ਅਕਾਲੀ ਦਲ ਨੂੰ ਪੁੱਠੀ ਪਈ ‘ਚੱਕਾ ਜਾਮ’ ਵਾਲੀ ਰਣਨੀਤੀ

ਪਟਿਆਲਾ: ਸ਼੍ਰੋਮਣੀ ਅਕਾਲੀ ਦਲ ਬਾਦਲ ਨੂੰ ਆਖਰ ਅਹਿਸਾਸ ਹੋ ਗਿਆ ਹੈ ਕਿ ਪੰਜਾਬ ਦੇ ਕਈ ਹਲਕਿਆਂ ‘ਚ ਪਾਰਟੀ ਸਿਆਸੀ ਤੌਰ ਉਤੇ ਕਮਜ਼ੋਰ ਪੈ ਚੁੱਕੀ ਹੈ। ਇਸ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮੰਚ ਤੋਂ ਮੰਨਿਆ ਕਿ ਬੀਤੇ ਦਿਨੀਂ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ ਰੱਖੇ ਗਏ ‘ਚੱਕਾ ਜਾਮ’ ਪ੍ਰੋਗਰਾਮਾਂ ‘ਚ ਕਈ ਹਲਕਿਆਂ ‘ਚ ਪਾਰਟੀ ਦੀ ਅਤਿ ਢਿੱਲੀ ਕਾਰਗੁਜ਼ਾਰੀ ਸਾਹਮਣੇ ਆਈ ਹੈ।

ਸੁਖਬੀਰ ਬਾਦਲ ਇਥੇ ਗੁਰਦੁਆਰਾ ਨੌਵੀਂ ਪਾਤਸ਼ਾਹੀ ਬਹਾਦਰਗੜ੍ਹ ਵਿਚ ਪਟਿਆਲਾ ਤੇ ਫਤਹਿਗੜ੍ਹ ਸਾਹਿਬ ਦੋ ਜ਼ਿਲ੍ਹਿਆਂ ਆਧਾਰਿਤ ਰੱਖੀ ਗਈ ਮੀਟਿੰਗ ਨੂੰ ਸੰਬੋਧਨ ਕਰ ਰਹੇ ਸਨ। ਜ਼ਿਕਰਯੋਗ ਹੈ ਕਿ ਸੂਬੇ ਦੀ ਜਨਤਾ ਨੇ ਆਪ ਮੁਹਾਰੇ ਕਿਸਾਨਾਂ ਦੇ ‘ਪੰਜਾਬ ਬੰਦ’ ਦੇ ਸੱਦੇ ‘ਚ ਹਿੱਸਾ ਲੈਂਦਿਆਂ ਬਾਦਲਕਿਆਂ ਦੇ ‘ਚੱਕਾ ਜਾਮ’ ਪ੍ਰੋਗਰਾਮ ਨੂੰ ਅਣਡਿੱਠ ਕਰ ਦਿੱਤਾ। ਅਜਿਹੀ ਸਿਆਸੀ ਪੀੜ ਨੂੰ ਲੈ ਕੇ ਸੁਖਬੀਰ ਬਾਦਲ ਨੇ ਢਿੱਲੀ ਕਾਰਗੁਜ਼ਾਰੀ ਵਾਲੇ ਹਲਕਿਆਂ ਦੇ ਹਲਕਾ ਇੰਚਾਰਜਾਂ ਤੇ ਹੋਰ ਆਗੂਆਂ ਨੂੰ ਅਸਿੱਧੇ ਤੌਰ ‘ਤੇ ਚਿਤਾਵਨੀ ਵੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਚਿੰਤਾ ਵਾਲੀ ਗੱਲ ਹੈ ਕਿ ਪਾਰਟੀ ਦੀ ਪਕੜ ਢਿੱਲੀ ਕਿਉਂ ਪੈਣ ਲੱਗੀ ਹੈ। ਉਨ੍ਹਾਂ ਵਰਕਰਾਂ ਨੂੰ ਸੱਦਾ ਦਿੱਤਾ ਕਿ ਉਹ ਜਜ਼ਬੇ ਨਾਲ ਪਾਰਟੀ ਦੇ ਕੰਮ ‘ਚ ਲੱਗ ਜਾਣ ਕਿਉਂਕਿ ਅਗਲੀਆਂ ਚੋਣਾਂ ‘ਚ ਸਿਰਫ ਸਾਲ ਕੁ ਦਾ ਸਮਾਂ ਹੀ ਬਚਿਆ ਹੈ। ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਨੇ ਆਖਿਆ ਕਿ ਕਿਸਾਨੀ ਹਿੱਤਾਂ ਨੂੰ ਲੈ ਕੇ ‘ਦਿੱਲੀ ਵਾਲਿਆਂ’ ਨਾਲ ਹੁਣ ਆਹਮੋ-ਸਾਹਮਣੀ ਲੜਾਈ ਹੋ ਗਈ ਹੈ।
ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਵੱਲੋਂ ਖੇਤੀ ਬਿੱਲਾਂ ਖਿਲਾਫ ਪੰਜਾਬ ਬੰਦ ਦੇ ਦਿੱਤੇ ਸਰਬ ਸਾਂਝੇ ਸੱਦੇ ਦੀ ਕਈ ਰਾਜਸੀ ਪਾਰਟੀਆਂ ਨੇ ਵੀ ਹਮਾਇਤ ਕੀਤੀ, ਪਰ ਅਕਾਲੀ ਦਲ ਨੇ ਇਸੇ ਦਿਨ ਕਿਸਾਨਾਂ ਦੀ ਹਮਦਰਦੀ ਜਿੱਤਣ ਅਤੇ ਸੰਘਰਸ਼ ਦੇ ਮੋਰਚੇ ਦੀ ਆਗੂ ਬਣਨ ਦੀ ਲਾਲਸਾ ਨਾਲ ਤਿੰਨ ਘੰਟੇ ਲਈ ਚੱਕਾ ਜਾਮ ਕਰਨ ਦਾ ਵੱਖਰਾ ਐਲਾਨ ਕਰ ਦਿੱਤਾ, ਪਰ ਅਕਾਲੀ ਦਲ ਦੀ ਇਸ ਕਾਰਵਾਈ ਨਾਲ ਆਮ ਕਿਸਾਨਾਂ ਤੇ ਕਿਸਾਨ ਆਗੂਆਂ ‘ਚ ਚੰਗਾ ਪ੍ਰਭਾਵ ਨਹੀਂ ਪਿਆ। ਧਰਨਿਆਂ ‘ਚ ਬਹੁਤ ਸਾਰੇ ਥਾਈਂ ਕਿਸਾਨ ਆਗੂ ਇਹ ਗਿਲਾ ਕਰਦੇ ਗਏ ਕਿ ਅਕਾਲੀ ਦਲ ਪਹਿਲਾਂ ਆਰਡੀਨੈਂਸਾਂ ਦੀ ਹਮਾਇਤ ਕਰਦਾ ਰਿਹਾ ਹੈ ਤੇ ਹੁਣ ਜਦ ਵਿਰੋਧ ਕੀਤਾ ਹੈ ਤਾਂ ਵੀ ਕਿਸਾਨ ਸੰਘਰਸ਼ ਦੀ ਹਮਾਇਤ ਕਰਨ ਦੀ ਬਜਾਏ ਵੱਖਰੀ ਡਫਲੀ ਵਜਾਉਣ ਦਾ ਯਤਨ ਕੀਤਾ ਹੈ। ਪੰਜਾਬ ਭਰ ‘ਚ ਹੀ ਕਿਸਾਨ ਧਰਨਿਆਂ ਵਿਚ ਹਾਜ਼ਰ ਹਜ਼ਾਰਾਂ ਦੀ ਗਿਣਤੀ ‘ਚ ਰਹੀ ਅਤੇ ਕਾਂਗਰਸ, ਆਪ ਤੇ ਬਸਪਾ ਦੇ ਆਗੂ ਵਰਕਰ ਇਨ੍ਹਾਂ ਧਰਨਿਆਂ ‘ਚ ਹਮਾਇਤ ਲਈ ਹਮਾਇਤੀਆਂ ਵਜੋਂ ਸ਼ਾਮਲ ਹੋਏ। ਪਰ ਅਕਾਲੀ ਦਲ ਦੇ ਧਰਨਿਆਂ ‘ਚ ਬਹੁਤੇ ਥਾਈਂ ਗਿਣਤੀ ਸੈਂਕੜਿਆਂ ‘ਚ ਰਹੀ। ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪਹਿਲਾਂ ਮੋਦੀ ਸਰਕਾਰ ਦੇ ਫੈਸਲਿਆਂ ਦੀ ਪ੍ਰੋੜ੍ਹਤਾ ਕਰਦੇ ਰਹੇ ਤੇ ਫਿਰ ਇਕਦਮ ਕਿਸਾਨ ਸੰਘਰਸ਼ ਉਪਰ ਛਾਅ ਜਾਣ ਦੀ ਕਾਹਲੀ ਉਨ੍ਹਾਂ ਨੂੰ ਕਿਸਾਨ ਸੰਘਰਸ਼ ਦੀ ਯੁੱਧ ਧਾਰਾ ਤੋਂ ਵਖਰੇ ਹੋ ਕੇ ਚੱਲਣ ਦੀ ਰਾਹ ਜਾ ਰਹੀ ਹੈ। ਵੱਖਰਾ ਚੱਕਾ ਜਾਮ ਕਰਨ ਕਰਕੇ ਕਈ ਥਾਈਂ ਜਦੋਂ ਅਕਾਲੀ ਆਗੂਆਂ ਨੇ ਸਾਂਝੇ ਕਿਸਾਨ ਧਰਨਿਆਂ ‘ਚ ਸ਼ਾਮਲ ਹੋਣ ਦਾ ਯਤਨ ਕੀਤਾ ਤਾਂ ਤਕਰਾਰ ਵੀ ਹੋਇਆ ਤੇ ਅਕਾਲੀ ਆਗੂਆਂ ਨੂੰ ਧਰਨਿਆਂ ‘ਚ ਸ਼ਾਮਲ ਵੀ ਨਹੀਂ ਹੋਣ ਦਿੱਤਾ ਗਿਆ।
____________________________
ਸੁਖਬੀਰ ਬਾਦਲ ਕਿਸਾਨ ਸੰਘਰਸ਼ ਨੂੰ ਸਾਬੋਤਾਜ ਕਰਨ ਲੱਗਾ: ਸਿੱਧੂ
ਚੰਡੀਗੜ੍ਹ: ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਤੇ ਸਮੂਹ ਪੰਜਾਬੀਆਂ ਵੱਲੋਂ ਕਿਸਾਨ ਮਾਰੂ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਵਿੱਢੇ ਗਏ ਫੈਸਲਾਕੁਨ ਸੰਘਰਸ਼ ਨੂੰ ਸਾਬੋਤਾਜ ਕਰਨ ਦਾ ਦੋਸ਼ ਲਾਇਆ। ਸਿੱਧੂ ਨੇ ਬਾਦਲ ਨੂੰ ਮੌਕਾਪ੍ਰਸਤ ਵਿਅਕਤੀ ਗਰਦਾਨਦਿਆਂ ਕਿਹਾ ਕਿ ਪੂਰੇ ਚਾਰ ਮਹੀਨੇ ਖੇਤੀ ਕਾਨੂੰਨਾਂ ਦੀ ਹਮਾਇਤ ਕਰਨ ਤੋਂ ਬਾਅਦ ਜਦੋਂ ਲੋਕਾਂ ਦਾ ਰੋਹ ਅਸਮਾਨੀ ਚੜ੍ਹਦਾ ਦਿੱਸਿਆ ਤਾਂ ਉਸ ਨੇ ਝੱਟ ਗਿਰਗਟ ਵਾਂਗ ਰੰਗ ਬਦਲ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ।
____________________________
ਸਾਂਪਲਾ ਨੇ ਅਕਾਲੀ ਦਲ ਦੀ ਪੋਲ ਖੋਲ੍ਹੀ: ਜਾਖੜ
ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਝੂਠ ਕਿ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਖੇਤੀ ਬਿੱਲਾਂ ਸਬੰਧੀ ਹਨੇਰੇ ਵਿਚ ਰੱਖਿਆ ਸੀ, ਦਾ ਪਰਦਾਫਾਸ਼ ਉਨ੍ਹਾਂ ਦੇ ਭਾਗੀਦਾਰਾਂ ਨੇ ਹੀ ਕਰ ਦਿੱਤਾ ਹੈ। ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਆਗੂ ਵਿਜੈ ਸਾਂਪਲਾ ਦੇ ਤਾਜ਼ਾ ਬਿਆਨ ਨੇ ਅਕਾਲੀ ਦਲ ਦੀ ਲੋਕਾਂ ਨੂੰ ਗੁਮਰਾਹ ਕਰਨ ਦੀ ਰਾਜਨੀਤੀ ਦਾ ਭਾਂਡਾ ਭੰਨ ਦਿੱਤਾ ਹੈ।
ਜ਼ਿਕਰਯੋਗ ਹੈ ਕਿ ਸ੍ਰੀ ਸਾਂਪਲਾ ਨੇ ਆਪਣੇ ਇਕ ਬਿਆਨ ਵਿਚ ਆਖਿਆ ਸੀ ਕਿ ਭਾਜਪਾ ਦੀ ਅਗਵਾਈ ਵਾਲੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਖੇਤੀ ਕਾਨੂੰਨਾਂ ਦੇ ਮੁੱਦੇ ‘ਤੇ ਪੰਜਾਬ ਦੇ ਕਿਸਾਨਾਂ ਨੂੰ ਸਮਝਾਉਣ ਦੀ ਜ਼ਿੰਮੇਵਾਰੀ ਆਪਣੇ ਭਾਈਵਾਲ ਸ਼੍ਰੋਮਣੀ ਅਕਾਲੀ ਦਲ ਦੀ ਲਗਾਈ ਸੀ ਅਤੇ ਅਕਾਲੀ ਦਲ ਦੇ ਆਗੂ ਇਹ ਫਰਜ਼ ਨਿਭਾਉਣ ਵਿਚ ਨਾਕਾਮਯਾਬ ਰਹੇ। ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਆਗੂ ਦੇ ਇਸ ਬਿਆਨ ਨੇ ਅਕਾਲੀ ਦਲ ਦੇ ਉਸ ਝੂਠ ਨੂੰ ਬੇਨਕਾਬ ਕਰ ਦਿੱਤਾ ਹੈ, ਜਿਸ ਰਾਹੀਂ ਉਹ ਆਖ ਰਹੇ ਸਨ ਕਿ ਕੇਂਦਰ ਸਰਕਾਰ ਨੇ ਕਾਲੇ ਖੇਤੀ ਬਿੱਲਾਂ ਸਬੰਧੀ ਪਹਿਲਾਂ ਕੋਈ ਜਾਣਕਾਰੀ ਨਹੀਂ ਦਿੱਤੀ।
ਉਨ੍ਹਾਂ ਕਿਹਾ ਕਿ ਅਸਲ ਵਿਚ ਅਕਾਲੀ ਆਗੂ ਪੰਜਾਬ ਵਿਚ ਭਾਜਪਾ ਦੇ ਏਜੰਟ ਵਜੋਂ ਕੰਮ ਕਰ ਰਹੇ ਹਨ, ਜੋ ਕਿਸਾਨਾਂ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਹਨ ਅਤੇ ਹਾਲੇ ਵੀ ਉਹ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਵਿਚ ਜੁਟੇ ਹੋਏ ਹਨ।