ਅਕਾਲੀ ਦਲ ਵਲੋਂ ਕਿਸਾਨ ਮਸਲਿਆਂ ਦੀ ਥਾਂ ਬਾਦਲ ਲਾਣੇ ਦਾ ਗੁਣਗਾਣ

ਜਲੰਧਰ: ਸ਼੍ਰੋਮਣੀ ਅਕਾਲੀ ਦਲ ਵਲੋਂ ਸਿੱਖ ਧਰਮ ਦੇ ਤਿੰਨ ਤਖਤਾਂ ਤੋਂ ਸ਼ੁਰੂ ਕੀਤੇ ਗਏ ਕਿਸਾਨ ਮਾਰਚ ਵਿਚੋਂ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਕੀਤੇ ਗਏ ਮਾਰਚ ਦੀ ਅਗਵਾਈ ਸੁਖਬੀਰ ਸਿੰਘ ਬਾਦਲ ਨੇ ਕੀਤੀ। ਕਹਿਣ ਨੂੰ ਤਾਂ ਇਹ ਮਾਰਚ ਕਿਸਾਨਾਂ ਦੇ ਹੱਕ ਵਿਚ ਕੀਤਾ ਗਿਆ ਸੀ ਪਰ ਇਸ ਮਾਰਚ ਵਿਚੋਂ ਅਸਲ ਕਿਸਾਨ ਪੂਰੀ ਤਰ੍ਹਾਂ ਨਾਲ ਗਾਇਬ ਸਨ। ਸ਼੍ਰੋਮਣੀ ਅਕਾਲੀ ਦਲ ਜ਼ਿੰਦਾਬਾਦ ਤੇ ਬੀਬਾ ਹਰਸਿਮਰਤ ਕੌਰ ਬਾਦਲ ਜ਼ਿੰਦਾਬਾਦ ਦੇ ਨਾਅਰੇ ਗੂੰਜਦੇ ਰਹੇ ਪਰ ਪੰਜ ਵਾਰ ਮੁੱਖ ਮੰਤਰੀ ਰਹੇ ਪਾਰਟੀ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਜ਼ਿੰਦਾਬਾਦ ਦਾ ਵੀ ਕੋਈ ਨਾਅਰਾ ਸੁਣਾਈ ਨਹੀਂ ਦਿੱਤਾ। ਇਸੇ ਦੌਰਾਨ ‘ਇਕੋ ਨਾਅਰਾ, ਕਿਸਾਨ ਪਿਆਰਾ’ ਵੀ ਵਾਰ-ਵਾਰ ਲੱਗਾ।

ਸੁਖਬੀਰ ਸਿੰਘ ਬਾਦਲ ਜਿਸ ਖੁੱਲ੍ਹੀ ਗੱਡੀ ਵਿਚ ਸਵਾਰ ਸੀ, ਉਸ ਉਤੇ ਛਾਂ ਲਈ ਤੇ ਸੁਖਬੀਰ ਬਾਦਲ ਦੇ ਬੈਠਣ ਲਈ ਕੁਰਸੀ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਉਸ ਗੱਡੀ ਦੇ ਦੋਵੇਂ ਪਾਸੇ ਅਤੇ ਅੱਗੇ ਜਿਹੜੇ ਵੱਡੇ-ਵੱਡੇ ਹੋਰਡਿੰਗ ਲੱਗੇ ਹੋਏ ਸਨ, ਉਸ ਉਤੇ ਸਿਰਫ ਬਾਦਲ ਪਰਿਵਾਰ ਦੀਆਂ ਤਸਵੀਰਾਂ ਨੂੰ ਹੀ ਪ੍ਰਮੁਖਤਾ ਦਿੱਤੀ ਹੋਈ ਸੀ। ਕਈ ਗੱਡੀਆਂ ਉਤੇ ਬਾਦਲ ਪਰਿਵਾਰ ਦੇ ਨਾਲ ਜਿਹੜੀ ਚੌਥੀ ਫੋਟੋ ਨਜ਼ਰ ਆਉਂਦੀ ਸੀ, ਉਹ ਬਿਕਰਮ ਸਿੰਘ ਮਜੀਠੀਆ ਦੀ ਸੀ। ਕਿਸੇ ਵੀ ਕਿਸਾਨ ਆਗੂ ਜਾਂ ਕਿਸਾਨ ਤ੍ਰਾਸਦੀ ਦੀਆਂ ਕੋਈ ਵੀ ਫੋਟੋਆਂ ਨਹੀਂ ਸੀ ਲੱਗੀਆਂ ਹੋਈਆਂ, ਨਾ ਹੀ ਕਿਸੇ ਕਿਸਾਨ ਜਥੇਬੰਦੀ ਦਾ ਝੰਡਾ ਹੀ ਦੇਖਣ ਨੂੰ ਮਿਲਿਆ।
ਜਲੰਧਰ ਵਿਚ ਮਾਰਚ ਦੇ ਪਹੁੰਚਣ ਦਾ ਸਮਾਂ ਸਵੇਰੇ 11 ਦਾ ਰੱਖਿਆ ਹੋਇਆ ਸੀ। ਜਲੰਧਰ ਸ਼ਹਿਰੀ ਦੇ ਪ੍ਰਧਾਨ ਕੁਲਵੰਤ ਸਿੰਘ ਮੰਨਣ ਦੀ ਅਗਵਾਈ ਹੇਠ ਦਕੋਹਾ ਰੇਲਵੇ ਫਾਟਕ ‘ਤੇ ਸੁਖਬੀਰ ਬਾਦਲ ਦੇ ਸਵਾਗਤ ਲਈ ਬਕਾਇਦਾ ਪ੍ਰਬੰਧ ਕੀਤੇ ਹੋਏ ਸਨ।
ਸੁਖਬੀਰ ਬਾਦਲ ਦਾ ਇਹ ਕਾਫਲਾ ਮਿਥੇ ਸਮੇਂ ਤੋਂ ਸਾਢੇ ਤਿੰਨ ਘੰਟੇ ਪੱਛੜ ਕੇ ਪਹੁੰਚਿਆ। ਜਲੰਧਰ ਵਿਚੋਂ ਜਦੋਂ ਇਹ ਕਾਫਲਾ ਲੰਘਿਆ ਤਾਂ ਉਸ ਸਮੇਂ ਸੁਖਬੀਰ ਬਾਦਲ ਦੀ ਇਸ ਵਿਸ਼ੇਸ਼ ਗੱਡੀ ਵਿਚ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ, ਬਿਕਰਮ ਸਿੰਘ ਮਜੀਠੀਆ ਤੇ ਹੋਰ ਆਗੂ ਹਾਜ਼ਰ ਸਨ। ਪ੍ਰੈੱਸ ਲਈ ਇਕ ਵਿਸ਼ੇਸ਼ ਟਾਟਾ 407 ਵੀ ਕਾਫਲੇ ਦੇ ਨਾਲ-ਨਾਲ ਚੱਲ ਰਿਹਾ ਸੀ। ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰਿਆਂ ਨੇ 24 ਸਾਲ ਤਕ ਨਹੁੰ-ਮਾਸ ਦਾ ਰਿਸ਼ਤਾ ਰਹੀ ਪਾਰਟੀ ਭਾਜਪਾ ਨੂੰ ਰੱਜ ਕੇ ਭੰਡਿਆ। ਇਸ ਕਾਫਲੇ ਵਿਚ ਕਿਸਾਨਾਂ ਜਾਂ ਪਾਰਟੀ ਵਰਕਰਾਂ ਨਾਲੋਂ ਗੱਡੀਆਂ ਵੱਧ ਸ਼ਾਮਲ ਸਨ।
_____________________________________________
ਸੰਘਰਸ਼ ਨੂੰ ਤਾਰਪੀਡੋ ਕਰਨ ਦੀ ਕੋਸ਼ਿਸ਼: ਭਗਵੰਤ ਮਾਨ
ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਖੇਤੀ ਕਾਨੂੰਨਾਂ ਬਾਰੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਗੰਦੀ ਸਿਆਸਤ ਕਰ ਕੇ ਪੰਜਾਬ ਦੇ ਕਿਸਾਨਾਂ ਦੇ ਹੱਕਾਂ ਦਾ ਕਤਲ ਕੀਤਾ ਜਾ ਰਿਹਾ ਹੈ। ਸੁਖਬੀਰ ਸਿੰਘ ਬਾਦਲ ਅਤੇ ਹਰਦੀਪ ਪੁਰੀ ਇਕ ਦੂਜੇ ਖਿਲਾਫ ਬਿਆਨ ਦੇ ਕੇ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਹੁਣ ਪੰਜਾਬ ਦੇ ਕਿਸਾਨ ਕਿਸੇ ਦੀਆਂ ਗੱਲਾਂ ਵਿਚ ਨਹੀਂ ਆਵੇਗਾ। ਉਨ੍ਹਾਂ ਮੰਗ ਕੀਤੀ ਕਿ ਕੈਬਨਿਟ ਮੀਟਿੰਗ ਦੌਰਾਨ ਖੇਤੀ ਬਿੱਲ ਲਾਗੂ ਕਰਨ ਸਮੇਂ ਜੋ ਵੀ ਕਾਰਵਾਈ ਹੋਈ ਹੈ, ਉਸ ਨੂੰ ਜਨਤਕ ਕੀਤਾ ਜਾਵੇ ਤਾਂ ਕਿ ਸਾਰਿਆਂ ਦਾ ਸੱਚ ਸਾਹਮਣੇ ਆ ਜਾਵੇ।