ਦਿੱਲੀ ਦੇ ਅਕਾਲੀਆਂ ਵੱਲੋਂ ਐਨ.ਡੀ.ਏ. ਦੇ ਅਹੁਦੇ ਛੱਡਣ ਦਾ ਫੈਸਲਾ

ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲੋਂ ਤੋੜ-ਵਿਛੋੜਾ ਕਰਨ ਮਗਰੋਂ ਪਾਰਟੀ ਦੀ ਦਿੱਲੀ ਇਕਾਈ ਨੇ ਵੀ ਆਪਣੇ ਇਸ ਸਹਿਯੋਗੀ ਦੇ ਦਿੱਤੇ ਅਹੁਦਿਆਂ ਨੂੰ ਛੱਡਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਸ਼ੁਰੂਆਤ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ (ਜਨਰਲ ਸਕੱਤਰ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ) ਦੀ ਪਤਨੀ ਮਨਪ੍ਰੀਤ ਕੌਰ ਕਾਲਕਾ ਨੇ ਦੱਖਣੀ ਦਿੱਲੀ ਨਗਰ ਨਿਗਮ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਕੀਤੀ ਹੈ।

ਪਾਰਟੀ ਦੇ ਦਫਤਰ ਵਿਚ ਦਿੱਲੀ ਇਕਾਈ ਦੀ ਕੋਰ ਕਮੇਟੀ ਦੀ ਮੀਟਿੰਗ ਸੱਦੀ ਗਈ, ਜਿਸ ਵਿਚ ਉਨ੍ਹਾਂ ਸੰਵਿਧਾਨਕ ਅਹੁਦੇਦਾਰੀਆਂ ਛੱਡਣ ਦਾ ਫੈਸਲਾ ਕੀਤਾ। ਸ਼੍ਰੋਮਣੀ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਐਲਾਨ ਕੀਤਾ ਹੈ ਕਿ ਪਾਰਟੀ ਦੇ ਸਾਰੇ ਆਗੂ ਤੇ ਵਰਕਰ ਭਾਜਪਾ ਨਾਲ ਸਾਂਝ ਵਾਲੀਆਂ ਸਾਰੀਆਂ ਅਹੁਦੇਦਾਰੀਆਂ ਤੋਂ ਅਸਤੀਫਾ ਦੇ ਦੇਣਗੇ। ਸ੍ਰੀ ਕਾਲਕਾ ਨੇ ਕਿਹਾ ਕਿ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਐਨ.ਡੀ.ਏ. ਨਾਲੋਂ ਵੱਖ ਹੋਣ ਦੇ ਐਲਾਨ ਤਹਿਤ ਹੀ ਦਿੱਲੀ ਕੋਰ ਕਮੇਟੀ ਨੇ ਇਹ ਫੈਸਲਾ ਲਿਆ ਹੈ। ਉਨ੍ਹਾਂ ਪਾਰਟੀ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਜ਼ਿੰਮੇਵਾਰੀ ਸਮਝਦਿਆਂ ਆਪਣੇ-ਆਪ ਅਸਤੀਫੇ ਦੇ ਦੇਣ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਹੁਣ ਭਾਜਪਾ ਨਾਲ ਕੋਈ ਸਾਂਝ ਨਹੀਂ ਰਹੀ। ਪਾਰਟੀ ਦੀ ਕੌਮੀ ਲੀਡਰਸ਼ਿਪ ਦੇ ਫੈਸਲੇ ਅਨੁਸਾਰ ਅਗਲਾ ਸਿਆਸੀ ਸਫਰ ਇਕੱਲਿਆਂ ਹੀ ਤੈਅ ਕੀਤਾ ਜਾਵੇਗਾ।
____________________________
ਐਨ.ਡੀ.ਏ. ਨੇ ਪੰਜਾਬ ਨੂੰ ਅੱਖੋਂ ਪਰੋਖੇ ਕੀਤਾ: ਹਰਸਿਮਰਤ
ਨਵੀਂ ਦਿੱਲੀ: ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਕੇਂਦਰ ‘ਚ ਭਾਜਪਾ ਦੀ ਅਗਵਾਈ ਵਾਲੀ ਐਨ.ਡੀ.ਏ. ਸਰਕਾਰ ਨੇ ਪੰਜਾਬ ਨੂੰ ਹਮੇਸ਼ਾ ਅੱਖੋਂ ਪਰੋਖੇ ਕੀਤਾ ਅਤੇ ਇਹ ਉਹ ਗਠਜੋੜ ਨਹੀਂ ਹੈ ਜਿਸ ਦੀ ਕਲਪਨਾ ਮਰਹੂਮ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਨੇ ਕੀਤੀ ਸੀ। ਅਕਾਲੀ ਦਲ (ਬ) ਵੱਲੋਂ ਭਾਜਪਾ ਨਾਲ ਗਠਜੋੜ ਤੋੜਨ ਦੇ ਕੀਤੇ ਐਲਾਨ ਤੋਂ ਬਾਅਦ ਹਰਸਿਮਰਤ ਨੇ ਟਵੀਟ ਕੀਤਾ ਕਿ ਕਿ ਜੇਕਰ ਤਿੰਨ ਕਰੋੜ ਪੰਜਾਬੀਆਂ ਦਾ ਦਰਦ ਅਤੇ ਵਿਰੋਧ ਪ੍ਰਦਰਸ਼ਨ ਕੇਂਦਰ ਦੇ ਸਖਤ ਰੁਖ ਨੂੰ ਪਿਘਲਾਉਣ ‘ਚ ਅਸਫਲ ਰਹਿੰਦਾ ਹੈ ਤਾਂ ਇਸ ਐਨ.ਡੀ.ਏ. ਦੀ ਕਲਪਨਾ ਵਾਜਪਾਈ ਜੀ ਅਤੇ ਬਾਦਲ ਸਾਹਿਬ ਵਲੋਂ ਨਹੀਂ ਕੀਤੀ ਗਈ ਸੀ।
____________________________
ਭਾਜਪਾ ਨੇ ਇਕ ਸਾਲ ‘ਚ ਗਵਾਏ ਦੋ ਸਭ ਤੋਂ ਪੁਰਾਣੇ ਭਾਈਵਾਲ
ਨਵੀਂ ਦਿੱਲੀ: ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਜਪਾ ਨਾਲ ਆਪਣੇ ਲਗਭਗ ਢਾਈ ਦਹਾਕੇ ਪੁਰਾਣੇ ਸਬੰਧ ਤੋੜਨ ਤੋਂ ਬਾਅਦ ਭਗਵਾ ਪਾਰਟੀ ਨੇ ਇਕ ਸਾਲ ਦੇ ਅੰਦਰ ਆਪਣੇ ਦੋ ਸਭ ਤੋਂ ਪੁਰਾਣੇ, ਭਰੋਸੇਯੋਗ ਤੇ ਵਿਚਾਰਕ ਰੂਪ ਨਾਲ ਇਕਜੁੱਟ ਸਹਿਯੋਗੀਆਂ ਨੂੰ ਗਵਾ ਦਿੱਤਾ ਹੈ।
ਸੱਤਾਧਾਰੀ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ.) ਤੋਂ ਅਕਾਲੀ ਦਲ ਦਾ ਤੋੜ ਵਿਛੋੜਾ ਸ਼ਾਇਦ ਹੀ ਮੋਦੀ ਸਰਕਾਰ ਨੂੰ ਪ੍ਰਭਾਵਿਤ ਕਰੇ ਪਰ ਇਹ ਸਰਹੱਦੀ ਸੂਬੇ ਪੰਜਾਬ ‘ਚ ਭਾਜਪਾ ਦੀ ਸਥਿਤੀ ਨੂੰ ਜ਼ਰੂਰੀ ਪਤਲੀ ਕਰ ਦੇਵੇਗਾ, ਜਿਥੇ ਉਸ ਦਾ ਗੱਠਜੋੜ ਰਾਜਨੀਤਿਕ ਹੋਣ ਦੇ ਨਾਲ ਸਮਾਜਿਕ ਵੀ ਸੀ ਤੇ ਦੋ ਵੱਖ-ਵੱਖ ਸਮੂਹਾਂ ਵਾਲੇ ਵੋਟਰਾਂ ਦਾ ਸਮਰਥਨ ਮਿਲਦਾ ਸੀ। ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਊਤ ਨੇ ਖੇਤੀ ਕਾਨੂੰਨਾਂ ਖਿਲਾਫ ਅਕਾਲੀ ਦਲ ਵੱਲੋਂ ਐਨ.ਡੀ.ਏ. ਛੱਡਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪਿਛਲੇ ਕੁਝ ਸਾਲਾਂ ‘ਚ ਤੇਲਗੂ ਦੇਸ਼ਮ ਪਾਰਟੀ (ਟੀ.ਡੀ.ਪੀ.) ਤੇ ਸ਼ਿਵ ਸੈਨਾ ਤੋਂ ਬਾਅਦ ਅਕਾਲੀ ਦਲ ਤੀਜੀ ਪਾਰਟੀ ਹੈ, ਜਿਸ ਨੇ ਗੱਠਜੋੜ ਨੂੰ ਤਿਆਗ ਦਿੱਤਾ ਹੈ।
ਤ੍ਰਿਣਮੂਲ ਕਾਂਗਰਸ ਪਾਰਟੀ ਦੇ ਕੌਮੀ ਬੁਲਾਰੇ ਤੇ ਪਾਰਟੀ ਦੇ ਰਾਜ ਸਭਾ ਮੈਂਬਰ ਡੈਰੇਕ ਓ ਬਰਾਇਨ ਨੇ ਟਵੀਟ ਕਰਕੇ ਕਿਹਾ ਕਿ ਅਸੀਂ ਅਕਾਲੀ ਦਲ ਤੇ ਸੁਖਬੀਰ ਸਿੰਘ ਵੱਲੋਂ ਕਿਸਾਨਾਂ ਦੇ ਹਿਤਾਂ ‘ਚ ਲਏ ਫੈਸਲੇ ਦਾ ਸਮਰਥਨ ਕਰਦੇ ਹਾਂ, ਕਿਉਂਕਿ ਕਿਸਾਨਾਂ ਦੇ ਹੱਕਾਂ ਲਈ ਲੜਨਾ ਤ੍ਰਿਣਮੂਲ ਦੇ ਡੀ.ਐਨ.ਏ. ‘ਚ ਹੈ। ਰਾਸ਼ਟਰਵਾਦੀ ਕਾਂਗਰਸ ਪਾਰਟੀ (ਐਨ.ਸੀ.ਪੀ.) ਦੇ ਸਰਪ੍ਰਸਤ ਸ਼ਰਦ ਪਵਾਰ ਵੱਲੋਂ ਵੀ ਟਵੀਟ ਕਰਕੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਬਾਦਲ ਨੂੰ ਕਿਸਾਨਾਂ ਨਾਲ ਖੜ੍ਹਨ ਲਈ ਧੰਨਵਾਦ ਕੀਤਾ ਗਿਆ।
____________________________
ਭਾਜਪਾ ਨਾਲ ਗੱਠਜੋੜ ਕਿਸਾਨਾਂ ਦੇ ਹਿੱਤਾਂ ਤੋਂ ਅਹਿਮ ਨਹੀਂ: ਸੁਖਬੀਰ
ਤਲਵੰਡੀ ਸਾਬੋ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੋਈ ਵੀ ਗੱਠਜੋੜ ਜਾਂ ਸਰਕਾਰ ਕਿਸਾਨਾਂ ਦੇ ਹਿੱਤਾਂ ਨਾਲੋਂ ਜ਼ਿਆਦਾ ਅਹਿਮ ਨਹੀਂ ਹੈ। ਉਨ੍ਹਾਂ ਐਲਾਨ ਕੀਤਾ ਕਿ ਉਹ ਕਿਸਾਨੀ ਹਿੱਤਾਂ ਲਈ ਹਰ ਲੜਾਈ ਲੜਨਗੇ। ਸੁਖਬੀਰ ਬਾਦਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਵਿਚ ਡਟਿਆ ਹੈ ਅਤੇ ਕਿਸਾਨ ਪ੍ਰਤੀਨਿਧਾਂ ਨੂੰ ਦੱਸ ਦਿੱਤਾ ਹੈ ਕਿ ਜਦੋਂ ਅਤੇ ਜਿਵੇਂ ਵੀ ਲੋੜ ਪਈ ਤਾਂ ਉਹ ਆਪਣੀ ਜ਼ਿੰਮੇਵਾਰੀ ਪੂਰੀ ਕਰਨਗੇ। ਉਨ੍ਹਾਂ ਕਿਹਾ,”ਅਸੀਂ ਸੰਸਦ ਵਿਚ ਖੇਤੀ ਬਿੱਲਾਂ ਖਿਲਾਫ ਵੋਟ ਪਾ ਕੇ ਅਤੇ ਕੇਂਦਰੀ ਮੰਤਰੀ ਮੰਡਲ ਤੋਂ ਅਸਤੀਫਾ ਦੇ ਕੇ ਅਜਿਹਾ ਕਰ ਕੇ ਵਿਖਾਇਆ ਹੈ।” ਸ੍ਰੀ ਬਾਦਲ ਨੇ ਦੱਸਿਆ ਕਿ ਪਾਰਟੀ ਨੇ ਉਦੋਂ ਬਿੱਲਾਂ ਖਿਲਾਫ ਵੋਟ ਪਾਉਣ ਦਾ ਮਨ ਬਣਾ ਲਿਆ ਸੀ ਜਦੋਂ ਐਨ.ਡੀ.ਏ. ਸਰਕਾਰ ਨੇ ਕਿਸਾਨਾਂ ਤੇ ਸ਼੍ਰੋਮਣੀ ਅਕਾਲੀ ਦਲ ਦੀ ਮੰਗ ਅਨੁਸਾਰ ਘੱਟੋ ਘੱਟ ਸਮਰਥਨ ਮੁੱਲ ਨੂੰ ਕਾਨੂੰਨ ਬਣਾਉਣ ਤੋਂ ਨਾਂਹ ਕਰ ਦਿੱਤੀ ਸੀ।