ਧਰਮ ਅਤੇ ਮਾਰਕਸਵਾਦ

ਸੇਵਕ ਸਿੰਘ ਕੋਟਕਪੂਰਾ
ਫੋਨ: 661-444-3657
ਪੁਰਾਣੇ ਸਮਿਆਂ ਵਿਚ ਕਿਉਂਕਿ ਗਿਆਨ ਸੀਮਤ ਮਾਤਰਾ ਵਿਚ ਸੀ। ਉਹ ਸੀਮਤ ਗ੍ਰੰਥਾਂ ਤਕ ਹੀ ਸੀਮਤ ਸੀ ਅਤੇ ਸਾਰੇ ਹੀ ਵਿਸ਼ੇ ਇਕ ਹੀ ਗ੍ਰੰਥ ਵਿਚ ਸੰਕਲਿਤ ਕਰ ਦਿੱਤੇ ਜਾਂਦੇ ਸਨ। ਜਿਵੇਂ ਜਿਵੇਂ ਗਿਆਨ ਵਧਦਾ ਗਿਆ, ਉਸ ਦੀ ਵਿਸ਼ੇ ਵਾਰ ਵੰਡ ਹੁੰਦੀ ਗਈ। ਵੱਖ ਵੱਖ ਵਿਸ਼ਿਆਂ ਲਈ ਵੱਖਰੇ ਵੱਖਰੇ ਗ੍ਰੰਥ ਲਿਖੇ ਜਾਣ ਲੱਗੇ ਅਤੇ ਵੱਖ ਵੱਖ ਵਿਸ਼ਿਆਂ ਦੇ ਮਾਹਿਰ ਵਿਦਵਾਨ ਹੋਣ ਲੱਗ ਪਏ। ਮਿਸਾਲ ਵਜੋਂ ਫਿਲਾਸਫੀ ਜਾਂ ਦਰਸ਼ਨ ਤੱਤ, ਸੱਤ ਅਤੇ ਨੈਤਿਕ ਕਦਰਾਂ-ਕੀਮਤਾਂ ਦੀ ਪਰਖ ਪੜਚੋਲ ਕਰਦਾ ਹੈ। ਇਹ ਸੰਸਾਰ ਕੀ ਹੈ, ਕਿਵੇਂ ਬਣਿਆ ਅਤੇ ਕਿਨ੍ਹਾਂ ਨਿਯਮਾਂ ਅਨੁਸਾਰ ਚੱਲ ਰਿਹਾ ਹੈ? ਇਸ ਸੰਸਾਰ ਵਿਚ ਸੱਚ ਕੀ ਹੈ?

ਇਸ ਦੀ ਖੋਜ ਕਰਨੀ, ਸੰਸਾਰ ਨੂੰ ਚਲਦਾ ਰੱਖਣ ਤੇ ਸਮਾਜ ਨੂੰ ਚੰਗੇ ਢੰਗ ਨਾਲ ਚਲਾਉਣ ਲਈ ਨਿਯਮ ਘੜਨਾ ਅਤੇ ਵਿਅਕਤੀਆਂ ਨੂੰ ਉਨ੍ਹਾਂ ਦਾ ਪਾਲਣ ਕਰਨ ਦੀ ਪ੍ਰੇਰਣਾ ਦੇਣਾ ਤੇ ਪਾਲਣ ਕਰਵਾਉਣਾ, ਇਹ ਇਸ ਦਾ ਕਾਰਜ ਖੇਤਰ ਹੈ।
ਪੱਛਮੀ ਫਿਲਾਸਫਰਾਂ ਨੇ ਤਾਂ ਦਿਸਦੇ ਸੰਸਾਰ ਅਤੇ ਮਨ ਨੂੰ ਹੀ ਆਪਣੀ ਖੋਜ ਦਾ ਵਿਸ਼ਾ ਬਣਾਇਆ ਤੇ ਦਿਸਦੇ ਸੰਸਾਰ ਦੀ ਹੀ ਪਰਖ ਪੜਤਾਲ ਕਰਕੇ ਕੁਦਰਤ ਅਤੇ ਉਸ ਦੇ ਨਿਯਮਾਂ ਦੀ ਖੋਜ ਕੀਤੀ ਤੇ ਨਿਰਣੇ ਕੀਤੇ; ਪਰ ਪੂਰਬੀ ਦਾਰਸ਼ਨਿਕਾਂ ਨੇ ਆਤਮਾ ਅਤੇ ਪਰਮਾਤਮਾ ਨੂੰ ਅਪਣਾ ਮੁੱਖ ਵਿਸ਼ਾ ਬਣਾਇਆ। ਇਸੇ ਅਧੀਨ ਹੀ ਕੁਦਰਤ ਜਾਂ ਪ੍ਰਕਿਰਤੀ ਦੀ ਖੋਜ ਕੀਤੀ। ਭਾਰਤੀ ਦਰਸ਼ਨ ਕੁਦਰਤ ਨੂੰ ਕਾਦਿਰ ਦੀ ਰਚਨਾ ਅਤੇ ਉਸ ਦੇ ਹੁਕਮ ਵਿਚ ਚੱਲ ਰਹੀ ਮੰਨਦਾ ਹੈ। ਭਾਰਤੀ ਦਰਸ਼ਨ ਆਸਤਿਕ ਅਤੇ ਨਾਸਤਿਕ-ਦੋਹਾਂ ਹੀ ਵਿਚਾਰ ਧਾਰਾਵਾਂ ਨੂੰ ਬਰਾਬਰ ਦਾ ਦਰਜਾ ਤੇ ਸਨਮਾਨ ਦਿੰਦਾ ਹੈ। ਹਰ ਦਾਰਸ਼ਨਿਕ ਆਪਣੀ ਪਹੁੰਚ ਅਨੁਸਾਰ ਆਪਣਾ ਪੱਖ ਰੱਖਦਾ ਹੈ ਅਤੇ ਉਸ ਦਾ ਪ੍ਰਚਾਰ ਕਰਦਾ ਹੈ। ਸਾਰੇ ਹੀ ਦਰਸ਼ਨ ਜਾਂ ਸ਼ਾਸਤਰ ਭਾਰਤੀ ਸਭਿਆਚਾਰ ਵਿਚ ਬਰਾਬਰ ਦਾ ਦਰਜਾ ਅਤੇ ਸਨਮਾਨ ਰੱਖਦੇ ਹਨ।
ਵਿਗਿਆਨ ਦਿਸਦੇ ਸੰਸਾਰ ਅਤੇ ਭੌਤਿਕ ਵਰਤਾਰਿਆਂ ਦਾ ਅਧਿਐਨ ਕਰਦਾ ਹੈ। ਉਨ੍ਹਾਂ ਨੂੰ ਪਰਖ ਨਿਰਖ ਕੇ ਆਪਣੇ ਸਿੱਟੇ ਕੱਢਦਾ ਅਤੇ ਲਾਗੂ ਕਰਦਾ ਹੈ ਤੇ ਉਨ੍ਹਾਂ ਅਨੁਸਾਰ ਹੀ ਸੰਸਾਰ ਦੀ ਵਿਆਖਿਆ ਕਰਦਾ ਹੈ। ਹਰ ਵਰਤਾਰੇ ਨੂੰ ਵਿਗਿਆਨਕ ਦ੍ਰਿਸ਼ਟੀ ਨਾਲ ਦੇਖਿਆ ਅਤੇ ਵਿਚਾਰਿਆ ਜਾਵੇ, ਇਹ ਵਿਗਿਆਨ ਦੀ ਸਮਝ ਹੈ। ਇਸ ਸੰਸਾਰ ਵਿਚ ਮੌਜੂਦ ਹਰ ਨਿਰਜਿੰਦ ਅਤੇ ਜਿੰਦਾ ਵਸਤੂਆਂ ਅਤੇ ਜੀਵ ਕੁਦਰਤ ਵਿਚ ਵਿਆਪਕ ਉਸ ਦੇ ਜਾਣੇ-ਅਣਜਾਣੇ ਨਿਯਮਾਂ ਅਨੁਸਾਰ ਹੀ ਵਿਚਰ ਰਹੇ ਹਨ ਅਤੇ ਉਨ੍ਹਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨਿਯਮਾਂ ਤੇ ਵਰਤਾਰਿਆਂ ਨੂੰ ਸਮਝਣਾ ਅਤੇ ਉਨ੍ਹਾਂ ਦੀ ਵਿਆਖਿਆ ਕਰਨਾ ਵਿਗਿਆਨ ਦਾ ਕਾਰਜ ਖੇਤਰ ਹੈ। ਇਸ ਵਿਚ ਵਿਗਿਆਨ ਨੇ ਬਹੁਤ ਅਹਿਮ ਖੋਜਾਂ ਅਤੇ ਕੰਮ ਕੀਤੇ ਹਨ। ਜੇ ਵਿਗਿਆਨਕ ਤਰੱਕੀ ਨਾ ਹੋਈ ਹੁੰਦੀ ਤਾਂ ਜੋ ਕੁਝ ਅੱਜ ਸੰਭਵ ਹੈ, ਉਹ ਪਹਿਲਾਂ ਨਹੀਂ ਸੀ। ਉਦੋਂ ਤਰੱਕੀ ਦੀ ਰਫਤਾਰ ਅੱਜ ਨਾਲੋਂ ਬਹੁਤ ਘੱਟ ਸੀ। ਆਮ ਲੋਕਾਂ ਦੀ ਜਾਣਕਾਰੀ ਅਤੇ ਉਸ ਦੇ ਸਾਧਨ ਵੀ ਸੀਮਤ ਹੀ ਸਨ। ਅੱਜ ਜੋ ਵੀ ਲਿਖਿਆ-ਪੜ੍ਹਿਆ ਜਾ ਰਿਹਾ ਹੈ ਅਤੇ ਜੋ ਸੰਚਾਰ ਦੇ ਸਾਧਨ ਅੱਜ ਹਨ, ਉਹ ਪਹਿਲਾਂ ਨਹੀਂ ਸਨ। ਅੱਜ ਤੋਂ ਸਿਰਫ ਸੌ ਸਾਲ ਪਹਿਲਾਂ ਇਸ ਦਾ ਅਨੁਮਾਨ ਵੀ ਨਹੀਂ ਲਾਇਆ ਜਾ ਸਕਦਾ ਸੀ ਕਿ ਜੋ ਅੱਜ ਵਾਪਰ ਰਿਹਾ ਹੈ, ਉਹ ਇੰਨੀ ਜਲਦੀ ਤੇ ਤੇਜ਼ੀ ਨਾਲ ਵਾਪਰ ਸਕਦਾ ਹੈ ਅਤੇ ਪੁਰਾਣਾ ਇੰਨੀ ਤੇਜ਼ੀ ਨਾਲ ਬਦਲ ਸਕਦਾ ਹੈ? ਸਿਰਫ ਪਿਛਲੇ ਪੰਜਾਹ ਸਾਲਾਂ ਵਿਚ ਹੀ ਬਹੁਤ ਕੁਝ ਨਵਾਂ ਅਤੇ ਵਧੀਆ ਜਾਣਕਾਰੀ ਦੇ ਸਾਧਨ ਵੀ ਵਿਕਸਿਤ ਹੋ ਗਏ ਹਨ; ਜਾਣਕਾਰੀ ਦਾ ਸੰਚਾਰ ਅਤੇ ਪ੍ਰਸਾਰ ਬਹੁਤ ਤੇਜ਼ੀ ਨਾਲ ਹੋ ਰਿਹਾ ਹੈ। ਵਿਗਿਆਨ ਅਤੇ ਉਸ ਦੀ ਦੇਣ ਤੋਂ ਮੂੰਹ ਮੋੜਨਾ ਅਕ੍ਰਿਤਘਣਤਾ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਹੋ ਸਕਦਾ।
ਵਿਗਿਆਨ ਦਾ ਇਕ ਨਿਸ਼ਚਿਤ ਕਾਰਜ ਖੇਤਰ ਹੈ, ਜਿਸ ਵਿਚ ਵਿਗਿਆਨ ਦੀ ਸਰਦਾਰੀ ਹੈ। ਵਿਗਿਆਨ ਨੇ ਹਰ ਖੇਤਰ ਵਿਚ ਤਰੱਕੀ ਕਰਨ ਦੇ ਸਾਧਨ ਉਪਲੱਬਧ ਕੀਤੇ ਹਨ ਅਤੇ ਤਰੱਕੀ ਵਿਚ ਯੋਗਦਾਨ ਦਿੱਤਾ ਹੈ ਤੇ ਤੇਜ਼ੀ ਲਿਆਂਦੀ ਹੈ। ਹਰ ਵਿਅਕਤੀ ਲਈ ਪੜ੍ਹਨਾ-ਲਿਖਣਾ ਵਿਗਿਆਨਕ ਸਾਧਨਾਂ ਕਰਕੇ ਹੀ ਸੰਭਵ ਹੋ ਸਕਿਆ ਹੈ। ਨਹੀਂ ਤਾਂ ਸਿੱਖਿਆ ਅਤੇ ਸਿੱਖਿਆ ਦੇ ਸਾਧਨ ਆਮ ਵਿਅਕਤੀ ਦੀ ਪਹੁੰਚ ਵਿਚ ਨਹੀਂ ਸਨ। ਗਿਆਨ ਅਤੇ ਸਿੱਖਿਆ ‘ਤੇ ਕੁਝ ਗਿਣਤੀ ਦੇ ਵਿਅਕਤੀ ਹੀ ਕਾਬਜ਼ ਸਨ। ਉਹ ਸਮਾਜ ਨੂੰ ਆਪਣੀ ਮਰਜ਼ੀ ਅਨੁਸਾਰ ਚਲਾਉਂਦੇ ਅਤੇ ਢਾਲ ਲੈਂਦੇ ਸਨ। ਉਹ ਹੀ ਨਿਸ਼ਚਿਤ ਕਰਦੇ ਸਨ ਕਿ ਕਿਸ ਨੇ ਕੀ ਅਤੇ ਕਿੰਨਾ ਕੁ ਜਾਣਨਾ ਹੈ। ਸਮਾਜ ਨੂੰ ਕਿਨ੍ਹਾਂ ਰਾਹਾਂ ‘ਤੇ ਚਲਾਉਣਾ ਹੈ ਅਤੇ ਕਿਸ ਨੂੰ ਕਿੰਨੀ ਅਜ਼ਾਦੀ ਦੇਣੀ ਹੈ। ਇਹ ਸਭ ਕੁਝ ਵਿਅਕਤੀ ਹੀ ਨਿਸ਼ਚਿਤ ਕਰਦੇ ਸਨ, ਪਰ ਅੱਜ ਅਜਿਹਾ ਸੰਭਵ ਨਹੀਂ ਹੈ।
ਮਾਰਕਸਵਾਦ ਪੱਛਮ ਵਿਚ ਵਿਕਸਿਤ ਹੋਇਆ, ਉਸ ਦੇ ਪ੍ਰਵਰਤਕ ਕਾਰਲ ਮਾਰਕਸ ਨੇ ਯੂਰਪੀ ਸਮਾਜ ਵਾਤਾਵਰਣ ਅਤੇ ਫਿਲਾਸਫੀ ਦਾ ਗੂੜ੍ਹਾ ਅਧਿਐਨ ਕਰਕੇ ਜੋ ਸਿਧਾਂਤ ਅਤੇ ਵਿਆਖਿਆ ਦਿੱਤੀ, ਉਸ ਨੂੰ ਮਾਰਕਸਵਾਦ ਕਿਹਾ ਜਾਂਦਾ ਹੈ। ਉਸ ਨੇ ਸੰਸਾਰ ਅਤੇ ਵਰਤਾਰਿਆਂ ਦੀ ਵਿਆਖਿਆ ਭੌਤਿਕ ਅਤੇ ਦਵੰਦਵਾਦੀ ਪਦਾਰਥਵਾਦ ਅਨੁਸਾਰ ਕੀਤੀ ਹੈ। ਸਮਾਜ, ਰਾਜਨੀਤੀ ਅਤੇ ਆਰਥਕਤਾ ਹੀ ਉਸ ਦੇ ਮੁੱਖ ਵਿਸ਼ੇ ਹਨ। ਇਨ੍ਹਾਂ ਦੀ ਸੇਧ ਅਨੁਸਾਰ ਹੀ ਉਸ ਨੇ ਹਰ ਸਮਾਜਕ ਵਰਤਾਰੇ ਦਾ ਅਧਿਐਨ ਕੀਤਾ ਹੈ। ਉਸ ਦੀ ਸ਼ਾਹਕਾਰ ਰਚਨਾ (ਠਹe ਛਅਪਟਿਅਲ) ਹੈ। ਉਸ ਨੂੰ ਮਾਰਕਸਵਾਦ ਦੀ ਬਾਇਬਲ ਦਾ ਦਰਜਾ ਪ੍ਰਾਪਤ ਹੈ। ਉਸ ਵਿਚ ਆਰਥਕ ਨਿਯਮ ਅਤੇ ਉਨ੍ਹਾਂ ਅਨੁਸਾਰ ਹੀ ਹਰ ਸਮਾਜਕ ਵਰਤਾਰੇ ਦੀ ਵਿਆਖਿਆ ਕੀਤੀ ਗਈ ਹੈ। ਇਸੇ ਅਨੁਸਾਰ ਹੀ ਯੂਰਪ ਵਿਚਲੇ ਇਸਾਈ ਧਰਮ ਅਤੇ ਉਸ ਦੇ ਧਾਰਮਿਕ ਕਰਮ ਕਾਂਡਾਂ ਦੀ ਵਿਆਖਿਆ ਕੀਤੀ ਹੈ।
ਵਲਾਦੀਮੀਰ ਲੈਨਿਨ ਨੇ ਆਪਣੀਆਂ ਲਿਖਤਾਂ ਵਿਚ ਇਨ੍ਹਾਂ ਹੀ ਸਿਧਾਂਤਾਂ ਨੂੰ ਆਧਾਰ ਬਣਾਇਆ ਹੈ। ਧਰਮ ਸਬੰਧੀ ਵਿਚਾਰ ਨਾਮੀ ਕਿਤਾਬਚੇ ਵਿਚ ਉਨ੍ਹਾਂ ਦੇ ਵਿਚਾਰ ਇੱਕਠੇ ਕੀਤੇ ਗਏ ਹਨ। ਉਨ੍ਹਾਂ ਵਿਚੋਂ ਕੁਝ ਵਿਚਾਰ ਸਾਂਝੇ ਕਰ ਰਿਹਾ ਹਾਂ:
‘ਸਮਾਜਵਾਦ ਅਤੇ ਧਰਮ’ ਲੇਖ ਵਿਚ ਉਹ ਲਿਖਦੇ ਹਨ ਕਿ ਧਰਮ ਨੂੰ ਵਿਅਕਤੀਗਤ ਮਾਮਲਾ ਐਲਾਨ ਕਰ ਦੇਣਾ ਚਾਹੀਦਾ ਹੈ। ਸਮਾਜਵਾਦੀ ਅਕਸਰ ਹੀ ਧਰਮ ਬਾਰੇ ਆਪਣਾ ਨਜ਼ਰੀਆ ਇਨ੍ਹਾਂ ਸ਼ਬਦਾਂ ਰਾਹੀਂ ਬਿਆਨ ਕਰਦੇ ਹਨ, ਪਰ ਕਿਸੇ ਕਿਸਮ ਦੀ ਗਲਤਫਹਿਮੀ ਪੈਦਾ ਨਾ ਹੋ ਜਾਵੇ, ਇਸ ਲਈ ਇਨ੍ਹਾਂ ਸ਼ਬਦਾਂ ਦੇ ਅਰਥਾਂ ਦੀ ਸਹੀ ਵਿਆਖਿਆ ਹੋਣੀ ਚਾਹੀਦੀ ਹੈ। ਅਸੀਂ ਮੰਗ ਕਰਦੇ ਹਾਂ ਕਿ ਜਿਥੋਂ ਤੱਕ ਰਾਜ ਦਾ ਸਬੰਧ ਹੈ, ਧਰਮ ਨੂੰ ਵਿਅਕਤੀਗਤ ਮਾਮਲਾ ਮੰਨਣਾ ਚਾਹੀਦਾ ਹੈ; ਪਰ ਜਿਥੋਂ ਤੱਕ ਪਾਰਟੀ ਦਾ ਸਵਾਲ ਹੈ, ਅਸੀਂ ਕਿਸੇ ਵੀ ਤਰ੍ਹਾਂ ਧਰਮ ਨੂੰ ਵਿਅਕਤੀਗਤ ਮਾਮਲਾ ਨਹੀਂ ਮੰਨਦੇ। ਧਰਮ ਨਾਲ ਰਾਜ ਦਾ ਕੋਈ ਸਬੰਧ ਨਹੀਂ ਹੋਣਾ ਚਾਹੀਦਾ ਅਤੇ ਧਾਰਮਿਕ ਜਥੇਬੰਦੀਆਂ ਦਾ ਸਰਕਾਰ ਦੀ ਸੱਤਾ ਨਾਲ ਕਿਸੇ ਕਿਸਮ ਦਾ ਸਬੰਧ ਨਹੀਂ ਰਹਿਣਾ ਚਾਹੀਦਾ। ਹਰ ਵਿਅਕਤੀ ਨੂੰ ਇਹ ਆਜ਼ਾਦੀ ਹੋਣੀ ਚਾਹੀਦੀ ਹੈ ਕਿ ਚਾਹੇ ਜਿਸ ਧਰਮ ਨੂੰ ਮੰਨੇ ਜਾਂ ਜੇ ਚਾਹੇ ਤਾਂ ਕਿਸੇ ਵੀ ਧਰਮ ਨੂੰ ਨਾ ਮੰਨੇ, ਭਾਵ ਨਾਸਤਿਕ ਹੋਵੇ, ਜੋ ਆਮ ਤੌਰ ‘ਤੇ ਹਰ ਸਮਾਜਵਾਦੀ ਹੁੰਦਾ ਹੈ। ਨਾਗਰਿਕਾਂ ਨਾਲ ਧਾਰਮਿਕ ਵਿਸ਼ਵਾਸ ਦੇ ਆਧਾਰ ‘ਤੇ ਕੋਈ ਵਿਤਕਰਾ ਬਿਲਕੁਲ ਹੀ ਨਾ ਸਹਿਣਯੋਗ ਹੈ। ਅਧਿਕਾਰਕ ਦਸਤਾਵੇਜ਼ਾਂ ਵਿਚ ਕਿਸੇ ਵੀ ਨਾਗਰਿਕ ਦੇ ਧਰਮ ਉਲੇਖ ਮਾਤਰ ਵੀ ਬਿਨਾ ਸ਼ੱਕ ਖਤਮ ਕਰ ਦੇਣਾ ਚਾਹੀਦਾ ਹੈ। ਸਥਾਪਤ ਚਰਚ ਨੂੰ ਨਾ ਤਾਂ ਕੋਈ ਸਹਾਇਤਾ ਮਿਲਣੀ ਚਾਹੀਦੀ ਹੈ ਅਤੇ ਨਾ ਹੀ ਪਾਦਰੀਆਂ ਨੂੰ ਤੇ ਨਾ ਹੀ ਧਾਰਮਿਕ ਸੁਸਾਇਟੀਆਂ ਨੂੰ ਰਾਜ ਵਲੋਂ ਕਿਸੇ ਕਿਸਮ ਦੀ ਰਿਆਇਤ ਦੇਣੀ ਚਾਹੀਦੀ ਹੈ। ਇਹ ਸਮਾਨ ਵਿਚਾਰਾਂ ਵਾਲੇ ਨਾਗਰਿਕਾਂ ਦੀਆਂ ਪੂਰਨ ਤੌਰ ‘ਤੇ ਆਜ਼ਾਦ ਸੰਸਥਾਵਾਂ ਬਣ ਜਾਣੀਆਂ ਚਾਹੀਦੀਆਂ ਹਨ, ਤੇ ਇਹ ਸੰਸਥਾਵਾਂ ਰਾਜ ਤੋਂ ਪੂਰੀ ਤਰ੍ਹਾਂ ਆਜ਼ਾਦ ਹੋਣ।
ਇਸੇ ਲੇਖ ਵਿਚ ਹੀ ਉਹ ਅੱਗੇ ਲਿਖਦੇ ਹਨ, ਸਾਡਾ ਸਾਰਾ ਪ੍ਰੋਗਰਾਮ ਮੁਕੰਮਲ ਤੌਰ ‘ਤੇ ਵਿਗਿਆਨਕ ਅਤੇ ਇਸ ਤੋਂ ਇਲਾਵਾ ਭੌਤਿਕਵਾਦੀ ਸੰਸਾਰਕ ਨਜ਼ਰੀਏ ਉਤੇ ਆਧਾਰਿਤ ਹੈ। ਇਸ ਲਈ ਸਾਡੇ ਪ੍ਰੋਗਰਾਮ ਦੀ ਵਿਆਖਿਆ ਵਿਚ ਧਾਰਮਿਕ ਕੋਹਰੇ ਦੀ ਸੱਚੀ ਇਤਿਹਾਸਕ ਅਤੇ ਆਰਥਕ ਸਰੋਤਾਂ ਦੀ ਵਿਆਖਿਆ ਵੀ ਲਾਜ਼ਮੀ ਤੌਰ ‘ਤੇ ਸ਼ਾਮਲ ਹੈ। ਸਾਡੇ ਪ੍ਰਚਾਰ ਕਾਰਜਾਂ ਵਿਚ ਅਨ-ਈਸ਼ਵਰਵਾਦ ਦਾ ਪ੍ਰਚਾਰ ਵੀ ਸ਼ਾਮਲ ਹੋਣਾ ਚਾਹੀਦਾ ਹੈ; ਲੋੜੀਂਦਾ ਵਿਗਿਆਨਕ ਸਾਹਿਤ ਵੀ ਅਤੇ ਉਸ ਦਾ ਪ੍ਰਕਾਸ਼ਨ ਵੀ।
ਫਿਰ ਉਹ ‘ਧਰਮ ਪ੍ਰਤੀ ਮਜਦੂਰਾਂ ਦੀ ਪਾਰਟੀ ਦਾ ਰੁਖ’ ਲੇਖ ਵਿਚ ਲਿਖਦੇ ਹਨ ਕਿ ਸਮਾਜਕ ਜਨਵਾਦ ਆਪਣਾ ਸੰਪੂਰਨ ਵਿਸ਼ਵ ਨਜ਼ਰੀਆ, ਵਿਗਿਆਨਕ ਸਮਾਜਵਾਦ ਭਾਵ ਮਾਰਕਸਵਾਦ ‘ਤੇ ਆਧਾਰਿਤ ਕਰਦਾ ਹੈ। ਮਾਰਕਸਵਾਦ ਦਾ ਦਾਰਸ਼ਨਿਕ ਆਧਾਰ ਜਿਵੇਂ ਕਿ ਮਾਰਕਸ ਅਤੇ ਏਂਜਲਸ ਨੇ ਵਾਰ ਵਾਰ ਘੋਸ਼ਿਤ ਕੀਤਾ ਹੈ, ਦਵੰਦਵਾਦੀ ਭੌਤਿਕਵਾਦ ਹੈ। ਇਕ ਅਜਿਹਾ ਭੌਤਿਕਵਾਦ, ਜੋ ਪੂਰਨ ਤੌਰ ‘ਤੇ ਅਨ-ਈਸ਼ਵਰਵਾਦੀ ਅਤੇ ਨਿਸ਼ਚਿਤ ਰੂਪ ਵਿਚ ਸਾਰੇ ਧਰਮਾਂ ਦੇ ਵਿਰੁਧ ਹੈ। ਇਸੇ ਹੀ ਲੇਖ ਵਿਚ ਉਹ ਅੱਗੇ ਲਿਖਦੇ ਹਨ, “ਮਾਰਕਸਵਾਦ, ਭੌਤਿਕਵਾਦ ਹੈ। ਇਸੇ ਕਾਰਨ ਇਹ ਧਰਮ ਦਾ ਉਨ੍ਹਾਂ ਹੀ ਨਿਰਦਈ ਦੁਸ਼ਮਣ ਹੈ, ਜਿੰਨਾ ਕਿ ਅਠਾਰਵੀਂ ਸਦੀ ਦੇ ਵਿਸ਼ਵ ਗਿਆਨੀ ਪੰਡਿਤਾਂ ਦਾ ਜਾਂ ਫਾਇਰਬਾਖ ਦਾ ਭੌਤਿਕਵਾਦ ਸੀ; ਪ੍ਰੰਤੂ ਮਾਰਕਸ ਅਤੇ ਏਂਜਲਸ ਦਾ ਦਵੰਦਵਾਤਮਿਕ ਭੌਤਿਕਵਾਦ ਵਿਸ਼ਵ ਗਿਆਨੀਆਂ ਅਤੇ ਫਾਇਰਬਾਖ ਤੋਂ ਵੀ ਅੱਗੇ ਨਿਕਲ ਜਾਂਦਾ ਹੈ, ਕਿਉਂਕਿ ਇਹ ਭੌਤਿਕਵਾਦੀ ਫਿਲਾਸਫੀ ਨੂੰ ਇਤਿਹਾਸ ਦੇ ਖੇਤਰ, ਸਮਾਜਕ ਵਿਗਿਆਨਾਂ ਦੇ ਖੇਤਰ ਵਿਚ ਵੀ ਲਾਗੂ ਕਰਦਾ ਹੈ। ਸਾਨੂੰ ਧਰਮ ਦੇ ਵਿਰੁਧ ਲੜਾਈ ਲੜਨੀ ਚਾਹੀਦੀ ਹੈ ਅਤੇ ਅਜਿਹਾ ਕਰਨ ਲਈ ਸਾਨੂੰ ਜਨਤਾ ਵਿਚ ਈਸ਼ਵਰ ਤੇ ਧਰਮ ਦੇ ਮੂਲ ਦੀ ਵਿਆਖਿਆ ਭੌਤਿਕਵਾਦੀ ਢੰਗ ਨਾਲ ਕਰਨੀ ਪਵੇਗੀ।”
ਉਹ ਅੱਗੇ ਮੈਕਿਸਿਮ ਗੋਰਕੀ ਨੂੰ ਲਿਖੇ ਇਕ ਪੱਤਰ ਵਿਚ ਲਿਖਦੇ ਹਨ, “ਈਸ਼ਵਰ-ਕਬੀਲੇ, ਰਾਸ਼ਟਰ, ਮਾਨਵਤਾ ਰਾਹੀਂ ਘੜੇ ਹੋਏ ਐਸੇ ਵਿਚਾਰਾਂ ਦਾ ਜਟਿਲ ਰੂਪ ਹੈ, ਜੋ ਸਮਾਜਕ ਅਨੁਭੂਤੀਆਂ ਨੂੰ ਸੰਗਠਿਤ ਅਤੇ ਜਾਗ੍ਰਿਤ ਕਰਦਾ ਹੈ। ਉਸ ਦਾ ਉਦੇਸ਼ ਹੁੰਦਾ ਹੈ, ਵਿਅਕਤੀ ਨੂੰ ਸਮਾਜ ਨਾਲ ਜੋੜਨਾ ਅਤੇ ਪਾਸ਼ਵਿਕ ਵਿਅਕਤੀਵਾਦ ਨੂੰ ਲਗਾਮ ਪਾਉਣਾ। ਤੁਹਾਡਾ ਇਹ ਸਿਧਾਂਤ ਸਪਸ਼ਟ ਤੌਰ ‘ਤੇ ਗਲਤ ਅਤੇ ਪ੍ਰਤੀਕ੍ਰਿਆਵਾਦੀ ਹੈ।”
ਆਪਣੇ ਲੇਖ ‘ਨੌਜਵਾਨ ਸੰਗਠਨਾਂ ਦੀ ਜ਼ਿੰਮੇਵਾਰੀ’ ਵਿਚ ਲਿਖਦੇ ਹਨ ਕਿ ਮਾਰਕਸ ਨੇ ਆਪਣੀ ਫਲਾਸਫੀ ਨੂੰ ਪੂੰਜੀਵਾਦ ਅਧੀਨ ਇਕੱਠੇ ਕੀਤੇ ਮਨੁੱਖੀ ਗਿਆਨ ਦੀ ਮਜ਼ਬੂਤ ਨੀਂਹ ਉਤੇ ਖੜ੍ਹਾ ਕੀਤਾ ਸੀ। ਮਨੁੱਖੀ ਸਮਾਜ ਨੂੰ ਨਿਯਮਬੱਧ ਕਰਨ ਵਾਲੇ ਸਿਧਾਂਤਾਂ ਦਾ ਅਧਿਐਨ ਕਰਨ ਤੋਂ ਬਾਅਦ ਹੀ ਮਾਰਕਸ ਨੇ ਇਹ ਨਤੀਜਾ ਕਢਿਆ ਸੀ ਕਿ ਪੂੰਜੀਵਾਦ ਤੋਂ ਨਿਸ਼ਚਿਤ ਹੀ ਕਮਿਊਨਿਜ਼ਮ ਦਾ ਵਿਕਾਸ ਹੋਵੇਗਾ। ਸਭ ਤੋਂ ਮਹੱਤਵ ਦੀ ਗੱਲ ਇਹ ਹੈ ਕਿ ਮਾਰਕਸ ਨੇ ਪੂੰਜੀਵਾਦੀ ਸਮਾਜ ਦੇ ਗੰਭੀਰ, ਸੂਖਮ ਅਤੇ ਵਿਸਤਾਰਪੂਰਵਕ ਅਧਿਐਨ ਤੇ ਪਹਿਲੇ ਵਿਗਿਆਨ ਤੋਂ ਪ੍ਰਾਪਤ ਹੋਏ ਗਿਆਨ ਨੂੰ ਪਚਾਉਣ ਤੋਂ ਬਾਅਦ ਹੀ ਇਹ ਨਿਰਣੇ ਕੱਢੇ ਸਨ। ਮਨੁੱਖੀ ਸਮਾਜ ਰਾਹੀਂ ਰਚੇ ਸਾਰੇ ਕੁਝ ਨੂੰ ਲੈ ਕੇ ਮਾਰਕਸ ਨੇ ਉਸ ਦਾ ਅਜਿਹਾ ਆਲੋਚਨਾਤਮਕ ਪੁਨਰਗਠਨ ਕੀਤਾ ਕਿ ਜਿਸ ਵਿਚ ਕੋਈ ਵੀ ਗੱਲ ਨਹੀਂ ਛੱਡੀ। ਮਾਰਕਸ ਨੇ ਮਨੁੱਖੀ ਬੁੱਧੀ ਰਾਹੀਂ ਰਚੇ ਸਮੁੱਚੇ ਗਿਆਨ ਦਾ ਮੁੜ ਮੁਲੰਕਣ ਕੀਤਾ, ਉਸ ਦੀ ਪਰਖ ਕੀਤੀ, ਮਜ਼ਦੂਰਾਂ ਦੀ ਕ੍ਰਾਂਤੀ ‘ਤੇ ਲਾਗੂ ਕਰਕੇ ਉਸ ਦੀ ਸੱਚਾਈ ਦਾ ਪਤਾ ਕੀਤਾ ਅਤੇ ਨਤੀਜੇ ਕੱਢੇ।
ਇਸੇ ਲੇਖ ਵਿਚ ਅੱਗੇ ਲਿਖਦੇ ਹਨ ਕਿ ਜੇ ਅਸੀਂ ਇਹ ਸਮਝਦੇ ਹਾਂ ਕਿ ਸਾਡਾ ਗਿਆਨ ਬਹੁਤ ਸੀਮਤ ਹੈ ਤਾਂ ਅਸੀਂ ਹੋਰ ਜਾਣਨ ਦੀ ਕੋਸ਼ਿਸ਼ ਕਰਾਂਗੇ; ਪਰ ਜੇ ਕੋਈ ਵਿਅਕਤੀ ਇਹ ਕਹਿੰਦਾ ਹੈ ਕਿ ਉਹ ਕਮਿਊਨਿਸਟ ਹੈ ਅਤੇ ਉਸ ਨੂੰ ਕਿਸੇ ਚੀਜ਼ ਨੂੰ ਚੰਗੀ ਤਰ੍ਹਾਂ ਜਾਣਨ ਦੀ ਲੋੜ ਨਹੀਂ ਹੈ ਤਾਂ ਉਹ ਕਦੇ ਵੀ ਕਮਿਊਨਿਸਟ ਨਹੀਂ ਬਣ ਸਕਦਾ।
ਇਸ ਲੰਮੀ ਚਰਚਾ ਪਿਛੋਂ ਮਾਰਕਸ ਅਤੇ ਮਾਰਕਸਵਾਦ ਦੇ ਧਰਮ ਪ੍ਰਤੀ ਵਿਚਾਰਾਂ ਬਾਰੇ ਕੋਈ ਭੁਲੇਖਾ ਨਹੀਂ ਰਹਿ ਜਾਂਦਾ ਕਿ ਕਾਰਲ ਮਾਰਕਸ ਪਰਮਾਤਮਾ ਦੀ ਹੋਂਦ ਬਾਰੇ ਪੂਰੀ ਦ੍ਰਿੜਤਾ ਨਾਲ ਇਨਕਾਰੀ ਹੈ। ਉਹ ਸਿਰਫ ਇਸਾਈ ਧਰਮ ਅਤੇ ਉਸ ਦੇ ਕਰਮ ਕਾਂਡ ਬਾਰੇ ਹੀ ਜਾਣਦਾ ਸੀ। ਉਸ ਨੂੰ ਦੂਜੇ ਕਿਸੇ ਵੀ ਹੋਰ ਧਰਮ ਬਾਰੇ ਕੋਈ ਜਾਣਕਾਰੀ ਨਹੀਂ ਸੀ ਅਤੇ ਨਾ ਹੀ ਇਸ ਬਾਰੇ ਕੁਝ ਜਾਣਨ ਦੀ ਖੇਚਲ ਹੀ ਕੀਤੀ, ਕਿਉਂਕਿ ਇਹ ਉਸ ਦਾ ਵਿਸ਼ਾ ਹੀ ਨਹੀਂ ਸੀ। ਉਹ ਤਾਂ ਸਮਾਜਕ, ਰਾਜਨੀਤਕ ਅਤੇ ਆਰਥਕ ਮਸਲਿਆਂ ‘ਤੇ ਹੀ ਆਪਣਾ ਧਿਆਨ ਕੇਂਦਰਿਤ ਕਰਨਾ ਚਾਹੁੰਦਾ ਸੀ। ਉਨ੍ਹਾਂ ਹੀ ਵਿਚਾਰਾਂ ਅਨੁਸਾਰ ਸਾਰੀ ਦੁਨੀਆਂ ਦੇ ਕਮਿਊਨਿਸਟ ਅਮਲ ਕਰਦੇ ਹਨ। ਇਸ ਤੋਂ ਵੱਖਰਾ ਉਹ ਸੋਚਣਾ ਵੀ ਨਹੀਂ ਚਾਹੁੰਦੇ ਅਤੇ ਨਾ ਹੀ ਵਿਚਾਰ ਕਰਨਾ ਚਾਹੁੰਦੇ ਹਨ, ਕਿਉਂਕਿ ਉਹ ਧਰਮ ਨੂੰ ਲੋਕਾਂ ਲਈ ਅਫੀਮ ਕਹਿੰਦੇ ਹਨ, ਜੇਹਾ ਕਿ ਕਾਰਲ ਮਾਰਕਸ ਨੇ ਉਨ੍ਹਾਂ ਨੂੰ ਦਸਿਆ ਸੀ।
ਰੂਸੀ ਇਨਕਲਾਬ ਦੇ ਸੌ ਸਾਲ ਪੂਰੇ ਹੋ ਜਾਣ ਬਾਅਦ ਅਤੇ ਉਸ ਦੇ ਸਿਟਿਆਂ ਦਾ ਮੁਲੰਕਣ ਕਰਨ ਲਈ ਇੰਨਾ ਸਮਾਂ ਬਹੁਤ ਹੈ। ਰੂਸੀ ਇਨਕਲਾਬ ਪਿਛੋਂ ਇਸ ਦਾ ਪ੍ਰਭਾਵ ਕਾਫੀ ਦੇਸ਼ਾਂ ‘ਤੇ ਪਿਆ। ਦੁਨੀਆਂ ਦੋ ਧੜਿਆਂ ਵਿਚ ਵੰਡੀ ਗਈ ਅਤੇ ਉਨ੍ਹਾਂ ਧੜਿਆਂ ਵਿਚ ਕਾਫੀ ਸੰਘਰਸ਼ ਪੈਦਾ ਹੋ ਗਿਆ, ਜੋ ਅੱਜ ਤੱਕ ਵੀ ਠੰਡੀ ਜੰਗ ਦੀ ਸ਼ਕਲ ਵਿਚ ਜਾਰੀ ਹੈ; ਪਰ ਸਮਾਂ ਗੁਜ਼ਰਨ ਨਾਲ ਸਮਾਜਵਾਦੀ ਦੇਸ਼ ਆਪਣੇ ਸਿਧਾਂਤਾਂ ਤੋ ਥਿੜਕਣ ਲੱਗ ਪਏ ਅਤੇ ਆਖਿਰ ਸੋਵੀਅਤ ਯੂਨੀਅਨ ਵੀ ਕਈ ਆਜ਼ਾਦ ਦੇਸ਼ਾਂ ਵਿਚ ਟੁੱਟ ਕੇ ਖਿਲਰ ਗਈ। ਦੋ ਹਿਸਿਆਂ ਵਿਚ ਵੰਡੇ ਜਰਮਨ ਅਤੇ ਵੀਅਤਨਾਮ ਵੀ ਇਕ ਹੋ ਗਏ ਤੇ ਕੋਰੀਆ ਵੀ ਇਕੱਠਾ ਹੋਣ ਦੇ ਰਾਹ ‘ਤੇ ਹੈ-ਦੇਰ ਸਵੇਰ ਇਕ ਹੋ ਜਾਵੇਗਾ, ਕਿਉਂਕਿ ਕੌਮ ਦੀ ਭਾਵਨਾ ਮਜ਼ਬੂਤ ਡੋਰ ਹੁੰਦੀ ਹੈ, ਜੋ ਕੌਮ ਨੂੰ ਇਕੱਠਾ ਰੱਖਣ ਵਿਚ ਬਹੁਤ ਸਹਾਇਕ ਹੁੰਦੀ ਹੈ। ਫਿਰ ਸਮਾਜਵਾਦੀ ਦੇਸ਼ਾਂ ਵਿਚ ਵੀ ਪੂੰਜੀ ਅਤੇ ਸਾਧਨਾਂ ਦੀ ਬਰਾਬਰ ਵੰਡ ਨਹੀਂ ਹੋ ਸਕੀ ਅਤੇ ਨਿੱਜੀ ਜਾਇਦਾਦ ਦਾ ਸੰਕਲਪ ਵੀ ਖਤਮ ਨਹੀਂ ਹੋ ਸਕਿਆ, ਸਗੋਂ ਇਕ ਹੋਰ ਕਿਸਮ ਦਾ ਅਮੀਰ ਵਰਗ ਪੈਦਾ ਹੋ ਗਿਆ, ਜਿਸ ਨੇ ਸਾਧਨਾਂ ‘ਤੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ। ਮਜ਼ਦੂਰ ਵਰਗ ਦੀ ਹਾਲਤ ਵਿਚ ਵੀ ਬਹੁਤਾ ਸੁਧਾਰ ਨਾ ਹੋ ਸਕਿਆ ਅਤੇ ਪੂੰਜੀਵਾਦੀ ਰੁਚੀਆਂ ਸਿਰ ਚੁੱਕਣ ਲੱਗੀਆਂ। ਇਕ ਨਵੀਂ ਕਿਸਮ ਦਾ ਪੂੰਜੀਵਾਦ ਪੈਦਾ ਹੋ ਗਿਆ।
ਚੀਨ ਅੱਜ ਦੇ ਸਮੇਂ ਵਿਚ ਅਮਰੀਕਾ ਤੋਂ ਬਾਅਦ ਦੂਜੇ ਨੰਬਰ ਦਾ ਪੂੰਜੀਪਤੀ ਦੇਸ਼ ਹੈ, ਜੋ ਅਮਰੀਕਾ ਨੂੰ ਹਰ ਖੇਤਰ ਵਿਚ ਟੱਕਰ ਦੇ ਰਿਹਾ ਹੈ। ਉਥੇ ਵੀ ਨਵਾਂ ਪੂਜੀਪਤੀ ਵਰਗ ਪੈਦਾ ਹੋ ਚੁਕਾ ਹੈ, ਜੋ ਪੂੰਜੀਵਾਦੀ ਢੰਗ ਨਾਲ ਹੀ ਵੱਡੇ-ਵੱਡੇ ਅਦਾਰੇ ਖੜ੍ਹੇ ਕਰ ਰਿਹਾ ਹੈ। ਉਥੇ ਵੀ ਕਿਸਾਨਾਂ ਅਤੇ ਮਜ਼ਦੂਰਾਂ ਦਾ ਸ਼ੋਸ਼ਣ ਖਤਮ ਨਹੀਂ ਹੋ ਸਕਿਆ। ਜਿਸ ਧਰਮ ਦੇ ਵਿਰੋਧ ਵਿਚ ਬੜੀ ਸਖਤ ਲਾਮਬੰਦੀ ਕੀਤੀ ਸੀ, ਉਸ ਤੋਂ ਵੀ ਲੋਕਾਂ ਦਾ ਮੋਹ ਭੰਗ ਨਹੀਂ ਹੋ ਸਕਿਆ। ਪੁਰਾਣੇ ਚਰਚ ਤਾਂ ਖਤਮ ਨਹੀਂ ਹੋਏ, ਸਗੋਂ ਨਵੇਂ ਚਰਚ ਵੀ ਬਣਨੋਂ ਨਹੀਂ ਰੁਕ ਸਕੇ। ਰੂਸ ਵਿਚ ਅੱਜ ਵੀ ਧਰਮ ਆਪਣੀ ਥਾਂ ਕਾਇਮ ਹੈ ਅਤੇ ਚੀਨ ਵਿਚ ਵੀ ਬੁੱਧ ਧਰਮ ਦਾ ਪ੍ਰਭਾਵ ਨਹੀਂ ਘਟਿਆ। ਲੋਕਾਂ ਦੇ ਮਨਾਂ ਵਿਚੋਂ ਧਰਮ ਦੀ ਖਿੱਚ ਅਤੇ ਪ੍ਰਭਾਵ ਘਟਾਇਆ ਨਹੀਂ ਜਾ ਸਕਿਆ। ਸਾਰੇ ਹੀ ਸਮਾਜਵਾਦੀ ਦੇਸ਼ਾਂ ਵਿਚ ਥੋੜ੍ਹੇ ਬਹੁਤ ਫਰਕ ਨਾਲ ਏਹੀ ਸਥਿਤੀ ਹੈ। ਸਾਰੇ ਹੀ ਸਮਾਜਵਾਦੀ ਦੇਸ਼ਾਂ ਵਿਚ ਵੀ ਪੂੰਜੀਵਾਦ ਪੈਰ ਪਸਾਰ ਰਿਹਾ ਹੈ।
ਜੇ ਭਾਰਤ ਦੀ ਗੱਲ ਕਰੀਏ ਤਾਂ ਕਮਿਊਨਿਸਟ ਪਾਰਟੀ ਦੇਸ਼ ਦੀ ਸਭ ਤੋਂ ਵੱਡੀ ਵਿਰੋਧੀ ਧਿਰ ਹੁੰਦੀ ਸੀ। ਦੇਸ਼ ਦੇ ਕਾਫੀ ਹਿੱਸੇ ‘ਤੇ ਇਸ ਦੀਆਂ ਸਰਕਾਰਾਂ ਵੀ ਸਨ, ਪਰ ਹੁਣ ਸਥਿਤੀ ਇਹ ਹੈ ਕਿ ਵੱਖ ਵੱਖ ਧੜਿਆਂ ਵਿਚ ਵੰਡੀ ਇਹ ਪਾਰਟੀ ਕਿਤੇ ਭਾਲਿਆਂ ਵੀ ਨਹੀਂ ਲੱਭਦੀ। ਕਾਰਨ ਇਹੀ ਕਿ ਸਿਧਾਂਤ ਤੋਂ ਭਟਕਣ ਕਰਕੇ ਪੂੰਜੀਵਾਦੀ ਰੁਚੀਆਂ ‘ਤੇ ਕਾਬੂ ਨਹੀਂ ਰੱਖ ਸਕੀ ਅਤੇ ਪੂੰਜੀਵਾਦੀ ਸਿਸਟਮ ਦਾ ਹਿੱਸਾ ਬਣ ਕੇ ਰਹਿ ਗਈ। ਲੋਕਾਂ ਦਾ ਇਸ ਪਾਰਟੀ ਅਤੇ ਇਸ ਦੇ ਸਿਧਾਂਤਾਂ ਤੋਂ ਮੋਹ ਭੰਗ ਹੋ ਗਿਆ। ਧਰਮ ਦੇ ਅੰਨੇ ਵਿਰੋਧ ਦੀ ਭਾਵਨਾ ਕਾਰਨ ਧਰਮ ਤੋਂ ਮੁਨਕਰ ਹੋ ਕੇ ਨਾਸਤਿਕ ਹੋਣ ਦਾ ਦਾਅਵਾ ਕਰਨ ਲੱਗੀ, ਪਰ ਹਿੰਦੂ ਧਰਮ ਦੀ ਸਭ ਤੋਂ ਭੈੜੀ ਪ੍ਰਥਾ ਜਾਤ-ਪਾਤ ਤੋਂ ਖਹਿੜਾ ਨਾ ਛੁਡਾ ਸਕੀ। ਧਰਮ ਨੂੰ ਛੱਡ ਦਿੱਤਾ, ਪਰ ਜਾਤ ਅਤੇ ਗੋਤ ਨਹੀਂ ਛੱਡੇ, ਬੜੇ ਮਾਣ ਨਾਲ ਆਪਣੀ ਜਾਤੀ ਨੂੰ ਪ੍ਰਚਾਰਦੇ ਰਹੇ ਤੇ ਲੋਕ ਮਸਲਿਆਂ ਤੋਂ ਪਿੱਠ ਫੇਰ ਲਈ। ਧਰਮ ਨਿਰਪੱਖਤਾ ਦੇ ਨਾਂ ਹੇਠ ਕਾਂਗਰਸ ਦੇ ਪਿਛੱਲਗ ਬਣ ਕੇ ਰਹਿ ਗਏ। ਹਰ ਮਸਲੇ ਨੂੰ ਇਸੇ ਸੌੜੀ ਰਾਜਨੀਤੀ ਅਨੁਸਾਰ ਹੀ ਸਮਝਦੇ ਅਤੇ ਪਰਖਦੇ ਰਹੇ; ਕਿਸੇ ਵੀ ਲੋਕ ਪੱਖੀ ਮਸਲੇ ‘ਤੇ ਨਿਰਪੱਖ ਰਾਏ ਨਾ ਪ੍ਰਗਟ ਕਰ ਸਕੇ, ਜਿਸ ਕਰਕੇ ਇਨ੍ਹਾਂ ਦੀ ਲੋਕਪ੍ਰਿਅਤਾ ਖਤਮ ਹੋ ਗਈ ਅਤੇ ਇਹ ਪਾਰਟੀ ਹਾਸ਼ੀਏ ‘ਤੇ ਪਹੁੰਚ ਗਈ। ਹੁਣ ਸਥਿਤੀ ਇਹ ਹੈ ਕਿ ਲੋਕ ਕਹਿੰਦੇ ਹਨ ਕਿ ਪੁਰਾਣੇ ਕਾਮਰੇਡ ਤਾਂ ਮਰ ਜਾਣਗੇ, ਪਰ ਨਵੇਂ ਹੋਰ ਪੈਦਾ ਨਹੀਂ ਹੋਣਗੇ।
ਇਹੋ ਸਥਿਤੀ ਪੰਜਾਬ ਵਿਚ ਹੈ। ਨਾਂ ਨਾਲੋਂ ਸਿੰਘ ਜਾਂ ਕੁਮਾਰ ਤਾਂ ਲਾਹ ਦਿੱਤਾ, ਪਰ ਜਾਤ ਅਤੇ ਗੋਤ ਕਾਇਮ ਰੱਖੇ। ਇਹ ਕਿਸ ਕਿਸਮ ਦੀ ਨਾਸਤਿਕਤਾ ਹੈ? ਸਮਝ ਤੋਂ ਪਰੇ ਹੈ! ਉਸੇ ਹੀ ਕਿਸਮ ਦੇ ਵਿਅਕਤੀ ਤਰਕਸ਼ੀਲ ਲਹਿਰ ਵਿਚ ਕੰਮ ਕਰਦੇ ਹਨ। ਉਹ ਵੀ ਜਾਤ ਅਤੇ ਗੋਤ ਦੀ ਬੜੇ ਮਾਣ ਨਾਲ ਵਰਤੋਂ ਕਰਦੇ ਹਨ, ਜਦੋਂ ਕਿ ਵਿਸ਼ੇਸ਼ ਤੌਰ ‘ਤੇ ਸਿੱਖ ਧਰਮ ਵਿਚ ਜਾਤ-ਪਾਤ ਅਤੇ ਗੋਤ ਪਰਵਾਣ ਨਹੀਂ ਹੈ। ਇਸ ਨੂੰ ਉਨ੍ਹਾਂ ਦੀ ਨਾਸਮਝੀ ਮੰਨਿਆ ਜਾਵੇ ਜਾਂ ਢੀਠਤਾਈ! ਉਹ ਹਰ ਕਿਸਮ ਦੇ ਸਾਹਿਤ ਦੀ ਅਲੋਚਨਾ ਮਾਰਕਸਵਾਦ ਦੇ ਮੀਟਰ ਨਾਲ ਹੀ ਕਰਦੇ ਹਨ। ਜੋ ਇਸ ਮੀਟਰ ਅਨੁਸਾਰ ਹੈ, ਉਹ ਸਹੀ, ਬਾਕੀ ਸਭ ਗਲਤ। ਕੀ ਇਸ ਨੂੰ ਸਹੀ ਅਤੇ ਵਿਗਿਆਨਕ ਕਿਹਾ ਜਾ ਸਕਦਾ ਹੈ? ਕੀ ਮਾਰਕਸਵਾਦ ਹੀ ਅੰਤਿਮ ਸੱਚਾਈ ਹੈ?
ਡਾ. ਗੋਬਿੰਦਰ ਸਿੰਘ ਨੇ, ਜਪੁ ਜੀ ਸਾਹਿਬ ਦਾ ਟੀਕਾ ਤਾਂ ਨਹੀਂ ਕਿਹਾ ਜਾ ਸਕਦਾ, ਪਰ ਆਲੋਚਨਾ ਕੀਤੀ ਹੈ। ਮਾਰਕਸਵਾਦ ਦੀ ਪਹੁੰਚ ਮੁਤਾਬਿਕ ਹੀ ਸਿੱਟੇ ਕੱਢੇ ਹਨ, ਜਦੋਂ ਕਿ ਜਪੁਜੀ ਸਾਹਿਬ ਸਿੱਖ ਧਰਮ ਦਾ ਪਹਿਲਾ ਅਤੇ ਮੂਲ ਸਿਧਾਂਤ ਹੈ। ਇਸੇ ਸਿਧਾਂਤ ਅਨੁਸਾਰ ਹੀ ਸਾਰਾ ਗੁਰੂ ਗ੍ਰੰਥ ਸਾਹਿਬ ਅਤੇ ਉਸ ਵਿਚਲੀਆਂ ਬਾਣੀਆਂ ਹਨ। ਸਾਰੇ ਹੀ ਗੁਰੂ ਸਾਹਿਬਾਨ ਆਪਣੇ ਆਪ ਨੂੰ ਨਾਨਕ ਲਿਖਦੇ ਹਨ। ਉਹ ਆਪਣਾ ਨਿੱਜੀ ਨਾਮ ਨਾ ਵਰਤ ਕੇ ਆਪਣੇ ਆਪ ਨੂੰ ਨਾਨਕ ਹੀ ਕਹਿੰਦੇ ਅਤੇ ਲਿਖਦੇ ਹਨ। ਗੁਰੂ ਗ੍ਰੰਥ ਸਾਹਿਬ ਵਿਚ ਜੋ ਵੀ ਭਗਤਾਂ ਅਤੇ ਸਿੱਖਾਂ ਦੀ ਬਾਣੀ ਦਰਜ ਹੈ, ਉਹ ਇਸ ਸਿਧਾਂਤ ‘ਤੇ ਹੀ ਪਹਿਰਾ ਦਿੰਦੀ ਹੈ। ਜੋ ਬਾਣੀ ਇਸ ਸਿਧਾਂਤ ਅਨੁਸਾਰ ਨਹੀਂ ਸੀ, ਉਹ ਦਰਜ ਨਹੀਂ ਕੀਤੀ ਗਈ-ਭਾਵ ਸਾਰਾ ਗੁਰੂ ਗ੍ਰੰਥ ਸਾਹਿਬ ਇੱਕ ਹੀ ਸਿਧਾਂਤ ਅਨੁਸਾਰ ਹੈ। ਇਸ ਵਿਚ ਵੱਖ-ਵੱਖ ਸਿਧਾਂਤ ਨਹੀਂ ਹਨ।
ਜੇ ਗੁਰੂ ਨਾਨਕ ਦੇਵ ਜੀ ਦੀ ਬਾਣੀ ਨੂੰ ਹੀ ਇਕ ਇਕਾਈ ਮੰਨਿਆ ਜਾਵੇ ਤਾਂ ਉਨ੍ਹਾਂ ਨੇ ਜਪੁ ਜੀ ਸਾਹਿਬ ਤੋਂ ਬਿਨਾ ਹੋਰ ਵੀ ਕਾਫੀ ਬਾਣੀ ਉਚਾਰਨ ਕੀਤੀ ਹੈ। ਕੀ ਉਨ੍ਹਾਂ ਦੇ ਸਾਰੇ ਹੀ ਸ਼ਬਦਾਂ ਅਤੇ ਲੰਮੀਆਂ ਬਾਣੀਆਂ ਨੂੰ ਵੱਖ-ਵੱਖ ਮੰਨਿਆ ਜਾ ਸਕਦਾ ਹੈ? ਇਸ ਲਈ ਜਪੁ ਜੀ ਸਾਹਿਬ ਨੂੰ ਉਨ੍ਹਾਂ ਦੀਆਂ ਬਾਕੀ ਬਾਣੀਆਂ ਅਤੇ ਸ਼ਬਦਾਂ ਤੋਂ ਨਿਖੇੜ ਕੇ ਵਿਚਾਰਿਆ ਨਹੀਂ ਜਾ ਸਕਦਾ। ਕੀ ਜਪੁ ਜੀ ਸਾਹਿਬ ਨੂੰ ਆਸਾ ਦੀ ਵਾਰ ਅਤੇ ਸਿੱਧ-ਗੋਸਟਿ ਤੋਂ ਨਿਖੇੜ ਕੇ ਵਿਚਾਰਿਆ ਜਾ ਸਕਦਾ ਹੈ? ਕੀ ਡਾ. ਸਮਰਾਓ ਕੀਰਤਨ ਸੋਹਿਲਾ ਬਾਣੀ ਵਿਚ ਦਰਜ ਸ਼ਬਦ ਦੀ ਆਲੋਚਨਾਂ ਮਾਰਕਸਵਾਦ ਅਨੁਸਾਰ ਕਰਨ ਦੀ ਖੇਚਲ ਕਰਨਗੇ?
ਰਾਗੁ ਧਨਾਸਰੀ ਮਹਲਾ 1
ਗਗਨ ਮੈ ਥਾਲੁ ਰਵਿ ਚੰਦੁ ਦੀਪਕ
ਬਨੇ ਤਾਰਿਕਾ ਮੰਡਲ ਜਨਕ ਮੋਤੀ॥
ਧੂਪੁ ਮਲਆਨਲੋ ਪਵਣੁ ਚਵਰੋ ਕਰੇ
ਸਗਲ ਬਨਰਾਇ ਫੂਲੰਤ ਜੋਤੀ॥1॥
ਕੈਸੀ ਆਰਤੀ ਹੋਇ॥
ਭਵ ਖੰਡਨਾ ਤੇਰੀ ਆਰਤੀ॥
ਅਨਹਤਾ ਸਬਦ ਵਾਜੰਤ ਮੇਰੀ॥1॥ ਰਹਾਉ॥
ਸਹਸ ਤਵ ਨੈਨ ਨਨ ਨੈਨ ਹਹਿ ਤੋਹਿ
ਕਉ ਸਹਸ ਮੂਰਤਿ ਨਨਾ ਏਕੁ ਤੋਹੀ॥
ਸਹਸ ਪਦ ਬਿਮਲ ਨਨ ਏਕ ਪਦ ਗੰਧ
ਬਿਨੁ ਸਹਸ ਗੰਧ ਇਵ ਚਲਤ ਮੋਹੀ॥2॥
ਸਭ ਮਹਿ ਜੋਤਿ ਜੋਤਿ ਹੈ ਸੋਇ॥
ਤਿਸੁ ਦੈ ਸਭ ਮਹਿ ਚਾਨਣੁ ਹੋਇ॥
ਗੁਰ ਸਾਖੀ ਜੋਤਿ ਪਰਗਟੁ ਹੋਇ॥
ਸੋ ਤਿਸੁ ਭਾਵੈ ਸੁ ਆਰਤੀ ਹੋਇ॥3॥
ਹਰਿ ਚਰਣ ਕਵਲ ਮਕਰੰਦ ਲੋਭਿਤ ਮਨੋ
ਅਨਦਿਨੋ ਮੋਹਿ ਆਹੀ ਪਿਆਸਾ॥
ਕ੍ਰਿਪਾ ਜਲੁ ਦੇਹਿ ਨਾਨਕ ਸਾਰਿੰਗ ਕਉ
ਹੋਇ ਜਾ ਤੇ ਤੇਰੈ ਨਾਇ ਵਾਸਾ॥4॥3॥
ਹਰ ਵਿਅਕਤੀ ਨੂੰ ਆਪਣੇ ਪਸੰਦ ਦੀ ਜਾਣਕਾਰੀ, ਆਪਣੀ ਸਮਝ, ਆਪਣਾ ਸਿਧਾਂਤ, ਆਪਣਾ ਦ੍ਰਿਸ਼ਟੀਕੋਣ ਰੱਖਣ ਲਈ ਆਜ਼ਾਦੀ ਹੈ ਅਤੇ ਉਸ ਨੂੰ ਬਦਲਣ ਲਈ ਵੀ। ਇਸ ਲਈ ਕੋਈ ਉਸ ਨੂੰ ਮਜਬੂਰ ਨਹੀਂ ਕਰ ਸਕਦਾ, ਪਰ ਕਿਸੇ ਨੂੰ ਵੀ ਇਹ ਹੱਕ ਨਹੀਂ ਹੈ ਕਿ ਉਹ ਦੂਜਿਆਂ ਨੂੰ ਆਪਣੇ ਦ੍ਰਿਸ਼ਟੀਕੋਣ ਅਨੁਸਾਰ ਹੀ ਸੋਚਣ ਅਤੇ ਉਸ ਤੋਂ ਬਾਹਰ ਨਾ ਸੋਚਣ ਲਈ ਮਜਬੂਰ ਕਰੇ। ਗੁਰਬਾਣੀ ਅਤੇ ਧਰਮ ਦੇ ਨਿਸਚਿਤ ਸਿਧਾਂਤ ਹਨ, ਜਿਨ੍ਹਾਂ ਦੀ ਅਣਦੇਖੀ ਨਹੀਂ ਕੀਤੀ ਜਾ ਸਕਦੀ। ਜੇ ਉਸ ਤੋਂ ਬਾਹਰ ਜਾ ਕੇ ਕਿਸੇ ਸ਼ਬਦ ਜਾਂ ਬਾਣੀ ਦੀ ਵਿਆਖਿਆ ਕੀਤੀ ਜਾਵੇ ਤਾਂ ਉਹ ਅਰਥ ਦੇ ਅਨਰਥ ਹੀ ਹੋਣਗੇ। ਸੋ, ਇਸ ਤੋਂ ਬਚਣਾ ਚਾਹੀਦਾ ਹੈ। ਬਾਕੀ ਹਰ ਵਿਅਕਤੀ ਆਪਣੀ ਮਰਜ਼ੀ ਦਾ ਮਾਲਕ ਹੈ, ਪਰ ਆਜ਼ਾਦ ਨਹੀਂ। ਇਹ ਹਮੇਸ਼ਾ ਯਾਦ ਰਖਣਾ ਚਾਹੀਦਾ ਹੈ ਕਿ ਉਹ ਸਮਾਜ ਪ੍ਰਤੀ ਜ਼ਿੰਮੇਵਾਰ ਅਤੇ ਜਵਾਬਦੇਹ ਵੀ ਹੈ। ਜਿਸ ਤੋਂ ਬਚਿਆ ਨਹੀਂ ਜਾ ਸਕਦਾ।