ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਬਰਕਰਾਰ

ਚੰਡੀਗੜ੍ਹ: ਨਾਨਕਸ਼ਾਹੀ ਕੈਲੰਡਰ ਬਾਰੇ ਵਿਵਾਦ ਬਰਕਰਾਰ ਹੈ ਜਿਸ ਕਰਕੇ ਸਿੱਖ ਸੰਗਤ ਭੰਬਲਭੁਸੇ ਦਾ ਸ਼ਿਕਾਰ ਹੋ ਰਹੀ ਹੈ। ਇਸ ਵਿਵਾਦ ਕਾਰਨ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਵੀ ਦੋ ਵਾਰ 12 ਜੂਨ ਤੇ 16 ਜੂਨ ਨੂੰ ਮਨਾਇਆ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ 16 ਜੂਨ ਨੂੰ ਮਨਾਉਣ ਕਰਕੇ ਇਸ ਵਾਰ ਵੀ ਸ਼੍ਰੋਮਣੀ ਕਮੇਟੀ ਨੂੰ ਤੈਅ ਪ੍ਰੋਗਰਾਮ ਮੁਤਾਬਕ ਪਾਕਿ ਸਥਿਤ ਗੁਰਧਾਮਾਂ ਦੀ ਯਾਤਰਾ ਲਈ ਵੀਜ਼ੇ ਨਹੀਂ ਮਿਲੇ ਤੇ ਜਥਾ ਪਛੜ ਕੇ ਪਾਕਿ ਗਿਆ।
ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ 2010 ਵਿਚ ਲਾਗੂ ਕੀਤਾ ਗਿਆ ਸੀ ਪਰ ਇਸ ਨੂੰ ਲਾਗੂ ਕੀਤੇ ਜਾਣ ਮਗਰੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ, ਅਮਰੀਕਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਹੋਰ ਕਈ ਜਥੇਬੰਦੀਆਂ ਵੱਲੋਂ ਪ੍ਰਵਾਨ ਨਹੀਂ ਸੀ ਕੀਤਾ ਗਿਆ ਜਿਸ ਕਾਰਨ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਬਾਰੇ ਸਮੁੱਚੇ ਸਿੱਖ ਜਗਤ ਵਿਚ ਸਹਿਮਤੀ ਨਹੀਂ ਬਣ ਸਕੀ।
ਇਸੇ ਤਰ੍ਹਾਂ ਜਦੋਂ 2003 ਵਿਚ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਗਿਆ ਸੀ ਤਾਂ ਉਸ ਵੇਲੇ ਦੋ ਤਖ਼ਤਾਂ (ਤਖ਼ਤ ਸ੍ਰੀ ਪਟਨਾ ਸਾਹਿਬ ਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ) ਤੇ ਸੰਤ ਸਮਾਜ ਵਲੋਂ ਪ੍ਰਵਾਨ ਨਹੀਂ ਕੀਤਾ ਗਿਆ ਸੀ। ਇਸ ਕਾਰਨ ਉਸ ਵੇਲੇ ਵੀ ਸਮੁੱਚੇ ਸਿੱਖ ਜਗਤ ਵਿਚ ਇਸ ਬਾਰੇ ਸਹਿਮਤੀ ਨਹੀਂ ਬਣ ਸਕੀ ਸੀ। ਇਸ ਤੋਂ ਪਹਿਲਾਂ ਤਾਂ ਇਸੇ ਕੈਲੰਡਰ ਨੂੰ ਲੈ ਕੇ ਉਸ ਵੇਲੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਤੇ ਉਸ ਵੇਲੇ ਦੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਿਚਾਲੇ ਜੰਗ ਸ਼ੁਰੂ ਹੋ ਗਈ ਸੀ।
ਮੂਲ ਨਾਨਕਸ਼ਾਹੀ ਕੈਲੰਡਰ 2003 ਵਿਚ ਲਾਗੂ ਕੀਤਾ ਗਿਆ ਸੀ। ਪਰਵਾਸੀ ਭਾਰਤੀ ਪਾਲ ਸਿੰਘ ਪੁਰੇਵਾਲ ਵੱਲੋਂ ਬਣਾਇਆ ਇਹ ਕੈਲੰਡਰ ਸੂਰਜੀ ਚਾਲ ‘ਤੇ ਆਧਾਰਤ ਸੀ। ਇਸ ਕੈਲੰਡਰ ਦਾ ਨਾਂ ਸ੍ਰੀ ਗੁਰੂ ਨਾਨਕ ਦੇਵ ਨਾਲ ਜੁੜਿਆ ਹੋਣ ਕਾਰਨ ਇਸ ਦੀ ਸ਼ੁਰੂਆਤ ਦਾ ਆਧਾਰ ਉਨ੍ਹਾਂ ਦੇ ਪ੍ਰਕਾਸ਼ ਵਰ੍ਹੇ 1469 ਨੂੰ ਮੰਨਿਆ ਗਿਆ ਸੀ ਤੇ 1469 ਤੋਂ ਹੀ ਨਾਨਕਸ਼ਾਹੀ ਸੰਮਤ ਇਕ ਸ਼ੁਰੂ ਕੀਤਾ ਗਿਆ ਸੀ। ਇਸ ਕੈਲੰਡਰ ਦੀ ਇਕ ਸਾਲ ਦੀ ਲੰਬਾਈ 365 ਦਿਨ ਪੰਜ ਘੰਟੇ 48 ਮਿੰਟ ਸੀ। ਇਸ ਨਾਨਕਸ਼ਾਹੀ ਕੈਲੰਡਰ ਮੁਤਾਬਕ ਸਮੁੱਚੇ ਗੁਰਪੁਰਬ ਤੇ ਸ਼ਹੀਦੀ ਦਿਹਾੜਿਆਂ ਦੀਆਂ ਦਿਨ ਤਾਰੀਖਾਂ ਸਥਾਈ ਤੌਰ ‘ਤੇ ਤੈਅ ਕਰ ਦਿੱਤੀਆਂ ਸਨ ਪਰ ਹੋਲਾ ਮਹੱਲਾ, ਦੀਵਾਲੀ ਤੇ ਸ੍ਰੀ ਗੁਰੂ ਨਾਨਕ ਦੇਵ ਦੇ ਪ੍ਰਕਾਸ਼ ਪੁਰਬ ਦੇ ਦਿਨ ਤੇ ਤਾਰੀਖ ਤੈਅ ਨਹੀਂ ਕੀਤੇ ਗਏ ਸਨ। ਇਨ੍ਹਾਂ ਦੀਆਂ ਤਾਰੀਖਾਂ ਨੂੰ ਪਹਿਲਾਂ ਵਾਲੇ ਬਿਕਰਮੀ ਕੈਲੰਡਰ ਮੁਤਾਬਕ ਹੀ ਰੱਖਿਆ ਗਿਆ ਸੀ।
ਉਸ ਵੇਲੇ ਜਿਨ੍ਹਾਂ ਗੁਰਪੁਰਬਾਂ ਦੀਆਂ ਦਿਨ ਤੇ ਤਾਰੀਖਾਂ ਤੈਅ ਕੀਤੀਆਂ ਗਈਆਂ ਸਨ, ਉਨ੍ਹਾਂ ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਦਿਹਾੜਾ ਹਰ ਵਰ੍ਹੇ 23 ਪੋਹ, ਪੰਜ ਜਨਵਰੀ ਨੂੰ, ਵਿਸਾਖੀ ਇਕ ਵਿਸਾਖ 14 ਅਪਰੈਲ ਨੂੰ, ਸ੍ਰੀ ਗੁਰੂ ਤੇਗ ਬਹਾਦਰ ਦਾ ਪ੍ਰਕਾਸ਼ ਪੁਰਬ ਪੰਜ ਵਿਸਾਖ 18 ਅਪਰੈਲ ਨੂੰ, ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਦੋ ਹਾੜ 16 ਜੂਨ ਨੂੰ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਗੁਰਗੱਦੀ ਦਿਵਸ 17 ਭਾਦੋ ਇਕ ਸਤੰਬਰ ਨੂੰ, ਸ੍ਰੀ ਗੁਰੂ ਤੇਗ ਬਹਾਦਰ ਦਾ ਸ਼ਹੀਦੀ ਦਿਹਾੜਾ 11 ਮੱਘਰ 24 ਨਵੰਬਰ ਨੂੰ, ਸ੍ਰੀ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ 28 ਅੱਸੂ, ਨੌਂ ਅਕਤੂਬਰ ਨੂੰ ਤੈਅ ਕੀਤਾ ਗਿਆ ਸੀ ਪਰ ਕੁਝ ਵਰ੍ਹਿਆਂ ਬਾਅਦ ਹੀ ਕੈਲੰਡਰ ਨੂੰ ਲੈ ਕੇ ਵਧਦੇ ਵਿਵਾਦ ਤਹਿਤ ਇਸ ਵਿਚ ਸੋਧ ਆਰੰਭ ਦਿੱਤੀ ਗਈ ਤੇ 2010 ਵਿਚ ਸੋਧਿਆ ਹੋਇਆ ਨਾਨਕਸ਼ਾਹੀ ਕੈਲੰਡਰ ਲਾਗੂ ਕਰ ਦਿੱਤਾ ਗਿਆ। ਸੋਧਿਆ ਹੋਇਆ ਕੈਲੰਡਰ ਮੁੜ ਬਿਕਰਮੀ ਕੈਲੰਡਰ ਬਣ ਗਿਆ ਤੇ ਇਸ ਦਾ ਨਾਨਕਸ਼ਾਹੀ ਕੈਲੰਡਰ ਵਾਲਾ ਰੂਪ ਖ਼ਤਮ ਹੋ ਗਿਆ। ਇਸ ਸੋਧੇ ਹੋਏ ਕੈਲੰਡਰ ਨੂੰ ਮੁੜ ਚੰਦਰ ਚਾਲ ‘ਤੇ ਆਧਾਰਤ ਕਰ ਦਿੱਤਾ ਗਿਆ ਸੀ ਜਿਸ ਦੇ ਸਾਲ ਵਿਚ 12 ਮਹੀਨਿਆਂ ਦੇ ਦਿਨ ਕਦੇ ਵੀ ਸਥਾਈ ਨਹੀਂ ਹੁੰਦੇ ਜਿਸ ਕਾਰਨ ਗੁਰਪੁਰਬਾਂ ਤੇ ਸ਼ਹੀਦੀ ਦਿਹਾੜਿਆਂ ਦੀਆਂ ਦਿਨ ਤਰੀਕਾਂ ਵੀ ਮੁੜ ਅਸਥਾਈ ਹੋ ਗਈਆਂ। ਸੋਧੇ ਹੋਏ ਨਾਨਕਸ਼ਾਹੀ ਕੈਲੰਡਰ 2012 ਵਿਚ ਅੱਸੂ ਮਹੀਨੇ ਦੇ ਦਿਨ 30 ਸਨ ਜਦੋਂ ਕਿ 2013 ਵਿਚ 31 ਦਿਨ ਹਨ। 2012 ਵਿਚ ਮੱਘਰ ਮਹੀਨੇ ਦੇ 30 ਦਿਨ ਹਨ ਤੇ 2013 ਵਿਚ 29 ਦਿਨ ਹਨ। 2012 ਵਿਚ ਪੋਹ ਮਹੀਨੇ ਦੇ 29 ਦਿਨ ਸਨ ਤੇ 2013 ਵਿਚ 30 ਦਿਨ ਹਨ। ਇਸੇ ਤਰ੍ਹਾਂ ਮਾਘ ਮਹੀਨੇ ਦੇ 2012 ਵਿਚ 30 ਦਿਨ ਸਨ ਤੇ 2013 ਵਿਚ 29 ਦਿਨ ਹਨ।
ਮਹੀਨਿਆਂ ਦੇ ਦਿਨ ਘਟਣ ਵਧਣ ਕਾਰਨ ਗੁਰਪੁਰਬਾਂ ਤੇ ਸ਼ਹੀਦੀ ਦਿਹਾੜੇ ਦੀਆਂ ਤਰੀਕਾਂ ਵੀ ਅਗਾਂਹ ਪਿਛਾਂਹ ਹੋ ਗਈਆਂ ਹਨ। ਸਿੱਟੇ ਵਜੋਂ 2013 ਵਿਚ ਸ੍ਰੀ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਪੁਰਬ 18 ਜਨਵਰੀ ਨੂੰ ਸੀ ਜਦੋਂ ਕਿ 2014 ਵਿਚ ਇਹ ਸੱਤ ਜਨਵਰੀ ਨੂੰ ਆਵੇਗਾ। ਇਸੇ ਤਰ੍ਹਾਂ ਸ੍ਰੀ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ 2012 ਵਿਚ 25 ਮਈ ਨੂੰ ਸੀ ਜਦੋਂਕਿ 2013 ਵਿਚ 12 ਜੂਨ ਨੂੰ ਹੈ।
_______________________
ਮੁੜ ਸੋਧ ਦੀ ਕੋਈ ਤਜਵੀਜ਼ ਨਹੀਂ: ਜਥੇਦਾਰ ਅਵਤਾਰ ਸਿੰਘ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦਾ ਕਹਿਣਾ ਹੈ ਕਿ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਾਨਤਾ ਪ੍ਰਾਪਤ ਹੈ ਤੇ ਫਿਲਹਾਲ ਇਸ ਵਿਚ ਕੋਈ ਨਵੀਂ ਸੋਧ ਦੀ ਕੋਈ ਤਜਵੀਜ਼ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਦੀ ਅਵੱਗਿਆ ਕਰਨਾ ਪਾਕਿ ਕਮੇਟੀ ਦੇ ਪ੍ਰਧਾਨ ਸ਼ ਸ਼ਾਮ ਸਿੰਘ ਲਈ ਘਾਤਕ ਹੋਵੇਗਾ। ਉਨ੍ਹਾਂ ਨੇ ਪਾਕਿਸਤਾਨ ਔਕਾਫ਼ ਬੋਰਡ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ‘ਤੇ ਦੋਸ਼ ਲਾਇਆ ਹੈ ਕਿ ਦੋਵਾਂ ਨੇ ਸੋਧੇ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ 12 ਜੂਨ ਨੂੰ ਸ਼ਹੀਦੀ ਦਿਹਾੜਾ ਮਨਾਉਣ ਵਿਚ ਸਹਿਯੋਗ ਨਹੀਂ ਦਿੱਤਾ।
___________________________________
ਨਾਨਕਸ਼ਾਹੀ ਕੈਲੰਡਰ: ਸਾਰੀਆਂ ਸਿੱਖ ਜਥੇਬੰਦੀਆਂ ਨਾਲ ਸਲਾਹ-ਮਸ਼ਵਰੇ ਦੀ ਸਲਾਹ
ਅੰਮ੍ਰਿਤਸਰ: ਲਾਹੌਰ ਸਥਿਤ ਗੁਰਦੁਆਰਾ ਡੇਹਰਾ ਸਾਹਿਬ ਵਿਖੇ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਗੁਰੂ ਅਰਜਨ ਦੇਵ ਦਾ ਸ਼ਹੀਦੀ ਦਿਹਾੜਾ ਦੂਜੀ ਵਾਰ ਮਨਾਇਆ ਗਿਆ। ਇਸ ਦੌਰਾਨ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਵਿਵਾਦ ਨੂੰ ਹੱਲ ਕਰਨ ਲਈ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਦੀ ਮੀਟਿੰਗ ਸੱਦ ਕੇ ਇਸ ਬਾਰੇ ਫੈਸਲਾ ਕੀਤਾ ਜਾਵੇ ਤੇ ਉਸ ਫੈਸਲੇ ਨੂੰ ਅਕਾਲ ਤਖ਼ਤ ਵੱਲੋਂ ਮਾਨਤਾ ਦਿੱਤੀ ਜਾਵੇ।
ਬੁਲਾਰਿਆਂ ਨੇ ਅਕਾਲ ਤਖ਼ਤ ਨੂੰ ਅਪੀਲ ਕੀਤੀ ਹੈ ਕਿ ਨਾਨਕਸ਼ਾਹੀ ਕੈਲੰਡਰ ਕਾਰਨ ਪੰਥ ਵਿਚ ਪਏ ਵਖਰੇਵੇਂ ਖ਼ਤਮ ਕਰਨ ਲਈ ਆਮ ਸਹਿਮਤੀ ਬਣਾਉਣ ਵਾਸਤੇ ਅਕਾਲ ਤਖ਼ਤ ਦੀ ਅਗਵਾਈ ਹੇਠ ਵਿਸ਼ਵ ਭਰ ਦੀਆਂ ਸਿੱਖ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇ। ਲਾਹੌਰ ਤੋਂ ਅਮਰੀਕੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੋਆਰਡੀਨੇਟਰ ਡਾæ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਸ਼ਹੀਦੀ ਪੁਰਬਸ਼ਰਧਾ ਨਾਲ ਮਨਾਇਆ ਗਿਆ। ਉਨ੍ਹਾਂ ਆਖਿਆ ਕਿ ਨਾਨਕਸ਼ਾਹੀ ਕੈਲੰਡਰ ਕਾਰਨ ਸਮੁੱਚੇ ਪੰਥ ਵਿਚ ਦਰਾੜ ਪੈਦਾ ਹੋ ਗਈ ਹੈ। ਕੈਲੰਡਰ ਵਿਵਾਦ ਨੂੰ ਖ਼ਤਮ ਕਰਨ ਲਈ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਪਹਿਲਕਦਮੀ ਕਰਨ। ਉਨ੍ਹਾਂ ਆਖਿਆ ਕਿ ਕੈਲੰਡਰ ਦੇ ਸੰਸਥਾਪਕ ਪਾਲ ਸਿੰਘ ਪੁਰੇਵਾਲ ਖੁਦ ਵੀ ਕੈਲੰਡਰ ਵਿਚ ਕੀਤੀਆਂ ਗਈਆਂ ਸੋਧਾਂ ਨਾਲ ਸਹਿਮਤ ਨਹੀਂ ਹਨ। ਇਸ ਲਈ ਆਮ ਸਹਿਮਤੀ ਬਣਾਉਣ ਲਈ ਮੁੜ ਵਿਚਾਰ ਕਰਨ ਦੀ ਲੋੜ ਹੈ।
ਇਸ ਦੌਰਾਨ ਪਾਕਿਸਤਾਨ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸ਼ਾਮ ਸਿੰਘ ਨੇ ਆਖਿਆ ਕਿ ਕੈਲੰਡਰ ਵਿਵਾਦ ਬਾਰੇ ਆਮ ਸਹਿਮਤੀ ਬਣਾਈ ਜਾਣੀ ਚਾਹੀਦੀ ਹੈ। ਇਸ ਨੂੰ ਜਬਰੀ ਲਾਗੂ ਕਰਨ ਦਾ ਯਤਨ ਨਹੀਂ ਕੀਤਾ ਜਾਣਾ ਚਾਹੀਦਾ। ਉਨ੍ਹਾਂ ਕਿਹਾ ਕਿ ਭਾਰਤ ਸਮੇਤ ਪਾਕਿਸਤਾਨ, ਅਮਰੀਕਾ, ਯੂਰਪ, ਆਸਟਰੇਲੀਆ, ਕੈਨੇਡਾ, ਨਿਊਜ਼ੀਲੈਂਡ ਦੇ ਨੁਮਾਇੰਦਿਆਂ ਨੂੰ ਸੱਦ ਕੇ ਅਕਾਲ ਤਖ਼ਤ ਦੀ ਅਗਵਾਈ ਹੇਠ ਵਿਚਾਰ ਚਰਚਾ ਕੀਤੀ ਜਾਵੇ।

Be the first to comment

Leave a Reply

Your email address will not be published.