ਰਾਹੁਲ ਗਾਂਧੀ ਵਲੋਂ ਸੱਤਾ ਮਿਲਦਿਆਂ ਹੀ ਖੇਤੀ ਕਾਨੂੰਨ ਰੱਦ ਕਰਨ ਦਾ ਵਾਅਦਾ

ਮੋਗਾ: ਖੇਤੀ ਕਾਨੂੰਨਾਂ ਵਿਰੁੱਧ ਕਾਂਗਰਸ ਵਲੋਂ ਮੋਗਾ ਜ਼ਿਲ੍ਹੇ ਦੇ ਕਸਬਾ ਬੱਧਨੀ ਕਲਾਂ ਤੋਂ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਅਗਵਾਈ ‘ਚ ਤਿੰਨ ਦਿਨਾਂ ‘ਕਿਸਾਨ ਬਚਾਓ-ਪੰਜਾਬ ਬਚਾਓ-ਖੇਤੀ ਬਚਾਓ’ ਰੈਲੀ ਕਰਕੇ ਮੋਦੀ ਸਰਕਾਰ ਖਿਲਾਫ ਸੰਘਰਸ਼ ਦਾ ਬਿਗਲ ਵਜਾਇਆ ਗਿਆ। ਇਸ ਮੌਕੇ ਰਾਹੁਲ ਗਾਂਧੀ ਨੇ ਕਿਹਾ ਕਿ ਖੇਤੀ ਕਾਨੂੰਨ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜ਼ਸ਼ ਹੈ, ਪਰ ਕਾਂਗਰਸ ਕਿਸਾਨਾਂ ਨਾਲ ਇਕਜੁੱਟ ਹੋ ਕੇ ਖੜ੍ਹੀ ਹੈ।

ਉਨ੍ਹਾਂ ਮੋਦੀ ਸਰਕਾਰ ਨੂੰ ਕਠਪੁਤਲੀ ਸਰਕਾਰ ਦੱਸਦਿਆਂ ਕਿਹਾ ਕਿ ਮੋਦੀ ਸਰਕਾਰ ਦੀ ਡੋਰ ਅਡਾਨੀ ਤੇ ਅੰਬਾਨੀ ਦੇ ਹੱਥਾਂ ‘ਚ ਹੈ, ਪਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਹਾਂ ਕਿ ਕਾਂਗਰਸ ਦੇ ਸੱਤਾ ‘ਚ ਆਉਣ ਉਤੇ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਸਵਾਲ ਕੀਤਾ ਕਿ ਜਦੋਂ ਕੋਵਿਡ ਵਰਗੀ ਮਹਾਂਮਾਰੀ ਨਾਲ ਦੇਸ਼ ਦੇ ਲੋਕ ਜੂਝ ਰਹੇ ਹਨ ਤਾਂ ਅਜਿਹੇ ‘ਚ ਇਨ੍ਹਾਂ ਲੋਕ ਮਾਰੂ ਕਾਨੂੰਨਾਂ ਨੂੰ ਲਿਆਉਣ ਦੀ ਕੀ ਲੋੜ ਸੀ? ਰਾਹੁਲ ਨੇ ਕਿਹਾ ਕਿ ਅਡਾਨੀ ਤੇ ਅੰਬਾਨੀ ਕੁਝ ਵੀ ਦਿੱਤੇ ਬਿਨਾਂ ਕਿਸਾਨਾਂ ਦੀ ਜ਼ਮੀਨ ਹਥਿਆਉਣਾ ਚਾਹੁੰਦੇ ਹਨ, ਜਿਸ ਲਈ ਕੇਂਦਰ ਸਰਕਾਰ ਉਨ੍ਹਾਂ ਦੀ ਹਰ ਪੱਖੋਂ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮੋਦੀ ਸਰਕਾਰ ਦੇ ਰਾਜ ‘ਚ ਸਾਡੀਆਂ ਬੇਟੀਆਂ ਸੁਰੱਖਿਅਤ ਨਹੀਂ ਹਨ ਤੇ ਉਨ੍ਹਾਂ ਨਾਲ ਜਬਰ ਜਨਾਹ ਵਰਗੀਆਂ ਘਿਣਾਉਣੀਆਂ ਘਟਨਾਵਾਂ ਵਾਪਰ ਰਹੀਆਂ ਹਨ, ਪਰ ਦੁੱਖ ਦੀ ਗੱਲ ਹੈ ਕਿ ਇਨ੍ਹਾਂ ਬੇਟੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਇਨਸਾਫ ਦੇਣ ਦੀ ਬਜਾਏ ਉਨ੍ਹਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ।
ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਖੇਤੀ ਕਾਨੂੰਨ ਖਿਲਾਫ ਕਾਂਗਰਸ ਨੇ ਜੰਗ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਨਾਲ ਜਿਥੇ ਪੰਜਾਬ ਦੀ ਕਿਸਾਨੀ ਡੁੱਬੇਗੀ ਉਥੇ ਸੂਬੇ ਦਾ ਵਿਕਾਸ ਵੀ ਰੁਕ ਜਾਵੇਗਾ। ਪੰਜਾਬ ਦੀ ਕਿਸਾਨੀ ਨੇ ਦੇਸ਼ ਦਾ ਢਿੱਡ ਭਰਿਆ ਹੈ, ਪਰ ਅੱਜ ਪੰਜਾਬ ਦਾ ਕਿਸਾਨ ਆਪਣੇ ਹੱਕਾਂ ਖਾਤਰ ਸੜਕਾਂ ਉਤੇ ਧਰਨੇ ਦੇਣ ਲਈ ਮਜਬੂਰ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਸ ਮੁੱਦੇ ‘ਤੇ ਸਾਰੇ ਕਿਸਾਨਾਂ ਤੇ ਜਥੇਬੰਦੀਆਂ ਨੂੰ ਇਕਮੁੱਠ ਹੋ ਕੇ ਸੰਘਰਸ਼ ਕਰਨਾ ਪਵੇਗਾ ਤੇ ਕਾਂਗਰਸ ਉਨ੍ਹਾਂ ਦੇ ਸੰਘਰਸ਼ ‘ਚ ਸਾਥ ਦੇਵੇਗੀ।
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਕਿ ਅੱਜ ਪੰਜਾਬ ਦਾ ਕਿਸਾਨ ਪੂਰੀ ਤਰ੍ਹਾਂ ਕਾਂਗਰਸ ਦੇ ਨਾਲ ਖੜ੍ਹਾ ਹੈ ਤੇ ਕਾਂਗਰਸ ਉਨ੍ਹਾਂ ਦੇ ਹੱਕਾਂ ਲਈ ਹਰ ਲੜਾਈ ਲੜੇਗੀ। ਰਾਵਤ ਨੇ ਕਿਹਾ ਕਿ ਸਾਰੇ ਕਾਂਗਰਸੀ ਆਗੂ ਇਕਜੁਟ ਹੋ ਕੇ ਰਾਹੁਲ ਗਾਂਧੀ ਦੀ ਅਗਵਾਈ ‘ਚ ਇਸ ਸੰਘਰਸ਼ ਨੂੰ ਲੜਨ ਤਾਂ ਜੋ ਪੰਜਾਬ ਦੇ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾ ਸਕੇ। ਉਨ੍ਹਾਂ ਇਸ ਮੌਕੇ 2022 ਦੀ ਜਿੱਤ ਲਈ ਵੀ ਪਾਰਟੀ ਆਗੂਆਂ ਨੂੰ ਇਕਜੁਟ ਹੋਣ ਦਾ ਸੱਦਾ ਦਿੰਦਿਆਂ ਕਿਹਾ ਕਿ ਪੰਜਾਬ ਦੇ ਹਿਤਾਂ ਲਈ ਭਾਜਪਾ ਤੇ ਅਕਾਲੀ ਦਲ ਵਰਗੀਆਂ ਪਾਰਟੀਆਂ ਨੂੰ ਹਰਾਉਣਾ ਬੇਹੱਦ ਜ਼ਰੂਰੀ ਹੈ।
____________________________________________
ਅਕਾਲੀਆਂ ਨੇ ਫਲੈਕਸ ਬੋਰਡਾਂ ਰਾਹੀਂ ਰਾਹੁਲ ਤੋਂ ਪੁੱਛੇ ਸਵਾਲ
ਲੰਬੀ: ਖੇਤੀ ਕਾਨੂੰਨਾਂ ਉਤੇ ਮੋਦੀ ਸਰਕਾਰ ਨੂੰ ਘੇਰਨ ਪੁੱਜੇ ਕਾਂਗਰਸੀ ਆਗੂ ਰਾਹੁਲ ਗਾਂਧੀ ਨੂੰ ਲਗਭਗ ਹਰ ਗਲੀ-ਮੁਹੱਲੇ ਵਿਚ ਪੋਸਟਰ ਲਾ ਕੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਨੇ ਘੇਰਾ ਪਾ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਦੇ ਯੂਥ ਵਿੰਗ ਨੇ ਸੂਬੇ ਭਰ ਵਿਚ ਫਲੈਕਸ, ਹੋਰਡਿੰਗ ਲਗਾ ਕੇ ਰਾਹੁਲ ਗਾਂਧੀ ਤੋਂ ਖੇਤੀ ਬਿੱਲਾਂ ਸਬੰਧੀ ਕਾਂਗਰਸ ਦੀ ਕਿਸਾਨੀ ਪ੍ਰਤੀ ਕਾਰਗੁਜ਼ਾਰੀ ਅਤੇ ਕਾਰਵਾਈ ਬਾਰੇ ਪੰਜ ਸਵਾਲ ਪੁੱਛੇ। ਇਨ੍ਹਾਂ ‘ਤੇ ਲਿਖਿਆ ਗਿਆ ਹੈ, ‘ਹੁਣ ਕੇਂਦਰ ਸਰਕਾਰ ਵਲੋਂ ਰਾਜ ਸਭਾ ‘ਚ ਪਾਸ ਕੀਤੇ ਗਏ ਖੇਤੀ ਬਿੱਲ, ਤੁਸੀਂ ਆਪਣੇ ਚੋਣ ਮੈਨੀਫੈਸਟੋ ਵਿਚ ਕਿਉਂ ਪਾਏ ਸਨ?’ ਦੂਜਾ ਸਵਾਲ ਹੈ, ‘ਜਦੋਂ ਬਿੱਲਾਂ ਦੇ ਵਿਰੋਧ ਦਾ ਸਮਾਂ ਆਇਆ, ਉਸ ਵੇਲੇ ਤੁਸੀਂ (ਰਾਹੁਲ) ਅਤੇ ਤੁਹਾਡੇ ਸੰਸਦ ਮੈਂਬਰ ਲੋਕ ਸਭਾ ‘ਚੋਂ ਗੈਰਹਾਜ਼ਰ ਕਿਉਂ ਰਹੇ?’ ਇਸੇ ਤਰ੍ਹਾਂ ਮਹਾਰਾਸ਼ਟਰ ਵਿਚ ਸ਼ਿਵ ਸੈਨਾ ਨੂੰ ਸਮਰਥਨ ਦੇਣ, ਕਿਸਾਨੀ ਨੂੰ ਬਚਾਉਣ ਵਾਸਤੇ ਸੂਬੇ ਨੂੰ ਏ.ਪੀ.ਐਮ.ਸੀ. ਮੰਡੀ ਬਣਾਉਣ ਸਬੰਧੀ ਐਲਾਨ ਨਾ ਕਰਨ, ਖੇਤੀ ਬਿੱਲਾਂ ਵਿਰੁੱਧ ਪਾਸ ਕੀਤੇ ਮਤੇ ਨੂੰ ਕੇਂਦਰ ਸਰਕਾਰ ਕੋਲ ਨਾ ਭੇਜਣ ਸਬੰਧੀ ਜਵਾਬ ਤਲਬੀ ਕੀਤੀ ਗਈ ਹੈ।