ਚੰਡੀਗੜ੍ਹ: ਪਾਕਿਸਤਾਨ ਸਰਕਾਰ ਨੇ ਪੰਜਾ ਸਾਹਿਬ ਨੂੰ ਪਵਿੱਤਰ ਸ਼ਹਿਰ ਐਲਾਨਣ ਦਾ ਫੈਸਲਾ ਕੀਤਾ ਹੈ। ਇਹ ਖੁਲਾਸਾ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨਾਲ ਚੰਡੀਗੜ੍ਹ ਵਿਚ ਮੁਲਾਕਾਤ ਕਰਨ ਆਏ ਪਾਕਿਸਤਾਨ ਗ੍ਰਹਿ ਮੰਤਰਾਲੇ ਦੇ ਕਾਨੂੰਨੀ ਕੌਂਸਲੇਟ ਤੇ ਭਾਰਤ-ਪਾਕਿ ਮਿੱਤਰਤਾ ਐਸੋਸੀਏਸ਼ਨ ਦੇ ਸਾਬਕਾ ਪ੍ਰਧਾਨ ਆਰਿਫ਼ ਚੌਧਰੀ ਨੇ ਕੀਤਾ ਹੈ।
ਸ੍ਰੀ ਆਰਿਫ਼ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਮਿੱਤਰਤਾ ਐਸੋਸੀਏਸ਼ਨ ਦਾ 2003 ਵਿਚ ਗਠਨ ਕੀਤਾ ਗਿਆ ਸੀ ਤਾਂ ਜੋ ਦੋਵਾਂ ਦੇਸ਼ਾਂ ਦੇ ਲੋਕਾਂ ਵਿਚਕਾਰ ਆਪਸੀ ਭਾਈਚਾਰੇ ਤੇ ਮਿੱਤਰਤਾ ਨੂੰ ਮਜ਼ਬੂਤ ਕੀਤਾ ਜਾ ਸਕੇ। ਐਸੋਸੀਏਸ਼ਨ ਨੇ ਭਾਰਤੀ ਵਕੀਲਾਂ ਦੇ ਇਕ ਵਫ਼ਦ ਦਾ ਪਾਕਿਸਤਾਨ ਦੀ ਜੇਲ੍ਹ ਵਿਚ ਸਵਰਗੀ ਸਰਬਜੀਤ ਸਿੰਘ ਨੂੰ ਮਿਲਣ ਲਈ ਦੌਰੇ ਦਾ ਪ੍ਰਬੰਧ ਕੀਤਾ ਸੀ।
ਉਨ੍ਹਾਂ ਕਿਹਾ ਕਿ ਇਹ ਐਸੋਸੀਏਸ਼ਨ ਪੰਜਾ ਸਾਹਿਬ ਦੇ ਯੋਜਨਾਬੱਧ ਵਿਕਾਸ ਤੋਂ ਇਲਾਵਾ ਪੰਜਾ ਸਾਹਿਬ ਵਿਚ ਰਹਿੰਦੇ ਸਿੱਖਾਂ ਦੀ ਭਲਾਈ ਨਾਲ ਸਬੰਧਤ ਸਾਰਿਆਂ ਮੁੱਦਿਆਂ ਦੇ ਹੱਲ ਨੂੰ ਵੀ ਯਕੀਨੀ ਬਣਾਏਗੀ। ਸ੍ਰੀ ਆਰਿਫ਼ ਨੇ ਮੁੱਖ ਮੰਤਰੀ ਨੂੰ ਪਾਕਿਸਤਾਨ ਆਉਣ ਦਾ ਵੀ ਸੱਦਾ ਦਿੱਤਾ ਜੋ ਉਨ੍ਹਾਂ ਪ੍ਰਵਾਨ ਕਰ ਲਿਆ। ਪਾਕਿਸਤਾਨ ਸਰਕਾਰ ਤੇ ਐਸੋਸੀਏਸ਼ਨ ਦੀਆਂ ਠੋਸ ਕੋਸ਼ਿਸਾਂ ਦੀ ਸਰਾਹਨਾ ਕਰਦੇ ਹੋਏ ਸ਼ ਬਾਦਲ ਨੇ ਕਿਹਾ ਕਿ ਇਸ ਨਾਲ ਭਾਰਤ ਤੇ ਪਾਕਿਸਤਾਨ ਨਾਲ ਦੁਵੱਲੇ ਸਬੰਧ ਮਜ਼ਬੂਤ ਹੋਣਗੇ ਤੇ ਹੁਸੈਨੀਵਾਲ ਅਤੇ ਫਾਜ਼ਿਲਕਾ ਸਰਹੱਦਾਂ ਨੂੰ ਖੋਲ੍ਹਣ ਨਾਲ ਇਨ੍ਹਾਂ ਸਬੰਧਾਂ ਨੂੰ ਹੋਰ ਵੀ ਬਲ ਮਿਲੇਗਾ। ਮੁੱਖ ਮੰਤਰੀ ਨੇ ਉਮੀਦ ਪ੍ਰਗਟ ਕੀਤੀ ਕਿ ਪਾਕਿਸਤਾਨ ਵਿਚ ਨਵੀਂ ਸਰਕਾਰ ਬਣਨ ਨਾਲ ਦੁਵੱਲੇ ਸਬੰਧਾਂ ਵਿਚ ਹੋਰ ਸੁਧਾਰ ਆਵੇਗਾ ਤੇ ਲੋਕਾਂ ਦੇ ਆਪਸੀ ਸੰਪਰਕਾਂ ਨਾਲ ਵਪਾਰ ਤੇ ਸਭਿਆਚਾਰ ਦੇ ਆਦਾਨ-ਪ੍ਰਦਾਨ ਨੂੰ ਵੀ ਹੁਲਾਰਾ ਮਿਲੇਗਾ।
Leave a Reply