ਪੰਜਾਬ ਟਾਈਮਜ਼ ਤੇ ਆਫੀਆ ਸਦੀਕੀ
ਕੋਈ ਕੋਈ ਰਚਨਾ ਹੁੰਦੀ ਹੈ ਜਿਸ ਨੂੰ ਹਰ ਵਰਗ ਦੇ ਪਾਠਕਾਂ ਵੱਲੋਂ ਭਰਪੂਰ ਹੁੰਗਾਰਾ ਮਿਲਦਾ ਹੈ। ਆਫੀਆ ਸਦੀਕੀ ਬਾਰੇ ਕੈਨੇਡਾ ਵੱਸਦੇ ਲੇਖਕ ਹਰਮਹਿੰਦਰ ਚਹਿਲ ਵੱਲੋਂ ਲਿਖੀ ਗਲਪ ਰਚਨਾ ‘ਆਫਆ ਸਦੀਕੀ ਦਾ ਜਹਾਦ’ ਅਜਿਹੀ ਹੀ ਰਚਨਾ ਹੋ ਨਿਬੜੀ ਹੈ। ਤਕਰੀਬਨ ਪੰਜ ਮਹੀਨੇ ਲਗਾਤਾਰ ਹਰ ਹਫਤੇ ਇਹ ਰਚਨਾ ‘ਪੰਜਾਬ ਟਾਈਮਜ਼’ ਦੇ ਪਾਠਕਾਂ ਤੱਕ ਪੁੱਜਦੀ ਰਹੀ। ਫੋਨਾਂ ਅਤੇ ਖਤਾਂ ਦੇ ਜ਼ਰੀਏ ਆਏ ਸੁਨੇਹਿਆਂ ਨਾਲ ਖਬਰ ਮਿਲਦੀ ਰਹੀ ਕਿ ਪਾਠਕ ਇਸ ਰਚਨਾ ਨੂੰ ਕਿੰਨੀ ਬੇਸਬਰੀ ਨਾਲ ਉਡੀਕਦੇ ਸਨ। ਅਸਲ ਵਿਚ ਆਫੀਆ ਦੀ ਆਪਣੀ ਜੀਵਨ ਯਾਤਰਾ ਵੀ ਬਹੁਤ ਦਿਲਚਸਪ ਸੀ। ਲਿਆਕਤ ਨਾਲ ਭਰਪੂਰ ਇਸ ਕੁੜੀ ਨੇ ਮਜ਼ਹਬ ਦਾ ਰਾਹ ਜਨੂੰਨ ਦੀ ਹੱਦ ਤੱਕ ਪਾਰ ਕੀਤਾ। ਹੋਰ ਕਿਸੇ ਗੱਲ ਦੀ ਉਸ ਨੇ ਘੱਟ ਹੀ ਪ੍ਰਵਾਹ ਕੀਤੀ। ਉਸ ਨੇ ਤਾਂ ਅਦਾਲਤ ਵਿਚ ਵੀ ਕਿਸੇ ਦੀ ਪ੍ਰਵਾਹ ਨਹੀਂ ਕੀਤੀ ਅਤੇ ਜੱਜਾਂ ਨੂੰ ਯਹੂਦੀ ਹੋਣ ਦਾ ਮਿਹਣਾ ਵੀ ਮਾਰਿਆ। ਉਸ ਦੇ ਮਨ ਵਿਚ ਜਹਾਦ ਬਹੁਤ ਡੂੰਘਾ ਬੈਠ ਗਿਆ ਸੀ। ਮਜ਼ਹਬ ਨੇ ਉਸ ਨੂੰ ਮਨੁੱਖ ਬਣਾਉਣ ਵਿਚ ਰੋਲ ਅਦਾ ਕਰਨਾ ਸੀ ਪਰ ਉਹ ਮੁਸਲਮਾਨ ਬਣ ਕੇ ਰਹਿ ਗਈ। ਇਸੇ ਕਰ ਕੇ ਦੂਜੇ ਮਜ਼ਹਬਾਂ ਦੇ ਜੀਆਂ ਪਰਤੀ ਉਸ ਦਾ ਨਜ਼ਰੀਆ ਉਲਾਰ ਹੋ ਗਿਆ।
ਕਾਰਸਵੈਲ (ਫੋਰਟ ਵਰਥ, ਟੈਕਸਸ) ਦੇ ਮਿਲਟਰੀਬੇਸ ਵਿਚ ਬਣਾਏ ਫੈਡਰਲ ਮੈਡੀਕਲ ਸੈਂਟਰ (ਜੇਲ੍ਹ) ਵਿਚ ਜੂਨ ਦੇ ਪਹਿਲੇ ਹਫਤੇ ਡਾਕਟਰ ਆਫੀਆ ਸਦੀਕੀ ਉਤੇ ਹਮਲਾ ਕਰ ਦਿੱਤਾ ਗਿਆ। ਉਹ ਬੇਹੋਸ਼ ਅਤੇ ਖੂਨ ਨਾਲ ਲੱਥ-ਪਥ ਹੋ ਗਈ, ਪਰ ਉਸ ਨੂੰ ਡਾਕਟਰੀ ਸਹਾਇਤਾ ਹਮਲੇ ਤੋਂ ਦੋ ਦਿਨ ਬਾਅਦ ਦਿੱਤੀ ਗਈ। ਇਸ ਘਟਨਾ ਤੋਂ ਤੁਰੰਤ ਬਾਅਦ ਆਫੀਆ ਦੀ ਵਕੀਲ ਟੀਨਾ ਫੋਸਟਰ ਉਸ ਨੂੰ ਮਿਲੀ। ਟੈਕਸਸ ਵਿਚ ਪਾਕਿਸਤਾਨੀ ਕੌਂਸਲੇਟ ਨੇ ਉਚ ਪੱਧਰੀ ਵਫ਼ਦ ਆਫੀਆ ਨੂੰ ਮਿਲਣ ਲਈ ਭੇਜਿਆ। ਕਾਰਸਵੈਲ ਜੇਲ੍ਹ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਦੀ ਆਪਣੇ ਪੱਧਰ ਉਤੇ ਜਾਂਚ ਪੜਤਾਲ ਕਰ ਰਹੇ ਹਨ। ਕਿਹਾ ਇਹ ਜਾ ਰਿਹਾ ਹੈ ਕਿ ਇਹ ਜਾਂਚ ਰਿਪੋਰਟ ਕਿਸੇ ਵੀ ਸੂਰਤ ਵਿਚ ਨਸ਼ਰ ਨਹੀਂ ਕੀਤੀ ਜਾਵੇਗੀ।
ਆਫੀਆ ਇਸ ਜੇਲ੍ਹ ਵਿਚ 86 ਸਾਲ ਕੈਦ ਦੀ ਸਜ਼ਾ ਭੁਗਤ ਰਹੀ ਹੈ। ਉਸ ਦੀ ਇਹ ਸਜ਼ਾ 2083 ਵਿਚ ਮੁੱਕਣੀ ਹੈ। ਇਹ ਸਜ਼ਾ ਮੁੱਕਣ ਤੋਂ ਪਹਿਲਾਂ ਉਸ ਨੇ ਮੁੱਕ ਜਾਣਾ ਹੈ! ‘ਪੰਜਾਬ ਟਾਈਮਜ਼’ ਦੇ ਪਾਠਕ ਪਿਛਲੇ ਛੇ ਮਹੀਨੇ ਤੋਂ ਹਰ ਹਫਤੇ, ਆਫੀਆ ਦੀ ਕਹਾਣੀ ਪੜ੍ਹਦੇ ਰਹੇ ਹਨ। ਇੰਨੀ ਲੰਮੀ ਸਜ਼ਾ ਪਾਉਣ ਵਾਲੀ ਇਹ ਕੁੜੀ ਹੈ ਕੌਣ? ਹੁਣ ਜਦੋਂ ਉਸ ਉਤੇ ਜੇਲ੍ਹ ਅੰਦਰ ਹਮਲਾ ਹੋਇਆ ਹੈ, ਇਕ ਵਾਰ ਫਿਰ ਉਸ ਬਾਰੇ ਚਰਚਾ ਛਿੜ ਗਈ ਹੈ। ਉਸ ਲਈ ਲਗਾਤਾਰ ਲੜਦੀ ਰਹੀ ਉਸ ਦੀ ਵੱਡੀ ਭੈਣ ਫੌਜ਼ੀਆ ਸਦੀਕੀ ਨੇ ਨਵਾਜ਼ ਸ਼ਰੀਫ ਨੂੰ ਮਿਹਣਾ ਮਾਰਿਆ ਹੈ ਕਿ ਉਹ ਆਫ਼ੀਆ ਦੀ ਸੁਰੱਖਿਆ ਕਰਨ ਵਿਚ ਨਾਕਾਮ ਸਾਬਿਤ ਹੋਏ ਹਨ। ਇਸ ਨਾਲ ਦੇਸ਼ (ਪਾਕਿਸਤਾਨ) ਦੀ ਪ੍ਰਭੂਸੱਤਾ ਉਤੇ ਵੀ ਸਵਾਲੀਆ ਨਿਸ਼ਾਨ ਲੱਗ ਗਿਆ ਹੈ। ਡਾæ ਫੌਜ਼ੀਆ ਮੁਤਾਬਕ ਨਵਾਜ਼ ਸ਼ਰੀਫ ਇੰਨੀ ਬਹੁਮਤ ਨਾਲ ਸੱਤਾ ਵਿਚ ਆਏ ਹਨ ਪਰ ਉਨ੍ਹਾਂ ਨੇ ਆਫੀਆ ਦੇ ਕੇਸ ਵੱਲ ਧਿਆਨ ਹੀ ਨਹੀਂ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਸਰਕਾਰ ਆਫੀਆ ਦਾ ਮਾਮਲਾ ਵੱਡੇ ਪੱਧਰ ਉਤੇ ਉਠਾਏਗੀ ਅਤੇ ਪਿਛਲੀ ਸਰਕਾਰ ਵਾਂਗ ਡਰਪੋਕ ਸਾਬਿਤ ਨਹੀਂ ਹੋਵੇਗੀ।
ਅਮਰੀਕਾ ਵਿਚ ਆਫੀਆ ਲਈ ਹਾਅ ਦਾ ਨਾਅਰਾ ਮਾਰਿਆ ਗਿਆ ਹੈ। ਰਾਸ਼ਟਰਪਤੀ ਐਲ਼ਬੀæ ਜੌਹਨਸਨ ਵੇਲੇ 10 ਮਾਰਚ 1967 ਤੋਂ 20 ਜਨਵਰੀ 1969 ਤੱਕ ਅਮਰੀਕਾ ਦੇ ਅਟਾਰਨੀ ਜਨਰਲ ਰਹੇ ਰਮਸੇ ਕਲਾਰਕ ਨੇ ਫੋਰਟ ਵਰਥ (ਟੈਕਸਸ) ਵਿਚ ਆਫੀਆ ਦੇ ਹੱਕ ਵਿਚ ਕੀਤੀ ਰੈਲੀ ਦੌਰਾਨ ਕਿਹਾ ਕਿ ਆਫੀਆ ਨਾਲ ਵਧੀਕੀ-ਦਰ-ਵਧੀਕੀ ਹੋਈ ਹੈ। ਉਸ ਨੇ ਕਿਹਾ, “ਮੈਂ ਆਫੀਆ ਵਾਲਾ ਕੇਸ ਬਹੁਤ ਬਾਰੀਕੀ ਨਾਲ ਪੜ੍ਹਿਆ ਹੈ। ਉਸ ਨਾਲ ਨਿਆਂ ਨਹੀਂ ਹੋਇਆ। ਮੇਰਾ ਆਪਣੇ ਲੰਮੇ ਤਜਰਬੇ ਦੌਰਾਨ ਕਈ ਕੇਸਾਂ ਨਾਲ ਵਾਹ ਪਿਆ ਪਰ ਇਸ ਤਰ੍ਹਾਂ ਦਾ ਕੇਸ ਕਦੀ ਸਾਹਮਣੇ ਨਹੀਂ ਆਇਆ। ਇਸ ਕੇਸ ਨੇ ਤਾਂ ਅਮਰੀਕਾ ਦੀ ਭਰੋਸੇਯੋਗਤਾ ਉਤੇ ਹੀ ਸਵਾਲੀਆ ਚਿੰਨ੍ਹ ਲਾ ਦਿੱਤਾ ਹੈ।”
ਆਖਰ ਕੀ ਕਾਰਨ ਹੈ ਕਿ ਰਮਸੇ ਕਲਾਰਕ ਵਰਗਾ ਬੰਦਾ ਅਮਰੀਕਾ ਦੀ ਭਰੋਸੇਯੋਗਤਾ ਉਤੇ ਸਵਾਲੀਆ ਚਿੰਨ੍ਹ ਲਾ ਰਿਹਾ ਹੈ? ਨਾਲੇ ਆਫੀਆ ਤੋਂ ਅਮਰੀਕਾ ਇੰਨਾ ਕਿਉਂ ਡਰ ਰਿਹਾ ਹੈ ਕਿ ਉਸ ਨੂੰ 86 ਸਾਲ ਦੀ ਸਜ਼ਾ ਦਿੱਤੀ ਗਈ ਹੈ? ਉਂਜ, ਆਫੀਆ ਨੂੰ ਜੇ ਕਸੂਰਵਾਰ ਮੰਨਿਆ ਗਿਆ ਹੈ, ਤਾਂ ਉਸ ਨੂੰ ਸਜ਼ਾ ਵੀ ਦੇ ਹੀ ਦਿੱਤੀ ਗਈ ਹੈ; ਫਿਰ ਉਸ ਨਾਲ ਜੇਲ੍ਹ ਅੰਦਰ ਦੁਰਵਿਹਾਰ ਕਿਉਂ? ਉਸ ਨਾਲ ਜੋ ਵਿਹਾਰ ਹੁਣ ਤੱਕ ਜੇਲ੍ਹ ਵਿਚ ਹੋਇਆ ਹੈ, ਉਹ ਰੌਂਗਟੇ ਖੜ੍ਹੇ ਕਰਨ ਵਾਲਾ ਹੈ। ਇਸ ਕੁੜੀ ਨੂੰ, ਮਿਥ ਕੇ ਤੋੜ ਕੇ ਰੱਖ ਦਿੱਤਾ ਗਿਆ ਹੈ।
ਆਫੀਆ ਦੀ ਕਹਾਣੀ ਪੜ੍ਹਦਿਆਂ/ਛਾਪਦਿਆਂ ਪ੍ਰੋæ ਦਵਿੰਦਰਪਾਲ ਸਿੰਘ ਭੁੱਲਰ ਦਾ ਚੇਤਾ ਕਈ ਵਾਰ ਆਇਆ। ਭੁੱਲਰ ਦਾ ਕੇਸ ਭਾਵੇਂ ਆਫੀਆ ਵਾਲੇ ਕੇਸ ਤੋਂ ਉਕਾ ਹੀ ਵੱਖਰਾ ਹੈ, ਪਰ ਜੇਲ੍ਹ ਅੰਦਰ ਦੋਹਾਂ ਨਾਲ ਜੋ ਹੋਇਆ, ਉਹ ਦਰਦ ਸਾਂਝਾ ਹੈ। ਭੁੱਲਰ ਦੀ ਪਤਨੀ ਨਵਨੀਤ ਕੌਰ ਦਾ ਉਲਾਂਭਾ ਹੈ ਕਿ ਜੇ ਕਿਤੇ ਭੁੱਲਰ ਨੂੰ ਜੇਲ੍ਹ ਵਿਚ ਪੜ੍ਹਨ ਦੀ ਆਗਿਆ ਦੇ ਦਿੱਤੀ ਜਾਂਦੀ ਤਾਂ ਉਸ ਦੀ ਮਾਨਸਿਕ ਅਵਸਥਾ ਡੋਲਣੀ ਨਹੀਂ ਸੀ, ਪਰ ਸਟੇਟ ਤਾਂ ਸਦਾ ਹੀ ਵਿਰੋਧੀਆਂ ਦੀ ਮਾਨਸਿਕ ਅਵਸਥਾ ਉਤੇ ਸੱਟ ਮਾਰਨ ਲਈ ਤਿਆਰ-ਬਰ-ਤਿਆਰ ਰਹਿੰਦਾ ਹੈ। ਆਫੀਆ ਨੂੰ ਜਿਸ ਤਰ੍ਹਾਂ ਇਕੱਲੀ ਰੱਖਿਆ ਗਿਆ, ਉਸ ਨਾਲ ਉਸ ਦਾ ਮਾਨਸਿਕ ਤਵਾਜ਼ਨ ਵਿਗੜਨਾ ਹੀ ਸੀ। ਹੁਣ ਉਸ ਉਤੇ ਜੇਲ੍ਹ ਅੰਦਰ ਹਮਲਾ ਹੋ ਗਿਆ ਹੈ। ਇਸ ਤੋਂ ਭਲੀਭਾਂਤ ਜ਼ਾਹਿਰ ਹੋ ਜਾਂਦਾ ਹੈ ਕਿ ਹਰ ਸਟੇਟ ਦੇ ਪਿਆਦੇ ਬਾਗੀਆਂ ਨਾਲ ਇਕੋ ਜਿਹਾ ਵਿਹਾਰ ਕਰਦੇ ਹਨ; ਭਾਵੇਂ ਇਹ ਭਾਰਤ ਹੋਵੇ, ਜਾਂ ਅਮਰੀਕਾ, ਜਾਂ ਪਾਕਿਸਤਾਨ, ਤੇ ਜਾਂ ਕੋਈ ਹੋਰ ਦੇਸ਼। ਅਮਰੀਕਾ ਮਨੁੱਖੀ ਹੱਕਾਂ ਦੀ ਰਾਖੀ ਦੇ ਨਾਂ ਉਤੇ ਹੁਣ ਤੱਕ ਪਤਾ ਨਹੀਂ ਕਿੰਨੇ ਦੇਸ਼ਾਂ ਵਿਚ ਦਖਲ ਦੇ ਚੁੱਕਾ ਹੈ, ਪਰ ਆਫੀਆ ਵਾਲੇ ਕੇਸ ਦਾ ਸੱਚ ਪੜ੍ਹ/ਸੁਣ ਕੇ ਮਨੁੱਖੀ ਹੱਕਾਂ ਬਾਰੇ ਦਾਅਵਿਆਂ ਦੀ ਇਕ ਵਾਰ ਤਾਂ ਫੂਕ ਨਿਕਲ ਜਾਂਦੀ ਹੈ।
ਆਫੀਆ ਦੇ ਪਿਛੋਕੜ ‘ਤੇ ਨਿਗ੍ਹਾ ਮਾਰਦਿਆਂ ਇਹ ਸਪਸ਼ਟ ਹੋ ਜਾਂਦਾ ਹੈ ਕਿ ਉਸ ਨੇ ਜਿਹੜਾ ਰਾਹ ਫੜਿਆ, ਉਹ ਸਾਧਾਰਨ ਨਹੀਂ ਸੀ। ਪਾਕਿਸਤਾਨ ਵਿਚ ਰਹਿੰਦਿਆਂ ਆਫੀਆ ਦੀ ਮਾਂ ਇਸਮਤ ਜਹਾਨ ਮਜ਼ਹਬੀ ਤਾਲੀਮ ਦੇ ਖੇਤਰ ਵਿਚ ਬੜੀ ਤੇਜ਼ੀ ਨਾਲ ਉਭਰੀ ਸੀ। ਅੰਮੀ ਦੀ ਮਜ਼ਹਬੀ ਤਾਲੀਮ ਦਾ ਆਫੀਆ ਉਤੇ ਬਹੁਤ ਡੂੰਘਾ ਅਸਰ ਹੋਇਆ। ਫਿਰ ਆਲੇ-ਦੁਆਲੇ ਦੇ ਮਾਹੌਲ ਨੇ ਵੀ ਅਸਰ ਪਾਇਆ। ਪਾਕਿਸਤਾਨ ਤੋਂ ਅਫਗਾਨਿਸਤਾਨ ਜਾਣ ਵਾਲਾ ਪਹਿਲਾ ਲੜਾਕਾ ਜਹਾਦੀ ਗਰੁੱਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜ੍ਹੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ ‘ਚੋਂ ਵਿਦਾਅ ਹੋਇਆ ਸੀ। ਪਰਿਵਾਰ ਦਾ ਜਨਰਲ ਜ਼ਿਆ-ਉਲ-ਹੱਕ ਅਤੇ ਹੋਰ ਕਹਿੰਦੇ-ਕਹਾਉਂਦੇ ਪਰਿਵਾਰਾਂ ਨਾਲ ਰਾਬਤਾ ਸੀ। ਆਫੀਆ ਆਪਣੇ ਭਰਾ ਮੁਹੰਮਦ ਅਲੀ ਦੇ ਮਗਰ ਹੀ ਪੜ੍ਹਾਈ ਲਈ ਅਮਰੀਕਾ ਪੁੱਜ ਗਈ। ਮੁਹੰਮਦ ਅਲੀ ਦੇ ਅਪਾਰਟਮੈਂਟ ਵਿਚ ਆਉਂਦੇ ਉਸ ਦੇ ਦੋਸਤਾਂ ਨਾਲ ਉਹ ਅਕਸਰ ਇਸਲਾਮ ਬਾਰੇ ਬਹਿਸਾਂ ਕਰਦੀ। ਉਹ ਹਰ ਗੱਲ ਮਜ਼ਹਬ ਨੂੰ ਕੇਂਦਰ ਵਿਚ ਰੱਖ ਕੇ ਹੀ ਕਰਦੀ। ਇਸਲਾਮ ਉਸ ਨੂੰ ਦੁਨੀਆਂ ਦਾ ਨਿਆਰਾ ਅਤੇ ਸਭ ਤੋਂ ਬਿਹਤਰ ਮਜ਼ਹਬ ਜਾਪਦਾ ਸੀ। ਇਸੇ ਜੋਸ਼ ਵਿਚ ਉਹ ਬਹੁਤੀ ਵਾਰ ਦੂਜੇ ਮਜ਼ਹਬਾਂ ਦੀ ਕਦਰ ਕਰਨਾ ਵੀ ਭੁੱਲ ਜਾਂਦੀ। ਅਮਰੀਕਾ ਦੀ ਧਾੜਵੀ ਪਹੁੰਚ ਦੀ ਉਹ ਤਿੱਖੀ ਨੁਕਤਾਚੀਨੀ ਕਰਦੀ। ਉਸ ਦੀ ਲੋਚਾ ਸੰਸਾਰ ਉਤੇ ਇਸਲਾਮ ਦਾ ਬੋਲਬਾਲਾ ਸੀ। ਉਸ ਨੂੰ ਬੋਸਟਨ ਦੀ ਸੰਸਾਰ ਪ੍ਰਸਿੱਧ ਸੰਸਥਾ ਮੈਸਾਚੂਸਟਸ ਇੰਸੀਚਿਊਟ ਆਫ ਟੈਕਨਾਲੋਜੀ (ਐਮæਆਈæਟੀæ) ਵਿਚ ਦਾਖਲਾ ਮਿਲ ਗਿਆ। ਲਿਆਕਤ ਕਰ ਕੇ ਉਹ ਵਿਦਿਆਰਥੀਆਂ ਅਤੇ ਅਧਿਆਪਕਾਂ ਵਿਚ ਬੜੀ ਛੇਤੀ ਮਕਬੂਲ ਹੋ ਗਈ। ਫਿਰ ਉਸ ਦਾ ਸੰਪਰਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਨਾਲ ਹੋ ਗਿਆ ਅਤੇ ਅਗਾਂਹ ਜਹਾਦੀਆਂ ਨਾਲ ਜਾ ਜੁੜੀ।
2 ਮਾਰਚ, 1972 ਵਿਚ ਪਾਕਿਸਤਾਨ ‘ਚ ਜੰਮੀ ਆਫੀਆ ਸਦੀਕੀ ਦੀ ਜੀਵਨ ਕਹਾਣੀ ਪੜ੍ਹਦਿਆਂ ਲੂੰ-ਕੰਡੇ ਖੜ੍ਹੇ ਹੋ ਜਾਂਦੇ ਹਨ। ਆਫੀਆ ਨੇ ਅਮਰੀਕਾ ਵਿਚ ਉਚ ਸਿੱਖਿਆ ਹਾਸਲ ਕੀਤੀ ਅਤੇ ਡਾਕਟਰ ਬਣੀ, ਪਰ ਉਸ ਦੇ ਜ਼ਿਹਨ ਵਿਚ ਉਸ ਸਿੱਖਿਆ ਨੇ ਵਾਹਵਾ ਉਥਲ-ਪੁਥਲ ਮਚਾਈ ਜੋ ਉਸ ਨੇ ਆਪਣੀ ਅੰਮੜੀ ਦੀਆਂ ਮਜ਼ਹਬੀ ਤਕਰੀਰਾਂ ਤੋਂ ਗ੍ਰਹਿਣ ਕੀਤੀ ਸੀ। ਕਿਸੇ ਨੂੰ ਚਿਤ-ਚੇਤਾ ਵੀ ਨਹੀਂ ਸੀ ਕਿ ਇਸ ਕੁੜੀ ਦਾ ਨਾਂ ਇੰਨੀ ਵੱਡੀ ਪੱਧਰ ਉਤੇ ਜਹਾਦ ਨਾਲ ਜੁੜ ਜਾਵੇਗਾ। ਬਾਅਦ ਵਿਚ ਅਮਰੀਕੀ ਜੇਲ੍ਹਾਂ ਵਿਚ ਇਸ ਕੁੜੀ ਨਾਲ ਜੋ ਹੋਈ-ਬੀਤੀ, ਉਹ ਸੁਣ ਕੇ ਤਾਂ ਪੱਥਰ-ਦਿਲ ਵੀ ਕੰਬ ਉਠਦੇ ਹਨ। ਇਹ ਅਸਲ ਵਿਚ ਇਕੱਲੀ ਆਫੀਆ ਦੀ ਕਥਾ-ਕਹਾਣੀ ਨਹੀਂ, ਸਗੋਂ ਉਸ ਪੀੜ੍ਹੀ ਦੀ ਹੋਣੀ ਦਾ ਬਿਆਨ ਹੈ ਜੋ ਜਹਾਦ ਦੇ ਨਾਂ ਹੇਠ ਰੜੇ ਮੈਦਾਨ ਵਿਚ ਕੁੱਦ ਪਏ।
ਜਦੋਂ 2010 ਵਿਚ ਆਫੀਆ ਨੂੰ 86 ਸਾਲ ਕੈਦ ਦੀ ਸਜ਼ਾ ਹੋਈ, ਪਾਕਿਸਤਾਨ ਵਿਚ ਇਸ ਦਾ ਬੜਾ ਤਿੱਖਾ ਪ੍ਰਤੀਕਰਮ ਹੋਇਆ। ਮਤਹਿਦਾ ਕੌਮੀ ਮੂਵਮੈਂਟ (ਐਮæਕਿਊæਐਮæ) ਨੇ ਕਰਾਚੀ ਵਿਚ ਲਾ-ਮਿਸਾਲ ਰੈਲੀ ਕੱਢੀ। ਗਲੀ ਗਲੀ ਵਿਚ ਆਫੀਆ ਦਾ ਨਾਂ ਗੂੰਜ ਉਠਿਆ। ਪਾਕਿਸਤਾਨ ਨੇ ਡਿਪਲੋਮੈਟਿਕ ਪੱਧਰ ਉਤੇ ਵੀ ਆਫੀਆ ਲਈ ਚਾਰਾਜੋਈ ਕੀਤੀ। ਇਸ ਤੋਂ ਜਦੋਂ ਜਦੋਂ ਜੇਲ੍ਹ ਵਿਚੋਂ ਆਫੀਆ ਨਾਲ ਵਧੀਕੀ ਹੋਣ ਦੀਆਂ ਖਬਰਾਂ ਆਈਆਂ, ਵੱਖ ਵੱਖ ਧਿਰਾਂ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ। ਅਸਲ ਵਿਚ ਇਹੀ ਉਸ ਵਧੀਕੀਆਂ ਸਨ ਜਿਹੜੀਆਂ ਨੌਜਵਾਨਾਂ ਦੇ ਪੈਰ ਜਹਾਦ ਵੱਲ ਮੋੜਦੀਆਂ ਸਨ। ਬੋਸਨੀਆ ਵਿਚ ਮੁਸਲਮਾਨਾਂ ਉਤਟੇ ਹੋਏ ਜ਼ੁਲਮਾਂ ਨੇ ਪਤਾ ਨਹੀਂ ਸੰਸਾਰ ਵਿਚ ਹੋਰ ਕਿੰਨੇ ਜਹਾਦੀ ਪੈਦਾ ਕੀਤੇ ਹੋਣਗੇ। ਆਪਣੇ ਪੰਜਾਬ ਵਿਚ ਵੀ ਤਾਂ ਇਸੇ ਤਰ੍ਹਾਂ ਹੋਇਆ ਸੀ। ਸਭ ਨੂੰ ਯਾਦ ਹੈ ਕਿ ਪਿਛਲੀ ਸਦੀ ਵਿਚ 80ਵਿਆਂ ਦੌਰਾਨ ਕਿੱਦਾਂ ਮੁੰਡਿਆਂ ਨੂੰ ਘਰੋਂ ਉਜੜਨਾ ਪੈ ਗਿਆ ਸੀ। ਇਕ ਵਾਰ ਘਰੋਂ ਨਿਕਲੇ, ਤਾਂ ਕੋਈ ਹੋਰ ਰਾਹ ਨਹੀਂ ਸੀ ਬਚਿਆ। ਆਫੀਆ ਵੀ ਇਸੇ ਰਾਹ ਤੁਰੀ ਅਤੇ ਆਖਰਕਾਰ ਇਹ ਰਾਹ ਉਸ ਨੂੰ ਸਦਾ ਸਦਾ ਲਈ ਜੇਲ੍ਹ ਤੱਕ ਲੈ ਗਿਆ।
-ਪੰਜਾਬ ਟਾਈਮਜ਼ ਫੀਚਰਜ਼
Leave a Reply