ਨੌਂ ਬੰਦਿਆਂ ਦੀ ਤਲਾਸ਼

ਅਵਤਾਰ ਗੋਂਦਾਰਾ
ਫੋਨ: 559-375-2589
ਜਦੋਂ ਵੀ ਪੰਜਾਬੀ ਲੇਖਕ ਜਾਂ ਕਵੀ ਇਕੱਠੇ ਹੋਣ ਤਾਂ ਪੰਜਾਬੀ ਭਾਸ਼ਾ ਜਾਂ ਪੰਜਾਬੀ ਸਾਹਿਤ ਦੇ ਪਾਠਕਾਂ ਦੀ ਨਿਰੰਤਰ ਸੁੰਗੜ ਰਹੀ ਗਿਣਤੀ ਬਾਰੇ ਅਕਸਰ ਚਰਚਾ ਹੁੰਦੀ ਹੈ। ਪੰਜਾਬੀ ਦੇ ਬਹੁਤੇ ਪਾਠਕ, ਖੁਦ ਲੇਖਕ ਹੀ ਹੁੰਦੇ ਹਨ। ਆਮ ਤੌਰ ‘ਤੇ ਪਾਠਕ ਹੋਣ ਲਈ, ਉਸ ਦਾ ਲੇਖਕ ਹੋਣਾ ਪੂਰਵ-ਸ਼ਰਤ ਹੈ। ਉਂਜ ਪੰਜਾਬੀਆਂ ‘ਚ ਪੜ੍ਹਨ ਨਾਲੋਂ, ਸੁਣਨ ਦਾ ਰੁਝਾਨ ਵਧੇਰੇ ਹੈ। ਆਮ ਦੇਖਣ ‘ਚ ਆਉਂਦੈ, ਪੰਜਾਬੀ ਪੜ੍ਹੇ-ਲਿਖੇ ਸਿੱਖ ਵੀ, ਆਪ ਪੜ੍ਹਨ ਨਾਲੋਂ, ਪਾਠੀ ਦੁਆਰਾ ਕੀਤੇ ਪਾਠ ਨੂੰ ਵੱਧ ਤਰਜੀਹ ਦਿੰਦੇ ਹਨ। ਇਹ ਆਮ ਜਿਹੀ ਗੱਲ ਹੈ ਕਿ ਘਰਾਂ ਵਿਚ ਕਥਾ ਜਾਂ ਬਾਣੀ ਦੀਆਂ ਕੈਸੇਟਾਂ ਲਾਈਆਂ ਹੁੰਦੀਆਂ ਹਨ ਤੇ ਨਾਲ ਨਾਲ ਘਰ ਦਾ ਕੰਮ ਧੰਦਾ ਵੀ ਹੋ ਰਿਹਾ ਹੁੰਦਾ ਹੈ। ਜਦੋਂ ਕਿ ਪਾਠ ਸੁਣਨ ਵਾਲੀ ਨਹੀਂ, ਪੜ੍ਹਨ ਤੇ ਵਿਚਾਰਨ ਵਾਲੀ ਗੱਲ ਹੈ। ਨਿਰਸੰਦੇਹ ਸੁਣਨ ਨਾਲੋਂ, ਪੜ੍ਹਨਾ ਤੇ ਵਿਚਾਰਨਾ ਔਖਾ ਕਾਰਜ ਹੈ। ਆਪਾਂ ਸਭ ਨੂੰ ਪਤਾ ਹੈ ਕਿ ਸਾਡਾ ਮਨ ਸੌਖ ਵੱਲ ਅਹੁਲਦਾ ਹੈ।

‘ਕੇਰਾਂ ਚੜ੍ਹਦੇ ਪੰਜਾਬ ਦੇ ਸ਼ਹਿਰ ਫਰੀਦਕੋਟ, ਬਾਬਾ ਫਰੀਦ ਦੇ ਮੇਲੇ ‘ਤੇ ਮੁਸ਼ਾਇਰਾ ਹੋ ਰਿਹਾ ਸੀ। ਪੰਡਾਲ ਸਰੋਤਿਆਂ ਨਾਲ ਖਚਾ-ਖਚ ਭਰਿਆ ਹੋਇਆ ਸੀ। ਕਵੀ ਸੱਜਣ ਆਪੋ ਆਪਣਾ ਕਲਾਮ ਸੁਣਾ ਕੇ ਆ-ਜਾ ਰਹੇ ਸਨ। ਪੰਡਾਲ ਵਿਚ ਚੁੱਪ ਚਾਂ ਸੀ। ਇੱਕ ਕਵੀ ਨੂੰ ਇਹ ਚੁੱਪ ਅੱਖਰ ਰਹੀ ਸੀ। ਸਰੋਤਿਆਂ ਨੂੰ ਸੰਬੋਧਨ ਹੁੰਦਿਆਂ ਉਸ ਨੇ ਕਿਹਾ, “ਭਾਈ ਜੇ ਕਵਿਤਾ ਜਾਂ ਸ਼ਿਅਰ ਚੰਗਾ ਲੱਗੇ ਤਾਂ ਦਾਦ ਜਰੂਰ ਦਿਆ ਕਰੋ, ਇਸ ਨਾਲ ਕਵੀਆਂ ਦਾ ਹੌਸਲਾ ਵਧਦਾ ਹੈ।” ਪਰ ਉੁਸ ਦੀ ਬੇਨਤੀ ਨੂੰ ਕਿਸੇ ਨੇ ਬਹੁਤਾ ਨਾ ਗੌਲਿਆ। ਸਰੋਤੇ ਉਵੇਂ ਹੀ ਨਿੱਠ ਕੇ ਬੈਠੇ ਰਹੇ। ਹਾਂ ਕਦੇ ਕਦੇ ਕਿਸੇ ਬੱਚੇ ਦੇ ਰੋਣ ਦੀ ਅਵਾਜ਼ ਜਰੂਰ ਆਉਂਦੀ ਸੀ।
ਇੰਨੇ ਨੂੰ ਪ੍ਰਧਾਨਗੀ ਕਰ ਰਹੇ, ਪੰਜਾਬੀ ਦੇ ਪ੍ਰਸਿੱਧ ਸ਼ਾਇਰ ਸੁਰਜੀਤ ਪਾਤਰ ਦੀ ਵਾਰੀ ਆਈ। ਉਨ੍ਹਾਂ ਨੂੰ ਦਾਦ ਲਈ ਕਹਿ ਕੇ ਗਏ ਸ਼ਾਇਰ ਦੀ ਪੀੜ ਦਾ ਪਾਸ ਸੀ। ਸਰੋਤਿਆਂ ਦਾ ਪੱਖ ਰਖਦਿਆਂ, ਉਸ ਨੇ ਕਿਹਾ ਕਿ ਪੰਜਾਬੀਆਂ ਵਿਚ ਕਥਾ ਜਾਂ ਕੀਰਤਨ ਸੁਣਨ ਦੀ ਪਰੰਪਰਾ ਹੈ। ਕੀਰਤਨ ਚੁੱਪ ਕਰਕੇ, ਲਿਵ ਲਾ ਕੇ ਹੀ ਸੁਣਿਆ ਜਾ ਸਕਦਾ ਹੈ। ਇਸ ਲਈ ਜਦੋਂ ਪੰਜਾਬੀ ਸਰੋਤਾ ਸ਼ਾਇਰੀ ਵੀ ਸੁਣਦਾ ਹੈ ਤਾਂ ਸ਼ਾਂਤ-ਚਿੱਤ ਹੀ ਰਹਿੰਦਾ ਹੈ। ਸੋ, ਜੇ ਦਾਦ ਨਹੀਂ ਵੀ ਮਿਲਦੀ ਤਾਂ ਸ਼ਾਇਰਾਂ ਨੂੰ ਗਿਲ੍ਹਾ ਨਹੀਂ ਕਰਨਾ ਚਾਹੀਦਾ। ਉਸ ਦੀ ਚੁੱਪ ਨੂੰ ਹੀ ਦਾਦ ਸਮਝਣਾ ਚਾਹੀਦਾ ਹੈ। ਪੰਡਾਲ ਵਿਚ ਦੱਬੇ ਜਿਹੇ ਸੁਰ ‘ਚ ਹਾਸੀ ਖਿਲਰ ਗਈ। ਕਈ ਘੰਟੇ ਚੱਲੇ, ਮੁਸ਼ਾਇਰੇ ਵਿਚ ਸਰੋਤਿਆਂ ਦੀ ਦਾਦ ਦਾ ਇਹ ਪਹਿਲਾ ਇਜ਼ਹਾਰ ਸੀ। ਹੁਣ ਜਿਹੜੇ ਸਰੋਤੇ ਦਾਦ ਦੇਣ ਵਿਚ ਵੀ ਇੰਨੀ ਕਿਰਸ ਕਰਦੇ ਹੋਣ, ਉਨ੍ਹਾਂ ਤੋਂ ਸਾਹਿਤ ਦੀਆਂ ਕਿਤਾਬਾਂ ਖਰੀਦਣ ਵਿਚ ਖੁੱਲ੍ਹ-ਦਿਲੀ ਦੀ ਆਸ ਕਰਨੀ, ਉਨ੍ਹਾਂ ਨਾਲ ਸਰਾਸਰ ਧੱਕਾ ਹੈ।
ਇੱਕ ਵਾਰ ਕੈਲੀਫੋਰਨੀਆ ਵਿਖੇ ਕਵੀ ਹਰਜਿੰਦਰ ਕੰਗ ਦੇ ਸੇਲਮਾ ਸਥਿਤ ਗ੍ਰਹਿ ਵਿਖੇ ਕੁਝ ਲੇਖਕਾਂ ਦੇ ਇਕੱਠੇ ਹੋਣ ਦਾ ਸਬੱਬ ਬਣਿਆ। ਉਭਰਦੇ ਸ਼ਾਇਰ ਸੁੱਖੀ ਧਾਲੀਵਾਲ ਦੀ ਉਡੀਕ ਹੋ ਰਹੀ ਸੀ। ਉਹ ਕਿੱਧਰੇ ਅੱਧਵਾਟੇ ਹੀ ਫਸ ਗਿਆ ਸੀ। ਉਡੀਕ ਦੀ ਬੋਝਲਤਾ ਨੂੰ ਹਲਕਾ ਕਰਨ ਲਈ ਹਰਜਿੰਦਰ ਕੰਗ ਨੇ ਪੰਜਾਬੀ ਸਾਹਿਤ, ਪੰਜਾਬੀ ਪਾਠਕਾਂ ਦੀ ਸੁੰਗੜ ਰਹੀ ਗਿਣਤੀ ਦੇ ਮੁੱਦੇ ਦੀ ਗੇਂਦ, ਹਾਜ਼ਰ ਸਾਹਿਤਕਾਰਾਂ ਵਿਚਾਲੇ ਸਿੱਟ ਦਿੱਤੀ। ਇੰਡੀਆ ਤੋਂ ਗਜ਼ਲਗੋ ਸੁਰਜੀਤ ਜੱਜ ਵੀ ਆਇਆ ਹੋਇਆ ਸੀ ਤੇ ਬੇ-ਏਰੀਏ ਦਾ ਕਵੀ ਕੁਲਵਿੰਦਰ ਵੀ ਹਾਜ਼ਰ ਸੀ। ਵਿਗਿਆਨੀ ਤੇ ਕਵੀ ਗੁਰੂਮੇਲ ਸਿੱਧੂ ਦੇ ਆਲੇ-ਦੁਆਲੇ ਮੈਂ, ਸੰਤੋਖ ਮਿਨਹਾਸ, ਕਹਾਣੀਕਾਰ ਕਰਮ ਮਾਨ ਤੇ ਹੋਰ ਸਾਹਿਤਕ ਪ੍ਰੇਮੀ ਬੈਠੇ ਸਾਂ।
ਜੱਜ ਕਹਿੰਦਾ ਕਿ ਕੰਗ ਦੀ ਗੱਲ ਪੂਰੀ ਠੀਕ ਨਹੀਂ। ਜੇ ਕਿਤਾਬਾਂ ਵਿਕਦੀਆਂ ਨਾ ਹੋਣ ਤਾਂ ਕੋਟਕਪੂਰੇ ਵਾਲਾ ਸ਼ਤੀਸ਼ ਗੁਲਾਟੀ ਪੰਜਾਬੀ ਭਵਨ, ਲੁਧਿਆਣੇ ਵਿਖੇ ਏਡਾ ਵੱਡਾ ਕਿਤਾਬਾਂ ਦਾ ਸ਼ੋਅ ਰੂਮ ਨਹੀਂ ਸੀ ਖੋਲ੍ਹ ਸਕਦਾ। ਆਖਰ ਉਸ ਦਾ ਖਰਚਾ ਵੀ ਨਿਕਲਦਾ ਹੋਊ; ਪਰ ਕੰਗ ਹਥਿਆਰ ਸੁੱਟਣ ਲਈ ਤਿਆਰ ਨਹੀਂ ਸੀ। ਉਸ ਨੇ ਕਿਹਾ ਕੀ ਕਿਸੇ ਚੀਜ਼ ਦੀ ਵਿਕਰੀ ਹੀ ਇਸ ਗੱਲ ਦੀ ਸੂਚਕ ਨਹੀਂ ਕਿ ਉਹ ਵਧੀਆ ਹੈ? ਇਹ ਗੱਲ ਸਾਹਿਤ ਵਿਚ ਲੋਕਾਂ ਦੀ ਰੁਚੀ ਨੂੰ ਰੇਖਾਂਕਿਤ ਨਹੀਂ ਕਰਦੀ। ਹਲਕੀਆਂ ਕੈਸੇਟਾਂ ਵੱਧ ਵਿਕਦੀਆਂ ਹਨ। ਜੇ ਗੁਲਾਮ ਅਲੀ ਵਿਕਦਾ ਵੀ ਹੈ ਤਾਂ ਉਹ ਉਨ੍ਹਾਂ ਦਾ ਮੁਕਾਬਲਾ ਨਹੀਂ ਕਰ ਸਕਦਾ।
ਮੇਰਾ ਕਹਿਣਾ ਸੀ ਕਿ ਪੰਜਾਬੀ ਪਾਠਕ ਹੁਣ ਕਵਿਤਾ ਜਾਂ ਗਲਪ ਦੀ ਥਾਂ ਸਮਾਜਕ ਸਰੋਕਾਰਾਂ ਵਾਲੇ ਸਾਹਿਤ ਨੂੰ ਪੜ੍ਹਨਾ ਚਾਹੁੰਦਾ ਹੈ। ਇਸ ਬਾਰੇ ਛਪੇ ਸਾਹਿਤ ਨੂੰ ਪਾਠਕਾਂ ਦੀ ਕੋਈ ਘਾਟ ਨਹੀਂ। ਸਾਹਿਤ ਨੂੰ ਸਿਰਫ ਕਵਿਤਾ, ਕਹਾਣੀ ਤੱਕ ਸੀਮਤ ਨਾ ਕੀਤਾ ਜਾਵੇ; ਪਰ ਜੱਜ ਹਾਲੇ ਵੀ ਗੇਂਦ ਨੂੰ ਸਿੱਟਣ ਨਹੀਂ ਸੀ ਦੇ ਰਿਹਾ। ਉਸ ਨੇ ਕਿਹਾ, ਇਹ ਰੁਝਾਨ ਸਿਰਫ ਮਾਲਵੇ ‘ਚ ਹੈ, ਦੁਆਬੇ ਤੇ ਮਾਝੇ ‘ਚ ਨਹੀਂ। ਦੁਆਬੀਆ ਸਾਹਿਤ ਦੀ ਕੋਈ ਕਿਤਾਬ ਨਹੀਂ ਪੜ੍ਹਦਾ। ਪਹਿਲਾਂ ਇਹ ਖਿਤਾ ਸਭ ਤੋਂ ਵਧ ਪੜ੍ਹਨ-ਪੜ੍ਹਾਉਣ ਵਾਲੀ ਬੈਲਟ ਸੀ। ਮੈਂ ਉਥੇ ਦੋ ਦਹਾਕਿਆਂ ਤੋਂ ਪੜ੍ਹਾ ਰਿਹਾ ਹਾਂ, ਮੈਨੂੰ ਪਤੈ, ਉਹ ਕੀ ਕਰਦੇ ਹਨ?
ਜੱਜ ਨੇ ਇਕ ਵਿਚਾਰ-ਉਤੇਜਿਕ ਨੁਕਤਾ ਰੱਖਿਆ। ਅੱਜ ਦਾ ਬੁੱਧੀਜੀਵੀ ਤੇ ਸਾਹਿਤਕਾਰ ਸਮਾਜ ਨੂੰ ਸੇਧ ਦੇਣ ਜਾਂ ਉਸ ਦੀ ਸਮਝ ਬਣਾਉਣ ‘ਚ ਕੋਈ ਰੋਲ ਨਹੀਂ ਨਿਭਾ ਰਿਹਾ। ਸਰਕਾਰ ਨੇ ਉੁਨ੍ਹਾਂ ਨੂੰ ਏਨੀਆਂ ਤਨਖਾਹਾਂ ਦਿੱਤੀਆਂ ਹਨ ਕਿ ਉਹ ਹੇਠਾਂ ਵੱਲ ਝਾਕਣਾ ਹਟ ਗਏ ਹਨ। ਉਹ ਪੜ੍ਹਨ-ਪੜ੍ਹਾਉਣ ਦੀਆਂ ਗੱਲਾਂ ਕਰਨ ਦੀ ਥਾਂ ਕਾਰਾਂ ਦੀਆਂ, ਉਨ੍ਹਾਂ ਦੇ ਮਾਡਲਾਂ ਦੀਆਂ, ਕੁੱਤਿਆਂ ਦੀਆਂ, ਸ਼ਿਅਰ ਮਾਰਕਿਟ, ਪਲਾਟ ਖਰੀਦਣ ਦੀਆਂ ਗੱਲਾਂ ਵੱਧ ਕਰਦੇ ਹਨ। ਉਹ ਮੈਗਜ਼ੀਨ ਤੱਕ ਨਹੀਂ ਖਰੀਦਦੇ। ਫਿਰ ਆਮ ਪੰਜਾਬੀ ਪਾਠਕ ਤੋਂ ਤੁਸੀਂ ਕੀ ਆਸ ਕਰਦੇ ਹੋ? ਇਹ ਲੇਖਕ ਹੀ ਹਨ, ਜੋ ਲਿਖਣ-ਲਿਖਾਉਣ ਦੇ ਇਨ੍ਹਾਂ ਧੰਦਿਆਂ ‘ਚ ਫਸੇ ਹੋਏ ਆ, ਨਾਲੇ ਘਰਦਿਆਂ ਤੋਂ ਦੁਰ-ਅਸੀਸਾਂ ਲੈਂਦੇ ਆ।
ਸੰਤੋਖ ਮਿਨਹਾਸ ਨੇ ਜੱਜ ਦੀ ਗੱਲ ਨੂੰ ਹੋਰ ਵਧਾਇਆ। ਉਹ ਕਹਿੰਦਾ, ਤੁਸੀਂ ਚੰਗੇ ਮੁੱਲਾਂ ਦੀ, ਸਾਹਿਤ ਦੀ ਗੱਲ ਕਰਦੇ ਹੋ, ਪਰ ਇਨ੍ਹਾਂ ਦੀ ਲੋੜ ਹੈ ਕਿਸ ਨੂੰ? ਸਾਡਾ ਪੂਜਨੀਕ ਬਾਬਾ ਫਰੀਦ ਹੈ, ਜੋ ਸੰਜਮ ਦੀ, ਸਾਦਗੀ ਦੀ ਗੱਲ ਕਰਦਾ ਹੈ। ਅਸੀਂ ਉਸ ਦੀ ਬਾਣੀ ਨਿੱਤ ਸੁਣਦੇ ਹਾਂ, ਸਿਰ ਝੁਕਾਉਂਦੇ ਹਾਂ; ਪਰ ਉਸ ਨੂੰ ਮੱਥਾ ਟੇਕਣ ਵਾਲਿਆਂ ਦੇ ਘਰ ਜਾ ਕੇ ਦੇਖੋ, ਮਹਿੰਗਆਂ ਤੋਂ ਮਹਿੰਗੀਆਂ ਚੀਜ਼ਾਂ ਨਾਲ ਤੂੜੇ ਪਏ ਆ। ਘਰਾਂ ‘ਚ ਸਾਹਿਤ ਦੀ ਗੱਲ ਨਹੀਂ ਹੁੰਦੀ। ਘਰੇ ਕਿਤਾਬ ਤਾਂ ਕੀ, ਪੰਜਾਬੀ ਦਾ ਮੈਗਜ਼ੀਨ ਨਹੀਂ ਹੁੰਦਾ। ਸਰਦੇ ਪੁਜਦੇ ਪੰਜਾਬੀਆਂ ਦੇ ਘਰਾਂ ‘ਚ ਚਰਚਾ ਹੁੰਦੀ ਹੈ ਕਿ ਕਿਹੜੀ ਕਾਰ ਖਰੀਦਣੀ ਹੈ? ਕਾਰਾਂ ਦੀਆਂ ਕਿੰਨੀਆਂ ਕਿਸਮਾਂ ਹਨ? ਇਕ ਕੰਪਨੀ ਨੇ ਕਿੰਨੇ ਮਾਡਲ ਬਣਾਏ ਹਨ? ਆਮ ਵਿਆਹਾਂ ਜਿੰਨਾ ਖਰਚਾ ਉਹ ਆਵਦੇ ਜੁਆਕ ਦੇ ਜਨਮ ‘ਤੇ ਕਰ ਦਿੰਦੇ ਹਨ।
ਚੁੱਪ ਕਰਕੇ ਸੁਣ ਰਿਹਾ ਕਹਾਣੀਕਾਰ ਕਰਮ ਮਾਨ ਬੋਲਿਆ, “ਤੁਸੀਂ ਦੁਜਿਆਂ ਨੂੰ ਤਾਂ ਕਹੀ ਜਾਂਦੇ ਹੋ, ਆਵਦੀ ਪੀੜ੍ਹੀ ਹੇਠ ਸੋਟਾ ਵੀ ਮਾਰੋ। ਬਹੁਤੇ ਪੰਜਾਬੀ ਲੇਖਕਾਂ ਦੇ ਬੱਚੇ ਤਾਂ ਅੰਗਰੇਜ਼ੀ ਸਕੂਲਾਂ ਵਿਚ ਪੜ੍ਹਦੇ ਆ। ਜੇ ਉਹ ਹੀ ਪੰਜਾਬੀ ਤੋਂ ਬੇਮੁੱਖ ਹੋ ਰਹੇ ਹਨ ਤਾਂ ਸਾਧਾਰਨ ਪੰਜਾਬੀ ਤੋਂ ਕੀ ਆਸ ਰੱਖਦੇ ਹੋ?” ਹਾਸੇ ਠੱਠੇ ਵਿਚ ਚਰਚਾ ਚਲਦੀ ਰਹੀ।
ਏਨੇ ਨੂੰ ਸੁੱਖੀ ਧਾਲੀਵਾਲ ਤੇ ਹੋਰ ਕਵੀ ਵੀ ਆ ਗਏ। ਚਰਚਾ ਦੇ ਖਿਲਾਰੇ ਨੂੰ ਸਮੇਟਦਿਆਂ ਕੰਗ ਨੇ ਰੌਚਕ ਕਥਾ ਸੁਣਾਈ, ਕਹਿੰਦਾ, “ਮੈਂ, ਡਾ. ਗੁਰੂਮੇਲ ਕੋਲ ਤਜਵੀਜ ਰੱਖੀ ਸੀ ਕਿ 9-10 ਕਵੀ ਬੁਲਾਏ ਜਾਣ ਤੇ ਉਨ੍ਹਾਂ ਦੀ ਕਵਿਤਾ ਸੁਣੀ ਜਾਵੇ। ਹੁੰਦਾ ਇਹ ਹੈ ਕਿ 30-40 ਕਵੀ ਸੱਜਣ ਆ ਜਾਂਦੇ ਹਨ ਤੇ ਕਵਿਤਾ ਪਾਠ ਦੀ ਥਾਂ ਕਵਿਤਾ ਕਾਠ ਮਾਰ ਲੈਂਦੀ ਹੈ।”
ਚੱਲ ਰਹੀ ਮੀਟਿੰਗ ਵੱਲ ਇਸ਼ਾਰਾ ਕਰਦਿਆਂ ਉਸ ਨੇ ਕਿਹਾ ਕਿ ਵਧੀਆ ਗੱਲ ਅੱਜ ਸਿਰਫ ਨੌਂ ਕਵੀ ਹਨ। ਆਪਣੀ ਗੱਲ ਦੀ ਵਜਾਹਤ ਕਰਨ ਲਈ ਉਸ ਨੇ ਕਹਾਣੀ ਸੁਣਾਈ: ਇੱਕ ਵਾਰ ਦੀ ਗੱਲ ਹੈ ਕਿ ਬਹੁਤ ਵੱਡਾ ਗਵੱਈਆ ਸੀ। ਉਸ ਨੂੰ ਉਥੋਂ ਦੇ ਰਾਜੇ ਨੇ ਦਰਬਾਰ ‘ਚ ਆਉਣ ਦੀ ਦਾਅਵਤ ਦਿੱਤੀ। ਪਹਿਲਾਂ ਤਾਂ ਮੰਨਿਆ ਨਾ, ਫਿਰ ਇੱਕ ਸ਼ਰਤ ‘ਤੇ ਮੰਨ ਗਿਆ। ਸ਼ਰਤ ਇਹ ਸੀ ਕਿ ਜਦੋਂ ਉਹ ਗਾਵੇਗਾ ਤਾਂ ਕਿਸੇ ਸਰੋਤੇ ਨੇ ਸਿਰ ਨਹੀਂ ਹਿਲਾਉਣਾ। ਜੋ ਸਿਰ ਹਿਲਾਵੇਗਾ, ਉਸ ਦਾ ਸਿਰ ਕਲਮ ਕਰ ਦਿੱਤਾ ਜਾਵੇ। ਪ੍ਰੋਗਰਾਮ ਸ਼ੁਰੂ ਹੋਇਆ। ਰਾਜੇ ਨੇ ਐਲਾਨ ਕੀਤਾ ਕਿ ਸ਼ਰਤ ਦੀ ਤਾਮੀਲ ਹੋਵੇ। ਅੱਧੇ ਸਰੋਤੇ ਸ਼ਰਤ ਸੁਣਦਿਆਂ ਹੀ ਖਿਸਕ ਗਏ। ਅਹਿਲਕਾਰ ਮਜਬੂਰੀ ਵਿਚ ਹਾਜ਼ਰ ਰਹੇ, ਕੁਝ ਬੈਠੇ ਰਹੇ ਕਿ ਚਲੋ ਸਿਰ ਨਹੀਂ ਹਿਲਾਉਂਦੇ। ਸੁਣ ਤਾਂ ਲਈਏ।
ਗਾਇਨ ਸ਼ੁਰੂ ਕਰਨ ਤੋਂ ਪਹਿਲਾਂ, ਰਾਜੇ ਨੇ ਫਿਰ ਐਲਾਨ ਕੀਤਾ ਕਿ ਜਿਸ ਨੇ ਜਾਣਾ ਹੈ, ਉਹ ਚਲਾ ਜਾਵੇ। ਗਵੱਈਆ ਗਾਉਂਦਾ ਰਿਹਾ, ਪਰ ਸਾਰੇ ਅਹਿੱਲ ਬੈਠੇ ਹਰੇ। ਕੁਝ ਸਰੋਤੇ ਸਨ, ਜੋ ਝੂਮ ਉਠੇ ਤੇ ਵਜਦ ‘ਚ ਆਉਂਦਿਆਂ ਹੀ ਉਨ੍ਹਾਂ ਦੇ ਸਿਰ ਵੀ ਹਿੱਲਣ ਲੱਗ ਪਏ। ਉਹ ਸੁਣਨ ‘ਚ ਏਨਾ ਭਿੱਜ ਗਏ ਕਿ ਉਨ੍ਹਾਂ ਨੂੰ ਚਿੱਤ-ਚੇਤਾ ਹੀ ਨਾ ਰਿਹਾ ਕਿ ਸਿਰ ਹਿਲਾਉਣ ਨਾਲ ਉਨ੍ਹਾਂ ਦਾ ਸਿਰ ਵੀ ਕਲਮ ਹੋ ਜਾਣਾ ਹੈ।
ਗਵੱਈਏ ਨੇ ਦੇਖਿਆ ਕਿ ਜਿਨ੍ਹਾਂ ਦੇ ਸਿਰ ਹਿਲਦੇ ਸਨ, ਉਹ ਨੌਂ ਬੰਦੇ ਸਨ। ਗਵੱਈਏ ਨੇ ਉਨ੍ਹਾਂ ਨੂੰ ਪ੍ਰਣਾਮ ਕੀਤਾ ਤੇ ਉਨ੍ਹਾਂ ਵੱਲ ਇਸ਼ਾਰਾ ਕਰਦਿਆਂ ਕਹਿੰਦਾ ਕਿ ਉਹ ਇਨ੍ਹਾਂ ਸਰੋਤਿਆਂ ਦੀ ਹੀ ਭਾਲ ‘ਚ ਤੁਰਿਆ ਫਿਰਦਾ ਸੀ, ਜੋ ਗੌਣ ਸੁਣਦਿਆਂ ਮੌਤ ਦਾ ਭੈਅ ਵੀ ਭੁੱਲ ਜਾਣ। ਦਰਬਾਰ ਵਿਚ ਮੇਰਾ ਗਾਉਣਾ ਸਾਰਥਕ ਹੋਇਆ ਹੈ। ਉਸ ਨੇ ਰਾਜੇ ਨੂੰ ਆਪਣੀ ਸ਼ਰਤ ਵਾਪਸ ਲੈਣ ਦੀ ਬੇਨਤੀ ਕੀਤੀ। ਮੌਤ ਨੂੰ ਭੁੱਲਣ ਦਾ ਭਾਵ ਨਿਕਲਣ ਵਾਲੇ ਸਿੱਟਿਆਂ ਤੋਂ ਬੇਨਿਆਜ਼ ਕਿਸੇ ਕਾਰਜ ਵਿਚ ਗਲ ਤੱਕ ਡੁੱਬ ਜਾਣਾ ਹੈ।
ਕੰਗ ਨੇ ਗੱਲ ਮੁਕਾਈ, ਪਰ ਕਮਰੇ ਵਿਚ ਧੁਨੀ ਸੁਣਾਈ ਦੇ ਰਹੀ ਸੀ, ਸਾਹਿਤ ਸਾਰੇ ਲੋਕਾਂ ਲਈ ਰਚਣ ਦਾ ਲੱਖ ਦਾਅਵਾ ਕੀਤਾ ਜਾਂਦਾ ਰਹੇ, ਪਰ ਇਹ ਹਮੇਸ਼ਾ ਅਜਿਹੇ ਨੌਂ ਬੰਦਿਆਂ ਦੇ ਮਾਣਨ ਲਈ ਹੀ ਹੋਵੇਗਾ। ਇਹ ਨੌਂ ਪਹਿਲਾਂ ਨੜਿੱਨਵੇਂ ਤੇ ਫਿਰ ਨੌਂ ਸੌ ਵਿਚ ਕਦੋਂ ਬਦਲਦੇ ਹਨ, ਕਿਸੇ ਵੀ ਭਾਸ਼ਾ ਦੇ ਮੁਦੱਈਆਂ ਅਤੇ ਕਮਲਕਾਰਾਂ ਲਈ ਇਹ ਚੁਣੌਤੀ ਬਣੀ ਰਹੇਗੀ।