‘ਸਰਸਾ’ ਤੋਂ ‘ਸਿਕੰਦਰ’ ਤੱਕ

ਪੰਜਾਬੀ ਫਿਲਮ ‘ਸਰਸਾ’ ਦਾ ਨਾਂ ਬਦਲ ਕੇ ‘ਸਿਕੰਦਰ’ ਕਰ ਦਿੱਤਾ ਗਿਆ ਹੈ। ਇਸ ਫਿਲਮ ਦੀ ਪਟਕਥਾ ਫ਼ਿਲਮ ਦੇ ਨੌਜਵਾਨ ਡਾਇਰੈਕਟਰ ਜਤਿੰਦਰ ਮੌਹਰ ਅਤੇ ਪੱਤਰਕਾਰ-ਫਿਲਮਸਾਜ਼ ਦਲਜੀਤ ਅਮੀ ਨੇ ਮਿਲ ਕੇ ਲਿਖੀ ਸੀ, ਪਰ ਦੋਹਾਂ ਨੇ ਹੁਣ ‘ਸਿਕੰਦਰ’ ਨਾਲੋਂ ਆਪਣਾ ਨਾਤਾ ਤੋੜ ਲਿਆ ਹੈ। ਅਸਲ ਵਿਚ ਨਿਰਮਾਤਾਵਾਂ ਨੇ ਇਸ ਫਿਲਮ ਦਾ ਨਾਂ ਹੀ ਨਹੀਂ ਬਦਲਿਆ, ਫਿਲਮ ਦਾ ਕੋਣ ਹੀ ਟੇਢਾ ਕਰ ਦਿੱਤਾ ਹੈ। ਆਪਣੇ ਇਸ ਲੇਖ ਵਿਚ ਦਲਜੀਤ ਅਮੀ ਨੇ ਇਸੇ ਟੇਢ ਬਾਰੇ ਗੱਲ ਛੇੜੀ ਹੈ।
ਦਲਜੀਤ ਅਮੀ
ਫੋਨ: 91-97811-21873
‘ਸਰਸਾ’ ਦਾ ਨਾਮ ਬਦਲ ਕੇ ‘ਸਿਕੰਦਰ’ ਰੱਖਣ ਨਾਲ ਫ਼ਿਲਮ ਨੂੰ ਭਲਾ ਕੀ ਫ਼ਰਕ ਪਿਆ ਹੈ? ਇਹ ਸੁਆਲ ਦਿਲਚਸਪੀ ਰੱਖਣ ਵਾਲੇ ਹਰ ਜਣੇ-ਜਣੀ ਨੂੰ ਪੁੱਛ ਲੈਣਾ ਚਾਹੀਦਾ ਹੈ। ‘ਸਰਸਾ’ ਦਾ ਜ਼ਿਕਰ ਸਿਰਫ਼ ਆਨੰਦਪੁਰ ਦੇ ਲਾਗਿਉਂ ਲੰਘਦੀ ਨਦੀ ਤੱਕ ਮਹਿਦੂਦ ਨਹੀਂ ਹੈ। ਆਨੰਦਪੁਰ ਸਾਹਿਬ ਦਾ ਕਿਲਾ ਛੱਡਣ ਤੋਂ ਬਾਅਦ ਇਸ ਨਦੀ ਨੂੰ ਪਾਰ ਕਰਨ ਵੇਲੇ ਗੁਰੂ ਗੋਬਿੰਦ ਸਿੰਘ ਦੇ ਜੀਵਨ ਦੀ ਅਹਿਮ ਘਟਨਾ ਵਾਪਰੀ। ਗੁਰੂ ਗੋਬਿੰਦ ਸਿੰਘ ਦੇ ਪਰਿਵਾਰ ਦਾ ਵਿਛੋੜਾ ਇਸ ਨਦੀ ਕਿਨਾਰੇ ਪਿਆ ਅਤੇ ਇਸੇ ਨਦੀ ਵਿਚ ਬਹੁਤ ਸਾਰੇ ਗ੍ਰੰਥ ਰੁੜ੍ਹ ਗਏ। ਗੁਰੂ ਗੋਬਿੰਦ ਸਿੰਘ ਦਾ ਅਗਲਾ ਜੀਵਨ ਇਸੇ ਨਦੀ ਨੂੰ ਪਾਰ ਕਰ ਕੇ ਚਮਕੌਰ ਦੀ ਗੜ੍ਹੀ ਰਾਹੀਂ ਮਾਛੀਵਾੜੇ ਤੋਂ ਹੁੰਦਾ ਹੋਇਆ ਖਿਦਰਾਣੇ ਦੀ ਢਾਬ ਤੱਕ ਪਹੁੰਚਦਾ ਹੈ। ਖਿਦਰਾਣੇ ਦੀ ਢਾਬ ‘ਚ ਆਨੰਦਪੁਰ ਵਿਚ ਲਿਖਿਆ ਗਿਆ ਬੇਦਾਵਾ ਪਾੜਿਆ ਜਾਂਦਾ ਹੈ। ਇਸ ਤੋਂ ਅਗਲੇ ਸਫ਼ਰ ਵਿਚ ਮਾਧੋ ਦਾਸ ਵੈਰਾਗੀ ਤੋਂ ਬੰਦਾ ਬਹਾਦਰ ਹੋਣ ਦਾ ਇਤਿਹਾਸ ਦਰਜ ਹੈ। ਦੂਜੇ ਪਾਸਿਉਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਦੀ ਸ਼ਹੀਦੀ ਨਾਲ ਰੁਕਿਆ ਰਾਹ ਬੰਦਾ ਬਹਾਦਰ ਖੋਲ੍ਹ ਦਿੰਦਾ ਹੈ। ਇਸ ਤਰ੍ਹਾਂ ਸਰਸਾ ਨਦੀ ਤੋਂ ਸਿਦਕਦਿਲੀ, ਦਰਦਮੰਦੀ ਅਤੇ ਗਿਆਨ ਦੀ ਜਗਿਆਸਾ ਦਾ ਬਿੰਬ ਬਣ ਜਾਂਦੀ ਹੈ। ਸਿਕੰਦਰ ਯੂਨਾਨ ਤੋਂ ਸਾਰੀ ਦੁਨੀਆਂ ਜਿੱਤਣ ਤੁਰਦਾ ਹੈ। ਉਸ ਦਾ ਸਫ਼ਰ ਕਤਲਾਂ, ਬਲਾਤਕਾਰਾਂ, ਉਧਾਲਿਆਂ, ਲੁੱਟ, ਕਬਜ਼ੇ ਅਤੇ ਤਬਾਹੀ ਦੀ ਦਾਸਤਾਂ ਹੈ। ਉਸ ਦੀ ਜ਼ਿੰਦਗੀ ਵਿਚ ਹੱਕ, ਸੱਚ ਅਤੇ ਕਦਰਾਂ-ਕੀਮਤਾਂ ਦੀ ਕੋਈ ਥਾਂ ਨਹੀਂ। ਬੰਦੇ ਦੀ ਅਰਬਾਂ ਸਾਲਾਂ ਦੇ ਤਜਰਬੇ ਰਾਹੀਂ ਕੀਤੀ ਕਮਾਈ ਨੂੰ ਉਹ ਪੁੱਠਾ ਗੇੜਾ ਦਿੰਦਾ ਹੈ। ਉਹ ਬੰਦੇ ਨੂੰ ਮੁੜ ਕੇ ਪਸ਼ੂਬਲ ਨਾਲ ਰਾਜ ਕਰਨ ਦਾ ਮੰਤਰ ਪੜ੍ਹਾਉਂਦਾ ਹੈ। ਉਸ ਦੀ ਹੋਂਦ ਬੰਦਿਆਈ ਦੀ ਥਾਂ ਪਸ਼ੂ ਬਿਰਤੀ ਨਾਲ ਜੁੜੀ ਹੋਈ ਹੈ। ਸਿਕੰਦਰ ਇਸੇ ਰੁਝਾਨ ਦਾ ਬਿੰਬ ਬਣਦਾ ਹੈ। ਉਸ ਦੇ ਨਕਸ਼ੇ ਕਦਮਾਂ ਉੱਤੇ ਹੁਣ ਤੱਕ ਦੀਆਂ ਤਾਨਾਸ਼ਾਹੀਆਂ ਉਸਰਦੀਆਂ-ਢਹਿੰਦੀਆਂ ਰਹੀਆਂ ਹਨ। ਪੰਜਾਬ ਦੇ ਇਤਿਹਾਸ ਨਾਲ ਸਿਕੰਦਰ ਨਾਲ ਜੁੜੀਆਂ ਦੋ ਘਟਨਾਵਾਂ ਬੜੀਆਂ ਅਹਿਮ ਹਨ। ਪਹਿਲੀ, ਉਸ ਦਾ ਬੰਦੀ ਪੋਰਸ ਨਾਲ ਸੰਵਾਦ ਹੈ। ਇਹ ਸੰਵਾਦ ਇਤਿਹਾਸ ਦੀਆਂ ਕਿਤਾਬਾਂ ਵਿਚ ਦਿਲਚਸਪੀ ਦਾ ਸਬੱਬ ਬਣਦਾ ਹੈ।
ਸਿਕੰਦਰ: ਬੋਲ ਤੇਰੇ ਨਾਲ ਕੀ ਸਲੂਕ ਕੀਤਾ ਜਾਏ?
ਪੋਰਸ: ਜੋ ਇੱਕ ਰਾਜੇ ਨੂੰ ਦੂਜੇ ਰਾਜੇ ਨਾਲ ਕਰਨਾ ਚਾਹੀਦਾ ਹੈ।
ਇਨ੍ਹਾਂ ਦੋ ਫਿਕਰਿਆਂ ਵਿਚ ਕਈ ਕੁੰਡੀਆਂ  ਹਨ। ਪੋਰਸ ਦੀ ਬਹਾਦਰੀ ਅਤੇ ਸਿਕੰਦਰ ਦੀ ਦਿਆਨਤਦਾਰੀ ਦਾ ਵਿਆਖਿਆ ਬਹੁਤ ਹੋਈ ਹੈ। ਦੋਵਾਂ ਧਿਰਾਂ ਦੀ ਸਾਂਝ ਉਨ੍ਹਾਂ ਦਾ ਰਾਜੇ ਹੋਣਾ ਹੈ। ਸਿਕੰਦਰ ਪੂਰੀ ਦੁਨੀਆਂ ਦਾ ਪਟਾ ਆਪਣੇ ਨਾਮ ਲਿਖੇ ਹੋਣ ਦਾ ਦਾਅਵੇਦਾਰ ਹੈ ਤੇ ਪੋਰਸ ਆਪਣੀ ਰਿਆਸਤ ਦਾ ਦਾਅਵੇਦਾਰ ਹੈ। ਜਦੋਂ ਇਤਿਹਾਸ ਤੇਰ-ਮੇਰ ਦੀ ਪਿਰਤ ਰਾਹੀਂ ਵੇਖਿਆ ਜਾਏਗਾ ਤਾਂ ਇਸ ਵਿਚੋਂ ਦਿਆਨਤਦਾਰੀ ਅਤੇ ਬਹਾਦਰੀ ਦਿਖੇਗੀ। ਇਹੋ ਇਤਿਹਾਸ ਮਨੁੱਖੀ ਪੈਂਤੜੇ ਤੋਂ ਵੇਖਿਆ ਜਾਏਗਾ ਤਾਂ ਪਤਾ ਲੱਗੇਗਾ ਕਿ ਇਹ ਦੋਵੇਂ ‘ਅੰਨ੍ਹੀ ਰਈਅਤ’ ਦੀ ਅਧੀਨਗੀ ਵਿਚੋਂ ਆਪਣੀ ਸਰਦਾਰੀ ਦਾ ਪੱਜ ਭਾਲਦੇ ਹਨ। ਉਸੇ ਵੇਲੇ ਪੰਜਾਬ ਵਿਚ ਸਿਕੰਦਰ ਦਾ ਇੱਕ ਫਕੀਰ ਨਾਲ ਟਾਕਰਾ ਹੁੰਦਾ ਹੈ। ਤੜਾਗੀ ਪਾਈ ਬੈਠਾ ਫਕੀਰ ਸਿਕੰਦਰ ਨੂੰ ‘ਧੁੱਪ ਛੱਡ ਕੇ ਖੜ੍ਹੇ ਹੋਣ’ ਦੀ ਤਾਕੀਦ ਕਰਦਾ ਹੈ। ਇਸੇ ਤਾਕੀਦ ਵਿਚ ਬੰਦੇ ਦੇ ਕੁਦਰਤ ਨਾਲ ਸਦੀਵੀ ਰਿਸ਼ਤੇ ਦੇ ਵਿਚਕਾਰ ਖੜ੍ਹਾ ਸਿਕੰਦਰ ਦਿਖਦਾ ਹੈ। ਇਹ ਤਾਕੀਦ ਸਿਕੰਦਰ ਦੀ ਹੜਿਆਈ ਤਾਕਤ ਨੂੰ ਲਲਕਾਰਦੀ, ਪੰਜਾਬੀ ਬੰਦੇ ਨੂੰ ਨਾਬਰੀ ਦਾ ਪਾਠ ਦ੍ਰਿੜਾਉਂਦੀ ਹੈ। ਇਹੋ ਤਾਕੀਦ ਸਿਕੰਦਰ ਲਈ ਆਪਣੇ ਕੀਤੇ ਨਾਲ ਸੰਵਾਦ ਕਰਨ ਦਾ ਮੌਕਾ ਹੈ ਜਿਸ ਨੂੰ ਰੱਦ ਕਰ ਕੇ ਉਹ ਆਪਣੀ ਹਵਸ ਨਾਲ ਖੜ੍ਹਦਾ ਹੈ। ਇਸ ਤੋਂ ਬਾਅਦ ਸਿਕੰਦਰ ਬੰਦੇ ਅਤੇ ਕੁਦਰਤ ਵਿਚਕਾਰ ਖੜ੍ਹੀ ਹਵਸ ਦੇ ਨੁਮਾਇੰਦੇ ਵਜੋਂ ਉਘੜ ਆਉਂਦਾ ਹੈ। ਉਸ ਦੀਆਂ ਜਿੱਤਾਂ ਬੰਦਿਆਈ ਦੀਆਂ ਹਾਰਾਂ ਵਜੋਂ ਦਰਜ ਹੁੰਦੀਆਂ ਹਨ ਜੋ ਬੰਦੇ ਨੂੰ ਬਿਹਤਰ ਮਨੁੱਖ ਹੋਣ ਤੋਂ ਵਰਜਦੀਆਂ ਹਨ। ਇਸੇ ਸਿਕੰਦਰ ਨੂੰ ‘ਲਾਗ ਨੂੰ ਸਭ ਕੁਝ ਮੰਨਣ ਵਾਲੇ ਲਾਗੀ’ ਮਹਾਨ ਕਹਿੰਦੇ ਹਨ।
ਸਿਕੰਦਰ ਅਤੇ ਗੁਰੂ ਗੋਬਿੰਦ ਸਿੰਘ ਦੋਵੇਂ ਤਲਵਾਰ ਦੇ ਧਨੀ ਹਨ। ਸੁਆਲ ਪੁੱਛਿਆ ਜਾਣਾ ਬਣਦਾ ਹੈ ਕਿ ਕੀ ਇਸੇ ਕਾਰਨ ਦੋਵਾਂ ਨੂੰ ਇੱਕੋ-ਜਿਹਾ ਮੰਨ ਲਿਆ ਜਾਏ, ਜਾਂ ਨਿਬੇੜਾ ਕਰਨ ਵਾਲਾ ਧੁਰਾ ਕੋਈ ਹੋਰ ਹੈ? ਗ਼ਾਲਬ ਮੇਲ ਦੀ ਤਲਵਾਰ ਅਤੇ ਨਿਮਾਣੇ ਮੇਲ ਦੀ ਤਲਵਾਰ ਵਿਚਲਾ ਫ਼ਰਕ ਨਿਬੇੜਾ ਕਰਦਾ ਹੈ। ਗੁਰੂ ਗੋਬਿੰਦ ਸਿੰਘ ਨਿਮਾਣਿਆਂ ਦਾ ਮਾਣ ਹੈ ਅਤੇ ਸਿਕੰਦਰ ਹਵਸ ਦਾ ਬਿੰਬ ਹੈ। ਇਨ੍ਹਾਂ ਵਿਚੋਂ ਗੁਰੂ ਗੋਬਿੰਦ ਸਿੰਘ ਨੂੰ ਜੁਝਾਰ ਅਤੇ ਸਿਕੰਦਰ ਨੂੰ ਜੰਗਬਾਜ਼ ਕਿਹਾ ਜਾਏਗਾ। ਜੰਗਬਾਜ਼ ਦਾ ਜੰਗੀ ਹੁਨਰ ‘ਜੰਗਜੂ ਫ਼ਿਤਰਤ’ ਨਹੀਂ, ਸਗੋਂ ਜਬਰ ਦਾ ਲਖਾਇਕ ਹੁੰਦਾ ਹੈ। ਲਛਮਣ ਦਾਸ ਆਪਣੇ ਤੀਰ ਦਾ ਸ਼ਿਕਾਰ ਹਿਰਨੀ ਦੇ ਪੇਟ ਵਿਚੋਂ ਨਿਕਲੇ ਬੱਚਿਆਂ ਦੀ ਹੋਣੀ ਦੇਖ ਕੇ ਮਾਧੋ ਦਾਸ ਵੈਰਾਗੀ ਬਣ ਜਾਂਦਾ ਹੈ ਅਤੇ ਬਾਅਦ ਵਿਚ ਇਸੇ ਹੁਨਰ ਦੀ ਵਰਤੋਂ ਹੱਕ-ਸੱਚ ਲਈ ਕਰਦਾ ਹੈ ਤਾਂ ਬੰਦਾ ਬਹਾਦਰ ਵਜੋਂ ਸਾਡਾ ਨਾਇਕ ਬਣਦਾ ਹੈ। ਕਿਸੇ ਉਂਗਲੀਮਾਲ ਨੂੰ ਬੁੱਧ ਟੱਕਰਦਾ ਹੈ ਤਾਂ ਉਸ ਦੀ ਬੰਦਿਆਈ ਜਾਗਦੀ ਹੈ। ਅਹਿਮੀਅਤ ਕਿਸੇ ਮਾਧੋਦਾਸ ਜਾਂ ਉਂਗਲੀਮਾਲ ਨੂੰ ਆ ਪਏ ਸੁਆਲ ਦੀ ਹੈ। ਇਨ੍ਹਾਂ ਨੇ ਸੁਆਲ ਨੂੰ ਸੰਜੀਦਗੀ ਨਾਲ ਲੈ ਕੇ ਆਪਣੀਆਂ ਜ਼ਿੰਦਗੀਆਂ ਦੇ ਮੁਹਾਣ ਬਦਲ ਲਏ, ਪਰ ਸਿਕੰਦਰ ਸੰਵਾਦ ਨੂੰ ਰੱਦ ਕਰ ਕੇ ਹਵਸ ਦੀ ਚੋਣ ਕਰਦਾ ਹੈ।
ਉਪਰੋਕਤ ਵਿਸਥਾਰ ਦਾ ਫ਼ਿਲਮ ਸਰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਪਰ ਇਸ ਆਖ਼ਰੀ ਸੁਆਲ ਨਾਲ ਜ਼ਰੂਰ ਹੈ। ਮੌਜੂਦਾ ਦੌਰ ਵਿਚ ਨਸ਼ਿਆਂ ਅਤੇ ਹਥਿਆਰਾਂ ਦੀ ਮਾਰ ਹੇਠ ਆਈ ਨੌਜਵਾਨ ਪੀੜ੍ਹੀ ਸਿਆਸਤ ਦਾ ਖਾਜਾ ਬਣ ਰਹੀ ਹੈ। ਇਸ ਮਾਹੌਲ ਵਿੱਚੋਂ ਉਪਜਦੀ ਸੋਚ ਦਾ ਨੌਜਵਾਨ ਸ਼ਿਕਾਰ ਹੁੰਦੇ ਹਨ ਤੇ ਸ਼ਿਕਾਰੀ ਵੀ ਬਣਦੇ ਹਨ। ਸ਼ਿਕਾਰ ਤੋਂ ਸ਼ਿਕਾਰੀ ਹੋ ਜਾਣਾ ਵਕਤੀ ਜਿੱਤ ਦਾ ਅਹਿਸਾਸ ਦਿੰਦਾ ਹੈ, ਪਰ ਬੰਦਿਆਈ ਨੂੰ ਲਗਾਤਾਰ ਖੋਰਾ ਲਗਾਉਂਦਾ ਹੈ। ਸ਼ਿਕਾਰ ਹੋ ਰਹੇ ਬੰਦੇ ਨੂੰ ਇਹ ਭੁਲੇਖਾ ਬਣਿਆ ਰਹਿੰਦਾ ਹੈ ਕਿ ਉਹ ਵੀ ਸ਼ਿਕਾਰੀ ਬਣ ਸਕਦਾ ਹੈ। ਬਹੁਤ ਵਾਰ ਇਸੇ ਨੂੰ ਤਰਜ਼ਿ-ਜ਼ਿੰਦਗੀ ਮੰਨ ਲਿਆ ਜਾਂਦਾ ਹੈ। ‘ਸਰਸਾ’ ਇਸ ਤਰਜ਼ਿ-ਜ਼ਿੰਦਗੀ ਉੱਤੇ ਸਵਾਲ ਕਰਦੀ ਹੈ। ਬੇਅੰਤ ਹਿੰਸਕ ‘ਸਿਕੰਦਰ’ ਨੂੰ ਇਨਕਾਰ ਕਰਦੀ ਹੈ। ਮੌਜੂਦਾ ਦੌਰ ਵਿਚ ਕੁੜੀ ਦਾ ਇਨਕਾਰ ਕਬੂਲ ਕਿਸ ਨੂੰ ਹੈ? ਪਹਿਲਾਂ ਜ਼ੋਰ ਤਾਂ ਇਹ ਲੱਗਦਾ ਹੈ ਕਿ ਇਨਕਾਰ ਵਕਤੀ ਹੋਵੇ। ਇਸ ਲਈ ਸਭ ਕੁਝ ਦਾਅ ਉੱਤੇ ਲਗਾਇਆ ਜਾ ਸਕਦਾ ਹੈ। ਕੁੜੀਆਂ ਉੱਤੇ ਹੁੰਦੇ ਤੇਜ਼ਾਬੀ ਹਮਲਿਆਂ ਦੇ ਆਰ-ਪਾਰ ‘ਸਿਕੰਦਰ’ ਅਤੇ ਬੇਅੰਤ ਨੂੰ ਰੱਖ ਕੇ ਵੇਖਿਆ ਜਾ ਸਕਦਾ ਹੈ। ਬੇਅੰਤ ਦਾ ਇਨਕਾਰ ਲਗਾਤਾਰ ਸੁਰਤ ਸੰਭਾਲਦਾ ਹੋਇਆ ਦ੍ਰਿੜਤਾ ਹਾਸਲ ਕਰਦਾ ਹੈ। ਉਹ ਸਿਕੰਦਰ ਨੂੰ ‘ਪਿਆਰ ਦੀ ਫੋਕੀ ਰਟ’ ਤੋਂ ਬਾਹਰ ਆਉਣ ਦੀ ਸਲਾਹ ਦਿੰਦੀ ਹੋਈ ਸਿਕੰਦਰਾਂ ਦੇ ਕਿਰਦਾਰ ਨੂੰ ਪਛਾਣਨ ਤੱਕ ਜਾਂਦੀ ਹੈ। ਇਸ ਇਨਕਾਰ ਵਿਚ ‘ਸਿਕੰਦਰ’ ਲਈ ਸੰਵਾਦ ਦੀ ਗੁੰਜਾਇਸ਼ ਹੈ। ਉਹ ਆਪਣੀ ਗੁੰਡਾ-ਗਰਦੀ ਦੀ ਸਲਤਨਤ ਦੇ ਪਸਾਰੇ ਨੂੰ ਪਹਿਲ ਕਰਾਰ ਦਿੰਦਾ ਹੈ ਅਤੇ ਇਸੇ ਪ੍ਰਾਪਤੀ ਨੂੰ ਬੇਅੰਤ ਉੱਤੇ ਕਬਜ਼ੇ ਦੀ ਯੋਗਤਾ ਮੰਨਦਾ ਹੈ।
ਦੂਜੇ ਪਾਸੇ ਬੇਅੰਤ ਸਾਡੇ ਦੌਰ ਦੀ ਸਭ ਤੋਂ ਕਰੂਰ ਹਿੰਸਾ ਦਾ ਸ਼ਿਕਾਰ ਹੁੰਦੀ ਹੈ। ‘ਸ਼ਮੀਰ’ ਪੰਜਾਬੀ ਲੋਕ ਧਾਰਾ ਦੀ ਪੜਚੋਲ ਕਰਦਾ ਹੋਇਆ ਸਾਬਤ ਕਰਦਾ ਹੈ ਕਿ ਮੌਜੂਦਾ ਦੌਰ ਦੀਆਂ ਮੁਸ਼ਕਿਲਾਂ ਨੂੰ ਸੁਲਝਾਉਣ ਲਈ ਇਤਿਹਾਸ ਦੀ ਨਵੇਂ ਸਿਰੇ ਤੋਂ ਪੜ੍ਹਾਈ ਕਰਨੀ ਪੈਣੀ ਹੈ। ਉਹ ਪੰਜਾਬੀ ਕਿੱਸਿਆਂ ਵਿਚੋਂ ਮੌਜੂਦਾ ਦੌਰ ਦੀਆਂ ਜ਼ਿੰਮੇਵਾਰੀਆਂ ਦੀ ਸ਼ਨਾਖ਼ਤ ਕਰਦਾ ਹੈ। ਇਸੇ ਸਮਝ ਦੀ ਦਵਾਈ ਨਾਲ ਨਿੱਜੀ ਸਦਮੇ ਵਿਚੋਂ ਬਾਹਰ ਆਈ ਬੇਅੰਤ ਹਮਦਰਦੀ ਦੇ ਦਾਅਵਿਆਂ ਉੱਤੇ ਸੁਆਲ ਕਰਦੀ ਹੈ। ਹਸਨ ਦੱਸਦਾ ਹੈ ਕਿ ਨਿੱਜੀ ਮੁਸ਼ਕਿਲਾਂ ਦੀਆਂ ਜੜ੍ਹਾਂ ਸਮਾਜ ਵਿਚ ਪਈਆਂ ਹੁੰਦੀਆਂ ਹਨ, ਇਸ ਲਈ ਇਨ੍ਹਾਂ ਦਾ ਹੱਲ ਸਮਾਜਕ ਸਾਂਝ ਵਿਚੋਂ ਮਿਲ ਸਕਦਾ ਹੈ। ਇਨ੍ਹਾਂ ਤਿਆਰੀਆਂ ਵਿਚ ਰੁਝੀ ਬੇਅੰਤ ਨੂੰ ਕਿਸੇ ਸਿਕੰਦਰ ਦੀ ਕੀ ਲੋੜ ਹੈ? ਬੇਅੰਤ ਦੀਆਂ ਨਜ਼ਰਾਂ ਵਿਚ ਬੇਮਾਅਨਾ ਹੋਣਾ ਸਿਕੰਦਰ ਲਈ ਸੰਵਾਦ ਦਾ ਇੱਕ ਹੋਰ ਮੌਕਾ ਹੈ। ਇਸ ਮੌਕੇ ਤੋਂ ਪਾਸਾ ਵੱਟ ਕੇ ਉਹ ਹਿੰਸਾ ਦਾ ਰਾਹੀ ਬਣਿਆ ਰਹਿੰਦਾ ਹੈ। ਇਸੇ ਰਾਹ ਉੱਤੇ ਉਸ ਦਾ ਦੂਜਾ ਰੂਪ ‘ਹਰਜੰਗ’ ਤੁਰ ਰਿਹਾ ਹੈ। ਇਹ ਦੋਵੇਂ ਸ਼ਿਕਾਰ ਹੋਣ ਤੋਂ ਬਚਦੇ ਹੋਏ ਸ਼ਿਕਾਰ ਕਰਨ ਦੀ ਤਾਕ ਵਿਚ ‘ਰੰਗਲੀ ਦੁਨੀਆਂ’ ਨੂੰ ਮਨੁੱਖੀ ਖ਼ੂਨ ਨਾਲ ਲੱਥ-ਪੱਥ ਕਰਦੇ ਹਨ। ਇਹ ਮਾਅਨੇ ਨਹੀਂ ਰੱਖਦਾ ਕਿ ਦੋਵੇਂ ਖੁਦਕੁਸ਼ੀ ਕਰ ਲੈਣ, ਜਾਂ ਇੱਕ-ਦੂਜੇ ਨੂੰ ਕਤਲ ਕਰ ਦੇਣ। ਬੇਅੰਤ ਅਤੇ ਹਸਨ ਦਾ ਦੋਵਾਂ ਦੀ ਹੋਣੀ ਨੂੰ ਸੋਗ਼ਵਾਰ ਮੰਨਣਾ ਅਤੇ ਆਪਣੇ ਰਾਹ ਉੱਤੇ ਤੁਰਨਾ ਸੰਗਤ ਲਈ ਢੇਰ ਸਾਰੇ ਸੁਆਲ ਛੱਡ ਜਾਂਦਾ ਹੈ। ਇਨ੍ਹਾਂ ਸਵਾਲਾਂ ਵਿਚ ਬੇਅੰਤ ਦੇ ਇਨਕਾਰ ਦੀ ਅਹਿਮੀਅਤ ਕੇਂਦਰੀ ਨੁਕਤਾ ਬਣਦੀ ਹੈ।
ਜਦੋਂ ਇਹ ਫ਼ਿਲਮ ‘ਸਰਸਾ’ ਤੋਂ ‘ਸਿਕੰਦਰ’ ਬਣਦੀ ਹੈ ਤਾਂ ਇਸ ਵਿਚ ਕੇਂਦਰੀ ਨੁਕਤਾ ‘ਸਿਕੰਦਰ’ ਬਣਦਾ ਹੈ। ਉਸ ਦੀ ਗੁੰਡਾ-ਗਰਦੀ ਦਾ ਜਸ਼ਨ ‘ਯਾਰਾਂ ਦਾ ਯਾਰ’ ਗਾ ਕੇ ਮਨਾਇਆ ਜਾਂਦਾ ਹੈ। ਇਸ ਜਸ਼ਨ ਵਿੱਚ ਸੰਵਾਦ ਦੀ ਅਹਿਮੀਅਤ ਮਨਫ਼ੀ ਹੋ ਜਾਂਦੀ ਹੈ। ਇਹ ਜਸ਼ਨ ਉਸੇ ਰੁਝਾਨ ਦੀ ਪੁਸ਼ਟੀ ਕਰਦਾ ਹੈ ਜੋ ਮੌਜੂਦਾ ਦੌਰ ਦੇ ਪੰਜਾਬੀ ਨੌਜਵਾਨ ਨੂੰ ਜਿਉਣ-ਜੋਗਾ ਨਹੀਂ ਹੋਣ ਦਿੰਦਾ, ਸਗੋਂ ‘ਯਾਰੀ ਤੇ ਸਰਦਾਰੀ ਲਈ ਆਪਣੀ ਲੜਾਈ’ ਦਾ ਖਾਜਾ ਬਣਾਉਂਦਾ ਹੈ। ਇਸ ਤਰ੍ਹਾਂ ਸਿਕੰਦਰ ਦੀ ਮੌਤ ਦਾ ਜਸ਼ਨ ਪੰਜਾਬੀ ਨੌਜਵਾਨ ਨੂੰ ਮਰਨ-ਜੋਗਾ ਰੱਖਣ ਦਾ ਸਬੱਬ ਬਣਦਾ ਹੈ। ਫ਼ਿਲਮ ਵਿਚ ਕੀਤੀਆਂ ਤਬਦੀਲੀਆਂ ਨੂੰ ਬੇਅੰਤ ਦੇ ਇਨਕਾਰ ਨਾਲ ਜੋੜ ਕੇ ਹੀ ਸਮਝਿਆ ਜਾ ਸਕਦਾ ਹੈ। ਜੋ ਇਨਕਾਰ ਸਿਕੰਦਰ ਲਈ ਬੇਮਾਅਨੀ ਸ਼ੈਅ ਹੈ, ਉਹ ਫ਼ਿਲਮ ਵਿਚ ਤਬਦੀਲੀਆਂ ਕਰਨ ਵਾਲਿਆਂ ਲਈ ਵੀ ਬੇਮਾਅਨਾ ਹੈ। ‘ਸਰਸਾ’ ਇਸ ਇਨਕਾਰ ਦੇ ਸਤਿਕਾਰ ਦੀ ਬਾਤ ਹੈ ਅਤੇ ‘ਸਿਕੰਦਰ’ ਇਸ ਇਨਕਾਰ ਦੀ ਬੇਕਦਰੀ ਦੀ ਕਸਬੀ ਘੁਣਤਰ ਹੈ। ਸਿਕੰਦਰ ਦੇ ਕਬਜ਼ੇ ਨਾਲ ਤੜਾਗੀ ਵਾਲੇ ਫਕੀਰ ਦੀ ‘ਧੁੱਪ ਛੱਡ ਕੇ ਖਲੋਣ’ ਦੀ ਤਾਕੀਦ ਬੇਮਾਅਨਾ ਨਹੀਂ ਹੋ ਜਾਂਦੀ। ਸੰਵਾਦ ਦਾ ਸੰਜੀਦਾ ਉਪਰਾਲਾ ਵਕਤੀ ਮਾਰ ਵਿਚ ਜ਼ਰੂਰ ਆਉਂਦਾ ਹੈ। ਆਖ਼ਰ ਦੁਨੀਆਂ ਕਾਨੂੰਨੀ ਪਟਿਆਂ ਨਾਲ ਹੀ ਨਹੀਂ, ਸਗੋਂ ਸਮਾਜਕ ਕਰਾਰਾਂ ਨਾਲ ਜੁੜੀ ਹੋਈ ਹੈ।

Be the first to comment

Leave a Reply

Your email address will not be published.