ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ

ਡਾ. ਗੁਰਨਾਮ ਕੌਰ, ਕੈਨੇਡਾ
ਗੁਰੂ ਅਮਰਦਾਸ ਸਾਹਿਬ ਨੇ ਫਰਮਾਇਆ ਹੈ ਕਿ ਜੋ ਚੰਗੀ ਔਲਾਦ ਹੁੰਦੀ ਹੈ, ਉਹ ਆਪਣੇ ਵਡੇਰਿਆਂ ਦੀਆਂ ਰਵਾਇਤਾਂ, ਆਪਣੇ ਬਜੁਰਗਾਂ ਦੀਆਂ ਸਾਖੀਆਂ, ਜੋ ਗੁਰੂ ਆਸ਼ੇ ਦੀਆਂ ਅਨੁਸਾਰੀ ਹੁੰਦੀਆਂ ਹਨ, ਨੂੰ ਦੁਹਰਾਉਂਦੇ ਰਹਿੰਦੇ ਹਨ। ਬਜੁਰਗਾਂ ਦੀਆਂ ਇਨ੍ਹਾਂ ਸਾਖੀਆਂ ਨੂੰ ਸੁਣਨ ਤੇ ਦੁਹਰਾਉਣ ਨਾਲ ਉਹ ਗੁਰਮੁਖ ਬਣ ਜਾਂਦੇ ਹਨ, ਉਨ੍ਹਾਂ ਗੱਲਾਂ ਵਿਚ ਯਕੀਨ ਲਿਆਉਂਦੇ ਹਨ ਅਤੇ ਉਨ੍ਹਾਂ ਉਤੇ ਅਮਲ ਕਰਦੇ ਹਨ; ਚੰਗੀਆਂ ਰਵਾਇਤਾਂ ਨੂੰ ਅੱਗੇ ਲੈ ਕੇ ਜਾਂਦੇ ਹਨ ਤੇ ਹੋਰਨਾਂ ਨੂੰ ਵੀ ਚੰਗੇ ਰਸਤੇ ‘ਤੇ ਤੋਰਦੇ ਹਨ। ਸੱਚੇ ਪਰਮਾਤਮਾ ਨੇ ਉਨ੍ਹਾਂ ਨੂੰ ਸੱਚ ਵਾਲੇ ਪਾਸੇ ਲਾਇਆ, ਉਹ ਸੱਚ ਵਾਲੇ ਪਾਸੇ ਲੱਗੇ, ਉਹ ਪਰਮਸਤਿ ਨੂੰ ਚੇਤੇ ਰੱਖਦੇ ਹਨ, ਆਪਣਾ ਇਸ ਸੰਸਾਰ ‘ਤੇ ਆਉਣਾ ਸਫਲ ਬਣਾਉਂਦੇ ਹਨ ਅਤੇ ਆਪਣੀਆਂ ਕੁਲਾਂ ਵੀ ਤਾਰਦੇ ਹਨ,

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ॥
ਜਿ ਸਤਿਗੁਰ ਭਾਵੈ ਸੁ ਮੰਨਿ ਲੈਨਿ ਸੇਈ ਕਰਮ ਕਰੇਨਿ॥ (ਪੰਨਾ 951)
ਇਸ ਲੇਖ-ਲੜੀ ਦੇ ਪਹਿਲੇ ਲੇਖ ‘ਜੋਤੀ ਜੋਤਿ ਮਿਲਾਇ ਕੈ ਸਤਿਗੁਰ ਨਾਨਕਿ ਰੂਪੁ ਵਟਾਇਆ’ ਵਿਚ ਹੀ ਇਹ ਜਾਣਨ ਦੀ ਕੋਸ਼ਿਸ਼ ਕੀਤੀ ਗਈ ਸੀ ਕਿ ਗੁਰੂ ਨਾਨਕ ਜੋਤਿ ਦੇ ਅਸਲੀ ਵਾਰਿਸ ਭਾਈ ਲਹਿਣਾ ਜੀ ‘ਗੁਰੂ ਅੰਗਦ’ ਰੂਪ ਵਿਚ ਬਣੇ ਅਤੇ ਵਿਰਾਸਤ ਨੂੰ ਅੱਗੇ ਲੈ ਕੇ ਗਏ, ਜੋ ਗੁਰੂ ਅਮਰਦਾਸ, ਗੁਰੂ ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ, ਗੁਰੂ ਹਰਿਰਾਇ, ਗੁਰੂ ਹਰਿਕ੍ਰਿਸ਼ਨ, ਗੁਰੂ ਤੇਗ ਬਹਾਦਰ ਰਾਹੀਂ ਹੁੰਦੀ ਹੋਈ ਗੁਰੂ ਗੋਬਿੰਦ ਸਿੰਘ ਤੱਕ ਪਹੁੰਚੀ ਅਤੇ ਉਨ੍ਹਾਂ ਨੇ ਫਿਰ ਗੁਰਗੱਦੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ਸਰਬ ਸਮਿਆਂ ਲਈ ਖਾਲਸਾ ਪੰਥ ਨੂੰ ਸ਼ਬਦ ਗੁਰੂ ਦੀ ਅਗਵਾਈ ਵਿਚ ਚੱਲਣ ਦਾ ਹੁਕਮ ਕਰ ਦਿੱਤਾ ਤੇ ‘ਇੱਕ ਗ੍ਰੰਥ, ਇੱਕ ਪੰਥ’ ਦੀ ਪਰੰਪਰਾ ਕਾਇਮ ਕਰ ਦਿੱਤੀ। ਗੁਰਮਤਿ ਦਰਸ਼ਨ ਅਨੁਸਾਰ ਗੁਰੂ ਦਾ ਸ਼ਬਦ, ਗੁਰੂ ਦੀ ਬਾਣੀ ਹੀ ਗੁਰੂ ਹੈ, ਕਿਉਂਕਿ ਸ਼ਬਦ ਅਵਿਨਾਸ਼ੀ ਹੈ, ਸਦੀਵੀ ਹੈ। ਗੁਰੂ ਨਾਨਕ ਦੇਵ ਤੋਂ, ਸਮੇਤ ਭਗਤ ਬਾਣੀ ਦੇ, ਗੁਰੂ ਅੰਗਦ ਦੇਵ, ਗੁਰੂ ਅਮਰਦਾਸ, ਗੁਰੂ ਰਾਮਦਾਸ ਰਾਹੀਂ ਹੁੰਦਾ ਹੋਇਆ ਸ਼ਬਦ ਦਾ ਖਜਾਨਾ ਗੁਰੂ ਅਰਜਨ ਦੇਵ ਤੱਕ ਪਹੁੰਚਦਾ ਹੈ। ਗੁਰੂ ਅਰਜਨ ਦੇਵ ਬਚਨ ਕਰਦੇ ਹਨ ਕਿ ਜਦੋਂ ਮੈਂ ਆਪਣੇ ਪੂਰਵਜ ਗੁਰੂ ਸਾਹਿਬਾਨ ਦਾ ਬਾਣੀ ਦਾ ਖਜਾਨਾ ਖੋਲ੍ਹ ਕੇ ਦੇਖਿਆ ਤਾਂ ਮੇਰੇ ਅੰਦਰ ਆਤਮਕ ਅਨੰਦ ਦਾ ਭੰਡਾਰ ਭਰ ਗਿਆ। ਇਸ ਖਜਾਨੇ ਵਿਚ ਪਰਮਾਤਮਾ ਦੀ ਸਿਫਤਿ-ਸਾਲਾਹ ਦੇ ਅਮੋਲਕ ਰਤਨਾਂ, ਲਾਲਾਂ ਦੇ ਭੰਡਾਰ ਭਰੇ ਹੋਏ ਹਨ, ਜੋ ਕਦੀ ਮੁੱਕ ਨਹੀਂ ਸਕਦੇ, ਜਿਨ੍ਹਾਂ ਨੂੰ ਤੋਲਿਆ ਨਹੀਂ ਜਾ ਸਕਦਾ। ਜੋ ਮਨੁੱਖ ਸਤਿਸੰਗਤਿ ਵਿਚ ਮਿਲ ਬੈਠ ਕੇ ਇਸ ਅਮੋਲਕ ਖਜਾਨੇ ਨੂੰ ਆਪ ਵਰਤਦੇ ਹਨ ਅਤੇ ਹੋਰਨਾਂ ਨੂੰ ਵੰਡਦੇ ਹਨ, ਉਨ੍ਹਾਂ ਪਾਸ ਇਸ ਖਜਾਨੇ ਦੀ ਕੋਈ ਘਾਟ ਨਹੀਂ ਆਉਂਦੀ, ਸਗੋਂ ਹੋਰ ਭਰਪੂਰ ਹੁੰਦਾ ਜਾਂਦਾ ਹੈ,
ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥
ਤਾ ਮੇਰੈ ਮਨਿ ਭਇਆ ਨਿਧਾਨਾ॥੧॥…
ਖਾਵਹਿ ਖਰਚਹਿ ਰਲਿ ਮਿਲਿ ਭਾਈ॥
ਤੋਟਿ ਨ ਆਵੈ ਵਧਦੋ ਜਾਈ॥ (ਪੰਨਾ 186)
ਇਸੇ ਖਜਾਨੇ ਦਾ ਗੁਰੂ ਅਰਜਨ ਦੇਵ ਨੇ ‘ਗ੍ਰੰਥ ਸਾਹਿਬ’ ਦੇ ਰੂਪ ਵਿਚ ਸੰਕਲਨ ਕੀਤਾ, ਜਿਸ ਨੂੰ ਉਦੋਂ ‘ਪੋਥੀ ਸਾਹਿਬ’ ਕਿਹਾ ਜਾਂਦਾ ਸੀ। ਗੁਰੂ ਨਾਨਕ ਦੇ ਸਮੇਂ ਦੇ ਸਮਾਜ ‘ਤੇ, ਉਸ ਵੇਲੇ ਦੀ ਗਰੀਬ ਲੋਕਾਈ ‘ਤੇ ਤਿੰਨ ਤਰਫਾਂ ਤੋਂ ਜ਼ੁਲਮ ਹੋ ਰਿਹਾ ਸੀ। ਇੱਕ ਪਾਸੇ ਰਾਜ-ਕਰਤਾ ਅਤੇ ਉਨ੍ਹਾਂ ਦੇ ਅਹਿਲਕਾਰਾਂ ਵੱਲੋਂ ਜਨਤਾ ਦੀ ਲੁੱਟ-ਖਸੁੱਟ ਕੀਤੀ ਜਾ ਰਹੀ ਸੀ, ਉਨ੍ਹਾਂ ‘ਤੇ ਹਰ ਤਰ੍ਹਾਂ ਦੇ ਜ਼ੁਲਮ ਹੋ ਰਹੇ ਸੀ। ਦੂਜੇ ਪਾਸੇ ਧਰਮ ਦੇ ਨਾਂ ‘ਤੇ ਪੁਜਾਰੀ ਜਮਾਤ ਅਤੇ ਧਰਮ ਦੇ ਠੇਕੇਦਾਰਾਂ ਨੇ ਆਮ ਜਨਤਾ ਦੀ ਲੁੱਟ-ਖਸੁੱਟ ਲਈ ਧਰਮ ਵਿਚ ਬਹੁਤ ਤਰ੍ਹਾਂ ਦੇ ਪਖੰਡ, ਕਰਮਕਾਂਡ, ਵਹਿਮ-ਭਰਮ, ਜਾਤ-ਪਾਤਕ ਵੰਡ ਆਦਿ ਨੂੰ ਸ਼ਾਮਲ ਕਰਕੇ ਅਤੇ ਧਾਰਮਿਕ ਪ੍ਰਵਾਨਗੀ ਦੇ ਕੇ ਅਨੇਕ ਤਰ੍ਹਾਂ ਨਾਲ ਆਮ ਲੋਕਾਈ ਦੇ ਸ਼ੋਸ਼ਣ ਦਾ ਸਾਧਨ ਬਣਾ ਲਿਆ ਸੀ। ਭਾਰਤੀ ਸਮਾਜ ਵਰਣ-ਆਸ਼੍ਰਮ ਧਰਮ ਤਹਿਤ ਉੱਚੇ ਤੇ ਨੀਵੇਂ ਵਰਗਾਂ ਵਿਚ ਵੰਡਿਆ ਹੋਇਆ ਸੀ ਅਤੇ ਹੇਠਲੇ ਵਰਗਾਂ ਨਾਲ ਉੱਚ-ਜਾਤੀਆਂ ਵੱਲੋਂ ਪਸੂਆਂ ਤੋਂ ਵੀ ਮਾੜਾ ਵਰਤਾਉ ਕੀਤਾ ਜਾਂਦਾ ਸੀ। ਔਰਤ ਨੂੰ ਅਧਿਆਤਮਕਤਾ ਦੇ ਰਸਤੇ ਦਾ ਰੋੜਾ ਸਮਝਿਆ ਜਾਂਦਾ ਸੀ ਅਤੇ ਉਸ ਨੂੰ ‘ਬਾਘਣੀ’, ‘ਪੈਰ ਦੀ ਜੁੱਤੀ’ ਆਦਿ ਲਕਬਾਂ ਨਾਲ ਸੰਬੋਧਨ ਕੀਤਾ ਜਾਂਦਾ ਸੀ। ਇਸ ਦੇ ਨਾਲ ਹੀ ਬਾਹਰੀ ਹਮਲਾਵਰਾਂ ਵੱਲੋਂ ਹਿੰਦੁਸਤਾਨੀ ਪਰਜਾ ਦੀ ਲੁੱਟ-ਖਸੁੱਟ ਜਾਰੀ ਸੀ।
ਗੁਰੂ ਨਾਨਕ ਦੇ ਸਮੇਂ ਵਿਚ ਹੀ ਬਾਬਰ ਨੇ ਹਿੰਦੁਸਤਾਨ ਤੇ ਹਮਲਾ ਕੀਤਾ ਅਤੇ ਭਾਰਤੀ ਜਨਤਾ ‘ਤੇ ਬੇਹੱਦ ਜ਼ੁਲਮ ਢਾਹੇ, ਆਮ ਲੋਕਾਈ ਦਾ ਘਾਣ ਕਰਨ ਦੇ ਨਾਲ ਨਾਲ ਔਰਤਾਂ ਦੀ ਬੇਹੁਰਮਤੀ ਕੀਤੀ। ਗੁਰੂ ਨਾਨਕ ਨੇ ਆਪਣੀ ਬਾਣੀ ਰਾਹੀਂ ਇਨ੍ਹਾਂ ਹਰ ਤਰ੍ਹਾਂ ਦੇ ਜ਼ੁਲਮਾਂ, ਲੁੱਟ-ਖਸੁੱਟ ਦੇ ਖਿਲਾਫ ਅਵਾਜ਼ ਬੁਲੰਦ ਕੀਤੀ ਤੇ ਲੋਕਾਂ ਨੂੰ ਚੇਤੰਨ ਕੀਤਾ। ਲੋਕਾਈ ਦੇ ਹੱਕ ਵਿਚ ਅਤੇ ਹਕੂਮਤ ਦੀਆਂ ਜ਼ਿਆਦਤੀਆਂ, ਜ਼ੁਲਮ ਦੇ ਖਿਲਾਫ ਸਖਤ ਸ਼ਬਦਾਂ ਵਿਚ ਅਵਾਜ਼ ਉਠਾਉਂਦਿਆਂ ਉਨ੍ਹਾਂ ਨੇ ਰਾਜਿਆਂ ਤੇ ਅਹਿਲਕਾਰਾਂ ਨੂੰ ‘ਰਾਜੇ ਸੀਹ ਮੁਕਦਮ ਕੁਤੇ’ ਕਿਹਾ। ਉਨ੍ਹਾਂ ਨੇ ਦੱਸਿਆ ਕਿ ਰਾਜੇ ਆਪਣੇ ਅਹਿਲਕਾਰਾਂ ਰਾਹੀਂ ਲੋਕਾਂ ਦੀ ਹਰ ਤਰ੍ਹਾਂ ਨਾਲ ਲੁੱਟ-ਖਸੁੱਟ ਕਰ ਰਹੇ ਹਨ।
ਇੱਕ ਗੱਲ ਚੇਤੇ ਰੱਖਣ ਵਾਲੀ ਹੈ, ਜੋ ਬਾਣੀ ਤੋਂ ਵੀ ਉਜਾਗਰ ਹੁੰਦੀ ਹੈ ਕਿ ਉਸ ਵੇਲੇ ਹਕੂਮਤ ਭਾਵੇਂ ਤੁਰਕ ਮੁਸਲਮਾਨ ਹਾਕਮਾਂ ਦੇ ਹੱਥ ਵਿਚ ਸੀ, ਪਰ ਉਨ੍ਹਾਂ ਦੇ ਅਹਿਲਕਾਰ ਆਮ ਤੌਰ ਤੇ ਹਿੰਦੂ ਧਰਮ ਨੂੰ ਮੰਨਣ ਵਾਲੇ ਸਨ, ਜੋ ਬਹੁਤਾ ਕਰਕੇ ਖੱਤਰੀ ਸਨ। ਪਰਜਾ ‘ਤੇ ਜ਼ੁਲਮ ਕਰਨ ਅਤੇ ਉਨ੍ਹਾਂ ਦੀ ਲੁੱਟ-ਖਸੁੱਟ ਕਰਨ ਲਈ ਹਾਕਮ ਅਤੇ ਉਨ੍ਹਾਂ ਦੇ ਅਹਿਲਕਾਰ ਮਿਲੇ ਹੋਏ ਸਨ, ਕਿਉਂਕਿ ਹਾਕਮਾਂ ਵੱਲੋਂ ਇਹ ਲੁੱਟ ਇਨ੍ਹਾਂ ਅਹਿਲਕਾਰਾਂ ਰਾਹੀਂ ਹੀ ਕੀਤੀ ਜਾਂਦੀ ਸੀ। ਗੁਰੂ ਨਾਨਕ ਮਿਸਾਲ ਦਿੰਦੇ ਹਨ ਕਿ ਹਿਰਨ ਦੇ ਬੱਚੇ ਨੂੰ ਸਿਖਲਾਈ ਦੇ ਕੇ ਛੱਡ ਦਿੱਤਾ ਜਾਂਦਾ ਹੈ ਅਤੇ ਉਹ ਆਪਣੇ ਹੋਰ ਸਾਥੀਆਂ ਨੂੰ ਲਿਆ ਫਸਾਉਂਦਾ ਹੈ, ਤਿਵੇਂ ਗਿੱਝੇ ਹੋਏ ਬਾਜ ਅਤੇ ਪੜ੍ਹੇ ਅਹਿਲਕਾਰ ਆਪਣੇ ਹੀ ਭਰਾਵਾਂ ਦਾ ਲਹੂ ਪੀਂਦੇ ਹਨ। ਭਾਵ ਧਰਮ ਮਹਿਜ਼ ਦਿਖਾਵਾ ਬਣ ਕੇ ਰਹਿ ਗਿਆ ਸੀ।
ਦੂਸਰਿਆਂ ਦਾ ਹੱਕ ਖੋਹ ਕੇ ਖਾਣ ਨੂੰ ਗੁਰੂ ਨਾਨਕ ਸਾਹਿਬ ਨੇ ਇੱਕ ਬਹੁਤ ਵੱਡੀ ਕੁਰਹਿਤ ਮੰਨਿਆ ਹੈ। ਹਿੰਦੂਆਂ ਵਿਚ ਗਊ ਦੇ ਮਾਸ ਦੀ ਮਨਾਹੀ ਹੈ ਅਤੇ ਮੁਸਲਮਾਨਾਂ ਵਿਚ ਸੂਰ ਦੇ ਮਾਸ ਦੀ। ਗੁਰੂ ਨਾਨਕ ਨੇ ਸਪੱਸ਼ਟ ਕਿਹਾ ਹੈ ਕਿ ਕਿਸੇ ਦਾ ਹੱਕ ਖੋਹਣਾ ਉਵੇਂ ਹੀ ਕੁਰਹਿਤ ਹੈ, ਜਿਵੇਂ ਹਿੰਦੂ ਲਈ ਗਊ ਦਾ ਮਾਸ ਅਤੇ ਮੁਸਲਮਾਨ ਲਈ ਸੂਰ ਦਾ। ਹਰਾਮ ਦੀ ਕਮਾਈ ਨੂੰ ਉਨ੍ਹਾਂ ਨੇ ‘ਮੁਰਦਾਰ’ ਖਾਣ ਦੇ ਬਰਾਬਰ ਮੰਨਿਆ ਹੈ। ਗੁਰੂ ਜਾਂ ਪੀਰ ਵੀ ਹਾਮੀ ਤਾਂ ਭਰਦਾ ਹੈ, ਸਿਫਾਰਸ਼ ਕਰਦਾ ਹੈ ਜੇ ਮਨੁੱਖ ਬੇਈਮਾਨੀ ਦੀ ਕਮਾਈ ਨਹੀਂ ਖਾਂਦਾ। ਗੱਲਾਂ ਨਾਲ ਸਵਰਗ ਨਹੀਂ ਜਾ ਸਕੀਦਾ, ਛੁਟਕਾਰਾ ਜਾਂ ਮੁਕਤੀ ਸੱਚ ਨੂੰ ਅਮਲੀ ਤੌਰ ‘ਤੇ ਕਮਾਉਣ ਨਾਲ ਮਿਲਣੀ ਹੈ, “ਹਕੁ ਪਰਾਇਆ ਨਾਨਕਾ ਉਸੁ ਸੂਅਰ ਉਸ ਗਾਇ॥ ਗੁਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ॥”
ਉਨ੍ਹਾਂ ਨੇ ਧਰਮ ਵਿਚ ਸ਼ਾਮਲ ਹੋ ਚੁਕੇ ਇਸ ਪਖੰਡ ਅਤੇ ਕਰਮਕਾਂਡ ਨੂੰ ਨੰਗਿਆਂ ਕੀਤਾ, ਜੋ ਉਪਰੋਂ ਦਿਖਾਵੇ ਲਈ ਤਾਂ ਧਾਰਮਿਕ ਬਣਦੇ ਹਨ, ਪਰ ਅੰਦਰੋਂ ਸੱਚ ਤੋਂ ਕੋਹਾਂ ਦੂਰ ਹਨ, “ਮਥੈ ਟਿਕਾ ਤੇੜਿ ਧੋਤੀ ਕਖਾਈ॥ ਹਥਿ ਛੁਰੀ ਜਗਤ ਕਾਸਾਈ॥” ਅਤੇ “ਦੇ ਕੇ ਚਉਕਾ ਕਢੀ ਕਾਰ॥ ਉਪਰਿ ਆਇ ਬੈਠੇ ਕੂੜਿਆਰ॥ ਮਤੁ ਭਿਟੈ ਵੇ ਮਤੁ ਭਿਟੈ॥ ਇਹੁ ਅੰਨੁ ਅਸਾਡਾ ਫਿਟੈ॥” ਬਾਣੀ ਤੋਂ ਸਪੱਸ਼ਟ ਹੁੰਦਾ ਹੈ ਕਿ ਧਾਰਮਿਕ ਨੇਤਾ ਉਪਰੋਂ ਧਾਰਮਿਕ ਹੋਣ ਦਾ ਦਿਖਾਵਾ ਕਰਦੇ ਹਨ, ਪਰ ਅੰਦਰੋਂ ਧਾਰਮਿਕ ਨਹੀਂ ਅਤੇ ਲੋਕਾਂ ਦਾ ਸ਼ੋਸ਼ਣ ਕਰਦੇ ਹਨ। ਗੁਰੂ ਨਾਨਕ ਸਾਹਿਬ ਨੇ ਆਪਣੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ, ਆਮ ਲੋਕਾਂ ਨੂੰ ਸਮਝਾਉਣ ਤੇ ਉਨ੍ਹਾਂ ਨਾਲ ਵਿਚਾਰਾਂ ਦੀ ਸਾਂਝ ਪਾਉਣ ਲਈ ਅਤੇ ਵੱਖ ਵੱਖ ਧਰਮਾਂ ਦੇ ਮੁਖੀਆਂ ਨਾਲ ਵਿਚਾਰ-ਵਟਾਂਦਰਾ ਕਰਨ ਲਈ ਚਾਰੇ ਦਿਸ਼ਾਵਾਂ ਵਿਚ ਚਾਰ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਉਦਾਸੀਆਂ ਕਿਹਾ ਜਾਂਦਾ ਹੈ। ਇਨ੍ਹਾਂ ਉਦਾਸੀਆਂ ਦਾ ਪੈਂਡਾ ਬਹੁਤ ਲੰਬਾ ਸੀ। ਹਿੰਦੂਆਂ ਦੇ ਵੱਖ ਵੱਖ ਤੀਰਥਾਂ ਤੋਂ ਲੈ ਕੇ ਬੋਧੀ ਸਥਾਨਾਂ, ਇਸਲਾਮ ਦੇ ਮੁਕੱਦਸ ਸਥਾਨ ਮੱਕੇ ਤੱਕ ਗਏ। ਉਹ ਇਨ੍ਹਾਂ ਤੀਰਥ ਸਥਾਨਾਂ ‘ਤੇ ਆਮ ਕਰ ਕੇ ਉਦੋਂ ਗਏ, ਜਦੋਂ ਕਿਸੇ ਖਾਸ ਦਿਨ ਤੇ ਭਾਰੀ ਇਕੱਠ ਹੋਣਾ ਹੁੰਦਾ ਸੀ ਤਾਂ ਕਿ ਵੱਧ ਤੋਂ ਵੱਧ ਲੋਕਾਂ ਨਾਲ ਵਿਚਾਰ-ਚਰਚਾ ਕਰਕੇ ਚੇਤੰਨ ਕੀਤਾ ਜਾ ਸਕੇ। ਮਸਲਨ ਕੁਰੂਕਸ਼ੇਤਰ ਸੂਰਜ ਗ੍ਰਹਿਣ ਵੇਲੇ ਬਹੁਤ ਲੋਕੀ ਇਸ਼ਨਾਨ ਕਰਨ ਆਉਂਦੇ ਹਨ ਅਤੇ ਸੂਰਜ ਨੂੰ ਪਾਣੀ ਦਿੰਦੇ ਹਨ। ਗੁਰੂ ਨਾਨਕ ਸੂਰਜ ਗ੍ਰਹਿਣ ਦੇ ਮੇਲੇ ‘ਤੇ ਆਏ ਅਤੇ ਸੂਰਜ ਦੀ ਉਲਟ ਦਿਸ਼ਾ ਵੱਲ ਪਾਣੀ ਦੇ ਕੇ ਇਹ ਸਮਝਾਇਆ ਕਿ ਇਹ ਨਿਰਾਰਥਕ ਕਿਸਮ ਦੇ ਕਰਮ-ਕਾਂਡ ਧਰਮ ਦੀ ਅਸਲੀਅਤ ਤੋਂ ਕੋਹਾਂ ਦੂਰ ਹਨ। ਉਨ੍ਹਾਂ ਨੇ ਪੁਜਾਰੀਆਂ ਵੱਲੋਂ ਪਾਏ ਭੁਲੇਖਿਆਂ, ਪਖੰਡਾਂ, ਕਰਮਕਾਂਡ ਬਾਰੇ ਵਿਸਥਾਰ ਵਿਚ ਚਰਚਾ ਕੀਤੀ। ਜਗਨਨਾਥ ਪੁਰੀ ਵਿਚ ਜਾ ਕੇ ਦੱਸਿਆ ਕਿ ਪਰਮਾਤਮਾ ਦੀ ਅਸਲੀ ਆਰਤੀ ਤਾਂ ਕੁਦਰਤਿ ਵਿਚ ਹਰ ਵਕਤ ਹੋ ਰਹੀ ਹੈ। ਵਰਤ, ਤੀਰਥ ਇਸ਼ਨਾਨ, ਦੇਵ-ਪੂਜਾ, ਮਾਲਾ ਧੋਤੀ, ਚੌਕਾ, ਤਿਲਕ ਆਦਿ ਬਾਹਰਲੇ ਕਰਮਾਂ ਦੀ ਥਾਂ ਤੇ ਸਦਾਚਾਰਕ ਗੁਣ ਆਪਣੇ ਅੰਦਰ ਪੈਦਾ ਕਰਨੇ ਚਾਹੀਦੇ ਹਨ। ਥਿਤਾਂ ਵਾਰਾਂ ਦੀ ਪੂਜਾ ਅਤੇ ਵਰਤ ਦੀ ਥਾਂ ਨੇਕੀ ਕਰਨੀ ਚਾਹੀਦੀ ਹੈ, “ਸਚੁ ਵਰਤੁ ਸੰਤੋਖੁ ਤੀਰਥੁ ਗਿਆਨੁ ਧਿਆਨੁ ਇਸਨਾਨੁ॥ ਦਇਆ ਦੇਵਤਾ ਖਿਮਾ ਜਪਮਾਲੀ ਤੇ ਮਾਣਸ ਪਰਧਾਨ॥”
ਜਦੋਂ ਬਾਬਰ ਨੇ ਹਿੰਦੁਸਤਾਨ ‘ਤੇ ਹਮਲਾ ਕੀਤਾ, ਉਸ ਵੇਲੇ ਗੁਰੂ ਨਾਨਕ ਐਮਨਾਬਾਦ ਵਿਚ ਸਨ ਅਤੇ ਉਨ੍ਹਾਂ ਨੇ ਸਾਰੀ ਕਤਲੋਗਾਰਤ ਨੂੰ ਅੱਖੀਂ ਦੇਖਿਆ। ਉਨ੍ਹਾਂ ਨੇ ਬਾਬਰ ਦੇ ਹਮਲੇ ਨੂੰ ‘ਪਾਪ ਕੀ ਜੰਞ’ ਕਹਿ ਕੇ ਲਲਕਾਰਿਆ। ਗੁਰੂ ਨਾਨਕ ਇਕੱਲੇ ਸਨ, ਜਿਨ੍ਹਾਂ ਨੇ ਬਾਬਰ ਦੇ ਹਿੰਦੁਸਤਾਨ ਦੀ ਜਨਤਾ ‘ਤੇ ਕੀਤੇ ਜ਼ੁਲਮ ਦੀ ਮੁਖਾਲਫਤ ਕੀਤੀ ਅਤੇ ਇਹ ਵੀ ਸਪੱਸ਼ਟ ਕੀਤਾ ਕਿ ਜਾਬਰ ਦਾ ਕੋਈ ਧਰਮ ਨਹੀਂ ਹੁੰਦਾ, ਕਿਉਂਕਿ ਜ਼ੁਲਮ ਕਰਨ ਵੇਲੇ ਉਹ ਦੂਜਿਆਂ ਦਾ ਧਰਮ ਨਹੀਂ ਦੇਖਦਾ। ਉਦੋਂ ਵੀ ਰਾਜ ਤਾਂ ਤੁਰਕ ਮੁਸਲਮਾਨਾਂ ਦਾ ਸੀ ਅਤੇ ਬਾਬਰ ਵੀ ਇਸਲਾਮ ਧਰਮ ਨੂੰ ਮੰਨਦਾ ਸੀ। ਉਸ ਨੇ ਹਾਕਮ ਜਾਂ ਪਰਜਾ ਦਾ ਧਰਮ ਨਹੀਂ ਦੇਖਿਆ, ਹਿੰਦੂ ਅਤੇ ਮੁਸਲਮਾਨ ਦੋਹਾਂ ‘ਤੇ ਹੀ ਜ਼ੁਲਮ ਕੀਤਾ, “ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭਿ ਲੇਖੈ ਲਾਇ ਵੇ ਲਾਲੋ॥” ਅਤੇ ਇਹ ਵੀ ਕਿ ਜਦੋਂ ਕੋਈ ਜਰਵਾਣਾ ਚੜ੍ਹ ਕੇ ਆਉਂਦਾ ਹੈ ਤਾਂ ਸਭ ਤੋਂ ਵੱਧ ਜ਼ੁਲਮ ਔਰਤਾਂ ਨੂੰ ਹੀ ਕਿਉਂ ਭੁਗਤਣਾ ਪੈਂਦਾ ਹੈ, “ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥ ਇਕਨ੍ਹਾ ਪੇਰਣ ਸਿਰ ਖੁਰ ਪਾਟੇ ਇਕਨ੍ਹਾ ਵਾਸੁ ਮਸਾਣੀ॥”
ਜਿੱਥੇ ਗੁਰੂ ਨਾਨਕ ਬਾਬਰ ਨੂੰ ਵੰਗਾਰਦੇ ਹਨ, ਉਥੇ ਨਾਲ ਹੀ ਲੋਕਾਂ ਨੂੰ ਵੀ ਚੇਤੰਨ ਕਰਦੇ ਹਨ ਕਿ ਮੁਸੀਬਤ ਵੇਲੇ ਆਪਣੀ ਮਦਦ ਆਪ ਕਰਨੀ ਪੈਂਦੀ ਹੈ, ਕੋਈ ਪੀਰ, ਦੇਵਤਾ ਆਦਿ ਮਦਦ ਨਹੀਂ ਕਰਦਾ, “ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥”
ਗੁਰੂ ਨਾਨਕ ਨੇ ਕਿਰਤ ਕਰਨ, ਵੰਡ ਛਕਣ ਅਤੇ ਨਾਮ ਜਪਣ ਦੇ ਸਿਧਾਂਤ “ਘਾਲਿ ਖਾਇ ਕਿਛੁ ਹਥਹੁ ਦੇਇ॥ ਨਾਨਕ ਰਾਹੁ ਪਛਾਣਹਿ ਸੇਇ॥” ਨੂੰ ਅਮਲੀ ਰੂਪ ਵਿਚ ਕਰਕੇ ਦਿਖਾਇਆ ਤੇ ਜੀਵਨ ਦੇ ਕੋਈ 17-18 ਸਾਲ ਕਰਤਾਰਪੁਰ (ਪਾਕਿਸਤਾਨ) ‘ਚ ਆਪਣੇ ਹੱਥੀਂ ਖੇਤੀ ਕਰਦਿਆਂ, ਨਾਮ-ਬਾਣੀ ਦਾ ਪਰਵਾਹ ਚਲਾਇਆ ਅਤੇ ਸੰਗਤੀ ਰੂਪ ਵਿਚ ਇਕੱਠੇ ਹੋ ਕੇ ਨਾਮ-ਬਾਣੀ ਦਾ ਜਾਪ ਕਰਦਿਆਂ ਮਿਲ-ਜੁਲ ਕੇ, ਬਿਨਾ ਕਿਸੇ ਊਚ-ਨੀਚ ਦੇ ਵਖਰੇਵੇਂ ਦੇ ਰਹਿਣਾ ਅਤੇ ਵੰਡ ਕੇ ਛਕਣਾ ਸਿਖਾਇਆ। ਉਨ੍ਹਾਂ ਨੇ ਮਨੁੱਖ ਮਾਤਰ ਨੂੰ ਕਿਰਤ ਕਰਦਿਆਂ, ਵੰਡ ਛਕਦਿਆਂ ਤੇ ਨਾਮ ਜਪਦਿਆਂ ਅੰਦਰ ਵੱਸ ਰਹੀ ਜੋਤਿ ਨਾਲ ਇੱਕਸੁਰ ਹੋ ਕੇ ਸਵੈਮਾਣ ਨਾਲ ਜਿਉਣ ਦਾ ਰਾਹ ਦੱਸਿਆ, ਕਿਉਂਕਿ ਇਹ ਹੀ ਪਤਿ ਸੇਤੀ ਜਿਉਣਾ ਹੈ, ਇਸ ਤੋਂ ਬਿਨਾ ਜੀਵਨ ਬੇਕਾਰ ਹੈ, “ਜੇ ਜੀਵੈ ਪਤਿ ਲਥੀ ਜਾਇ॥ ਸਭੁ ਹਰਾਮੁ ਜੇਤਾ ਕਿਛੁ ਖਾਇ॥” ਅਜਿਹੀ ਜੀਵਨ ਜਾਚ ਲਈ ਪੂਰਨ ਸਮਰਪਣ ਦੀ ਲੋੜ ਹੁੰਦੀ ਹੈ ਅਤੇ ਇਸ ਰਸਤੇ ਦੀ ਚੋਣ ਮਨੁੱਖ ਨੇ ਆਪ ਕਰਨੀ ਹੈ। ਜਦੋਂ ਇੱਕ ਵਾਰ ਚੋਣ ਕਰ ਲਈ ਤਾਂ ਫਿਰ ਇਸ ਰਸਤੇ ਤੋਂ ਵਿਚਲਿਤ ਨਹੀਂ ਹੋਣਾ, “ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥”
ਇਹ ਪੂਰਨ ਸਮਰਪਣ ਦਾ ਰਸਤਾ ਹੈ, ਜੋ ਬਹੁਤ ਮੁਸ਼ਕਿਲ ਹੈ, ਕਿਉਂਕਿ ਇਸ ਵਿਚ ‘ਸਿਰੁ ਦੀਜੈ’ ਦੀ ਮੰਗ ਕੀਤੀ ਗਈ ਹੈ, ਜਿਸ ਦੀ ਚੋਣ ਮਨੁੱਖ ਨੇ ਸੋਚ ਸਮਝ ਕੇ ਕਰਨੀ ਹੈ। ਜਦੋਂ ਇੱਕ ਵਾਰ ਇਸ ਮਾਰਗ ‘ਤੇ ਪੈਰ ਧਰ ਲਿਆ, ਫਿਰ ਪਿੱਛੇ ਨਹੀਂ ਹਟਣਾ। ਇੱਥੇ ਆਪਾ-ਭਾਵ ਦਾ, ਹਉਮੈ ਦਾ, ਮੈਂ ਦਾ ਪੂਰਨ ਤਿਆਗ ਕਰਨਾ ਹੁੰਦਾ ਹੈ। ‘ਸਿਰ’ ਹਉਮੈ ਦਾ ਪ੍ਰਤੀਕ ਹੈ। ‘ਸਿਰੁ ਦੀਜੈ’ ਪਰਮਾਤਮਾ ਦੇ ਸਨਮੁਖ, ਗੁਰੂ ਦੇ ਸਨਮੁਖ ਹੋ ਕੇ ਆਪਾ ਸੌਂਪਣਾ ਹੈ, ਜਿਸ ਵਿਚ ‘ਮੈਂ’, ‘ਮੇਰਾ’ ਖਤਮ ਹੋ ਕੇ ‘ਤੇਰਾ’ ‘ਤੇਰਾ’ ਹੋ ਜਾਂਦਾ ਹੈ। ਇਸੇ ਨੂੰ ਗੁਰੂ ਅਮਰਦਾਸ ਨੇ ‘ਭਗਤਾ ਕੀ ਚਾਲ ਨਿਰਾਲੀ’ ਅਤੇ ‘ਬਿਖਮ ਮਾਰਗਿ ਚਲਣਾ’ ਕਿਹਾ ਹੈ, ਕਿਉਂਕਿ ਭਗਤੀ ਦੇ ਇਸ ਮਾਰਗ ‘ਤੇ “ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ॥ ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ” ਕਿਹਾ ਹੈ। ਇਸ ਮਾਰਗ ‘ਸਿਰੁ ਦੀਜੈ ਕਾਣਿ ਨ ਕੀਜੈ’ ਉਤੇ ਚੱਲਦਿਆਂ ਗੁਰੂ ਅਰਜਨ ਦੇਵ ਅਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣੀ ਸ਼ਹਾਦਤ ਦਿੱਤੀ। ਗੁਰੂ ਅਰਜਨ ਦੇਵ ਦੀ ਸ਼ਹਾਦਤ ਪਹਿਲੀ ਸ਼ਹਾਦਤ ਸੀ। ਹਿੰਦੁਸਤਾਨੀ ਧਰਮਾਂ ਵਿਚ ਬਲੀ ਦੀ ਪਰੰਪਰਾ ਸੀ, ਜੋ ਕਿਸੇ ਦੇਵਤੇ ਨੂੰ ਖੁਸ਼ ਕਰਨ ਲਈ ਦਿੱਤੀ ਜਾਂਦੀ ਹੈ; ਜਿਸ ਵਿਚ ‘ਬਲੀ’ ਦਿੱਤੀ ਜਾਣ ਵਾਲੀ ਵਸਤੂ ਦੀ ਕੋਈ ਮਰਜ਼ੀ ਸ਼ਾਮਲ ਨਹੀਂ ਹੁੰਦੀ। ਸ਼ਹਾਦਤ ਦਾ ਸੰਕਲਪ ਹਿੰਦੁਸਤਾਨੀ ਧਰਮਾਂ ਲਈ ਬਿਲਕੁਲ ਨਵਾਂ ਸੀ, ਜੋ ਇਸਲਾਮ ਨਾਲ ਭਾਰਤ ਵਿਚ ਆਇਆ। ਸ਼ਹਾਦਤ ਦਾ ਅਰਥ ‘ਸੱਚ ਦੀ ਗਵਾਹੀ’ ਹੈ, ਜੋ ਆਪਣੀ ਮਰਜ਼ੀ ਨਾਲ ਆਪਣੇ ਅਕੀਦੇ ‘ਤੇ ਪਹਿਰਾ ਦਿੰਦਿਆਂ ਦਿੱਤੀ ਜਾਂਦੀ ਹੈ।
ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਮਨੁੱਖੀ ਬਰਾਬਰੀ, ਸਮਾਜਕ ਨਿਆਂ, ਲੁੱਟ-ਖਸੁੱਟ ਤੋਂ ਰਹਿਤ ਇੱਕ ਅਜਿਹਾ ਸਮਾਜ ਸਿਰਜਣ ਦੀ ਨੀਂਹ ਰੱਖੀ, ਜਿਸ ਸਮਾਜ ਵਿਚ ਸਾਰੇ ਬਿਨਾ ਕਿਸੇ ਵਿਤਕਰੇ, ਜ਼ੁਲਮ ਤੋਂ ਰਹਿਤ ਸਵੈਮਾਣ ਵਾਲਾ ਜੀਵਨ ਬਸਰ ਕਰ ਸਕਣ। ਇਹ ਸੀ ਵਿਰਾਸਤ, ਜੋ ਗੁਰੂ ਨਾਨਕ ਸਾਹਿਬ ਨੇ ਸਥਾਪਤ ਕੀਤੀ ਅਤੇ ਦੂਜੇ ਗੁਰੂ ਸਾਹਿਬਾਨ ਨੇ ਇਸ ਜੀਵਨ ਦਰਸ਼ਨ ਵਿਚ ਆਪਣਾ ਆਪਣਾ ਯੋਗਦਾਨ ਪਾਇਆ। ਗੁਰੂ ਗੋਬਿੰਦ ਸਿੰਘ ਜੀ ਨੇ ਇਸ ਵਿਰਾਸਤ ਨੂੰ ਸੰਭਾਲਿਆ ਅਤੇ ਗੁਰੂ ਨਾਨਕ ਦੇ ਸਥਾਪਤ ਕੀਤੇ ਇਸ ਮਿਸ਼ਨ ਨੂੰ ਖਾਲਸਾ ਸਾਜ ਕੇ ਸੰਪੂਰਨ ਕੀਤਾ।
ਇਨ੍ਹਾਂ ਲੇਖਾਂ ਵਿਚ ਗੁਰੂ ਨਾਨਕ ਸਾਹਿਬ ਵੱਲੋਂ ਦਿੱਤੇ ਸਿਧਾਂਤਾਂ ਦੇ ਕੁੱਝ ਪੱਖਾਂ ਤੇ ਸੰਖੇਪ ਜਿਹੀ ਝਾਤ ਇਸ ਕੋਸ਼ਿਸ਼ ਵਿਚ ਪਾਈ ਹੈ ਕਿ ਗੁਰੂ ਗੋਬਿੰਦ ਸਿੰਘ ਨੇ ਜੋ ਵਿਰਾਸਤ ਹਾਸਲ ਕੀਤੀ, ਉਹ ਗੁਰੂ ਨਾਨਕ ਪਾਸੋਂ ਉਨ੍ਹਾਂ ਨੂੰ ਗੁਰੂ ਦਰ ਗੁਰੂ ਪ੍ਰਾਪਤ ਹੋਈ, ਜਿਸ ਦੇ ਪੂਰਵਜ ਗੁਰੂ ਨਾਨਕ ਸਨ। ਗੁਰੂ ਨਾਨਕ ਦੇ ਮਿਸ਼ਨ ਨੂੰ ਉਨ੍ਹਾਂ ਨੇ ਸੰਪੂਰਨਤਾ ਬਖਸ਼ੀ। ਗੁਰੂ ਨਾਨਕ ਸਾਹਿਬ ਨੇ ਕਿਸੇ ਵੀ ਮਿਸ਼ਨ ਦੀ ਪੂਰਤੀ ਲਈ ਬਹੁਤ ਵਧੀਆ ਤਰਕ ਸਿਰਜਿਆ ਹੈ। ਉਨ੍ਹਾਂ ਦਾ ਬਚਨ ਹੈ ਕਿ ਕਿਸੇ ਵੀ ਬੀਜ ਦੇ ਉੱਗ ਕੇ ਭਰਪੂਰ ਫਲਣ ਲਈ ਕੁਝ ਹਾਲਤਾਂ, ਕੁਝ ਸ਼ਰਤਾਂ ਜ਼ਰੂਰੀ ਹੁੰਦੀਆ ਹਨ: ਪਹਿਲੀ ਇਹ ਕਿ ਬੀਜ ਸਾਬਤ, ਬਿਨਾ ਟੁੱਟੇ ਸਹੀ ਹਾਲਤ ਵਿਚ ਹੋਣਾ ਚਾਹੀਦਾ ਹੈ, ਕਿਉਂਕਿ ਦੋਫਾੜ ਹੋਇਆ ਜਾਂ ਟੁੱਟਿਆ ਹੋਇਆ ਬੀਜ ਉੱਗਦਾ ਨਹੀਂ ਹੁੰਦਾ; ਦੂਜੇ ਬੀਜ ਦੇ ਉੱਗਣ ਲਈ ਮੌਸਮ ਜਾਂ ਰੁੱਤ ਅਨੁਕੂਲ ਹੋਣੀ ਚਾਹੀਦੀ ਹੈ, ਧਰਤੀ ਬੀਜ ਦੇ ਅਨੁਕੂਲ ਅਤੇ ਵੱਤਰ ਹੋਣੀ ਚਾਹੀਦੀ ਹੈ। ਇਸੇ ਤਰ੍ਹਾਂ ਕੋਰੇ ਕੱਪੜੇ ਨੂੰ ਕਦੇ ਰੰਗ ਨਹੀਂ ਚੜ੍ਹਦਾ। ਕੱਪੜੇ ਨੂੰ ਰੰਗਣ ਲਈ ਉਸ ਨੂੰ ਪਾਹ ਲਾਉਣਾ ਪੈਂਦਾ ਹੈ, ਖੁੰਭ ਚੜ੍ਹਾਉਣੀ ਜ਼ਰੂਰੀ ਹੈ। ਬਿਨਾ ਪਾਹ ਤੋਂ, ਬਿਨਾ ਖੁੰਭ ਚੜ੍ਹਾਇਆਂ ਕੱਪੜੇ ਨੂੰ ਸੁਹਣਾ ਰੰਗ ਨਹੀਂ ਹੁੰਦਾ, “ਸਚਿ ਕਾਲੁ ਕੂੜੁ ਵਰਤਿਆ॥ ਕਲਿ ਕਾਲਖ ਬੇਤਾਲ॥ ਬੀਉ ਬੀਜਿ ਪਤਿ ਲੈ ਗਏ ਅਬ ਕਿਉ ਉਗਵੈ ਦਾਲਿ॥ ਜੇ ਇਕੁ ਹੋਇ ਤਾ ਉਗਵੈ ਰੁਤੀ ਹੂ ਰੁਤਿ ਹੋਇ॥ ਨਾਨਕ ਪਾਹੈ ਬਾਹਰਾ ਕੋਰੈ ਰੰਗੁ ਨ ਸੋਇ॥” ਇਸ ਵਿਰਾਸਤ ਨੂੰ ਅੱਗੇ ਲੈ ਜਾਣ ਵਿਚ, ਇਸ ਨੂੰ ਸੰਭਾਲ ਕੇ ਮਿਸ਼ਨ ਪੂਰਾ ਕਰਨ ਵਿਚ ਕਿਸੇ ਜਾਤ-ਗੋਤ ਦਾ ਕੋਈ ਤੁਅੱਲਕ ਨਹੀਂ, ਇਸ ਦਾ ਆਧਾਰ ਯੋਗਤਾ-ਮੂਲਕ ਹੈ।
(ਚਲਦਾ)