ਦਿਲ, ਦਿਮਾਗ ਤੇ ਦੇਹ ਦੀ ਦਮਦਾਰੀ

ਡਾ. ਗੁਰਬਖਸ਼ ਸਿੰਘ ਭੰਡਾਲ ਆਪਣੀ ਨਿਵੇਕਲੀ ਸ਼ੈਲੀ ਵਿਚ ਜੀਵਨ ਦੀਆਂ ਪਰਤਾਂ ਫਰੋਲਦੇ ਜ਼ਿੰਦਗੀ ਦੇ ਨਾਦ ਦੀ ਤਲਾਸ਼ ਵਿਚ ਰਹਿੰਦੇ ਹਨ। ਉਨ੍ਹਾਂ ਦੀ ਵਾਰਤਕ ਵਿਚ ਕਾਵਿ ਰੰਗ ਇੰਨਾ ਭਾਰੂ ਹੁੰਦਾ ਹੈ ਕਿ ਕਈ ਵਾਰ ਤਾਂ ਭੁਲੇਖਾ ਪੈਂਦਾ ਹੈ ਕਿ ਇਹ ਵਾਰਤਕ ਹੈ ਜਾਂ ਕਵਿਤਾ! ਪਿਛਲੇ ਲੇਖ ਵਿਚ ਡਾ. ਭੰਡਾਲ ਨੇ ਪਿਆਰ ਦਾ ਪੈਗਾਮ ਦਿੰਦਿਆਂ ਕਿਹਾ ਸੀ, “ਪਿਆਰ ਵਿਚ ਹਿਸਾਬ-ਕਿਤਾਬ ਨਹੀਂ ਹੁੰਦਾ ਅਤੇ ਜਿਥੇ ਲੇਖਾ-ਜੋਖਾ ਹੁੰਦਾ ਹੈ, ਉਥੇ ਪਿਆਰ ਨਹੀਂ ਹੁੰਦਾ।…ਪਿਆਰ ਦੇਣਾ ਅਤੇ ਕਰਨਾ ਸਭ ਤੋਂ ਅਹਿਮ।

ਇਹ ਕਈ ਗੁਣਾ ਹੋ ਕੇ ਤੁਹਾਨੂੰ ਮਿਲਦਾ ਅਤੇ ਅਚੰਭਿਤ ਕਰਦਾ। ਪਿਆਰ ਹੱਦਾਂ-ਸਰਹੱਦਾਂ ਤੋਂ ਨਾਬਰ। ਰੰਗ, ਨਸਲ, ਜਾਤ ਤੋਂ ਉਪਰ। ਧਰਮ, ਵੇਸ਼ਭੂਸ਼ਾ ਜਾਂ ਖਿੱਤਿਆਂ ਤੋਂ ਬੇਤੁਕੱਲਫ। ਉਮਰ, ਵਿਦਿਆ, ਰੁਤਬਿਆਂ ਦਾ ਨਹੀਂ ਮੁਥਾਜ਼।” ਹਥਲੇ ਲੇਖ ਵਿਚ ਡਾ. ਭੰਡਾਲ ਨੇ ਦਿਲ, ਦਿਮਾਗ ਤੇ ਦੇਹ ਦੀ ਤਿੱਕੜੀ ਵਿਚਲੇ ਸਾਂਝ-ਸੰਪਰਕ ਦੀਆਂ ਤੰਦਾਂ ਛੋਹੀਆਂ ਹਨ। ਉਹ ਕਹਿੰਦੇ ਹਨ, “ਦਿਲ, ਦਿਮਾਗ ਅਤੇ ਦੇਹ ਦਾ ਸੰਪੂਰਨ ਸੰਤੁਲਨ ਬਹੁਤ ਜਰੂਰੀ ਹੁੰਦਾ ਹੈ-ਸਰਬਪੱਖੀ ਵਿਕਾਸ ਅਤੇ ਉਨਤੀ ਲਈ। ਇਨ੍ਹਾਂ ਦਾ ਅਸਾਵਾਂਪਣ ਬਹੁਤ ਕੁਝ ਅਜਿਹਾ ਪੈਦਾ ਕਰ ਦਿੰਦਾ, ਜਿਸ ਨਾਲ ਪੈਦਾ ਹੋਏ ਕੋਹਝ, ਕਰੂਪਤਾ ਜਾਂ ਕੁਢੰਗਤਾ ਨੂੰ ਛੁਪਾਇਆ ਨਹੀਂ ਜਾ ਸਕਦਾ।…ਦਰਅਸਲ ਦਿਲ ਸਾਡੇ ਭਾਵਾਂ, ਅਹਿਸਾਸਾਂ, ਮਨੋਕਾਮਨਾਵਾਂ ਤੇ ਸੁਪਨਿਆਂ ਦੀ ਜਨਮ ਭੂਮੀ ਹੁੰਦਾ ਅਤੇ ਦਿਮਾਗ ਤੇ ਦੇਹ ਇਨ੍ਹਾਂ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਤੇ ਸਮਰਥਨ ਦੇਣ ਲਈ ਤਿਆਰ ਹੁੰਦੇ।” ਡਾ. ਭੰਡਾਲ ਦਾ ਵਿਚਾਰ ਹੈ ਕਿ ਦਿਲ, ਦਿਮਾਗ ਅਤੇ ਦੇਹ ਵਿਚਲੀ ਤਾਜ਼ਗੀ ਤੇ ਇਸ ਦੇ ਨਰੋਏਪਣ ਲਈ ਜਰੂਰੀ ਹੈ ਕਿ ਬੰਦੇ ਵਿਚ ਬੰਦਾ ਜਿਉਂਦਾ ਰਹੇ, ਕਿਉਂਕਿ ਪਾਕ ਰੂਹਾਂ ਦੀ ਰੂਹਾਨੀਅਤ ਅਪਨਾਉਣ ਵਾਲੇ ਕਦੇ ਵੀ ਦਿਲ ਤੇ ਦਿਮਾਗ ਦੀ ਖਹਿਬਾਜ਼ੀ ਨੂੰ ਆਪਣਾ ਤੰਗ ਨਜ਼ਰੀਆ ਨਹੀਂ ਬਣਾਉਂਦੇ। -ਸੰਪਾਦਕ

ਡਾ. ਗੁਰਬਖਸ਼ ਸਿੰਘ ਭੰਡਾਲ

ਦਿਲ, ਦਿਮਾਗ ਤੇ ਦੇਹ, ਮਨੁੱਖੀ ਕਾਇਆ ਦੇ ਪ੍ਰਮੁੱਖ ਅੰਗ। ਸਮੁੱਚੀਆਂ ਕਿਰਿਆਵਾਂ ਦਾ ਧੁਰਾ। ਵਿਅਕਤੀਤੱਵ ਦਾ ਮੁਹਾਂਦਰਾ। ਦਿੱਖ, ਦਿੱਬ-ਦ੍ਰਿਸ਼ਟੀ ਅਤੇ ਦੀਦਾਰ ਦੇ ਦੇਣਹਾਰ। ਇਹ ਹੀ ਨਿਰਧਾਰਤ ਕਰਦੇ ਕਿ ਮਨੁੱਖ ਕਿਹੋ ਜਿਹਾ, ਕੌਣ, ਕਿਸ ਸਰੋਕਾਰਾਂ ਅਤੇ ਸਮੁੱਚ ਨੂੰ ਪ੍ਰਣਾਇਆ।
ਦਿਲ, ਦਿਮਾਗ ਅਤੇ ਦੇਹ ਦਾ ਮਨੁੱਖੀ ਵਿਕਾਸ ਵਿਚ ਆਪੋ ਆਪਣਾ ਯੋਗਦਾਨ। ਆਪੋ-ਆਪਣੇ ਦਾਇਰੇ ਅਤੇ ਕਾਰਜ ਖੇਤਰ। ਇਨ੍ਹਾਂ ਰਾਹੀਂ ਵਿਗਸਦੇ ਨੇ ਮਨੁੱਖੀ ਗੁਣ ਜਾਂ ਗੁਨਾਹ। ਬੰਦਾ ਕਰਦਾ ਏ ਸੂਰਜਾਂ ਦੀ ਭਾਲ ਜਾਂ ਬਣਦਾ ਏ ਹਨੇਰੇ ਰਾਹਾਂ ਦਾ ਮਾਰਗੀ। ਚੜ੍ਹਦੇ ਵੰਨੀਂ ਮੂੰਹ ਕਰਨ ਦੀ ਤਮੰਨਾ ਜਾਂ ਡੁੱਬਦੇ ਨੂੰ ਨਿਹਾਰਨ ਦੀ ਮਜ਼ਬੂਰੀ। ਉਚੇ ਅੰਬਰਾਂ ਦੀ ਉਡਾਣ ਜਾਂ ਰਸਾਤਲ ‘ਚ ਗਰਕਣ ਦੀ ਤਿਆਰੀ।
ਇਹ ਅੰਗ ਕੁਦਰਤ ਦੀ ਸਭ ਤੋਂ ਵੱਡੀ ਨਿਆਮਤ। ਭਾਗਸ਼ਾਲੀ ਹੁੰਦੇ ਨੇ ਉਹ ਲੋਕ, ਜੋ ਇਨ੍ਹਾਂ ਦੀ ਸਿਹਤਯਾਬੀ ਮਾਣਦੇ, ਇਨ੍ਹਾਂ ਦੀ ਸੁਚੱਜੀ ਸਾਰਥਕਤਾ ਵਿਚੋਂ ਮਾਨਵ-ਜਾਤੀ ਲਈ ਕੁਝ ਚੰਗੇਰਾ ਕਰਦੇ। ਆਪਣਾ ਵੀ ਭਲਾ ਕਰਦੇ ਅਤੇ ਦੂਜਿਆਂ ਨੂੰ ਪ੍ਰੇਰਤ ਕਰਦੇ, ਇਕ ਸ਼ੁੱਕਰਗੁਜ਼ਾਰੀ ‘ਚ ਜੀਵਨ ਜਿਉਂਦੇ; ਪਰ ਇਨ੍ਹਾਂ ਦੀ ਕਿਰਿਆਸ਼ੀਲਤਾ ਲਈ ਹਰੇਕ ਦੀ ਆਪੋ-ਆਪਣੀ ਸਮਾਂ-ਸਾਰਣੀ। ਇਨ੍ਹਾਂ ਦੇ ਵਿਕਾਸ ਦਾ ਆਧਾਰ ਅਤੇ ਇਸ ਵਿਚੋਂ ਹੀ ਮਨੁੱਖ ਨੂੰ ਆਪਣੀਆਂ ਸੋਚਾਂ, ਸਮਝਾਂ, ਸਿਆਣਪਾਂ, ਸਮਝਦਾਰੀ ਅਤੇ ਸੁੱਚਮ ਦਾ ਅਹਿਸਾਸ ਹੁੰਦਾ।
ਮਨੁੱਖ ਦੇ ਜਨਮ ਵੇਲੇ ਇਹ ਅੰਗ ਆਪਣੇ ਮੁਢਲੇ ਰੂਪ ਵਿਚ ਹੁੰਦੇ, ਜਿਨ੍ਹਾਂ ਨੇ ਵਿਕਸਿਤ ਹੋਣਾ ਹੁੰਦਾ। ਇਨ੍ਹਾਂ ਦਾ ਵਿਕਾਸ, ਪਾਲਣ-ਪੋਸ਼ਣ, ਆਲਾ-ਦੁਆਲਾ ਅਤੇ ਮਾਂ-ਪਿਉ, ਸੰਗੀ-ਸਾਥੀ, ਸਮੇਤ ਬਹੁਤ ਸਾਰੇ ਹੋਰ ਤੱਥਾਂ ‘ਤੇ ਨਿਰਭਰ। ਜਨਮਦੇ ਸਾਰ ਦਿਲ ਆਪਣਾ ਕਾਰਜ ਸ਼ੁਰੂ ਕਰਦਾ ਅਤੇ ਆਖਰੀ ਸਾਹ ਤੀਕ ਮਨੁੱਖ ਨੂੰ ਜੀਵਨ ਦਾਨ ਬਖਸ਼ਣ ਵਿਚ ਪੂਰਨ ਸਮਰੱਥਾ ਤੇ ਯੋਗਤਾ ਨਾਲ ਕਾਰਜ ਕਰਦਾ; ਪਰ ਦੇਹ ਅਤੇ ਦਿਮਾਗ ਨੇ ਹੌਲੀ ਹੌਲੀ ਵਧਣਾ ਤੇ ਵਿਕਸਿਤ ਹੋਣਾ ਹੁੰਦਾ। ਦੇਹ ਤਾਂ ਆਪਣੀ ਖੁਰਾਕ ਲਈ ਪਹਿਲੇ ਦਿਨ ਤੋਂ ਹੀ ਭੁੱਖ ਦੇ ਰੂਪ ਵਿਚ ਬੱਚੇ ਦੇ ਮਨ ਵਿਚ ਕੁਝ ਖਾਣ ਦੀ ਚਾਹਤ ਪੈਦਾ ਕਰਦੀ। ਬੱਚਾ ਰੋਂਦਾ ਅਤੇ ਉਸ ਦਾ ਰੋਣਾ ਹੀ ਦੇਹ ਦੇ ਨਰੋਏ ਹੋਣ ਦੀ ਪਹਿਲੀ ਨਿਸ਼ਾਨੀ ਹੁੰਦੀ। ਬੱਚੇ ਦੀ ਮਾਸੂਮੀਅਤ ਅਤੇ ਭੋਲੇਪਣ ਵਿਚ ਦਿਮਾਗ ਦਾ ਕੋਈ ਰੋਲ ਨਹੀਂ ਹੁੰਦਾ। ਬਚਪਨਾ ਦਿਲ ਦੇ ਆਖੇ ਲੱਗਦਾ। ਮਰਜੀ ਨਾਲ ਹੀ ਸਾਰੀਆਂ ਕਿਰਿਆਵਾਂ ਕਰਦਾ। ਉਹ ਹੱਸਦਾ ਵੀ ਅਤੇ ਰੋਂਦਾ ਵੀ। ਦਰਸਅਸਲ ਬੱਚੇ ਲਈ ਰੋਣਾ ਜਾਂ ਹੱਸਣ ਦੇ ਸਮਾਨੰਤਰ ਅਰਥ ਹੁੰਦੇ। ਉਹ ਹੱਸਦਾ ਹੱਸਦਾ ਰੋ ਪੈਂਦਾ ਅਤੇ ਰੋਂਦੇ ਰੋਂਦੇ ਹੱਸਣਾ, ਆਮ ਜਿਹੀ ਗੱਲ ਹੁੰਦੀ।
ਜਿਉਂ ਜਿਉਂ ਬੱਚਾ ਵੱਡਾ ਹੁੰਦਾ, ਉਸ ਦਾ ਸਰੀਰ ਅੰਗੜਾਈਆਂ ਭਰਦਾ, ਦਿਲ ਵੀ ਨਰੋਇਆ ਤੇ ਜਵਾਨ ਹੁੰਦਾ ਅਤੇ ਦਿਮਾਗ ਵੀ ਆਪਣੇ ਵਾਧੇ ਪਿਆ ਹੁੰਦਾ; ਪਰ ਜਵਾਨੀ ਵਿਚ ਪੈਰ ਧਰਦਿਆਂ ਹੀ ਉਹ ਆਪਣੀ ਦੇਹ ਤੇ ਦਿਲ ਦੀ ਜ਼ਿਆਦਾ ਵਰਤੋਂ ਕਰਦਾ ਅਤੇ ਬਹੁਤੀ ਵਾਰ ਦਿਮਾਗ ਨੂੰ ਆਪਣੀਆਂ ਅਵੇੜਾਂ, ਗੁਨਾਹਾਂ ਅਤੇ ਹਰਕਤਾਂ ਲਈ ਰੁਕਾਵਟ ਮੰਨਦਾ। ਆਪਣੀ ਦੇਹ ‘ਤੇ ਮਾਣ ਕਰਦਾ, ਖੂਬ ਸਿੰਘਾਰਦਾ। ਇਸ ਦੀ ਦਿੱਖ, ਜੋਰ ਅਤੇ ਸਡੌਲਤਾ ਵਿਚੋਂ ਹੀ ਅੰਬਰਾਂ ਨੂੰ ਹੱਥ ਲਾਉਣ ਅਤੇ ਆਪਣੀਆਂ ਸਮਰੱਥਾਵਾਂ ਦੀ ਅਸੀਮਤਾ ਕਿਆਸਦਾ।
ਦਰਅਸਲ ਦਿਲ ਸਾਡੇ ਭਾਵਾਂ, ਅਹਿਸਾਸਾਂ, ਮਨੋਕਾਮਨਾਵਾਂ ਤੇ ਸੁਪਨਿਆਂ ਦੀ ਜਨਮ ਭੂਮੀ ਹੁੰਦਾ ਅਤੇ ਦਿਮਾਗ ਤੇ ਦੇਹ ਇਨ੍ਹਾਂ ਨੂੰ ਪੂਰਾ ਕਰਨ ਲਈ ਪੂਰਨ ਸਹਿਯੋਗ ਤੇ ਸਮਰਥਨ ਦੇਣ ਲਈ ਤਿਆਰ ਹੁੰਦੇ; ਪਰ ਬੰਦਾ ਇਨ੍ਹਾਂ ਦਾ ਸਹਿਯੋਗ ਕਿੰਨਾ ਕੁ ਲੈਂਦਾ, ਇਹ ਮਨੁੱਖ ਦੀ ਸੋਝੀ, ਸੁਪਨਿਆਂ ਦੀ ਸਕਾਰਾਤਮਕਤਾ ਅਤੇ ਸਾਧਨਾ ‘ਤੇ ਨਿਰਭਰ। ਉਮਰ ਦੇ ਇਸ ਪੜਾਅ ‘ਤੇ ਹੀ ਸਰੀਰਕ ਖਿੱਚ ਪੈਦਾ ਹੁੰਦੀ, ਜਿਸ ਨਾਲ ਦਿਲਾਂ ਦੇ ਸੌਦੇ ਹੁੰਦੇ। ਅਜਿਹੇ ਸੌਦਿਆਂ ਵਿਚ ਕਿਸੇ ਮੁਨਾਫੇ ਜਾਂ ਨਿੱਜੀ ਲਾਲਚ ਦੀ ਗੈਰ-ਹਾਜ਼ਰੀ ਇਸ ਨੂੰ ਜਿਉਣ ਦਾ ਹਾਸਲ ਬਣਾ ਸਕਦੀ, ਪਰ ਕਿਸੇ ਨੂੰ ਵਰਗਲਾਉਣ ਵਿਚ ਮਨੁੱਖ ਦੀ ਕੋਝੀਆਂ ਰੁਚੀਆਂ ਪ੍ਰਗਟ ਹੁੰਦੀਆਂ। ਦਿਮਾਗ ਦੇ ਰਿਸ਼ਤਿਆਂ ਵਿਚ ਲਾਭ-ਹਾਨੀ ਸਮੇਤ ਉਨ੍ਹਾਂ ਪੱਖਾਂ ਨੂੰ ਵੀ ਵਿਚਾਰਿਆ ਜਾਂਦਾ, ਜਿਸ ਵਿਚ ਸਰੀਰਕ ਕਮੀਆਂ, ਆਰਥਕਤਾ, ਸਮਾਜਕ ਰੁਤਬਾ ਅਤੇ ਹੈਸੀਅਤ ਸਮੇਤ ਬਹੁਤ ਸਾਰੇ ਪੱਖਾਂ ਨੂੰ ਵਿਚਾਰਿਆ ਜਾਂਦਾ। ਅਜਿਹੇ ਰਿਸ਼ਤੇ ਤਰਾਜੂ ਵਿਚ ਤੋਲੇ ਜਾਂਦੇ। ਸੱਚੇ-ਸੁੱਚੇ ਪ੍ਰੇਮੀਆਂ ਦੇ ਦਿਲ ਦੇ ਰਿਸ਼ਤਿਆਂ ਦੀ ਅਮੀਰਤਾ ਕਾਰਨ ਹੀ ਰੱਬੀ ਰੂਹਾਂ ਬਣਨ ਦਾ ਮਰਤਬਾ ਹਾਸਲ ਹੁੰਦਾ।
ਜਿਉਂ ਜਿਉਂ ਉਮਰ ਵਧਦੀ, ਦਿਲ ਅਤੇ ਦੇਹ ਉਪਰ ਦਿਮਾਗ ਹਾਵੀ ਹੋਣਾ ਸ਼ੁਰੂ ਹੁੰਦਾ। ਮਨੁੱਖ ਆਪਣੇ ਆਪ ਵੱਲ ਮੁੜਦਾ। ਖੁਦ ਨੂੰ ਸਾਰਿਆਂ ਤੋਂ ਉਤਮ ਅਤੇ ਉਚਾ ਸਮਝਦਾ। ਆਪਣੀਆਂ ਲੋੜਾਂ-ਥੋੜ੍ਹਾਂ ਦੀ ਪੂਰਤੀ ਅਤੇ ਸੁੱਖ ਸਹੂਲਤਾਂ ਵੱਲ ਉਲਾਰ ਹੁੰਦਾ। ਸਿਰਫ ਕੁਝ ਕੁ ਲੋਕ ਹੁੰਦੇ, ਜੋ ਦਿਲ ਦੀ ਹਾਮੀ ਭਰਦੇ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਰੁੱਝੇ ਹੁੰਦੇ। ਉਹ ਦੁਖੀ ਦੇ ਹੰਝੂ ਵੀ ਪੂੰਝਦੇ, ਜਖਮਾਂ ‘ਤੇ ਮਰਹਮ ਵੀ ਲਾਉਂਦੇ ਅਤੇ ਕਿਸੇ ਦੀ ਚੀਸ ਨੂੰ ਆਪਣੀ ਰੂਹ ਤੇ ਹੰਢਾਉਂਦੇ, ਇਸ ਦੇ ਹਰਨ ਲਈ ਆਹਰ ਵੀ ਕਰਦੇ।
ਕਲਾਕਾਰ, ਕਵੀ, ਗਾਇਕ, ਪੇਂਟਰ, ਖੋਜੀ ਲੋਕ ਦਿਲ ਦੀਆਂ ਰਮਜ਼ਾਂ ਦਾ ਹੁੰਗਾਰਾ ਭਰਦੇ। ਉਹ ਦਿਮਾਗ ਨਹੀਂ ਵਰਤਦੇ। ਯਾਦ ਰਹੇ, ਦਿਲ ਨਾਲ ਹੀ ਕਵਿਤਾਵਾਂ, ਕਲਾਵਾਂ, ਪੇਂਟਿੰਗਜ਼ ਆਦਿ ਕਿਸੇ ਵੀ ਕਲਾ ਦੀ ਸਿਰਜਣਾ ਹੁੰਦੀ ਹੈ, ਜਦੋਂ ਕਿ ਦਿਮਾਗ ਨਾਲ ਫਾਰਮੂਲਾ ਆਧਾਰਤ ਕਿਰਤਾਂ ਤਿਆਰ ਹੁੰਦੀਆਂ। ਕੁਝ ਕਿਰਤਾਂ ਘੜੀਆਂ ਜਾ ਸਕਦੀਆਂ ਜਾਂ ਕੁਝ ਕਵਿਤਾਵਾ ਜਾਂ ਰਚਨਾਵਾਂ ਨੂੰ ਲਿਖਿਆ ਜਾ ਸਕਦਾ ਹੈ, ਪਰ ਸਿਰਜਣ ਅਤੇ ਘੜਨ ਵਿਚਲਾ ਅੰਤਰ ਹੀ ਦਿਲ ਤੇ ਦਿਮਾਗ ਦੇ ਅੰਤਰ ਨੂੰ ਸਮਝਾਉਂਦਾ ਹੈ। ਦਿਲ ਨਾਲ ਸਿਰਜੀ ਕਿਰਤ ਦਾ ਮੁੱਲ ਜਦ ਦਿਮਾਗ ਪਾਉਣ ਲੱਗਦਾ ਤਾਂ ਕਲਾ ਕੀਰਤੀ ਵਿਚ ਇਕ ਹਉਕਾ ਧਰਿਆ ਜਾਂਦਾ। ਅਕਸਰ ਅੱਜ ਕੱਲ ਕਲਾ-ਕਿਰਤੀਆਂ ਨੂੰ ਹਟਕੋਰੇ ਲੈਂਦਿਆਂ ਹੀ ਦੇਖਿਆ ਜਾ ਸਕਦਾ ਹੈ।
ਦਿਲ, ਦਿਮਾਗ ਅਤੇ ਦੇਹ ਦਾ ਸੰਪੂਰਨ ਸੰਤੁਲਨ ਬਹੁਤ ਜਰੂਰੀ ਹੁੰਦਾ ਹੈ-ਸਰਬਪੱਖੀ ਵਿਕਾਸ ਅਤੇ ਉਨਤੀ ਲਈ। ਇਨ੍ਹਾਂ ਦਾ ਅਸਾਵਾਂਪਣ ਬਹੁਤ ਕੁਝ ਅਜਿਹਾ ਪੈਦਾ ਕਰ ਦਿੰਦਾ, ਜਿਸ ਨਾਲ ਪੈਦਾ ਹੋਏ ਕੋਹਝ, ਕਰੂਪਤਾ ਜਾਂ ਕੁਢੰਗਤਾ ਨੂੰ ਛੁਪਾਇਆ ਨਹੀਂ ਜਾ ਸਕਦਾ। ਜੀਵਨ ਦੇ ਪਹਿਲੇ ਪੜਾਅ ਵਿਚ ਦੇਹ ਅਤੇ ਦਿਲ ਜ਼ਿਆਦਾ ਹਾਵੀ ਹੋਣ ਕਾਰਨ ਜ਼ਿਆਦਾ ਫੈਸਲੇ ਭਾਵੁਕਤਾ ਨਾਲ ਜੁੜੇ ਹੁੰਦੇ ਜਾਂ ਸਰੀਰਕ ਤੰਦਰੁਸਤੀ ਜਾਂ ਤਾਕਤ ਹੀ ਇਨ੍ਹਾਂ ਨੂੰ ਨਿਰਧਾਰਤ ਕਰਦੀ, ਪਰ ਉਮਰ ਦੇ ਵਿਚਕਾਰ ਪਲੇ ਪੜਾਅ ਵਿਚ ਦਿਲ ਦਿਮਾਗ ਅਤੇ ਦੇਹ ਆਪਣੀ ਪੂਰੀ ਤਾਕਤ ਅਤੇ ਭਾਈਵਾਲੀ ਨਾਲ ਜੀਵਨੀ ਉਪਲੱਬਧੀਆਂ ਲਈ ਨਿੱਠ ਕੇ ਕੰਮ ਕਰਦੇ। ਕਈ ਵਾਰ ਜਦ ਅਸੀਂ ਇਨ੍ਹਾਂ ਵਿਚੋਂ ਇਕ ਨੂੰ ਵੀ ਵਿਸਾਰ ਦਿੰਦੇ ਤਾਂ ਇਸ ਦਾ ਇਵਜ਼ਾਨਾ ਸਾਨੂੰ ਹੀ ਭੁਗਤਣਾ ਪੈਂਦਾ। ਮੇਰਾ ਜਾਣਕਾਰ ਕੈਮਿਸਟਰੀ ਪੜ੍ਹਾਉਂਦਾ ਸੀ ਅਤੇ ਸਵੇਰ ਤੋਂ ਦੇਰ ਰਾਤ ਤੀਕ ਉਹ ਟਿਊਸ਼ਨਜ਼ ਪੜ੍ਹਾਉਣ ਵਿਚ ਹੀ ਰੁੱਝਿਆ ਰਹਿੰਦਾ ਸੀ। ਉਸ ਉਪਰ ਦਿਲ ਤੇ ਦੇਹ ਦਾ ਕੋਈ ਕੰਟਰੋਲ ਨਹੀਂ ਸੀ, ਸਗੋਂ ਦਿਮਾਗ ਹੀ ਗਿਣਤੀਆਂ-ਮਿਣਤੀਆਂ ਵਿਚ ਉਲਝਿਆ, ਵੱਧ ਵੱਧ ਤੋਂ ਧਨ ਕਮਾਉਣ ਦੀ ਘਾੜਤਾਂ ਘੜਨ ਵਿਚ ਮਸ਼ਰੂਫ ਰਹਿੰਦਾ। ਕਈ ਵਾਰ ਕਹਿਣਾ ਕਿ ਸਰੀਰ ਲਈ ਸੈਰ ਕਰਿਆ ਕਰ, ਤਾਂ ਉਸ ਦਾ ਉਤਰ ਮੈਨੂੰ ਵੀ ਲਾਜਵਾਬ ਕਰ ਗਿਆ। ਉਸ ਨੇ ਕਿਹਾ ਕਿ ਮੈਨੂੰ ਪਤਾ ਹੈ ਕਿ ਦਿਲ ਦਾ ਦੌਰਾ ਪੈਣਾ ਹੈ ਅਤੇ ਮੈਂ ਪੰਜ ਲੱਖ ਰੁਪਏ ਇਕ ਪਾਸੇ ਇਸ ਦੇ ਇਲਾਜ ਲਈ ਪਹਿਲਾਂ ਹੀ ਰੱਖਿਆ ਹੋਇਆ ਹੈ। ਸੱਚ ਇਹ ਹੈ ਕਿ ਉਸਨੂੰ ਹੁਣ ਤੀਕ ਦੋ-ਤਿੰਨ ਵਾਰ ਦਿਲ ਦੇ ਦੌਰੇ ਪੈ ਚੁਕੇ ਹਨ, ਪਰ ਉਹ ਆਪਣੀ ਫਿਤਰਤ ਬਦਲਣ ਲਈ ਤਿਆਰ ਨਹੀਂ। ਦਰਅਸਲ ਦਿਮਾਗ ਲਈ, ਦਿਲ ਤੇ ਦੇਹ ਦੇ ਕੋਈ ਮਹੱਤਵ ਨਹੀਂ ਹੁੰਦਾ।
ਦਿਲ ਦਾ ਸਬੰਧ ਭਾਵਨਾਤਮਕਤਾ ਨਾਲ, ਕੋਮਲਤਾ ਨਾਲ, ਰੰਗਾਂ ਨਾਲ, ਕੁਦਰਤ ਦੀਆਂ ਨਿਆਮਤਾਂ ਨਾਲ, ਕੁਦਰਤ ਨੂੰ ਮਾਣਨਾ ਅਤੇ ਇਸ ਦੀ ਸੁੰਦਰਤਾ ਤੇ ਵਿਸ਼ਾਲਤਾ ਵਿਚੋਂ ਜੀਵਨ ਦੇ ਅਨੰਦਤ ਪਲਾਂ ਨੂੰ ਜ਼ਿੰਦਗੀ ਦੇ ਨਾਮ ਕਰਨਾ ਹੁੰਦਾ। ਦਿਮਾਗ ਵਰਤਣ ਵਾਲਾ ਕਹੇਗਾ ਕਿ ਜਿੰਨੇ ਪੈਸੇ ਕਿਸੇ ਸੈਰਗਾਹ ਜਾਂ ਵਿਦੇਸ਼ ਦੀ ਸੈਰ ‘ਤੇ ਖਰਚਣੇ, ਉਸ ਨਾਲ ਤਾਂ ਵਪਾਰ ਨੂੰ ਹੋਰ ਵੀ ਵਧਾਇਆ ਜਾ ਸਕਦਾ। ਬਾਹਰਲੇ ਦੇਸ਼ਾਂ ਦੇ ਲੋਕ ਕੰਮ ਵੇਲੇ ਦਿਮਾਗ ਵਰਤਦੇ ਨੇ ਅਤੇ ਕੰਮ ਤੋਂ ਬਾਅਦ ਉਹ ਆਪਣੇ ਦਿਲ ਤੇ ਦੇਹ ਦੀਆਂ ਮੁਹਾਰਾਂ ਖੁੱਲ੍ਹੀਆਂ ਛੱਡ ਦਿੰਦੇ ਨੇ ਅਤੇ ਜੀਵਨ ਨੂੰ ਰੱਜ ਕੇ ਜਿਉਂਦੇ ਨੇ।
ਦਿਲ, ਦਿਮਾਗ ਅਤੇ ਦੇਹ ਦੀ ਤੰਦਰੁਸਤੀ ਲਈ ਜਰੂਰੀ ਹੈ ਕਿ ਕਿਸੇ ਇਕ ‘ਤੇ ਬੇਲੋੜਾ ਬੋਝ ਨਾ ਪਾਇਆ ਜਾਵੇ। ਸਗੋਂ ਇਨ੍ਹਾਂ ਦੀ ਵਰਤੋਂ ਸੁਹਿਰਦਤਾ, ਸੰਜਮ, ਸਾਦਗੀ ਅਤੇ ਸੰਤੋਖਪੁਣੇ ਨਾਲ ਕੀਤੀ ਜਾਵੇ। ਇਸ ਨਾਲ ਇਹ ਇਕ ਦੂਜੇ ਦਾ ਸਹਾਰਾ ਵੀ ਬਣਦੇ ਹਨ ਅਤੇ ਇਕ ਦੂਜੇ ਦਾ ਹੰਭਲਾ ਤੇ ਹੌਂਸਲਾ ਵੀ; ਇਕ ਦੂਜੇ ਲਈ ਹਮਦਰਦੀ ਤੇ ਹਾਂ-ਪੱਖੀ ਹੁੰਗਾਰਾ ਬਣਦੇ ਅਤੇ ਇਕ ਦੂਜੇ ਦੀ ਸਦੀਵਤਾ ਦੀ ਹਾਮੀ ਭਰਦੇ।
ਉਮਰ ਦੇ ਹਰ ਪੜਾਅ ਵਿਚ ਸਰੀਰ ਦੇ ਹਰ ਅੰਗ ਦੀ ਸਮਰੱਥਾ ਅਤੇ ਯੋਗਤਾ ਬਦਲਦੀ ਰਹਿੰਦੀ। ਲੋੜ ਹੈ, ਮਨੁੱਖੀ ਵਿਚਾਰ ਅਤੇ ਜੀਵਨ-ਸ਼ੈਲੀ ਵਿਚ ਨਿਰੰਤਰ ਬਦਲਾਅ ਲਿਆਂਦਾ ਜਾਵੇ ਤਾਂ ਕਿ ਸਰੀਰ ਦੇ ਸਮੁੱਚੇ ਅੰਗਾਂ ਦੀ ਪ੍ਰਕਿਰਿਆ ਵਿਚ ਕਿਸੇ ਕਿਸਮ ਦਾ ਵਿਘਨ, ਰੁਕਾਵਟ ਜਾਂ ਕਾਰਗੁਜਾਰੀ ਵਿਚ ਕੋਈ ਕਮੀ ਜਾਂ ਕੁਤਾਹੀ ਨਾ ਪੈਦਾ ਹੋਵੇ।
ਉਮਰ ਦੇ ਆਖਰੀ ਪੜਾਅ ਵਿਚ ਸਰੀਰਕ ਸਮਰੱਥਾ ਘੱਟਦੀ ਹੈ। ਇਸ ਸਮੇਂ ਦੇਹ ਦੀ ਚੁਸਤੀ-ਫੁਰਤੀ ਲਈ ਛੋਟੀਆਂ ਮੋਟੀਆਂ ਸਰੀਰਕ ਕਿਰਿਆਵਾਂ ਵਿਚ ਖੁਦ ਨੂੰ ਰੁੱਝਿਆ ਰੱਖਣਾ ਬਹੁਤ ਜਰੂਰੀ ਹੁੰਦਾ, ਪਰ ਇਸ ਤੋਂ ਵੀ ਜਰੂਰੀ ਹੁੰਦਾ ਕਿ ਸਾਡਾ ਦਿਲ ਜਵਾਨ ਰਹੇ, ਕਿਉਂਕਿ ਜੇ ਜਵਾਨੀ, ਰਵਾਨੀ ਅਤੇ ਦੀਵਾਨਗੀ ਸੋਚ ਵਿਚ ਹੋਵੇ ਦਿਲ-ਦਰਵਾਜੇ ਮੋਕਲੇ ਰਹਿੰਦੇ। ਦਿਲ ਦੀ ਧੜਕਣ ਵਿਚ ਸੰਗੀਤ ਪੈਦਾ ਹੁੰਦਾ ਰਹੇ। ਦਿਲ ਦੀਆਂ ਰਮਜ਼ਾਂ ਨੂੰ ਜਾਣਨ ਅਤੇ ਇਨ੍ਹਾਂ ਨਾਲ ਜੀਵਨ ਦੀ ਉਤਮਤਾ ਨੂੰ ਪ੍ਰਾਪਤ ਕਰਨ ਦੀ ਚੇਸ਼ਟਾ ਬਣੀ ਰਹੇ ਤਾਂ ਬੰਦਾ ਹਰ ਉਮਰ ਵਿਚ ਵੀ ਊਰਜਾਵਾਨ ਰਹਿੰਦਾ। ਉਹ ਨਵੇਂ ਵਿਚਾਰਾਂ, ਖਿਆਲਾਂ ਅਤੇ ਸੁਪਨਿਆਂ ਸੰਗ ਉਡਾਣ ਭਰਨ ਲਈ ਤਤਪਰ ਰਹਿੰਦਾ।
ਬਜੁਰਗੀ ਵਿਚ ਸਰੀਰ ਭਾਵੇਂ ਸਿੱਥਲ ਹੋ ਜਾਵੇ, ਕੁਝ ਕੁ ਅੰਗ ਆਪਣੀ ਉਮਰ ਵੀ ਵਿਹਾਜ ਜਾਣ, ਪਰ ਜੇ ਉਹ ਦਿਮਾਗੀ ਤੌਰ ‘ਤੇ ਚੇਤੰਨ ਹੋਵੇ। ਉਸ ਦੇ ਦਿਲ ਵਿਚ ਪਿਆਰ, ਮੋਹ, ਮੁਹੱਬਤ ਅਤੇ ਮਿਲਾਪ ਦੀਆਂ ਤਰੰਗਾਂ ਪੈਦਾ ਹੁੰਦੀਆਂ ਹੋਣ ਤਾਂ ਉਹ ਬੰਦਾ ਜ਼ਿੰਦਗੀ ਦੇ ਆਖਰੀ ਸਾਹ ਤੀਕ ਵੀ ਜ਼ਿੰਦਗੀ ਨੂੰ ਜ਼ਿੰਦਾਦਿਲੀ ਨਾਲ ਜਿਉਂਦਾ ਹੈ। ਖੁਸ਼ਵੰਤ ਸਿੰਘ ਦੀ ਜ਼ਿੰਦਾਦਿਲੀ ਦਾ ਰਾਜ਼ ਸੀ ਕਿ ਉਸ ਦੇ ਦਿਲ, ਦਿਮਾਗ ਅਤੇ ਦੇਹ ਨੇ ਉਸ ਦੀਆਂ ਹਰ ਸੱਧਰਾਂ ਨੂੰ ਪੂਰਿਆਂ ਕਰਨ ਤੇ ਆਪਣੀ ਮਨਮਰਜੀ ਦੀ ਤਰਜ਼ੇ-ਜ਼ਿੰਦਗੀ ਜਿਉਣ ਦੀ ਖੁੱਲ੍ਹ ਪ੍ਰਦਾਨ ਕੀਤੀ। ਉਸ ਨੇ ਆਪਣੇ ਹਿੱਸੇ ਦੀ ਜ਼ਿੰਦਗੀ ਜਿਉਣ ਲਈ ਕਿਸੇ ਦੀਆਂ ਸ਼ਰਤਾਂ ਨੂੰ ਕਦੇ ਪ੍ਰਵਾਨ ਨਹੀਂ ਸੀ ਕੀਤਾ।
ਇਹ ਜਰੂਰੀ ਨਹੀਂ ਕਿ ਵਿਅਕਤੀ ਦੇ ਦਿਲ, ਦਿਮਾਗ ਅਤੇ ਦੇਹ ਦੀ ਤਿਕੋਣੀ ਵਿਚੋਂ ਹੀ ਨਵੀਆਂ ਪ੍ਰਾਪਤੀਆਂ ਦੀ ਤਲਾਸ਼ ਸੰਭਵ ਹੋਵੇ। ਕੁਝ ਅਜਿਹੇ ਲੋਕ ਵੀ ਹੁੰਦੇ, ਜੋ ਸਰੀਰਕ ਅਲਾਮਤਾਂ ਦੇ ਬਾਵਜੂਦ ਜ਼ਿੰਦਗੀ ਨੂੰ ਜਿਉਣ ਅਤੇ ਕੁਝ ਕਰ ਗੁਜਰਨ ਦੇ ਜਜ਼ਬੇ ਨਾਲ ਇੰਨੇ ਭਰੇ ਹੁੰਦੇ ਕਿ ਦੁਨੀਆਂ ਉਨ੍ਹਾਂ ਨੂੰ ਸਲਾਮ ਕਰਦੀ। ਮਹਾਨ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਤੁਰਨ-ਫਿਰਨ ਅਤੇ ਬੋਲਣ ਤੋਂ ਲਾਚਾਰ ਸੀ, ਪਰ ਉਸ ਦਾ ਦਿਲ ਜਵਾਨ ਸੀ ਅਤੇ ਉਸ ਨੇ ਪ੍ਰੇਮ ਵਿਆਹ ਕਰਵਾਇਆ ਸੀ। ਉਸ ਦੇ ਦਿਮਾਗ ਦੇ ਸਦਕੇ ਜਾਣ ਨੂੰ ਜੀਅ ਕਰਦਾ, ਜਿਸ ਨੇ ਭੌਤਿਕ ਵਿਗਿਆਨ ਦੇ ਖੇਤਰ ਵਿਚ ਅਜਿਹੀਆਂ ਨਵੀਆਂ ਖੋਜਾਂ ਅਤੇ ਪੈੜਾਂ ਸਿਰਜੀਆਂ ਕਿ ਲੋਕ ਵੀ ਹੈਰਾਨ ਸਨ ਕਿ ਕਿਵੇਂ ਇਕ ਮੁਥਾਜ ਵਿਅਕਤੀ ਵੀ ਜ਼ਿੰਦਗੀ ਦੀ ਦੀਵਾਨਗੀ ਮਾਣ ਰਿਹਾ ਏ।
ਅਖਬਾਰ ‘ਪੰਜਾਬ ਟਾਈਮਜ਼’ ਵਾਲੇ ਸ਼ ਅਮੋਲਕ ਸਿੰਘ ਜੰਮੂ ਵ੍ਹੀਲ ਚੇਅਰ ਦੇ ਮੁਥਾਜ ਹਨ। ਗੱਲ ਵੀ ਨਹੀਂ ਹੁੰਦੀ ਅਤੇ ਆਕਸੀਜਨ ਦਾ ਸਿਲੰਡਰ ਵ੍ਹੀਲ ਚੇਅਰ ‘ਤੇ ਹੁੰਦਾ, ਪਰ ਉਨ੍ਹਾਂ ਦੀ ਪੰਜਾਬੀ ਅਦਬ ਅਤੇ ਅਖਬਾਰ ਪ੍ਰਤੀ ਇੰਨੀ ਪ੍ਰਤੀਬੱਧਤਾ ਹੈ ਕਿ ਉਹ ਇਨ੍ਹਾਂ ਹਾਲਾਤ ਵਿਚ ‘ਪੰਜਾਬ ਟਾਈਮਜ਼’ ਦਾ ਹਰ ਅੰਕ ਆਪਣੀ ਦੇਖ-ਰੇਖ ਤਿਆਰ ਕਰਵਾਉਂਦੇ ਨੇ। ਜ਼ਿੰਦਗੀ ਦੇ ਅਜਿਹੇ ਸਿਰੜੀ ਆਸ਼ਕਾਂ ਨੂੰ ਸਲਾਮ, ਜਿਨ੍ਹਾਂ ਨੂੰ ਦੇਖ ਕੇ ਸਰੀਰਕ ਅਲਾਮਤਾਂ ਵੀ ਹੈਰਾਨ-ਪ੍ਰੇਸ਼ਾਨ ਹੋ, ਨਮੋਸ਼ੀ ਵਿਚ ਝੂਰਨ ਜੋਗੀਆਂ ਹੀ ਰਹਿ ਜਾਂਦੀਆਂ ਨੇ।
ਮਨੁੱਖ ਦੀ ਸੰਪੂਰਨ, ਸਮੁੱਚੀ ਅਤੇ ਸੁੰਦਰ ਜ਼ਿੰਦਗੀ ਲਈ ਦਿਲ, ਦਿਮਾਗ ਅਤੇ ਦੇਹ ਵਿਚਲੀ ਇਕਸੁਰਤਾ, ਇਕਸਾਰਤਾ, ਇਕਮਿਕਤਾ, ਇਕਮੁੱਠਤਾ ਅਤੇ ਇਕ-ਰੰਗਤਾ ਬਹੁਤ ਜਰੂਰੀ। ਕਈ ਵਾਰ ਦਿਮਾਗ ਦੀ ਨਾਲੀ ਫਟਣ ਨਾਲ ਵਿਅਕਤੀ ਦਿਮਾਗੀ ਤੌਰ ‘ਤੇ ਮਰ ਜਾਂਦਾ, ਪਰ ਉਸ ਦਾ ਦਿਲ ਧੜਕਦਾ ਹੁੰਦਾ। ਸਰੀਰਕ ਅੰਗਾਂ ਵਿਚ ਹਰਕਤ ਪੈਦਾ ਕਰਨ ਅਤੇ ਇਸ ਨੂੰ ਕੰਟਰੋਲ ਕਰਨ ਵਾਲਾ ਦਿਮਾਗ ਗੈਰਹਾਜ਼ਰ ਹੁੰਦਾ। ਬੰਦਾ ਇਕ ਜਿਉਂਦੀ ਲਾਸ਼ ਹੁੰਦਾ। ਬੜਾ ਔਖਾ ਹੁੰਦਾ ਏ, ਅਜਿਹੇ ਆਪਣੇ ਦੇ ਆਖਰੀ ਪਲਾਂ ਵਿਚ ਪਲ ਪਲ ਕਰ ਕੇ ਮਰਨਾ ਅਤੇ ਪਿਆਰੇ ਦੀ ਤੜਫ ਵਿਚ ਤੜਫ ਬਣ ਕੇ ਰਹਿ ਜਾਣਾ। ਅਜਿਹੇ ਵਿਅਕਤੀ ਲਈ ਮੌਤ ਹੀ ਆਖਰੀ ਠਾਹਰ ਹੁੰਦੀ।
ਯਾਦ ਰਹੇ, ਦਿਲ ਵਿਚ ਦਿਮਾਗ ਨਹੀਂ ਹੁੰਦਾ ਅਤੇ ਦਿਮਾਗ ਵਿਚ ਦਿਲ ਨਹੀਂ ਹੁੰਦਾ। ਇਸ ਲਈ ਜਦ ਦਿਲ ਕੁਝ ਕਹਿੰਦਾ ਤਾਂ ਦਿਮਾਗ ਗੈਰ-ਹਾਜ਼ਰ ਹੁੰਦਾ ਅਤੇ ਜਦ ਦਿਮਾਗ ਬੋਲਦਾ ਤਾਂ ਦਿਲ ਦੀ ਗੈਰ-ਹਾਜ਼ਰੀ ਖਟਕਦੀ ਆ। ਲੋੜ ਹੈ, ਦਿਲ ਕੁਝ ਕਹਿਣ ਲੱਗੇ ਤਾਂ ਦਿਮਾਗ ਕੋਲੋਂ ਮਾਰਗ ਦਰਸ਼ਨਾ ਲਵੇ ਅਤੇ ਦਿਮਾਗ ਕੁਝ ਕਰਨ ਤੋਂ ਪਹਿਲਾਂ ਦਿਲ ਵੰਨੀਂ ਜਰੂਰ ਨਜ਼ਰ ਫੇਰੇ।
ਦਿਲ ਅਤੇ ਦਿਮਾਗ ਦੀ ਆਪਸੀ ਤਕਰਾਰ ਵਿਚ ਕਿਸ ਨੇ ਜਿੱਤਣਾ ਅਤੇ ਕਿਸ ਨੇ ਹਾਰਨਾ ਹੈ, ਇਹ ਮਨੁੱਖ ਦੀ ਸੰਵੇਦਨਸ਼ੀਲਤਾ ਅਤੇ ਸੁਚੇਤਨਾ ਨੇ ਹੀ ਨਿਰਧਾਰਤ ਕਰਨਾ ਹੁੰਦਾ।
ਸਭ ਤੋਂ ਜਰੂਰੀ ਹੁੰਦਾ ਆਪਣੇ ਅੰਤਰੀਵ ਵਿਚ ਉਤਰਨਾ, ਆਪਣੇ ਆਪ ਦੇ ਰੂਬਰੂ ਹੋਣਾ, ਕਿਉਂਕਿ ਆਤਮਿਕ ਸੱਚ ਹੀ ਅੰਤਿਮ ਸੱਚ ਹੁੰਦਾ, ਜਿਸ ਤੋਂ ਦਿਮਾਗ ਕਦੇ ਵੀ ਨਾਬਰ ਨਹੀਂ ਹੋ ਸਕਦਾ। ਪਾਕ ਰੂਹਾਂ ਦੀ ਰੂਹਾਨੀਅਤ ਅਪਨਾਉਣ ਵਾਲੇ ਕਦੇ ਵੀ ਦਿਲ ਤੇ ਦਿਮਾਗ ਦੀ ਖਹਿਬਾਜ਼ੀ ਨੂੰ ਆਪਣਾ ਤੰਗ ਨਜ਼ਰੀਆ ਨਹੀਂ ਬਣਾਉਂਦੇ।
ਦਿਲ, ਦਿਮਾਗ ਅਤੇ ਦੇਹ ਵਿਚਲੀ ਤਾਜ਼ਗੀ ਤੇ ਇਸ ਦੇ ਨਰੋਏਪਣ ਲਈ ਜਰੂਰੀ ਹੈ ਕਿ ਬੰਦੇ ਵਿਚ ਬੰਦਾ ਜਿਉਂਦਾ ਰਹੇ। ਉਸ ਦੇ ਵਿਚਾਰ ਜਿਉਂਦੇ ਰਹਿਣ। ਚਾਅ ਕਦੇ ਨਾ ਮਰਨ। ਸੁਪਨੇ ਲੈਣ ਦੀ ਆਦਤ ਕਾਇਮ ਰਹੇ। ਨਵੀਆਂ ਪੈੜਾਂ ਦੀ ਦੱਸ ਪੈਂਦੀ ਰਹੇ ਅਤੇ ਇਨ੍ਹਾਂ ਨੂੰ ਕਦਮਾਂ ਦਾ ਭਾਈਵਾਲ ਬਣਾਉਣ ਦੀ ਤੜਫ ਤੇ ਤਾਂਘ ਬਰਕਰਾਰ ਰਹੇ। ਇਹ ਤਾਂਘ ਹੀ ਹੁੰਦੀ ਕਿ ਕੁਝ ਲੋਕ ਜੀਵਨ ਦੇ ਆਖਰੀ ਪੜਾਅ ਵਿਚ ਬਸਤਾ ਚੁੱਕ ਸਕੂਲ ਨੂੰ ਤੁਰ ਪੈਂਦੇ। ਕੁਝ ਨਵੀਆਂ ਰੁਚੀਆਂ ਪੈਦਾ ਕਰਦੇ। ਕੁਝ ਕਲਾ ਨਾਲ ਜੁੜਦੇ ਅਤੇ ਕੁਝ ਲੋਕ ਸਮਾਜ ਸੇਵਾ ਨੂੰ ਆਪਣਾ ਕਰਮ-ਧਰਮ ਬਣਾਉਂਦੇ।
ਦਰਅਸਲ ਦਿਲ, ਦਿਮਾਗ ਅਤੇ ਦੇਹ ਦੇ ਸੁਹੱਪਣ ਅਤੇ ਸੁਹੰਢਣਾ ਲਈ ਜਰੂਰੀ ਹੈ ਜੀਵਨ ਵਿਚ ਨਿਰੰਤਰਤਾ ਬਣੀ ਰਹੇ। ਖੜੇ ਪਾਣੀ ਬੋਅ ਮਾਰਦੇ ਨੇ, ਜਦੋਂ ਕਿ ਵਗਦੇ ਪਾਣੀ ਹਮੇਸ਼ਾ ਤਾਜ਼ੇ ਹੁੰਦੇ। ਹਵਾ ਵਗਦੀ ਰਹੇ ਤਾਂ ਮਹਿਕਾਂ ਦਾ ਸੰਧਾਰਾ ਵੀ ਆਉਂਦਾ, ਜਦੋਂ ਕਿ ਬੰਦ ਹਵਾ ਹੁੰਮਸ ਪੈਦਾ ਕਰਦੀ ਏ। ਸੱਜਣਾਂ ਦੇ ਸੁੱਖ ਸੁਨੇਹੇ ਆਉਂਦੇ ਰਹਿਣ ਅਤੇ ਮਿਲਣ ਨੂੰ ਜੀਅ ਕਰਦਾ ਰਹੇ। ਬਹੁਤ ਜਰੂਰੀ ਹੈ ਕਿ ਮਿੱਤਰ ਪਿਆਰਿਆਂ ਨੂੰ ਮਿਲ ਕੇ ਦਿਲਾਂ ਨੂੰ ਫਰੋਲਦੇ ਰਹੀਏ। ਦਿਲ ਦੀਆਂ ਗੰਢਾਂ ਤੇ ਗੁੰਝਲਾਂ ਨੂੰ ਖੋਲ੍ਹਦੇ ਰਹੀਏ। ਦਿਮਾਗੀ ਪ੍ਰੇਸ਼ਾਨੀਆਂ ਨੂੰ ਆਪਣਿਆਂ ਨਾਲ ਸਾਂਝੀਆਂ ਕਰੋ, ਮਨ ਹਲਕਾ ਹੋ ਜਾਵੇਗਾ। ਦਿਮਾਗੀ ਗਿਣਤੀ-ਮਿਣਤੀਆਂ ਵਿਚ ਉਲਝਣ ਦੀ ਥਾਂ ਇਨ੍ਹਾਂ ਨੂੰ ਸਰਲ ਕਰੋ। ਯਾਦ ਰੱਖਣਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਹੈ ਦੇਹ। ਇਸ ਨੂੰ ਸਿਹਤਮੰਦ ਰੱਖਣ ਲਈ ਟਾਈਮ ਦੇਵੋ। ਸਰੀਰ ਰਹੇਗਾ ਤਾਂ ਧਨ ਕਮਾਇਆ ਜਾ ਸਕਦਾ। ਸਰੀਰ ਨਾ ਰਿਹਾ ਤਾਂ ਕਮਾਇਆ ਧਨ ਵੀ ਖਤਮ ਹੋ ਜਾਵੇਗਾ। ਸਰੀਰ ਤੰਦਰੁਸਤ ਹੋਵੇਗਾ ਤਾਂ ਦਿਲ ਜਿਉਂਦਾ ਰਹੇਗਾ। ਦਿਮਾਗ ਨਵੀਆਂ ਤਰਕੀਬਾਂ ਅਤੇ ਤਰਜ਼ੀਹਾਂ ਨੂੰ ਸਮਝਣ ਅਤੇ ਵਿਉਂਤਣ ਵਿਚ ਸਹਿਯੋਗ ਕਰੇਗਾ। ਨਵੇਂ ਫੁਰਨਿਆਂ, ਭਾਵਾਂ, ਚਾਵਾਂ, ਸੁਪਨਿਆਂ, ਸੇਧਾਂ, ਸਫਲਤਾਵਾਂ ਅਤੇ ਸਮਾਜਕ ਸਰੋਕਾਰਾਂ ਨੂੰ ਸਮਝੇਗਾ। ਚਿੰਤਾ ਤੋਂ ਚੇਤਨਾ ਤੀਕ ਦਾ ਸਫਰ ਕਰਨ ਦੇ ਸਮਰੱਥ ਹੋਵੇਗਾ।
ਮਨੁੱਖ ਨੂੰ ਯਾਦ ਰੱਖਣਾ ਚਾਹੀਦਾ ਕਿ ਮਨੁੱਖ ਉਹ ਹੀ ਜਿਉਂਦੇ ਨੇ, ਜਿਨ੍ਹਾਂ ਨੇ ਬੰਦਿਆਈ, ਭਲਿਆਈ ਅਤੇ ਚੰਗਿਆਈ ਨੂੰ ਜੀਵਨ ਦਾ ਸੂਰਤਧਾਰ ਮੰਨ ਕੇ ਜਿਊਣ ਦਾ ਰਿਆਜ਼ ਕੀਤਾ। ਉਹ ਦਿਲ, ਦਿਮਾਗ ਅਤੇ ਦੇਹ ਦੀ ਸੁਚੱਜੀ ਵਰਤੋਂ ਤੋਂ ਜਾਣੂ। ਆਖਰੀ ਸਾਹ ਤੀਕ ਉਹ ਇਨ੍ਹਾਂ ਦੀ ਸੰਗਤਾ ਵਿਚੋਂ ਦਮਦਾਰੀ ਨੂੰ ਆਪਣਾ ਹਾਸਲ ਬਣਾਉਂਦੇ ਰਹੇ ਅਤੇ ਪੂਰਨ ਸਮਰਪਣ ਨਾਲ ਜਿਉਂਦੇ ਰਹੇ।
ਦਿਲ, ਦਿਮਾਗ ਅਤੇ ਦੇਹ ਦੀ ਸੁੱਚਮਤਾ ਅਤੇ ਉਚਮਤਾ ਵਿਚੋਂ ਜੀਵਨ ਦੇ ਅਸੂਲਾਂ ਤੇ ਆਦਰਸ਼ਾਂ ਨੂੰ ਨਿਸ਼ਚਿਤ ਕਰਨ ਅਤੇ ਇਸ ਵਿਚੋਂ ਸੁਖਨ, ਸਕੂਨ, ਸਬਰ ਅਤੇ ਸੰਤੁਸ਼ਟੀ ਨੂੰ ਅਕੀਦਾ ਬਣਾਉਣ ਵਾਲਿਆਂ ਨੂੰ ਲੋਕ ਸਲਾਮਾਂ ਕਰਦੇ ਨੇ।
ਜ਼ਿੰਦਗੀ ਦੀਆਂ ਰਹਿਮਤਾਂ ਲਈ ਜਰੂਰੀ ਹੈ ਕਿ ਮਨੁੱਖ ਸਰੀਰਕ ਰੂਪ ਵਿਚ ਧਰਤੀ ‘ਤੇ ਰਹੇ, ਉਸ ਦਾ ਦਿਮਾਗ ਅੰਬਰਾਂ ਵੰਨੀਂ ਉਡਾਣ ਭਰੇ, ਦਿਲ ਦੇ ਦਰਵਾਜੇ ਹਮੇਸ਼ਾ ਖੁੱਲ੍ਹੇ ਰਹਿਣ ਅਤੇ ਮਨ ਵਿਚ ਸ਼ਾਂਤੀ ਦਾ ਵਾਸਾ ਹੋਵੇ। ਇਹ ਹੀ ਗੁਰੂਆਂ ਦੀ ਵਿਚਾਰਧਾਰਾ ਏ। ਕਦੇ ਕਦਾਈਂ ਗੁਰ-ਸ਼ਬਦ ਵਿਚ ਉਤਰਨਾ ਜਰੂਰੀ ਹੁੰਦਾ। ਫਿਰ ਹੀ ਦਿਲ, ਦਿਮਾਗ ਅਤੇ ਦੇਹ ਦੀ ਸਰਬ-ਸੁਖਨਤਾ ਦਾ ਅਹਿਸਾਸ ਹੁੰਦਾ ਹੈ। ਅਜਿਹਾ ਅਹਿਸਾਸ ਪੈਦਾ ਕਰਨ ਦਾ ਵਿਚਾਰ ਮਨ ਵਿਚ ਜਰੂਰ ਲਿਆਣਾ।