ਸ਼ਹੀਦ-ਏ-ਆਜ਼ਮ ਦੀ ਕਹਾਣੀ ਰਣਬੀਰ ਸਿੰਘ ਦੀ ਜ਼ੁਬਾਨੀ

ਗੁਲਜ਼ਾਰ ਸਿੰਘ ਸੰਧੂ
ਰਣਬੀਰ ਸਿੰਘ (1925-1988) ਸ਼ਹੀਦ ਭਗਤ ਸਿੰਘ ਦਾ ਛੋਟਾ ਭਰਾ ਸੀ। ਉਹ ਭਗਤ ਸਿੰਘ ਦੀ ਸ਼ਹਾਦਤ ਸਮੇਂ ਕੇਵਲ ਪੰਜ ਸਾਲ ਦਾ ਸੀ। ਆਪਣੇ ਭਰਾ ਤੋਂ ਏਨਾ ਪ੍ਰਭਾਵਤ ਸੀ ਕਿ ਉਸ ਨੇ ਭਗਤ ਸਿੰਘ ਦੇ ਜੀਵਨ ਤੇ ਚਰਿੱਤਰ ਬਾਰੇ ਇੱਕੜ-ਦੁੱਕੜ ਕਾਗਜ਼ਾਂ ਉਤੇ ਟਿੱਪਣੀਆਂ ਲਿਖਦਾ ਰਹਿੰਦਾ ਸੀ। ਲੋਕਗੀਤ ਪ੍ਰਕਾਸ਼ਨ ਵਾਲੇ ਹਰੀਸ਼ ਜੈਨ ਨੂੰ ਕਿਸੇ ਬਿੱਧ ਰਣਬੀਰ ਸਿੰਘ ਦੇ ਗ੍ਰੇਟਰ ਨੋਇਡਾ ਨਿਵਾਸੀ ਪੁੱਤਰ ਸੇਵਾ ਮੁਕਤ ਮੇਜਰ ਜਨਰਲ ਸ਼ਿਓਨੋਨ ਸਿੰਘ ਕੋਲੋਂ ਉਰਦੂ ਭਾਸ਼ਾ ਵਿਚ ਲਿਖਿਆ ਪੁਲੰਦਾ ਮਿਲ ਗਿਆ, ਜਿਸ ਨੂੰ ਜੈਨ ਨੇ ਪੰਜਾਬੀ ਵਿਚ ਉਲਥਾ ਕਰਾਉਣ ਪਿਛੋਂ ਲੜੀਬੱਧ ਜੋੜ ਕੇ ਪੁਸਤਕ ਰੂਪ ਦਿੱਤਾ ਹੈ, ਰਣਬੀਰ ਸਿੰਘ ਵਲੋਂ ਹੀ ਦਿੱਤੇ ‘ਸਰਦਾਰ ਭਗਤ ਸਿੰਘ ਦੀ ਜੀਵਨੀ’ ਸਿਰਲੇਖ ਥੱਲੇ। ਉਹ ਆਪਣੇ ਵਡੇਰਿਆਂ ਉੱਤੇ ਆਰੀਆ ਸਮਾਜ ਲਹਿਰ ਦਾ ਪੂਰਾ ਪ੍ਰਭਾਵ ਦਸਦਾ ਹੈ,

ਪਰ ਜਿੱਥੇ ਕਿਧਰੇ ਵੀ ਪਰਿਵਾਰ ਦੇ ਕਿਸੇ ਮੈਂਬਰ ਬਾਰੇ ਲਿਖਦਾ ਹੈ ਤਾਂ ਉਸ ਦੇ ਨਾਂ ਨਾਲ ਸਰਦਾਰ ਜੋੜਨਾ ਨਹੀਂ ਭੁੱਲਦਾ। ਉਂਜ ਉਸ ਦੇ ਮੇਜਰ ਜਨਰਲ ਬੇਟੇ ਦੇ ਲਿਖਣ ਅਨੁਸਾਰ ਉਸ ਨੇ ਆਪਣੇ ਪਰਿਵਾਰ ਦੇ ਵਿਰੋਧ ਦੇ ਬਾਵਜੂਦ ਵਿਧਵਾ ਪੁਨਰ ਵਿਆਹ ਦਾ ਸਮਰਥਨ ਕਰਨ ਲਈ ਜਿਸ ਮਹਿਲਾ ਨਾਲ ਵਿਆਹ ਕਰਵਾਇਆ, ਉਹ ਸਿਰਫ ਵਿਧਵਾ ਹੀ ਨਹੀਂ, ਸਗੋਂ ਦੂਜੀ ਜਾਤ ਦੀ ਸੀ। ਬੇਟੇ ਦੇ ਲਿਖਣ ਅਨੁਸਾਰ 1988 ਵਿਚ ਵੀ ਉਸ ਨੇ ਸ਼੍ਰੀ ਲੰਕਾ ਵਿਚ ਭਾਰਤ ਦੇ ਦਖਲ ਸਮੇਂ ਆਪਣੇ ਮੇਜਰ ਜਨਰਲ ਬੇਟੇ ਦੀ ਇਨਵੈਸਟੀਚਰ ਰਸਮ ਵਿਚ ਸ਼ਿਰਕਤ ਨਹੀਂ ਸੀ ਕੀਤੀ, ਕਿਉਂਕਿ ਉਹ ਅਸੂਲੀ ਤੌਰ ‘ਤੇ ਭਾਰਤ ਦੇ ਦਖਲ ਨੂੰ ਬੇਲੋੜਾ ਤੇ ਬੇਮਾਇਨਾ ਸਮਝਦਾ ਸੀ। ਉਹ ਸ਼੍ਰੀ ਲੰਕਾ ਵਿਚ ਬਹੁਗਿਣਤੀ ਸਿੰਹਾਲੀਆਂ ਵਲੋਂ ਤਾਮਿਲਾਂ ਉੱਤੇ ਢਾਹੇ ਜਾ ਰਹੇ ਜ਼ੁਲਮਾਂ ਦੇ ਵਿਰੁੱਧ ਸੀ ਤੇ ਜਿੱਤ ਦੇ ਜਸ਼ਨ ਨੂੰ ਅਨੈਤਿਕ ਸਮਝਦਾ ਸੀ।
ਪੰਜ ਸਾਲ ਦੀ ਉਮਰੇ ਰਣਬੀਰ ਸਿੰਘ ਦੇ ਕੰਨੀ ਦੋਸ਼ੀਆਂ ਉੱਤੇ ਪੁਲਿਸ ਦਾ ਲਾਠੀਚਾਰਜ, ਇਨਕਲਾਬ ਜ਼ਿੰਦਾਬਾਦ ਦੇ ਨਾਅਰੇ, ਹੱਥਕੜੀਆਂ ਦੇ ਖੜਕਣ ਦੀਆਂ ਅਵਾਜ਼ਾਂ, ਅਦਾਲਤਾਂ ਦਾ ਉੱਠ ਜਾਣਾ ਤੇ ਹੋਰ ਰੌਲਾ-ਰੱਪਾ ਆਮ ਹੀ ਪੈਂਦਾ ਰਿਹਾ ਸੀ। ਉਸ ਦੇ ਅਠਵੀਂ ਜਮਾਤ ਵਿਚ ਪੜ੍ਹਦਿਆਂ 1939 ਵਿਚ ਦੂਜੀ ਵਿਸ਼ਵ ਜੰਗ ਸ਼ੁਰੂ ਹੋਣ ਸਮੇਂ ਉਸ ਦੇ ਵੱਡੇ ਭਰਾ ਕੁਲਬੀਰ ਸਿੰਘ ਮੁਲਤਾਨ (ਪਾਕਿਸਤਾਨ) ਵਿਖੇ ਕਿਸਾਨ ਕਾਨਫਰੰਸ ਦੀ ਪ੍ਰਧਾਨਗੀ ‘ਤੇ ਭਾਸ਼ਣ ਦੇਣ ਦੇ ਦੋਸ਼ ਥੱਲੇ ਢਾਈ ਸਾਲ ਦੀ ਕੈਦ ਕੱਟ ਰਿਹਾ ਸੀ। ਉਸ ਤੋਂ ਛੋਟਾ ਕੁਲਤਾਰ ਸਿੰਘ ਵੀ 1940 ਵਿਚ ਨਜ਼ਰ ਬੰਦ ਕਰ ਦਿੱਤਾ ਗਿਆ ਸੀ। ਉਸ ਦੇ ਐਮ. ਐਲ਼ ਏ. ਪਿਤਾ ਕਿਸ਼ਨ ਸਿੰਘ ਨੂੰ ਅਧਰੰਗ ਹੋ ਚੁਕਾ ਸੀ, ਨਹੀਂ ਤਾਂ ਉਹਦੇ ਨਾਲ ਵੀ ਘਟ ਨਹੀਂ ਸੀ ਗੁਜ਼ਰਨੀ। ਘਰ ਸਾਂਭਣ ਦੀ ਸਾਰੀ ਜ਼ਿੰਮੇਵਾਰੀ ਰਣਬੀਰ ਉੱਤੇ ਸੀ, ਪਰ ਉਹਦੇ ਪੰਜਵੀਂ ਜਮਾਤ ਵਿਚ ਪੜ੍ਹਨ ਸਮੇਂ ਤੋਂ ਹੀ ਉਸ ਦਾ ਨਾਂ ਵੀ ਸੀ. ਆਈ. ਡੀ. ਰਜਿਸਟਰ ਵਿਚ ਡਬਲ ਸਟਾਰ ਵਾਲਾ ਸ਼ੱਕੀ ਹੋਣ ਵਜੋਂ ਦਰਜ ਸੀ। ਇਥੋਂ ਤੱਕ ਕਿ 1943 ਵਿਚ ਬ੍ਰੈਡਲਾ ਹਾਲ ਵਾਲੇ ਕਾਂਗਰਸ ਦੇ ਦਫਤਰ ਤੋਂ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ। ਹਰੀਸ਼ ਜੈਨ ਨੂੰ ਮਿਲੇ ਪੁਲੰਦੇ ਵਿਚ ਕੁਝ ਕਾਗਜ਼ਾਂ ਦੀਆਂ ਕਈ ਚਿੱਪਰਾਂ ਅਜਿਹੀਆਂ ਵੀ ਮਿਲੀਆਂ, ਜਿਨ੍ਹਾਂ ਉੱਤੇ ਇੱਕ ਜਾਂ ਦੋ ਲਾਈਨਾਂ ਦੀ ਲਿਖਿਆਂ ਹੋਈਆਂ ਸਨ। ਜਿਵੇਂ-ਕਾਲੂ ਸ਼ਾਹ ਦੀ ਦੁਕਾਨ ਉੱਤੇ ਦੁੱਧ ਵਿਚ ਪਿਸਤੌਲ ਸੁੱਟ ਦਿੱਤਾ; ਮੁਜ਼ੱਫਰ ਅਹਿਮਦ ਨੇ ਬੰਗਾਲੀ ਵਿਚ ਲਿਖੇ ਲੇਖ ਵਿਚ ਉਸ ਨੇ ਭਗਤ ਸਿੰਘ ਨਾਲ ਆਪਣੇ ਮੁਖਤਸਰ ਸਬੰਧ ਲਿਖੇ ਹਨ; ਭਾਨੂੰ ਦੱਤ ਰਾਤ ਨੂੰ ਹੀਰਾ ਮੰਡੀ ਜਾ ਕੇ ਬੰਸਰੀ ਵਜਾਉਂਦਾ ਹੈ ਤੇ ਪੈਸਾ ਲਿਆ ਕੇ ਪਾਰਟੀ ਨੂੰ ਦੇ ਦਿੰਦਾ; ਦਾਸ ਨੇ ਕਿਹਾ ਮੇਰੀ ਅਰਥੀ ‘ਰਾਮ ਨਾਮ ਸੱਤ’ ਕਹਿ ਕੇ ਨਹੀਂ ਇਨਕਲਾਬ ਜ਼ਿੰਦਾਬਾਦ ਕਹਿ ਕੇ ਲਿਜਾਈ ਜਾਵੇ ਆਦਿ ਏਸ ਪੁਲੰਦੇ ਵਿਚ ਕਈ ਅਧੂਰੇ ਵਰਕੇ ਗਦਰ ਲਹਿਰ ਬਾਰੇ ਵੀ ਹਨ, ਜਿਨ੍ਹਾਂ ਵਿਚ ਵੁੱਡ ਸਟਰੀਟ, ਸੈਨ ਫਰਾਂਸਿਸਕੋ ਦੇ ਛਾਪਾ ਖਾਨੇ, ਲਾਲਾ ਹਰਦਿਆਲ, ਸ਼੍ਰੀ ਰਾਮ ਚੰਦਰ ਪਿਸ਼ੌਰੀ, ਰੂਸੀ ਤੇ ਅਮਰੀਕੀ ਅਨਾਰਕਿਸਟਾਂ ਤੇ ਕਮੀਊਨਿਸਟਾਂ ਦੇ ਆਪਸੀ ਸਬੰਧਾਂ, ਭਾਈ ਭਗਵਾਨ ਸਿੰਘ ਤੇ ਮੌਲਵੀ ਬਰਕਤੁੱਲਾ ਦੇ ਜਪਾਨ ਤੇ ਅਮਰੀਕਾ ਚਲੇ ਜਾਣ ਤੇ ਹਿੰਦੀ ਐਸੋਸੀਏਸ਼ਨ ਵਲੋਂ 1913 ਵਿਚ ਸੈਕਰਾਮੈਂਟੋ ਵਿਖੇ ਕੀਤੇ ਜਲਸੇ ਤੋਂ ਬਿਨਾ ਸ਼੍ਰੀ ਚੰਦਰ ਸ਼ੇਖਰ ਆਜ਼ਾਦ ਦੀਆਂ ਗਤੀਵਿਧੀਆਂ ਦਾ ਵਿਸਥਾਰਤ ਜ਼ਿਕਰ ਹੈ। ਹੇਠ ਲਿਖੇ ਸ਼ਿਅਰ ਸਮੇਤ,
ਕਲੇਜੇ ਸੇ ਲਗੀ ਗੋਲੀ ਤੋ ਹੋਠੋਂ ਪਰ ਹੰਸੀ ਆਈ
ਬਹਾਰੋਂ ਨੇ ਚਮਨ ਮੇਂ ਬੈਠ ਕਰ ਜੋ ਲੀ ਹੋ ਅੰਗੜਾਈ
ਯਹ ਕਿਸ ਅੰਦਾਜ਼ ਸੇ ਚੂਮਾ ਹੈ ਤੁਮ ਨੇ ਮੌਤ ਕਾ ਦਾਮਨ
ਕਿ ਜਿਸ ਕੋ ਦੇਖ ਕਰ ਜ਼ਿੰਦਗੀ ਕੋ ਸ਼ਰਮ ਆਈ।
ਸੰਨ ਸੰਤਾਲੀ ਤੱਕ ਭਗਤ ਸਿੰਘ ਦਾ ਇਹ ਛੋਟਾ ਭਰਾ ਜੇਲ੍ਹਾਂ ਕਟਦਾ ਤੇ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਂਦਾ 22 ਵਰ੍ਹੇ ਦੀ ਉਮਰ ਤੱਕ ਵੱਡੇ ਭਰਾ ਦੇ ਆਦਰਸ਼ਾਂ ਨੂੰ ਪੱਲੇ ਬੰਨ੍ਹ ਕੇ ਰਮਦਾ ਰਿਹਾ ਭਾਵੇਂ ਉਸ ਨੂੰ ਅੰਗਰੇਜ਼ੀ ਹਾਕਮਾਂ ਨੇ ਭਗੌੜਾ ਕਰਾਰ ਦੇ ਕੇ, ਇੱਕ ਪੜਾਅ ਉੱਤੇ, ਉਸ ਦੇ ਸਿਰ ਉੱਤੇ ਵੀਹ ਹਜ਼ਾਰ ਦਾ ਇਨਾਮ ਵੀ ਰੱਖਿਆ। ਚੇਤੇ ਰਹੇ, ਉਸ ਸਮੇਂ ਦੇ ਵੀਹ ਹਜ਼ਾਰ ਰੁਪਏ ਅਜੋਕੇ ਲੱਖਾਂ-ਕਰੋੜਾਂ ਵਰਗੇ ਸਨ।
ਲੋਕਗੀਤ ਪ੍ਰਕਾਸ਼ਨ ਤੋਂ ਛਪੀ ਇਸ ਪੁਸਤਕ ਵਿਚ ਹੋਰ ਵੀ ਬਹੁਤ ਕੁਝ ਹੈ। ਪੜ੍ਹੋ ਤੇ ਜਾਣੋ!
ਭਾਈ ਮੰਨਾ ਸਿੰਘ ਬਨਾਮ ਗੁਰਸ਼ਰਨ ਭਾਅ ਜੀ: ਪ੍ਰਸਿੱਧ ਨਾਟਕਕਾਰ ਸਵਰਗੀ ਗੁਰਸ਼ਰਨ ਸਿੰਘ ਨੂੰ ਉਪਰੋਕਤ ਦੋ ਨਾਂਵਾਂ ਨਾਲ ਵਧੇਰੇ ਜਾਣਿਆ ਜਾਂਦਾ ਹੈ। ਉਸ ਦੇ ਪਿੱਛੇ ਪਤਨੀ ਕੈਲਾਸ਼ ਕੌਰ ਤੇ ਦੋ ਧੀਆਂ ਨਵਸ਼ਰਨ ਤੇ ਅਰੀਤ ਹਨ। ਧੀਆਂ ਆਪੋ ਆਪਣੇ ਘਰ ਕ੍ਰਮਵਾਰ ਨਵੀਂ ਦਿੱਲੀ ਤੇ ਮਹਿਰੋਲੀ ਰਹਿੰਦੀਆਂ ਹਨ ਅਤੇ ਪਤਨੀ ਕਦੀ ਪਹਿਲੀ ਕੋਲ ਹੁੰਦੀ ਹੈ ਤੇ ਕਦੀ ਦੂਜੀ ਕੋਲ। ਪਰਿਵਾਰ ਨੇ ਗੁਰਸ਼ਰਨ ਸਿੰਘ ਦੀਆਂ ਮੁਹਿਮਾਂ ਤੇ ਪ੍ਰਾਪਤੀਆਂ ਨੂੰ ਮੁੱਖ ਰੱਖਦਿਆਂ ਉਹਦੇ ਚੰਡੀਗੜ੍ਹ, ਸੈਕਟਰ-43 ਵਾਲੇ ਘਰ ਨੂੰ ਆਰਟ ਗੈਲਰੀ ਦਾ ਰੂਪ ਦੇ ਰੱਖਿਆ ਹੈ। ਉਨ੍ਹਾਂ ਇਸ ਦੀ ਸਾਂਭ ਸੰਭਾਲ ਤੇ ਦੇਖ-ਰੇਖ ਦੀ ਜ਼ਿੰਮੇਵਾਰੀ ਪੰਜਾਬੀ ਰੰਗ-ਮੰਚ ਦੇ ਜਾਣੇ ਪਛਾਣੇ ਹਸਤਾਖਰਾਂ ਸ਼ਬਦੀਸ਼ ਤੇ ਅਨੀਤਾ ਸ਼ਬਦੀਸ਼ ਨੂੰ ਦੇ ਰੱਖੀ ਹੈ, ਜਿੱਥੇ ਗਾਹੇ ਬਗਾਹੇ ਗੁਰਸ਼ਰਨ ਸਿੰਘ ਦੇ ਮੱਦਾਹ, ਮਿੱਤਰ ਤੇ ਮੇਲੀ ਚੱਕਰ ਲਾਉਂਦੇ ਰਹਿੰਦੇ ਹਨ। ਸ਼ਬਦੀਸ਼ ਜੋੜੀ ਆਉਣ-ਜਾਣ ਵਾਲਿਆਂ ਦਾ ਸਵਾਗਤ ਵੀ ਤੇ ਆਓ ਭਗਤ ਵੀ ਕਰਦੀ ਹੈ। ਪਿਆਰ ਤੇ ਪ੍ਰਸੰਨਤਾ ਨਾਲ ਮੈਨੂੰ ਪਿਛਲੇ ਦਿਨਾਂ ਵਿਚ ਉਸ ਦੇ ਅਕਾਲ ਚਲਾਣੇ ਵਾਲੇ ਦਿਨ ਉਹਦੇ ਬਾਰੇ ਪ੍ਰਿੰਟ ਮੀਡੀਆ ਵਿਚ ਉਸ ਦੇ ਅਨਿੰਨ ਭਗਤ ਕੇਵਲ ਧਾਲੀਵਾਲ ਦਾ ਅਰਥ ਭਰਪੂਰ ਲੇਖ ਵੀ ਪੜ੍ਹਨ ਨੂੰ ਮਿਲਿਆ ਤੇ ਮੈਂ ਚੰਡੀਗੜ੍ਹ ਵਾਲੀ ਆਰਟ ਗੈਲਰੀ ਵੀ ਵੇਖੀ। ਬਹੁਤ ਚੰਗਾ ਲੱਗਿਆ-ਇਹ ਸੋਚ ਕੇ ਹੋਰ ਵੀ ਕਿ ਹੁਣ ਪੰਜਾਬ ਦੇ ਵਸਨੀਕ ਵੀ ਆਪਣੇ ਨਾਇਕਾਂ ਨੂੰ ਬਾਹਰਲੇ ਦੇਸ਼ਾਂ ਦੇ ਲੋਕਾਂ ਵਾਂਗ ਆਪਣੇ ਚੇਤਿਆਂ ਵਿਚ ਵਸਾਉਣ ਲੱਗ ਪਏ ਹਨ। ਬਹੁਤ ਖੂਬ!
ਅੰਤਿਕਾ: ਡਾ. ਰਵਿੰਦਰ ਦੀ ‘ਚਿਹਰਾ ਚਿਹਰਾ ਮੈਂ’ ਵਿਚੋਂ
ਕਿਰਤ ਕੀਤੀ ਜਦੋਂ ਕਰਤਾਰ ਨੇ ਕਰਤਾਰਪੁਰ ਆ ਕੇ
ਹਨੇਰਾ ਚੀਰਿਆ ਸੂਰਜ ਨੇ ਫਿਰ ਅਸਮਾਨ ‘ਤੇ ਛਾ ਕੇ
ਕੋਈ ਤਲਵਾਰ ਨਾ ਖੰਜਰ, ਨਾ ਕੋਈ ਦੂਸਰਾ ਹਥਿਆਰ
ਉਹਨੇ ਸੋਧੀ ਲੋਕਾਈ ਸ਼ਬਦ ਦਾ ਨਸ਼ਤਰ ਚਲਾ ਕੇ
ਉਹਦੇ ਮੱਥੇ ‘ਚ ਸਗਲੀ ਸ੍ਰਿਸ਼ਟ ਸੀ, ਪੈਰਾਂ ‘ਚ ਉਚਾ ਸੀ
ਉਸ ਆਲਮ ਫਤਿਹ ਕੀਤਾ, ਗੋਸ਼ਠੀ ਸੰਵਾਦ ਰਚਾ ਕੇ।