ਭਾਰਤ ਵੀ ਫਾਸ਼ੀਵਾਦ ਵਾਲੇ ਇਟਲੀ ਦੇ ਰਾਹ ਪਿਆ

ਭਾਰਤ ਦੀ ਮੋਦੀ ਹਕੂਮਤ ਨਿਤ ਦਿਨ ਲੋਕਾਂ ‘ਤੇ ਸ਼ਿਕੰਜਾ ਕੱਸ ਰਹੀ ਹੈ। ਉਘੇ ਵਿਦਵਾਨ ਰਾਮਚੰਦਰ ਗੁਹਾ ਨੇ ਇਕ ਕਿਤਾਬ ਦੇ ਹਵਾਲੇ ਨਾਲ ਭਾਰਤ ਦੇ ਇਸ ਨਿਜ਼ਾਮ ਦੀ ਤੁਲਨਾ ਮੁਸੋਲਿਨੀ ਵਾਲੇ ਦੌਰਾ ਦੇ ਇਟਲੀ ਨਾਲ ਕੀਤੀ ਹੈ। ਨਰਿੰਦਰ ਮੋਦੀ ਵਾਂਗ ਮੁਸੋਲਿਨੀ ਨੇ ਵੀ ਮੁਲਕ ਦੀ ਆਰਥਕਤਾ ਤਬਾਹ ਕਰ ਕੇ ਰੱਖ ਦਿੱਤੀ ਸੀ।

-ਸੰਪਾਦਕ

ਰਾਮਚੰਦਰ ਗੁਹਾ

ਮੈਂ ਕਈ ਜੀਵਨੀਆਂ ਪੜ੍ਹੀਆਂ ਹਨ ਜਿਨ੍ਹਾਂ ਵਿਚੋਂ ਬਹੁਤੀਆਂ ਦੂਜੇ ਮੁਲਕਾਂ ਨਾਲ ਸਬੰਧਤ ਹਨ। ਇਕ ਕਿਤਾਬ ਮੈਂ ਹੁਣੇ ਪੜ੍ਹੀ ਹੈ, ਜਿਸ ਦਾ ਨਾਂ ਹੈ ‘ਬੈਨੇਦੇਤੋ ਕਰੋਚੇ ਐਂਡ ਇਟੈਲੀਅਨ ਫਾਸ਼ਿਜ਼ਮ’ ਜੋ ਕੈਨੇਡੀਅਨ ਵਿਦਵਾਨ ਫੈਬੀਓ ਫਰਨੈਂਡੋ ਰਿਜ਼ੀ ਨੇ ਲਿਖੀ ਹੈ। ਇਸ ਵਿਚ ਉਹ ਮਹਾਨ ਦਾਰਸ਼ਨਿਕ ਕਰੋਚੇ ਦੀ ਜ਼ਿੰਦਗੀ ਦੀ ਕਹਾਣੀ ਰਾਹੀਂ ਉਸ ਜ਼ਮਾਨੇ ਦੀ ਦਾਸਤਾਂ ਪਾਉਂਦੇ ਹਨ।
ਰਿਜ਼ੀ ਦੀ ਕਿਤਾਬ ਪੜ੍ਹ ਕੇ ਇੰਜ ਲੱਗਿਆ ਕਿ 1920ਵਿਆਂ ਦੇ ਇਟਲੀ ਅਤੇ ਅਜੋਕੇ ਭਾਰਤ ਵਿਚਕਾਰ ਅਜੀਬੋ-ਗਰੀਬ ਸਮਾਨਤਾਵਾਂ ਹਨ। ਲੇਖਕਾਂ ਅਤੇ ਪ੍ਰਚਾਰਕਾਂ ਨੇ ਡੂਚੇ ਦੀ ਪ੍ਰਤਿਭਾ ਦਾ ਗੁਣਗਾਨ ਕਰਨ ਲਈ ਬੈਨੀਤੋ ਮੁਸੋਲਿਨੀ ਦਾ ਮਿੱਥ ਸਿਰਜਿਆ, ਠੀਕ ਇਵੇਂ ਹੀ ਨਰਿੰਦਰ ਮੋਦੀ ਨਾਲ ਹੋਇਆ ਹੈ। ਇਨ੍ਹਾਂ ਪ੍ਰਚਾਰਕਾਂ ਨੇ ਫਾਸ਼ੀਵਾਦ ਦੇ ਨੇਤਾ ਨੂੰ ‘ਦੈਵੀ ਪੁਰਸ਼’, ‘ਅਕੀਦੇ ਵਾਲਾ ਸ਼ਖਸ ਜਾਂ ਮਹਾਂਪੁਰਸ਼’ ਕਹਿਣਾ ਸ਼ੁਰੂ ਕਰ ਦਿੱਤਾ ਸੀ। ਡੂਚੇ ਦਾ ਮਿੱਥ ਕੁਝ ਇਸ ਤਰ੍ਹਾਂ ਸਿਰਜਿਆ ਗਿਆ, ਜਿਵੇਂ ਚੀਫ ਹਰ ਵਕਤ ਸਹੀ ਹੁੰਦਾ ਹੈ।
ਦਸੰਬਰ 1925 ਵਿਚ ਇਤਾਲਵੀ ਸਰਕਾਰ ਨੇ ਨਵਾਂ ਕਾਨੂੰਨ ਪਾਸ ਕੀਤਾ ਜੋ ਪ੍ਰੈਸ ਅਤੇ ਇਸ ਦੀ ਆਜ਼ਾਦੀ ਲਈ ਬਹੁਤ ਕਠੋਰ ਸੀ। ਕਾਨੂੰਨ ਦੇ ਸਿੱਟੇ ਅਜਿਹੇ ਨਿਕਲੇ ਕਿ ਕੁਝ ਮਹੀਨਿਆਂ ਦੇ ਅੰਦਰ ਹੀ ਇਕ-ਇਕ ਕਰ ਕੇ ਬਹੁਤ ਸਾਰੇ ਅਹਿਮ ਅਖਬਾਰ ਫਾਸ਼ੀਵਾਦੀ ਕੰਟਰੋਲ ਹੇਠ ਆ ਗਏ। ਕੁਝ ਮਾਲਕਾਂ ਨੂੰ ਆਰਥਕ ਅਤੇ ਸਿਆਸੀ ਦਬਾਅ ਪਾ ਕੇ ਅਖਬਾਰ ਵੇਚ ਦੇਣ ਲਈ ਮਜਬੂਰ ਕਰ ਦਿੱਤਾ ਗਿਆ। ਸਾਰੇ ਉਦਾਰਵਾਦੀ ਸੰਪਾਦਕਾਂ ਨੂੰ ਅਸਤੀਫੇ ਦੇਣ ਲਈ ਮਜਬੂਰ ਕੀਤਾ ਗਿਆ ਅਤੇ ਉਨ੍ਹਾਂ ਦੀ ਥਾਂ ਹਾਂ ਵਿਚ ਹਾਂ ਮਿਲਾਉਣ ਵਾਲੇ ਬਿਠਾ ਦਿੱਤੇ ਗਏ।
1925 ਦੇ ਉਸੇ ਸਾਲ ਬੈਨੇਦੇਤੋ ਕਰੋਚੇ ਨੇ ਸੱਤਾਧਾਰੀ ਪਾਰਟੀ ਅਤੇ ਮੁਸੋਲਿਨੀ ਦੀ ਵਿਚਾਰਧਾਰਾ ਦੀ ਨਿਖੇਧੀ ਕਰਦਿਆਂ ਇਸ ਨੂੰ ‘ਸੱਤਾ ਅਤੇ ਦਮਗਜ਼ੇਬਾਜ਼ੀ ਪ੍ਰਤੀ ਫਰਿਆਦ, ਕਾਨੂੰਨ ਦੀ ਨਿਸ਼ਠਾ ਅਤੇ ਕਾਨੂੰਨ ਦੀ ਅਵਹੇਲਨਾ, ਅਤਿ ਆਧੁਨਿਕ ਸੰਕਲਪਾਂ ਅਤੇ ਦਕੀਆਨੂਸੀ, ਤਹਿਜ਼ੀਬ ਦੀ ਨਿਖੇਧੀ ਅਤੇ ਨਵੀਂ ਤਹਿਜ਼ੀਬ ਦੀ ਸਿਰਜਣਾ ‘ਤੇ ਜ਼ੋਰ ਆਦਿ… ਦਾ ਅਜੀਬੋ ਗਰੀਬ ਮਿਲਗੋਭਾ’ ਕਰਾਰ ਦਿੱਤਾ। ਇਸ ਲਿਹਾਜ਼ ਤੋਂ 1920ਵਿਆਂ ਦਾ ਇਤਾਲਵੀ ਰਾਜ ਅਜੋਕੀ ਨਰਿੰਦਰ ਮੋਦੀ ਦੀ ਸਰਕਾਰ ਨਾਲ ਬਹੁਤ ਮੇਲ ਖਾਂਦਾ ਹੈ ਜੋ ਸੰਵਿਧਾਨ ਦੇ ਸਤਿਕਾਰ ਦੀਆਂ ਬਹੁਤ ਗੱਲਾਂ ਕਰਦੀ ਹੈ ਪਰ ਇਸ ਦੀ ਰੂਹ ਨੂੰ ਲਤਾੜ ਰਹੀ ਹੈ, ਜੋ ਪ੍ਰਾਚੀਨ ਗਿਆਨ ਦੇ ਹੋਕਰੇ ਲਾਉਂਦੀ ਹੈ ਪਰ ਆਧੁਨਿਕ ਵਿਗਿਆਨ ਨੂੰ ਦਰਕਿਨਾਰ ਕਰਦੀ ਆ ਰਹੀ ਹੈ, ਜੋ ਪ੍ਰਾਚੀਨ ਸਭਿਆਚਾਰ ਨੂੰ ਵਡਿਆਉਂਦੀ ਹੈ ਪਰ ਅਮਲ ਵਿਚ ਕਲਾ ਤੇ ਸਾਹਿਤ ਨੂੰ ਪੂਰੀ ਤਰ੍ਹਾਂ ਦੁਰਕਾਰਦੀ ਹੈ।
ਹਾਲਾਂਕਿ ਬਹੁਤੇ ਆਜ਼ਾਦ ਸੋਚ ਇਤਾਲਵੀ ਬੁੱਧੀਜੀਵੀਆਂ ਨੂੰ ਮਜਬੂਰਨ ਜਲਾਵਤਨ ਹੋਣਾ ਪਿਆ ਪਰ ਬੈਨੇਦੇਤੋ ਕਰੋਚੇ ਨੇ ਆਪਣਾ ਵਤਨ ਨਾ ਛੱਡਿਆ ਤੇ ਉਹ ਇਟਲੀ ਵਿਚ ਰਹਿ ਕੇ ਫਾਸ਼ੀਵਾਦ ਖਿਲਾਫ ਬੌਧਿਕ ਤੇ ਇਖਲਾਕੀ ਸੁਰ ਨੂੰ ਆਵਾਜ਼ ਦਿੰਦੇ ਰਹੇ। ਕਰੋਚੇ ਦੇ ਜੀਵਨੀਕਾਰ ਇੰਜ ਲਿਖਦੇ ਹਨ: “ਸਰਕਾਰ ਜਨ ਮਾਧਿਅਮਾਂ ਅਤੇ ਸਿੱਖਿਆ ਤੰਤਰ ਰਾਹੀਂ ਮੁਸੋਲਿਨੀ ਦਾ ਅਕਸ ਉਭਾਰਨ ਵਿਚ ਜੁਟੀ ਹੋਈ ਸੀ ਤਾਂ ਕਿ ਨਵੀਂ ਪੀੜ੍ਹੀ ਵਿਚ ਸੱਤਾ ਪ੍ਰਤੀ ਸਮਰਪਣ ਦੀ ਭਾਵਨਾ ਭਰੀ ਜਾਵੇ ਅਤੇ ਉਹ ਡੂਚੇ ਨਾਲ ਰਹੱਸਮਈ ਇਕਮਿਕਤਾ ਮਹਿਸੂਸ ਕਰ ਸਕੇ ਅਤੇ ਬਿਨਾ ਕੋਈ ਸਵਾਲ ਪੁੱਛੇ ਵਿਸ਼ਵਾਸ ਕਰੇ, ਆਗਿਆ ਮੰਨੇ ਅਤੇ ਲੜੇ” ਜਦਕਿ ਕਰੋਚੇ ਆਜ਼ਾਦੀ ਦਾ ਪ੍ਰਚਾਰ ਕਰਦੇ, ਇਨਸਾਨ ਦੇ ਗੌਰਵ ਦੀ ਬਾਤ ਪਾਉਂਦੇ, ਇਨਸਾਨ ਨੂੰ ਆਜ਼ਾਦ ਕਾਰਕ ਮੰਨਦੇ ਅਤੇ ਵਿਅਕਤੀਗਤ ਫੈਸਲੇ ਅਤੇ ਨਿੱਜੀ ਜ਼ਿੰਮੇਵਾਰੀ ਪਛਾਣਨ ਦਾ ਹੋਕਾ ਦੇ ਕੇ ਉਦਾਰਵਾਦੀ ਕਦਰਾਂ ਕੀਮਤਾਂ ਦਾ ਪ੍ਰਚਾਰ ਪ੍ਰਸਾਰ ਕਰਦੇ ਸਨ।
ਰਿਜ਼ੀ ਦੀ ਕਿਤਾਬ ਪੜ੍ਹਦਿਆਂ ਮੇਰੀ ਨਜ਼ਰ ਵਿਚ ਇਹ ਪੈਰਾ ਆਇਆ: “1926 ਦਾ ਸਾਲ ਖਤਮ ਹੁੰਦਿਆਂ ਉਦਾਰਵਾਦੀ ਇਟਲੀ ਮਰ ਗਿਆ ਸੀ। ਮੁਸੋਲਿਨੀ ਨੇ ਆਪਣੀ ਤਾਕਤ ਪੱਕੇ ਪੈਰੀਂ ਕਰ ਲਈ ਅਤੇ ਆਪਣੀ ਤਾਨਾਸ਼ਾਹੀ ਜਾਰੀ ਰੱਖਣ ਦੇ ਕਾਨੂੰਨੀ ਔਜ਼ਾਰ ਜਮ੍ਹਾਂ ਕਰ ਲਏ। ਸਿਆਸੀ ਪਾਰਟੀਆਂ ਨੂੰ ਗੈਰਕਾਨੂੰਨੀ ਕਰਾਰ ਦੇ ਦਿੱਤਾ ਅਤੇ ਪ੍ਰੈਸ ਦੀ ਆਜ਼ਾਦੀ ਤਬਾਹ ਕਰ ਦਿੱਤੀ। ਵਿਰੋਧੀ ਧਿਰ ਨੂੰ ਨਿਹੱਥਾ ਕਰ ਦਿੱਤਾ ਗਿਆ ਅਤੇ ਪਾਰਲੀਮੈਂਟ ਨਪੁੰਸਕ ਹੋ ਕੇ ਰਹਿ ਗਈ। 1927 ਤੱਕ ਕੋਈ ਵੀ ਸਿਆਸੀ ਸਰਗਰਮੀ ਤਕਰੀਬਨ ਅਸੰਭਵ ਹੋ ਗਈ, ਜਨਤਕ ਤਾਂ ਕੀ ਨਿੱਜੀ ਚਿੱਠੀਆਂ ਵਿਚ ਵੀ ਨੁਕਤਾਚੀਨੀ ਖਤਰਨਾਕ ਬਣ ਗਈ। ਸਿਵਲ ਮੁਲਾਜ਼ਮਾਂ ਨੂੰ ਸਰਕਾਰੀ ਨੀਤੀ ਤੋਂ ਉਲਟ ਰਾਏ ਪ੍ਰਗਟਾਉਣ ਬਦਲੇ ਨੌਕਰੀ ਤੋਂ ਹੱਥ ਧੋਣੇ ਪੈਂਦੇ। ਇਲਾਵਾ ਗ੍ਰਹਿ ਮੰਤਰਾਲੇ ਵਿਚ ਇਕ ਸ਼ਕਤੀਸ਼ਾਲੀ ਤੇ ਡਾਢੀ ਪੁਲਿਸ ਡਿਵੀਜ਼ਨ ਕਾਇਮ ਕੀਤੀ ਗਈ ਜਿਸ ਦੀ ਕਮਾਂਡ ਸਿੱਧੇ ਤੌਰ ‘ਤੇ ਪੁਲਿਸ ਮੁਖੀ ਕੋਲ ਸੀ, ਇਕ ਨਵੀਂ ਤੇ ਕੁਸ਼ਲ ਖੁਫੀਆ ਪੁਲਿਸ ਸੰਸਥਾ ਕਾਇਮ ਕੀਤੀ ਗਈ ਜੋ ‘ਓਵਰਾ’ ਦੇ ਨਾਂ ਨਾਲ ਬਦਨਾਮ ਸੀ ਤੇ ਜਿਸ ਦਾ ਮਕਸਦ ਫਾਸ਼ੀਵਾਦ ਵਿਰੋਧੀਆਂ ਅਤੇ ਸਰਕਾਰ ਵਿਰੋਧੀ ਸੁਰ ਰੱਖਣ ਵਾਲਿਆਂ ਦਾ ਦਮਨ ਕਰਨਾ ਸੀ। ਥੋੜ੍ਹੇ ਹੀ ਸਮੇਂ ਵਿਚ ਇਸ ਨੇ ਇਕ ਲੱਖ ਤੋਂ ਜ਼ਿਆਦਾ ਲੋਕਾਂ ਦੀਆਂ ਫਾਈਲਾਂ ਬਣਾ ਲਈਆਂ ਜਿਨ੍ਹਾਂ ਵਿਚ ਫਾਸ਼ੀਵਾਦੀ ਆਗੂ ਵੀ ਸ਼ਾਮਲ ਸਨ ਅਤੇ ਵਿਸ਼ੇਸ਼ ਏਜੰਟਾਂ, ਜਾਸੂਸਾਂ ਅਤੇ ਮੁਖਬਰਾਂ ਦਾ ਅਜਿਹਾ ਤਾਣਾ ਬਣਾ ਲਿਆ ਜਿਸ ਦੀ ਪਹੁੰਚ ਦੇਸ਼ ਵਿਚ ਹੀ ਨਹੀ ਸਗੋਂ ਵਿਦੇਸ਼ ਤੱਕ ਸੀ।”
ਮੈਂ ਰਿਜ਼ੀ ਦੀ ਕਿਤਾਬ ਦੀਆਂ ਇਹ ਸਤਰਾਂ ਉਤਾਰ ਰਿਹਾ ਸਾਂ ਤਾਂ ਖਬਰ ਆਈ ਕਿ ਗ੍ਰਹਿ ਮੰਤਰਾਲੇ ਨੇ ਦੇਸ਼ ਦੇ ਨਾਗਰਿਕਾਂ ਦੀ ਚੱਤੋ-ਪਹਿਰ ਜਾਸੂਸੀ ਲਈ ਵਿੱਤ ਕਮਿਸ਼ਨ ਤੋਂ 50000 ਕਰੋੜ ਰੁਪਏ ਮੰਗੇ ਹਨ। ਇਹ ਸਭ ਕੁਝ ਉਦੋਂ ਹੋ ਰਿਹਾ ਹੈ ਜਦੋਂ ਕੇਂਦਰ ਸਰਕਾਰ ਰਾਜਾਂ ਨੂੰ ਉਨ੍ਹਾਂ ਦੇ ਹਿੱਸੇ ਦੇ ਫੰਡ ਦੇਣ ਤੋਂ ਇਨਕਾਰੀ ਹੈ; ਜਦਕਿ ਗ੍ਰਹਿ ਮੰਤਰਾਲੇ ਵਲੋਂ ਆਜ਼ਾਦ ਖਿਆਲ ਚਿੰਤਕਾਂ, ਕਾਰਕੁਨਾਂ ਅਤੇ ਪੱਤਰਕਾਰਾਂ ਨੂੰ ਝੂਠੇ ਕੇਸਾਂ ਵਿਚ ਫਸਾ ਕੇ ਆਪਣੇ ਅਖਤਿਆਰਾਂ ਦੀ ਖਤਰਨਾਕ ਹੱਦ ਤੱਕ ਦੁਰਵਰਤੋਂ ਕੀਤੀ ਜਾ ਰਹੀ ਹੈ। ਇੱਥੇ ਰਿਜ਼ੀ ਵਲੋਂ 1929 ਵਿਚ ਇਤਾਲਵੀ ਪਾਰਲੀਮੈਂਟ ਦਾ ਖਿੱਚਿਆ ਖਾਕਾ ਦੇਖੋ: “ਪਾਰਲੀਮੈਂਟ ਸਰਕਾਰ ਦੇ ਫੈਸਲਿਆਂ ਲਈ ਰਬੜ ਦੀ ਮੋਹਰ ਬਣ ਗਈ। ਵਿਰੋਧੀ ਧਿਰ ਦੇ ਕੁਝ ਬਚੇ ਖੁਚੇ ਮੈਂਬਰਾਂ ਦੀਆਂ ਤਕਰੀਰਾਂ ਨੂੰ ਅਣਗੌਲਿਆਂ ਕਰ ਦਿੱਤਾ ਜਾਂਦਾ ਜਾਂ ਸੱਤਾਧਿਰ ਤੇ ਜਨਤਕ ਮੰਚਾਂ ਤੋਂ ਚੀਕ ਚਿਹਾੜਾ ਪਾ ਕੇ ਚੁੱਪ ਕਰਵਾ ਦਿੱਤਾ ਜਾਂਦਾ ਸੀ।”
ਫੈਬੀਓ ਫਰਨੈਂਡੋ ਰਿਜ਼ੀ ਦੀ ਕਿਤਾਬ ਵਿਚ ਇਕ ਦੇਸ਼ ਦੇ ਇਕ ਵਿਅਕਤੀ ‘ਤੇ ਧਿਆਨ ਕੇਂਦਰਤ ਕੀਤਾ ਗਿਆ ਸੀ ਤੇ ਕੋਈ ਤੁਲਨਾਤਮਿਕ ਵਿਸ਼ਲੇਸ਼ਣ ਨਹੀਂ ਕੀਤਾ ਗਿਆ ਸੀ। ਉਂਜ, ਚਲਦੇ-ਚਲਦੇ ਲੇਖਕ ਨੇ ਟਿੱਪਣੀ ਕੀਤੀ ਸੀ: “ਇਤਾਲਵੀ ਫਾਸ਼ੀਵਾਦ ਨੇ ਤਾਨਾਸ਼ਾਹ ਹਕੂਮਤ ਕਾਇਮ ਕੀਤੀ, ਦੂਰ ਤੱਕ ਆਪਣੀ ਪਹੁੰਚ ਵਧਾ ਲਈ ਪਰ ਇਸ ਕੋਲ ਇੰਨਾ ਸਮਾਂ ਤੇ ਸ਼ਾਇਦ ਸਮੱਰਥਾ ਨਹੀਂ ਸੀ ਕਿ ਇਕ ਪੁਰਖੀ ਸਮਾਜ ਉਸਾਰ ਸਕੇ। ‘ਇਸ ਲਿਖਤ ਦਾ ਮਤਲਬ ਹੈ ਕਿ ਭਾਵੇਂ ਮੁਸੋਲਿਨੀ ਦਾ ਇਟਲੀ ਕਿੰਨਾ ਵੀ ਭਿਅੰਕਰ ਸੀ ਪਰ ਇਸ ਪੱਖੋਂ ਇਹ ਹਿਟਲਰ ਦੇ ਜਰਮਨੀ ਦੇ ਨੇੜੇ ਤੇੜੇ ਵੀ ਨਹੀਂ ਸੀ।’ ਬੈਨੇਦੇਤੋ ਕਰੋਚੇ ਦੀ ਇਹ ਬੌਧਿਕ ਜੀਵਨੀ ਪੜ੍ਹਨ ਤੋਂ ਬਾਅਦ ਮੈਂ ਡੇਵਿਡ ਗਿਲਮੌਰ ਦੀ ਬੇਮਿਸਾਲ ਰਚਨਾ ‘ਦਿ ਪਰਸੂਇਟ ਆਫ ਇਟਲੀ’ ਪੜ੍ਹੀ ਜੋ ਉਥੋਂ ਦੇ ਆਦਿ ਕਾਲ ਤੋਂ ਹੁਣ ਤੱਕ ਦੇ ਇਤਿਹਾਸ ਦਾ ਦਿਲਚਸਪ ਬਿਰਤਾਂਤ ਹੈ। ਕਿਤਾਬ ਦੇ 400 ‘ਚੋਂ 30 ਪੰਨੇ ਮੁਸੋਲਿਨੀ ਦੀ ਸੱਤਾ ਲਈ ਮਖਸੂਸ ਹਨ।
ਰਿਜ਼ੀ ਵਾਂਗ ਗਿਲਮੌਰ ਨੇ ਅਤੀਤ ਦੇ ਉਸ ਇਟਲੀ ਬਾਰੇ ਜੋ ਕੁਝ ਕਿਹਾ ਹੈ, ਉਹੀ ਕੁਝ ਮੈਨੂੰ ਅੱਜ ਸਾਡੇ ਮੁਲਕ ਵਿਚ ਵਾਪਰਦਾ ਨਜ਼ਰ ਆ ਰਿਹਾ ਹੈ। ਇਨ੍ਹਾਂ ਫਿਕਰਿਆਂ ‘ਤੇ ਜ਼ਰਾ ਗ਼ੌਰ ਕਰਨਾ: “1930ਵਿਆਂ ਵਿਚ ਹਕੂਮਤ ਦਾ ਅੰਦਾਜ਼ ਬਹੁਤ ਜ਼ਿਆਦਾ ਭੜਕੀਲਾ ਹੋ ਗਿਆ। ਹੋਰ ਜ਼ਿਆਦਾ ਪਰੇਡਾਂ, ਹੋਰ ਜ਼ਿਆਦਾ ਵਰਦੀਆਂ, ਹੋਰ ਜ਼ਿਆਦਾ ਸੈਂਸਰਸ਼ਿਪ, ਹੋਰ ਜ਼ਿਆਦਾ ਗੁੰਡਾਗਰਦੀ, ਆਗੂਆਂ ਦੀ ਹੋਰ ਜ਼ਿਆਦਾ ਬਿਆਨਬਾਜ਼ੀ, ਹੋ-ਹੱਲਾ ਕਰਨਾ ਅਤੇ ਲੋਕਾਂ ਨੂੰ ਭੜਕਾਉਣ ਦੀਆਂ ਘਟਨਾਵਾਂ ਅਤੇ ਮੁਸੋਲਿਨੀ ਦੇ ਹਰ ਫਿਕਰੇ ਨੂੰ ‘ਡੂ-ਚੇ, ਡੂ-ਚੇ’ ਦੇ ਨਾਅਰਿਆਂ ਨਾਲ ਉਭਾਰਿਆ ਜਾਂਦਾ ਸੀ।” ਇਸ ‘ਚੋਂ ਕਾਫੀ ਕੁਝ ਨਰਿੰਦਰ ਮੋਦੀ ਦੀ ਸਰਕਾਰ ਬਾਰੇ ਵੀ ਕਿਹਾ ਜਾ ਸਕਦਾ ਹੈ, ਖਾਸ ਕਰ 2019 ਦੀ ਉਸ ਦੀ ਦੂਜੀ ਜਿੱਤ ਤੋਂ ਬਾਅਦ ਜਦੋਂ ਉਸ ਦੇ ਹਰ ਫਿਕਰੇ ਨੂੰ ‘ਮੋ-ਦੀ, ਮੋ-ਦੀ’ ਦੇ ਨਾਅਰਿਆਂ ਨਾਲ ਤਕਬੀਅਤ ਦਿੱਤੀ ਜਾਂਦੀ ਸੀ।
ਆਖਰ ਕੀ ਕਾਰਨ ਸੀ ਕਿ ਇਤਾਲਵੀ ਦਮਗਜ਼ੇਬਾਜ਼ ਨੂੰ ਇੰਨੀ ਹਰਮਨਪਿਆਰਤਾ ਮਿਲ ਗਈ? ਗਿਲਮੌਰ ਕਹਿੰਦਾ ਹੈ, “ਮੁਸੋਲਿਨੀ ਇੰਨਾ ਲੰਮਾ ਸਮਾਂ ਇਸ ਲਈ ਟਿਕ ਸਕਿਆ, ਕਿਉਂਕਿ ਉਸ ਨੇ ਇਤਾਲਵੀਅਤ ਦੀਆਂ ਕੁਝ ਵੰਨਗੀਆਂ ਦਾ ਇਨਸਾਨੀ ਰੂਪ ਧਾਰ ਲਿਆ ਸੀ, ਜਿਵੇਂ ਉਸ ਨੇ ਉਮੀਦਾਂ ਤੇ ਡਰ ਜਗਾਏ ਅਤੇ ਉਹ ਪੀੜ੍ਹੀਆਂ ਪੈਦਾ ਕੀਤੀਆਂ ਜਿਨ੍ਹਾਂ ਦਾ ਵਿਸ਼ਵਾਸ ਸੀ ਕਿ ਇਟਲੀ ਨਾਲ ਉਸ ਦੇ ਉਦਾਰਵਾਦੀ ਸਿਆਸਤਦਾਨਾਂ ਅਤੇ ਸੰਸਾਰ ਜੰਗ ਵੇਲੇ ਦੇ ਸਾਥੀ ਮੁਲਕਾਂ ਵਲੋਂ ਵਿਸਾਹਘਾਤ ਕੀਤਾ ਗਿਆ ਤੇ ਉਸ ਨੂੰ ‘ਟੁੱਟੀ ਭੱਜੀ ਸ਼ਾਂਤੀ’ ਪ੍ਰਵਾਨ ਕਰਨ ਲਈ ਮਜਬੂਰ ਕੀਤਾ ਗਿਆ।” ਠੀਕ ਇਸੇ ਅੰਦਾਜ਼ ਵਿਚ ਮੋਦੀ ਨੇ ਦੂਰ ਦਰਾਜ਼ ਦੇ ਅਤੀਤ ਦੇ ਸੁਨਹਿਰੀ ਕਾਲ ਦਾ ਹੋਕਾ ਦਿੱਤਾ ਜਦੋਂ ਭਾਰਤ ਅਤੇ ਵਿਦੇਸ਼ ਵਿਚ ਹਿੰਦੂਆਂ ਦੀ ਧਾਂਕ ਸੀ, ਉਨ੍ਹਾਂ ਦੀ ਦਲੀਲ ਹੈ ਕਿ ਹਿੰਦੂਆਂ ਦਾ ਇਹ ਦਬਦਬਾ ਮੁਸਲਮਾਨ ਤੇ ਅੰਗਰੇਜ਼ ਹਮਲਾਵਰਾਂ ਕਰ ਕੇ ਖੁੱਸ ਗਿਆ ਸੀ। ਉਸ ਨੇ ਆਪਣੇ ਆਪ ਨੂੰ ਸਮਝੌਤਾਵਾਦੀ ਤੇ ਭ੍ਰਿਸ਼ਟ ਕਾਂਗਰਸ ਦੇ ਮੁਖਾਲਫ ਦੇ ਤੌਰ ‘ਤੇ ਪੇਸ਼ ਕੀਤਾ ਜੋ ਹਿੰਦੂਆਂ ਤੇ ਭਾਰਤ ਨੂੰ ਮੁੜ ਰਸਾਤਲ ਵੱਲ ਲਿਜਾ ਰਹੀ ਸੀ।
ਇੰਜ 1920ਵਿਆਂ ਦੇ ਇਟਲੀ ਅਤੇ 2020 ਦੇ ਭਾਰਤ ਵਿਚਕਾਰ ਸਮਾਨਤਾਈਆਂ ਦੇਖ ਕੇ ਮਨ ਖੱਟਾ ਹੋ ਗਿਆ ਪਰ ਕੁਝ ਗੱਲਾਂ ਤੋਂ ਧਰਵਾਸ ਵੀ ਮਿਲਿਆ। ਮੁਸੋਲਿਨੀ ਦੇ ਇਟਲੀ ਤੋਂ ਉਲਟ ਮੋਦੀ ਦੇ ਭਾਰਤ ਵਿਚ ਭਾਜਪਾ ਨੂੰ ਕਈ ਪਾਰਟੀਆਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ; ਮੰਨਿਆ ਕਿ ਕੇਂਦਰ ਵਿਚ ਵਿਰੋਧ ਦੀ ਅਣਹੋਂਦ ਹੈ ਪਰ ਅੱਧੀ ਦਰਜਨ ਰਾਜਾਂ ਵਿਚ ਵਿਰੋਧ ਵੀ ਬਹੁਤ ਸ਼ਿੱਦਤੀ ਹੈ। ਪ੍ਰੈਸ ਨੂੰ ਨੱਥ ਪਾ ਦਿੱਤੀ ਗਈ ਹੈ ਪਰ ਤਾਂ ਵੀ ਪੂਰੀ ਤਰ੍ਹਾਂ ਦਰੜ ਨਹੀਂ ਹੋ ਸਕੀ। ਮੁਸੋਲਿਨੀ ਦੇ ਇਟਲੀ ਵਿਚ ਇਹ ਲੇਖਾ ਜੋਖਾ ਕਰਨ ਵਾਲਾ ਸਿਰਫ ਬੈਨੇਦੇਤੋ ਕਰੋਚੇ ਹੀ ਸੀ ਪਰ ਮੋਦੀ ਦੇ ਭਾਰਤ ਵਿਚ ਗਣਰਾਜ ਦੇ ਮੂਲ ਸਿਧਾਂਤਾਂ ਦੇ ਹੱਕ ਵਿਚ ਬੋਲਣ ਵਾਲੇ ਦੇਸ਼ ਦੀ ਹਰ ਜ਼ੁਬਾਨ ਵਿਚ ਲਿਖਣ-ਬੋਲਣ ਵਾਲੇ ਅਜੇ ਬੜੇ ਲਿਖਾਰੀ ਤੇ ਬੁੱਧੀਜੀਵੀ ਹਨ।
ਡੇਵਿਡ ਗਿਲਮੌਰ ਲਿਖਦੇ ਹਨ: ਬਹਰਹਾਲ, ਲੋਕਾਂ ਵਿਚ ਫਾਸ਼ੀਵਾਦ ਦੀ ਖਿੱਚ ਉਦੋਂ ਘਟੀ, ਜਦੋਂ ਉਨ੍ਹਾਂ ਨੂੰ ਜਾਪਿਆ ਕਿ ਇਹ ਖੁਸ਼ਹਾਲੀ ਦਾ ਰਸਤਾ ਨਹੀਂ ਬਣ ਸਕਦਾ। ਮੁਸੋਲਿਨੀ ਨੇ ਨਾ ਰੁਜ਼ਗਾਰ ਪੈਦਾ ਕੀਤਾ ਤੇ ਨਾ ਹੀ ਖੁਸ਼ਹਾਲੀ ਲਿਆਂਦੀ ਜਦਕਿ ਇਸ ਲਿਹਾਜ਼ ਤੋਂ ਮੋਦੀ ਨੇ ਆਰਥਿਕ ਮੁਹਾਜ਼ ‘ਤੇ ਮੁਸੋਲਿਨੀ ਨੂੰ ਵੀ ਮਾਤ ਦੇ ਦਿੱਤੀ ਹੈ। ਉਸ ਦੀਆਂ ਤੁਗ਼ਲਕੀ ਨੀਤੀਆਂ ਨੇ ਉਸ ਤੋਂ ਪਹਿਲਾਂ ਤਿੰਨ ਦਹਾਕਿਆਂ ਦੇ ਉਦਾਰੀਕਰਨ ਦੇ ਦੌਰ ਦੌਰਾਨ ਭਾਰਤੀ ਅਰਥਚਾਰੇ ਵਲੋਂ ਕੀਤੇ ਵਿਕਾਸ ਨੂੰ ਵੀ ਚੌਪਟ ਕਰ ਕੇ ਰੱਖ ਦਿੱਤਾ ਹੈ।
ਅੱਜ ਭਾਰਤ ਦੇ ਲੱਖਾਂ ਨੌਜਵਾਨ ਮੋਦੀ ਦਾ ਨਾਂ ਜਪਦੇ ਹਨ। ਉਨ੍ਹਾਂ ਅਤੇ ਸਾਡੀ ਸਾਰਿਆਂ ਦੀ ਕਿਹੋ ਜਿਹੀ ਹੋਣੀ ਹੈ, ਇਸ ਦਾ ਅੰਦਾਜ਼ਾ ਬੈਨੇਦੇਤੋ ਕਰੋਚੇ ਦੇ ਇਨ੍ਹਾਂ ਸ਼ਬਦਾਂ ਤੋਂ ਲਾਇਆ ਜਾ ਸਕਦਾ ਹੈ ਜੋ ਉਨ੍ਹਾਂ ਇਤਾਲਵੀ ਤਾਨਾਸ਼ਾਹ ਤੇ ਉਸ ਦੀ ਹਕੂਮਤ ਦੇ ਅੰਤ ‘ਤੇ ਲਿਖੇ ਸਨ: “ਦਮਨਕਾਰੀ ਨਿਜ਼ਾਮ ਨੇ ਨੈਤਿਕ ਊਰਜਾਵਾਂ ਦੇ ਖਜ਼ਾਨੇ ਨੂੰ ਗੁਮਰਾਹ ਕੀਤਾ, ਲੁੱਟਿਆ ਤੇ ਅਖੀਰ ਧੋਖਾ ਦੇ ਦਿੱਤਾ। ਬੈਨੀਤੋ ਮੁਸੋਲਿਨੀ ਤੇ ਉਸ ਤੇ ਫਾਸ਼ੀਵਾਦੀ ਸੋਚਦੇ ਸਨ ਕਿ ਉਹ ਸਦਾ ਲਈ ਸ਼ਾਸਨ ਕਰਨਗੇ।” ਨਰਿੰਦਰ ਮੋਦੀ ਤੇ ਭਾਜਪਾ ਦੇ ਸੁਪਨੇ ਵੀ ਇਹੀ ਹਨ। ਅਸੀਮ ਸੱਤਾ ਦੀ ਇਹ ਕਲਪਨਾ ਸੱਚ ਨਹੀਂ ਹੋਵੇਗੀ ਪਰ ਜਿੰਨੀ ਦੇਰ ਤੱਕ ਇਹ ਸੱਤਾਸੀਨ ਰਹਿਣਗੇ ਓਨੀ ਦੇਰ ਦੇਸ਼ ਨੂੰ ਆਰਥਕ, ਸਿਆਸੀ, ਸਮਾਜਿਕ ਅਤੇ ਇਖਲਾਕੀ ਤੌਰ ‘ਤੇ ਮੁੱਲ ਤਾਰਨਾ ਪਵੇਗਾ। ਇਟਲੀ ਨੂੰ ਮੁਸੋਲਿਨੀ ਤੇ ਉਸ ਦੀ ਪਾਰਟੀ ਵਲੋਂ ਫੈਲਾਈ ਤਬਾਹੀ ਤੋਂ ਉਭਰਨ ਵਿਚ ਕਈ ਦਹਾਕੇ ਲੱਗ ਗਏ ਸਨ ਤੇ ਹੋ ਸਕਦਾ ਭਾਰਤ ਨੂੰ ਮੋਦੀ ਤੇ ਉਸ ਦੀ ਪਾਰਟੀ ਵਲੋਂ ਫੈਲਾਈ ਤਬਾਹੀ ਤੋਂ ਉਭਰਨ ਲਈ ਉਸ ਤੋਂ ਵੀ ਵੱਧ ਅਰਸਾ ਲੱਗੇ।