ਡਾ. ਹਰਿਭਜਨ ਸਿੰਘ: ਜੀਵਨ, ਰਚਨਾ ਅਤੇ ਸ਼ਖਸੀਅਤ-2

ਪੰਜਾਬੀ ਕਾਵਿ-ਜਗਤ, ਆਲੋਚਨਾ, ਅਨੁਵਾਦ ਅਤੇ ਅਧਿਆਪਨ ਦੇ ਖੇਤਰਾਂ ਵਿਚ ਡਾ. ਹਰਿਭਜਨ ਸਿੰਘ (18 ਅਗਸਤ 1920-21 ਅਕਤੂਬਰ 2002) ਦਾ ਮੁਕਾਮ ਬਹੁਤ ਉਚਾ ਹੈ। ਇਨ੍ਹਾਂ ਚਾਰੇ ਖੇਤਰਾਂ ਵਿਚ ਨਵੀਂ ਪੈੜਾਂ ਪਾਈਆਂ। ਪੰਜਾਬੀ ਭਾਸ਼ਾ ਤੋਂ ਇਲਾਵਾ ਉਹ ਹਿੰਦੀ, ਸੰਸਕ੍ਰਿਤੀ, ਅੰਗਰੇਜ਼ੀ, ਉਰਦੂ ਆਦਿ ਭਾਸ਼ਾਵਾਂ ਦੇ ਚੰਗੇ ਗਿਆਤਾ ਸਨ। ਉਨ੍ਹਾਂ ਨੇ ਸਾਰੀ ਉਮਰ ਇਕ ਸੁਹਿਰਦ ਸਿਖਿਆਰਥੀ ਵਾਂਗ ਨਿੱਠ ਕੇ ਪੂਰਬੀ ਤੇ ਪੱਛਮੀ ਚਿੰਤਨ ਦਾ ਮੁਤਾਲਿਆ ਕੀਤਾ ਅਤੇ ਵਿਸ਼ੇਸ਼ਗ ਬਣ ਕੇ ਅਗਿਆਨ ਵਿਚ ਭਟਕ ਰਹੇ ਪੰਜਾਬੀ ਮੱਥਿਆਂ ਨੂੰ ਗਿਆਨ ਦੇ ਭਾਗੀ ਬਣਾਇਆ। ਸਾਲ 2020 ਉਨ੍ਹਾਂ ਦਾ ਜਨਮ ਸ਼ਤਾਬਦੀ ਵਰ੍ਹਾ ਹੈ। ਪਿਛਲੇ ਅੰਕਾਂ ਵਿਚ ਪ੍ਰੋ. ਸੁਹਿੰਦਰ ਬੀਰ ਨੇ ਡਾ. ਹਰਿਭਜਨ ਸਿੰਘ ਦੇ ਸੰਗ-ਸਾਥ ਦੀਆਂ ਬਾਤਾਂ ਪਾਈਆਂ ਸਨ।

ਹਥਲੇ ਲੰਮੇ ਲੇਖ ਵਿਚ ਉਨ੍ਹਾਂ ਡਾ. ਹਰਿਭਜਨ ਸਿੰਘ ਦੇ ਜੀਵਨ, ਉਨ੍ਹਾਂ ਦੀਆਂ ਰਚਨਾਵਾਂ ਅਤੇ ਸ਼ਖਸੀਅਤ ਦਾ ਜ਼ਿਕਰ ਛੇੜਦਿਆਂ ਉਨ੍ਹਾਂ ਨੂੰ ਸੱਚੀ ਸੁੱਚੀ ਲਗਨ ਵਾਲੇ ਸਿਰੜੀ ਮਨੁੱਖ ਵਜੋਂ ਪੇਸ਼ ਕੀਤਾ ਹੈ। ਪੇਸ਼ ਹੈ, ਲੇਖ ਦੀ ਦੂਜੀ ਤੇ ਆਖਰੀ ਕਿਸ਼ਤ। -ਸੰਪਾਦਕ

ਪ੍ਰੋ. ਸੁਹਿੰਦਰ ਬੀਰ

(ਲੜੀ ਜੋੜਨ ਲਈ ਪਿਛਲਾ ਅੰਕ ਦੇਖੋ)
‘ਪੜ੍ਹ ਪੜ੍ਹ ਪੁਸਤਕ ਢੇਰ ਕੁੜੇ, ਮੇਰਾ ਵਧਦਾ ਜਾਏ ਹਨੇਰ ਕੁੜੇ’ ਪ੍ਰੋ. ਮੋਹਨ ਸਿੰਘ ਦੇ ਕਾਵਿ-ਬੋਲਾਂ ਅਨੁਸਾਰ ਬਹੁਤ ਸਾਰੀਆਂ ਗਿਆਨਾਤਮਕ ਪੁਸਤਕਾਂ ਪੜ੍ਹਨ ਉਪਰੰਤ ਖੋਜੀ ਦੇ ਕਿਸੇ ਕਿਨਾਰੇ ਨਾ ਲੱਗੇ ਹੋਣ ਕਾਰਨ ਦਲਦਲ ਵਿਚ ਫਸੇ ਹੋਣ ਦਾ ਸੰਕੇਤ ਪ੍ਰਾਪਤ ਹੁੰਦਾ ਹੈ। ਤਾਲੀਮ ਦੀ ਦੁਨੀਆਂ ਵਿਚ ਸਿੱਖਿਆਰਥੀ ਜਿਉਂ ਜਿਉਂ ਕਦਮ-ਦਰ-ਕਦਮ ਅਗੇ ਤੁਰਿਆ ਜਾਂਦਾ ਹੈ, ਤਿਉਂ ਤਿਉਂ ਉਸ ਦੇ ਮਸਤਕ ਵਿਚ ਅਸਪਸ਼ਟਤਾ ਅਤੇ ਧੁੰਦਲੇਪਨ ਦੇ ਬੱਦਲ ਗੂੜ੍ਹੇ ਹੁੰਦੇ ਜਾਂਦੇ ਹਨ। ਸੰਕਪਲਾਂ ਦੀ ਦੁਨੀਆਂ ਵਿਚ ਅੰਤਰ ਅਤੇ ਸਮਾਨਤਾਵਾਂ ਅਤਿ ਸੂਖਮ ਪਰਿਭਾਸ਼ਾਵਾਂ ਵਿਚ ਬੰਨ੍ਹੀਆਂ ਹੋਈਆਂ ਹੁੰਦੀਆਂ ਹਨ। ਹਰ ਮਨੁੱਖ ਪਾਸ ਬੁੱਧੀ ਤਾਂ ਹੈ, ਪਰ ਬੁੱਧੀ ਦੀ ਯੋਗਤਾ ਦਾ ਤੀਖਣ ਨਿਭਾਅ ਪ੍ਰਚੰਡ ਬੁੱਧੀ ਦੀਆਂ ਮਸ਼ਾਲਾਂ ਰੱਖਣ ਵਾਲੇ ਵਿਰਲੇ ਗਿਆਨਵਾਨਾਂ ਦੇ ਹਿੱਸੇ ਹੀ ਆਉਂਦਾ ਹੈ। ਪੁਸਤਕਾਂ ਦੀ ਪੜ੍ਹਤ ਵਿਚੋਂ ਨਾ ਸਿਰਫ ਹਰਿਭਜਨ ਸਿੰਘ ਨੇ ਖੁਦ ਹੀ ਗਿਆਨ ਪ੍ਰਾਪਤ ਕੀਤਾ, ਸਗੋਂ ਇਸ ਗਿਆਨ ਰਾਹੀਂ ਗਿਆਨ-ਵਿਹੂਣੇ ਪੰਧਾਣੂਆਂ ਦਾ ਰਾਹ ਵੀ ਰੌਸ਼ਨ ਕੀਤਾ। ਹਰਿਭਜਨ ਸਿੰਘ ਨਾਰਥਰੋ ਫਰਾਈ ਦੀ ਇਸ ਧਾਰਨਾ ਨੂੰ ਵਿਸ਼ਾਲ ਹਿਰਦੇ ਨਾਲ ਸਵੀਕਾਰ ਕਰਦੇ ਹਨ ਕਿ ਪੁਸਤਕਾਂ ਵਿਚੋਂ ਪੁਸਤਕਾਂ ਜਨਮ ਲੈਂਦੀਆਂ ਹਨ ਭਾਵ ਗਿਆਨ ਅਹਿਮ ਆਦਾਨ-ਪ੍ਰਦਾਨ ਦੀ ਇਕ ਪ੍ਰਕਿਰਿਆ ਹੈ। ਆਦਾਨ-ਪ੍ਰਦਾਨ ਦੀ ਪ੍ਰਕਿਰਿਆ ਵਿਚ ਹਰਿਭਜਨ ਸਿੰਘ ਇਸ ਤਰ੍ਹਾਂ ਆਪਣੀ ਭੂਮਿਕਾ ਨਿਭਾਉਂਦਾ ਰਿਹਾ ਕਿ ਉਸ ਗਿਆਨ ਨੂੰ ਆਪਣੀ ਧਰਤੀ ਦੀ ਛੋਹ ਪ੍ਰਾਪਤ ਹੋ ਜਾਂਦੀ ਰਹੀ। ਦੂਸਰੇ ਸਭਿਆਚਾਰ ਦੇ ਗਿਆਨ ਨੂੰ ਆਪਣੀ ਧਰਤੀ ਮੁਤਾਬਿਕ ਰਚਾਉਣਾ-ਮਚਾਉਣਾ ਹੀ ਪੈਂਦਾ ਹੈ, ਨਹੀਂ ਤਾਂ ਉਸ ਗਿਆਨ ਦੀ ਅਵਸਥਾ ਹਰਿਭਜਨ ਸਿੰਘ ਦੀਆਂ ਹੇਠ ਲਿਖੀਆਂ ਸਤਰਾਂ ਮੁਤਾਬਿਕ ਹੋ ਜਾਂਦੀ ਹੈ,
ਜਿਹੜਾ ਬਿਰਛ ਪੁੱਟ ਕੇ ਛਤਰੀ ਵਾਂਗ ਚੁੱਕਿਆ
ਚਾਰ ਕਦਮ ਚੱਲ ਕੇ ਹੀ ਸੁੱਕ ਸੜ ਜਾਂਦਾ ਹੈ
ਪੱਤਾ ਪੱਤਾ ਝੜ ਜਾਂਦਾ ਹੈ
ਮੋਏ ਬਿਰਛ ਦੀ ਛਾਂ ਬਹੁਤ ਚਿਰ ਜੀ ਨਹੀਂ ਸਕਦੀ
ਓੜਕ ਆਪਣੀ ਮਿੱਟੀ ‘ਚੋਂ ਹੀ ਬਿਰਛ ਉਗਾਇਆ
ਮੇਰੇ ਵਾਂਗ ਇਕਹਿਰਾ ਇਕੱਲਵਾਂ।
ਪਰਦੇਸੀ ਮਾਡਲਾਂ ਨੂੰ ਵੀ ਆਪਣੀ ਜ਼ੁਬਾਨ, ਸਾਹਿਤ, ਸਭਿਆਚਾਰ ਆਦਿ ਦੀ ਜਾਗ ਲਾਉਣੀ ਹੀ ਪੈਂਦੀ ਹੈ, ਨਹੀਂ ਤਾਂ ਉਹ ਮਾਡਲ ਮਕਾਨਕੀ ਭਾਂਤ ਦੇ ਬਣ ਜਾਂਦੇ ਹਨ। ਭਾਵੇਂ ਪੁਸਤਕਾਂ ਵਿਚੋਂ ਪੁਸਤਕਾਂ ਦੇ ਜਨਮ ਲੈਣ ਦਾ ਮਾਡਲ ਅਪ੍ਰਮਾਣਿਕ ਨਹੀਂ, ਪਰ ਫਿਰ ਵੀ ਹਰ ਭਾਸ਼ਾ ਦਾ ਵੱਖਰਾ ਸ਼ਾਬਦਿਕ-ਸਭਿਆਚਾਰ ਹੋਣ ਕਾਰਨ ਸਿੱਖਿਆਰਥੀਆਂ ਨੂੰ ਕਈ ਵਾਰ ਪੁਸਤਕਾਂ ਦੇ ਕਰਤਿਆਂ ਅਤੇ ਭਾਸ਼ਾ ਦੇ ਮਾਹਿਰਾਂ ਕੋਲ ਵੀ ਪਹੁੰਚ ਕਰਨੀ ਪਈ ਹੈ। ਡਾ. ਹਰਿਭਜਨ ਸਿੰਘ ਨੇ ਇਸ ਗੱਲ ਨੂੰ ਫਰਾਖ ਦਿਲੀ ਨਾਲ ਪ੍ਰਵਾਨ ਕੀਤਾ ਕਿ ਅਨੁਵਾਦ ਅਤੇ ਦੂਜੀਆਂ ਭਾਸ਼ਾਵਾਂ ਦੀ ਸਮੀਖਿਆ ਪ੍ਰਣਾਲੀ ਨੂੰ ਸਮਝਣ ਲਈ ਉਨ੍ਹਾਂ ਨੇ ਡਾ. ਸਤਿਦੇਵ ਚੌਧਰੀ, ਡਾ. ਸ਼ਿਵ ਨਾਰਾਇਣ ਸ਼ਾਸਤਰੀ, ਡਾ. ਮਧੂ ਮਿਸ਼ਰ, ਡਾ. ਦੇਵ ਚਾਨਣਾ, ਡਾ. ਨਗੇਂਦਰ, ਲਾਲਾ ਸੂਰਜ ਭਾਨ ਆਦਿ ਵਿਦਵਾਨਾਂ ਦਾ ਸਹਿਯੋਗ ਪ੍ਰਾਪਤ ਕੀਤਾ। ਉਹ ਖੁਦ ਲਿਖਦੇ ਹਨ ਕਿ ਆਪਣੇ ਧਰਮ ਵਾਲਿਆਂ ਨਾਲ ਕਦਮ ਮਿਲਾ ਕੇ ਤੁਰਦਾ ਮੈਂ ਵੀ ਕਹਿ ਦਿੰਦਾ ਰਿਹਾ ਹਾਂ ਤੇ ਹੁਣ ਵੀ ਕਹਿ ਦਿੰਦਾ ਹਾਂ ਕਿ ਮੇਰਾ ਗੁਰੂ, ਗ੍ਰੰਥ ਸਾਹਿਬ ਹੈ, ਮੈਨੂੰ ਦੇਹਧਾਰੀ ਗੁਰੂ ਨਹੀਂ ਚਾਹੀਦਾ। ਪਰ ਕੀ ਕਰਾਂ, ਮੈਨੂੰ ਹਮੇਸ਼ਾ ਹੀ ਕਿਸੇ ਦੇਹਧਾਰੀ ਉਸਤਾਦ ਦੀ ਲੋੜ ਰਹੀ ਹੈ। ਕੋਸ਼ ਤੇ ਮਹਾਂਕੋਸ਼, ਪੋਥੀਆਂ ਅਤੇ ਗੰ੍ਰਥ ਜਦੋਂ ਕੰਮ ਨਹੀਂ ਦਿੰਦੇ ਤਾਂ ਕਿਸੇ ਦੇਹਧਾਰੀ ਪਿੱਛੇ ਦੌੜਨਾ ਪੈਂਦਾ ਹੈ। ਉਦੋਂ ਮੈਨੂੰ ਕਿਸੇ ਦਾ ਪਿਛਲੱਗ ਅਖਵਾਉਂਦਿਆਂ ਵੀ ਲਾਜ ਨਹੀਂ ਆਉਂਦੀ। ਕੋਈ ਦੇਹਧਾਰੀ ਹੀ ਮੇਰੀਆਂ ਗੁੰਝਲਾਂ ਖੋਲ੍ਹਣ ਵਿਚ ਸਹਾਈ ਬਣਦਾ ਹੈ। ਕੋਈ ਵੀ ਪੁਸਤਕ ਕਿਸੇ ਅਨੁਭਵੀ-ਵਿਦਿਆ ਗੁਰੂ ਦੀ ਥਾਂ ਪੂਰ ਨਹੀਂ ਸਕਦੀ।
ਡਾ. ਹਰਿਭਜਨ ਸਿੰਘ ਨੇ ਡਾਕਟਰੇਟ ਦੀ ਉਪਾਧੀ ਹਿੰਦੀ ਦੇ ਪ੍ਰਸਿੱਧ ਵਿਦਵਾਨ ਡਾ. ਨਗੇਂਦਰ ਦੀ ਅਗਵਾਈ ਵਿਚ ਪ੍ਰਾਪਤ ਕੀਤੀ ਹੈ। ਦਿੱਲੀ ਯੂਨੀਵਰਸਿਟੀ ਨੇ ਵੱਖ ਵੱਖ ਸਮੇਂ ਦੋਹਾਂ ਨੂੰ ਹੀ ‘ਪ੍ਰੋਫੈਸਰ ਆਫ ਅਮੈਰੀਟਸ’ ਦੇ ਸਨਮਾਨ ਨਾਲ ਨਿਵਾਜਿਆ ਹੈ। ਜਿਵੇਂ ਪਲੈਟੋ ਨੇ ਅਰਸਤੂ ਨੂੰ ਸ਼ਾਗਿਰਦ ਬਣਾ ਕੇ ਇਕ ਨਵਾਂ ਉਸਤਾਦ ਪੈਦਾ ਕੀਤਾ, ਇਵੇਂ ਹੀ ਡਾ. ਹਰਿਭਜਨ ਸਿੰਘ ਨੇ ਇਕ ਉਸਤਾਦ ਦੀ ਹੈਸੀਅਤ ਵਿਚ ਅਨੇਕਾਂ ਵਿਦਿਆਰਥੀਆਂ ਨੂੰ ਪ੍ਰਮਾਣਕ ਅਧਿਆਪਕ ਬਣਾਇਆ।
ਹਰਿਭਜਨ ਸਿੰਘ ਪੰਜਾਬੀ ਜਗਤ ਦਾ ਇਕੋ ਇੱਕ ਸਾਹਿਤਕਾਰ ਹੈ, ਜੋ ਇਕੋ ਵੇਲੇ ਕਾਵਿ-ਰਚਨਾ ਅਤੇ ਕਾਵਿ-ਸ਼ਾਸਤਰ ਦੇ ਪਰਸਪਰ ਵਿਰੋਧੀ ਖੇਤਰਾਂ ਵਿਚ ਨਿਪੁੰਨਤਾ ਸਾਹਿਤ ਪੂਰਾ ਉਤਰਦਾ ਹੈ। ਮੈਨੂੰ ਡਾ. ਹਰਿਭਜਨ ਸਿੰਘ ਦਾ ਵਿਦਿਆਰਥੀ ਹੋਣ ਦੀ ਹਉਮੈ ਹੈ। ਉਨ੍ਹਾਂ ਦਾ ਜੀਵਨ ਪੰਜਾਬੀ ਵਿਦਵਤਾ ਨੂੰ ਸਮਰਪਿਤ ਹੈ। ਡਾ. ਹਰਿਭਜਨ ਸਿੰਘ ਨੇ ਪੰਜਾਬੀ ਅਧਿਆਪਨ ਨਵੇਂ ਗਿਆਨ, ਨਵੀਆਂ ਅਧਿਐਨ ਪ੍ਰਣਾਲੀਆਂ ਨਾਲ ਸਬੰਧਿਤ ਕਰਕੇ ਜਿਸ ਤਰ੍ਹਾਂ ਇਕ ਵਿਸ਼ਾਲਤਾ ਲਿਆਂਦੀ, ਉਸ ਦੀ ਪ੍ਰਾਪਤੀ ਸਦਕਾ ਪੰਜਾਬੀ ਆਲੋਚਨਾ ਦਾ ਦਿੱਲੀ ਸਕੂਲ, ਜਿਹੇ ਸ਼ਬਦ ਪ੍ਰਵਾਨਗੀ ਵਜੋਂ ਵਰਤੇ ਜਾਣ ਲੱਗ ਪਏ।
ਵਿਸ਼ਵ ਸਾਹਿਤ ਸਮੀਖਿਆ ਦੇ ਗਹਿਰ-ਗੰਭੀਰ ਅਧਿਐਤਾ ਅਤੇ ਬਹੁ-ਭਾਸ਼ਾਵਾਂ ਦੇ ਗਿਆਤਾ ਹੋਣ ਸਦਕਾ ਡਾ. ਹਰਿਭਜਨ ਸਿੰਘ ਨੂੰ ਤੁਲਨਾਤਮਕ ਸਾਹਿਤ ਦਾ ਵਿਸ਼ੇਸ਼ਗ ਵੀ ਮੰਨਿਆ ਜਾਂਦਾ ਹੈ। ਨਾ ਸਿਰਫ ਪੰਜਾਬੀ ਸਾਹਿਤ ਦੇ ਅੰਤਰਗਤ, ਸਗੋਂ ਸਮੁੱਚੇ ਭਾਰਤੀ ਸਾਹਿਤ ਦੇ ਸੰਦਰਭ ਵਿਚ ਹਰਿਭਜਨ ਸਿੰਘ ਵਰਗੇ ਵਿਦਵਾਨ ਵਿਰਲੇ ਅਤੇ ਟਾਵੇਂ ਹੀ ਹਨ। ਡਾ. ਨਗੇਂਦਰ ਨੇ ਡਾ. ਹਰਿਭਜਨ ਸਿੰਘ ਬਾਰੇ ਕਿਹਾ ਸੀ, “ਸ਼ੁਰੂ ਵਿਚ ਹਿੰਦੀ ਦੇ ਦਰਵਾਜੇ ਰਾਹੀਂ ਪ੍ਰਵੇਸ਼ ਕਰਨ ਵਾਲੇ ਓਬੜ ਜਿਹੇ ਬੰਦੇ ਦਾ ਪਰੰਪਰਾਵਾਦੀ ਪੰਡਿਤਾਂ ਨੇ ਵਿਸ਼ੇਸ਼ ਸੁਆਗਤ ਨਾ ਕੀਤਾ, ਕਿਉਂਕਿ ਉਸ ਪਾਸ ਪੰਜਾਬੀ ਦੀ ਇਕ ਵੀ ਡਿਗਰੀ ਨਹੀਂ ਸੀ, ਪਰ ਛੇਤੀ ਹੀ ਵਿਦਵਤਾ ਅਤੇ ਬੌਧਿਕਤਾ ਦੇ ਬਲ ਸਦਕਾ ਹਰਿਭਜਨ ਸਿੰਘ ਨੇ ਆਪਣੀ ਸ੍ਰੇਸ਼ਠਤਾ ਦਾ ਸਿੱਕਾ ਜਮਾ ਲਿਆ।”
ਪੰਜਾਬੀ ਤੋਂ ਇਲਾਵਾ ਗੈਰ-ਪੰਜਾਬੀ ਜ਼ੁਬਾਨਾਂ ਵਿਚ ਹਰਿਭਜਨ ਸਿੰਘ ਦੇ ਮਕਬੂਲ ਹੋਣ ਦਾ ਕਾਰਨ ਸਿਰਜਨਾਤਮਕ ਯੋਗਤਾ ਦੀ ਪ੍ਰਤਿਭਾ ਦੇ ਨਾਲ ਨਾਲ ਭਾਰਤੀ ਕਾਵਿ-ਸ਼ਾਸਤਰ ਦੀ ਡੂੰਘੀ ਸਮਝ ਅਤੇ ਵਿਸ਼ੇਸ਼ ਕਰਕੇ ਹਿੰਦੀ ਜ਼ੁਬਾਨ ਦੇ ਚਿੰਤਨ ਵਿਚ ਉਸ ਦੀਆਂ ਮਜ਼ਬੂਤ ਜੜ੍ਹਾਂ ਦਾ ਹੋਣਾ ਸੀ।
ਕਵਿਤਾ ਅਤੇ ਸਮੀਖਿਆ ਹਰਿਭਜਨ ਸਿੰਘ ਦੀ ਸਾਹਿਤ-ਸਾਧਨਾ ਦੇ ਦੋ ਮੁੱਖ ਪਹਿਲੂ ਬਣੇ ਰਹੇ ਹਨ। ਅਨੁਵਾਦ ਅਤੇ ਸੰਪਾਦਨ ਨੂੰ ਵੀ ਉਨ੍ਹਾਂ ਨੇ ਅਕਾਦਮਿਕ ਕਾਰਜ ਦੇ ਤੌਰ ‘ਤੇ ਨਿਭਾਇਆ ਹੈ। ਕਵਿਤਾ ਜੀਵਨ ਦੇ ਵਿਭਿੰਨ ਅਨੁਭਵਾਂ ਦੇ ਹੰਢਾਏ ਹੋਏ ਵੇਰਵਿਆਂ ਦਾ ਨਿਚੋੜ ਪੇਸ਼ ਕਰਦੀ ਹੈ, ਜਦ ਕਿ ਵਾਰਤਕ ਵਾਸਤਵਿਕਤਾ ਦਾ ਤਾਰਕਿਕ ਪ੍ਰਗਟਾ ਕਰਦੀ ਹੈ। ਕਵਿਤਾ ਜੀਵਨ ਦੇ ਤੱਥਾਂ ਦਾ ਰੂਪਕ ਸਿਰਜਣ ਹੈ ਜਾਂ ਇਸ ਤਰ੍ਹਾਂ ਕਿਹਾ ਜਾ ਸਕਦਾ ਹੈ ਕਿ ਕਵਿਤਾ ਜੀਵਨ ਦੇ ਅਨੁਭਵਾਂ ਨੂੰ ਇਸ਼ਾਰਿਆਂ ਅਤੇ ਰਮਜ਼ਾਂ ਰਾਹੀਂ ਪ੍ਰਗਟ ਕਰਦੀ ਹੈ, ਜਦ ਕਿ ਵਾਰਤਕ ਜੀਵਨ ਦੀ ਵਾਸਤਵਿਕਤਾ ਤੋਂ ਨਿਝੱਕ ਹੋ ਕੇ ਪਰਦੇ ਉਤਾਰਦੀ ਜਾਂਦੀ ਹੈ। ਜੀਵਨ ਦੀਆਂ ਘਟਨਾਵਾਂ ਅਤੇ ਵੇਰਵਿਆਂ ਨੂੰ ਪ੍ਰਗਟ ਕਰਨ ਲਈ ਕਈ ਵਾਰ ਕਵਿਤਾ ਕਵੀ ਦਾ ਸਾਥ ਨਹੀਂ ਦਿੰਦੀ ਤਾਂ ਉਹ ਇਨ੍ਹਾਂ ਨੂੰ ਅਭਿਵਿਅਕਤ ਕਰਨ ਲਈ ਵਾਰਤਕ ਦੇ ਰੂਪਾਕਾਰ ਦੀ ਚੋਣ ਕਰਦਾ ਹੈ।
ਹਰਿਭਜਨ ਸਿੰਘ ਨੇ ਹੁਣ ਤੱਕ ਨਿਰਭਉ ਨਿਰਵੈਰ (1985), ਧੁੱਪੇ ਬਲਦਾ ਦੀਵਾ (1985), ਚੋਲਾ ਟਾਕੀਆਂ ਵਾਲਾ (1994), ਆਦਿ ਵਾਰਤਕ ਰਚਨਾਵਾਂ ਪ੍ਰਕਾਸ਼ਿਤ ਕੀਤੀਆਂ ਹਨ। ਇਨ੍ਹਾਂ ਵਾਰਤਕ-ਰਚਨਾਵਾਂ ਵਿਚ ਹਰਿਭਜਨ ਸਿੰਘ ਦੀ ਕਾਵਿਕ-ਸ਼ੈਲੀ ਦਾ ਭਾਵੇਂ ਵਧੇਰੇ ਦਖਲ ਕਾਰਜਸ਼ੀਲ ਰਹਿੰਦਾ ਹੈ, ਪਰ ਫਿਰ ਵੀ ਇਹ ਰਚਨਾਵਾਂ ਹਰਿਭਜਨ ਸਿੰਘ ਦੇ ਜੀਵਨ ਅਤੇ ਸਾਹਿਤਕ-ਸਫਰ ਨੂੰ ਗਹਿਰਾਈ ਵਿਚ ਸਮਝਣ ਲਈ ਆਪਣੀ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਇਹ ਵਾਰਤਕ ਰਚਨਾਵਾਂ ਹਰਿਭਜਨ ਸਿੰਘ ਦੀ ਮਾਨਸਿਕਤਾ ‘ਤੇ ਪਏ ਹੋਏ ਪ੍ਰਭਾਵਾਂ ਨੂੰ ਰੂਪਮਾਨ ਕਰਦੀਆਂ ਹਨ। ਵਾਰਤਕ-ਰਚਨਾ ਦਾ ਇਹ ਸਰਮਾਇਆ ਹਰਿਭਜਨ ਸਿੰਘ ਦੀ ਕਵਿਤਾ ਦਾ ਅਵਚੇਤਨ ਹੈ। ਇਥੇ ਇਕਾਗਰਤਾ ਸਹਿਤ ਬੈਠ ਕੇ ਹਰਿਭਜਨ ਸਿੰਘ ਦੀ ਕਵਿਤਾ ਦੇ ਪ੍ਰੇਰਕ ਅਤੇ ਸਰੋਤ ਭਾਲੇ ਜਾ ਸਕਦੇ ਹਨ।
ਹਰਿਭਜਨ ਸਿੰਘ ਬਹੁ-ਪੱਖੀ ਸਖਸ਼ੀਅਤ ਦਾ ਸੁਆਮੀ ਸੀ। ਜਿਉਂ ਜਿਉਂ ਉਸ ਦੀ ਸ਼ਖਸੀਅਤ ਦੀਆਂ ਪਰਤਾਂ ਨੂੰ ਖੋਲ੍ਹਿਆ ਜਾਂਦਾ ਹੈ ਤਿਉਂ ਤਿਉਂ ਉਸ ਦੀਆਂ ਹੱਦਾਂ ਫੈਲਦੀਆਂ ਜਾਂਦੀਆਂ ਹਨ। ਪੰਜਾਬੀ ਭਾਸ਼ਾ, ਸਾਹਿਤ, ਸਭਿਆਚਾਰ ਆਦਿ ਦਾਇਰਿਆਂ ਵਿਚ ਉਸ ਦੀ ਪ੍ਰਤਿਭਾ ਦਾ ਕਮਾਲ ਸਾਕਾਰ ਹੋ ਚੁੱਕਾ ਹੈ। ਆਪਣੀਆਂ ਲਿਖਤਾਂ ਦੇ ਸਨਾਤਨੀ ਅੰਦਾਜ਼ ਸਦਕਾ ਪੰਜਾਬੀ ਜ਼ੁਬਾਨ ਦਾ ਇਹ ਅਨਮੋਲ ਵਿਅਕਤਿਤਵ ਸਮੁੱਚੇ ਭਾਰਤੀ ਸਾਹਿਤ ਦੀਆਂ ਨਾਮਵਰ ਹਸਤੀਆਂ ਵਿਚ ਸਤਿਕਾਰਿਆ ਜਾ ਚੁੱਕਾ ਹੈ। ਸਹੀ ਸ਼ਬਦਾਂ ਵਿਚ ਹਰਿਭਜਨ ਸਿੰਘ ਭਾਰਤੀ ਕਵਿਤਾ, ਸਮੀਖਿਆ ਅਤੇ ਅਕਾਦਮਿਕ ਖੇਤਰ ਦਾ ਮਾਣ ਸੀ। ਸਾਹਿਤ ਦੀਆਂ ਵੱਖ ਵੱਖ ਸਿਨਫਾਂ ਵਿਚ ਹਰਿਭਜਨ ਸਿੰਘ ਨੇ ਅਜਿਹਾ ਮੁੱਲਵਾਨ ਵਾਧਾ ਕੀਤਾ, ਜਿਸ ਦਾ ਤਖਮੀਨਾ ਕਰਨ ਉਪਰੰਤ ਇਹ ਸਾਹਿਤਕ ਕਾਰਜ ਕਿਸੇ ਵੱਡੀ ਸੰਸਥਾ ਦਾ ਪ੍ਰਤੀਤ ਹੁੰਦਾ ਹੈ। ਹਰਿਭਜਨ ਸਿੰਘ ਖੁਦ ਇੱਕ ਵੱਡ-ਆਕਾਰੀ ਸੰਸਥਾ ਹੈ। ਉਸ ਦੀਆਂ ਰਚਨਾਵਾਂ ਦਾ ਸੁਭਾਅ ਪਾਰਗਾਮੀ ਹੈ, ਇਹ ਸਾਹਿਤ-ਰਚਨਾਵਾਂ ਹਰਿਭਜਨ ਸਿੰਘ ਲਈ ਇਕ ਅਜਿਹਾ ਵਾਹਨ ਹਨ, ਜਿਨ੍ਹਾਂ ਦਾ ਸ਼ਾਹ-ਸਵਾਰ ਹੋ ਕੇ ਉਸ ਨੇ ਅਣਗਿਣਤ ਪਾਠਕਾਂ ਦੀ ਵੇਦਨਾ-ਸੰਵੇਦਨਾ ਨੂੰ ਟੁੰਬਿਆ ਹੈ। ਸਾਹਿਤ ਨਾਲ ਅਨਿੱਖੜ ਰੂਪ ਵਿਚ ਜੁੜੇ ਹੋਏ ਅਦਾਰਿਆਂ ਅਤੇ ਅਕਾਦਮਿਕ ਸੰਸਥਾਵਾਂ ਵਲੋਂ ਸਮੇਂ ਸਮੇਂ ਵਿਸ਼ੇਸ਼ ਮਾਣ-ਸਨਮਾਨ ਦੇ ਕੇ ਹਰਿਭਜਨ ਸਿੰਘ ਦੀ ਸਾਹਿਤ ਸਾਧਨਾ ਨੂੰ ਪ੍ਰਵਾਨ ਕੀਤਾ ਜਾਂਦਾ ਰਿਹਾ ਹੈ। ਮਾਣ-ਸਨਮਾਨ ਦੇ ਖੇਤਰ ਵਿਚ ਵੀ ਹਰਿਭਜਨ ਸਿੰਘ ਦੂਰ-ਦਰਾਜ਼ ਤੱਕ ਪਰਵਾਜ਼ ਭਰਨ ਵਾਲਾ ਸਾਹਿਤਕਾਰ ਹੈ।
ਡਾ. ਕੇਸਰ ਸਿੰਘ ਦੇ ਸ਼ਬਦਾਂ ਵਿਚ, “ਹਰਿਭਜਨ ਸਿੰਘ ਆਪਣੇ ਯੁੱਗ ਦੀ ਅਵਾਜ਼ ਨੂੰ ਪੇਸ਼ ਕਰਨ ਦੀ ਸਮਰੱਥਾ ਰੱਖਦਾ ਹੈ। ਇਸ ਸਮਰਥਾ ਸਦਕਾ ਹੀ ਉਸ ਨੇ ਨਾਮ ਅਤੇ ਸ਼ੁਹਰਤ ਨੂੰ ਹਾਸਿਲ ਕੀਤਾ ਹੈ। ਆਮ ਵਿਚਾਰਾਂ ਦੇ ਉਲਟ ਉਸ ਕੋਲ ਸਰਸਵਤੀ ਅਤੇ ਲਕਸ਼ਮੀ ਇਕੱਠੀਆਂ ਹੀ ਆਈਆਂ ਹਨ।”
ਉਮਰ ਦੇ ਪਹਿਲੇ ਵਰ੍ਹਿਆਂ ਵਿਚ ਹੰਢਾਇਆ ਹੋਇਆ ਆਰਥਕ ਮੰਦਹਾਲੀ ਦਾ ਅਨੁਭਵ ਅਤੇ ਲਗਭਗ ਪੰਜਾਹ ਸਾਲ ਦੀ ਉਮਰ ਤੱਕ ਕੀਤਾ ਹੋਇਆ ਅਕਾਦਮਿਕ ਸੰਘਰਸ਼ ਹਰਿਭਜਨ ਸਿੰਘ ਦੀਆਂ ਪ੍ਰਾਪਤੀਆਂ ਲਈ ਸਾਰਥਕ ਆਧਾਰ ਬਣਦਾ ਹੈ। ਸਰਸਵਤੀ ਅਤੇ ਲਕਸ਼ਮੀ ਦੇ ਸੰਦਰਭ ਵਿਚ ਸੰਸਕ੍ਰਿਤ ਭਾਸ਼ਾ ਦੇ ਮਹਾਨ ਕਵੀ ਕਾਲੀਦਾਸ ਦਾ ਜੀਵਨ ਵੇਖਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਉਸ ਨੇ ਆਪਣੀ ਜ਼ਿੰਦਗੀ ਦਾ ਸਾਹਿਤਕ ਕਾਰਜ ਸ਼ਕਤੀ ਅਤੇ ਲਕਸ਼ਮੀ ਦੀ ਆਮਦ ਤੋਂ ਪਹਿਲਾਂ ਹੀ ਕੀਤਾ ਸੀ। ਹਰਿਭਜਨ ਸਿੰਘ ਪਾਸ ਸਰਸਵਤੀ ਅਤੇ ਲਕਸ਼ਮੀ ਜੀਵਨ ਦੀ ਕ੍ਰਮਕਤਾ ਵਿਚ ਪਹਿਲੀ, ਦੂਜੀ ਪਉੜੀ ਵਾਂਗ ਆਈਆਂ ਹਨ।
ਡਾ. ਹਰਿਭਜਨ ਸਿੰਘ ਨੂੰ ਹੁਣ ਤੱਕ ਪੰਜਾਬ ਸਟੇਟ ਇਨਾਮ (ਰਿਗਬਾਣੀ 1963), ਸਾਹਿਤ ਅਕਾਦਮੀ ਪੁਰਸਕਾਰ (ਨਾ ਧੁੱਪੇ ਨਾ ਛਾਂਵੇਂ, 1996), ਸਾਹਿਤ ਕਲਾ ਪਰਿਸ਼ਦ ਪੁਰਸਕਾਰ (1975), ਪੰਜਾਬ ਸਰਕਾਰ ਸ਼੍ਰੋਮਣੀ ਪੁਰਸਕਾਰ (1975), ਪੰਜਾਬ ਸਟੇਟ ਭਾਈ ਵੀਰ ਸਿੰਘ ਪੁਰਸਕਾਰ (ਅਲਫ ਦੁਪਹਿਰ 1975), ਹਰਿਆਣਾ ਸਟੇਟ ਭਾਈ ਸੰਤੋਖ ਸਿੰਘ ਪੁਰਸਕਾਰ (ਸਾਹਿਤ ਸ਼ਾਸਤਰ 1975), ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਬੁੱਕ ਅਵਾਰਡ (ਵੰਨ-ਸੁਵੰਨੀ 1975), ਪੰਜਾਬ ਸਟੇਟ ਇਨਾਮ (ਰੂਪਕੀ 1978), ਸੋਵੀਅਤ ਲੈਂਡ ਨਹਿਰੂ ਪੁਰਸਕਾਰ (ਲੈਨਿਨ: ਨੈਣ ਨਕਸ਼ 1980), ਪੰਜਾਬੀ ਸਾਹਿਤ ਸਭਿਆਚਾਰ ਕੇਂਦਰ ਲੁਧਿਆਣਾ (1982), ਪੰਜਾਬ ਸਟੇਟ ਪੁਰਸਕਾਰ (ਪਤਰਾਂਜਲੀ 1982), ਗਿਆਨੀ ਗੁਰਮੁਖ ਸਿੰਘ ਪੁਰਸਕਾਰ (1982), ਸੇਵਾ ਸਿਫਤੀ ਪੁਰਸਕਾਰ (1982), ਮਹਾਮਤੀ ਪ੍ਰਾਣ ਨਾਥ ਮਿਸ਼ਨ (1983), ਤੀਸਰੀ ਵਿਸ਼ਵ ਪੰਜਾਬੀ ਕਾਨਫਰੰਸ ਪੁਰਸਕਾਰ (1983), ਕਲਾਕਾਰ ਲੇਖਕ ਮੰਡਲ ਪੁਰਸਕਾਰ ਕਰਨਾਲ (1983), ਗਿਆਨੀ ਗੁਰਮੁਖ ਸਿੰਘ ਪੁਰਸਕਾਰ (ਅਲਵਿਦਾ ਤੋਂ ਪਹਿਲਾਂ 1984), ਪ੍ਰੋਫੈਸਰ ਆਫ ਅਮੈਰੀਟਸ (ਦਿੱਲੀ ਯੂਨੀਵਰਸਿਟੀ, ਦਿੱਲੀ 1985), ਕਰਤਾਰ ਸਿੰਘ ਧਾਲੀਵਾਲ ਪੁਰਸਕਾਰ (1986), ਸ਼੍ਰੋਮਣੀ ਕੌਮਾਂਤਰੀ ਸ਼੍ਰੋਮਣੀ ਸਾਹਿਤਕਾਰ ਪੁਰਸਕਾਰ (ਇਆਮਾ 1987), ਯੂ. ਪੀ. ਹਿੰਦੀ ਸੰਸਥਾਨ ਪੁਰਸਕਾਰ (ਲਖਨਊ 1987), ਭਾਰਤ ਸਰਕਾਰ ਫੈਲੋ ਮੈਰੀਟਸ ਸਨਮਾਨ (1987), ਵਾਰਿਸ ਸ਼ਾਹ ਪੁਰਸਕਾਰ (ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ 1992), ਫੈਲੋਸ਼ਿਪ ਦਾ ਸਰਵੋਤਮ ਅਕਾਦਮੀ ਪੁਰਸਕਾਰ (ਸਾਹਿਤ ਅਕਾਦਮੀ 1994), ਸਖਨਵਰ ਮੰਚ ਪੰਜਾਬ ਪੁਰਸਕਾਰ (1994), ਸਰਸਵਤੀ ਪੁਰਸਕਾਰ (ਭਾਰਤ ਦਾ ਸਰਵੋਤਮ ਸਾਹਿਤਕ ਪੁਰਸਕਾਰ: ਕੇ. ਕੇ. ਬਿਰਲਾ ਫਾਊਂਡੇਸ਼ਨ ਦਿੱਲੀ 1994), ਲਾਈਫ ਫੈਲੋਸ਼ਿਪ (ਪੰਜਾਬੀ ਯੂਨੀਵਰਸਿਟੀ ਪਟਿਆਲਾ 1994), ਸਰਵ-ਸ੍ਰੇਸ਼ਟ ਧਾਲੀਵਾਲ ਪੁਰਸਕਾਰ (2001) ਆਦਿ ਪੁਰਸਕਾਰ ਪ੍ਰਾਪਤ ਕੀਤੇ।
ਡਾ. ਹਰਿਭਜਨ ਸਿੰਘ ਤੋਂ ਇਲਾਵਾ ਪੰਜਾਬੀ ਸਾਹਿਤ ਵਿਚ ਨਾ ਤਾਂ ਕਿਸੇ ਸ਼ਖਸੀਅਤ ਨੂੰ ਏਨੀ ਬਹੁ-ਵਿਵਿਧਤਾ ਵਾਲੀ ਰਚਨਾਤਕ ਸ਼ਕਤੀ ਹੀ ਪ੍ਰਾਪਤ ਹੋਈ ਅਤੇ ਨਾ ਹੀ ਏਨੀ ਵੱਡੀ ਤਦਾਦ ਵਿਚ ਕਿਸੇ ਨੂੰ ਮਾਣ-ਸਨਮਾਨ ਮਿਲੇ। ਸਰਵੋਤਮ ਪੁਰਸਕਾਰਾਂ ਨੂੰ ਹਾਸਿਲ ਕਰਨ ਵਿਚ ਹਰਿਭਜਨ ਸਿੰਘ ਦਾ ਕੋਈ ਸਾਨੀ ਨਹੀਂ ਸੀ। ਅਸਲ ਵਿਚ ਡਾ. ਹਰਿਭਜਨ ਸਿੰਘ ਨਾ ਸਿਰਫ ਪੰਜਾਬੀ ਦੀ, ਸਗੋਂ ਭਾਰਤੀ ਸਾਹਿਤ ਦੀ ਦੁਰਲੱਭ ਅਤੇ ਵਿਰਾਟ ਸ਼ਖਸੀਅਤ ਸਨ। ਜਦੋਂ ਹਰਿਭਜਨ ਸਿੰਘ ਨੂੰ ਕਬੀਰ ਪੁਰਸਕਾਰ ਪ੍ਰਾਪਤ ਹੋਇਆ ਸੀ ਤਾਂ ਸਮੁੱਚੇ ਪੰਜਾਬੀ ਸਾਹਿਤ ਦਾ ਮਾਣ ਵਧਿਆ ਸੀ। ਹਰਿਭਜਨ ਸਿੰਘ ਦੀ ਸਾਹਿਤ-ਸਾਧਨਾ ਵਿਚ ਜਦੋਂ ਵੀ ਮਾਣ-ਸਨਮਾਨ ਪ੍ਰਾਪਤ ਹੋਏ ਹਨ ਤਾਂ ਇਹ ਉਸ ਦੀ ਰਚਨਾਤਮਕ ਪ੍ਰਕਿਰਿਆ ਵਿਚ ਕੋਈ ਰੁਕਾਵਟ ਨਹੀਂ ਬਣੇ, ਸਗੋਂ ਉਸ ਦੀ ਸਿਰਜਣਾਤਮਕਤਾ ਨੂੰ ਅਗਲੇਰੀ ਪੁਲਾਂਘ ਪੁੱਟਣ ਲਈ ਪ੍ਰੇਰਕ ਦੀ ਸ਼ਕਤੀ ਹੀ ਨਿਭਾਉਂਦੇ ਰਹੇ ਹਨ। ਰੁੱਖ ਤੇ ਰਿਸ਼ੀ (1992) ਕਾਵਿ-ਕਿਰਤ ਨੂੰ ਕਬੀਰ ਪੁਰਸਕਾਰ ਦਾ ਉੱਤਮ ਨਤੀਜਾ ਕਿਹਾ ਜਾ ਸਕਦਾ ਹੈ।
ਕਬੀਰ ਪੁਰਸਕਾਰ ਤੋਂ ਅੱਧੇ ਦਹਾਕੇ ਬਾਅਦ 1994 ਈਸਵੀ ਵਿਚ ਸਾਹਿਤ ਅਕਾਦਮੀ ਵੱਲੋਂ ਡਾ. ਹਰਿਭਜਨ ਸਿੰਘ ਨੂੰ ‘ਫੈਲੋਸ਼ਿਪ ਦਾ ਸਰਵੋਤਮ ਮਾਣ’ ਦਿੱਤਾ ਗਿਆ। ਕਿਸੇ ਵੀ ਸਾਹਿਤਕਾਰ ਲਈ ਇਸ ਮਾਣ ਦਾ ਮਿਲਣਾ ਪ੍ਰਸ਼ੰਸਾਯੋਗ ਹੈ, ਕਿਉਂਕਿ ਇਹ ਸਿਰਫ ਮਾਣ ਹੀ ਹੈ, ਇਸ ਵਿਚ ਲਕਸ਼ਮੀ ਸ਼ਾਮਿਲ ਨਹੀਂ ਹੈ। ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਇਹ ਮਾਣ 37 ਸਾਲ ਬਾਅਦ ਪ੍ਰਾਪਤ ਹੋਇਆ। ਪਹਿਲੀ ਵਾਰ ਇਹ ਤਾਜ ਸ਼ ਗੁਰਬਖਸ਼ ਸਿੰਘ ਪ੍ਰੀਤਲੜੀ ਦੀ ਸਾਹਿਤ-ਸਾਧਨਾ ਰਾਹੀਂ ਪੰਜਾਬੀ ਸਾਹਿਤ ਦੇ ਮੱਥੇ ਸਜਿਆ ਸੀ ਤੇ 1994 ਵਿਚ ਇਸ ਮੁਕਟ ਨੂੰ ਪੰਜਾਬੀ ਸਾਹਿਤ ਦੇ ਮੱਥੇ ‘ਤੇ ਸਜਾਉਣ ਲਈ ਡਾ. ਹਰਿਭਜਨ ਸਿੰਘ ਦੇ ਸ਼ਬਦਾਂ ਦਾ ਵਾਹਨ ਬਣਿਆ। ਸਾਹਿਤ ਅਕਾਦਮੀ ਦੀ ਫੈਲੋਸ਼ਿਪ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਲਾਈਫ ਫੈਲੋਸ਼ਿਪ ਅਤੇ ਬਿਰਲਾ ਫਾਊਂਡੇਸ਼ਨ ਦੇ ਸਰਸਵਤੀ ਪੁਰਸਕਾਰ ਨੂੰ ਪ੍ਰਾਪਤ ਕਰਨ ਨਾਲ ਤਿੰਨ ਵੱਖੋ-ਵੱਖਰੀਆਂ ਸੰਸਥਾਵਾਂ ਵਲੋਂ ਹਰਿਭਜਨ ਸਿੰਘ ਦੀ ਸਾਹਿਤਕ-ਸੇਵਾ ਨੂੰ ਪ੍ਰਵਾਨਗੀ ਪ੍ਰਾਪਤ ਹੋਈ। ਭਾਰਤ ਦੀਆਂ ਸਾਰੀਆਂ ਭਾਸ਼ਾਵਾਂ ਵਿਚ ਸਰਸਵਤੀ ਪੁਰਸਕਾਰ ਸਰਵੋਤਮ ਇਨਾਮ ਹੈ ਅਤੇ ਇਸ ਦੀ ਰਾਸ਼ੀ ਵੀ ਸਾਰੇ ਭਾਰਤੀ ਇਨਾਮਾਂ ਵਿਚ ਵਧੇਰੇ ਹੈ। ਇਹ ਪੁਰਸਕਾਰ ਪ੍ਰਾਪਤ ਕਰਕੇ ਲੇਖਕ ਦੇਸ ਦੇ ਪ੍ਰਤੀਨਿਧ/ਨਾਮਵਰ ਸਾਹਿਤਕਾਰਾਂ ਦੀ ਕਤਾਰ ਵਿਚ ਜਾ ਖਲੋਂਦਾ ਹੈ ਅਤੇ ਕੌਮਾਂਤਰੀ ਸਾਹਿਤਕਾਰਾਂ ਦੇ ਸੰਦਰਭ ਵਿਚ ਲੇਖਕ ਦਾ ਸ਼ੁਮਾਰ ਹੁੰਦਾ ਹੈ।
ਇਹ ਪੁਰਸਕਾਰ ਮਿਲਣ ਉਪਰੰਤ ਹਰਿਭਜਨ ਸਿੰਘ ਨਾਲ ਮੁਲਾਕਾਤ ਕੀਤੀ ਗਈ ਤਾਂ ਇਨਾਮ ਬਾਰੇ ਉਨ੍ਹਾਂ ਕਿਹਾ, “ਪੁਰਸਕਾਰ ਮੈਂ ਜ਼ਰੂਰ ਪ੍ਰਾਪਤ ਕੀਤਾ ਹੈ, ਪੁਰਸਕਾਰ ਨੇ ਮੈਨੂੰ ਪ੍ਰਾਪਤ ਨਹੀਂ ਕੀਤਾ; ਪੁਰਸਕਾਰ ਮੇਰੇ ਜੀਵਨ ਦਾ ਵੇਰਵਾ ਹੈ, ਇਹ ਮੇਰੇ ਧੁਰ ਮਨ ਦੀ ਵਸਤ ਨਹੀਂ।”
ਸਾਹਿਤਕਾਰ ਦੀ ਮੂਲ ਵਫਾ ਆਪਣੀ ਸਾਹਿਤ-ਕਿਰਤ ਪ੍ਰਤੀ ਹੁੰਦੀ ਹੈ। ਉਹ ਆਪਣੀ ਧੁਨ ਵਿਚ ਜੀਵਨ ਦੀ ਸਿਆਣਪ ਨੂੰ ਭਾਲਣ ਲਈ ਹਮੇਸ਼ਾ ਕਾਰਜਸ਼ੀਲ ਰਹਿੰਦਾ ਹੈ। ਹਰਿਭਜਨ ਸਿੰਘ ਦੀ ਲਗਭਗ ਹਰ ਕਿਰਤ ਇਨਾਮ-ਯਾਫਤਾ ਹੋ ਚੁਕੀ ਹੈ, ਪਰ ਸਾਹਿਤ-ਰਚਨਾ ਪ੍ਰਕਿਰਿਆ ਇਨਾਮ-ਯਾਫਤਾ ਤੋਂ ਮੁਕਤ ਹੈ। ਸਰਸਵਤੀ ਪੁਰਸਕਾਰ ਦੀ ਪ੍ਰਾਪਤੀ ਉਪਰੰਤ ਡਾ. ਸਤਿੰਦਰ ਸਿੰਘ ਨੂਰ ਨੇ ਡਾ. ਹਰਿਭਜਨ ਸਿੰਘ ਬਾਰੇ ਲਿਖਿਆ ਸੀ, “ਡਾ. ਹਰਿਭਜਨ ਸਿੰਘ ਇਕ ਪ੍ਰਤਿਭਾ ਦਾ ਨਾਮ ਹੈ, ਇਸ ਲਈ ਸਰਸਵਤੀ ਪੁਰਸਕਾਰ ਨਾਲ ਸਨਮਾਨਿਆ ਜਾਣਾ ਸਿਰਫ ਪੰਜਾਬੀ ਭਾਸ਼ਾ ਅਤੇ ਸਾਹਿਤ ਦਾ ਸਨਮਾਨ ਹੀ ਨਹੀਂ, ਸਗੋਂ ਸਮੁੱਚੇ ਭਾਰਤੀ ਸਾਹਿਤ ਦਾ ਸਨਮਾਨ ਹੈ। ਡਾ. ਹਰਿਭਜਨ ਸਿੰਘ ਨੇ ਭਾਰਤੀ ਸਾਹਿਤ ਵਿਚ ਕੁਝ ਨਵੇਂ ਪ੍ਰਤਿਮਾਨ ਪੈਦਾ ਕੀਤੇ, ਜਿਨ੍ਹਾਂ ਨੂੰ ਸਿਰਫ ਪੰਜਾਬੀ ਸਾਹਿਤ ਦੇ ਇਤਿਹਾਸ ਵਿਚ ਹੀ ਨਹੀਂ ਜਾਣਿਆ ਜਾਣਾ ਚਾਹੀਦਾ, ਸਗੋਂ ਭਾਰਤੀ ਸਾਹਿਤ ਦੇ ਇਤਿਹਾਸ ਵਿਚ ਵਾਚਿਆ ਜਾਣਾ ਚਾਹੀਦਾ ਹੈ।
ਬਿਰਲਾ ਫਾਊਂਡੇਸ਼ਨ ਦੇ ਪ੍ਰਧਾਨ ਕ੍ਰਿਸ਼ਨ ਕੁਮਾਰ ਬਿਰਲਾ ਨੇ ਸਰਸਵਤੀ ਸਨਮਾਨ ਮੌਕੇ ਕਿਹਾ ਸੀ ਕਿ ਡਾ. ਹਰਿਭਜਨ ਸਿੰਘ ਬਹੁਪੱਖੀ ਸ਼ਖਸੀਅਤ ਦਾ ਸੁਆਮੀ ਹੈ। ਉਨ੍ਹਾਂ ਦੀ ਲੇਖਣੀ ਦੀਆਂ ਜੜ੍ਹਾਂ ਸਭਿਆਚਾਰਕ ਵਿਰਸੇ ਵਿਚ ਡੂੰਘੀ ਤਰ੍ਹਾਂ ਸਮਾਈਆਂ ਹੋਈਆਂ ਹਨ। ਇਸ ਗੱਲ ਦੀ ਵੀ ਸੰਤੁਸ਼ਟੀ ਜਾਹਰ ਕੀਤੀ ਕਿ ਇਸ ਸਾਲ ਦਾ ਸਰਸਵਤੀ ਪੁਰਸਕਾਰ ਦੇਣ ਉਪਰੰਤ ਸਾਹਿਤਕ ਅਤੇ ਅਕਾਦਮਿਕ ਹਲਕਿਆਂ ਵੱਲੋਂ ਵੀ ਭਰਪੂਰ ਪ੍ਰਸ਼ੰਸਾ ਪ੍ਰਾਪਤ ਹੋਈ ਹੈ।
ਭਾਰਤ ਦੇ ਪ੍ਰਧਾਨ ਮੰਤਰੀ ਪੀ. ਵੀ. ਨਰਸਿਮ੍ਹਾ ਰਾਉ ਨੇ ਉਨ੍ਹਾਂ ਦੀ ਕਾਵਿ-ਕਿਰਤ ਦੀ ਸ਼ਲਾਘਾ ਕਰਦਿਆਂ ਕਿਹਾ ਸੀ, “ਡਾ. ਹਰਿਭਜਨ ਸਿੰਘ ਭਾਰਤ ਦਾ ਇੱਕ ਅਜਿਹਾ ਮਹਾਨ ਸਪੂਤ ਹੈ, ਜੋ ਜੀਵਨ ਨੂੰ ਸੂਖਮ ਦ੍ਰਿਸ਼ਟੀ ਨਾਲ ਵੇਖਦਾ ਹੈ ਅਤੇ ਉਸ ਨੂੰ ਆਪਣੀ ਲਿਖਤ ਰਾਹੀਂ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦਾ ਵਰਦਾਨ ਪ੍ਰਾਪਤ ਹੈ। ਹਰਿਭਜਨ ਸਿੰਘ ਦੀ ਕਾਵਿ-ਕਿਰਤ ਪਾਠਕ ਨੂੰ ਕੇਵਲ ਸਤਹ ਉੱਪਰ ਹੀ ਨਹੀਂ ਰੱਖਦੀ, ਸਗੋਂ ਪਾਠਕ ਨੂੰ ਵੀ ਆਪਣੇ ਨਾਲ ਅਸੀਮ ਗਹਿਰਾਈ ਤੱਕ ਲੈ ਜਾਂਦਾ ਹੈ।”
ਹਰਿਭਜਨ ਸਿੰਘ ਦੇ ਜੀਵਨ, ਰਚਨਾ ਅਤੇ ਸ਼ਖਸੀਅਤ ਦੇ ਬੁਨਿਆਦੀ ਆਧਾਰਾਂ ਦੀ ਘੋਖ ਕਰੀਏ ਤਾਂ ਪਤਾ ਲਗਦਾ ਹੈ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਸੰਘਰਸ਼ ਭਰਪੂਰ ਰਿਹਾ ਹੈ। ਇਸ ਸੰਘਰਸ਼ ਵਿਚ ਫਰਾਂਸ ਦੇ ਪ੍ਰਸਿੱਧ ਫਿਲਾਸਫਰ ਜੀਨ ਪਾਲ ਸਾਰਤਰ ਵਾਂਗ ਉਨ੍ਹਾਂ ਨੇ ਸਾਰੀ ਉਮਰ ਪੁਸਤਕਾਂ ਨਾਲ ਗਹਿਰਾ ਲਗਾਉ ਬਣਾਈ ਰੱਖਿਆ ਹੈ, ਏਨਾ ਲਗਾਉ ਕਿ ਹਰਿਭਜਨ ਸਿੰਘ ਖੁਦ-ਬ-ਖੁਦ ਹੀ ਸੰਸਥਾ ਬਣ ਗਿਆ। ਸੰਸਥਾ ਬਣਨ ਤੱਕ ਉਹ ਕਿਤਾਬ-ਕਲਮ-ਕਿਰਤ ਦੇ ਸੰਗਲੀ ਨੁਮਾ ਰਿਸ਼ਤੇ ਵਿਚ ਪੱਕੀ ਪੀਡੀ ਤਰ੍ਹਾਂ ਬੱਝਿਆ ਹੋਇਆ ਪ੍ਰਤੀਤ ਹੁੰਦਾ ਹੈ। ਸਹਿਜਤਾ ਹਰਿਭਜਨ ਸਿੰਘ ਦਾ ਅਨਿਵਾਰੀ ਗੁਣ ਬਣ ਗਿਆ। ਜੀਵਨ ਅਤੇ ਸਾਹਿਤ-ਸਾਧਨਾ ਵਿਚ ਬਹੁਤ ਸਾਰੀਆਂ ਜੋਖਮ ਅਤੇ ਕੁੜੱਤਣ ਭਰਪੂਰ ਘਟਨਾਵਾਂ ਵਾਪਰੀਆਂ, ਪਰ ਉਨ੍ਹਾਂ ਨੇ ਜੀਵਨ ਦੇ ਵਿਸ਼ਾਦ ਅਤੇ ਉਪਰਾਮਤਾ ਨੂੰ ਕਲਾਤਮਕਤਾ ਦਾ ਰੂਪ ਪ੍ਰਦਾਨ ਕੀਤਾ। ਜਰਮਨ ਦਾ ਦਾਰਸ਼ਨਿਕ ਨੀਤਸ਼ੇ ਕਹਿੰਦਾ ਹੈ ਕਿ ਜਦੋਂ ਉਹ ਘੋਰ ਨਿਰਾਸ਼ਾ ਅਤੇ ਇਕੱਲ ਦੀ ਸਥਿਤੀ ਵਿਚ ਸੀ, ਉਹ ਨਾ ਜੀਅ ਸਕਦਾ ਸੀ ਤੇ ਨਾ ਹੀ ਮਰ ਸਕਦਾ ਸੀ, ਉਸ ਦੀ ਹਾਲਤ ਐਬਸਰਡ ਵਿਅਕਤੀਆਂ ਜਿਹੀ ਹੋ ਸਕਦੀ ਸੀ, ਪਰ ਇਕ ਕਲਾਕਾਰ ਹੋਣ ਦੇ ਨਾਤੇ ਉਹ ਆਪਣੀ ਇਕੱਲ ਦੀ ਪੀੜ ਨੂੰ ਪ੍ਰਸੰਨਤਾ ਦੇ ਜ਼ਰੀਏ ਪ੍ਰਗਟ ਕਰਦਾ ਰਿਹਾ ਹੈ।
ਇਕੱਲ ਕਲਾਕਾਰ ਵਿਅਕਤੀਆਂ ਲਈ ਉਸਾਰੂ ਅਤੇ ਰਚਨਾਤਮਕ ਰੋਲ ਨਿਭਾਉਂਦੀ ਹੈ। ਹਰਿਭਜਨ ਸਿੰਘ ਆਪਣੀ ਰਚਨਾਤਮਕ ਪ੍ਰਕਿਰਿਆ ਦੇ ਅੰਤਰਗਤ ਬਹੁ-ਦਿਸ਼ਾਵਾਂ ਵਿਚ ਫੈਲਣ ਵਾਲੀ ਸ਼ਖਸੀਅਤ ਹੈ, ਪਰ ਆਪਣੇ ਜ਼ਿਹਨ ਦੀ ਧੁਰ ਗਹਿਰਾਈ ਵਿਚ ਉਹ ਸਿਰਫ ਸ਼ਾਇਰ ਹੈ। ਇਕੱਲ ਨਾ ਸਿਰਫ ਕਵੀ ਲਈ ਹੀ ਅਨਿਵਾਰੀ ਹੈ, ਸਗੋਂ ਪਾਠਕ ਲਈ ਵੀ ਇਸ ਦਾ ਹੋਣਾ ਲਾਜ਼ਮੀ ਬਣ ਜਾਂਦਾ ਹੈ। ਹਰਿਭਜਨ ਸਿੰਘ ਨੇ ਇਨ੍ਹਾਂ ਤੱਤਾਂ ਨੂੰ ਆਪਣੇ ਜੁੱਸੇ ਵਿਚ ਵਸਾ ਕੇ ਇਸ ਤਰ੍ਹਾਂ ਆਤਮਸਾਤ ਕਰ ਲਿਆ ਕਿ ਉਹ ਨਿਮਰਤਾ ਅਤੇ ਮਿਠਾਸ ਦਾ ਮੁਜੱਸਮਾ ਬਣ ਗਿਆ। ਆਪਣੀ ਵਿਦਵਤਾ ਅਤੇ ਲਿਖਿਤ ਬਾਰੇ ਉਹ ਖੁਦ ਕਹਿੰਦੇ ਹਨ, “ਅੰਗਰੇਜ਼ੀ ਪੜ੍ਹਦਾ ਹਾਂ, ਹਿੰਦੀ ਪੜ੍ਹਾਉਂਦਾ ਹਾਂ ਅਤੇ ਪੰਜਾਬੀ ਵਿਚ ਲਿਖਦਾ ਹਾਂ; ਇਸ ਤਰ੍ਹਾਂ ਦੀ ਰਲੀ ਮਿਲੀ ਖਿਚੜੀ ਹਾਂ ਮੈਂ।…ਪਹਿਲੀ ਜਮਾਤ ਵਿਚ ਪੜ੍ਹਦਾ ਸਾਂ ਤਾਂ ਮਾਸਟਰ ਤਖਤੀ ਉਤੇ ਪੈਨਸਿਲ ਨਾਲ ਕੱਚਾ ਲਿਖ ਦਿੰਦਾ ਸੀ ਤੇ ਅਸੀਂ ਉਸ ਉਤੇ ਕਲਮ ਦਵਾਤ ਨਾਲ ਲਿਖਦੇ ਸਾਂ। ਮੈਨੂੰ ਸਾਫ ਨਜ਼ਰ ਆਉਂਦਾ ਹੈ ਕਿ ਮੈਂ ਜੋ ਕੁਝ ਵੀ ਲਿਖਿਆ ਹੈ, ਆਪਣੀ ਸੰਸਕ੍ਰਿਤੀ ਦੇ ਕੱਚੇ ਲਿਖੇ ਮੁਤਾਬਿਕ ਲਿਖਿਆ ਹੈ।”
ਸਾਹਿਤ ਦੀ ਪ੍ਰਮਾਣਕ ਰਚਨਾ ਲਈ ਰਚਨਾਕਾਰ ਦੇ ਪੈਰ ਆਪਣੇ ਸਭਿਆਚਾਰ ਵਿਚ ਟਿਕੇ ਹੋਣੇ ਲਾਜ਼ਮੀ ਹਨ। ਇਸੇ ਕਰਕੇ ਹੀ ਦੂਸਰੇ ਸਭਿਆਚਾਰ ਦੀ ਕਵਿਤਾ ਨੂੰ ਅਨੁਵਾਦ ਕਰਨਾ ਅਤੇ ਕਈ ਵਾਰ ਸਮਝਣਾ ਵੀ ਮੁਸ਼ਕਿਲ ਹੋ ਜਾਂਦਾ ਹੈ, ਕਿਉਂਕਿ ਸਾਹਿਤ ਵਿਚ ਲਿਖਿਆ ਜਾਣ ਵਾਲਾ ਹਰ ਸ਼ਬਦ ਆਪਣਾ ਸਭਿਆਚਾਰਕ ਪਿਛੋਕੜ ਰੱਖਦਾ ਹੈ। ਡਾ. ਹਰਿਭਜਨ ਸਿੰਘ ਦਾ ਇਹ ਕਹਿਣਾ ਕਿ ਉਨ੍ਹਾਂ ਦੀ ਸਾਰੀ ਲਿਖਤ ਸੰਸਕ੍ਰਿਤੀ ਦੇ ਪਾਏ ਪੂਰਨਿਆਂ ‘ਤੇ ਲਿਖਣ ਵਾਂਗ ਹੈ, ਇਕ ਤਰ੍ਹਾਂ ਨਾਲ ਹਉਮੈ ਦਾ ਤਿਆਗ ਅਤੇ ਨਿਮਰਤਾ ਦਾ ਪ੍ਰਗਟਾਵਾ ਹੈ।
ਡਾ. ਹਰਿਭਜਨ ਸਿੰਘ ਦਾ ਜੀਵਨ-ਕਾਲ 20ਵੀਂ ਸਦੀ ਦੇ ਆਰ-ਪਾਰ ਫੈਲਿਆ ਹੋਇਆ ਹੈ। ਇਸ ਸਦੀ ਦੇ ਅੰਤਰਗਤ ਸੁਤੰਤਰਤਾ ਸੰਗਰਾਮ, ਰਹੱਸਵਾਦੀ ਲਹਿਰ, ਪ੍ਰਗਤੀਵਾਦੀ ਲਹਿਰ, ਪ੍ਰਯੋਗਵਾਦੀ ਲਹਿਰ, ਨਵ ਪ੍ਰਗਤੀਵਾਦੀ, ਆਧੁਨਿਕਤਾਵਾਦੀ ਚਿੰਤਨ, ਪੰਜਾਬ ਸੰਤਾਪ ਆਦਿ ਲਹਿਰਾਂ ਸਦਕਾ ਇਥੋਂ ਦੇ ਜੀਵਨ ਵਿਚ ਅਨੇਕਾਂ ਉਤਾਰ-ਚੜਾਅ ਆਏ ਹਨ। ਇਹ ਹਰਿਭਜਨ ਸਿੰਘ ਦੇ ਅੱਖੀ ਡਿੱਠੇ ਵੇਰਵੇ ਜ਼ਰੂਰ ਹਨ, ਪਰ ਉਨ੍ਹਾਂ ਨੇ ਇਨ੍ਹਾਂ ਸਾਰੇ ਵਕਤੀ ਵੇਰਵਿਆਂ ਦੇ ਵਹਾ ਵਿਚ ਵਹਿਣ ਤੋਂ ਗੁਰੇਜ਼ ਕੀਤਾ। ਅਸਲ ਵਿਚ ਹਰਿਭਜਨ ਸਿੰਘ ਦਾ ਵਿਅਕਤਿਤਵ ਨਿਰਲੇਪਤਾ ਅਤੇ ਫਾਸਿਲਾਸਾਜ਼ੀ ਵਾਲਾ ਹੈ। ਉਹ ਸੰਸਾਰ ਦੀ ਸੰਸਾਰਕਤਾ ਦਾ ਨਿਰਖ-ਪਰਖ ਕਰਕੇ ਉਸ ਨੂੰ ਫਲਸਫੇ ਦੀ ਰੰਗਣ ਦਿੰਦਾ ਹੈ। ਫਲਸਫੇ ਨਾਲ ਸੰਵਾਦ ਰਚਾਉਣ ਲਈ ਉਹ ਦੇਸ ਕਾਲ ਦੀਆਂ ਹੱਦਾਂ ਤੋਂ ਪਾਰ ਵੀ ਵਿਚਰ ਜਾਂਦਾ ਹੈ। ਫਲਸਫੇ ਦੀ ਪ੍ਰਾਪਤੀ ਲਈ ਉਹ ਕਿਸੇ ਦੇਸ਼ ਦੀ ਸੀਮਾ ਦੀ ਮੁਥਾਜੀ ਨਹੀਂ ਭੋਗਦਾ। ਫਲਸਫਾ ਉਸ ਦੇ ਸੁਆਸ-ਸੁਆਸ ਵਿਚ ਰਮਿਆ ਹੋਇਆ ਹੈ। ਰੂਸੋ ਨੇ ਇਕ ਵਾਰੀ ਠੀਕ ਹੀ ਕਿਹਾ ਸੀ ਕਿ ਮਾਨਵੀ-ਜੀਵਨ ਦੀਆਂ ਡੂੰਘੀਆਂ ਤਹਿਆਂ ਅਤੇ ਸੱਚਾਈਆਂ ਨੂੰ ਕੋਈ ਜੀਵਨ ਵਿਗਿਆਨੀ ਨਹੀਂ, ਸਗੋਂ ਕੋਈ ਫਿਲਾਸਫਰ ਹੀ ਜਾਣ ਸਕਦਾ ਹੈ। ਸਾਰਤਰ ਦੇ ਮਿੱਤਰਾਂ ਦਾ ਕਹਿਣਾ ਹੈ ਕਿ ਉਹ ਆਪਣੇ ਸੁਭਾ ਵਿਚ ਇਕ ਠਰੰ੍ਹਮੇ ਵਾਲਾ ਵਿਅਕਤੀ ਸੀ, ਜੋ ਸਦਾ ਡੂੰਘੇ ਵਿਚਾਰਾਂ ਵਿਚ ਖੁੱਭਿਆ ਰਹਿੰਦਾ ਸੀ। ਹਰਿਭਜਨ ਸਿੰਘ ਦਾ ਕਹਿਣਾ ਹੈ ਕਿ ਜਿਨ੍ਹਾਂ ਦਿਨਾਂ ਵਿਚ ਉਹ ਬੀਮਾਰ ਵੀ ਸੀ, ਘਰਦਿਆਂ ਤੋਂ ਚੋਰੀ ਆਪਣੀ ਬੁੱਕਲ ਵਿਚ ਕਵਿਤਾ ਲਿਖਦਾ ਰਹਿੰਦਾ ਸੀ। ਅਸਲ ਵਿਚ ਹਰਿਭਜਨ ਸਿੰਘ ਦੀ ਸ਼ਖਸੀਅਤ ਅਜਿਹੀ ਹੈ, ਜੋ ਸਦਾ ਸਾਹਿਤ ਦੇ ਡੂੰਘੇ ਪਾਣੀਆਂ ਵਿਚ ਗੜੁੱਚ ਰਹੀ ਹੋਵੇ। ਉਹ ਆਪਣੀ ਇਕ ਮੁਲਾਕਾਤ ਵਿਚ ਕਹਿੰਦੇ ਹਨ, “ਸਾਹਿਤ ਮੇਰੇ ਚੁਫੇਰੇ ਸੁਖਦਾਈ ਹਵਾ ਵਾਂਗ ਫੈਲਿਆ ਰਿਹਾ ਹੈ। ਇਸ ਵਿਚ ਮੈਂ ਸਾਹ ਲੈਂਦਾ ਰਿਹਾ ਹਾਂ। ਇਹ ਮੇਰਾ ਜੀਵਨ ਹੈ।”
ਰੁਜ਼ਗਾਰ ਦੀ ਭਾਲ ਵਿਚ ਹਰਿਭਜਨ ਸਿੰਘ ਨੇ ਇੱਕ ਵਾਰ ਦਿੱਲੀ ਪ੍ਰਵੇਸ਼ ਕੀਤਾ ਅਤੇ ਸਾਰੀ ਉਮਰ ਦਿੱਲੀ ਸ਼ਹਿਰ ਦੇ ਲੇਖੇ ਹੀ ਲਾ ਦਿੱਤੀ। ਦਿੱਲੀ ਵਿਚ ਐਰਾ-ਗੈਰਾ ਬੰਦਾ ਆਪਣੇ ਪੈਰ ਨਹੀਂ ਟਿਕਾ ਸਕਦਾ। ਪੱਕੇ ਪੈਰੀਂ ਖਲੋਣ ਲਈ ਹਰਿਭਜਨ ਸਿੰਘ ਨੇ ਪੂਰੀ ਤਨ-ਦੇਹੀ ਨਾਲ ਤਪੱਸਿਆ ਕੀਤੀ ਹੈ। ਕਰੋਲ ਬਾਗ ਦੀ ਭੀੜ-ਭੜੱਕੇ ਵਾਲੀ ਗਲੀ ਵਿਚ ਸੈਆਂ ਪੁਸਤਕਾਂ ਦੇ ਪੱਤਰੇ ਪਰਤਾਏ ਹਨ। ਅਤਿ ਦੀ ਸਾਧਾਰਨਤਾ ਵਿਚ ਅਸਾਧਾਰਨ ਬਣ ਕੇ ਵਿਚਰਨ ਵਾਲਾ ਉਹ ਆਧੁਨਿਕ ਯੁੱਗ ਦਾ ਰਿਸ਼ੀ ਸੀ। ਤੇਜ਼-ਤਰਾਰ ਰਫਤਾਰ ਭਰੇ ਦਿੱਲੀ ਦੇ ਆਸ-ਪਾਸ ਦੇ ਮਾਹੌਲ ਨੇ ਹਰਿਭਜਨ ਸਿੰਘ ਨੂੰ ਅਤਿ ਦਰਜੇ ਦਾ ਕਰਮਸ਼ੀਲ ਬਣਾਇਆ। ਜਦੋਂ ਕਦੇ ਉਹ ਕਵਿਤਾ ਪੜ੍ਹਦਾ ਜਾਂ ਲੈਕਚਰ ਦੇ ਰਿਹਾ ਹੁੰਦਾ ਤਾਂ ਉਸ ਦੇ ਸਰੀਰ ਦੀ ਕਾਵਿਕ-ਲੈਅ ਨਾਲ ਸਰੋਤਿਆਂ ਦੇ ਮਨਾਂ ‘ਤੇ ਜਾਦੂ ਧੂੜਿਆ ਜਾਂਦਾ। ਆਪਣੇ ਸੱਜੇ ਪੈਰ ਦੇ ਅੰਗੂਠੇ ‘ਤੇ ਭਾਰ ਪਾ ਕੇ ਉਹ ਸੱਜੇ ਹੱਥ ਦੀ ਉਂਗਲ ਉੱਪਰ ਉਛਾਲਦਾ ਤਾਂ ਉਹ ਧਰਤੀ ਤੇ ਆਸਮਾਨ ਵਿਚ ਖਲੋਤਾ ਹੋਇਆ ਇੱਕ ਦੇਵ-ਕੱਦ ਪ੍ਰਤੀਤ ਹੁੰਦਾ। ਆਪਣੇ ਮਨ-ਮਸਤਕ ਵਿਚ ਏਨਾ ਗਹਿਰਾ ਉਤਰ ਜਾਂਦਾ ਕਿ ਉਸ ਦਾ ਇਕ ਇਕ ਬੋਲ ਪੰਜਾਬੀ ਪਾਠਕਾਂ ਤੱਕ ਇਵੇਂ ਪੁੱਜ ਜਾਂਦਾ, ਜਿਵੇਂ ਗਗਨ ਵਿਚ ਟੰਗੇ ਹੋਏ ਟੱਲ ਦੀ ਧੁਨ ਸਾਰੇ ਆਕਾਸ਼ ਵਿਚ ਪਸਰ ਜਾਂਦੀ ਹੈ।
ਉਹ ਜਿਥੇ ਹਾਜ਼ਰ ਹੁੰਦਾ, ਉਥੇ ਉਸ ਦਾ ਬੋਲ ਪੁੱਗਦਾ। ਗੈਰ-ਹਾਜ਼ਰ ਹੋ ਕੇ ਹਾਜ਼ਰ ਹੋਣਾ ਮੁਨਾਸਿਬ ਨਾ ਸਮਝਿਆ। ਕਿਸੇ ਨੂੰ ਰੀਡਰੀ, ਕਿਸੇ ਨੂੰ ਪ੍ਰੋਫੈਸਰੀ, ਕਿਸੇ ਨੂੰ ਪੀਐੱਚ.ਡੀ., ਕਿਸੇ ਨੂੰ ਇਨਾਮ, ਕਿਸੇ ਦਾ ਥਾਪਨਾ ਤੇ ਕਿਸੇ ਨੂੰ ਵਾਹ-ਵਾਹ! ਅੱਖ ਦੇ ਫੋਰ ਵਿਚ ਔਹ ਜਾਂਦਾ…ਔਹ ਜਾਂਦਾ ਵਸਦੇ ਰਹੋ ਤੇ ਉਜੜ ਜਾਉ ਦੇ ਨੇਮ ਅਨੁਸਾਰ ਦਿੱਲੀ ਦੇ ਵਿਦਵਾਨਾਂ ਦੀ ਥਾਂ-ਪਰ-ਥਾਂ ਸਦਾ ਜਾਗ ਲਾਈ।
ਉਮਰ ਦੇ ਅੰਤਲੇ ਵਰ੍ਹਿਆਂ ਵਿਚ ਦੇਹੀ ਦੇ ਚਾਣ ਚੱਕ ਲੱਗੇ ਰੋਗ ਨੇ ਹਰਿਭਜਨ ਸਿੰਘ ਨੂੰ ਆਖਰੀ ਉਮਰੇ ਗਤੀਹੀਣ ਬਣਾ ਦਿੱਤਾ ਸੀ। ਸਾਰੀ ਉਮਰ ਹਰਿਭਜਨ ਸਿੰਘ ਨੇ ਆਪਣੇ ਦਿਮਾਗ ਨੂੰ ਸੋਚਣ ਨਦੀ ਦੇ ਤੇਜ਼ ਵਹਿਣ ਵਿਚ ਠੇਲੀ ਰੱਖਿਆ। ਪੰਜਾਬੀ ਪਾਠਕਾਂ ਦੇ ਮੋਹ ਵਿਚ ਬੱਧਾ ਹੋਇਆ ਇਹ ਸਾਹਿਤਕਾਰ ਆਪਣੇ ਮਿੱਤਰਾਂ ਨਾਲ ਵਫਾ ਪਾਲਦਿਆਂ ਕਦੇ ਕਦੇ ਆਪਣੀ ਸਮਰਥਾ ਤੋਂ ਵੀ ਵੱਡੀਆਂ ਪੁਲਾਘਾਂ ਪੁੱਟ ਜਾਂਦਾ ਰਿਹਾ ਹੈ। ਭਾਰਤੀ ਇਤਿਹਾਸ ਦੇ ਮਹਾਨ ਤਿਆਗ ਅਤੇ ਤਪੱਸਵੀ ਗੌਤਮ ਬੁੱਧ ਆਪਣੀ ਸਾਧਨਾ ਵਿਚ ਏਨਾ ਲੀਨ ਹੋ ਗਿਆ ਕਿ ਸਰੀਰ ਦੀ ਕਿਰਿਆ ਤੋਂ ਵੀ ਅਸਮਰਥ ਹੋ ਕੇ ਬੇਹੋਸ਼ੀ ਦੀ ਹਾਲਤ ਤੱਕ ਪੁੱਜ ਗਿਆ ਸੀ। ਗੌਤਮ ਬੁੱਧ ਦੀ ਅਵਸਥਾ ਨੂੰ ਲਾਗਲੀ ਪਹਾੜੀ ਤੇ ਦੇਵੀ ਦੀ ਪੂਜਾ ‘ਤੇ ਜਾ ਰਹੇ ਕੁਝ ਨ੍ਰਿਤਕਾਰਾਂ ਨੇ ਦੇਖਿਆ। ਇਨ੍ਹਾਂ ਨ੍ਰਿਤਕਾਰਾਂ ਵਿਚ ਇੱਕ ਜੋਬਨ ਵੰਤੀ ਸੀ। ਇਸ ਗੀਤ ਦੇ ਬੋਲ ਸੁਣ ਕੇ ਗੌਤਮ ਬੁੱਧ ਮੁੜ ਹੋਸ਼ ਵਿਚ ਪਰਤ ਆਇਆ ਸੀ; ਉਸ ਗੀਤ ਦੇ ਬੋਲ ਇਸ ਤਰ੍ਹਾਂ ਹਨ,
ਮਧੁਰ ਮਧੁਰ ਧੁਨ, ਮਧੁਰ ਮਧੁਰ ਸੁਰ,
ਬਾਜਤ ਹੈ ਦੋਤਾਰਾ, ਸਾਜਨ।
ਬਾਜਤ ਹੈ ਦੋਤਾਰਾ, ਸਾਜਨ।
ਸੁਰ ਖੰਡਤ ਹੋ, ਟੂਟ ਜਾਤ ਹੈ
ਕਸ਼ਟ ਹੋਤ ਹੈ, ਭਾਰਾ,
ਮਧੁਰ ਮਧੁਰ ਧੁਨ, ਮਧੁਰ ਮਧੁਰ ਸੁਰ
ਬਾਜਤ ਹੈ ਦੋਤਾਰਾ।
ਢੀਲ੍ਹ ਨਾ ਦੋ, ਤਾਰੋਂ ਕੋ ਸਾਜਨ,
ਢੀਲ੍ਹ ਦੀਏ ਸੁਰ ਭੰਗ ਹੋਤ ਹੈ,
ਬਹੇ ਨਾ ਗੀਤਕ ਧਾਰਾ।
ਮਧੁਰ ਮਧੁਰ ਧੁਨ, ਮਧੁਰ ਮਧੁਰ ਸੁਰ।
ਬਾਜਤ ਹੈ ਦੋਤਾਰਾ।
ਇਸ ਨਾਚੀ ਕੁੜੀ ਦੇ ਗਾਏ ਗੀਤ ਨੇ ਜੀਵਨ ਦੇ ਸੱਚ ਦਾ ਵੀ ਸਹਿਜੇ ਹੀ ਨਿਚੋੜ ਪੇਸ਼ ਕਰ ਦਿੱਤਾ ਸੀ। ਸਿਤਾਰ ਦੀਆਂ ਤਾਰਾਂ ਨੂੰ ਬਹੁਤ ਖਿੱਚੀਏ ਤਾਂ ਇਹ ਟੁੱਟ ਜਾਂਦੀਆਂ ਹਨ ਤੇ ਸੰਗੀਤ ਕੱਢਣ ਤੋਂ ਅਸਮਰਥ ਹੋ ਜਾਂਦੀਆਂ ਹਨ। ਜੋ ਤਾਰਾਂ ਢਿੱਲ੍ਹੀਆਂ ਛੱਡ ਦਈਏ ਤਾਂ ਸਥਿਲ ਹੋ ਕੇ ਸੰਗੀਤ ਕੱਢਣੋਂ ਅਸਮਰਥ ਹੋ ਜਾਂਦੀਆਂ ਹਨ। ਇਨ੍ਹਾਂ ਨੂੰ ਸੂਤ ਸਿਰ ਰੱਖਿਆ ਹੀ ਲੈਆਤਮਕ ਧਾਰਾ ਨਿਕਲਦੀਆਂ ਹਨ; ਇਹੋ ਰੂਪਕ ਮਨੁੱਖੀ ਸਰੀਰ ਲਈ ਸਿੱਧ ਹੁੰਦਾ ਹੈ।
ਹਰਿਭਜਨ ਸਿੰਘ ਦੀ ਜੀਵਨ ਅਤੇ ਸਾਹਿਤਕ-ਸ਼ਖਸੀਅਤ ਸਰਲ, ਇਕ ਪਾਸੜ ਅਤੇ ਇਕਹਿਰੀ ਪਰਤ ਵਾਲੀ ਨਹੀਂ, ਸਗੋਂ ਜਟਿਲ, ਵਿਰਾਟ ਅਤੇ ਬਹੁ-ਪਸਾਰੀ ਹੈ। ਜਿਵੇਂ ਅਸਮਾਨ ਵਿਚ ਵੰਨ-ਸੁਵੰਨੇ ਤਾਰਿਆਂ ਦੇ ਜਲੌ ਨਾਲ ਆਕਾਸ਼ ਦਾ ਪ੍ਰਕਾਸ਼ ਜਗਮਗ ਜਗਮਗ ਕਰਦਾ ਹੈ, ਇਵੇਂ ਹਰਿਭਜਨ ਸਿੰਘ ਦੀ ਪ੍ਰਤਿਭਾ ਦੀਆਂ ਰੰਗ-ਬਰੰਗੀਆਂ ਮਸ਼ਾਲਾਂ ਜਿਥੇ ਪਾਠਕ ਨੂੰ ਜੀਵਨ ਦੇ ਗਿਆਨ ਦੀ ਸੋਝੀ ਦਿੰਦੀਆਂ ਹਨ, ਉਥੇ ਉਸ ਦੀ ਸ਼ਖਸੀਅਤ ਨੂੰ ਵੀ ਚਮਤਕਾਰੀ ਬਣਾ ਦਿੰਦੀਆਂ ਹਨ। ਇਸ ਮਹਾਨ ਸ਼ਖਸੀਅਤ ਦੇ ਮਹਾਨ ਬੋਲਾਂ ਦੀ ਪੰਜਾਬੀ ਅਤੇ ਭਾਰਤੀ ਪਾਠਕਾਂ ਵਿਚ ਸਦਾ ਦਿਲਚਸਪੀ ਰਹੇਗੀ। ਪੰਜਾਬੀ ਕਾਵਿ ਅਤੇ ਚਿੰਤਨ ਦਾ ਇਹ ਦਰਿਆ ਪੰਜਾਬੀ ਸਮਾਜ ਦਾ ਨਿਰਦੇਸ਼ ਕਰਦਿਆਂ ਆਪਣੀਆਂ ਹੱਦਾਂ ਨੂੰ ਲਗਾਤਾਰ ਵਿਸਤਾਰਦਾ ਰਿਹਾ ਹੈ। ਸਹੀ ਮਾਇਨਿਆਂ ਵਿਚ ਉਹ ਪੰਜਾਬੀ ਦਾ ਯੁੱਗ-ਪੁਰਸ਼ ਸੀ, ਜਿਸ ਨੇ ਆਪਣਾ ਸਾਰਾ ਜੀਵਨ ਸਾਹਿਤ ਨੂੰ ਸਮਰਪਿਤ ਕੀਤਾ।
ਸਰੀਰਕ ਤੌਰ ‘ਤੇ ਭਾਵੇਂ ਡਾ. ਹਰਿਭਜਨ ਸਿੰਘ ਅਕਤੂਬਰ 2002 ਵਿਚ ਪੰਜਾਬੀ ਸਾਹਿਤ ਅਤੇ ਫਾਨੀ ਸੰਸਾਰ ਨੂੰ ਵਿਛੋੜਾ ਦੇ ਗਏ ਹਨ, ਪਰ ਉਨ੍ਹਾਂ ਦੀ ਜਗਾਈ ਹੋਈ ਗਿਆਨ ਦੀ ਜੋਤ ਸਦਕਾ ਪੰਜਾਬੀ ਪਾਠਕਾਂ ਨੂੰ ਪ੍ਰੇਰਨਾ ਅਤੇ ਉਤਸ਼ਾਹ ਸਦਾ ਮਿਲਦਾ ਰਹੇਗਾ।
ਮੈਂ ਇਸ ਮਹਾਨ ਸ਼ਖਸੀਅਤ ਨੂੰ ਕਾਵਿਕ ਸ਼ਰਧਾਂਜਲੀ ਵਜੋਂ ਕਾਵਿ-ਸਤਰਾਂ ਲਿਖੀਆਂ ਸਨ,
ਰੱਖਦਾ ਰਿਹਾ ਜੋ ਉਮਰ ਭਰ ਹਰ ਬਾਤ ਦੀ ਖਬਰ,
ਉਹ ਆਦਮੀ ਮੈਂ ਵੇਖਿਆ ਆਪਣੇ ਤੋਂ ਬੇਖਬਰ।

ਦੁਨੀਆਂ ਦੇ ਸਾਰੇ ਦਰਦ ਨੂੰ ਸੀਨੇ ‘ਚ ਪਾ ਲਿਆ
ਆਪਣੇ ਜਿਗਰ ਦੀ ਪੀੜ ਨੂੰ ਰੱਖਿਆ ਲੁਕਾ ਕੇ ਪਰ।
ਸਾਰੇ ਜਗਤ ਦੇ ਬੋਧ ਨੂੰ ਮੱਥੇ ‘ਚ ਸਾਂਭਿਆ,
ਕੀਤਾ ਮਨੁੱਖ ਦੇ ਰੂਪ ਵਿਚ ਦਰਵੇਸ਼ ਨੇ ਸਫਰ।

ਮੱਥਿਆਂ ‘ਚ ਬਾਲੇ ਓਸ ਨੇ ਦੀਵੇ ਗਿਆਨ ਦੇ,
ਬਣ ਕੇ ਰਿਹਾ ਉਹ ਰਹਿਨੁਮਾ ਚਾਨਣ ਦਾ ਹਮਸਫਰ।
ਜਿਸ ਥਾਂ ਕਦਮ ਉਸ ਨੇ ਧਰੇ, ਛਾਪ ਆਪਣੀ ਲਾ ਗਿਆ,
ਰਾਹਾਂ ‘ਤੇ ਉਸ ਨੂੰ ਦੂਰ ਤੱਕ ਵੇਖੇ ਨਜ਼ਰ ਨਜ਼ਰ।

ਕਵਿਤਾ ਦੇ ਉੱਚੇ ਅੰਬਰੀਂ ਪਰਵਾਜ਼ ਭਰ ਗਿਆ,
ਧਰਤੀ ਦੇ ਬਿਖੜੇ ਪੰਧ ‘ਤੇ ਕਰਦਾ ਰਿਹਾ ਸਫਰ।
ਸ਼ਬਦਾਂ ‘ਚ ਬੰਨ੍ਹਾਂ ਕਿਸ ਤਰ੍ਹਾਂ ਪ੍ਰਕਾਸ਼ ਦੋਸਤੇ,
ਅੰਬਰ ਦੇ ਤੀਕਰ ਫੈਲਿਆ ਧਰਤੀ ਦੇ ਹਰ ਨਗਰ।
(ਸਮਾਪਤ)