ਭਾਜਪਾ ਆਗੂਆਂ ਅਤੇ ਕਾਰਪੋਰੇਟ ਘਰਾਣਿਆਂ ਦੀ ਚੁਫੇਰਿਉਂ ਘੇਰਾਬੰਦੀ

ਅੰਮ੍ਰਿਤਸਰ: ਖੇਤੀ ਕਾਨੂੰਨਾਂ ਖਿਲਾਫ ਕਿਸਾਨ ਜਥੇਬੰਦੀਆਂ ਵਲੋਂ ਕੀਤੇ ਜਾ ਰਹੇ ਸੰਘਰਸ਼ ਤਹਿਤ ਭਾਜਪਾ ਆਗੂਆਂ ਦੀ ਘੇਰਾਬੰਦੀ ਕਾਰਨ ਪੰਜਾਬ ਵਿਚ ਭਾਜਪਾ ਆਗੂਆਂ ਦੀਆਂ ਗਤੀਵਿਧੀਆਂ ਠੱਪ ਹੋ ਗਈਆਂ ਹਨ। ਰਾਜ ਸਭਾ ਮੈਂਬਰ ਸ਼ਵੇਤ ਮਲਿਕ ਦੇ ਘਰ ਦੇ ਬਾਹਰ ਅਣਮਿਥੇ ਸਮੇਂ ਲਈ ਧਰਨੇ ਉਤੇ ਬੈਠੇ ਕਿਸਾਨ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਖੇਤੀ ਕਾਨੂੰਨਾਂ ਖਿਲਾਫ 31 ਕਿਸਾਨ ਜਥੇਬੰਦੀਆਂ ਦੇ ਸੱਦੇ ਉਤੇ ਭਾਜਪਾ ਆਗੂਆਂ ਖਿਲਾਫ ਦਿੱਤੇ ਜਾ ਰਹੇ ਧਰਨਿਆਂ ਕਾਰਨ ਭਾਜਪਾ ਆਗੂ ਘਰਾਂ ਵਿਚੋਂ ਨਿਕਲਣ ਤੋਂ ਟਲ ਰਹੇ ਹਨ।

ਕਿਸਾਨਾਂ ਵਲੋਂ ਜਿਥੇ ਭਾਜਪਾ ਆਗੂਆਂ ਦਾ ਬਾਈਕਾਟ ਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣ ਦਾ ਸਿਲਸਿਲਾ ਜਾਰੀ ਹੈ, ਉਥੇ ਹੀ ਰਿਲਾਇੰਸ ਦੇ ਪੰਪਾਂ ਦਾ ਬਾਈਕਾਟ ਕੀਤਾ ਜਾ ਰਿਹਾ ਹੈ ਤੇ ਜੀਓ ਦੇ ਸਿਮ ਸਾੜੇ ਜਾ ਰਹੇ ਹਨ। ਕੁਝ ਕਿਸਾਨਾਂ ਵਲੋਂ ਅਸਹਿਯੋਗ ਅੰਦੋਲਨ ਦਾ ਐਲਾਨ ਕੀਤਾ ਗਿਆ ਹੈ। ਕਿਸਾਨ ਪਰਾਲੀ ਨੂੰ ਅੱਗ ਲਾ ਕੇ ਅਸਹਿਯੋਗ ਅੰਦੋਲਨ ਦੀ ਸ਼ੁਰੂਆਤ ਕਰਨਗੇ।
ਕਿਸਾਨਾਂ ਦੇ ਰੋਹ ਦਾ ਮੁਹਾਣ ਹੁਣ ਪੂਰੀ ਤਰ੍ਹਾਂ ਕੇਂਦਰ ‘ਚ ਸੱਤਾ-ਨਸ਼ੀਨ ਭਾਰਤੀ ਜਨਤਾ ਪਾਰਟੀ ਤੇ ਵੱਡੇ ਕਾਰਪੋਰੇਟ ਘਰਾਣਿਆਂ ਵਲ ਹੈ। ਬਠਿੰਡਾ ‘ਚ ਕਿਸਾਨ ਕਾਫਲੇ ਨੇ ਭਾਜਪਾ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਪੁਤਲਾ ਚੁੱਕ ਕੇ ਸ਼ਹਿਰ ‘ਚ ਰੋਸ ਮਾਰਚ ਕੀਤਾ। ਬੁਲਾਰਿਆਂ ਨੇ ਲੋਕਾਂ ਦੇ ਰੂ-ਬ-ਰੂ ਹੁੰਦਿਆਂ ਮੋਦੀ ਸਰਕਾਰ ਨੂੰ ਫਾਸ਼ੀਵਾਦ ਦੀ ਜਨਮਦਾਤੀ ਆਖਿਆ। ਆਗੂਆਂ ਨੇ ਕੇਂਦਰ ‘ਤੇ ਜੰਮੂ-ਕਸ਼ਮੀਰ ਦੇ ਟੋਟੇ ਕਰਨ, ਨਾਗਰਿਕਤਾ ਕਾਨੂੰਨ ‘ਚ ਸੋਧ ਕਰਕੇ ਘੱਟ ਗਿਣਤੀਆਂ ਨੂੰ ਖੂੰਜੇ ਲਾਏ ਜਾਣ, ਬੁੱਧੀਜੀਵੀ ਤਬਕੇ ਨੂੰ ਝੂਠਿਆਂ ਕੇਸਾਂ ‘ਚ ਜੇਲ੍ਹਾਂ ਵਿਚ ਬੰਦ ਕਰਨ ਦੇ ਦੋਸ਼ ਲਾਉਂਦਿਆਂ ਕਿਹਾ ਕਿ ਹੁਣ ਇਹ ਅੱਗ ਵਧ ਕੇ ਕਿਸਾਨਾਂ ਦੇ ਘਰਾਂ ‘ਚ ਆ ਗਈ ਹੈ।
ਬੁਲਾਰਿਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਦੇਸ਼ ਵਿੱਚੋਂ ਹਿਟਲਰਸ਼ਾਹੀ ਦਾ ਅੰਤ ਕਰਨ ਲਈ ਤਾਨਾਸ਼ਾਹ ਹਾਕਮਾਂ ਨੂੰ ਮੂੰਹ ਦੀ ਖੁਆਉਣ ਲਈ ਸੰਘਰਸ਼ ਦੇ ਅਖਾੜੇ ਵਿਚ ਪੈਰ ਧਰਨ।
31 ਕਿਸਾਨ ਯੂਨੀਅਨਾਂ ਦੇ ਇਸ ਬੇਮਿਆਦੀ ਅੰਦੋਲਨ ਤਹਿਤ ਬੀ.ਕੇ.ਯੂ. (ਉਗਰਾਹਾਂ) ਨੇ ਜ਼ਿਲ੍ਹਾ ਬਠਿੰਡਾ ‘ਚ ਲਹਿਰਾ ਬੇਗਾ, ਪਥਰਾਲਾ ਅਤੇ ਰਾਮਪੁਰਾ ਵਿਚ ਰਿਲਾਇੰਸ ਪੈਟਰੋਲ ਪੰਪਾਂ ਉਤੇ ਧਰਨੇ ਲਾ ਕੇ ਕਾਰੋਬਾਰ ਠੱਪ ਕਰ ਦਿੱਤੇ। ਇਸੇ ਤਰ੍ਹਾਂ ਬਠਿੰਡਾ ‘ਚ ਵੱਡੇ ਵਪਾਰਕ ਘਰਾਣਿਆਂ ਦੇ ਇਕ ਸ਼ਾਪਿੰਗ ਮਾਲ ਅਤੇ ਬੈਸਟ ਪ੍ਰਾਈਸ ਅੱਗੇ ਧਰਨੇ ਪ੍ਰਦਰਸ਼ਨ ਕੀਤੇ। ਬਠਿੰਡਾ-ਅੰਮ੍ਰਿਤਸਰ ਮਾਰਗ ਉਤੇ ਪਿੰਡ ਜੀਦਾ ਅਤੇ ਬਠਿੰਡਾ-ਚੰਡੀਗੜ੍ਹ ਸੜਕ ਉਤੇ ਲਹਿਰਾ ਬੇਗਾ ਟੌਲ ਪਲਾਜ਼ਿਆਂ ‘ਤੇ ਧਰਨੇ ਲਾ ਕੇ ਟੌਲ ਵਸੂਲੀ ਰੋਕ ਦਿੱਤੀ ਗਈ ਹੈ। ਬਣਾਂਵਾਲੀ ਦੇ ਨਿੱਜੀ ਥਰਮਲ ਪਲਾਂਟ ਅੱਗੇ ਵੀ ਜਥੇਬੰਦੀ ਦੇ ਵਰਕਰਾਂ ਵਲੋਂ ਅਣਮਿਥੇ ਸਮੇਂ ਦਾ ਧਰਨਾ ਲਾਇਆ ਗਿਆ ਹੈ। ਵਿਖਾਵਾਕਾਰੀ ਕਿਸਾਨ ਧਰਨਿਆਂ ਵਾਲੀ ਥਾਂ ‘ਤੇ ਰੱਖੇ ਪ੍ਰਧਾਨ ਮੰਤਰੀ ਅਤੇ ਕਾਰਪੋਰੇਟਾਂ ਦੀਆਂ ਫਲੈਕਸ ਤਸਵੀਰਾਂ ‘ਤੇ ਕੁਝ ਕੁ ਵਕਫੇ ਨਾਲ ਛਿੱਤਰ ਮਾਰ ਕੇ ਰੋਸ ਜਤਾ ਰਹੇ ਹਨ।
__________________________________________
ਅਡਾਨੀ ਕਣਕ ਭੰਡਾਰ ਅੱਗੇ ਅਣਮਿਥੇ ਸਮੇਂ ਲਈ ਧਰਨਾ
ਮੋਗਾ: ਖੇਤੀ ਸੋਧ ਕਾਨੂੰਨ ਖਿਲਾਫ ਬੀ.ਕੇ.ਯੂ. ਏਕਤਾ ਉਗਰਾਹਾਂ ਦੇ ਸੂਬਾਈ ਆਗੂ ਸੁਖਦੇਵ ਸਿੰਘ ਕੋਕਰੀ ਦੀ ਅਗਵਾਈ ਹੇਠ ਕਿਸਾਨਾਂ ਨੇ ਮੋਗਾ-ਫਿਰੋਜ਼ਪੁਰ ਕੌਮੀ ਮਾਰਗ ‘ਤੇ ਪਿੰਡ ਡਗਰੂ ਵਿਚ 2.25 ਲੱਖ ਮੀਟਰਿਕ ਟਨ ਸਮਰਥਾ ਵਾਲੇ ਅਡਾਨੀ ਆਧੁਨਿਕ ਤਕਨੀਕ ਕਣਕ ਭੰਡਾਰ ਦੇ ਗੇਟ ਅੱਗੇ ਅਣਮਿਥੇ ਸਮੇਂ ਲਈ ਧਰਨਾ ਲਗਾ ਦਿੱਤਾ ਹੈ। ਜਥੇਬੰਦੀ ਨੇ ਕਿਹਾ ਕਿ ਕਾਰਪੋਰੇਟ ਘਰਾਣਿਆਂ ਨੂੰ ਪੰਜਾਬ ਦੀ ਧਰਤੀ ‘ਤੇ ਪੈਰ ਨਹੀਂ ਰੱਖਣ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਮੁਲਕ ਦੇ ਸਾਰੇ ਮਾਲ ਖਜ਼ਾਨੇ ਬਹੁਕੌਮੀ ਕੰਪਨੀਆਂ ਤੇ ਉਨ੍ਹਾਂ ਦੇ ਦੇਸੀ ਦਲਾਲਾਂ ਅੰਬਾਨੀ ਅਡਾਨੀ ਵਰਗੇ ਕਾਰਪੋਰੇਟ ਕਾਰੋਬਾਰੀਆਂ ਨੂੰ ਸੰਭਾਲਣ ‘ਤੇ ਤੁਲੀ ਹੋਈ ਹੈ। ਇਸ ਲਈ ਜਿਥੇ ਇਕ ਪਾਸੇ ਭਾਜਪਾ ਆਗੂਆਂ ਨੂੰ ਘੇਰ ਕੇ ਲੋਕ ਰੋਹ ਦਾ ਸੇਕ ਚਾੜ੍ਹਨਾ ਜ਼ਰੂਰੀ ਹੈ, ਉਥੇ ਨਾਲ ਹੀ ਕਾਰਪੋਰੇਟ ਘਰਾਣਿਆਂ ਨੂੰ ਇਹ ਦੱਸਣਾ ਜ਼ਰੂਰੀ ਹੈ ਕਿ ਹੁਣ ਉਨ੍ਹਾਂ ਦੇ ਲੋਟੂ ਕਾਰੋਬਾਰ ਵੀ ਲੋਕ ਰੋਹ ਦੇ ਨਿਸ਼ਾਨੇ ‘ਤੇ ਆਉਣਗੇ।
______________________________________________
ਭਾਜਪਾ ਨੇ ਕਿਸਾਨਾਂ ਨਾਲ ਗੱਲਬਾਤ ਲਈ ਕਮੇਟੀ ਬਣਾਈ
ਲੁਧਿਆਣਾ: ਭਾਰਤੀ ਜਨਤਾ ਪਾਰਟੀ ਪੰਜਾਬ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਵਲੋਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਕਰਨ ਲਈ 8 ਮੈਂਬਰੀ ਕਮੇਟੀ ਕਾਇਮ ਕੀਤੀ ਗਈ ਹੈ, ਜੋ ਕਾਨੂੰਨ ਸਬੰਧੀ ਕਿਸਾਨਾਂ ਵਿਚ ਪਾਏ ਜਾ ਰਹੇ ਸ਼ੰਕਿਆਂ ਬਾਰੇ ਜਾਣਕਾਰੀ ਹਾਸਲ ਕਰੇਗੀ। ਸ੍ਰੀ ਸ਼ਰਮਾ ਨੇ ਦੱਸਿਆ ਕਿ ਸਾਬਕਾ ਮੰਤਰੀ ਸੁਰਜੀਤ ਜਿਆਣੀ ਦੀ ਅਗਵਾਈ ਹੇਠ ਕਾਇਮ ਕੀਤੀ ਕਮੇਟੀ ਨੂੰ 10 ਦਿਨਾਂ ਦੇ ਅੰਦਰ ਸੰਘਰਸ਼ਸ਼ੀਲ ਸਮੁੱਚੀਆਂ ਕਿਸਾਨ ਜਥੇਬੰਦੀਆਂ ਦੇ ਆਗੂਆਂ ਨਾਲ ਖੇਤੀ ਕਾਨੂੰਨਾਂ ਸਬੰਧੀ ਗੱਲਬਾਤ ਕਰਕੇ ਰਿਪੋਰਟ ਤਿਆਰ ਕਰਕੇ ਭੇਜਣ ਲਈ ਕਿਹਾ ਗਿਆ ਹੈ। ਰਿਪੋਰਟ ਉਪਰੰਤ ਭਾਜਪਾ ਹਾਈਕਮਾਨ ਨਾਲ ਗੱਲਬਾਤ ਕੀਤੀ ਜਾਵੇਗੀ।