨ ਅਤੇ ਕਾਨੂੰਨ ਦੀ ਸਥਿਤੀ ਦਾ ਖੁਲਾਸਾ ਕੀਤਾ ਹੈ। ਇਸ ਦਾ ਅਸਰ ਸੂਬਾ ਸਰਕਾਰ ‘ਤੇ ਪੈਣਾ ਲਾਜ਼ਮੀ ਹੈ। ਹਾਥਰਸ ਸਮੂਹਿਕ ਜਬਰ ਜਨਾਹ ਦੀ ਪੀੜਤਾ 16 ਦਿਨ ਤੱਕ ਜ਼ਿੰਦਗੀ ਅਤੇ ਮੌਤ ਦਰਮਿਆਨ ਹੀ ਲਟਕਦੀ ਰਹੀ ਸੀ। ਇਸ ਸਾਰੇ ਸਮੇਂ ਦੌਰਾਨ ਪੁਲਿਸ ਨੇ ਦੋਸ਼ੀਆਂ ਖਿਲਾਫ ਸਖਤ ਧਾਰਾਵਾਂ ਲਗਾਉਣ ਤੋਂ ਆਨਾਕਾਨੀ ਕੀਤੀ ਸੀ। ਬਾਅਦ ਵਿਚ ਲਗਾਤਾਰ ਦਬਾਅ ਵਧਣ ਕਰਕੇ ਉਸ ਨੇ ਗੰਭੀਰ ਧਾਰਾਵਾਂ ਅਧੀਨ ਸਾਰੇ ਕੇਸ ਦਰਜ ਕੀਤੇ ਸਨ। ਦਿੱਲੀ ਵਿਚ ਵਾਪਰੇ ਨਿਰਭੈਆ ਕਾਂਡ ਤੋਂ ਬਾਅਦ ਸੰਸਦ ਨੇ ਅਜਿਹੇ ਅਪਰਾਧਾਂ ਸਬੰਧੀ ਕਾਨੂੰਨਾਂ ਨੂੰ ਬੇਹੱਦ ਸਖਤ ਕਰ ਦਿੱਤਾ ਸੀ ਤਾਂ ਜੋ ਅਜਿਹੇ ਜੁਰਮ ਕਰਨ ਵਾਲੇ ਅਪਰਾਧੀਆਂ ਦੇ ਮਨਾਂ ਅੰਦਰ ਡਰ ਪੈਦਾ ਹੋਵੇ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਅੱਜ ਵੀ ਅਜਿਹੇ ਕਾਰੇ ਕਰਨ ਵਾਲਿਆਂ ਦੇ ਮਨਾਂ ‘ਚ ਸਖਤ ਕਾਨੂੰਨਾਂ ਦਾ ਭੈਅ ਦਿਖਾਈ ਨਹੀਂ ਦਿੰਦਾ।