-ਜਤਿੰਦਰ ਪਨੂੰ
ਭਾਰਤ ਵਿਚ ਇੱਕ ਵਾਰੀ ਫਿਰ ਤੀਸਰਾ ਰਾਜਸੀ ਮੋਰਚਾ ਬਣਾਉਣ ਦੇ ਗੈਰ-ਗੰਭੀਰ ਯਤਨ ਸ਼ੁਰੂ ਹੋ ਚੁੱਕੇ ਹਨ, ਪਰ ਇਸ ਦੇ ਭਵਿੱਖ ਬਾਰੇ ਕਿਸੇ ਨੂੰ ਕੋਈ ਪਤਾ ਨਹੀਂ। ਮਮਤਾ ਬੈਨਰਜੀ ਵਰਗੇ ਜਿਹੜੇ ਲੋਕ ਅੱਗੇ ਕਿਸੇ ਵੀ ਤੀਸਰੇ ਮੋਰਚੇ ਦੀ ਗੱਲ ਦਾ ਮਜ਼ਾਕ ਉਡਾਉਂਦੇ ਰਹੇ ਹਨ, ਹੁਣ ਕਹਿ ਰਹੇ ਹਨ ਕਿ ਫੈਡਰਲ ਫਰੰਟ ਦੇ ਨਾਂ ਹੇਠ ਇੱਕ ਨਵਾਂ ਮੋਰਚਾ ਬਣਾਇਆ ਜਾਣਾ ਚਾਹੀਦਾ ਹੈ। ਏਦਾਂ ਦਾ ਤੀਸਰਾ ਮੋਰਚਾ ਬਣੇ ਜਾਂ ਕੋਈ ਹੋਰ ਬਣਦਾ ਰਹੇ, ਦੋ ਮੋਰਚੇ ਇਸ ਵੇਲੇ ਮੌਜੂਦ ਹਨ। ਇੱਕ ਕਾਂਗਰਸ ਪਾਰਟੀ ਦੀ ਅਗਵਾਈ ਵਾਲਾ ਸਾਂਝਾ ਪ੍ਰਗਤੀਸ਼ੀਲ ਗੱਠਜੋੜ (ਯੂ ਪੀ ਏ) ਅਤੇ ਦੂਸਰਾ ਭਾਰਤੀ ਜਨਤਾ ਪਾਰਟੀ ਦੀ ਅਗਵਾਈ ਹੇਠਲਾ ਕੌਮੀ ਜਮਹੂਰੀ ਗੱਠਜੋੜ (ਐਨ ਡੀ ਏ) ਹੈ। ਦੋਵਾਂ ਵਿਚ ਕਈ ਵਾਰ ਭੰਨ-ਤੋੜ ਹੋ ਚੁੱਕੀ ਹੈ। ਬਾਕੀ ਸਭਨਾਂ ਲੋਕਾਂ ਨੂੰ ਛੱਡ ਦੇਈਏ ਤਾਂ ਮਮਤਾ ਬੈਨਰਜੀ ਹੀ ਕਦੀ ਕਾਂਗਰਸ ਦੀ ਆਗੂ ਰਹੀ, ਕਦੀ ਵਾਜਪਾਈ ਸਰਕਾਰ ਵਿਚ ਮੰਤਰੀ ਤੇ ਕਦੀ ਇਸ ਭਾਜਪਾ ਮੋਰਚੇ ਦੀ ਸਰਕਾਰ ਦੇ ਹੁੰਦਿਆਂ ਕਾਂਗਰਸ ਨਾਲ ਜੁੜ ਕੇ ਪੱਛਮੀ ਬੰਗਾਲ ਦੀਆਂ ਚੋਣਾਂ ਜਾ ਲੜੀ ਸੀ। ਰਾਜਨੀਤੀ ਦਾ ਇਹ ਪੱਖ ਭਾਰਤ ਵਿਚ ਹਮੇਸ਼ਾ ਤੋਂ ਦਿਲਚਸਪ ਰਿਹਾ ਹੈ ਕਿ ਕੋਈ ਕਿਸੇ ਨਾਲ ਪੱਕਾ ਬੱਝਾ ਹੋਇਆ ਨਹੀਂ ਤੇ ਜਿਸ ਦਾ ਆਪਣਾ ਯਕੀਨ ਨਹੀਂ, ਉਹ ਦੂਸਰਿਆਂ ਦੇ ਯਕੀਨ ਬਾਰੇ ਕਿੰਤੂ ਕਰਦਾ ਫਿਰਦਾ ਹੈ। ਨਾ ਕਿਸੇ ਆਗੂ ਬਾਰੇ ਕੋਈ ਗੱਲ ਲੋਕਾਂ ਨੂੰ ਯਕੀਨ ਵਾਲੀ ਲੱਗਦੀ ਹੈ ਤੇ ਨਾ ਕਿਸੇ ਰਾਜਸੀ ਮਹੱਤਵ ਵਾਲੀ ਪਾਰਟੀ ਬਾਰੇ।
ਪਾਰਲੀਮਾਨੀ ਚੋਣਾਂ ਵਿਚ ਹੁਣ ਸਾਢੇ ਦਸ ਕੁ ਮਹੀਨੇ ਬਾਕੀ ਰਹਿੰਦੇ ਹਨ ਤੇ ਹਰ ਕੋਈ ਅਗਲੀ ਸਰਕਾਰ ਬਾਰੇ ਅਟਕਲਾਂ ਲਾਉਣ ਲੱਗਾ ਹੋਇਆ ਹੈ। ਕਿਸੇ ਕਾਂਗਰਸੀ ਆਗੂ ਨੇ ਨਰਿੰਦਰ ਮੋਦੀ ਨੂੰ ਇੱਕ ਚੁਣੌਤੀ ਆਖ ਦਿੱਤਾ ਤਾਂ ਦੂਸਰੇ ਕਾਂਗਰਸੀ ਉਸ ਦੇ ਗਲ਼ ਪੈ ਗਏ ਕਿ ਜੇ ਨਰਿੰਦਰ ਮੋਦੀ ਏਨਾ ਮਜ਼ਬੂਤ ਜਾਪਦਾ ਹੈ ਤਾਂ ਇਸ ਸੋਚ ਦਾ ਪ੍ਰਭਾਵ ਕਬੂਲਣ ਵਾਲੇ ਉਸ ਦੀ ਪਾਰਟੀ ਭਾਜਪਾ ਵਿਚ ਚਲੇ ਜਾਣ। ਇਹ ਸਾਊ ਵਿਹਾਰ ਨਹੀਂ ਹੈ। ਹਕੀਕਤ ਇਹ ਹੈ ਕਿ ਨਰਿੰਦਰ ਮੋਦੀ ਇੱਕ ਰਾਜਸੀ ਮੋਰਚੇ ਨੂੰ ਮਜ਼ਬੂਤ ਕਰਨ ਲਈ ਜੇ ਸਿਰੇ ਦੀ ਘਟੀਆ ਲੀਹ ਵੀ ਚੁਣ ਲਵੇ, ਉਹ ਫਾਸ਼ੀਵਾਦ ਦੇ ਹਿਟਲਰੀ ਘੋੜੇ ਉਤੇ ਵੀ ਸਵਾਰ ਹੋ ਜਾਵੇ, ਤਾਂ ਇਸ ਚੁਣੌਤੀ ਨੂੰ ਚੁਣੌਤੀ ਮੰਨਣ ਤੋਂ ਇਨਕਾਰ ਨਹੀਂ ਕਰ ਸਕਦੇ। ਜਿਹੜੇ ਕਾਂਗਰਸੀ ਇਨ੍ਹਾਂ ਗੱਲਾਂ ਤੋਂ ਖਿਝੀ ਜਾਂਦੇ ਹਨ, ਸਿਰਫ ਦਸ ਮਹੀਨੇ ਬਾਅਦ ਉਹ ਇੱਕ ਦੂਸਰੇ ਨੂੰ ਦੋਸ਼ੀ ਠਹਿਰਾਉਂਦੇ ਦਿੱਸ ਸਕਦੇ ਹਨ, ਕਿਉਂਕਿ ਉਨ੍ਹਾਂ ਦੀ ਜਿੱਤ ਦੇ ਸੰਕੇਤ ਘਟਦੇ ਜਾਂਦੇ ਹਨ।
ਕਾਂਗਰਸ ਪਾਰਟੀ ਲਈ ਚੁਣੌਤੀ ਨਰਿੰਦਰ ਮੋਦੀ ਨੂੰ ਨਾ ਵੀ ਮੰਨਿਆ ਜਾਵੇ ਤਾਂ ਏਦਾਂ ਦਾ ਕੋਈ ਇੱਕ ਵੀ ਕਾਰਨ ਨਹੀਂ ਲੱਭਦਾ, ਜਿਸ ਦੇ ਆਧਾਰ ਉਤੇ ਭਾਰਤ ਦੇ ਲੋਕ ਅਗਲੀ ਵਾਰੀ ਇਸ ਪਾਰਟੀ ਨੂੰ ਵੋਟਾਂ ਪਾਉਣ ਦਾ ਫੈਸਲਾ ਸੌਖੇ ਤੌਰ ਉਤੇ ਕਰ ਸਕਦੇ ਹੋਣ। ਉਸ ਕੋਲ ਸਿਰਫ ਧਰਮ-ਨਿਰਪੱਖਤਾ ਸੀ, ਉਹ ਦਾਗਦਾਰ ਹੋ ਚੁੱਕੀ ਹੈ। ਕਈ ਫਿਰਕੂ ਸੋਚ ਵਾਲੇ ਆਗੂ ਜਦੋਂ ਵਿਰੋਧੀ ਧਿਰ ਵਿਚ ਹੁੰਦੇ ਸਨ, ਉਦੋਂ ਕਾਂਗਰਸੀਆਂ ਦੇ ਨਿਸ਼ਾਨੇ ਉਤੇ ਰਹੇ ਸਨ, ਪਰ ਜਦੋਂ ਕਾਂਗਰਸ ਵਿਚ ਆ ਗਏ ਤਾਂ ਉਹ ਦੁੱਧ-ਧੋਤੇ ਬਣਾ ਕੇ ਲੋਕਾਂ ਸਾਹਮਣੇ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਜਾਂਦੇ ਹਨ। ਪੰਜਾਬ ਵਿਚ ਕੈਪਟਨ ਅਮਰਿੰਦਰ ਸਿੰਘ ਔਖੇ ਦਿਨਾਂ ਵਿਚ ਅਕਾਲੀ ਹੁੰਦਾ ਸੀ, ਗੁਜਰਾਤ ਵਿਚ ਸ਼ੰਕਰ ਸਿੰਘ ਵਘੇਲਾ ਕਾਂਗਰਸ ਦੀਆਂ ਜੜ੍ਹਾਂ ਵੱਢ ਕੇ ਭਾਜਪਾ ਦੀ ਜੜ੍ਹ ਲਾਉਣ ਵਾਲਾ ਸੀ, ਮਹਾਂਰਾਸ਼ਟਰ ਤੋਂ ਕਿਸੇ ਸਮੇਂ ਸ਼ਿਵ ਸੈਨਾ ਨੇ ਸੰਜੇ ਨਿਰੂਪਮ ਨੂੰ ਆਪਣੇ ਵੱਲੋਂ ਰਾਜ ਸਭਾ ਵਿਚ ਭੇਜਿਆ ਸੀ। ਅੱਜ ਉਹ ਸਾਰੇ ਕਾਂਗਰਸ ਦੇ ਆਗੂ ਹਨ, ਜਿਹੜੀ ਧਰਮ-ਨਿਰਪੇਖਤਾ ਦੇ ਚੋਗੇ ਹੇਠ ਲੋਕਾਂ ਦੀਆਂ ਵੋਟਾਂ ਭਾਲਦੀ ਹੈ। ਬਾਬਰੀ ਮਸਜਿਦ ਨੂੰ ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਦੀ ਅਗਵਾਈ ਹੇਠ ਆਈ ਭੀੜ ਵੱਲੋਂ ਢਾਹਿਆ ਗਿਆ ਸੀ, ਪਰ ਪਹਿਲਾਂ ਉਸ ਮਸਜਿਦ ਨੂੰ ਅਦਾਲਤੀ ਹੁਕਮ ਉਤੇ ਤਾਲਾ ਲਾ ਕੇ ਜਿਹੜਾ ਟਕਰਾਅ ਪਿਛਲੇ ਪੰਜਾਹ ਸਾਲਾਂ ਤੋਂ ਰੋਕਿਆ ਪਿਆ ਸੀ, ਉਹ ਤਾਲਾ ਖੋਲ੍ਹਣ ਦਾ ਫੈਸਲਾ ਲੈ ਕੇ ਇਸ ਮਸਜਿਦ ਨੂੰ ਢਾਹੁਣ ਦੀ ਚੁਆਤੀ ਵੀ ਕਾਂਗਰਸ ਦੇ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਮੁਸਲਮਾਨ ਵੋਟਾਂ ਦਾ ਪਰਾਗਾ ਭੁੰਨਣ ਲਈ ਲਾਈ ਸੀ।
ਉਹ ਵੀ ਸਮਾਂ ਸੀ, ਜਦੋਂ ਇਸ ਪਾਰਟੀ ਦੇ ਪੰਡਿਤ ਜਵਾਹਰ ਲਾਲ ਨਹਿਰੂ ਤੇ ਮੌਲਾਨਾ ਅਬੁਲ ਕਲਾਮ ਆਜ਼ਾਦ ਵਰਗੇ ਆਗੂ ਹਜ਼ਾਰ ਝੱਖੜਾਂ ਦੇ ਬਾਵਜੂਦ ਫਿਰਕੂ ਵਹਿਣ ਵਿਚ ਵਗਣ ਦੀ ਥਾਂ ਸਾਬਤ ਕਦਮੀ ਨਾਲ ਡਟ ਕੇ ਖੜੇ ਰਹੇ ਸਨ। ਪੰਡਿਤ ਨਹਿਰੂ ਦੀ ਧੀ ਇੰਦਰਾ ਗਾਂਧੀ ਨੇ ਪਾਰਸੀ ਮੁੰਡੇ ਫਿਰੋਜ਼ ਗਾਂਧੀ ਨਾਲ ਵਿਆਹ ਕਰਵਾਇਆ ਤਾਂ ਉਸ ਵੇਲੇ ਦੇ ਆਰ ਐਸ ਐਸ ਵਾਲਿਆਂ ਨੇ ਇਹ ਪ੍ਰਚਾਰਿਆ ਸੀ ਕਿ ਜਿਹੜੇ ਮੁਸਲਮਾਨਾਂ ਨੇ ਅੱਧਾ ਭਾਰਤ ਤੋੜ ਕੇ ਵੱਖਰਾ ਦੇਸ਼ ਬਣਾ ਲਿਆ, ਉਨ੍ਹਾਂ ਨਾਲ ਦੇ ਇੱਕ ਮੁੰਡੇ ਨਾਲ ਨਹਿਰੂ ਨੇ ਕੁੜੀ ਵਿਆਹ ਦਿੱਤੀ ਹੈ। ਓਧਰ ਪਾਕਿਸਤਾਨ ਦੇ ਰੇਡੀਓ ਤੋਂ ਰੋਜ਼ ਇੰਦਰਾ ਗਾਂਧੀ ਨੂੰ ‘ਹਮਾਰੀ ਭਾਬੀ’ ਕਹਿ ਕੇ ਚਿੜਾਇਆ ਜਾਂਦਾ ਸੀ, ਪਰ ਪੰਡਿਤ ਨਹਿਰੂ ਪੈਂਤੜਾ ਛੱਡਣ ਦੀ ਥਾਂ ਹੋਰ ਮਜ਼ਬੂਤੀ ਨਾਲ ਪਹਿਰਾ ਦਿੰਦਾ ਰਿਹਾ ਸੀ। ਇੰਦਰਾ ਦੇ ਵਿਆਹ ਦਾ ਇਹੋ ਮੁੱਦਾ ਉਸ ਦੀ ਪਹਿਲੀ ਪਾਰਲੀਮੈਂਟ ਚੋਣ ਮੌਕੇ ਪ੍ਰਚਾਰ ਕੇ ਉਸ ਦੇ ਮੁਕਾਬਲੇ ਇੱਕ ਹਿੰਦੂ ਸੰਤ ਖੜਾ ਕੀਤਾ ਗਿਆ ਤਾਂ ਉਸ ਸੰਤ ਦੀ ਜ਼ਮਾਨਤ ਜ਼ਬਤ ਹੋ ਗਈ ਸੀ। ਲੋਕ ਉਦੋਂ ਨਹਿਰੂ ਦੀ ਇੱਜ਼ਤ ਕਰਦੇ ਸਨ। ਮੌਲਾਨਾ ਕਲਾਮ ਨੇ ਪਾਕਿਸਤਾਨ ਬਣਨ ਦਾ ਵਿਰੋਧ ਕੀਤਾ ਤਾਂ ਉਸ ਨੂੰ ਜਾਮਾ ਮਸਜਿਦ ਵਿਚੋਂ ਬੇਇੱਜ਼ਤ ਹੋ ਕੇ ਨਿਕਲਣਾ ਪਿਆ, ਪਰ ਜਦੋਂ ਵੰਡ ਵੇਲੇ ਦੰਗੇ ਫੈਲ ਗਏ, ਉਦੋਂ ਅਣ-ਸੁਰੱਖਿਅਤ ਮਹਿਸੂਸ ਕਰ ਰਹੇ ਮੁਸਲਮਾਨ ਆਗੂ ਆਪ ਘਰ ਆਣ ਕੇ ਉਸੇ ਮੌਲਾਨਾ ਕਲਾਮ ਨੂੰ ਸੱਦ ਕੇ ਉਸੇ ਜਾਮਾ ਮਸਜਿਦ ਲੈ ਕੇ ਗਏ ਸਨ ਤੇ ਉਸ ਨੇ ਆਪਣੇ ਵਿਚਾਰ ਜਦੋਂ ਪੇਸ਼ ਕੀਤੇ ਤਾਂ ਉਸ ਦਾ ਕੌੜਾ-ਫਿੱਕਾ ਵੀ ਉਸ ਭਾਈਚਾਰੇ ਦੇ ਲੋਕਾਂ ਨੇ ਸਾਊ ਬਜ਼ੁਰਗ ਦੀ ਝਿੜਕ ਸਮਝ ਕੇ ਪ੍ਰਵਾਨ ਕਰ ਲਿਆ ਸੀ।
ਬਦਕਿਸਮਤੀ ਨਾਲ ਅੱਜ ਦੀ ਕਾਂਗਰਸ ਉਨ੍ਹਾਂ ਬੌਣੇ ਕੱਦਾਂ ਵਾਲੇ ਲੋਕਾਂ ਦੀ ਅਗਵਾਈ ਹੇਠ ਚੱਲ ਰਹੀ ਹੈ, ਜਿਨ੍ਹਾਂ ਦੀ ਦੌੜ ਆਪਣੇ ਆਪ ਨੂੰ ਆਪਣੇ ਨਾਲ ਦੇ ਦੂਸਰੇ ਆਗੂ ਤੋਂ ਮਾੜਾ-ਮੋਟਾ ਉਚਾ ਸਾਬਤ ਕਰਨ ਤੱਕ ਸੀਮਤ ਹੈ। ਪਾਰਟੀ ਵਿਚ ‘ਪੈਸੇ ਦੇ ਪੁੱਤਰ’ ਏਨੇ ਜ਼ਿਆਦਾ ਵਧ ਗਏ ਹਨ ਕਿ ਕੋਈ ਕਿਸੇ ਦੂਸਰੇ ਬਾਰੇ ਇਸ ਲਈ ਕਿੰਤੂ ਨਹੀਂ ਕਰਦਾ ਕਿ ਅਗਲੀ ਧਿਰ ਨੂੰ ਵੀ ਸਾਰਾ ਹੀਜ-ਪਿਆਜ਼ ਪਤਾ ਹੁੰਦਾ ਹੈ। ਪ੍ਰਧਾਨ ਮੰਤਰੀ ਮਨਮੋਹਨ ਸਿੰਘ ਕਦੀ ਬਹੁਤ ਸਾਊ ਤੇ ਈਮਾਨਦਾਰ ਆਗੂ ਗਿਣਿਆ ਜਾਂਦਾ ਸੀ। ਹੁਣ ਉਸ ਦਾ ਸਾਊਪੁਣਾ ਹੀ ਬਾਕੀ ਹੈ, ਹੋਰ ਕੋਈ ਸਰਟੀਫਿਕੇਟ ਜਾਰੀ ਕਰਨਾ ਔਖਾ ਹੈ। ਈਮਾਨ ਦਾ ਪੱਲਾ ਉਸ ਨੇ ਛੱਡਿਆ ਜਾਂ ਨਹੀਂ, ਇਹ ਉਸ ਦੀ ਆਪਣੀ ਜ਼ਮੀਰ ਜਾਣਦੀ ਹੋਵੇਗੀ, ਪਰ ਬੇਈਮਾਨਾਂ ਦੀ ਏਡੀ ਵੱਡੀ ਧਾੜ ਉਸ ਦੇ ਦੁਆਲੇ ਜੁੜੀ ਹੋਈ ਹੈ ਕਿ ਗਿਣਨੇ ਔਖੇ ਹਨ ਤੇ ਮਨਮੋਹਨ ਸਿੰਘ ਕਿਸੇ ਨੂੰ ਵੀ ਬੇਈਮਾਨੀ ਕਰਨ ਤੋਂ ਰੋਕਦਾ ਨਹੀਂ। ਆਪ ਨਾ ਵੀ ਬੇਈਮਾਨੀ ਕਰੇ, ਜੇ ਬੇਈਮਾਨੀ ਕਰਦਿਆਂ ਨੂੰ ਰੋਕਣਾ ਨਹੀਂ ਤਾਂ ਉਸ ਦਾ ਉਥੇ ਹੋਣਾ ਕੋਈ ਅਰਥ ਨਹੀਂ ਰੱਖਦਾ।
ਭਾਰਤ ਦੇ ਲੋਕਾਂ ਨੇ ਪਿਛਲੇ ਸਾਲਾਂ ਵਿਚ ਬਹੁਤ ਵੱਡਾ ਘੋਟਾਲਾ ਟੂ-ਜੀ ਸਪੈਕਟਰਮ ਵੇਖਿਆ, ਜਿਸ ਦੇ ਉਠ ਖੜੇ ਹੋਣ ਵੇਲੇ ਪ੍ਰਧਾਨ ਮੰਤਰੀ ਕਹਿੰਦਾ ਸੀ ਕਿ ਐਵੇਂ ਹਵਾਈ ਗੱਲਾਂ ਹਨ, ਕੁਝ ਵਾਪਰਿਆ ਹੀ ਨਹੀਂ। ਬਾਅਦ ਵਿਚ ਜਦੋਂ ਮਾਮਲਾ ਸੁਪਰੀਮ ਕੋਰਟ ਵਿਚ ਚਲਾ ਗਿਆ ਅਤੇ ਰੱਸਾ ਗਲ ਪੈਂਦੇ ਸਾਰ ਗਲ-ਘੋਟੂ ਮਹਿਸੂਸ ਹੋਇਆ ਤਾਂ ਕਹਿ ਦਿੱਤਾ ਕਿ ਜਿਸ ਨੇ ਕੀਤਾ ਹੈ, ਉਹ ਭਰੇਗਾ ਤੇ ਕਾਨੂੰਨ ਆਪਣਾ ਕੰਮ ਕਰੇਗਾ। ਕਾਮਨਵੈਲਥ ਖੇਡਾਂ ਹੋਈਆਂ ਤਾਂ ਉਨ੍ਹਾਂ ਵਿਚੋਂ ਕਲਮਾਡੀ ਵਰਗੇ ਕਾਂਗਰਸੀ ਆਗੂ ਦੀ ਕਾਲਖ ਨੇ ਵੀ ਮਨਮੋਹਨ ਸਿੰਘ ਦੀ ਸਰਕਾਰ ਦਾ ਅਕਸ ਖਰਾਬ ਕਰ ਦਿੱਤਾ ਸੀ। ਮਨਮੋਹਨ ਸਿੰਘ ਨੇ ਪਹਿਲਾਂ ਪਾਰਲੀਮੈਂਟ ਵਿਚ ਕਲਮਾਡੀ ਦਾ ਬਚਾਅ ਵੀ ਕੀਤਾ ਹੋਇਆ ਸੀ। ਮੁੰਬਈ ਦੀ ਆਦਰਸ਼ ਸੁਸਾਇਟੀ ਦਾ ਵੱਡਾ ਘੋਟਾਲਾ ਜ਼ਾਹਰ ਹੋਇਆ, ਫੌਜ ਦੇ ਤਿੰਨ ਸਾਬਕਾ ਮੁਖੀ ਵੀ ਉਸ ਵਿਚ ਫਸ ਗਏ ਤੇ ਮਹਾਰਾਸ਼ਟਰ ਦੇ ਤਿੰਨ ਸਾਬਕਾ ਕਾਂਗਰਸੀ ਮੁੱਖ ਮੰਤਰੀ ਵੀ ਲਪੇਟੇ ਗਏ, ਮਨਮੋਹਨ ਸਿੰਘ ਦੇ ਮੁਖਾਰਬਿੰਦ ਤੋਂ ਉਦੋਂ ਵੀ ਉਨ੍ਹਾਂ ਲਈ ਸਫਾਈਆਂ ਦੇਣ ਦੇ ਸ਼ਬਦ ਨਿਕਲਦੇ ਰਹੇ ਸਨ। ਇਟਲੀ ਦੀ ਕੰਪਨੀ ਨਾਲ ਹੈਲੀਕਾਪਟਰ ਖਰੀਦ ਦੇ ਸੌਦੇ ਦੀ ਗੱਲ ਚੱਲੀ ਤਾਂ ਉਦੋਂ ਵੀ ਇਹੋ ਕੁਝ ਕਿਹਾ ਜਾਂਦਾ ਰਿਹਾ ਸੀ ਕਿ ਕਿਸੇ ਦਾ ਕੋਈ ਕਸੂਰ ਹੀ ਨਹੀਂ। ਭਾਰਤ ਦੇ ਰੇਲਵੇ ਮੰਤਰੀ ਪਵਨ ਕੁਮਾਰ ਬਾਂਸਲ ਦੇ ਭਾਣਜੇ ਨੂੰ ਨੱਬੇ ਲੱਖ ਰੁਪਏ ਲੈਂਦਾ ਰੰਗੇ ਹੱਥ ਫੜ ਲਿਆ ਜਾਣ ਦੇ ਬਾਵਜੂਦ ਬਾਂਸਲ ਦੀ ਛੁੱਟੀ ਕਰਨ ਤੋਂ ਮਨਮੋਹਨ ਸਿੰਘ ਤੇ ਸੋਨੀਆ ਗਾਂਧੀ ਉਦੋਂ ਤੱਕ ਬਚਦੇ ਰਹੇ, ਜਦੋਂ ਤੱਕ ਮਜਬੂਰੀ ਨਾ ਬਣ ਗਈ।
ਆਖਰ ਇਹ ਮਜਬੂਰੀ ਕੀ ਸੀ, ਜਿਸ ਕਾਰਨ ਇਹ ਕਿਸੇ ਵੀ ਵੱਡੇ ਤੋਂ ਵੱਡੇ ਚੋਰ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਉਸ ਦਾ ਬਚਾਅ ਕਰਨ ਲੱਗ ਜਾਂਦੇ ਸਨ? ਸ਼ਾਇਦ ਇਹ ਕਿ ਜਿਸ ਸੋਨੀਆ ਗਾਂਧੀ ਨੇ ਆਪ ਪ੍ਰਧਾਨ ਮੰਤਰੀ ਬਣਨ ਦੀ ਥਾਂ ਮਨਮੋਹਨ ਸਿੰਘ ਨੂੰ ਉਹ ਕੁਰਸੀ ਸੌਂਪ ਦਿੱਤੀ ਸੀ, ਉਸ ਦੇ ਜਵਾਈ ਦੇ ਕਿੱਸੇ ਏਨੇ ਜ਼ਿਆਦਾ ਹਨ ਤੇ ਉਸ ਨੇ ਭ੍ਰਿਸ਼ਟਾਚਾਰ ਦੀ ਏਨੀ ਅੱਤ ਕਰ ਦਿੱਤੀ ਹੈ ਕਿ ਜਿਹੜੇ ਵੀ ਬੇਈਮਾਨ ਦੇ ਵਿਰੁਧ ਕਾਰਵਾਈ ਕਰਨੀ ਚਾਹੀ, ਉਸ ਨੇ ਅੱਗੋਂ ਜਵਾਬੀ ਮਿਹਣਾ ਮਾਰ ਦੇਣਾ ਹੈ। ਬੀਬੀ ਸੋਨੀਆ ਗਾਂਧੀ ਕਦੇ ਬੜੀ ਬੀਬੀ ਜਿਹੀ ਔਰਤ ਮੰਨੀ ਜਾਂਦੀ ਸੀ। ਜਵਾਈ ਦਾ ਬਚਾਅ ਕਰਨ ਲਈ ਉਹ ਜਿਸ ਹੱਦ ਤੱਕ ਚਲੀ ਗਈ, ਉਸ ਦੇ ਨਾਲ ਉਸ ਦਾ ਆਪਣਾ ਅਕਸ ਵੀ ਪਹਿਲਾਂ ਵਾਲਾ ਨਹੀਂ ਰਿਹਾ ਅਤੇ ਮਨਮੋਹਨ ਸਿੰਘ ਦਾ ਵੀ ਨਹੀਂ ਰਹਿਣ ਦਿੱਤਾ। ਪਿਛਲੇ ਦਿਨੀਂ ਇਲਾਹਾਬਾਦ ਹਾਈ ਕੋਰਟ ਨੂੰ ਅਰਜ਼ੀ ਦੇ ਕੇ ਕਿਸੇ ਨਾਗਰਿਕ ਨੇ ਸੋਨੀਆ ਗਾਂਧੀ ਦੇ ਦਾਮਾਦ ਰਾਬਰਟ ਵਾਡਰਾ ਵੱਲੋਂ ਇੱਕ ਪ੍ਰਾਈਵੇਟ ਰੀਅਲ ਅਸਟੇਟ ਕੰਪਨੀ ਨਾਲ ਛਿੜੇ ਸਕੈਂਡਲਾਂ ਦੀ ਚਰਚਾ ਦੀ ਸੂਚਨਾ ਲੈਣ ਦਾ ਯਤਨ ਕੀਤਾ। ਪ੍ਰਧਾਨ ਮੰਤਰੀ ਦਫਤਰ ਨੇ ਇਸ ਨੂੰ ਗੁਪਤ ਦਸਤਾਵੇਜ਼ ਦੱਸ ਕੇ ਸੂਚਨਾ ਦੇਣ ਤੋਂ ਇਨਕਾਰ ਕਰ ਦਿੱਤਾ। ਜਵਾਈ ਉਹ ਸੋਨੀਆ ਗਾਂਧੀ ਵਾਸਤੇ ਹੈ, ਦੇਸ਼ ਦੇ ਸੰਵਿਧਾਨ ਦੇ ਮੁਤਾਬਕ ਉਹ ਇੱਕ ਸਧਾਰਨ ਨਾਗਰਿਕ ਹੈ, ਜਿਹੜਾ ਕਿਸੇ ਪੰਚਾਇਤ ਦਾ ਮੈਂਬਰ ਵੀ ਨਹੀਂ, ਉਸ ਬਾਰੇ ਸੂਚਨਾ ਨੂੰ ਪ੍ਰਧਾਨ ਮੰਤਰੀ ਦਾ ਦਫਤਰ ਗੁਪਤ ਪਤਾ ਨਹੀਂ ਕਿਵੇਂ ਕਹਿ ਗਿਆ ਹੈ?
ਹੁਣ ਜਦੋਂ ਦੇਸ਼ ਇੱਕ ਵਾਰੀ ਫਿਰ ਪਾਰਲੀਮੈਂਟ ਚੋਣਾਂ ਲਈ ਤਿਆਰ ਹੋ ਰਿਹਾ ਹੈ ਤਾਂ ਵਕਤ ਕਾਂਗਰਸ ਪਾਰਟੀ ਦੇ ਆਗੂਆਂ ਲਈ ਪਹਿਲੇ ਦਾਗਾਂ ਨੂੰ ਧੋਣ ਦਾ ਹੈ, ਪਰ ਅਮਲ ਦੱਸਦੇ ਹਨ ਕਿ ਦਾਗਾਂ ਤੋਂ ਖਹਿੜਾ ਛੁਡਾਉਣ ਵਾਲੀ ਕੋਈ ਗੱਲ ਨਹੀਂ ਹੋ ਰਹੀ, ਉਲਟਾ ਦਾਗ ਹੋਰ ਵਧਣ ਦਾ ਅਮਲ ਜਾਰੀ ਹੈ। ਇਸ ਹਫਤੇ ਕਾਂਗਰਸੀ ਪਾਰਲੀਮੈਂਟ ਮੈਂਬਰ ਨਵੀਨ ਜਿੰਦਲ ਦੇ ਖਿਲਾਫ ਇੱਕ ਕੇਸ ਹੋਰ ਦਰਜ ਹੋ ਗਿਆ ਹੈ। ਇਹ ਮਾਮਲਾ ਉਸ ਨੂੰ ਕੋਲੇ ਦੀਆਂ ਅਲਾਟਮੈਂਟਾਂ ਦੀ ਹਨੇਰਗਰਦੀ ਨਾਲ ਸਬੰਧਤ ਹੈ। ਅਲਾਟਮੈਂਟਾਂ ਕਰਨ ਵਾਲਾ ਸਾਬਕਾ ਮੰਤਰੀ ਵੀ ਟੰਗਿਆ ਗਿਆ ਹੈ। ਕੇਂਦਰ ਸਰਕਾਰ ਦੀ ਜਾਂਚ ਏਜੰਸੀ ਸੀ ਬੀ ਆਈ ਆਖਦੀ ਹੈ ਕਿ ਰਾਜ ਕਰਦੀ ਕਾਂਗਰਸ ਪਾਰਟੀ ਦੇ ਐਮ ਪੀ ਨਵੀਨ ਜਿੰਦਲ ਨੇ ਕੋਲੇ ਦੀ ਇਸ ਅਲਾਟਮੈਂਟ ਲਈ ਕਾਂਗਰਸ ਪਾਰਟੀ ਦੇ ਉਸ ਵਕਤ ਦੇ ਕੋਲਾ ਰਾਜ ਮੰਤਰੀ ਦਾਸਾਰੀ ਨਾਰਾਇਣ ਰਾਓ ਨੂੰ ਦੋ ਸੌ ਪੰਜਾਹ ਕਰੋੜ ਰੁਪਏ ਦੀ ਰਿਸ਼ਵਤ ਦਿਤੀ ਸੀ। ਨਵੀਨ ਜਿੰਦਲ ਕਿਸੇ ਦੂਸਰੇ ਦੇਸ਼ ਵਿਚ ਜਾ ਬੈਠਾ ਹੈ। ਇਹ ਬਿਲਕੁਲ ਨਹੀਂ ਹੋ ਸਕਦਾ ਕਿ ਉਸ ਨੂੰ ਆਪਣੇ ਖਿਲਾਫ ਬਣੇ ਇਸ ਨਵੇਂ ਕੇਸ ਦੀ ਜਾਣਕਾਰੀ ਨਾ ਮਿਲੀ ਹੋਵੇ, ਪਰ ਉਸ ਨੇ ਨਾ ਆਪਣੇ ਵੱਲੋਂ ਕੋਈ ਬਿਆਨ ਜਾਰੀ ਕੀਤਾ ਤੇ ਨਾ ਪੇਸ਼ ਹੋ ਕੇ ਸਵਾਲਾਂ ਦਾ ਜਵਾਬ ਦੇਣ ਲਈ ਸੀ ਬੀ ਆਈ ਦੀ ਹਦਾਇਤ ਦਾ ਹੁੰਗਾਰਾ ਭਰਿਆ ਹੈ। ਆਖਰ ਕਾਂਗਰਸ ਪਾਰਟੀ ਆਪਣੇ ਇਸ ਪਾਰਲੀਮੈਂਟ ਮੈਂਬਰ ਨੂੰ ਇਹ ਕਹਿਣ ਦੀ ਜੁਰਅਤ ਕਿਉਂ ਨਹੀਂ ਕਰਦੀ ਕਿ ਉਹ ਆਣ ਕੇ ਜਾਂਚ ਵਿਚ ਸ਼ਾਮਲ ਹੋਵੇ? ਇਸ ਲਈ ਕਿ ਜੇ ਨਵੀਨ ਜਿੰਦਲ ਨੇ ਅੱਗੋਂ ਸੋਨੀਆ ਗਾਂਧੀ ਦੇ ਜਵਾਈ ਰਾਬਰਟ ਵਾਡਰਾ ਬਾਰੇ ਮਾਮਲਾ ਉਠਾ ਦਿੱਤਾ ਤਾਂ ਕਾਂਗਰਸ ਪਾਰਟੀ ਦੀ ਲੀਡਰਸ਼ਿਪ ਤੇ ਖਾਸ ਕਰ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਕੋਲ ਇਸ ਦਾ ਕੋਈ ਜਵਾਬ ਨਹੀਂ ਹੋਣਾ।
ਇਨ੍ਹਾਂ ਹਾਲਾਤ ਵਿਚ ਇਹ ਕਹਿਣ ਦਾ ਸਮਾਂ ਅਜੇ ਨਹੀਂ ਆਇਆ ਕਿ ਅਗਲੇ ਸਾਲ ਨੂੰ ਅਸੀਂ ਕਿਸ ਰਾਜੇ ਹੇਠ ਦਿਨ ਕੱਟਦੀ ਪਰਜਾ ਹੋਵਾਂਗੇ, ਪਰ ਇਹ ਕਹਿਣ ਵਾਲੇ ਅੱਜ ਦੀ ਘੜੀ ਬਹੁਤ ਸਾਰੇ ਲੋਕ ਮਿਲ ਜਾਂਦੇ ਹਨ ਕਿ ਸੋਚਣ ਵਾਲੀ ਕਿਹੜੀ ਗੱਲ ਹੈ, ਹੋਰ ਭਾਵੇਂ ਕਾਲਾ ਚੋਰ ਵੀ ਆ ਜਾਵੇ, ਕਾਂਗਰਸ ਦਾ ਕੋੜਮਾ ਜਿੱਤਦਾ ਨਹੀਂ ਲੱਭਦਾ। ਡਰ ਹੈ ਤਾਂ ਇਸੇ ਗੱਲ ਦਾ ਹੈ ਕਿ ਕਿਤੇ ਸਚਮੁੱਚ ਕੋਈ ਕਾਲਾ ਚੋਰ ਨਾ ਆ ਜਾਂਦਾ ਹੋਵੇ।
Leave a Reply