ਸਾਕਾ ਨੀਲਾ ਤਾਰਾ ਯਾਦਗਾਰ ਬਾਰੇ ਫੈਸਲਾ ਰਾਖਵਾਂ ਰੱਖਿਆ

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਸਾਕਾ ਨੀਲਾ ਤਾਰਾ ਯਾਦਗਾਰ ਵਿਵਾਦ ਨੂੰ ਵਿਚਾਰਨ ਮਗਰੋਂ ਇਸ ਬਾਰੇ ਫੈਸਲਾ ਰਾਖਵਾਂ ਰੱਖ ਲਿਆ ਗਿਆ ਜਦੋਂਕਿ ਦਿੱਲੀ ਵਿਖੇ ਸਿੱਖ ਕਤਲੇਆਮ ਦੀ ਯਾਦਗਾਰ ਦੇ ਮਾਮਲੇ ਵਿਚ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਵੱਲੋਂ ਹਾਜ਼ਰ ਹੋ ਕੇ ਆਪਣਾ ਪੱਖ ਸਪੱਸ਼ਟ ਕਰਨ ਤੋਂ ਪ੍ਰਗਟਾਈ ਅਸਮਰਥਾ ਦੇ ਆਧਾਰ ‘ਤੇ ਇਸ ਮਾਮਲੇ ਦੀ ਸੁਣਵਾਈ ਅਗਲੀ ਮੀਟਿੰਗ ਤਕ ਮੁਲਤਵੀ ਕਰ ਦਿੱਤੀ ਗਈ ਹੈ। ਇਸ ਦੌਰਾਨ ਪੰਜ ਸਿੰਘ ਸਾਹਿਬਾਨ ਨੇ ਲੋਕਾਂ ਵੱਲੋਂ ਆਪਣੇ ਸਰੀਰਕ ਅੰਗਾਂ ‘ਤੇ ਸਿੱਖ ਧਾਰਮਿਕ ਚਿੰਨ੍ਹ ਤੇ ਗੁਰਬਾਣੀ ਦੀਆਂ ਤੁੱਕਾਂ ਉਕਰਵਾਉਣ ਵਾਲਿਆਂ ਨੂੰ ਸੁਚੇਤ ਕਰਦਿਆਂ ਆਖਿਆ ਕਿ ਭਵਿੱਖ ਵਿੱਚ ਅਜਿਹਾ ਕਰਨ ਵਾਲੇ ਖਾਸ ਕਰਕੇ ਸਿੱਖ ਵਿਅਕਤੀਆਂ ਖਿਲਾਫ ਧਾਰਾ 295-ਏ ਤਹਿਤ ਕਾਨੂੰਨੀ ਕਾਰਵਾਈ ਹੋਵੇਗੀ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਮੀਟਿੰਗ ਵਿਚ ਜਥੇਦਾਰ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਤਰਲੋਚਨ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਦੇ ਮੀਤ ਜਥੇਦਾਰ ਗਿਆਨੀ ਜੋਤ ਇੰਦਰ ਸਿੰਘ ਸ਼ਾਮਲ ਹੋਏ।
ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਦਿੱਲੀ ਸਥਿਤ ਗੁਰਦੁਆਰਾ ਰਕਾਬਗੰਜ ਨੇੜੇ ਬਣਾਈ ਜਾ ਰਹੀ ਸਿੱਖ ਕਤਲੇਆਮ ਦੀ ਯਾਦਗਾਰ ਦੇ ਵਿਰੋਧ ਬਾਰੇ ਸਪੱਸ਼ਟੀਕਰਨ ਦੇਣ ਲਈ ਸ਼ ਪਰਮਜੀਤ ਸਿੰਘ ਸਰਨਾ ਨੂੰ ਸੱਦਿਆ ਗਿਆ ਸੀ ਜਿਨ੍ਹਾਂ ਨੇ ਪੱਤਰ ਭੇਜ ਕੇ ਅਸਮਰਥਾ ਪ੍ਰਗਟਾਈ ਹੈ ਕਿ ਉਹ ਆਪਣੇ ਪਰਿਵਾਰਕ ਤੇ ਵਪਾਰਕ ਰੁਝੇਵਿਆਂ ਕਾਰਨ ਹਾਜ਼ਰ ਨਹੀਂ ਹੋ ਸਕਣਗੇ। ਉਨ੍ਹਾਂ ਸਪੱਸ਼ਟੀਕਰਨ ਦੇਣ ਲਈ ਸਮੇਂ ਦੀ ਮੰਗ ਕੀਤੀ ਹੈ। ਸ਼ ਸਰਨਾ ਨੇ ਦੱਸਿਆ ਕਿ ਇਨ੍ਹਾਂ ਸੱਤ ਦਿਨਾਂ ਵਿਚ ਦਿੱਲੀ ਤੋਂ ਬਾਹਰ ਹਨ ਤੇ ਇਸ ਲਈ ਇਕ ਜੁਲਾਈ ਤੋਂ 15 ਜੁਲਾਈ ਤਕ ਕਿਸੇ ਵੀ ਸਮੇਂ ਉਹ ਸਪੱਸ਼ਟੀਕਰਨ ਦੇਣ ਲਈ ਹਾਜ਼ਰ ਹੋ ਸਕਦੇ ਹਨ।
ਸ਼ ਸਰਨਾ ਦੀ ਇਸ ਅਪੀਲ ਨੂੰ ਸਵੀਕਾਰ ਕਰਦਿਆਂ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿਚ ਵਿਚਾਰਨ ਦਾ ਫੈਸਲਾ ਕੀਤਾ ਗਿਆ ਹੈ। ਅਗਲੀ ਮੀਟਿੰਗ ਲਈ ਅਜੇ ਤਾਰੀਕ ਤੈਅ ਨਹੀਂ ਕੀਤੀ ਗਈ। ਇਸ ਬਾਰੇ ਫੈਸਲਾ ਬਾਅਦ ਵਿਚ ਕੀਤਾ ਜਾਵੇਗਾ। ਸਾਕਾ ਨੀਲਾ ਤਾਰਾ ਸ਼ਹੀਦੀ ਯਾਦਗਾਰ ਵਿਵਾਦ ਮਾਮਲੇ ਬਾਰੇ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਬਾਰੇ ਫੈਸਲਾ ਫਿਲਹਾਲ ਰਾਖਵਾਂ ਰੱਖਿਆ ਗਿਆ ਹੈ। ਇਸ ਤਰ੍ਹਾਂ ਇਸ ਮਾਮਲੇ ਨੂੰ ਹੁਣ ਲਟਕਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਯਾਦਗਾਰ ਦੀ ਉਸਾਰੀ ਕਰਾਉਣ ਵਾਲੀ ਜਥੇਬੰਦੀ ਦਮਦਮੀ ਟਕਸਾਲ ਨੇ ਯਾਦਗਾਰ ਦਾ ਨਾਂ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਦੇ ਨਾਂ ‘ਤੇ ਰੱਖਿਆ ਸੀ ਤੇ ਇਸ ਸਬੰਧੀ ਇਤਿਹਾਸ ਬੋਰਡ ਸ੍ਰੀ ਹਰਿਮੰਦਰ ਸਾਹਿਬ ਦੀ ਪ੍ਰਕਰਮਾ ਵਿਚ ਲਾਏ ਸਨ ਜਿਸ ਦਾ ਸ਼੍ਰੋਮਣੀ ਕਮੇਟੀ ਨੇ ਸਖ਼ਤ ਵਿਰੋਧ ਕੀਤਾ ਸੀ। ਇਸ ਮਾਮਲੇ ਨੂੰ ਲੈ ਕੇ ਦੋਵੇਂ ਸਿੱਖ ਜਥੇਬੰਦੀਆਂ ਆਹਮੋ ਸਾਹਮਣੇ ਹਨ।
ਇਕੱਤਰਤਾ ਵਿਚ ਪੰਜਾਬੀ ਫਿਲਮਾਂ ਦੀ ਅਭਿਨੇਤਰੀ ਨੀਰੂ ਬਾਜਵਾ ਵੱਲੋਂ ਭੇਜੇ ਮੁਆਫੀਨਾਮੇ ‘ਤੇ ਵਿਚਾਰ ਕਰਦਿਆਂ ਇਸ ਨੂੰ ਸਵੀਕਾਰ ਕੀਤਾ ਗਿਆ ਹੈ। ਇਕੱਤਰਤਾ ਵਿਚ ਨਿਰਣਾ ਕੀਤਾ ਗਿਆ ਹੈ ਕਿ ਭਵਿੱਖ ਵਿਚ ਗੁਰਬਾਣੀ ਦੀ ਬੇਅਦਬੀ ਕਰਨ ਤੇ ਆਪਣੇ ਸਰੀਰ ‘ਤੇ ਗੁਰਬਾਣੀ ਜਾਂ ਧਾਰਮਿਕ ਚਿੰਨ੍ਹ ਟੈਟੂਆਂ ਦੇ ਰੂਪ ਵਿਚ ਉਕਰਵਾਉਣ ਵਾਲਿਆਂ ਨੂੰ ਸਿਰਫ ਮੁਆਫੀਨਾਮੇ ਨਾਲ ਛੁਟਕਾਰਾ ਨਹੀਂ ਮਿਲੇਗਾ। ਉਨ੍ਹਾਂ ਖਿਲਾਫ ਧਾਰਾ 295 ਏ ਤਹਿਤ ਕੇਸ ਦਰਜ ਕਰਾਇਆ ਜਾਵੇਗਾ।

Be the first to comment

Leave a Reply

Your email address will not be published.