ਕਿਸ ਮੋੜ ‘ਤੇ ਪਹੁੰਚ ਗਿਆਂ ਏਂ ਪੰਜਾਬ ਸਿੰਹਾਂ?

ਡਾ. ਗੁਰਬਖਸ਼ ਸਿੰਘ ਭੰਡਾਲ
ਪੰਜਾਬ ਸਿੰਹਾਂ! ਅੱਜ ਤੂੰ ਕਿਸ ਮੋੜ ‘ਤੇ ਆ ਖੜਾ ਹੋਇਆਂ ਕਿ ਕੋਈ ਵੀ ਤੇਰਾ ਵਾਲੀ ਵਾਰਸ ਨਜ਼ਰ ਨਹੀਂ ਆਉਂਦਾ। ਤੂੰ ਲੁੱਟਿਆ, ਕੁੱਟਿਆ ਤੇ ਪੁੱਟਿਆ ਗਿਆ। ਲਿਤਾੜਿਆ, ਉਜਾੜਿਆ ਤੇ ਮਾਰਿਆ ਗਿਆ। ਤੇਰੀਆਂ ਆਂਦਰਾਂ ਨੂੰ ਕੋਹਿਆ ਗਿਆ। ਤੇਰੇ ਦੀਦਿਆਂ ਸਾਹਵੇਂ ਤੇਰਾ ਵਜੂਦ ਖਤਮ ਕਰਨ ਲਈ ਚਾਲਾਂ ਚੱਲੀਆਂ ਗਈਆਂ, ਪਰ ਤੂੰ ਬੇਬੱਸ ਰਿਹਾ। ਤੂੰ ਤਾਂ ਭੋਲਾ-ਭਾਲਾ ਸੈਂ, ਪਰ ਅਫਸੋਸ ਕਿ ਤੇਰੇ ਹਿਤਾਇਸ਼ੀ ਆਗੂਆਂ ਨੇ ਹੀ ਤੇਰੀ ਔਕਾਤ ਨਾਲ ਖੇਡਣਾ ਅਤੇ ਆਪਣੇ ਨਿੱਜੀ ਮੁਫਾਦ ਦੀ ਪੂਰਤੀ ਨੂੰ ਆਪਣੀ ਪਹਿਲ ਬਣਾ ਲਿਆ। ਜਦ ਸਾਰੇ ਰਾਜਨੀਤਕ ਦਲਾਂ ਦੀ ਸੋਚ ਸਿਰਫ ਕੁਰਸੀ ਤੀਕ ਸੀਮਤ ਹੋ ਜਾਵੇ ਤਾਂ ਆਮ ਲੋਕਾਂ ਨੂੰ ਬਹੁਤ ਵੱਡੀ ਕੀਮਤ ਤਾਰਨੀ ਪੈਂਦੀ ਏ ਅਤੇ ਹੁਣ ਤੂੰ ਇਹ ਕੀਮਤ ਤਾਰ ਰਿਹਾਂ ਏ।

ਪੰਜਾਬ ਸਿੰਹਾਂ! ਤੈਨੂੰ ਪਤਾ ਹੀ ਨਾ ਲੱਗਾ ਕਿ ਤੇਰੇ ਨਾਲ ਕੀ, ਕਿਉਂ, ਕਿਵੇਂ ਅਤੇ ਕਿਸ ਸਮੇਂ ਤੋਂ ਇਹ ਕੁਝ ਹੋ ਇਹਦਾ ਏ? ਤੂੰ ਤਾਂ ਮਿਹਨਤ ਅਤੇ ਸਚਿਆਰੇਪਣ ਨੂੰ ਅਕੀਦਾ ਬਣਾ ਕੇ, ਕਿਰਤ-ਕਮਾਈ ਦੀ ਸੁੱਚਤਾ ਅਤੇ ਉਤਮਤਾ ਨੂੰ ਆਪਣਾ ਗੁਰ-ਪੀਰ ਮੰਨਿਆ ਸੀ। ਤੈਨੂੰ ਆਸ ਸੀ ਕਿ ਸ਼ਾਇਦ ਤੇਰੀ ਆਗਵਾਈ ਕਰਨ ਵਾਲੇ ਤੇਰੀ ਖੈਰੀਅਤ ਅਤੇ ਫਿਕਰ ਨੂੰ ਆਪਣਾ ਕਰਮ-ਧਰਮ ਬਣਾਉਣਗੇ, ਪਰ ਅਜਿਹਾ ਨਹੀਂ ਹੋਇਆ। ਸਮੇਂ ਦੇ ਹਾਕਮਾਂ ਨੇ ਬਹੁਤ ਹੀ ਯੋਜਨਾਬੱਧ ਤਰੀਕੇ ਅਤੇ ਚੁੱਸਤੀ ਨਾਲ ਅਜਿਹਾ ਭਾਣਾ ਵਰਤਾ ਦਿਤਾ ਕਿ ਤੈਨੂੰ ਪਤਾ ਹੀ ਨਹੀਂ ਲੱਗਾ। ਇਹ ਸ਼ਾਇਦ ਕਿਸੇ ਸੋਚੀ-ਸਮਝੀ ਸਕੀਮ ਦਾ ਹੀ ਹਿੱਸਾ ਹੈ ਅਤੇ ਇਸ ਦੇ ਹੋਰ ਪੜਾਅ ਅਜੇ ਬਾਕੀ ਨੇ।
ਪੰਜਾਬ ਸਿੰਹਾਂ! ਜੋ ਕੁਝ ਹੁਣ ਨਜ਼ਰ ਆਉਂਦਾ ਏ, ਇਸ ਦੀ ਸ਼ੁਰੂਆਤ ਤਾਂ ਰਾਜਨੀਤਕ ਚਾਲਬਾਜ਼ਾਂ ਨੇ ਹਰੀ ਕ੍ਰਾਂਤੀ ਤੋਂ ਹੀ ਕਰ ਦਿੱਤੀ ਸੀ। ਸਮੁੱਚੇ ਭਾਰਤ ਦੀ ਭੁੱਖਮਰੀ ਦੂਰ ਕਰਨ ਲਈ ਤੇਰੇ ਕੁਦਰਤੀ ਸਰੋਤਾਂ ਨੂੰ ਵਰਤਿਆ ਗਿਆ। ਤੇਰੇ ਖੇਤੀ ਵਿਗਿਆਨੀਆਂ ਨੂੰ ਖਰੀਦ ਕੇ, ਤੈਨੂੰ ਕਣਕ ਤੇ ਝੋਨੇ ਦੇ ਚੱਕਰਵਿਊ ਵਿਚ ਅਜਿਹਾ ਫਸਾਇਆ ਕਿ ਪਹਿਲੇ ਕੁਝ ਸਾਲ ਤਾਂ ਤੂੰ ਥੋੜ੍ਹਚਿਰੀ ਖੁਸ਼ਹਾਲੀ ਕਾਰਨ, ਇਸ ਦੇ ਦੂਰਰਸੀ ਸਿੱਟਿਆਂ ਬਾਰੇ ਸੋਚਿਆ ਹੀ ਨਾ, ਪਰ ਜਦ ਤੈਨੂੰ ਕੁਝ ਹੋਸ਼ ਆਉਣ ਲੱਗੀ ਤਾਂ ਉਸ ਸਮੇਂ ਤੀਕ ਤੇਰੇ ਅੰਮ੍ਰਿਤ ਵਰਗੇ ਪਾਣੀ ਜ਼ਹਿਰੀ ਹੋ ਚੁਕੇ ਸਨ। ਦਰਿਆ, ਬਰੇਤੇ ਬਣ ਗਏ ਸਨ ਅਤੇ ਪੰਜਾਬ, ਮਾਰੂਥਲ ਬਣਨ ਦੀ ਕਗਾਰ ‘ਤੇ ਪਹੁੰਚ ਗਿਆ। ਬੰਦੇ ਜੰਮਣ ਵਾਲੀ ਤੇਰੀ ਧਰਤੀ ਵਿਚ ਹੁਣ ਖੁਦਕੁਸ਼ੀਆਂ ਦੀ ਫਸਲ ਉਗਦੀ ਏ। ਜੀਵਨ ਬਖਸ਼ਣ ਵਾਲੇ ਪੌਣ-ਪਾਣੀ ਵਿਚ ਹੁਣ ਬਿਮਾਰੀਆਂ ਦੀ ਭਰਮਾਰ ਹੈ। ਇਹ ਕੇਹੀ ਹਰੀ ਕ੍ਰਾਂਤੀ ਸੀ ਕਿ ਭਾਰਤ ਦਾ ਢਿੱਡ ਭਰਦਾ ਭਰਦਾ, ਤੂੰ ਸਾਰਾ ਹੀ ਬਿਮਾਰ ਹੋ ਗਿਆ। ਹੁਣ ਪੰਜਾਬ, ਪੰਜ ਦਰਿਆਵਾਂ ਦੀ ਧਰਤੀ ਨਹੀਂ, ਸਗੋਂ ਹਸਪਤਾਲਾਂ ਦੀ ਨਗਰੀ ਬਣ ਗਈ। ਪੰਜਾਬੀਆਂ ਨੂੰ ਤਾਂ ਔਲਾਦ ਲਈ ਵੀ ਹੁਣ ਫਰਟੀਲਟੀ ਸੈਂਟਰਾਂ ਵਿਚ ਖੱਜਲ ਖੁਆਰ ਹੋਣਾ ਪੈ ਰਿਹਾ ਏ। ਇਸ ਥੋੜ੍ਹਚਿਰੀ ਅਮੀਰੀ ਕਾਰਨ ਤੇਰੇ ਪੁੱਤ ਕਿਰਤ ਤੋਂ ਦੂਰ ਹੋ ਗਏ ਅਤੇ ਪਰਵਾਸੀ ਮਜਦੂਰਾਂ ‘ਤੇ ਅਜਿਹੀ ਨਿਰਭਰਤਾ ਬਣੀ ਕਿ ਹੁਣ ਉਹ ਪਰਵਾਸੀਆਂ ਮਜ਼ਦੂਰਾਂ ਦੀਆਂ ਲਿੱਲਕੜੀਆਂ ਕੱਢਦੇ ਵੇਖੇ ਜਾ ਸਕਦੇ ਨੇ।
ਪੰਜਾਬ ਸਿੰਹਾਂ! ਇਕ ਹੋਰ ਚਾਲ ਨਾਲ ਤੇਰੇ ਪੁੱਤਰਾਂ ਨੂੰ ਨਸ਼ਿਆਂ ਦੇ ਲੜ ਲਾ ਦਿੱਤਾ ਗਿਆ। ਨੌਜਵਾਨ ਨਸ਼ਿਆਂ ਵਿਚ ਅਜਿਹੇ ਗਤਲਾਨ ਹੋਏ ਕਿ ਮਾਪਿਆਂ ਨੂੰ ਆਪਣੇ ਲਾਡਲਿਆਂ ਦਾ ਸਿਵਾ ਸੇਕਣਾ ਪੈ ਰਿਹਾ ਏ। ਉਨ੍ਹਾਂ ਦੇ ਮੁਹਾਂਦਰੇ ਵਿਚ ਪੰਜਾਬੀ ਰੋਹਬਦਾਰੀ, ਦਮਦਾਰੀ ਅਤੇ ਮੜਕ ਗਾਇਬ ਹੈ। ਪੜ੍ਹਾਈ ਤੋਂ ਬੇਮੁੱਖ ਅਤੇ ਬੇਰੁਜਗਾਰੀ ਤੋਂ ਮਾਯੂਸ ਹੋਏ ਨੌਜ਼ਵਾਨਾਂ ਨੇ ਵਿਦੇਸ਼ਾਂ ਨੂੰ ਵਹੀਰਾਂ ਘੱਤ ਲਈਆਂ ਨੇ। ਕਿਸੇ ਵੀ ਰਾਜਸੀ ਧਿਰ ਨੇ ਇਸ ਸਮੱਸਿਆ ਨੂੰ ਹੱਲ ਕਰਨ ਵੱਲ ਧਿਆਨ ਨਹੀਂ ਦਿਤਾ। ਉਨ੍ਹਾਂ ਦਾ ਸਰੋਕਾਰ ਤਾਂ ਨੌਜਵਾਨਾਂ ਤੋਂ ਪਹਿੜਾ ਛੁਡਵਾਉਣਾ ਹੈ, ਕਿਉਂਕਿ ਨੌਜਵਾਨ ਤਾਂ ਆਪਣੇ ਹੱਕ ਅਤੇ ਰੁਜਗਾਰ ਦੀ ਮੰਗ ਕਰੇਗਾ। ਕੋਈ ਨਹੀਂ ਸੋਚਦਾ ਕਿ ਪੰਜਾਬ ਦਾ ਕਿੰਨਾ ਧਨ ਹਰ ਸਾਲ ਬਾਹਰ ਜਾ ਰਿਹਾ ਏ ਅਤੇ ਨਾਲ ਹੀ ਜਾ ਰਿਹਾ ਹੈ ਉਹ ਵਰਗ, ਜਿਨ੍ਹੇ 40 ਸਾਲ ਤੀਕ ਪੰਜਾਬ ਦੇ ਵਿਕਾਸ ਵਿਚ ਯੋਗਦਾਨ ਪਾਉਣਾ ਸੀ। ਵਪਾਰਕ ਬਿਰਤੀ ਵਾਲੇ ਪੰਜਾਬੀਆਂ ਵਲੋਂ ਥਾਂ-ਥਾਂ ‘ਤੇ ਖੋਲ੍ਹੇ ਹੋਏ ਵਿਦਿਅਕ ਅਦਾਰੇ ਭਾਂ ਭਾਂ ਕਰਦੇ ਨੇ ਅਤੇ ਇਨ੍ਹਾਂ ਅਦਾਰਿਆਂ ਨੇ ਹੁਣ ਕਾਰਪੋਰੇਟ ਅਦਾਰਿਆਂ ਦੇ ਸਟੋਰ ਬਣਨਾ ਏ।
ਪੰਜਾਬ ਸਿੰਹਾਂ! ਤੂੰ ਰਾਜਸੀ ਧਿਰਾਂ ਦੀ ਅਜਿਹੀ ਚਾਲ ਵਿਚ ਆ ਗਿਆ ਕਿ ਹੁਣ ਹਰ ਪੰਜਾਬੀ ਰੌਣਹਾਕਾ ਹੈ। ਇਸ ਵਿਚ ਸ਼ਾਮਲ ਹੈ ਹਰ ਪੰਜਾਬੀ, ਭਾਵੇਂ ਉਹ ਦੁਕਾਨਦਾਰ ਹੋਵੇ, ਕਿਸਾਨ ਹੋਵੇ, ਬੁੱਧੀਜੀਵੀ ਹੋਵੇ, ਛੋਟਾ ਵਪਾਰੀ ਹੋਵੇ, ਮਜਦੂਰ ਹੋਵੇ, ਆੜਤੀਆ ਹੋਵੇ ਜਾਂ ਕਿਸੇ ਵੀ ਕਿੱਤੇ ਨਾਲ ਸਬੰਧਤ ਹੋਵੇ। ਪਤਾ ਨਹੀਂ ਗੈਰਤਮੰਦ ਪੰਜਾਬੀ ਹੁਣ ਵਿਕਾਊ ਕਿਉਂ ਹੋ ਗਏ ਨੇ? ਜਦ ਪੰਜਾਬ ਲਈ ਫਿਕਰਮੰਦੀ ਜਿਤਾਉਣ ਵਾਲੇ ਚਿੰਤਕ, ਸੇਵਾ-ਮੁੱਕਤ ਅਧਿਕਾਰੀ, ਪ੍ਰੋਫੈਸਰ, ਗਾਇਕ, ਕਲਾਕਾਰ ਜਾਂ ਨੌਜਵਾਨਾਂ ਲਈ ਰੋਲ-ਮਾਡਲ ਬਣਨ ਵਾਲੇ ਲੋਕ ਹੀ ਵਿੱਕ ਜਾਣ ਅਤੇ ਉਹ ਇਕ ਵਿਸ਼ੇਸ਼ ਵਿਚਾਰਧਾਰਾ ਨੂੰ ਪ੍ਰਚਾਰਨ ਵਿਚ ਰੁੱਝ ਜਾਣ ਤਾਂ ਪੰਜਾਬ ਦੀ ਖੈਰ-ਸੁੱਖ ਨੂੰ ਕਿਵੇਂ ਕਿਆਸਿਆ ਜਾ ਸਕਦਾ?
ਪੰਜਾਬ ਸਿੰਹਾਂ! ਤੂੰ ਧਰਮ ਦੇ ਨਾਮ ‘ਤੇ ਸਦਾ ਜਿਉਂਦਾ ਸੀ। ਤੇਰੀ ਧਾਰਮਿਕਤਾ ਵਿਚ ਸਰਬੱਤ ਦਾ ਭਲਾ ਅਤੇ ਸਮੁੱਚੀ ਮਾਨਵ-ਜਾਤੀ ਦੇ ਕਲਿਆਣ ਦਾ ਨਾਦ ਗੂੰਜਦਾ ਸੀ। ਤੇਰੇ ਵਿਹੜੇ ਵਿਚ ਅਰਦਾਸ, ਆਰਤੀ ਅਤੇ ਅਜ਼ਾਨ ਦੀ ਇਕਸੁਰਤਾ ਕਾਰਨ ਹਵਾ ਵਿਚ ਸੰਗੀਤਕ ਧੁਨਾਂ ਪੈਦਾ ਹੁੰਦੀਆਂ ਸਨ। ਸਮੁੱਚੇ ਪੰਜਾਬੀ ਇਨ੍ਹਾਂ ਨੂੰ ਅੰਤਰੀਵ ਵਿਚ ਵਸਾ, ਰੰਗਲੇ ਪੰਜਾਬ ਦੀਆਂ ਸਿਫਤਾਂ ਕਰਦੇ ਅਤੇ ਦੁਨੀਆਂ ਵਿਚ ਇਸ ਦੀ ਪ੍ਰਫੂਲੱਤਾ ਅਤੇ ਪਾਕੀਜ਼ਗੀ ਦਾ ਪੈਗਾਮ ਦਿੰਦੇ ਸਨ, ਪਰ ਪੰਜਾਬ ਸਿੰਹਾਂ! ਹੁਣ ਤੇਰੀ ਧਾਰਮਿਕਤਾ ਬਿਮਾਰ ਹੋ ਗਈ ਏ। ਮਸੰਦ ਤੇ ਪੁਜਾਰੀ ਭਾਰੂ ਨੇ। ਉਹ ਸਿਰਫ ਗੋਲਕਾਂ ਤੇ ਚੜ੍ਹਾਵੇ ਤੀਕ ਸੀਮਤ। ਧਾਰਮਿਕ ਅਸਥਾਨਾਂ ਨੂੰ ਨਿੱਜੀ ਜਾਇਦਾਦਾਂ ਬਣਾ ਕੇ ਪੰਜਾਬੀਆਂ ਨੂੰ ਮਾਨਸਿਕ ਰੂਪ ਵਿਚ ਭੁੱਚਲਾਉਣ, ਵਰਗਲਾਉਣ ਅਤੇ ਆਪਣੇ ਹਿੱਤਾਂ ਦੀ ਪੂਰਤੀ ਕਰਨ ਵਿਚ ਰੁਚਿੱਤ ਨੇ। ਥਾਂ ਥਾਂ ‘ਤੇ ਡੇਰੇ, ਮੰਦਿਰ, ਗੁਰਦੁਆਰੇ, ਚਰਚ, ਮਸਜਿਦਾਂ ਆਦਿ ਸਭ ਧਾਰਮਿਕ ਅਡੰਬਰ ਨੇ। ਇਨ੍ਹਾਂ ਰਾਹੀਂ ਪੰਜਾਬੀ ਮਾਨਸਿਕਤਾ ਨੂੰ ਕੁਰਾਹੇ ਪਾਇਆ ਜਾ ਰਿਹਾ ਏ। ਪੰਜਾਬੀਆਂ ਨੂੰ ਭਰਾ ਮਾਰੂ ਜੰਗ ਵਿਚ ਉਲਝਾ ਕੇ, ਰਾਜਸੀ ਧਿਰਾਂ ਕੁਰਸੀਆਂ ਦੇ ਪਾਵੇ ਗਿਣਨ ਵਿਚ ਮਸਰੂਫ ਨੇ।
ਪੰਜਾਬ ਸਿੰਹਾਂ! ਇਕ ਗੱਲ ਦੱਸਾਂ, ਕੋਈ ਵੀ ਰਾਜਸੀ ਧਿਰ ਤੇਰੇ ਪ੍ਰਤੀ ਸਮਰਪਿੱਤ ਜਾਂ ਸੰਜੀਦਾ ਨਹੀਂ। ਅੰਦਰਖਾਤੇ ਉਨ੍ਹਾਂ ਦੀ ਰਾਜ ਕਰੇਂਦੀ ਧਿਰ ਨਾਲ ਮੂਕ ਸਹਿਮਤੀ ਏ। ਉਹ ਸਿਰਫ ਲੋਕ-ਦਿਖਾਵੇ ਲਈ ਹੀ ਹੇਜ ਦਿਖਾ ਰਹੇ ਨੇ। ਉਨ੍ਹਾਂ ਦੀਆਂ ਕੂੜ-ਚਾਲਾਂ ਵਿਚ ਲੋਕ-ਰੋਹ ਨੂੰ ਦਬਾਉਣ ਦੀਆਂ ਕੋਝੀਆਂ ਚਾਲਾਂ ਹੁੰਦੀਆਂ ਨੇ। ਉਹ ਲੋਕ-ਸੰਘਰਸ਼ ਵਿਚ ਵੜ ਕੇ, ਇਸ ਨੂੰ ਨਕਾਮ ਕਰਨ ਲਈ ਹਰ ਹਰਬਾ ਵਰਤਦੇ ਨੇ। ਪੰਜਾਬ ਸਿੰਹਾਂ! ਸਭ ਤੋਂ ਜਰੂਰੀ ਹੈ ਇਨ੍ਹਾਂ ਰਾਜਸੀ ਲੋਕਾਂ ਤੋਂ ਵਿੱਥ ਬਣਾਉਣਾ। ਇਨ੍ਹਾਂ ਦੀਆਂ ਕਮੀਨਗੀਆਂ, ਕੁਤਾਹੀਆਂ ਅਤੇ ਕਾਲੇ ਕਾਰਨਾਮਿਆਂ ਨੂੰ ਜੱਗ-ਜਾਹਰ ਕਰਨ ਦੀ ਲੋੜ ਹੈ ਤਾਂ ਕਿ ਲੋਕ ਇਨ੍ਹਾਂ ਦੀਆਂ ਚਾਲਾਂ ਵਿਚ ਆ ਕੇ ਗੁੰਮਰਾਹ ਨਾ ਹੋਣ।
ਪੰਜਾਬ ਸਿੰਹਾਂ! ਰੋਹ ਦੀ ਜਵਾਲਾ ਜਿਹੜੀ ਹੁਣ ਫੁੱਟੀ ਹੈ, ਇਹ ਤਾਂ ਬੜੇ ਚਿਰ ਤੋਂ ਧੁਖਦੀ ਸੀ। ਖੁਦਕੁਸ਼ੀਆਂ ਅਤੇ ਕਰਜੇ. ਦਾ ਦੈਂਤ ਤਾਂ ਕਿਸਾਨਾਂ ਅਤੇ ਗਰੀਬਾਂ ਨੂੰ ਨਿਗਲ ਰਿਹਾ ਸੀ। ਬੈਂਕਾਂ ਵਲੋਂ ਅਸਾਨ ਤਰੀਕੇ ਨਾਲ ਜ਼ਮੀਨ ‘ਤੇ ਦਿਤੇ ਜਾ ਰਹੇ ਕਰਜ਼ਿਆਂ ਦੇ ਜਾਲ ਵਿਚ ਤੂੰ ਅਜਿਹਾ ਫਸ ਗਿਆ ਕਿ ਹੁਣ ਇਹ ਕਰਜ਼ਾ ਹੀ ਤੇਰੇ ਪੈਰਾਂ ਵਿਚਲਾ ਪੈਂਖੜ ਆ, ਜੋ ਤੈਨੂੰ ਨਿਗਲ ਜਾਣ ਲਈ ਕਾਹਲਾ ਏ। ਤੈਨੂੰ ਸਿਆਣਪ ਨਾ ਆਈ ਕਿ ਇਸ ਕਰਜ਼ੇ ਨਾਲ ਉਸਾਰੀਆਂ ਕੋਠੀਆਂ, ਮਹਿੰਗੀਆਂ ਕਾਰਾਂ ਜਾਂ ਵੱਡੇ ਵੱਡੇ ਟਰੈਕਟਰ ਖਰੀਦਣਾ ਦਰਅਸਲ ਮੱਕੜ ਜਾਲ ਹੈ। ਟੁੱਟੀਆਂ ਕਿਸ਼ਤਾਂ ਕਾਰਨ ਤੇਰੀਆਂ ਜ਼ਮੀਨਾਂ ਤਾਂ ਬੈਂਕਾਂ ਨੇ ਹਥਿਆਉਣੀਆਂ ਨੇ। ਫਿਰ ਬੈਂਕਾਂ ਕੋਲੋਂ ਕਾਰਪੋਰੇਟ ਅਦਾਰਿਆਂ ਕੋਲ ਚਲੀਆਂ ਜਾਣੀਆਂ ਨੇ ਅਤੇ ਤੂੰ ਸਿਰਫ ਇਕ ਮੁਜਾਰਾ ਬਣ ਕੇ, ਉਨ੍ਹਾਂ ਲਈ, ਉਨ੍ਹਾਂ ਅਨੁਸਾਰ ਕੰਮ ਕਰਦਾ, ਆਪਣੀ ਜ਼ਮੀਰ ਨੂੰ ਨਿੱਤ ਦਿਨ ਕੋਹਿਆ ਕਰੇਂਗਾ। ਤੂੰ ਕਿੰਨਾ ਅਵੇਸਲਾ ਸੈਂ ਕਿ ਤੇਰੀ ਕਣਕ/ਝੋਨਾ ਤਾਂ ਸਰਕਾਰ ਨਿਗੂਣੇ ਰੇਟ ‘ਤੇ ਖਰੀਦਦੀ ਰਹੀ (ਜਿਹੜੀ ਹੁਣ ਖਰਦੀਣੀ ਬੰਦ ਕਰ ਦੇਣੀ ਏ), ਪਰ ਤੇਰੇ ਖੇਤੀ ਦੇ ਸੰਦ, ਬੀਜ, ਕੀਟਨਾਸ਼ਕ ਦਵਾਈਆਂ ਦੇ ਰੇਟ ਤਾਂ ਵਪਾਰਕ ਅਦਾਰੇ ਨਿਸ਼ਚਿਤ ਕਰਦੇ ਰਹੇ। ਬਹੁਤੀ ਵਾਰ ਨਕਲੀ ਬੀਜਾਂ ਜਾਂ ਦਵਾਈਆਂ ਨਾਲ ਸਰਕਾਰੀ ਅਫਸਰ ਅਤੇ ਰਾਜਨੀਤਕ ਲੋਕ ਤਜੋਰੀਆਂ ਵੀ ਭਰਦੇ ਰਹੇ। ਮੌਜੂਦਾ ਵਿਰੋਧ, ਕਿਸਾਨ ਦੀ ਹੋਂਦ ਦਾ ਸਵਾਲ ਹੈ। ਉਸ ਦੀ ਮਾਂ ਵਰਗੀ ਜ਼ਮੀਨ ਦੀ ਆਬਰੂ ਦਾ ਪ੍ਰਸ਼ਨ ਹੈ। ਉਸ ਦੀ ਅਣਖ ਅਤੇ ਕਿਰਤ ਲਈ ਵੰਗਾਰ ਹੈ। ਇਸ ਵੰਗਾਰ ਨੂੰ ਪੰਜਾਬੀਆਂ ਨੇ ਕਿਸ ਰੂਪ ਵਿਚ ਲੈਣਾ, ਇਸ ਨੇ ਹੀ ਤੈਅ ਕਰਨਾ ਏ ਕਿ ਕੀ ਪੰਜਾਬ ਨੇ ਜਿਉਂਦੇ ਰਹਿਣਾ ਏ ਜਾਂ ਰਾਜਸੀ ਲੋਭ ਹੇਠ ਗਿਰਵੀ ਹੋ ਕੇ, ਤਿੱਲ ਤਿੱਲ ਮਰਨਾ ਏ?
ਪੰਜਾਬ ਸਿੰਹਾਂ! ਤੇਰੀ ਹੋਂਦ ਤੇ ਹਸਤੀ ਦਾ ਪ੍ਰਸ਼ਨ ਹੁਣ ਹਰ ਪੰਜਾਬੀ ਦੀ ਜੁਬਾਨ ‘ਤੇ ਹੈ। ਉਹ ਇਸ ਨੂੰ ਪੰਜਾਬੀਅਤ ‘ਤੇ ਪਿਆ ਡਾਕਾ ਸਮਝ ਕੇ, ਇਕਜੁੱਟਤਾ ਵਿਚੋਂ ਹੀ ਕੁਝ ਕਰਨ ਅਤੇ ਮਰਨ ਦੀ ਭਾਵਨਾ ਲੈ ਕੇ ਮੈਦਾਨ ਵਿਚ ਉਤਰੇ ਨੇ। ਅਜਿਹੇ ਮੌਕੇ ‘ਤੇ ਚਿੰਤਾ ਤੋਂ ਚਿੰਤਨ ਤੀਕ ਦਾ ਸਫਰ ਕਰਨ ਦੀ ਲੋੜ ਹੈ, ਕਿਉਂਕਿ ਭਵਿੱਖਮੁਖੀ ਸੋਚ, ਸਮਝ ਅਤੇ ਸਰੋਕਾਰਾਂ ਦੀ ਸਮੁੱਚਤਾ ਹੀ ਭਵਿੱਖ ਨੂੰ ਨਿਰਧਾਰਤ ਕਰਦੀ ਏ। ਅਜਿਹੇ ਮਾਰਗ ਦਰਸ਼ਨ ਲਈ ਸਚਿਆਰੀ ਅਤੇ ਸਵਾਰਥਹੀਣ ਅਗਵਾਈ ਦੀ ਲੋੜ ਹੈ, ਜੋ ਸਿਰਫ ਤੂੰ ਹੀ ਦੇ ਸਕਦਾ ਏਂ।
ਪੰਜਾਬ ਸਿੰਹਾਂ! ਦੁੱਖ ਤਾਂ ਬਹੁਤ ਨੇ! ਕੀ ਕੀ ਗਿਣਾਵਾਂ? ਤੇਰੇ ਪਰਦੇਸੀ ਪੁੱਤ ਅਕਸਰ ਗੇੜਾ ਮਾਰਦੇ ਸਨ ਅਤੇ ਤੇਰੀ ਸਾਰ ਜਰੂਰ ਲੈਂਦੇ ਸਨ, ਪਰ ਉਨ੍ਹਾਂ ਦੀਆਂ ਜਾਇਦਾਦਾਂ ਤੇ ਕਬਜ਼ੇ, ਉਨ੍ਹਾਂ ਦੀਆਂ ਕੋਠੀਆਂ ਨੂੰ ਗੈਰ-ਕਾਨੂੰਨੀ ਹਥਿਆਉਣਾ, ਡਰਾਉਣਾ, ਧਮਕਾਉਣਾ ਅਤੇ ਜ਼ਲੀਲ ਕਰਨਾ, ਜਦ ਉਨ੍ਹਾਂ ਦੇ ਆਪਣਿਆਂ ਦਾ ਕਿਰਦਾਰ ਬਣ ਜਾਵੇ ਤਾਂ ਪਰਦੇਸੀ ਮਨ ਵੀ ਉਚਾਟ ਹੋ ਜਾਂਦਾ। ਕਰੋਨਾ ਦੌਰਾਨ ਸਮੁੱਚੇ ਪੰਜਾਬੀ ਪਰਵਾਸੀਆਂ ਨੂੰ ਕਸੂਰਵਾਰ ਠਹਿਰਾ ਕੇ, ਉਨ੍ਹਾਂ ਨੂੰ ਮਾਨਸਿਕ ਤੌਰ ‘ਤੇ ਜ਼ਲੀਲ ਕਰਨਾ ਅਤੇ ਰੋਟੀ-ਪਾਣੀ ਬੰਦ ਕਰਨ ਤੀਕ ਦੀ ਜਦ ਨੌਬਤ ਆ ਜਾਵੇ ਤਾਂ ਤੇਰੇ ਪਰਵਾਸੀ ਪੁੱਤ ਬਹੁਤ ਹੀ ਹਤਾਸ਼ ਹੋ ਗਏ। ਕਿਸੇ ਨੇ ਉਨ੍ਹਾਂ ਵਲੋਂ ਪਿੰਡਾਂ ਦੀ ਤਰੱਕੀ ਲਈ ਕੀਤੇ ਉਪਰਾਲੇ, ਲਾਏ ਮੈਡੀਕਲ ਕੈਂਪ, ਗਰੀਬ ਧੀਆਂ ਦੇ ਵਿਆਹ, ਖੇਡ ਮੇਲੇ ਜਾਂ ਉਨ੍ਹਾਂ ਵਲੋਂ ਅਸਿੱਧੇ ਰੂਪ ਵਿਚ ਪੰਜਾਬ ਦੇ ਵਿਕਾਸ ਪਾਏ ਯੋਗਦਾਨ ਦਾ ਕਿਸੇ ਨੂੰ ਖਿਆਲ ਹੀ ਨਾ ਆਇਆ। ਸੂਖਮ ਰੂਪ ਵਿਚ ਅਜਿਹੇ ਵਰਤਾਰੇ ਲਈ ਸਰਕਾਰੀ ਧਿਰ ਦੀ ਮੂਕ ਸਹਿਮਤੀ ਵੀ ਸੀ। ਪਰਵਾਸੀਆਂ ਦੇ ਪੰਜਾਬ ਵਿਚ ਨਾ ਆਉਣ ਕਾਰਨ, ਤੈਨੂੰ ਹੋਣ ਵਾਲੇ ਆਰਥਕ ਨੁਕਸਾਨ ਦਾ ਅੰਦਾਜ਼ਾ ਕੋਈ ਅਰਥ-ਸ਼ਾਸ਼ਤਰੀ ਲਾਵੇ ਤਾਂ ਸਹਿਜੇ ਹੀ ਅਹਿਸਾਸ ਹੋ ਜਾਵੇਗਾ ਕਿ ਪੰਜਾਬ ਦੀ ਖੁਸ਼ਹਾਲੀ ਵਿਚ ਪਰਵਾਸੀਆਂ ਦਾ ਕਿੰਨਾ ਵੱਡਾ ਯੋਗਦਾਨ ਹੈ!
ਪੰਜਾਬ ਸਿੰਹਾਂ! ਜੇ ਮੌਜੂਦਾ ਮਾਰੂ ਰੁਝਾਨ ਨੂੰ ਠੱਲ੍ਹ ਨਾ ਪਾਈ ਗਈ ਤਾਂ ਸਿਰਫ ਕਿਰਸਾਨ ਹੀ ਨਹੀਂ ਮਰਨੇ, ਸਗੋਂ ਖੇਤੀ ਮਜਦੂਰਾਂ ਦੇ ਚੁੱਲੇ ਵੀ ਠੰਢੇ ਹੋ ਜਾਣਗੇ। ਆੜਤੀਆਂ ਦੀਆਂ ਵਹੀ ਖਾਤਿਆਂ ਨੂੰ ਕਿਸੇ ਨਹੀਂ ਫਰੋਲਣਾ। ਛੋਟੇ ਦੁਕਾਰਦਾਰ ਆਪਣੀਆਂ ਸਫਾਂ ਲਪੇਟ ਲੈਣਗੇ। ਕੋਲਡ ਸਟੋਰ ਟੁੱਟੀਆਂ ਕਿਸ਼ਤਾਂ ਦਾ ਰੁਦਨ ਬਣ ਜਾਣਗੇ। ਖੇਤੀ ਨਾਲ ਜੁੜੇ ਸਮੁੱਚੇ ਛੋਟੇ-ਵੱਡੇ ਕਾਰੋਬਾਰ ਅਤੇ ਧੰਦੇ ਚੋਪਟ ਹੋ ਜਾਣਗੇ। ਸਿਰਫ ਕੁਝ ਕੁ ਕਾਰਪੋਰੇਟ ਅਦਾਰਿਆਂ ਦੀ ਅਜ਼ਾਰੇਦਾਰੀ ਹੇਠ ਜਿਉਂਦੇ ਲੋਕ ਆਪਣੇ ਸਾਹਾਂ ਦੀ ਖੈਰਾਤ ਵੀ ਇਨ੍ਹਾਂ ਕੋਲੋਂ ਹੀ ਮੰਗਿਆ ਕਰਨਗੇ। ਇਸ ਨਾਲ ਬਦਲ ਜਾਵੇਗਾ ਖੇਤੀ ਦਾ ਰੂਪ, ਲੋਕਾਂ ਦੀਆਂ ਖਾਣ ਪੀਣ ਦੀਆਂ ਆਦਤਾਂ ਅਤੇ ਜੀਵਨ ਵਰਤਾਰਾ, ਕਿਉਂਕਿ ਕਾਰਪੋਰੇਟ ਅਦਾਰਿਆਂ ਦਾ ਮਕਸਦ ਹੀ ਲੋਕ ਰੁਝਾਨ ਨੂੰ ਅਜਿਹਾ ਪ੍ਰਭਾਵਿਤ ਕਰਨਾ ਹੁੰਦਾ, ਜਿਸ ਨਾਲ ਘੱਟ ਤੋਂ ਘੱਟ ਲਾਗਤ ਨਾਲ ਵੱਧ ਤੋਂ ਵੱਧ ਮੁਨਾਫਾ ਕਮਾਇਆ ਜਾ ਸਕੇ। ਅਜਿਹੇ ਵਿਚ ਅਡੰਬਰੀ ਧਰਮ ਦਾ ਕਾਰੋਬਾਰ ਵੀ ਹੋਰ ਵਧੇਰੇ ਚਮਕੇਗਾ, ਕਿਉਂਕਿ ਬਹੁਤ ਅਸਾਨ ਹੁੰਦਾ ਹੈ ਧਾਰਮਿਕ ਰੂਪ ਵਿਚ ਵਰਗਲਾ ਕੇ ਲੋਕ-ਚੇਤਨਾ ਨੂੰ ਮਰਸੀਏ ਵਿਚ ਤਬਦੀਲ ਕਰਨਾ। ਵੈਸੇ ਵੀ ਅੱਜ ਕੱਲ ਧਨਾਢ ਲੋਕ ਹੀ ਧਾਰਮਿਕ ਡੇਰਿਆਂ ‘ਤੇ ਕਾਬਜ਼ ਨੇ, ਕਿਉਂਕਿ ਉਨ੍ਹਾਂ ਦੀ ਕਮਾਈ ਦਾ ਸਭ ਤੋਂ ਸੌਖਾ ਸਾਧਨ ਹੈ ਲੋਕਾਂ ਦੀ ਅੰਨੀ ਸ਼ਰਧਾ ਅਤੇ ਇਸ ਨੂੰ ਆਪਣੇ ਹਿੱਤ ਲਈ ਵਰਤਣ ਦੀ ਚਲਾਕੀ।
ਪੰਜਾਬ ਸਿੰਹਾਂ! ਤੇਰੀ ਜਵਾਨੀ ਕੁਝ ਤਾਂ ਡੇਰਿਆਂ ਦੀ ਭਗਤ ਬਣ ਗਈ, ਕੁਝ ਨਸ਼ਿਆਂ ਵਿਚ ਗਰਕ ਗਈ ਤੇ ਕੁਝ ਵਿਦੇਸ਼ ਨੂੰ ਉਡਾਣ ਭਰ ਗਈ। ਕੁਝ ਗੈਂਗ ਬਣਾ ਕੇ ਰਾਜਸੀ ਧਿਰਾਂ ਦੀ ਰਖੇਲ ਬਣ ਗਏ, ਕੁਝ ਰਾਜਸੀ ਰੋਟੀਆਂ ਸੇਕਣ ਲਈ ਆਪਣੀ ਸੋਚ ਅਤੇ ਜ਼ਹਿਨੀਅਤ ਨੂੰ ਗਿਰਵੀ ਰੱਖ ਗਏ। ਕਲਮਾਂ ਤਾਂ ਰਾਜਸੀ ਲੋਕਾਂ ਦੇ ਕਸੀਦੇ ਗਾਉਣ ਲੱਗ ਪਈਆਂ। ਚਿੰਤਕ ਖਾਮੋਸ਼ ਹੋ ਗਏ ਅਤੇ ਸੁਚੱਜੀ ਅਗਵਾਈ ਦੀ ਅਣਹੋਂਦ ਵਿਚ ਬੌਂਦਲਿਆਂ ਹਾਰ ਫਿਰ ਰਿਹਾ ਏ ਪੰਜਾਬੀ। ਹੁਣ ਤਾਂ ‘ਏਨਿਆਂ ‘ਚੋਂ ਉਠੋ ਸੂਰਮਾ’ ਵਾਲੀ ਹੀ ਗੱਲ ਹੋਣੀ ਆ। ਤੂੰ ਬਹੁਤ ਵਾਰ ਮਧੋਲਿਆ, ਲਿਤਾੜਿਆ ਤੇ ਮਸਲਿਆ ਗਿਆ, ਪਰ ਜਦ ਤੂੰ ਜਾਗਦਾ ਏਂ ਤਾਂ ਤੇਰੀ ਲਲਕਾਰ ਸਾਹਵੇਂ ਥਿਰ ਨਹੀਂ ਰਹਿੰਦੀਆਂ ਰੋਕਾਂ ਅਤੇ ਆਖਰ ਤੂੰ ਆਪਣੀ ਦਿੱਖ, ਦਮਦਾਰੀ ਅਤੇ ਅਨੂਠੇ ਰੂਪ ਵਿਚ ਹਾਜ਼ਰ-ਨਾਜ਼ਰ ਹੁੰਦਾ ਏਂ।
ਪੰਜਾਬ ਸਿੰਹਾਂ! ਹੁਣ ਉਠਿਆ ਏ ਤਾਂ ਕੰਨ ਅਤੇ ਅੱਖਾਂ ਖੁੱਲ੍ਹੀਆਂ ਰੱਖੀਂ। ਚਾਲਾਂ-ਕੁਚਾਲਾਂ ਨੂੰ ਸਮਝਣ ਦੀ ਸੋਝੀ ਅਤੇ ਸਮਰੱਥਾ ਨੂੰ ਆਪਣਾ ਹਾਸਲ ਬਣਾਵੀਂ। ਆਪਣੇ ਹਰ ਕਦਮ ਨੂੰ ਪੱਕੇ ਪੈਰੀਂ ਟਿਕਾਈਂ ਅਤੇ ਥਿੜਕੀਂ ਨਾ। ਰਾਜਸੀ ਲੋਕ ਬਹੁਤ ਸ਼ਾਤਰ ਹੁੰਦੇ ਅਤੇ ਉਹ ਲੂੰਬੜ ਚਾਲਾਂ ਰਾਹੀਂ ਕੁਝ ਵੀ ਕਰਵਾ ਸਕਦੇ ਅਤੇ ਤੇਰੇ ਨਾਮ ਲਾ ਸਕਦੇ ਨੇ। ਵੀਰਿਆ! ਸੁਚੇਤ ਰਹੀਂ। ਫਿਰ ਤੇਰੇ ਰਾਹਾਂ ਵਿਚ ਜਿੱਤਾਂ ਹੀ ਨਤਮਸਤਕ ਹੋਣਗੀਆਂ।