ਸਿੱਧੂ ਨੇ ਰਾਹੁਲ ਦੀ ਮੌਜੂਦਗੀ ਵਿਚ ਘੇਰੀ ਕੈਪਟਨ ਸਰਕਾਰ

ਮੋਗਾ: ਖੇਤੀ ਕਾਨੂੰਨਾਂ ਖਿਲਾਫ ਅਤੇ ਕਿਸਾਨਾਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ਲਈ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਬੱਧਨੀ ਕਲਾਂ ਵਿਚ ਜਨਤਕ ਰੈਲੀ ਦੌਰਾਨ ਨਵਜੋਤ ਸਿੱਧੂ ਦੀ ਤਕਰੀਰ ਸਭ ਤੋਂ ਵੱਧ ਅਸਰਦਾਰ ਰਹੀ। ਲੰਬੇ ਸਮੇਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਇਕ ਮੰਚ ਉਤੇ ਇਕੱਠੇ ਹੋਏ ਦਿਖਾਈ ਦਿੱਤੇ।

ਸਿੱਧੂ ਨੇ ਆਪਣੀ ਵਿਲੱਖਣ ਭਾਸ਼ਨ ਸ਼ੈਲੀ ਨਾਲ ਕੇਂਦਰ ਸਰਕਾਰ ਦੇ ਨਾਲ-ਨਾਲ ਆਪਣੀ ਹੀ ਪਾਰਟੀ ਦੀ ਸਰਕਾਰ ਨੂੰ ਰਗੜੇ ਲਾਏ। ਹਿੰਦੀ ਅਤੇ ਪੰਜਾਬੀ ਦੇ ਮਿਲੇ-ਜੁਲੇ ਭਾਸ਼ਨ ਦੌਰਾਨ ਸ਼ ਸਿੱਧੂ ਨੇ ਕਿਹਾ ਕਿ ਕੇਂਦਰ ਦੇ ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਦਾ ਮੈਂ ਕਾਲੀ ਪੱਗ ਨਾਲ ਵਿਰੋਧ ਕਰਦਾ ਹਾਂ। ਸਾਬਕਾ ਕ੍ਰਿਕਟਰ ਨੇ ਕਿਹਾ ਕਿ ਜੇਕਰ ਹਿਮਾਚਲ ਪ੍ਰਦੇਸ਼ ਸਰਕਾਰ ਸੇਬ ਉਤਪਾਦਕਾਂ ਨੂੰ ਐਮ.ਐਸ਼ਪੀ. ਦੇ ਰਹੀ ਹੈ ਤਾਂ ਪੰਜਾਬ ਸਰਕਾਰ ਦਾਲਾਂ ਆਦਿ ਉਤੇ ਕਿਸਾਨਾਂ ਨੂੰ ਐਮ.ਐਸ਼ਪੀ. ਕਿਉਂ ਨਹੀਂ ਦਿੰਦੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਕਿਸਾਨਾਂ ਨੂੰ ਕੁਝ ਦਿੰਦੀ ਹੈ ਤਾਂ ਉਸ ਨੂੰ ਸਬਸਿਡੀ ਕਹਿੰਦੀ ਹੈ ਜਦੋਂ ਉਦਯੋਗਪਤੀਆਂ ਜਾਂ ਸਰਮਾਏਦਾਰਾਂ ਦਾ ਕਰਜ਼ਾ ਮੁਆਫ ਕਰਦੀ ਹੈ ਤਾਂ ਉਸ ਨੂੰ ਇਨਸੈਂਟਿਵ ਕਹਿੰਦੀ ਹੈ।
ਉਨ੍ਹਾਂ ਕਿਹਾ ਕਿ ਅੰਬਾਨੀ-ਅਡਾਨੀ ਦੇ ਵਕੀਲਾਂ ਦੀ ਫੌਜ ਦਾ ਪੰਜਾਬ ਦਾ ਦੋ ਏਕੜ ਵਾਲਾ ਕਿਸਾਨ ਕਿਵੇਂ ਮੁਕਾਬਲਾ ਕਰੇਗਾ। ਸਾਡੀ ਜਿੱਤ ਤਾਂ ਹੈ ਜੇ ਸਾਡੀ ਸਰਕਾਰ ਅੰਬਾਨੀ-ਅਡਾਨੀ ਨੂੰ ਪੰਜਾਬ ‘ਚ ਨਾ ਵੜਨ ਦੇਵੇ। ਉਨ੍ਹਾਂ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦਾ ਕਾਂਗਰਸ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਨੂੰ ਇਨ੍ਹਾਂ ਕਾਨੂੰਨਾਂ ਵਿਰੁੱਧ ਵਿਧਾਨ ਸਭਾਵਾਂ ਦਾ ਵਿਸ਼ੇਸ਼ ਇਜਲਾਸ ਬੁਲਾਉਣ ਲਈ ਧੰਨਵਾਦ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਤੁਰਤ ਇਜਲਾਸ ਬੁਲਾ ਕੇ ਇਸ ਕਾਨੂੰਨ ਨੂੰ ਰੱਦ ਕਰਕੇ ਮਤਾ ਰਾਸ਼ਟਰਪਤੀ ਨੂੰ ਭੇਜੇ। ਉਨ੍ਹਾਂ ਕਿਹਾ ਕਿ ਸਰਕਾਰਾਂ ਪਿੱਠ ਦਿਖਾਉਣ ਜਾਂ ਦਿਖਾਵੇ ਲਈ ਨਹੀਂ ਹੁੰਦੀਆਂ, ਇਹ ਮੁਸ਼ਕਲਾਂ ਦੇ ਹੱਲ ਲਈ ਹੁੰਦੀਆਂ ਹਨ। ਨਿਰਧਾਰਤ ਸਮੇਂ ਤੋਂ ਵੱਧ ਬੋਲਣ ‘ਤੇ ਸਟੇਜ ਸਕੱਤਰ ਸੁਖਜਿੰਦਰ ਸਿੰਘ ਰੰਧਾਵਾ ਵਲੋਂ ਟੋਕਣ ‘ਤੇ ਸ਼ ਸਿੱਧੂ ਨੇ ਕਿਹਾ ਕਿ ਭਾਜੀ ਅੱਜ ਨਾ ਰੋਕ, ਮੈਨੂੰ ਪਹਿਲਾਂ ਹੀ ਬਿਠਾਈ ਰੱਖਿਆ ਹੈ। ਉਨ੍ਹਾਂ ਕਿਸਾਨਾਂ ਤੇ ਸਨਅਤਕਾਰਾਂ ਨੂੰ ਸਹਿਕਾਰੀ ਸੈਕਟਰ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ।
___________________________________
ਭਗਵੰਤ ਮਾਨ ਵਲੋਂ ਕੈਪਟਨ ਅਤੇ ਸੁਖਬੀਰ ਨੂੰ ਬਹਿਸ ਦੀ ਚੁਣੌਤੀ
ਚੰਡੀਗੜ੍ਹ: ਆਮ ਆਦਮੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਹ ਇਨ੍ਹਾਂ ਦੋਵਾਂ ਪਾਰਟੀਆਂ ਨੂੰ ਤੱਥਾਂ ਸਮੇਤ ਪੰਜ ਸਵਾਲ ਪੁੱਛਣਾ ਚਾਹੁੰਦੇ ਹਨ ਕਿ ਅੱਜ ਤੱਕ ਕੈਪਟਨ ਅਤੇ ਬਾਦਲਾਂ ਦੀ ਜੋੜੀ ਨੇ ਪੰਜਾਬ ਦੀ ਭਲਾਈ ਲਈ ਕੀਤਾ ਹੀ ਕੀ ਹੈ? ਇਨ੍ਹਾਂ ਸਵਾਲਾਂ ਦੇ ਜਵਾਬ ਦੇਣ ਲਈ ਬੇਸ਼ੱਕ ਉਹ ਗੂਗਲ ਦਾ ਸਹਾਰਾ ਲੈ ਲੈਣ, ਖਜ਼ਾਨੇ ‘ਤੇ ਬੋਝ ਬਣੇ ਸਲਾਹਕਾਰਾਂ ਦੀ ਫੌਜਾਂ ਤੋਂ ਲਿਖਵਾ ਲੈਣ, ਵੱਡੇ-ਵੱਡੇ ਰਜਿਸਟਰ ਲੈ ਆਉਣ ਜਾਂ ਉਨ੍ਹਾਂ ਨਾਲ ਲਾਈਵ ਡਿਬੇਟ ਵਿਚ ਕੈਪਟਨ ਅਮਰਿੰਦਰ ਅਤੇ ਸੁਖਬੀਰ ਸਿੰਘ ਬਾਦਲ ਬੈਠਣ। ਭਗਵੰਤ ਮਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅਨੁਸਾਰ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਲਈ ਰਾਹੁਲ ਗਾਂਧੀ ਪੰਜਾਬ ਵਿਚ ਰੋਡ ਸ਼ੋਅ ਕਰਨਗੇ ਪਰ ਜਦੋਂ ਸੰਸਦ ਵਿਚ ਖੇਤੀ ਬਿੱਲਾਂ ਉਤੇ ਬਹਿਸ ਹੋ ਰਹੀ ਸੀ ਤਾਂ ਉਦੋਂ ਰਾਹੁਲ ਗਾਂਧੀ ਸੰਸਦ ਵਿਚੋਂ ਹੀ ਗੈਰਹਾਜ਼ਰ ਸਨ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਰਾਹੁਲ ਗਾਂਧੀ ਲਈ ਕਿਸਾਨੀ ਹਿੱਤ ਕੋਈ ਮਾਇਨੇ ਨਹੀਂ ਰੱਖਦੇ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਦੇ 51 ਸੰਸਦ ਮੈਂਬਰ ਲੋਕ ਸਭਾ ਵਿਚ ਹਨ ਅਤੇ 40 ਸੰਸਦ ਮੈਂਬਰ ਰਾਜ ਸਭਾ ਵਿਚ ਹਨ। ਇਸ ਦੇ ਬਾਵਜੂਦ ਕਾਂਗਰਸ ਪਾਰਟੀ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਨੂੰ ਪਾਸ ਹੋਣ ਤੋਂ ਨਹੀਂ ਰੋਕ ਸਕੀ। ਮਾਨ ਨੇ ਕਿਹਾ ਕਿ 28 ਅਗਸਤ 2020 ਨੂੰ ਜਦੋਂ ਵਿਧਾਨ ਸਭਾ ਸੈਸ਼ਨ ਸੱਦਿਆ ਸੀ ਤਾਂ ਪੰਜਾਬ ਸਰਕਾਰ ਨੇ ਖੇਤੀ ਆਰਡੀਨੈਂਸਾਂ ਨੂੰ ਰੱਦ ਕਰਨ ਲਈ ਇਕ ਮਤਾ ਪਾਸ ਕੀਤਾ ਸੀ ਪਰ 14 ਸਤੰਬਰ ਤੱਕ ਇਹ ਮਤਾ ਕੇਂਦਰ ਸਰਕਾਰ ਨੂੰ ਨਹੀਂ ਭੇਜਿਆ। ਉਨ੍ਹਾਂ ਕਿਹਾ ਕਿ ਬਾਦਲ ਜੋੜੀ ਨੇ ਕੈਬਨਿਟ ਮੀਟਿੰਗ ਵਿਚ ਖੇਤੀ ਬਿੱਲਾਂ ਨੂੰ ਪਾਸ ਕਰਵਾਉਣ ‘ਚ ਅਹਿਮ ਭੂਮਿਕਾ ਨਿਭਾਈ ਪਰ ਹੁਣ ਪੰਜਾਬ ਦਾ ਕਿਸਾਨ ਅਤੇ ਸਮੂਹ ਵਰਗ ਇਨ੍ਹਾਂ ਬਾਦਲਾਂ ਦੀਆਂ ਗੁੱਝੀਆਂ ਚਾਲਾਂ ਤੋਂ ਪੂਰੀ ਤਰ੍ਹਾਂ ਵਾਕਫ ਹੈ। ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਬਾਦਲ ਪਰਿਵਾਰ ‘ਤੇ ਕਿਸੇ ਤਰ੍ਹਾਂ ਦਾ ਵੀ ਸੰਕਟ ਆਇਆ ਹੈ ਤਾਂ ਉਸ ਨੇ ਧਰਮ ਦਾ ਸਹਾਰਾ ਲੈ ਕੇ ਪੰਜਾਬੀਆਂ ਨੂੰ ਗੁਮਰਾਹ ਹੀ ਕੀਤਾ ਹੈ।