ਔਰੰਗਜ਼ੇਬਾਂ ਨੂੰ ਜੇਬ-ਉ-ਨਿਸਾ ਵਾਂਗ ਟੱਕਰੀਏ!

ਤਰਲੋਚਨ ਸਿੰਘ ਦੁਪਾਲਪੁਰ
ਫੋਨ: 408-915-1268
ਸ਼ਾਇਦ ਪਾਠਕ ਸੋਚਣਗੇ ਕਿ ਔਰੰਗਜ਼ੇਬ ਤਾਂ ਇਕ ਉਹੀ ਹੋਇਆ, ਜਿਸ ਦੇ ਤੁਅੱਸਬੀ ਰਾਜ ਵਿਚ ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਸੀ, ਪਰ ਇੱਥੇ ਬਹੁਵਚਨ ਵਜੋਂ ‘ਔਰੰਗਜ਼ੇਬਾਂ ਕਿਉਂ ਲਿਖਿਆ ਹੈ? ਇਹ ਸਵਾਲ ਖੜ੍ਹਾ ਕਰਨ ਵਾਲਿਆਂ ਦੀ ਨਜ਼ਰ ਵਿਚ ਸ਼ਿਅਰ ਹਾਜ਼ਰ ਹੈ,

ਤਖਤੇ-ਸ਼ਾਹੀਂ ਤਖਤ-ਨਸ਼ੀਂ ਪਰ
ਅਪਨਾ ਰੰਗ ਚੜ੍ਹਾ ਦੇਤਾ ਹੈ
ਰਫਤਾ ਰਫਤਾ ਹਰ ਹਾਕਿਮ ਕੋ
ਔਰੰਗਜ਼ੇਬ ਬਨਾ ਦੇਤਾ ਹੈ।
ਔਰੰਗਜ਼ੇਬ ਦੀ ਗੱਲ ਸ਼ੁਰੂ ਕਰਨ ਤੋਂ ਪਹਿਲਾਂ ਬਿਲਕੁਲ ਉਹਦੇ ਵਰਗੇ ਹੈਂਕੜਬਾਜ਼ ਇਕ ਚੌਧਰੀ ਦੀ ਦੀ ਵਾਰਤਾ ਸੁਣਨੀ ਵੀ ਦਿਲਚਸਪ ਰਹੇਗੀ, ਜੋ ਕੁਝ ਦਿਨ ਪਹਿਲਾਂ ਮੈਂ ਸਰਹੱਦੋਂ ਪਾਰਲੇ ਸਕਾਲਰ ਜਨਾਬ ਨੈਣ ਸੁਖ ਮੂੰਹੋਂ ਸੁਣੀ ਸੀ। ਕਹਿੰਦੇ, ਕਿਸੇ ਇਲਾਕੇ ਦੇ ਜ਼ੈਲਦਾਰਾਂ ਵਰਗੇ ਚੌਧਰੀ ਦੀ ਕੋਈ ਰਿਸ਼ਤੇਦਾਰ ਬੀਬੀ ਕਹਿਣ ਲੱਗੀ, ‘ਚੌਧਰੀ ਸਾਹਿਬ, ਮੈਂ ਸਰੋਤਿਆਂ ਦੇ ਇਕੱਠ ਵਿਚ ਕੁਝ ਗਾਉਣਾ ਚਾਹੁੰਦੀ ਹਾਂ।’ ਉਹਦੀ ਰੀਝ ਪੂਰੀ ਕਰਨ ਲਈ ਚੌਧਰੀ ਨੇ ਇਲਾਕੇ ਦੇ ਕਾਫੀ ਲੋਕਾਂ ਦਾ ਇਕੱਠ ਬੁਲਾ ਲਿਆ। ਗਾਉਣ ਵਜਾਉਣ ਦੀ ਕੋਈ ਵੀ ਤਾਲੀਮ ਨਾ ਹੋਣ ਕਾਰਨ ਉਸ ਬੀਬੀ ਨੇ ਚੌਧਰੀ ਤੋਂ ਇਹ ਸਖਤ ਹਦਾਇਤ ਵੀ ਦਿਵਾ ਦਿੱਤੀ ਕਿ ਕੋਈ ਸਰੋਤਾ, ਬੀਬੀ ਦਾ ਗੌਣ ਸੁਣ ਕੇ ਠੱਠਾ ਮਜ਼ਾਕ ਨਾ ਕਰੇ ਤੇ ਨਾ ਹੀ ਕੋਈ ਨੁਕਸ ਗਿਣਾਵੇ। ਸੁਭਾਅ ਦੇ ਤੱਤੇ ਚੌਧਰੀ ਨੇ ਇਨ੍ਹਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਦੀ ਵੱਖੀ ਪਾੜ ਦੇਣ ਦੀ ਸਜ਼ਾ ਦਾ ਐਲਾਨ ਵੀ ਅਗਾਊਂ ਹੀ ਕਰ ਦਿੱਤਾ।
ਜੁੜੇ ਇਕੱਠ ਮੂਹਰੇ ਖੜ੍ਹ ਕੇ ਬੀਬੀ ਲੱਗ ਪਈ ਝੱਲ ਵਲੱਲੀਆਂ ਮਾਰਨ। ਕਿਸੇ ਦੀ ਲੱਤ, ਕਿਸੇ ਦੀ ਬਾਂਹ! ਜੋ ਕੁਝ ਵੀ ਬੋਲੇ, ਸਭ ਬੇਸੁਰਾ। ਸਖਤ ਵਾਰਨਿੰਗ ਤੋਂ ਡਰਦੇ ਸਰੋਤਿਆਂ ਵਿਚ ਕਈ ਝੂਮਣ ਲੱਗ ਪਏ, ਕਈ ਫੋਕੀ ‘ਵਾਹ ਵਾਹ’ ਦੀ ਦਾਦ ਦੇਣ ਲੱਗੇ। ਅਜਿਹਾ ਮਾਹੌਲ ਦੇਖ ਕੇ ਬੇਸਮਝ ਬੀਬੀ ਹੋਰ ਉਤਸ਼ਾਹ ਨਾਲ ਉੱਘ ਦੀਆਂ ਪਤਾਲ ਮਾਰਨ ਲੱਗ ਪਈ। ਇੰਨੇ ਨੂੰ ਗਾਇਕੀ ਦਾ ‘ਅਨੰਦ ਮਾਣਦੇ’ ਸਰੋਤਿਆਂ ਵਿਚੋਂ ਇਕ ਗਰੀਬੜਾ ਮੀਰਜਾਦਾ ਉੱਠ ਕੇ ਖੜ੍ਹਾ ਹੋ ਗਿਆ।
ਇਸ ਤੋਂ ਪਹਿਲਾਂ ਕਿ ਚੌਧਰੀ ਉਹਦੇ ਉੱਠਣ ਦਾ ਕਾਰਨ ਪੁੱਛਦਾ, ਉਹ ਮੀਰਜਾਦਾ ਚੌਧਰੀ ਕੋਲ ਆ ਖਲੋਤਾ। ਆਪਣੀ ਕਮੀਜ ਦਾ ਪੱਲਾ ਇਕ ਪਾਸਿਉਂ ਉੱਤੇ ਚੁੱਕ ਕੇ ਕਹਿੰਦਾ, “ਚੌਧਰੀ ਸਾਬ੍ਹ, ਵੱਖੀ ਪਾੜ ਦਿਉ ਮੇਰੀ!”
ਹੁਣ ਔਰੰਗਜ਼ੇਬ ਦੀ ਗੱਲ। ਇਤਿਹਾਸਕਾਰ ਗਿਆਨੀ ਸੋਹਣ ਸਿੰਘ ਸੀਤਲ ਅਨੁਸਾਰ ਔਰੰਗਜ਼ੇਬ ਨੇ ਪਖੰਡ ਕਰਦਿਆਂ ਦੋ ਵਾਰ ਆਪਣੇ ਆਪ ਨੂੰ ‘ਫਕੀਰ’ ਕਿਹਾ। ਪਹਿਲੀ ਵਾਰ ਉਦੋਂ, ਜਦ ਉਸ ਨੂੰ ਦੱਖਣ ਵਿਚ ਗਏ ਨੂੰ ਆਪਣੇ ਬਾਪ ਸ਼ਾਹ ਜਹਾਨ ਦੀ ਬੀਮਾਰੀ ਦਾ ਪਤਾ ਲੱਗਾ। ਇਹ ਸੂਚਨਾ ਦਿੰਦਾ ਭੈਣ ਦਾ ਖਤ ਪੜ੍ਹ ਕੇ ਉਹ ਮੱਕਾਰੀ ਨਾਲ, ਭਰਾ ਮੁਰਾਦ ਨੂੰ ਆਪਣੇ ਨਾਲ ਗੰਢਣ ਦੀ ਮਨਸ਼ਾ ਨਾਲ ਕਹਿਣ ਲੱਗਾ, “ਭਰਾਵਾ, ਦਾਰੇ ਵਰਗਾ ਕਾਫਰ ਬੰਦਾ ਬਾਦਸ਼ਾਹ ਨਹੀਂ ਬਣਨਾ ਚਾਹੀਦਾ। ਮੈਂ (ਔਰੰਗਜ਼ੇਬ) ਤਾਂ ਫਕੀਰ ਆਦਮੀ ਹਾਂ…ਤੈਨੂੰ (ਮੁਰਾਦ) ਦਿੱਲੀ ਦਾ ਤਖਤ ਦੁਆ ਕੇ ਮੱਕੇ ਮਦੀਨੇ ਚਲੇ ਜਾਵਾਂਗਾ!”
ਮੁਰਾਦ ਵਲੋਂ ਕਪਟੀ ਔਰੰਗਜ਼ੇਬ ਦੇ ਝਾਂਸੇ ਵਿਚ ਆਉਣ ਦਾ ਵੇਰਵਾ ਛੱਡ ਕੇ ਆਪਾਂ ਅਗਲੀ ਗੱਲ ਛੋਹੀਏ। ਪਿਉ, ਭੈਣਾਂ, ਭਰਾਵਾਂ ਦੇ ਖਾਤਮੇ ਦੇ ਨਾਲ ਨਾਲ ਹੋਰ ਘੋਰ ਜੁਲਮ ਕਮਾਉਂਦਾ ਜਦ ਉਹ ਬੁੱਢਾ ਹੋ ਚੱਲਿਆ ਤਾਂ ਇਕ ਦਿਨ ਕਿਤੇ ਉਸ ਨੇ ਆਪਣੀ ਕਵਿੱਤਰੀ ਬੇਟੀ ਜੇਬ-ਉ-ਨਿਸਾ ਵੱਲ ਚਾਰ ਸਤਰਾਂ ਲਿਖ ਭੇਜੀਆਂ,
ਸਲਤਨਤ ਰਾ ਇਜਤ ਅੰਦਰ ਆਲਮਿ-ਫਾਨੀ ਕੁਜਾਸਤ?
ਮਾ ਗਦਾਯੇਮ ਮਾ ਰਾ ਐਸ਼ਿ-ਸੁਲਤਾਨੀ ਕੁਜਾਸਤ?
ਈਂ ਦਿਲਿ-ਦੀਵਾਨਾ ਰਾ ਗੁਫਤਮ ਕਿ ਆਕਿਲ ਸ਼ੌ ਨ ਸ਼ੁਦ।
ਆ ਰੇ! ਆ ਰੇ! ਤਿਫਲ ਰਾ ਮੈਲਿ-ਸਬਕ ਖਾਨੀ ਕੁਜਾਸਤ!
(ਅਰਥਾਤ-ਇਸ ਨਾਸਵੰਤ ਸੰਸਾਰ ਵਿਚ ਬਾਦਸ਼ਾਹ ਲਈ ਇੱਜਤ ਕਿੱਥੇ? ਮੈਂ ਤਾਂ ਫਕੀਰ ਹਾਂ, ਮੇਰੇ ਵਾਸਤੇ ਸ਼ਾਹੀ ਆਰਾਮ ਕਿੱਥੇ? ਮੈਂ ਇਸ ਪਾਗਲ ਮਨ ਨੂੰ ਆਖਦਾ ਹਾਂ ਕਿ ਅਕਲ ਵਾਲਾ ਬਣ, ਪਰ ਨਹੀਂ ਬਣਦਾ। ਹਾਂ ਹਾਂ {ਜਿਵੇਂ} ਬੱਚਾ ਸੰਥਿਆ ਯਾਦ ਕਰਨ ਵਿਚ ਲੀਨ ਨਹੀਂ ਹੁੰਦਾ!)
ਧੀ ਜੇਬ-ਉ-ਨਿਸਾ ਦਾ ਸ਼ਾਇਰ ਮਨ ‘ਕਪਟੀ ਫਕੀਰ’ ਦੀਆਂ ਇਹ ਸਤਰਾਂ ਪੜ੍ਹ ਕੇ ਖੌਲ ਉੱਠਿਆ ਹੋਵੇਗਾ! ਉਸ ਨੇ ਹੇਠ ਲਿਖਿਆ ਜਵਾਬ ਭੇਜਿਆ,
ਬੇ ਤਕੱਲਫ ਦਰ ਬਦਰ ਗਰਦੀ ਤੁਰਾ ਸਾਨੀ ਕੁਜਾਸਤ?
ਚੂੰ ਤੂ ਖੂੰਰੇਜੇ ਦਿਗਰ ਦਰ ਆਲਮਿ ਫਾਨੀ ਕੁਜਾਸਤ?
ਅਜ ਬਰਾਏ ਸਲਤਨਤ ਖੂਨਿ ਬਰਾਦਰ ਰੇਖਤੀ
ਕਾਜ ਮੇਂ ਗੋਈ ਕਿ ਮਾਰਾ ਐਸ਼ਿ ਸੁਲਤਾਨੀ ਕੁਜਾਸਤ!
(ਅਰਥਾਤ-ਬਿਨਾ ਝਿਜਕ ਤੂੰ ਦਰ-ਬਦਰ ਭਟਕਦਾ ਫਿਰਦਾ ਹੈਂ। ਤੇਰੇ ਵਰਗਾ ਕੌਣ ਹੈ? ਕਿਉਂਕਿ ਤੇਰੇ ਵਰਗਾ ਜਾਲਮ ਹੋਰ ਨਾਸ਼ਵੰਤ ਦੁਨੀਆਂ ਵਿਚ ਕਿੱਥੇ? ਬਾਦਸ਼ਾਹੀ ਵਾਸਤੇ ਤੂੰ ਭਰਾ ਦਾ ਖੂਨ ਡੋਲ੍ਹਿਆ (ਭਰਾ ਨੂੰ ਕਤਲ ਕੀਤਾ)। ਫਿਰ ਆਖਦਾ ਹੈਂ ਕਿ ਮੇਰੇ ਵਾਸਤੇ ਬਾਦਸ਼ਾਹੀ ਆਰਾਮ ਕਿੱਥੇ?)
ਖਰੀਆਂ ਖਰੀਆਂ ਸੁਣਾਉਣ ਵਾਲੇ ਅਣਖੀਲੇ ਲੋਕ ਜਾਂ ਤਾਂ ਔਰੰਗਜ਼ੇਬਾਂ ਕੋਲੋਂ ਵੱਖੀਆਂ ਪੜਵਾਉਣ ਨੂੰ ਖਿੜੇ ਮੱਥੇ ਪ੍ਰਵਾਨ ਕਰਦੇ ਹਨ ਜਾਂ ਫਿਰ ਉਹ ਬਾਕੀ ਉਮਰ ਜੇਲ੍ਹਾਂ ਵਿਚ ਗੁਜਰਦੇ ਹਨ। ਇਵੇਂ ਵਿਚਾਰੀ ਜੇਬ-ਉ-ਨਿਸਾ ਵੀ ਆਪਣੇ ਨਿਰਦਈ ਬਾਪ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਬਦਲੇ ਵੀਹ ਸਾਲ ਜੇਲ੍ਹ ਵਿਚ ਸੜਦੀ ਰਹੀ। ਵਕਤਨ-ਬ-ਵਕਤਨ ‘ਔਰੰਗਜ਼ੇਬ’ ਬਣਦੇ ਰਹਿੰਦੇ ਹੁਕਮਰਾਨਾਂ ਨੂੰ ਹਕੀਕਤ ਤੋਂ ਜਾਣੂ ਕਰਵਾਉਣ ਵਾਲੇ ਸ਼ਾਇਰ ਵੀ ਹੋਕਾ ਦਿੰਦੇ ਹੀ ਰਹਿੰਦੇ ਹਨ,
ਬਜਾ ਕਹੇ ਜਿਸੇ ਆਲਮ ਉਸੇ ਬਜਾ ਸਮਝੋ,
ਜਬਾਨੇ-ਖਲਕ ਕੋ ਨੱਕਾਰਾ-ਏ-ਖੁਦਾ ਸਮਝੋ।
(ਜਬਾਨੇ-ਖਲਕ: ਲੋਕਾਂ ਦੀ ਅਵਾਜ਼; ਨੱਕਾਰਾ-ਏ-ਖੁਦਾ: ਰੱਬ ਦਾ ਨਗਾਰਾ)