ਪੰਜਾਬ ਸਰਕਾਰ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਵੇਗੀ

ਖਟਕੜ ਕਲਾਂ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਨਵੇਂ ਖੇਤੀ ਕਾਨੂੰਨਾਂ ਖਿਲਾਫ ਸੁਪਰੀਮ ਕੋਰਟ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਗੈਰ-ਸੰਵਿਧਾਨਿਕ ਐਕਟਾਂ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਲਈ ਕਾਨੂੰਨੀ ਰਾਹ ਅਖਤਿਆਰ ਕਰਨ ਵਾਸਤੇ ਉਹ ਵਕੀਲਾਂ ਨਾਲ ਸਲਾਹ ਕਰਨਗੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ਼ਆਈ. ਕਿਸਾਨਾਂ ਦੀ ਨਾਰਾਜ਼ਗੀ ਦਾ ਲਾਹਾ ਲੈਂਦਿਆਂ ਪੂਰੇ ਮੁਲਕ ‘ਚ ਅਸ਼ਾਂਤੀ ਫੈਲਾ ਸਕਦੀ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੇ ਕਿਸਾਨ ਮਾਰੂ ਖੇਤੀ ਕਾਨੂੰਨਾਂ ਵਿਰੁੱਧ ਅੰਦੋਲਨ ਅਤੇ ਕਾਨੂੰਨੀ ਪੱਧਰ ‘ਤੇ ਲੜਾਈ ਨਾਲੋਂ ਨਾਲ ਜਾਰੀ ਰੱਖੀਆਂ ਜਾਣਗੀਆਂ। ਉਧਰ, ਪਿੰਡ ਖਟਕੜ ਕਲਾ ‘ਚ ਪੰਜਾਬ ਸਰਕਾਰ ਨੇ ਕੇਂਦਰ ਖਿਲਾਫ ਕਿਸਾਨੀ ਦੇ ਮੁੱਦੇ ‘ਤੇ ਜੰਗ ਦਾ ਬਿਗਲ ਵਜਾਇਆ। ਸ਼ਹੀਦ ਭਗਤ ਸਿੰਘ ਦੇ 113ਵੇਂ ਜਨਮਦਿਨ ਮੌਕੇ ਉਨ੍ਹਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਉਪਰੰਤ ਮੁੱਖ ਮੰਤਰੀ ਦੀ ਅਗਵਾਈ ਹੇਠ ਸਮੁੱਚੀ ਲੀਡਰਸ਼ਿਪ ਕੇਂਦਰ ਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਧਰਨੇ ਉਤੇ ਬੈਠੀ।
ਮੁੱਖ ਮੰਤਰੀ ਨੇ ਕਿਹਾ ਕਿ ਉਹ ਇਹ ਕਦੇ ਵੀ ਨਹੀਂ ਚਾਹੁੰਦੇ ਕਿ ਪੰਜਾਬ ਦਾ ਨੌਜਵਾਨ ਅਤੇ ਕਿਸਾਨ ਆਪਣੇ ਜਿਊਣ ਦੇ ਅਧਿਕਾਰ ਦੀ ਲੜਾਈ ਲੜਨ ਲਈ ਹਥਿਆਰ ਚੁੱਕਣ। ਉਨ੍ਹਾਂ ਸਾਵਧਾਨ ਕੀਤਾ ਕਿ ਇਨ੍ਹਾਂ ਨਵੇਂ ਕਾਨੂੰਨਾਂ ਨਾਲ ਸਰਹੱਦੀ ਸੂਬੇ ਪੰਜਾਬ ਦੀ ਸੁਰੱਖਿਆ ਖਤਰੇ ਵਿਚ ਪਵੇਗੀ ਕਿਉਂਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐਸ਼ਆਈ. ਹਮੇਸ਼ਾ ਹੀ ਗੜਬੜ ਫੈਲਾਉਣ ਦੇ ਮੌਕਿਆਂ ਦੀ ਤਾਕ ਵਿਚ ਰਹਿੰਦੀ ਹੈ। ਉਨ੍ਹਾਂ ਕਿਹਾ ਕਿ ਬੀਤੇ ਸਮਿਆਂ ‘ਚ ਨਾਸਮਝੀ ਨਾਲ ਵਾਪਰੀ ਹਿੰਸਾ ‘ਚ ਪੰਜਾਬ ਦੀਆਂ 35000 ਜ਼ਿੰਦਗੀਆਂ ਅਤਿਵਾਦ ਦੀ ਭੇਟ ਚੜ੍ਹ ਗਈਆਂ। ‘ਪੰਜਾਬ ‘ਚ ਹੁਣ ਸ਼ਾਂਤੀ ਹੈ ਪਰ ਜਦੋਂ ਤੁਸੀਂ ਕਿਸੇ ਦਾ ਭੋਜਨ ਖੋਹਣ ਦੀ ਕੋਸ਼ਿਸ਼ ਕਰਦੇ ਹੋ ਤਾਂ ਕੀ ਉਹ ਨਾਰਾਜ਼ ਨਹੀਂ ਹੋਵੇਗਾ? ਉਹ ਆਈ.ਐਸ਼ਆਈ. ਦੇ ਨਿਸ਼ਾਨੇ ‘ਤੇ ਆ ਜਾਵੇਗਾ। ਉਨ੍ਹਾਂ (ਕੇਂਦਰ ਸਰਕਾਰ) ਜੋ ਕੁਝ ਕੀਤਾ ਹੈ, ਉਹ ਦੇਸ਼ ਵਿਰੋਧੀ ਕਾਰਵਾਈ ਹੈ।’ ਅਡਾਨੀ ਵਰਗੇ ਵੱਡੇ ਕਾਰਪੋਰੇਟਾਂ ਨੂੰ ਖੁਸ਼ ਕਰਨ ਲਈ ਪੰਜਾਬੀਆਂ ਅਤੇ ਪੰਜਾਬ ਦੇ ਕਿਸਾਨਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤੇ ਜਾਣ ਦੀ ਸਖਤ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ,”ਕੀ ਅਡਾਨੀ ਗਰੀਬ ਭਾਰਤੀਆਂ ਨੂੰ ਸਸਤਾ ਭੋਜਨ ਦੇਵੇਗਾ?” ਪਿਛਲੇ ਕਈ ਮਹੀਨਿਆਂ ਤੋਂ ਬਿੱਲਾਂ ਦਾ ਬਚਾਅ ਕਰਨ ਲਈ ਅਕਾਲੀਆਂ ਦੀ ਨਿੰਦਾ ਕਰਦਿਆਂ ਮੁੱਖ ਮੰਤਰੀ ਨੇ ਫਿਰ ਸਵਾਲ ਕੀਤਾ ਕਿ ਹਰਸਿਮਰਤ ਬਾਦਲ ਇਸ ਪੂਰੇ ਸਮੇਂ ਦੌਰਾਨ ਕੀ ਕਰ ਰਹੇ ਸਨ ਅਤੇ ਜਦੋਂ ਆਰਡੀਨੈਂਸ ਲਿਆਂਦੇ ਗਏ ਸਨ ਤਾਂ ਉਸ ਨੇ ਮੰਤਰੀ ਮੰਡਲ ‘ਚੋਂ ਅਸਤੀਫਾ ਕਿਉਂ ਨਹੀਂ ਦਿੱਤਾ। ਉਨ੍ਹਾਂ ਨੇ ਅਕਾਲੀਆਂ ਦੇ ਕਿਸਾਨਾਂ ਨਾਲ ਖੜ੍ਹੇ ਹੋਣ ਦੇ ਖੋਖਲੇ ਦਾਅਵਿਆਂ ਨੂੰ ਰੱਦ ਕਰਦਿਆਂ ਕਿਹਾ ਕਿ ਅਕਾਲੀਆਂ ਨੇ ਸਰਬ ਪਾਰਟੀ ਮੀਟਿੰਗ ਵਿਚ ਸਾਡਾ ਵਿਰੋਧ ਕਿਉਂ ਕੀਤਾ? ਉਹ ਵਿਧਾਨ ਸਭਾ ‘ਚੋਂ ਕਿਉਂ ਭੱਜ ਗਏ?”
ਕੈਪਟਨ ਨੇ ਸਪੱਸ਼ਟ ਕੀਤਾ ਕਿ ਐਮ.ਐਸ਼ਪੀ. ਉਤੇ ਕੇਂਦਰ ਦੇ ਜ਼ੁਬਾਨੀ ਭਰੋਸੇ ਉਪਰ ਇਤਬਾਰ ਨਹੀਂ ਕੀਤਾ ਜਾ ਸਕਦਾ ਹੈ। ਮੁੱਖ ਮੰਤਰੀ ਨੇ ਸਭ ਨੂੰ ਰਾਜਨੀਤੀ ਤੋਂ ਉਪਰ ਉਠ ਕੇ ਪੰਜਾਬ ਅਤੇ ਇਸ ਦੇ ਲੋਕਾਂ, ਖਾਸਕਰ ਕਿਸਾਨੀ ਦੀ ਰੱਖਿਆ ਲਈ ਇਕਜੁੱਟ ਹੋ ਕੇ ਕੇਂਦਰ ਦੇ ਕਾਲੇ ਕਾਨੂੰਨਾਂ ਵਿਰੁੱਧ ਲੜਨ ਉਤੇ ਜ਼ੋਰ ਦਿੱਤਾ। ਇਕ ਸਵਾਲ ਦੇ ਜਵਾਬ ਵਿਚ ਕੈਪਟਨ ਨੇ ਦੁਹਰਾਇਆ ਕਿ ਕੋਵਿਡ ਤੋਂ ਬਚਾਅ ਲਈ ਲਾਈ ਗਈ ਧਾਰਾ 144 ਤਹਿਤ ਕਿਸਾਨਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਜਾਵੇਗੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਉਨ੍ਹਾਂ ਦੇ ਅਲੋਪ ਹੋ ਜਾਣ ਵਾਲੇ ਸਵਾਲ ਦਾ ਜਵਾਬ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਹ ਤਾਂ ਅੱਜ ਕਿਸਾਨੀ ਦੇ ਹਿੱਤਾਂ ਲਈ ਮੈਦਾਨ ‘ਚ ਹਨ ਅਤੇ ਉਨ੍ਹਾਂ ਵਾਂਗ ਇਸ ਗੰਭੀਰ ਮੁੱਦੇ ‘ਤੇ ਸਿਆਸਤ ਨਹੀਂ ਕਰਦੇ ਹਨ।
________________________________
ਕਿਸਾਨੀ ਹਿੱਤਾਂ ਲਈ ਕਾਨੂੰਨ ਸੋਧਾਂਗੇ: ਕੈਪਟਨ
ਚੰਡੀਗੜ੍ਹ: ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵੇਂ ਖੇਤੀ ਬਿਲਾਂ ਨੂੰ ਰਾਸ਼ਟਰਪਤੀ ਵਲੋਂ ਸਹਿਮਤੀ ਦਿੱਤੇ ਜਾਣ ਨੂੰ ਮੰਦਭਾਗਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਕਿਸਾਨ ਹਿੱਤਾਂ ਦੀ ਰਾਖੀ ਲਈ ਸੂਬਾਈ ਕਾਨੂੰਨਾਂ ਵਿਚ ਸੰਭਵ ਸੋਧ ਕਰਨ ਸਮੇਤ ਸਾਰੇ ਪਹਿਲੂਆਂ ਦੀ ਘੋਖ ਕਰ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਗਲਾ ਰਸਤਾ ਅਖਤਿਆਰ ਕਰਨ ਦੇ ਕਿਸੇ ਵੀ ਫੈਸਲੇ ਤੋਂ ਪਹਿਲਾਂ ਕਿਸਾਨ ਜਥੇਬੰਦੀਆਂ ਅਤੇ ਹੋਰ ਭਾਈਵਾਲਾਂ ਨੂੰ ਭਰੋਸੇ ਵਿਚ ਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਫਸਲ ਦੀ ਕੀਮਤ ਨਾਲ ਸਮਝੌਤਾ ਕੀਤੇ ਬਿਨਾਂ ਕਿਸਾਨਾਂ ਦਾ ਇਕ-ਇਕ ਦਾਣਾ ਖਰੀਦਣ ਲਈ ਵਚਨਬੱਧ ਹੈ।
_______________________________
ਸੁਖਬੀਰ ਵਲੋਂ ਪੰਜਾਬ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਲਿਆਉਣ ਦੀ ਸਲਾਹ
ਲੰਬੀ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਆਖਿਆ ਕਿ ਉਹ ਤੁਰਤ ਕੈਬਨਿਟ ਮੀਟਿੰਗ ਸੱਦ ਕੇ ਸਾਰੇ ਸੂਬੇ ਨੂੰ ਸਰਕਾਰੀ ਮੰਡੀ ਐਲਾਨਣ ਲਈ ਆਰਡੀਨੈਂਸ ਲਿਆਉਣ ਤਾਂ ਜੋ ਕੇਂਦਰੀ ਖੇਤੀਬਾੜੀ ਬਿੱਲ ਨੂੰ ਪੰਜਾਬ ਵਿਚ ਲਾਗੂ ਹੋਣ ਤੋਂ ਰੋਕਿਆ ਜਾ ਸਕੇ।
ਸੁਖਬੀਰ ਬਾਦਲ ਤੇ ਉਨ੍ਹਾਂ ਦੀ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ, ਪਿੰਡ ਬਾਦਲ ਸਥਿਤ ਆਪਣੀ ਰਿਹਾਇਸ਼ ਤੋਂ ਟਰੈਕਟਰਾਂ ਦੇ ਵੱਡੇ ਕਾਫਲੇ ਦੀ ਸ਼ਕਲ ‘ਚ ਲੰਬੀ ਧਰਨੇ ਵਿਚ ਪੁੱਜੇ। ਹਾਲਾਂਕਿ ਮਗਰੋਂ ਦੋਵੇਂ ਆਗੂ ਆਪਣੀ ਲਗਜ਼ਰੀ ਗੱਡੀ ‘ਤੇ ਵਾਪਸ ਗਏ। ਸੁਖਬੀਰ ਬਾਦਲ ਨੇ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਆਰਡੀਨੈਂਸ ਲਈ ਬਿੱਲ ਪੇਸ਼ ਕਰ ਕੇ ਕਾਨੂੰਨ ਬਣਾਏ। ਉਨ੍ਹਾਂ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਹੀ ਹਨ, ਜਿਨ੍ਹਾਂ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਅਨੁਸਾਰ ਸੂਬੇ ਦੇ ਏ.ਪੀ.ਐਮ.ਸੀ. ਐਕਟ ਵਿਚ ਸੋਧ ਕੀਤੀ ਤੇ ਪ੍ਰਾਈਵੇਟ ਮੰਡੀਆਂ, ਕਾਂਟਰੈਕਟ ਫਾਰਮਿੰਗ ਤੇ ਈ-ਟਰੇਡਿੰਗ ਸ਼ੁਰੂ ਕਰਵਾਈ।
ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਨ੍ਹਾਂ ਨੇ ਪੰਜਾਬ ਦੀ ਧੀ ਵਜੋਂ ਆਪਣਾ ਫਰਜ਼ ਨਿਭਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਪਿਛਲੇ ਸਾਲ ਅਗਸਤ ਤੋਂ ਹੀ ਪਤਾ ਸੀ ਕਿ ਅਜਿਹੇ ਆਰਡੀਨੈਂਸ ਲਿਆਂਦੇ ਜਾ ਰਹੇ ਹਨ ਪਰ ਕੈਪਟਨ ਨੇ ਕਿਸਾਨ ਹਿੱਤਾਂ ਦੀ ਰਾਖੀ ਲਈ ਕੋਈ ਕਦਮ ਚੁੱਕਣ ਦੀ ਥਾਂ ਚੁੱਪੀ ਧਾਰੀ ਰੱਖੀ। ਬੀਬੀ ਬਾਦਲ ਨੇ ਕਿਹਾ ਕਿ ਜੇਕਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਸੱਚਮੁੱਚ ਕਿਸਾਨਾਂ ਦੀ ਫਿਕਰ ਹੈ ਤਾਂ ਫਿਰ ਉਨ੍ਹਾਂ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ ਹੈ।