ਸਵਾਲ, ਜੋ ਜੁਆਬ ਮੰਗਦੇ ਹਨ!

ਨਿੰਦਰ ਘੁਗਿਆਣਵੀ
ਪੰਜਾਬ ਦੇ ਕਿਰਸਾਨੀ ਸੰਘਰਸ਼ ਵਿਚ ਪੰਜਾਬ ਦੀ ਜੁਆਨੀ ਜੋਸ਼ ਨਾਲ ਕੁੱਦੀ ਹੈ ਤੇ ਜੁਆਨੀ ਨੇ ਖੜਕਾਟ ਪਾਉਂਦਿਆਂ ਆਪਣੀ ਹੋਂਦ ਦਰਸਾਈ ਹੈ। ਇਹ ਚੰਗਾ ਹੋਇਆ ਹੈ ਕਿ ਜੁਆਨੀ ਨੇ ਸੰਘਰਸ਼ ਤੋਂ ਮੂੰਹ ਨਹੀਂ ਮੋੜਿਆ, ਪਰ ਮੇਰੇ ਜ਼ਿਹਨ ਵਿਚ ਬਹੁਤ ਕੁਝ ਚੱਲ ਰਿਹਾ ਹੈ। ਕਈ ਸਵਾਲ ਖੌਰੂ ਪਾ ਰਹੇ ਨੇ। ਕੀ ਜੁਆਨੀ ਸਾਡੀ ਇਵੇਂ ਰੁਲਦੀ ਰਹੇਗੀ ਜਾਂ ਵਿਦੇਸ਼ ਨੂੰ ਕੂਚ ਕਰਦੀ ਰਹੇਗੀ? ਕੀ ਉਥੋਂ ਆਤਮ ਹਤਿਆਵਾਂ ਕਰ ਗਏ ਪੁੱਤਾਂ-ਧੀਆਂ ਦੀਆਂ ਮਨਹੂਸ ਖਬਰਾਂ ਸੁਣਨਾ ਪੰਜਾਬੀ ਮਾਪਿਆਂ ਦੇ ਭਾਗੀਂ ਰੱਬ ਨੇ ਕਿਹੜੀ ਕਲਮ ਨਾਲ ਲਿਖੀਆਂ ਸਨ? ਮੇਰੇ ਸਵਾਲਾਂ ਦਾ ਕਿਸੇ ਕੋਲ ਜੁਆਬ ਨਹੀਂ।

ਚੇਤੇ ਆਇਆ ਕਿ ਪਿਛੇ ਜਿਹੇ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਦਾਲਤਾਂ ਵਿਚ ਚਪੜਾਸੀ (ਅਰਦਲੀ) ਰੱਖਣੇ ਸਨ। ਪੈਂਤੀ ਹਜ਼ਾਰ ਮੁੰਡੇ-ਕੁੜੀਆਂ, ਵਧੇਰੇ ਐੱਮ. ਏ. ਅਤੇ ਬੀ. ਏ. ਨੇ ਹੀ ਅਪਲਾਈ ਕੀਤਾ ਹੋਇਆ ਸੀ। ਅਸਾਮੀਆਂ ਪੰਜ ਹੁੰਦੀਆਂ ਨੇ ਤੇ ਅਪਲਾਈ ਪੰਜ ਸੌ ਉਮੀਦਵਾਰ ਕਰ ਦਿੰਦੇ ਹਨ ਤੇ ਉਲਟਾ ਕਿਹਾ ਜਾ ਰਿਹੈ ਕਿ ਬੇਰੁਜ਼ਗਾਰੀ ਦੂਰ ਕਰ ਦਿੱਤੀ ਆ। ਚੰਡੀਗੜ੍ਹ ਪੁਲੀਸ ਵਿਚ ਚਪੜਾਸੀ ਰੱਖੇ ਜਾਣ ਲਈ ਜਿਹੜੇ ਮੁੰਡੇ-ਕੁੜੀਆਂ ਨੇ ਅਰਜ਼ੀਆਂ ਦਿੱਤੀਆਂ ਨੇ, ਉਨ੍ਹਾਂ ਦੀਆਂ ਡਿਗਰੀਆਂ ‘ਤੇ ਉੱਚ-ਵਿੱਦਿਆ ‘ਤੇ ਝਾਤੀ ਮਾਰਦਿਆਂ ਹੈਰਾਨੀ ਹੁੰਦੀ ਹੈ। ਚਪੜਾਸੀ ਲੱਗਣ ਦੇ ਚਾਹਵਾਨਾਂ ਵਿਚ ਸਾਢੇ ਅੱਠ ਸੌ ਉਮੀਦਵਾਰ ਗਰੈਜੂਏਟ ਹਨ। (ਇਸ ਅਸਾਮੀ ਲਈ ਲੋੜੀਂਦੀ ਯੋਗਤਾ ਸਿਰਫ ਅੱਠਵੀਂ ਪਾਸ ਚਾਹੀਦੀ ਹੈ)। ਹੈਰਾਨੀ ਦੀ ਹੱਦ ਉਦੋਂ ਸਿਖਰ ਨੂੰ ਛੂਹ ਜਾਂਦੀ ਹੈ, ਜਦੋਂ ਚਾਰ ਐਮ. ਬੀ. ਏ. ਪਾਸ ਇਸ ਅਸਾਮੀ ‘ਤੇ ਲੱਗਣ ਲਈ ਉਤਾਵਲੇ ਹਨ। ਇੱਥੇ ਹੀ ਬੱਸ ਨਹੀਂ, ਬੀ. ਐੱਸ਼ ਸੀ, ਬੀ. ਐੱਡ ਤੇ ਬੀ. ਪੀ. ਐੱਡ ਬਿਆਸੀ ਸੌ ਉਮੀਦਵਾਰਾਂ ਨੇ ਵੀ ਚਪੜਾਸੀ ਲੱਗਣ ਲਈ ਅਪਲਾਈ ਕੀਤਾ। ਪਝੱਤਰ ਸੌ ਬਾਰਵੀਂ ਪਾਸ ਨੇ ਅਪਲਾਈ ਕੀਤਾ ਤੇ ਪਚਵੰਜਾ ਸੌ ਦਸਵੀਂ ਪਾਸ ਨੇ ਅਰਜ਼ੀਆਂ ਲਿਖ ਕੇ ਬੇਨਤੀ ਕੀਤੀ ਹੈ ਕਿ ਉਨ੍ਹਾਂ ਨੂੰ ਚਪੜਾਸੀ ਰੱਖ ਲਿਆ ਜਾਵੇ।
ਦਿਲਚਸਪ ਤੱਥ ਇਹ ਹੈ ਕਿ ਜਦ ਇਸ ਕੰਮ ਵਾਸਤੇ ਇੰਟਰਵਿਊ ਹੋ ਰਹੀ ਸੀ ਤਾਂ ਬੇਰੁਜ਼ਗਾਰ ਮੁੰਡੇ-ਕੁੜੀਆਂ ਭਾਰੀ ਕਠਿਨ ਪ੍ਰਕਿਰਿਆ ਵਿਚੋਂ ਲੰਘ ਰਹੇ ਸਨ। ਉਮੀਦਵਾਰਾਂ ਕੋਲੋਂ ਗਲਾਸਾਂ ਵਿਚ ਪਾਣੀ ਭਰਵਾ ਕੇ ਤੇ ਫਿਰ ਗਲਾਸਾਂ ਨੂੰ ਟਰੇਅ ਵਿਚ ਰਖਵਾ ਕੇ ਸਾਬ੍ਹ ਵੱਲ ਤੋਰਿਆ ਜਾਂਦਾ ਸੀ। ਇਸ ਦੇ ਨਾਲ-ਨਾਲ ਉਮੀਦਵਾਰ ਦੀ ਤੋਰ ਦਾ ਵੀ ਜਿਵੇਂ ਟੈਸਟ ਹੋ ਰਿਹਾ ਸੀ ਕਿ ਕਿਧਰੇ ਉਮੀਦਵਾਰ ਕਾਹਲ ਨਾਲ ਤੁਰਦਾ ਜਾਂ ਪੈਰ ਅੱਲ-ਪਲੱਲ ਮਾਰਦਾ ਪਾਣੀ ਟਰੇਅ ਵਿਚ ਹੀ ਵਿਚ ਤਾਂ ਨਹੀਂ ਡੋਲ੍ਹ ਦਿੰਦਾ? ਜਿਸ ਦਾ ਪਾਣੀ ਟਰੇਅ ਵਿਚ ਡੁੱਲ੍ਹ ਜਾਂਦਾ ਸੀ, ਉਸ ਨੂੰ ਟੈਸਟ ਵਿਚੋਂ ਫੇਲ੍ਹ ਕਰ ਦਿੱਤਾ ਜਾਂਦਾ ਸੀ। ਹੋਰ ਵੀ ਅਹਿਮ ਤੱਥ ਇਹ ਕਿ ਉਮੀਦਵਾਰ ਕੋਲੋਂ ਜਦੋਂ ਜੱਗ ਵਿਚੋਂ ਪਾਣੀ ਗਲਾਸ ਵਿਚ ਪੁਵਾਇਆ ਜਾਂਦਾ ਸੀ ਤਾਂ ਇਹ ਵੀ ਧਿਆਨ ਰੱਖਿਆ ਜਾਦਾ ਸੀ, ਕਿਧਰੇ ਪਾਣੀ ਦਾ ਤੁਪਕਾ ਬਾਹਰ ਤਾਂ ਨਹੀਂ ਛਲਕ ਗਿਆ? ਜੇ ਪਾਣੀ ਦਾ ਤੁਪਕਾ ਗਲਾਸ ਤੋਂ ਬਾਹਰ ਛਲਕ ਗਿਆ ਤਾਂ ਸਮਝੋ ਕਿ ਉਮੀਦਵਾਰ ਦੇ ਭਵਿੱਖ ‘ਤੇ ਲੱਗ ਗਿਆ ਸਵਾਲੀਆ ਨਿਸ਼ਾਨ। ਕਿਸੇ ਅੱਖੜ ਸੁਭਾਅ ਦੇ ਸਾਬ੍ਹ ਦੇ ਆਖਣ ਵਾਂਗੂੰ, “ਉਏ ਵੱਡਿਆ ਪਾੜ੍ਹਿਆ, ਤੈਨੂੰ ਤਾਂ ਗਲਾਸ ਵਿਚ ਪਾਣੀ ਵੀ ਨਹੀਂ ਪਾਉਣਾ ਆਉਂਦਾ, ਕਰੀ ਫਿਰਦਾ ਐਂ ਵੱਡੀਆਂ ਡਿਗਰੀਆਂ।”
ਇਨ੍ਹਾਂ ਸਾਰੀਆਂ ਗੱਲਾਂ ਤੇ ਤੱਥਾਂ ਤੋਂ ਮੈਨੂੰ ਆਪਣੀ ਸੇਵਾਦਾਰੀ (ਅਰਦਲੀ) ਦੀ ਨੌਕਰੀ ਦੇ ਦਿਨ ਭਲੀਭਾਂਤੀ ਚੇਤੇ ਆਉਂਦੇ ਨੇ ਤੇ ਉਸ ਵੇਲੇ ਵਿਚ ਹੰਢਾਈ ਜ਼ਲਾਲਤ ਵੀ ਕਦੇ ਨਹੀਂ ਭੁੱਲੀ। ਮੇਰੇ ਵਰਗੇ ਅਨੇਕਾਂ ਅਰਦਲੀ ਅਜਿਹੇ ਹਨ, ਜਿਹੜੇ ਅੱਜ ਵੀ ਜ਼ਲਾਲਤ ਭਰੀ ਜ਼ਿੰਦਗੀ ਜਿਉਂ ਰਹੇ ਹਨ। ਘਰ ਦਾ ਉਹ ਕੰਮ ਇਨ੍ਹਾਂ ਅਰਦਲੀਆਂ ਤੋਂ ਕਰਵਾਇਆ ਜਾਂਦਾ ਹੈ, ਜੋ ਸਾਰਾ ਬੁੜ੍ਹੀਆਂ ਘਰਾਂ ਵਿਚ ਕਰਦੀਆਂ ਹਨ। ਗੋਹਾ-ਕੂੜਾ ਕਰਨ ਤੋਂ ਲੈ ਕੇ (ਅਫਸਰਾਂ ਦੇ ਰੱਖੇ ਪਸੂਆਂ ਦੀ ਸੇਵਾ ਸੰਭਾਲ), ਸਾਹਿਬਾਂ ਦੀਆਂ ਚੱਡੀਆਂ ਵੀ ਧੋਣੀਆਂ। ਜੁੱਤੇ ਪਾਲਿਸ਼ ਕਰਨ ਦੀ ਜ਼ਿੰਮੇਵਾਰੀ ਵੀ ਨਿਭਾਉਣੀ। ਰੋਟੀ-ਟੁੱਕ ਕਰਨਾ। ‘ਫਲਾਣਾ ਸਿੰਘ ਬਨਾਮ ਢਮਕਾਣਾ ਸਿੰਘ ਹਾਜ਼ਰ ਹੋ’ ਦਾ ਹੋਕਾ ਦੇਣ ਦੇ ਨਾਲ-ਨਾਲ ਦਫਤਰ ਦੇ ਸਾਰੇ ਕੰਮ ਵੀ ਕਰਨੇ। ਹਫਤੇ ਵਿਚ ਤਾਂ ਸੋਚਣਾ ਦੂਰ ਰਿਹਾ, ਮਹੀਨੇ ਦੋ ਮਹੀਨੇ ਮਗਰੋਂ ਵੀ ਛੁੱਟੀ ਕੋਈ ਨਹੀਂ ਮਿਲਣੀ। ਅਜਿਹੇ ਕੰਮ ਹੁੰਦੇ ਨੇ ਜੱਜ ਦੇ ਅਰਦਲੀ ਦੇ। ਜੇ ਕੋਈ ਅਜਿਹੇ ਕੰਮ ਨਹੀਂ ਕਰਦਾ ਤਾਂ ਨੌਕਰੀ ਤੋਂ ਛੁੱਟੀ। ਕੋਈ ਅਪੀਲ ਨਹੀਂ ਤੇ ਕੋਈ ਦਲੀਲ ਨਹੀਂ।
ਇਨ੍ਹੀਂ ਦਿਨੀਂ ਅਰਦਲੀ ਦੀ ਇਸ ਨੌਕਰੀ ਲਈ ਨੌਜਵਾਨ ਵਹੀਰਾਂ ਘੱਤ-ਘੱਤ ਕੇ ਇੰਟਰਵਿਊ ਦੇਣ ਲਈ ਪੁੱਜੇ ਹਨ। ਇਸ ਵਾਸਤੇ ਵੀ ਯੋਗਤਾ ਸਿਰਫ ਅੱਠਵੀਂ ਪਾਸ ਚਾਹੀਦੀ ਹੈ, ਪਰ ਲੱਗਣ ਲਈ ਗਏ ਹਨ ਬੀ. ਏ. ਤੇ ਐੱਮ. ਏ. ਪਾਸ, ਫਿਰ ਪਲੱਸ ਟੂ ਤੇ ਦਸਵੀਂ ਪਾਸ। ਹੁਣ ਜਿਹੜੀ ਰਿਪੋਰਟ ਸਾਹਮਣੇ ਆਈ ਹੈ, ਉਹ ਪੜ੍ਹ ਕੇ ਸੋਚਦਾ ਹਾਂ ਕਿ ਹੁਣ ਇਹ ਉੱਚ ਡਿਗਰੀਆਂ ਵਾਲੇ ਵੀ ਜ਼ਲਾਲਤ ਭੋਗਣ ਜਾ ਰਹੇ ਹਨ। ਭਾਂਡੇ ਮਾਂਜਣ ਜਾ ਰਹੇ ਹਨ। ਚਾਕਰੀ ਕਰਨ ਜਾ ਰਹੇ ਹਨ। ਸਾਹਿਬਾਂ ਦੀਆਂ ਮੱਝਾਂ ਨੂੰ ਪੱਠੇ ਪਾਉਣਗੇ। ਸਾਹਿਬਾਂ ਦੇ ਨਿਆਣਿਆਂ ਨੂੰ ਕੁੱਛੜ ਚੁੱਕ ਕੇ ਖਿਡਾਉਣਗੇ। ਸਕੂਲਾਂ ‘ਚ ਛੱਡ ਕੇ ਆਉਣਗੇ ਤੇ ਛੁੱਟੀ ਹੋਈ ਤੋਂ ਲੈ ਕੇ ਆਉਣਗੇ। ਫਿਰ ਸੋਚਦਾ ਹਾਂ ਕਿ ਜਦ ਵਿਦੇਸ਼ ਜਾਂਦਾ ਹਾਂ ਤਾਂ ਅੰਨ੍ਹੇਵਾਹ ਪਰਦੇਸ ਜਾ ਢੁੱਕੀ ਪੰਜਾਬ ਦੀ ਜੁਆਨੀ ਵੱਲ ਦੇਖ ਕੇ ਲਗਦਾ ਹੈ ਕਿ ਸਾਰਾ ਪੰਜਾਬ ਹੀ ਜਿਵੇਂ ਖਾਲੀ ਹੋ ਗਿਆ ਹੈ। ਸਾਰੀ ਜੁਆਨੀ ਵਹੀਰਾਂ ਘੱਤ-ਘੱਤ ਆ ਗਈ ਏਧਰ ਤੇ ਹੁਣ ਮਜ਼ਦੂਰੀਆਂ ਕਰ ਰਹੀ ਹੈ। ਸੜਕਾਂ ‘ਤੇ ਰੁਲ ਰਹੀ ਹੈ। ਕੀ ਪੰਜਾਬ ਵਿਚੋਂ ਇਨ੍ਹਾਂ ਲਈ ਉੱਕਾ ਹੀ ਰੁਜ਼ਗਾਰ ਮੁੱਕ ਗਿਆ? ਕੀ ਕਦੇ ਕਿਸੇ ਸਰਕਾਰ ਨੇ ਗੰਭੀਰਤਾ ਨਾਲ ਇਹ ਕਿਉਂ ਨਾ ਸੋਚਿਆ ਕਿ ਪੰਜਾਬ ਦੇ ਵਿਹੜੇ ਖਾਲਮ-ਖਾਲੀ ਝਾਕ ਰਹੇ ਹਨ। ਬਹੁਤ ਸਾਰੇ ਜੱਗੇ ਪਰਦੇਸੀਂ ਤੁਰ ਗਏ ਨੇ, ‘ਵੇ ਜੱਗਿਆ, ਤੁਰ ਪਰਦੇਸ ਗਿਓਂ ਬੂਹਾ ਵੱਜਿਆ।’ ਜਿਹੜੇ ਜੱਗੇ ਬਾਕੀ ਬਚੇ ਨੇ, ਉੱਚ ਡਿਗਰੀਆਂ ਚੁੱਕੀ ਭਟਕਦੇ ਫਿਰਦੇ ਨੇ, ਉਹ ਚਪੜਾਸੀ ਲੱਗਣ ਲਈ ਤਰਲੇ ਕਰ ਰਹੇ ਹਨ-ਭਾਵੇਂ ਕੋਈ ਕੱਚਾ ਹੀ ਰੱਖ ਲਵੇ! ਕੀ ਬਣੂੰ ਪੰਜਾਬ ਦਾ? ਕਿਧਰ ਜਾਏ ਜੁਆਨੀ? ਅਜਿਹੇ ਅਣਮੁੱਕ ਸਵਾਲ ਕਦੇ ਪਿੱਛਾ ਨਹੀਂ ਛੱਡਣ ਵਾਲੇ।