‘ਪੰਜਾਬ ਟਾਈਮਜ਼’ ਦੀ ਹਰ ਹਫਤੇ ਨਿਵੇਕਲੀ ਦਸਤਕ

ਸੰਪਾਦਕ ਸਾਹਿਬ,
‘ਪੰਜਾਬ ਟਾਈਮਜ਼’ ਦਾ ਹਰੇਕ ਅੰਕ ਵੱਖ ਵੱਖ ਖੇਤਰਾਂ ਨਾਲ ਜੁੜਦੀ ਵੰਨ-ਸੁਵੰਨੀ, ਦਿਲਚਸਪ, ਗਿਆਨ ਭਰਪੂਰ ਤੇ ਨਿਵੇਕਲੀ ਸਮੱਗਰੀ ਲੈ ਕੇ ਪਾਠਕਾਂ ਦੇ ਮਨਾਂ ‘ਤੇ ਦਸਤਕ ਦਿੰਦਾ ਹੈ। ਨਿਯਮਿਤ ਤੌਰ ‘ਤੇ ਲਿਖ ਰਹੇ ਲੇਖਕ ਪਰਚੇ ਦੇ ਦਿਲਕਸ਼ ਮੁਹਾਂਦਰੇ ਨੂੰ ਨਿਆਰੀ ਤੇ ਮਿਆਰੀ ਦਿੱਖ ਪ੍ਰਦਾਨ ਕਰਨ ਵਿਚ ਅਹਿਮ ਭੂਮਿਕਾ ਅਦਾ ਕਰਦੇ ਹਨ। ਸਾਹਿਤਕ, ਸੱਭਿਆਚਾਰਕ, ਕਲਾ, ਸਮਾਜਕ-ਆਰਥਕ, ਇਤਿਹਾਸਕ, ਰਾਜਨੀਤਕ ਮਸਲਿਆਂ, ਖੇਡਾਂ, ਨੈਤਿਕਤਾ ਤੇ ਕਈ ਹੋਰ ਸਰੋਕਾਰਾਂ ਨਾਲ ਸਬੰਧਿਤ ਸਮੱਗਰੀ ਪਰਚੇ ਦੇ ਸਾਹਿਤਕ ਮੁੱਲ ਨੂੰ ਵਧਾਉਣ ਤੇ ਪੰਜਾਬੀ ਪੱਤਰਕਾਰੀ ਦੀਆਂ ਹੱਦਾਂ ਨੂੰ ਵਿਸਥਾਰ ਦੇਣ ਵਿਚ ਸਹਾਈ ਹੁੰਦਾ ਹੈ।

26 ਸਤੰਬਰ 2020 ਦੇ ਅੰਕ ਵਿਚ ਡਾ. ਗੁਰਬਖਸ਼ ਸਿੰਘ ਭੰਡਾਲ ਦਾ ਲੇਖ ‘ਪਿਆਰ ਦਾ ਪੈਗਾਮ’ ਪਿਆਰ ਨੂੰ ਕਈ ਕੋਣਾਂ ਤੋਂ ਵਿਚਾਰਦਾ ਹੈ। ਜਦੋਂ ਗੁਰਬਖਸ਼ ਸਿੰਘ ਪ੍ਰੀਤਲੜੀ ਲਿਖਦਾ ਰਿਹਾ ਹੈ ਤਾਂ ਅਜੋਕੀ ਪੰਜਾਬੀ ਵਾਰਤਕ ਵਿਚ ਉਹ ਆਦਰਸ਼ਵਾਦੀ ਪਿਆਰ ਅਤੇ ‘ਪਿਆਰ ਕਬਜ਼ਾ ਨਹੀਂ, ਪਛਾਣ ਹੈ’ ਦੇ ਸੰਕਲਪ ‘ਤੇ ਖੁੱਲ੍ਹ ਕੇ ਵਿਚਾਰ ਪ੍ਰਗਟਾਉਂਦਾ ਹੈ। ਪਿਆਰ ਜਿਹੇ ਸ਼੍ਰੋਮਣੀ ਤੇ ਪਵਿੱਤਰ ਜਜ਼ਬੇ ਨੂੰ ਇਕ ਚੌਖਟੇ ਵਿਚ ਫਿੱਟ ਕਰਕੇ ਹੀ ਲਿਖਿਆ ਜਾਂਦਾ ਰਿਹਾ ਹੈ। ਹੌਲੀ ਹੌਲੀ ਪਿਆਰ ਬਾਰੇ ਖੁੱਲ੍ਹ ਕੇ ਲਿਖਿਆ ਜਾਣ ਲੱਗਿਆ। ਡਾ. ਭੰਡਾਲ ਪਿਆਰ ਦੇ ਉਚੇ-ਸੁੱਚੇ ਜਜ਼ਬੇ ਬਾਰੇ, ਇਸ ਦੇ ਮਹੱਤਵ ਬਾਰੇ, ਇਸ ਦੀਆਂ ਹੱਦਾਂ ਤੇ ਸੰਭਾਵਨਾਵਾਂ ਬਾਰੇ, ਇਸ ਦੇ ਕਈ ਸਬੰਧਾਂ/ਰਿਸ਼ਤਿਆਂ ਨਾਲ ਜੁੜੇ ਹੋਣ ਬਾਰੇ, ਇਸ ਵਿਚਲੇ ਆਪਣੇਪਨ ਬਾਰੇ, ਇਸ ਦੀ ਗਹਿਰਾਈ ਬਾਰੇ, ਇਸ ਅੰਦਰਲੇ ਅਹਿਸਾਸ ਤੇ ਉਸ ਅਹਿਸਾਸ ਦੀ ਸ਼ਿੱਦਤ/ਸਮਰੱਥਾ, ਅਸਰ ਆਦਿ ਬਾਰੇ ਤੇ ਪਿਆਰ ਨਾਲ ਜੁੜਦੇ ਅਨੇਕ ਹੋਰ ਕਈ ਪਹਿਲੂਆਂ ਬਾਰੇ ਲੇਖਕ ਆਪਣੇ ਨਿਵੇਕਲੇ ਅੰਦਾਜ਼ ਵਿਚ ਵਿਸਤ੍ਰਿਤ ਜਾਣਕਾਰੀ ਦਿੰਦਾ ਜਾਂਦਾ ਹੈ। ਲੇਖਕ ਵਧਾਈ ਦਾ ਹੱਕਦਾਰ ਹੈ।
ਸਮਕਾਲ ਦੇ ਮਸਲਿਆਂ ‘ਤੇ ਲਿਖੇ ਜਾਂਦੇ ਉਤੇਜਿਤ ਕਰਨ ਵਾਲੇ, ਪ੍ਰੇਰਿਤ ਕਰਨ ਵਾਲੇ ਤੇ ਦਿਸ਼ਾ ਸੁਝਾਉਣ ਵਾਲੇ ਸੰਪਾਦਕੀ ਪ੍ਰਭਾਵਿਤ ਕਰਦੇ ਹਨ। ਗੁਲਜ਼ਾਰ ਸਿੰਘ ਸੰਧੂ, ਪ੍ਰਿੰ. ਸਰਵਣ ਸਿੰਘ, ਜਤਿੰਦਰ ਪਨੂੰ, ਡਾ. ਹਰਪਾਲ ਸਿੰਘ ਪੰਨੂ ਵਿਸ਼ੇਸ਼ੱਗਤਾ ਪ੍ਰਾਪਤ ਲੇਖਕ ਹਨ। ਸਭ ਪਰਚੇ ਦੀ ਸ਼ਾਨ ਬਣਦੇ ਹਨ। ਡਾ. ਗੁਰਨਾਮ ਕੌਰ ਕੈਨੇਡਾ ਅਤੇ ਡਾ. ਗੋਬਿੰਦਰ ਸਿੰਘ ਸਮਰਾਓ ਧਰਮ ਨਾਲ ਸਬੰਧਿਤ ਬੜੇ ਅਹਿਮ ਤੇ ਸਿੱਖਿਆਦਾਇਕ ਵਿਸ਼ਿਆਂ ‘ਤੇ ਆਪਣੇ ਵਿਚਾਰ ਪ੍ਰਗਟਾਉਂਦੇ ਹਨ। ਡਾ. ਸੁਰਿੰਦਰ ਗਿੱਲ ਨੇ ਬਦਲਦੇ ਪਿੰਡ ਸਭਿਆਚਾਰ ਬਾਰੇ ਵਿਹਾਰਕ ਗੱਲਾਂ ਕੀਤੀਆਂ ਹਨ। ਵਿਜੇਦਾਨ ਦੇਥਾ ਦੀਆਂ ਲੋਕ ਰੰਗ ਵਿਚ ਰੰਗੀਆਂ ਰਾਜਸਥਾਨੀ ਲੋਕ ਕਹਾਣੀਆਂ (ਅਨੁਵਾਦ: ਡਾ. ਹਰਪਾਲ ਸਿੰਘ ਪੰਨੂ) ਬਹੁਤ ਦਿਲਚਸਪ ਹਨ। ‘ਪੰਜਾਬ ਟਾਈਮਜ਼’ ਪਾਠਕਾਂ ਦੀ ਹਰਮਨਪਿਆਰਤਾ ਦੇ ਨਵੇਂ ਦਿਸਹੱਦੇ ਛੂੰਹਦਾ ਰਹੇ! ਸ਼ੁਭ ਇੱਛਾਵਾਂ!
-ਡਾ. ਪ੍ਰਿਤਪਾਲ ਸਿੰਘ ਮਹਿਰੋਕ,
ਹੁਸ਼ਿਆਰਪੁਰ।
ਫੋਨ: 91-98885-10185