ਭਾਜਪਾ ਨੇ ਵੀ ਪੁਰਾਣੇ ਭਾਈਵਾਲਾਂ ਖਿਲਾਫ ਖੁੱਲ੍ਹੀ ਸਿਆਸੀ ਜੰਗ ਛੇੜੀ

ਚੰਡੀਗੜ੍ਹ: ਭਾਰਤੀ ਜਨਤਾ ਪਾਰਟੀ ਨੇ ਆਪਣੇ ਪੁਰਾਣੇ ਭਾਈਵਾਲਾਂ ਖਿਲਾਫ ਖੁੱਲ੍ਹੀ ਸਿਆਸੀ ਜੰਗ ਛੇੜ ਦਿੱਤੀ ਹੈ। ਮੋਦੀ ਸਰਕਾਰ ਵਲੋਂ ਲਿਆਂਦੇ ਗਏ ਨਵੇਂ ਖੇਤੀ ਕਾਨੂੰਨਾਂ ਦੀ ਤਰਫਦਾਰੀ ਕਰਨ ਲਈ ਉਚੇਚੇ ਤੌਰ ‘ਤੇ ਇਥੇ ਪਹੁੰਚੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਦਾਅਵਾ ਕੀਤਾ ਕਿ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਰਹਿੰਦਿਆਂ ਕਦੇ ਵੀ ਨਵੇਂ ਖੇਤੀ ਬਿੱਲਾਂ ਦਾ ਵਿਰੋਧ ਨਹੀਂ ਕੀਤਾ।

ਹਰਸਿਮਰਤ ਬਾਦਲ ਵਲੋਂ ਕੇਂਦਰੀ ਮੰਤਰੀ ਮੰਡਲ ਦੀਆਂ ਮੀਟਿੰਗਾਂ ਦੌਰਾਨ ਬਿੱਲਾਂ ਬਾਰੇ ਆਪਣਾ ਪੱਖ ਰੱਖਣ ਦੇ ਦਾਅਵਿਆਂ ਬਾਰੇ ਸ੍ਰੀ ਪੁਰੀ ਨੇ ਕਿਹਾ ਕਿ ਉਨ੍ਹਾਂ ਇਸ ਬਾਰੇ ਨਾ ਕਦੇ ਕੁਝ ਸੁਣਿਆ ਅਤੇ ਨਾ ਹੀ ਦੇਖਿਆ। ਕੇਂਦਰੀ ਮੰਤਰੀ ਨੇ ਕਿਹਾ ਕਿ 6 ਸਤੰਬਰ ਤੋਂ ਪਹਿਲਾਂ ਅਕਾਲੀ ਦਲ ਦੀ ਸੁਰ ਹੋਰ ਸੀ ਅਤੇ ਹਰਸਿਮਰਤ ਵਲੋਂ ਅਸਤੀਫਾ ਦੇਣ ਤੇ ਗੱਠਜੋੜ ‘ਚੋਂ ਬਾਹਰ ਆਉਣ ਮਗਰੋਂ ਇਹ ਬਿਲਕੁਲ ਹੀ ਬਦਲ ਗਈ ਹੈ। ਖੇਤੀ ਕਾਨੂੰਨਾਂ ਦਾ ਵਿਰੋਧ ਕਰਨ ਵਾਲੇ ਕਿਸਾਨਾਂ, ਜਥੇਬੰਦੀਆਂ ਅਤੇ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਕਿਸਾਨਾਂ ਦੀ ਆਮਦਨੀ ਦੁੱਗਣੀ ਕਰਨ ਅਤੇ ਉਨ੍ਹਾਂ ਦੇ ਸ਼ਕਤੀਕਰਨ ਨੂੰ ਧਿਆਨ ਵਿਚ ਰਖਦਿਆਂ ਇਸ ‘ਚ ਸੋਧ ਕੀਤੀ ਗਈ ਹੈ। ਜੇ ਕਿਸੇ ਨੂੰ ਹਾਲੇ ਵੀ ਕੋਈ ਇਤਰਾਜ਼ ਹੈ, ਤਾਂ ਉਹ ਸੂਬਾ ਭਾਜਪਾ ਦੇ ਅਹੁਦੇਦਾਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਦੇ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਦਾ ਹੈ ਅਤੇ ਜੇ ਕੋਈ ਸੰਗਠਨ ਕੇਂਦਰ ਸਰਕਾਰ ਨਾਲ ਗੱਲ ਕਰਨਾ ਚਾਹੁੰਦਾ ਹੈ, ਤਾਂ ਸੂਬਾ ਭਾਜਪਾ ਉਸ ਦੀ ਗੱਲਬਾਤ ਕਰਵਾ ਸਕਦੀ ਹੈ। ਸ੍ਰੀ ਪੁਰੀ ਨੇ ਕਿਹਾ ਕਿ ਕਾਂਗਰਸ, ‘ਆਪ’ ਅਤੇ ਸ਼੍ਰੋਮਣੀ ਅਕਾਲੀ ਦਲ ਕਿਸਾਨਾਂ ਦੇ ਨਾਮ ਉਤੇ ਸਿਆਸੀ ਨਾਟਕ ਕਰ ਰਹੇ ਹਨ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ ਪਿਛਲੇ ਤਿੰਨ ਮਹੀਨਿਆਂ ਤੋਂ ਇਨ੍ਹਾਂ ਆਰਡੀਨੈਂਸਾਂ ‘ਤੇ ਮੋਦੀ ਸਰਕਾਰ ਨਾਲ ਸੀ, ਪਰ ਹੁਣ ਉਹ ਵੀ ਇਸ ਰਾਜਨੀਤਿਕ ਡਰਾਮੇ ਵਿਚ ਸ਼ਾਮਲ ਹੋ ਗਿਆ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਕਾਂਗਰਸ ਦੇ 2019 ਦੇ ਚੋਣ ਮੈਨੀਫੈਸਟੋ ਵਿਚ ਵੀ ਇਨ੍ਹਾਂ ਖੇਤੀ ਬਿੱਲਾਂ ਦਾ ਵੇਰਵਾ ਦਿੱਤਾ ਗਿਆ ਹੈ ਪਰ ਕਾਂਗਰਸ ਹੁਣ ਇਨ੍ਹਾਂ ਬਾਰੇ ਕਿਸਾਨਾਂ ਨੂੰ ਝੂਠ ਬੋਲ ਰਹੀ ਹੈ। ਉਨ੍ਹਾਂ ਕਿਹਾ ਜ਼ੋਰ ਦੇ ਕੇ ਕਿਹਾ ਕਿ ਐਮ.ਐਸ਼ਪੀ. ਪਹਿਲਾਂ ਵਾਂਗ ਜਾਰੀ ਰਹੇਗਾ ਅਤੇ ਇਸ ਦਾ ਸਬੂਤ ਇਹ ਹੈ ਕਿ ਮੋਦੀ ਸਰਕਾਰ ਨੇ ਸਮੇਂ ਤੋਂ ਪਹਿਲਾਂ ਹੀ ਕਿਸਾਨਾਂ ਦੀਆਂ ਹਾੜੀ ਦੀਆਂ ਫਸਲਾਂ ਦੇ ਐਮ.ਐਸ਼ਪੀ. ਵਿਚ ਵਾਧਾ ਕੀਤਾ ਹੈ। ਮੋਦੀ ਸਰਕਾਰ ਕਹਿ ਰਹੀ ਹੈ ਕਿ ਮੰਡੀਆਂ ਵਿਚ ਵੀ ਕੋਈ ਤਬਦੀਲੀ ਨਹੀਂ ਹੋਵੇਗੀ ਅਤੇ ਸਰਕਾਰ ਮੰਡੀਆਂ ਵਿਚ ਅਨਾਜ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ, ਪਰ ਕਾਂਗਰਸ, ‘ਆਪ’ ਅਤੇ ਅਕਾਲੀ ਦਲ ਵਾਰ-ਵਾਰ ਇਸ ਮੁੱਦੇ ਉਤੇ ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਹਨ। ਸ੍ਰੀ ਪੁਰੀ ਨੇ ਕਿਹਾ ਕਿ ਕਾਂਗਰਸ ਵਲੋਂ ਟਰੈਕਟਰ ਸਾੜਨਾ ਅਤੇ ਭਾਜਪਾ ਦਫਤਰਾਂ ਵਿਚ ਦਾਖਲ ਹੋ ਕੇ ਨਾਅਰੇਬਾਜ਼ੀ ਕਰਨਾ ਜਨਤਕ ਗੁੰਡਾਗਰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਕਦੇ ਵੀ ਆਪਣਾ ਟਰੈਕਟਰ ਨਹੀਂ ਸਾੜਨਗੇ ਕਿਉਂਕਿ ਉਹ ਖੇਤੀ ਸਾਧਨਾਂ ਦੀ ਪੂਜਾ ਕਰਦੇ ਹਨ।
ਭਾਜਪਾ ਦੇ ਸੰਸਦ ਮੈਂਬਰ ਸੋਮ ਪ੍ਰਕਾਸ਼ ਨੇ ਕਿਹਾ ਕਿ ਪਹਿਲੀ ਵਾਰ ਕਿਸੇ ਵੀ ਸਰਕਾਰ ਦੇ ਪ੍ਰਧਾਨ ਮੰਤਰੀ ਨੇ ਸਵਾਮੀਨਾਥਨ ਰਿਪੋਰਟ ਦੇ ਆਧਾਰ ਉਤੇ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਲਈ ਕਦਮ ਉਠਾਏ ਗਏ ਹਨ। ਉਨ੍ਹਾਂ ਕਿਹਾ ਕਿ ਸਰਕਾਰ ਘੱਟੋ ਘੱਟ ਸਮਰਥਨ ਮੁੱਲ (ਐਮ.ਐਸ਼ਪੀ.) ਤੈਅ ਕਰਦੀ ਹੈ। ਜੇ ਕਿਸੇ ਫਸਲ ਦਾ ਬਹੁਤ ਜ਼ਿਆਦਾ ਝਾੜ ਹੁੰਦਾ ਹੈ, ਤਾਂ ਇਸ ਦੇ ਬਾਜ਼ਾਰ ਦੀਆਂ ਕੀਮਤਾਂ ਵਿਚੋਲਿਆਂ ਵਲੋਂ ਘਟਾ ਦਿੱਤੀਆਂ ਜਾਂਦੀਆਂ ਹਨ, ਫਿਰ ਐਮ.ਐਸ਼ਪੀ. ਕਿਸਾਨਾਂ ਲਈ ਇਕ ਨਿਸ਼ਚਤ ਬੀਮੇ ਦੀ ਕੀਮਤ ਵਜੋਂ ਕੰਮ ਕਰਦਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਈ ਵਾਰ ਸਪੱਸ਼ਟ ਕੀਤਾ ਹੈ ਕਿ ਘੱਟੋ ਘੱਟ ਸਮਰਥਨ
______________________________________________
ਹਰਦੀਪ ਪੁਰੀ ਦੇ ਬਿਆਨ ਨੇ ਹਰਸਿਮਰਤ ਦੀ ਪੋਲ ਖੋਲ੍ਹੀ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਇਨ੍ਹਾਂ ਘਾਤਕ ਕਾਨੂੰਨਾਂ ਰਾਹੀਂ ਕਿਸਾਨੀ ਨੂੰ ਤਬਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਅਕਾਲੀ ਦਲ ‘ਤੇ ਵਰ੍ਹਦਿਆਂ ਉਨ੍ਹਾਂ ਕਿਹਾ ਕਿ ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਖੇਤੀ ਆਰਡੀਨੈਂਸਾਂ ਨੂੰ ਪ੍ਰਵਾਨਗੀ ਦਿੱਤੀ ਗਈ ਸੀ ਤਾਂ ਉਦੋਂ ਹਰਸਿਮਰਤ ਕੌਰ ਬਾਦਲ ਨੇ ਸਹਿਮਤੀ ਦਿੱਤੀ ਸੀ ਅਤੇ ਕੇਂਦਰੀ ਵਜ਼ਾਰਤਾਂ ਦੀਆਂ ਮੀਟਿੰਗਾਂ ‘ਚ ਕਦੇ ਵੀ ਇਸ ਦਾ ਵਿਰੋਧ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੁਣ ਅਕਾਲੀ ਆਗੂਆਂ ਦੇ ਸੁਰ ਬਦਲ ਗਏ ਹਨ। ਸੁਖਬੀਰ ‘ਤੇ ਨਿਸ਼ਾਨਾ ਕੱਸਦਿਆਂ ਕੈਪਟਨ ਨੇ ਕਿਹਾ ਕਿ ਉਹ ਪੰਜ ਸਵਾਲ ਪੁੱਛ ਕੇ ਕਿਸਾਨਾਂ ਨੂੰ ਗੁਮਰਾਹ ਕਰ ਰਿਹਾ ਹੈ।
___________________________________________
ਟਕਰਾਅ ਨਹੀਂ, ਸਹਿਮਤੀ ਦੀ ਲੋੜ: ਬਾਦਲ
ਚੰਡੀਗੜ੍ਹ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੇਂਦਰ ਤੇ ਰਾਜ ਸਰਕਾਰਾਂ ਨੂੰ ਆਖਿਆ ਕਿ ਸੰਵੇਦਨਸ਼ੀਲ ਮੁੱਦਿਆਂ ‘ਤੇ ਟਕਰਾਅ ਦੀ ਨੀਤੀ ਛੱਡ ਕੇ ਆਮ ਸਹਿਮਤੀ ਤੇ ਉਸਾਰੂ ਸਮਝੌਤੇ ਦੀ ਨੀਤੀ ਦੀ ਪਾਲਣਾ ਕੀਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਸਰਕਾਰ ਦੀ ਅਸਹਿਣਸ਼ੀਲ ਪਹੁੰਚ ਕਾਰਨ ਦੇਸ਼ ਦਾ ਅਕਸ ਨਹੀਂ ਵਿਗੜਨਾ ਚਾਹੀਦਾ। ਸ੍ਰੀ ਬਾਦਲ ਕਿਹਾ ਕਿ ਟਕਰਾਅ ਜਦੋਂ ਹਿੰਸਕ ਬਣ ਜਾਵੇ ਤਾਂ ਫਿਰ ਉਹ ਦੇਸ਼ ਲਈ ਖਤਰਨਾਕ ਹੋ ਸਕਦਾ ਹੈ ਜਿਸ ਨਾਲ ਦੇਸ਼ ਦਾ ਮਾਣ ਸਨਮਾਨ ਵੀ ਗੁਆਚ ਜਾਂਦਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਵੰਨ-ਸੁਵੰਨਤਾ ਦੀ ਹਰ ਹਾਲਤ ਵਿਚ ਨਾ ਸਿਰਫ ਰਾਖੀ ਕੀਤੀ ਚਾਹੀਦੀ ਹੈ ਸਗੋਂ ਹਰ ਵਿਅਕਤੀ ਜੋ ਦੇਸ਼ ਦੀ ਕਿਸਮਤ ਬਦਲਣ ‘ਚ ਲੱਗਿਆ ਹੋਇਆ ਹੈ, ਉਸ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ।