ਸਿਆਸੀ ਆਗੂਆਂ ਦੀ ਕਾਰਪੋਰੇਟ ਘਰਾਣਿਆਂ ਨਾਲ ਭਾਈਵਾਲੀ ਦੀ ਖੁੱਲ੍ਹੀ ਪੋਲ

ਚੰਡੀਗੜ੍ਹ: ਪੰਜਾਬ ਵਿਚ ਰਿਲਾਇੰਸ ਦੇ ਮਾਲਕ ਮੁਕੇਸ਼ ਅੰਬਾਨੀ ਦੇ ਪੈਟਰੋਲ ਪੰਪਾਂ ਨੂੰ ਦਰਜਨਾਂ ਸਿਆਸੀ ਆਗੂ ਚਲਾ ਰਹੇ ਹਨ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੋਲ ਇਸ ਵੇਲੇ ਰਿਲਾਇੰਸ ਕੰਪਨੀ ਦੇ ਦੋ ਪੈਟਰੋਲ ਪੰਪ ਹਨ। ਵੇਰਵਿਆਂ ਅਨੁਸਾਰ ਪੰਜਾਬ ਵਿਚ ਰਿਲਾਇੰਸ ਦੇ 85 ਪੈਟਰੋਲ ਪੰਪ ਹਨ, ਜਿਨ੍ਹਾਂ ‘ਚੋਂ 35 ਪੰਪ ਖੁਦ ਕੰਪਨੀ ਚਲਾ ਰਹੀ ਹੈ। ਪੂਰੇ ਮੁਲਕ ਵਿਚ ਰਿਲਾਇੰਸ ਕੰਪਨੀ ਦੇ 1394 ਤੇਲ ਹਨ, ਜਿਨ੍ਹਾਂ ‘ਚੋਂ 50 ਪੈਟਰੋਲ ਪੰਪ ਹਰਿਆਣਾ ਵਿਚ ਵੀ ਹਨ।

ਬਾਦਲ ਪਰਿਵਾਰ ਦਾ ਜ਼ਿਲ੍ਹਾ ਮੁਕਤਸਰ ਵਿਚ ਪਿੰਡ ਰੁਪਾਣਾ ਕੋਲ ਰਿਲਾਇੰਸ ਪੰਪ ਹੈ, ਜਿਥੇ ਤੇਲ ਦੀ ਵਿਕਰੀ ਹੁਣ ਪੰਜ ਸੌ ਲਿਟਰ ਘਟ ਗਈ ਹੈ। ਦੂਸਰਾ ਪੰਪ ਬਠਿੰਡਾ ਜ਼ਿਲ੍ਹੇ ਦੇ ਪਿੰਡ ਡੂਮਵਾਲੀ ਕੋਲ ਹੈ। ਡੂਮਵਾਲੀ ਕੋਲ ਇਸ ਰਿਲਾਇੰਸ ਪੰਪ ‘ਤੇ ਕਿਸਾਨਾਂ ਨੇ ਧਰਨਾ ਦਿੱਤਾ ਹੈ। ਬੀਕੇਯੂ (ਉਗਰਾਹਾਂ) ਵਲੋਂ ਖੇਤੀ ਕਾਨੂੰਨ ਬਣਨ ਮਗਰੋਂ ਅੰਬਾਨੀ ਦੇ ਕਾਰੋਬਾਰਾਂ ਦੇ ਅੱਗੇ ਧਰਨੇ ਦਿੱਤੇ ਜਾ ਰਹੇ ਹਨ। ਕਿਸਾਨਾਂ ਨੇ ਪੰਜਾਬ ਵਿਚ 15 ਤੇਲ ਪੰਪਾਂ ਉਤੇ ਧਰਨੇ ਦਿੱਤੇ ਹਨ। ਬਾਦਲ ਪਰਿਵਾਰ ਦੇ ਇਨ੍ਹਾਂ ਤੇਲ ਪੰਪਾਂ ਤੋਂ ਕਿਸਾਨ ਵੀ ਹਾਲੇ ਤੱਕ ਅਣਜਾਣ ਹੀ ਹਨ। ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਦੇ ਲੜਕੇ ਰਵੀ ਬਾਜਵਾ ਕੋਲ ਵੀ ਰਿਲਾਇੰਸ ਦਾ ਤੇਲ ਪੰਪ ਹੈ, ਜੋ ਕੱਥੂਨੰਗਲ ਵਿਚ ਹੈ।
ਰਵੀ ਬਾਜਵਾ ਨੇ ਦੱਸਿਆ ਕਿ ਹੁਣ ਤੇਲ ਦੀ ਵਿਕਰੀ ਉਤੇ ਕਰੀਬ 30 ਫੀਸਦੀ ਦਾ ਅਸਰ ਪਿਆ ਹੈ ਅਤੇ ਗੱਡੀਆਂ ਜਾਮ ਵਿਚ ਫਸਣ ਕਰਕੇ ਤੇਲ ਪੰਪ ਡਰਾਈ ਵੀ ਹੋ ਗਿਆ ਹੈ। ਸਾਬਕਾ ਮੰਤਰੀ ਰਮਨ ਭੱਲਾ ਦੇ ਪਰਿਵਾਰ ਕੋਲ ਵੀ ਗੁਰਦਾਸਪੁਰ ਦੇ ਪਿੰਡ ਸਰਨਾ ਵਿਚ ਰਿਲਾਇੰਸ ਦਾ ਪੈਟਰੋਲ ਪੰਪ ਹੈ। ਸਾਬਕਾ ਮੁੱਖ ਸੰਸਦੀ ਸਕੱਤਰ ਮਨਤਾਰ ਸਿੰਘ ਬਰਾੜ ਦਾ ਵੀ ਭਗਤਾ ਭਾਈਕਾ ਵਿਖੇ ਰਿਲਾਇੰਸ ਦਾ ਪੰਪ ਹੈ। ਇਸ ਪੰਪ ਦੇ ਮੈਨੇਜਰ ਕਮਲ ਅਗਰਵਾਲ ਨੇ ਦੱਸਿਆ ਕਿ ਡੀਜ਼ਲ ਦੀ ਵਿਕਰੀ 25 ਤੋਂ 40 ਫੀਸਦੀ ਘੱਟ ਗਈ ਹੈ।
ਫਤਹਿਗੜ੍ਹ ਸਾਹਿਬ ਵਿਚ ਵੀ ਇਕ ਪੰਥਕ ਆਗੂ ਦਾ ਰਿਲਾਇੰਸ ਪੈਟਰੋਲ ਪੰਪ ਹੈ। ਜ਼ਿਲ੍ਹਾ ਮੁਕਤਸਰ ਦੇ ਇਕ ਸਾਬਕਾ ਐਮ.ਐਲ਼ਏ. ਕੋਲ ਵੀ ਰਿਲਾਇੰਸ ਦੇ ਸ਼ੇਅਰ ਹਨ। ਗੜ੍ਹਸ਼ੰਕਰ ਵਿਚ ਵੀ ਇਕ ਪੁਰਾਣੇ ਅਕਾਲੀ ਅਤੇ ਮੌਜੂਦਾ ਕਾਂਗਰਸੀ ਆਗੂ ਕੋਲ ਰਿਲਾਇੰਸ ਦਾ ਪੰਪ ਹੈ। ਮਾਨਸਾ ਜ਼ਿਲ੍ਹੇ ਵਿਚ ਇਕ ਕਾਂਗਰਸੀ ਆਗੂ ਦਾ ਤੇਲ ਪੰਪ ਹੈ।
______________________________________
ਭਾਜਪਾ ਆਗੂਆਂ ਦੇ ਘਰ ਘੇਰ ਕੇ ਸੁੱਤੀ ਜ਼ਮੀਰ ਜਗਾਵਾਂਗੇ: ਬੈਂਸ
ਲੁਧਿਆਣਾ: ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਦੱਸਿਆ ਕਿ ਖੇਤੀ ਵਿਰੋਧੀ ਕਾਨੂੰਨਾਂ ਸਬੰਧੀ ਲੋਕ ਇਨਸਾਫ ਪਾਰਟੀ ਵਲੋਂ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ, ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ, ਹੁਸ਼ਿਆਰਪੁਰ ਤੋਂ ਲੋਕ ਸਭਾ ਮੈਂਬਰ ਸੋਮ ਪ੍ਰਕਾਸ਼ ਤੇ ਰਾਜ ਸਭਾ ਮੈਂਬਰ ਅਤੇ ਸਾਬਕਾ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ। ਬੈਂਸ ਨੇ ਕਿਹਾ ਕਿ ਕਿਸਾਨ ਉਨ੍ਹਾਂ ਦੀ ਜਿਥੇ ਵੀ ਡਿਊਟੀ ਲਾਉਣਗੇ, ਉਹ ਧਰਨਾ ਦੇਣ ਜਾਣਗੇ। ਰਾਹੁਲ ਗਾਂਧੀ ਦੇ ਪੰਜਾਬ ਦੌਰੇ ਬਾਰੇ ਉਨ੍ਹਾਂ ਕਿਹਾ ਕਿ ਜਦੋਂ ਲਿਪ ਵਰਕਰਾਂ ਨੇ ਸਾਈਕਲ ਰੈਲੀ ਕੱਢੀ ਸੀ ਤਾਂ ਉਨ੍ਹਾਂ ਖਿਲਾਫ ਕੇਸ ਦਰਜ ਕੀਤੇ ਗਏ, ਕੀ ਕੈਪਟਨ ਅਮਰਿੰਦਰ ਸਿੰਘ ਹੁਣ ਰਾਹੁਲ ਗਾਂਧੀ ਖਿਲਾਫ ਵੀ ਧਰਨਾ ਪ੍ਰਦਰਸ਼ਨ ਕਰਨ ਜਾਂ ਰੈਲੀ ਕਰਨ ਦਾ ਕੇਸ ਦਰਜ ਕਰਨਗੇ।