ਵੱਡੀ ਕੌਣ?

ਵਿਜੇਦਾਨ ਦੇਥਾ (ਪਹਿਲੀ ਸਤੰਬਰ 1926-10 ਨਵੰਬਰ 2013) ਰਾਜਸਥਾਨੀ ਲੋਕਧਾਰਾ ਦਾ ਬੜਾ ਅਹਿਮ ਨਾਂ ਹੈ। ਉਹਨੇ ਰਾਜਸਥਾਨੀ ਲੋਕ ਕਹਾਣੀਆਂ ਇਕੱਠੀਆਂ ਕੀਤੀਆਂ। ਇਸ ਤੋਂ ਇਲਾਵਾ ਮੌਲਿਕ ਕਹਾਣੀ ਦੀ ਰਚਨਾ ਵੀ ਕੀਤੀ। ਡਾ. ਹਰਪਾਲ ਸਿੰਘ ਪੰਨੂ ਨੇ ਉਸ ਦੀਆਂ ਇਕੱਠੀਆਂ ਕੀਤੀਆਂ ਰਾਜਸਥਾਨੀ ਲੋਕ ਕਹਾਣੀਆਂ ਨੂੰ ਪੰਜਾਬੀ ਰੂਪ ਦਿੱਤਾ ਹੈ। ਇਸ ਵਾਰ ‘ਵੱਡੀ ਕੌਣ’ ਨਾਂ ਦੀ ਲੋਕ ਕਹਾਣੀ ਪਾਠਕਾਂ ਦੇ ਰੂਬਰੂ ਕਰ ਰਹੇ ਹਾਂ।

-ਸੰਪਾਦਕ

ਵਿਜੇਦਾਨ ਦੇਥਾ
ਅਨੁਵਾਦ: ਡਾ. ਹਰਪਾਲ ਸਿੰਘ ਪੰਨੂ
ਫੋਨ: +91-94642-51454

ਇੱਕ ਸੀ ਕਿਸਾਨ, ਕਿਸਾਨ ਦੇ ਦੋ ਪੁੱਤਰ। ਵੱਡੇ ਦਾ ਨਾਮ ਰੱਖਿਆ ਦੌਲਤ ਅਤੇ ਛੋਟੇ ਦਾ ਨਾਮ ਦੀਨ। ਉਮਰ ਵਿਚ ਤਿੰਨ ਸਾਲ ਦਾ ਫਰਕ ਪਰ ਸੁਭਾਅ ਵਿਚ ਫਰਕ ਵੱਡਾ। ਗਿੱਦੜ ਅਤੇ ਕਾਂ ਵਾਂਗ ਦੌਲਤ ਘਾਗ, ਦੀਨ ਘੁੱਗੀ ਕਬੂਤਰ ਵਾਂਗ ਭੋਲਾ ਭਾਲਾ, ਸਿੱਧਾ ਸਾਦਾ। ਦੌਲਤ ਠਿਗਣਾ, ਪੇਟੂ, ਕਣਕਵੰਨਾ ਰੰਗ, ਗਹਿਰੀਆਂ ਅੱਖਾਂ, ਨੱਕ ਫੀਨਾ, ਰੋਮ ਰੋਮ ‘ਚੋਂ ਝਰਦੀ ਚਤੁਰਾਈ। ਦੀਨ ਪਤਲਾ ਤੇ ਲੰਮਾ, ਤਾਂਬੇ ਰੰਗਾ, ਤਿੱਖਾ ਨੱਕ, ਪਾਰਦਰਸ਼ੀ ਸ਼ਕਲ, ਨਿਰਮਲ ਅੱਖਾਂ, ਖਰਾ ਉਜਲਾ ਮਨ। ਵੱਡੇ ਭਰਾ ਦਾ ਪੂਰਾ ਆਦਰ ਕਰਦਾ। ਅੱਡੋ ਅੱਡ ਸੁਭਾਵਾਂ ਨੂੰ ਅੱਡੋ ਅੱਡ ਫਲ ਲੱਗੇ।
ਸੁਰਗਵਾਸ ਹੋਣ ਤੋਂ ਪਹਿਲਾਂ ਆਪਣੇ ਹੱਥੀਂ ਕਿਸਾਨ ਪਿਤਾ ਨੇ ਜ਼ਮੀਨ ਜਾਇਦਾਦ, ਪੈਸਾ ਟਕਾ, ਦੇਣਦਾਰੀ ਲੈਣਦਾਰੀ ਬਰਾਬਰ ਵੰਡ ਦਿੱਤੀ। ਦੋ ਸਾਲ ਵਿਚ ਹੌਲੀ ਹੌਲੀ ਬੇਈਮਾਨੀ ਸਦਕਾ ਦੌਲਤ ਨੇ ਦੀਨ ਦੀ ਜਾਇਦਾਦ ਹੜੱਪ ਕਰ ਲਈ। ਮਾਂ ਜਾਇਆ ਸਕਾ ਭਾਈ ਹੁੰਦੇ ਸੁੰਦੇ ਦੀਨ ਵੱਡੇ ਭਰਾ ਕੋਲ ਮਜ਼ਦੂਰੀ ਕਰਨ ਲੱਗਾ। ਉਸ ਦੀ ਟੁੱਟੀ ਫੁੱਟੀ ਝੌਂਪੜੀ ਦੇ ਕੰਮ ਕਾਜ ਠੱਪ ਹੁੰਦੇ ਗਏ, ਉਸ ਨੂੰ ਪਤਾ ਤੱਕ ਨਾ ਲੱਗਾ। ਲੋਕਾਂ ਤੋਂ ਕਿਹੜਾ ਕੋਈ ਗੱਲ ਲੁਕੀ ਛਿਪੀ ਰਹਿੰਦੀ ਹੈ, ਇਸ ਵਾਸਤੇ ਦੀਨ ਨੂੰ ਕੌਣ ਆਪਣੀ ਧੀ ਦਾ ਹੱਥ ਫੜਾਏ? ਨਾ ਸ਼ਗਨ ਨਾ ਸ਼ਾਦੀ। ਦੌਲਤ ਦੌਲਤ ਸੀ, ਧੂਮ ਧਾਮ ਨਾਲ ਵਿਆਹ ਹੋਇਆ।
ਸੰਜੋਗਾਂ ਦੀ ਗੱਲ, ਭਰਜਾਈ ਭਰਾ ਤੋਂ ਵੀ ਵੱਧ ਤੇਜ਼ ਤਰਾਰ, ਹੰਕਾਰੀ। ਦਿਉਰ ਦੇ ਚੰਗੇ ਭਲੇ ਕੰਮ ਵਿਚ ਮੀਨ ਮੇਖ ਕੱਢਦੀ, ਲੜਨ ਦਾ ਕੋਈ ਮੌਕਾ ਨਾ ਖੁੰਝਾਉਂਦੀ। ਜਿਸ ਦਿਨ ਘਰ ਵਿਚ ਆਈ, ਗੋਹਾ ਵੀ ਦੀਨ ਚੁੱਕੇ, ਪਾਥੀਆਂ ਵੀ ਦੀਨ ਪੱਥੇ। ਸ਼ੁਰੂ ਸ਼ੁਰੂ ਵਿਚ ਤਾਂ ਅੱਧੇ ਦੁੱਧ ਵਿਚ ਅੱਧਾ ਪਾਣੀ ਪਾ ਕੇ ਦੇ ਵੀ ਦਿੰਦੀ। ਥੋੜ੍ਹੇ ਦਿਨਾਂ ਪਿੱਛੋਂ ਤਾਂ ਦੀਨ ਦੇ ਹਿੱਸੇ ਬਸ ਲੱਸੀ ਆਉਂਦੀ। ਅੱਧੀ ਰਾਤ ਗਈ ਸੌਂਦਾ, ਸਰਘੀ ਵੇਲੇ ਸਵਖਤੇ ਉਠਦਾ। ਹਰ ਕੰਮ ਵਿਚ ਮਾਹਿਰ। ਹੁਨਰਮੰਦ। ਕੰਮ ਤੋਂ ਬਾਅਦ ਫੇਰ ਕੰਮ ਉਸ ਵਾਸਤੇ ਸੁੱਖ ਆਨੰਦ ਹੋਇਆ ਕਰਦਾ। ਪਿੰਡ ਦੇ ਲੋਕਾਂ ਨੇ ਬਥੇਰੀ ਵਾਰ ਉਸ ਨੂੰ ਸਮਝਾਇਆ ਸੀ ਪਰ ਉਸ ਦੇ ਪੱਲੇ ਕੋਈ ਗੱਲ ਨਾ ਪੈਂਦੀ। ਲੋਕ ਸੋਚਦੇ ਇਸ ਦੇ ਦੁੱਖਾਂ ਦਾ ਕੋਈ ਪਾਰਾਵਾਰ ਨਹੀਂ ਪਰ ਉਹ ਆਪਣੇ ਆਪ ਵਿਚ ਮਸਤ ਰਹਿੰਦਾ। ਹੋਠਾਂ ਉਪਰ ਬੱਚਿਆਂ ਵਰਗੀ ਮਾਸੂਮ ਮੁਸਕਾਨ ਖੇਡਦੀ ਰਹਿੰਦੀ। ਆਪਣੇ ਆਪ ਨੂੰ ਛੱਡ ਕੇ ਕਿਸੇ ਹੋਰ ਦੀ ਗੱਲ ਮੰਨਣ ਨੂੰ ਉਸ ਦਾ ਦਿਲ ਨਾ ਕਰਦਾ। ਦੂਜਿਆਂ ਦੀਆਂ ਗੱਲਾਂ ਵਿਚ ਆਉਣ ਦੀ ਆਦਤ ਪਈ ਹੀ ਨਹੀਂ।
ਇੱਕ ਦਿਨ ਗਰਮੀ ਦੀ ਰੁੱਤੇ, ਸਾਂ ਸਾਂ ਸ਼ੂਕਦੀਆਂ ਲੂਆਂ, ਅੱਗ ਵਰਗੀ ਧੁੱਪ ਵਿਚ ਉਹ ਝਾੜ-ਝੰਖਾੜ ਪੁੱਟ ਕੇ ਜ਼ਮੀਨ ਵਾਹੀਯੋਗ ਬਣਾਉਣ ਲੱਗਾ ਹੋਇਆ ਸੀ। ਦਿਨ ਢਲਣ ਨੂੰ ਆ ਗਿਆ, ਭਾਬੀ ਰੋਟੀ ਲੈ ਕੇ ਨਹੀਂ ਆਈ। ਸੁਸਤਾਉਣ ਦੀ ਤਾਂ ਗੱਲ ਛੱਡੋ, ਉਸ ਨੇ ਪਿੰਡ ਵਲ ਦੇਖਿਆ ਵੀ ਨਾ, ਪਰ ਜਿਨ੍ਹਾਂ ਨੇ ਦੇਖਣਾ ਸੀ, ਉਨ੍ਹਾਂ ਤੋਂ ਕੀ ਛੁਪਿਆ? ਲੱਛਮੀ ਅਤੇ ਕਿਸਮਤ ਤਕਰਾਰ ਕਰਦੀਆਂ ਹੋਈਆਂ ਉਥੋਂ ਦੀ ਲੰਘੀਆਂ। ਲੱਛਮੀ ਕਹੇ- ਮੈਂ ਵੱਡੀ, ਕਿਸਮਤ ਕਹੇ ਮੈਂ। ਲਉ ਜੀ, ਦੀਨ ਨੂੰ ਦੇਖਣ ਸਾਰ ਉਨ੍ਹਾਂ ਨੂੰ ਫੈਸਲਾ ਕਰਨ ਦਾ ਮੌਕਾ ਮਿਲ ਗਿਆ। ਆਪਣੇ ਆਪ ਵਿਚ ਮਸਤ, ਦ੍ਰਿੜ੍ਹ ਇਰਾਦੇ ਦਾ ਮਨੁੱਖ ਨਿਰਵਿਘਨ ਕਹੀ ਚਲਾ ਰਿਹਾ ਸੀ, ਪਸੀਨੇ ਨਾਲ ਲਥ-ਪਥ, ਮਿੱਟੀ ਘੱਟੇ ਨਾਲ ਅੱਟਿਆ ਹੋਇਆ। ਉਸ ਵਲ ਇਸ਼ਾਰਾ ਕਰ ਕੇ ਲੱਛਮੀ ਕਹਿੰਦੀ- ਦੇਖ ਮੇਰਾ ਚਮਤਕਾਰ। ਮੇਰੇ ਵਲੋਂ ਮੂੰਹ ਮੋੜਨ ਵਾਲੇ ਦੀ ਇਹ ਹਾਲਤ ਹੁੰਦੀ ਹੈ। ਮੇਰੀ ਮਿਹਰਬਾਨੀ ਸਦਕਾ ਇਸ ਦਾ ਭਰਾ ਦੌਲਤ ਮੌਜਾਂ ਕਰ ਰਿਹਾ ਹੈ, ਗੁਲ-ਛੱਰਰੇ ਉਡਾ ਰਿਹਾ ਹੈ ਤੇ ਇਹ ਦੀਨ, ਬਲਦ ਵਾਂਗ ਦਿਨ ਰਾਤ ਨ੍ਹੇਰਾ ਢੋਂਦਾ ਹੈ, ਖੂਨ ਪਸੀਨਾ ਵਹਾਉਂਦਾ ਹੈ। ਇਸ ਦਾ ਭਰਾ ਟੰਗ ‘ਤੇ ਟੰਗ ਧਰ ਕੇ ਪਲੰਘ ‘ਤੇ ਲੇਟਿਆ ਮੌਜ ਕਰਦਾ ਹੈ, ਬਹੂ ਮਹਿੰਦੀ ਰੰਗੇ ਹੱਥਾਂ ਨਾਲ ਪੱਖੀ ਝਲਦੀ ਹੈ।
-ਪਗਲੀ ਇਸ ਵਿਚ ਤੇਰਾ ਕੀ ਚਮਤਕਾਰ? ਕਿਸਮਤ ਮੁਸਕਾਈ- ਇਹ ਤਾਂ ਮੇਰਾ ਕ੍ਰਿਸ਼ਮਾ ਹੈ। ਪਿਤਾ ਦੀ ਮੌਤ ਬਾਅਦ ਤੂੰ ਤਾਂ ਬਰਾਬਰ ਬਰਾਬਰ ਵੰਡੀ ਗਈ ਸੀ ਪਰ ਮੈਂ ਦੀਨ ਦੀ ਮਦਦ ਨਹੀਂ ਕੀਤੀ, ਇਸ ਕਰ ਕੇ ਕਸ਼ਟ ਭੋਗ ਰਿਹਾ ਹੈ। ਫੁੱਟੀ ਕਿਸਮਤ ਜੋੜ ਦਏਂ ਤੇਰੀ ਕੀ ਹੈਸੀਅਤ? ਹੁਣ ਵੀ ਜ਼ੋਰ ਲਾ ਕੇ ਦੇਖ ਲੈ, ਕੁਝ ਕਰ ਸਕਦੀ ਹੈਂ ਕਰ ਲੈ। ਕਸਰ ਨਾ ਛੱਡੀਂ ਕੋਈ।
ਲੱਛਮੀ ਦੇ ਕਾਲਜੇ ਵਿਚ ਇੱਕੋ ਵਾਰ ਜਿਵੇਂ ਹਜ਼ਾਰ ਸੂਲਾਂ ਖੁਭ ਗਈਆਂ। ਨੱਕ ਬੁੱਲ੍ਹ ਟੇਰ ਕੇ ਕਹਿਣ ਲੱਗੀ- ਜ਼ਿਆਦਾ ਹੰਕਾਰ ਗਾਲ ਦਿੰਦਾ ਹੈ। ਉਬਲਿਆ ਦੁੱਧ ਰਾਖ ਵਿਚ ਡਿੱਗਦਾ ਹੈ। ਤੇਰਾ ਮੇਰਾ ਕੀ ਮੁਕਾਬਲਾ? ਮੇਰੀ ਨਜ਼ਰ ਜਿਸ ਉਤੇ ਸਵੱਲੀ ਹੋਵੇ, ਤੂੰ ਉਸ ਦਾ ਵਾਲ ਵਿੰਗਾ ਨਹੀਂ ਕਰ ਸਕਦੀ। ਜੇ ਮੈਂ ਨਜ਼ਰ ਫੇਰ ਲਵਾਂ, ਤੂੰ ਬੇਸ਼ੱਕ ਸਿਰ ਪਟਕ-ਪਟਕ ਮਰ ਜਾਏਂ ਤਾਂ ਵੀ ਕੁਝ ਨਹੀਂ ਹੋ ਸਕਦਾ। ਤੂੰ ਜੋ ਕਰਨੈ ਕਰ ਲੈ। ਮੈਂ ਇਸ ਇੱਕੋ ਫਸਲ ਨਾਲ ਦੀਨ ਦਾ ਬੇੜਾ ਪਾਰ ਕਰ ਦਿਆਂਗੀ, ਫਿਰ ਦੇਖਾਂਗੀ ਕੌਣ ਇਸ ਨੂੰ ਦੁਖ ਦਿੰਦਾ ਹੈ। ਦੇਖਦੀ ਜਾਈਂ, ਇਸ ਨੂੰ ਦੁੱਧ ਦੇ ਸਰੋਵਰ ਵਿਚ ਨਾ ਨੁਹਾ ਦਿਆਂ, ਮੇਰਾ ਨਾਮ ਬਦਲ ਦੇਈਂ ਫੇਰ ਬੇਸ਼ੱਕ।
ਕਿਸਮਤ ਨੇ ਸੋਚਿਆ, ਪਾਗਲ ਨਾਲ ਬਹਿਸ ਵਿਚ ਉਲਝਣਾ ਠੀਕ ਨਹੀਂ ਹੁੰਦਾ। ਹੱਸ ਕੇ ਚੁੱਪ ਕਰ ਗਈ। ਉਸ ਦਾ ਹਾਸਾ ਲੱਛਮੀ ਨੂੰ ਜ਼ਹਿਰ ਵਾਂਗ ਲੱਗਾ। ਦੋਵਾਂ ਵਿਚ ਪੂਰੀ ਠਣ ਗਈ।
ਹਾੜ੍ਹੀ ਦੀ ਫਸਲ ਵੰਡਣ ਵੇਲੇ ਘਰਵਾਲੀ ਦੇ ਉਕਸਾਉਣ ਬਾਅਦ ਦੌਲਤ ਨੇ ਦੀਨ ਨੂੰ ਮਜ਼ਦੂਰੀ ਦੇ ਇਵਜ਼ ਵਿਚ ਕਿਹਾ- ਤੂੰ ਮਤੀਰੇ ਤੇ ਕੱਕੜੀਆਂ ਲੈ ਲੈ। ਵੇਲਾਂ ਨੂੰ ਫਲ ਲੱਗੇ ਨਾ ਲੱਗੇ ਤੇਰੇ ਭਾਗ। ਕਿਸੇ ਗੱਲ ‘ਤੇ ਤਕਰਾਰ ਕਰਨਾ ਦੀਨ ਜਾਣਦਾ ਹੀ ਨਹੀਂ ਸੀ। ਹਾਂ ਕਰ ਦਿੱਤੀ। ਕੁਦਰਤ ਨੇ ਪਤਾ ਨਹੀਂ ਕੀ ਸੋਚ ਕੇ ਕਿਸ ਮੌਜ ਵਿਚ ਆ ਕੇ ਅਜੀਬੋ ਗਰੀਬ ਮਨੁੱਖ ਸਿਰਜ ਦਿੱਤਾ, ਉਸ ਦੇ ਭੇਤ ਕੌਣ ਜਾਣੇ? ਕਦੇ ਕਦੇ ਕਿਸੇ ਸ਼ਤਾਬਦੀ ਵਿਚ ਕੁਦਰਤ ਵੀ ਕੋਈ ਪਾਗਲਪਣ ਕਰ ਕੇ ਖੁਸ਼ ਹੁੰਦੀ ਹੈ, ਫਿਰ ਉਹ ਸੋਚ ਵਿਚਾਰ ਨਹੀਂ ਕਰਦੀ। ਆਦਮੀ ਆਦਮੀ ਹੈ, ਉਸ ਦਾ ਹਿਸਾਬ ਅੱਡ, ਕੁਦਰਤ ਦਾ ਮਿਜ਼ਾਜ ਅੱਡ। ਤੇ ਉਧਰ ਲੱਛਮੀ ਦੀ ਖਿਝ ਖਪ ਵੱਖਰੀ ਕਿਸਮ ਦੀ। ਉਸ ਨੇ ਦੀਨ ਦੀ ਮਦਦ ਕਰਨੀ ਸੀ ਤਾਂ ਪਿੱਛੇ ਕਿਉਂ ਰਹੇ? ਮਤੀਰੇ ਮਤੀਰੇ ਅਤੇ ਕੱਕੜੀ ਕੱਕੜੀ ਵਿਚ ਬੀਜਾਂ ਦੀ ਥਾਂ ਅੱਖ ਬਚਾ ਕੇ ਉਸ ਨੇ ਹੀਰੇ ਮੋਤੀ ਭਰ ਦਿੱਤੇ। ਫਸਲ ਪੱਕੀ ਤਾਂ ਆਪਣੇ ਘਰ ਢੋਣ ਵਾਸਤੇ ਦੀਨ ਨੂੰ ਤਿੰਨ ਦਿਨ ਲੱਗੇ। ਇੱਕ ਵੀ ਬੀਜ ਜ਼ਾਇਆ ਨਹੀਂ ਕਰੇਗਾ। ਆਖਰੀ ਸਹਾਰਾ ਹੁਣ ਬੀਜਾਂ ਦਾ ਹੀ ਹੈ। ਮਗਜ਼ ਕੱਢਾਂਗੇ, ਭੁੰਨ-ਭੁੰਨ ਕੇ ਖਾਇਆ ਕਰਾਂਗੇ ਮੌਜ ਨਾਲ। ਬੀਜਾਂ ਨੂੰ ਘੜਿਆਂ ਵਿਚ ਪਾ ਕੇ ਛਾਂ ਹੇਠ ਮਿੱਟੀ ਵਿਚ ਦੱਬ ਕੇ ਰੱਖਾਂਗਾ, ਖਰਾਬ ਨਹੀਂ ਹੋਣਗੇ। ਪਹਿਲਾਂ ਕੱਕੜੀਆਂ ਦੇ ਮਗਜ਼। ਜਿੰਨਾ ਚਿਰ ਕੱਕੜੀਆਂ ਦੇ ਮਗਜ਼ ਨਹੀਂ ਮੁਕਦੇ, ਮਤੀਰੇ ਦੇ ਬੀਜ ਛੁਹੇਗਾ ਵੀ ਨਹੀਂ। ਸਾਰੀਆਂ ਗੱਲਾਂ ਦਾ ਪਤੈ।
ਸਾਰਾ ਦਿਨ ਮਿਹਨਤ ਕਰ ਕੇ ਕੜਾਕੇ ਦੀ ਭੁੱਖ ਲੱਗੀ। ਦਾਤੀ ਨਾਲ ਕੱਕੜੀ ਚੀਰੀ। ਬੀਜਾਂ ਦੀ ਬਜਾਏ ਲਿਸ਼ਕਦੇ ਕੰਕਰ ਦੇਖੇ, ਹੈਰਾਨ ਰਹਿ ਗਿਆ। ਇਹ ਕੀ ਹੋਇਆ? ਸਾਰੇ ਕੰਕਰ ਇੱਕੋ ਸਾਂਚੇ ਵਿਚ ਢਲੇ ਹੋਏ। ਇਹੋ ਜੀ ਅਣਹੋਣੀ ਨਾ ਕਦੇ ਦੇਖੀ ਨਾ ਸੁਣੀ। ਕੁਦਰਤ ਦੀਆਂ ਕੁਦਰਤ ਜਾਣੇ! ਦਿਲ ਤਾਂ ਨਹੀਂ ਸੀ ਕਰਦਾ ਪਰ ਇੱਕ ਮਤੀਰਾ ਚੀਰ ਲਿਆ। ਉਸ ਵਿਚ ਵੀ ਇਹੋ ਕੰਕਰ। ਦੋ ਤਿੰਨ ਕੱਕੜੀਆਂ ਦੋ ਤਿੰਨ ਮਤੀਰੇ ਹੋਰ ਤੋੜੇ, ਸਭ ਵਿਚ ਉਹੀ ਕੁਝ। ਹੁਣ ਹੋਰ ਮੱਥਾ ਕੀ ਮਾਰਨਾ? ਖਾਣ ਵਾਲਾ ਗੁੱਦਾ ਰੱਖ ਕੇ ਕੰਕਰ ਟੋਕਰੇ ਵਿਚ ਪਾਏ ਤੇ ਵਿਹੜੇ ਦੇ ਖੂੰਜੇ ਵਿਚ ਦੱਬ ਦਿੱਤੇ, ਗੋਲ-ਗੋਲ, ਸਾਫ-ਸਾਫ ਚਿਕਨੇ-ਚਿਕਨੇ ਕੰਕਰ। ਭਾਈ ਭਰਜਾਈ ਹੱਸਣਗੇ, ਖਿੱਲੀ ਉਡਾਉਣਗੇ, ਸੋ ਉਨ੍ਹਾਂ ਨੂੰ ਕੀ ਦੱਸਣਾ! ਨਸੀਬ ਕੋਸੀ ਜਾਏ, ਇਹ ਪਾਠ ਉਸ ਨੇ ਪੜ੍ਹਿਆ ਨਹੀਂ ਸੀ, ਰੱਬ ਅੱਗੇ ਹਾੜ੍ਹੇ ਕੱਢਣੇ ਵੀ ਉਸ ਨੂੰ ਚੰਗੇ ਨਾ ਲੱਗਦੇ। ਸਬਰ ਸ਼ੁਕਰ ਵਾਲਾ ਸਿਧਾ ਸਾਦਾ ਬੰਦਾ।
ਵੱਡਾ ਭਰਾ ਦੌਲਤ ਉਸੇ ਤਰ੍ਹਾਂ ਮੌਜਾਂ ਲੁੱਟਦਾ ਰਿਹਾ। ਲੱਛਮੀ ਦੀ ਮਿਹਰ ਹੋਣ ਦੇ ਬਾਵਜੂਦ ਦੀਨ ਪਹਿਲਾਂ ਵਾਂਗ ਦਿਹਾੜੀ ਕਰਦਾ ਰਿਹਾ। ਲੋਕਾਂ ਭਾਣੇ ਦੁਖ ਝਲਦਾ। ਉਹੀ ਟੁੱਟੀ ਝੋਂਪੜੀ, ਉਹੀ ਖਸਤਾ ਹਾਲ ਵਿਹੜਾ, ਉਹੀ ਗਰੀਬ ਮਜ਼ਦੂਰ। ਦਿਨ ਚੜ੍ਹਦਾ ਛਿਪਦਾ ਰਿਹਾ। ਦੀਨ ਆਪਣੀ ਦੁਨੀਆ ਵਿਚ ਰਹਿੰਦਾ, ਨੌਂ ਲੱਖ ਤਾਰਿਆਂ ਨਾਲ ਜੜੀ ਹੋਈ ਰਾਤ ਆਪਣੇ ਹਿਸਾਬ ਨਾਲ ਢਲਦੀ। ਆਪਣੇ ਆਪ ਤੋਂ ਬਾਹਰ ਨਿਕਲਣ ਦੀ ਇੱਛਾ ਉਸ ਨੂੰ ਕਦੇ ਹੋਈ ਹੀ ਨਹੀਂ। ਆਪਣੀ ਮੌਜ ਵਿਚ ਵਗਦੀ ਨਦੀ ਨੂੰ ਹਜ਼ਾਰ ਕੋਹ ਦੂਰ ਜਾ ਕੇ ਵੀ ਪਤਾ ਨਹੀਂ ਲਗਦਾ ਹੁੰਦਾ, ਪਿਆਸ ਕੀ ਹੁੰਦੀ ਹੈ। ਫੁੱਲ ਨੂੰ ਕੀ ਪਤਾ ਉਹ ਕਿੰਨਾ ਸੁਹਣਾ ਹੈ। ਬੱਦਲਾਂ ਅੰਦਰਲੇ ਪਾਣੀ ਵਿਚਕਾਰ ਘਿਰੀ ਬਿਜਲੀ ਨੂੰ ਕਦ ਇੱਛਾ ਹੋਈ ਕਿ ਆਪਣੀ ਅੱਗ ਬੁਝਾ ਲਵੇ?
ਕਿਸਮਤ ਲੱਛਮੀ ਵਲ ਦੇਖਦੀ, ਖਿੱਲੀ ਉਡਾਣ ਵਾਸਤੇ ਹੱਸਦੀ। ਉਸ ਦਾ ਹੱਸਣਾ ਲੱਛਮੀ ਨੂੰ ਅੱਗ ਲਾ ਦਿੰਦਾ। ਇੰਨੀ ਮਿਹਰਬਾਨੀ ਕਰਦੀ ਹਾਂ ਇਸ ਮੂਰਖ ਤੇ, ਪਰ ਇਹ ਉਹੀ ਗਰੀਬ ਦਾ ਗਰੀਬ। ਹੀਰੇ ਮੋਤੀਆਂ ਦੀ ਪਛਾਣ ਨਹੀਂ, ਝੂਰਦਾ ਹੈ ਬੀਜ ਕਿੱਧਰ ਗਏ, ਮਗਜ਼ ਖਾਣੇ ਸਨ! ਕੰਕਰ ਸਮਝ ਰਿਹੈ, ਇਸ ਦੀ ਅਕਲ ਦਾ ਕੀ ਕਰਾਂ? ਬੇਸ਼ੁਮਾਰ ਮਾਇਆ ਦੇ ਸਕਦੀ ਹੈ ਲੱਛਮੀ, ਇਸ ਦਾ ਕਰਨਾ ਕੀ ਐ, ਇਹ ਤਾਂ ਨਹੀਂ ਸਿਖਾ ਸਕਦੀ। ਜੇ ਅਕਲ ਨਹੀਂ, ਧਨ ਕੀ ਕਰੇ ਫੇਰ?
ਅੱਧਾ ਭੁੱਖਾ ਅੱਧਾ ਰੱਜਿਆ ਦੀਨ ਜੂਨ ਕੱਟਦਾ ਰਿਹਾ, ਦਿਨ ਆਪਣੇ ਹਿਸਾਬ ਨਾਲ ਬੀਤਦੇ ਗਏ। ਗਰੀਬ ਤੋਂ ਰੱਬ ਨੇ ਬੀਜ ਵੀ ਖੋਹ ਲਏ! ਭੁੰਨ ਕੇ ਮਗਜ਼ ਚੱਬਣ ਦਾ ਸੁਆਦ ਵੀ ਨਾ ਲੈ ਸਕਿਆ। ਮਗਜ਼ ਖਾਂਦੇ, ਲੱਸੀ ਦਾ ਛੰਨਾ ਪੀਂਦੇ, ਨਜ਼ਾਰਾ ਆ ਜਾਂਦਾ। ਉਮਰ ਵਧਦੀ ਗਈ ਪਰ ਅਕਲ ਉਥੇ ਦੀ ਉਥੇ। ਕੁਦਰਤ ਨੇ ਵੀ ਤਾਂ ਇਨ੍ਹਾਂ ਥੋੜ੍ਹੇ ਕੁ ਗਿਣੇ ਚੁਣੇ ਬੰਦਿਆਂ ਰਾਹੀਂ ਆਪਣੇ ਸੁਫਨਿਆਂ ਦਾ ਜ਼ਾਇਕਾ ਲੈਣਾ ਹੁੰਦੈ। ਪਸ਼ੂ-ਪੰਛੀ ਵੀ ਆਪਣੇ ਭਲੇ ਬੁਰੇ ਦਾ ਖਿਆਲ ਰੱਖਦੇ ਨੇ ਪਰ ਦੀਨ ਦੀ ਸਮਝ ਉਨ੍ਹਾਂ ਜਿੰਨੀ ਵੀ ਨਹੀਂ।
ਇੱਕ ਦਿਨ ਸੰਜੋਗ ਦੀ ਗੱਲ ਇਹ ਹੋਈ ਕਿ ਵਪਾਰ ਕਰਦਾ ਕਰਦਾ ਲੱਖੀ ਵਣਜਾਰਾ ਉਧਰੋਂ ਦੀ ਲੰਘਣ ਲੱਗਾ, ਦੀਨ ਦੀ ਝੌਂਪੜੀ ਦੇ ਬਾਹਰ ਖੁੱਲ੍ਹੇ ਥਾਂ ਤੰਬੂ ਤਾਣੇ, ਡੇਰਾ ਲਾ ਲਿਆ। ਕੇਸਰ, ਕਸਤੂਰੀ, ਸੁੱਕੇ ਮੇਵਿਆਂ ਦਾ ਵਪਾਰੀ, ਅਣਗਿਣਤ ਮਾਇਆ ਦਾ ਧਨੀ। ਕੇਵਲ ਅਮੀਰ ਉਮਰਾ, ਸੇਠ ਸ਼ਾਹੂਕਾਰ, ਰਾਜਾ ਮਹਾਰਾਜਾ, ਬਾਦਸ਼ਾਹ ਨਾਲ ਵਾਸਤਾ। ਮਨ ਚਾਹਿਆ ਭਾਉ ਦਸਦਾ ਤੇ ਗਾਹਕ ਸੋਚਦੇ ਸਸਤਾ ਦੇ ਰਿਹਾ ਹੈ, ਲਿਹਾਜ ਕਰ ਰਿਹੈ।
ਮੁੱਠੀ ਵਿਚ ਮਾਇਆ ਹੋਵੇ ਜੰਗਲ ਵਿਚ ਮੰਗਲ ਹੋ ਜਾਂਦਾ ਹੈ। ਸਵਾ ਘੜੀ ਰਾਤ ਢਲੀ, ਕੰਮ ਮੁਕਾ ਕੇ ਗਪ-ਸ਼ਪ ਵਾਸਤੇ ਲੱਖੀ, ਦੀਨ ਦੇ ਵਿਹੜੇ ਵਿਚ ਚਲਾ ਗਿਆ। ਕਾਲੀ ਘੁੱਪ ਰਾਤ। ਹੱਥ ਨੂੰ ਹੱਥ ਨਾ ਲੱਭੇ। ਗਰੀਬ ਦੀਨ ਦੀ ਝੌਂਪੜੀ ਵਿਚ ਦੀਵਾ ਤੱਕ ਨਹੀਂ। ਗੱਲਾਂ ਕਰਦਿਆਂ ਲੱਖੀ ਵਣਜਾਰੇ ਨੇ ਇੱਕ ਖੂੰਜੇ ਵਿਚ ਰੌਸ਼ਨੀ ਦੇਖੀ। ਪੁੱਛਿਆ- ਇਹ ਇੱਧਰ ਕੁਝ ਜਲ ਰਿਹਾ ਹੈ ਭਾਈ। ਕਿਸ ਚੀਜ਼ ਦੀ ਲਾਟ ਹੈ ਇਹ?
ਦੀਨ ਨੇ ਕਿਹਾ- ਜਲਦਾ ਸੁਲਗਦਾ ਕੁਝ ਨਹੀਂ ਏਥੇ। ਡਰ ਨਾ। ਕੰਕਰਾਂ ਦਾ ਚਾਨਣ ਹੈ। ਨੇਰ੍ਹੇ ਵਿਚ ਰੋਜ਼ ਈ ਚਮਕਦੇ ਨੇ। ਵਣਜਾਰੇ ਨੂੰ ਬੜੀ ਹੈਰਾਨੀ ਹੋਈ। ਕੰਕਰ? ਇਹ ਕਿਹੋ ਜਿਹੇ ਕੰਕਰ? ਦੇਖਾਂ ਤਾਂ ਸਹੀ।
ਇਹ ਕਹਿ ਕੇ ਉਹ ਖੂੰਜੇ ਵਲ ਗਿਆ। ਨੇੜੇ ਜਾ ਕੇ ਝਲਕ ਦੇਖੀ, ਉਦੀਂ ਤਾੜ ਗਿਆ ਇਹ ਮੂਰਖ ਬੰਦਾ ਹੀਰੇ ਮੋਤੀਆਂ ਨੂੰ ਕੰਕਰ ਕਹਿ ਰਿਹੈ। ਹਥੇਲੀ ਵਿਚ ਰੱਖੇ ਤਾਂ ਜਿਵੇਂ ਬੀਰ ਵਹੁਟੀਆਂ ਹੋਣ! ਏਨੇ ਮੁੱਲਵਾਨ ਹੀਰੇ ਇਸ ਕੋਲ ਆਏ ਕਿੱਥੋਂ? ਅਕਲ ਅਤੇ ਅੱਖਾਂ ਦੋਵਾਂ ਨੂੰ ਚੌਂਧਕ ਲੱਗ ਗਈ। ਇੱਕ ਨਗੀਨਾ ਸੱਤ ਪੀੜ੍ਹੀਆਂ ਦੀ ਗਰੀਬੀ ਚੱਕ ਦਏ! ਇਸ ਦੇ ਖੂੰਜੇ ਵਿਚ ਕੰਕਰਾਂ ਵਾਂਗ ਸੁੱਟੇ ਪਏ ਹਨ! ਸਹੀ ਹੈ, ਜੌਹਰੀ ਬਗੈਰ ਕੌਣ ਪਛਾਣੇ! ਮੂਰਖਾਂ ਵਾਸਤੇ ਕੰਕਰ ਨੇ।
ਦੀਨ ਤੋਂ ਪੁੱਛਿਆ। ਉਸ ਨੇ ਕੋਈ ਗੱਲ ਨਹੀਂ ਛੁਪਾਈ। ਬੱਚਿਆਂ ਵਾਂਗ ਇੱਕ-ਇੱਕ ਦੋ-ਦੋ ਕੱਕੜੀਆਂ, ਮਤੀਰੇ ਦਾਤੀ ਨਾਲ ਚੀਰ ਕੇ ਵੀ ਦਿਖਾਏ। ਦੱਸਿਆ- ਹੱਕ ਤਾਂ ਮੇਰਾ ਬਾਜਰੇ ਦੇ ਖੇਤ ਉਪਰ ਬਣਦਾ ਸੀ, ਭਾਬੀ ਦੀ ਸੀਖਤ ਵਿਚ ਆ ਕੇ ਭਰਾ ਨੇ ਮੈਨੂੰ ਇਹ ਕੱਕੜੀਆਂ ਮਤੀਰਿਆਂ ਦਾ ਖੇਤ ਦੇ ਦਿੱਤਾ। ਕੁਦਰਤ ਵੀ ਸ਼ਾਇਦ ਭਾਬੀ ਦੀ ਸੀਖਤ ਮੰਨਦੀ ਹੈ। ਤੁਸੀਂ ਤਾਂ ਦੇਸ-ਪਰਦੇਸ ਵਿਚ ਘੁੰਮਦੇ ਰਹਿੰਦੇ ਹੋ, ਦੱਸੋ ਕਿਤੇ ਦੇਖਿਆ ਕੁਦਰਤ ਦਾ ਇਹ ਤਮਾਸ਼ਾ? ਬੀਜ ਹੁੰਦੇ, ਮਗਜ਼ ਕੱਢ ਕੇ ਖਾਂਦੇ ਮਜ਼ੇ ਨਾਲ। ਕੰਕਰ ਨਾ ਖਾਏ ਜਾਣ ਨਾ ਨਿਗਲੇ ਜਾਣ!
ਉਸ ਦੀਆਂ ਗੱਲਾਂ ਸੁਣ ਕੇ ਲੱਖੀ ਵਣਜਾਰਾ ਉਲਝਣ ਵਿਚ ਪੈ ਗਿਆ। ਯਕੀਨ ਆਵੇ ਤਾਂ ਕਿਵੇਂ ਆਵੇ? ਕੋਈ ਇਹੋ ਜਿਹਾ ਬੰਦਾ ਵੀ ਹੈ ਦੁਨੀਆ ਵਿਚ ਜਿਸ ਨੂੰ ਹੀਰੇ ਮੋਤੀ ਅਤੇ ਕੰਕਰ ਵਿਚ ਫਰਕ ਨਾ ਦਿਸੇ? ਸੈਂਕੜੇ ਸਾਧੂ ਸੰਤਾਂ, ਰਿਸ਼ੀਆਂ ਮੁਨੀਆਂ ਨਾਲ ਵਾਹ ਪਿਆ, ਇਹੋ ਜਿਹੀ ਅਭੇਦ ਖਰੀ ਨਜ਼ਰ ਤਾਂ ਅੱਜ ਤੱਕ ਨਹੀਂ ਦੇਖੀ। ਲੱਖੀ ਉਨ੍ਹਾਂ ਕੰਕਰਾਂ ਦਾ ਮੁੱਲ ਚੰਗੀ ਤਰ੍ਹਾਂ ਜਾਣਦਾ ਸੀ। ਖਜ਼ਾਨੇ ਦੀ ਮਰਿਆਦਾ ਦਾ ਮਾਣ ਰੱਖਦਿਆਂ ਦੀਨ ਨੂੰ ਕਿਹਾ- ਕੁਦਰਤ ਦੇ ਤਮਾਸ਼ੇ ਬਾਰੇ ਸੋਚਣਾ ਬੰਦ ਕਰ। ਇੱਕ-ਇੱਕ ਕੰਕਰ ਬਦਲੇ ਮੈਂ ਤੈਨੂੰ ਸੌ-ਸੌ ਮੁਹਰਾਂ ਦਿੰਦਾ। ਫੇਰ ਤਾਂ ਕੋਈ ਫਿਕਰ ਨਹੀਂ?
-ਮੈਂ ਫਿਕਰ ਦੀ ਗੱਲ ਕਦ ਕੀਤੀ? ਮੈਂ ਤਾਂ ਕੁਦਰਤ ਦੇ ਤਮਾਸ਼ੇ ਦਾ ਜ਼ਿਕਰ ਕੀਤਾ ਹੈ ਤੁਹਾਡੇ ਕੋਲ ਸਿਰਫ। ਲਗਦੈ ਤੁਸੀਂ ਵੀ ਮੇਰਾ ਮਜ਼ਾਕ ਉਡਾਣ ਲੱਗੇ। ਕੰਕਰ ਜਾਂ ਮੁਹਰਾਂ ਖਾ ਕੇ ਦਿਖਾਉ ਮੈਨੂੰ ਤਾਂ ਮੰਨਾ। ਓ ਪੇਟ ਤਾਂ ਮਗਜ਼ਾਂ, ਬਾਜਰੇ ਜਾਂ ਜਵਾਰ ਦੇ ਦਾਣਿਆਂ ਨਾਲ ਭਰੂ। ਮੇਰਾ ਫਿਕਰ ਨਾ ਕਰੋ। ਭੁੱਖ ਤ੍ਰੇਹ ਦੀ ਮੈਂ ਬਹੁਤੀ ਪਰਵਾਹ ਨਹੀਂ ਕਰਿਆ ਕਰਦਾ। ਮੈਂ ਤਾਂ ਮਤੀਰੇ ਦੇ ਗੁੱਦੇ ਨਾਲ ਕੰਮ ਸਾਰ ਲੂੰ। ਫੇਰ ਜੰਗਲ ਵਿਚ ਫਲ ਬੂਟੇ ਕਿਹੜਾ ਥੋੜ੍ਹੇ ਨੇ।
ਲੱਖੀ ਵਣਜਾਰੇ ਨੇ ਧੀਰਜ ਨਾਲ ਗੱਲ ਸਮਝਾਉਣੀ ਚਾਹੀ- ਬਾਜ਼ਾਰ ਜਾਹ। ਇੱਕ ਮੁਹਰ ਬਦਲੇ ਜੋ ਚਾਹੇਂ ਜਿੰਨਾ ਚਾਹੇਂ ਖਰੀਦ ਸਕਦੈਂ, ਘਿਉ, ਗੁੜ, ਖੰਡ, ਮਿਰਚ, ਮਸਾਲੇ, ਭਾਂਡੇ-ਟੀਂਡੇ, ਕੱਪੜੇ ਲੱਤੇ, ਗਾਂ ਮੱਝ ਕੁਝ ਵੀ। ਮੁਹਰਾਂ ਜੇਬ ਵਿਚ ਹੋਣ ਤਾਂ ਪੱਕੀ ਹਵੇਲੀ ਬਣਨ ਵਿਚ ਦੇਰ ਨਹੀਂ ਲਗਦੀ।
ਪਰ ਦੀਨ ਦੇ ਦਿਮਾਗ ਵਿਚ ਕੋਈ ਗੱਲ ਵੜੀ ਹੀ ਨਾ। ਕਹਿੰਦਾ- ਨਾ ਬਾਬਾ ਨਾ, ਇਹ ਕੂੜਾ-ਕਬਾੜਾ ਮੈਨੂੰ ਨਹੀਂ ਠੀਕ ਲਗਦਾ। ਪਸ਼ੂ-ਪੰਛੀਆਂ ਕੋਲ ਕਿਹੜੀਆਂ ਮੁਹਰਾਂ ਨੇ? ਫੇਰ ਵੀ ਮਜ਼ੇ ਨਾਲ ਰਹਿੰਦੇ ਨੇ, ਉਡੇ ਫਿਰਦੇ ਨੇ। ਮੈਂ ਨਹੀਂ ਦੇਖਿਆ ਉਹ ਕਦੇ ਰੋਣ ਧੋਣ ਕਰਦੇ ਹੋਣ।
ਵਾਰ-ਵਾਰ ਲੱਖੀ ਵਣਜਾਰਾ ਜ਼ਿੱਦ ਕਰਦਾ ਰਿਹਾ ਤਾਂ ਆਖਰ ਜਵਾਰ ਬਾਜਰੇ ਦੀਆਂ ਪੰਜਾਹ ਭਰੀਆਂ ਬਦਲੇ ਦੀਨ ਸਾਰੇ ਹੀਰੇ, ਮਤੀਰੇ ਤੇ ਕੱਕੜੀਆਂ ਦੇਣੀਆਂ ਮੰਨ ਗਿਆ। ਉਲਟਾ ਲੱਖੀ ਵਣਜਾਰੇ ਨੂੰ ਸਮਝਾਉਣ ਲੱਗਾ- ਮੈਂ ਸਾਰਾ ਹਿਸਾਬ ਲਾ ਲਿਆ। ਸਾਲ ਭਰ ਵਾਸਤੇ ਇਹ ਅੰਨ ਮੇਰੇ ਲਈ ਬਹੁਤ ਹੈ। ਇਸ ਵਿਚੋਂ ਨਾ ਪੰਛੀਆਂ ਲਈ ਚੋਗੇ ਦੀ ਕਮੀ ਰਹੇ ਨਾ ਸਾਧੂ ਸੰਤਾਂ ਵਾਸਤੇ ਭੋਜਨ ਘਟੇ। ਤੇ ਮੈਨੂੰ ਬੈਠੇ ਬਠਾਏ ਨੂੰ ਦੋ ਵੇਲੇ ਦੀ ਰੋਟੀ! ਮੰਨੋ, ਮੇਰੀਆਂ ਲੋੜਾਂ ਬਹੁਤ ਘੱਟ ਨੇ। ਮੈਨੂੰ ਸੁਫਨੇ ਵਿਚ ਵੀ ਕਦੇ ਘਾਟਾ ਨਹੀਂ ਪਿਆ। ਕੁਦਰਤ ਦੀ ਮਨਸ਼ਾ ਵਾਂਗ ਜੀ ਰਿਹਾ ਹਾਂ। ਪੂਰਾ ਸੁਖੀ। ਕਮੀ ਹੈ ਹੀ ਨਹੀਂ ਜਦੋਂ। ਕੁਦਰਤ ਤੋਂ ਮੰਗੀ ਜਾਣਾ, ਮੰਗੀ ਜਾਣਾ, ਮੇਰੀ ਆਦਤ ਨਹੀਂ।
ਦੀਨ ਦੀ ਬੇਵਕੂਫੀ ਦਾ ਲੱਖੀ ਕੋਲ ਨਾ ਕੋਈ ਇਲਾਜ ਨਾ ਕੋਈ ਜਵਾਬ। ਦੀਨ ਨਹੀਂ ਮੰਨਿਆ ਤਾਂ ਠੀਕ ਹੈ, ਲੱਖੀ ਮੰਨ ਗਿਆ। ਤਾਂ ਵੀ ਏਨਾ ਮਾਲ ਮੁਫਤ ਵਿਚ ਲੈ ਕੇ ਲੱਖੀ ਨੂੰ ਜਿੰਨੀ ਖੁਸ਼ੀ ਹੋਣੀ ਚਾਹੀਦੀ ਸੀ, ਹੋਈ ਨਹੀਂ। ਬਦਲੇ ਵਿਚ ਦੀਨ ਜਿੰਨੀਆਂ ਮਰਜ਼ੀ ਮੁਹਰਾਂ ਲੈ ਲੈਂਦਾ, ਖੁਸ਼ੀ ਹੁੰਦੀ। ਦੀਨ ਦੇ ਵਰਤਾਰੇ ਬਾਅਦ ਸੋਚਣ ਲੱਗਾ- ਏਨੀ ਹਫੜਾ ਦਫੜੀ, ਭੱਜ ਦੌੜ, ਖਿੱਚ ਧੂਹ ਕਿਸ ਵਾਸਤੇ? ਆਖਰ ਸਭ ਛੱਡ ਛਡਾ ਕੇ ਇੱਕ ਦਿਨ ਖਾਲੀ ਹੱਥ ਜਾਣਾ ਤਾਂ ਪਵੇਗਾ ਹੀ। ਸਾਰੀ ਠਾਠ ਬਾਤ ਧਰੀ ਧਰਾਈ ਰਹਿ ਜਾਏਗੀ। ਕਾਣੀ ਕੌਡੀ ਨਾਲ ਨਹੀਂ ਜਾਣੀ। ਏਸ ਪ੍ਰਪੰਚ ਦੀ ਕਿਤੇ ਤਾਂ ਹੱਦ ਹੋਵੇ! ਨਾ ਦੀਨ ਵਾਲੇ ਪਾਗਲਪਣ ਨਾਲ ਗੱਲ ਬਣੇਗੀ, ਨਾ ਵਣਜ ਵਪਾਰ ਦੇ ਨਿਰੰਤਰ ਚੱਕਰ ਵਿਚੋਂ ਕੁਝ ਨਿਕਲੇਗਾ। ਇਹੋ ਜਿਹੀ ਉਧੇੜ ਬੁਣ ਉਸ ਦੀ ਜ਼ਿੰਦਗੀ ਵਿਚ ਪਹਿਲੀ ਵਾਰ ਆਈ ਜ਼ਰੂਰ ਪਰ ਛੇਤੀ ਹੀ ਉਸ ਨੇ ਮੂੰਹ ਉਪਰੋਂ ਮੱਖੀ ਵਾਂਗ ਉਡਾ ਦਿੱਤੀ। ਹੁਣ ਇਹ ਕਾਰਵਾਂ ਸਮੇਟਣਾ ਆਸਾਨ ਕੰਮ ਨਹੀਂ। ਪਤਾ ਨਹੀਂ ਕਿੱਥੇ-ਕਿੱਥੇ ਵਪਾਰ ਦੀਆਂ ਤੰਦਾਂ ਉਲਝੀਆਂ ਪਈਆਂ ਨੇ। ਹੁਣ ਤੱਕ ਜੋ ਚੱਲਦਾ ਰਿਹਾ, ਉਹੀ ਚੱਲੇਗਾ। ਕਿਤੇ ਲੈਣਦਾਰੀਆਂ ਬਕਾਇਆ, ਕਿਤੇ ਦੇਣਦਾਰੀਆਂ। ਹੋਰ ਕੁਝ ਹੁਣ ਹੋ ਹੀ ਨਹੀਂ ਸਕਦਾ।
ਪਰ ਇਸ ਅਚਾਨਕ ਵਾਪਰੀ ਘਟਨਾ ਨੂੰ ਦੇਖ ਕੇ ਕਿਸਮਤ ਨੇ ਸੁਖ ਦਾ ਸਾਹ ਲਿਆ। ਲੱਛਮੀ ਵਲ ਮੁਸਕਰਾਉਂਦਿਆਂ ਬੋਲੀ- ਹੁਣ ਵੀ ਜ਼ਿੱਦ ਉਪਰ ਅੜੀ ਰਹੇਂਗੀ? ਤੇਰੀ ਅਪੰਰਪਾਰ ਮਿਹਰਬਾਨੀ ਦੇ ਬਾਵਜੂਦ ਦੀਨ ਨੂੰ ਘਾਟੇ ਦਾ ਘਾਟਾ। ਮੈਂ ਲੱਖੀ ਵਣਜਾਰੇ ਉਪਰ ਦਿਆਲੂ ਹੋਈ, ਦੀਨ ਦੀ ਸਾਰੀ ਮਾਇਆ ਇੱਧਰ ਆ ਡਿਗੀ ਮੁਫਤ ਵਿਚ। ਦੁਨੀਆ ਵਿਚਲਾ ਸਾਰਾ ਚਮਤਕਾਰ ਮੇਰਾ ਹੈ। ਤੂੰ ਹੁਣ ਵੀ ਨਾ ਮੰਨੇ ਤੇਰੀ ਮਰਜ਼ੀ।
-ਆਪਣੀ ਗੱਲ ਆਪਣੇ ¬¬¬¬¬¬¬¬¬ਅੰਦਰ ਰੱਖ, ਲੱਛਮੀ ਨੇ ਕਿਹਾ- ਮੈਨੂੰ ਸਮਝਾਉਣ ਦੀ ਲੋੜ ਨਹੀਂ। ਮੇਰੀ ਮਰਜ਼ੀ ਜੋ ਮੇਰੀ ਮਰਜ਼ੀ। ਤੂੰ ਤਾਂ ਚੀਜ਼ ਹੀ ਕੀ ਮੈਂ ਰੱਬ ਦੀ ਪਰਵਾਹ ਨੀ ਕੀਤੀ ਕਦੀ, ਉਹ ਵੀ ਮੇਰੀ ਸੰਗਤ ਵਾਸਤੇ ਤਰਸਦੈ। ਮੇਰੇ ਕ੍ਰਿਸ਼ਮੇ ਦਾ ਮੈਨੂੰ ਪਤਾ, ਤੂੰ ਚੁੱਪ-ਚਾਪ ਦੇਖਦੀ ਜਾਹ।
ਕਿਸਮਤ ਮੁਸਕਾਂਦੀ ਰਹੀ, ਲੱਛਮੀ ਖਿਝਦੀ ਰਹੀ।

ਅਚਾਨਕ ਲੱਖੀ ਵਣਜਾਰੇ ਦੇ ਦਿਲ ਵਿਚ ਰਾਜੇ ਦਾ ਖਿਆਲ ਆਇਆ, ਤਦ ਬਚਿਆ ਖੁਚਿਆ ਆਨੰਦ ਉਸ ਕੋਲੋਂ ਖਿਸਕਣ ਲੱਗਾ। ਉਥੋਂ ਦਾ ਰਾਜਾ ਖਰਾ ਧਰਮੀ, ਖਰਾ ਇਨਸਾਫ ਕਰਨ ਵਾਲਾ। ਵਣਜਾਰੇ ਨੂੰ ਪੁਰਾਣੀ ਘਟਨਾ ਯਾਦ ਆਈ। ਗਰੀਬ ਹੋਣ ਕਰ ਕੇ ਲੱਖੀ ਦੀ ਔਰਤ ਧਨਾਢ ਨਾਲ ਭੱਜ ਗਈ ਸੀ। ਲੱਖੀ ਇਸ ਰਾਜੇ ਕੋਲ ਆ ਕੇ ਫਰਿਆਦ ਕਰਦਾ ਤਾਂ ਰਾਜੇ ਨੇ ਔਰਤ ਲੱਖੀ ਨਾਲ ਤੋਰ ਦੇਣੀ ਸੀ ਪਰ ਇੱਧਰ ਧਿਆਨ ਦੇਣ ਦੀ ਥਾਂ ਉਸ ਨੇ ਸੋਚਿਆ ਧਨ ਕਮਾਉਂਦੇ ਹਾਂ। ਦਿਨ ਦੁੱਗਣੀ ਰਾਤ ਚੌਗਣੀ ਆਮਦਨ ਹੁੰਦੀ ਰਹੀ। ਰਾਜੇ ਨੂੰ ਪੂਰਾ ਟੈਕਸ ਦਿੰਦਾ। ਇੱਕ ਜ਼ਿਮੀਦਾਰ ਦੀ ਸੁਹਣੀ ਧੀ ਨਾਲ ਵਿਆਹ ਹੋ ਗਿਆ। ਸੁਖੀ ਵਸ ਰਿਹਾ ਸੀ।
ਆਪਣਾ ਤਾਮਝਾਮ ਲੈ ਕੇ ਲੱਖੀ ਵਣਜਾਰਾ ਰਾਜ ਮਹਿਲ ਪੁੱਜਾ। ਮੋਤੀਆਂ ਨਾਲ ਭਰਿਆ ਸੋਨੇ ਦਾ ਥਾਲ ਰਾਜੇ ਨੂੰ ਨਜ਼ਰਾਨਾ ਭੇਟ ਕੀਤਾ। ਆਦਮੀ ਸੋਚਦਾ ਕੁਝ ਹੈ, ਹੋ ਕੁਝ ਹੋਰ ਜਾਂਦਾ ਹੈ। ਜੇ ਹਰ ਸੋਚੀ ਹੋਈ ਗੱਲ ਪੂਰੀ ਹੋ ਜਾਏ, ਫੇਰ ਤਾਂ ਆਦਮੀ ਸੁਰਗ ਨੂੰ ਪੌੜੀਆਂ ਲਾ ਲਏ। ਰਾਜੇ ਕੋਲ ਰਾਜਕੁਮਾਰੀ ਬੈਠੀ ਸੀ। ਉਸ ਨੂੰ ਕੋਈ ਵਰ ਪਸੰਦ ਨਹੀਂ ਸੀ ਆਇਆ ਹੁਣ ਤੱਕ। ਇਹੋ ਜਿਹਾ ਅਮੁੱਲ ਖਜ਼ਾਨਾ ਦੇਖ ਕੇ ਰਾਜਾ ਖੁਸ਼ ਹੋਇਆ ਪਰ ਰਾਜਕੁਮਾਰੀ ਦੇ ਮੱਥੇ ਉਪਰ ਤਿਊੜੀਆਂ ਪੈ ਗਈਆਂ, ਬੋਲੀ- ਪਹਿਲੋਂ ਇਹ ਦੱਸੋ ਅਜਿਹਾ ਅਮੁੱਲ ਖਜ਼ਾਨਾ ਆਇਆ ਕਿੱਥੋਂ? ਹੁਣ ਰਾਜਾ ਵੀ ਕ੍ਰੋਧ ਵਿਚ ਆ ਗਿਆ। ਕਿਹਾ- ਪਹਿਲਾਂ ਤਾਂ ਇਹ ਦੱਸ ਇਹੋ ਜਿਹੇ ਹੀਰੇ ਲਏ ਕਿੱਥੋਂ, ਫਿਰ ਇਹ ਦੱਸ ਇਸ ਨਜ਼ਰਾਨੇ ਬਦਲੇ ਕਿਹੜਾ ਅਪਰਾਧ ਮਾਫ ਕਰਵਾਉਣ ਦੀ ਮਨਸ਼ਾ ਹੈ? ਸੱਚ ਦੱਸ ਦਏਂ ਤਾਂ ਗੁਨਾਹ ਮਾਫ, ਝੂਠ ਬੋਲਿਆ ਤਾਂ ਜਿਉਂਦੇ ਨੂੰ ਅੱਗ ਵਿਚ।
ਵਣਜਾਰਾ ਲੱਗਾ ਥਰ-ਥਰ ਕੰਬਣ। ਅੱਖਾਂ ਅੱਗੇ ਧੁੰਦ ਛਾ ਗਈ। ਹੀਰਿਆਂ ਦਾ ਥਾਲ ਹੱਥੋਂ ਡਿੱਗ ਪਿਆ। ਖੁਦ ਤੁਰ ਕੇ ਸ਼ੇਰ ਦੀ ਗੁਫਾ ਵਿਚ ਜਾ ਪੁੱਜਾ! ਇਹੋ ਨਤੀਜਾ ਨਿਕਲਣਾ ਸੀ! ਸੱਚ ਬੋਲਣਾ ਪਿਆ।
ਰਾਜਕੁਮਾਰੀ ਦੰਗ ਰਹਿ ਗਈ। ਇਹੋ ਜਿਹੇ ਹੀਰੇ ਰਤਨਾ ਨੂੰ ਕੰਕਰ ਜਾਣਨ ਵਾਲਾ ਅਜੇ ਵੀ ਧਰਤੀ ਉਪਰ ਕੋਈ ਬੰਦਾ ਹੈ? ਯਕੀਨ ਨਹੀਂ ਆਉਂਦਾ। ਫਿਰ ਵੀ ਭਰੋਸਾ ਕਰ ਕੇ ਉਸ ਨੇ ਪਿਤਾ ਨੂੰ ਕਿਹਾ- ਇਸ ਨੂੰ ਮੁਆਫ ਕਰ ਦਿਉ ਪਿਤਾਸ਼੍ਰੀ। ਇਹ ਨਜ਼ਰਾਨਾ ਲੈ ਕੇ ਨਾ ਆਉਂਦਾ ਤਾਂ ਮੈਨੂੰ ਅਜਿਹੇ ਅਮੁੱਲ ਜਵਾਨ ਦੀ ਦੱਸ ਨਾ ਪੈਂਦੀ। ਮੈਂ ਕਦੀ ਨਹੀਂ ਸੋਚਿਆ, ਮੇਰੇ ਕਾਬਲ ਕੋਈ ਜੁਆਨ ਹੈ ਜਾਂ ਹੋ ਸਕਦਾ ਹੈ। ਹੁਣ ਵਿਆਹ ਕਰਾਂਗੀ ਦੀਨ ਨਾਲ ਨਹੀਂ ਤਾਂ ਕਿਸੇ ਨਾਲ ਵੀ ਨਹੀਂ।
ਰਾਜੇ ਨੂੰ ਵੀ ਖੁਸ਼ੀ ਹੋਈ। ਏਨੀ ਸਮਝਦਾਰ ਧੀ ਕੁਆਰੀ ਕਿਉਂ ਰਹੇ? ਵਣਜਾਰੇ ਹੱਥ ਦੀਨ ਕੋਲ ਸਾਹਾ ਭੇਜ ਦਿੱਤਾ। ਢੋਲ ਨਗਾਰਿਆਂ ਨਾਲ ਲੱਖੀ ਜਦੋਂ ਪਿੰਡ ਪੁੱਜਾ ਤੇ ਦੀਨ ਨਾਲ ਰਾਜਕੁਮਾਰੀ ਦੇ ਸ਼ਗਨ, ਵਿਆਹ ਦੀ ਗੱਲ ਦੱਸੀ, ਸਾਰੇ ਦੰਗ ਰਹਿ ਗਏ। ਵੱਡੇ ਭਰਾ ਦੌਲਤ ਅਤੇ ਉਸ ਦੀ ਬੀਵੀ ਨੇ ਇੱਕ ਪਾਸੇ ਲਿਜਾ ਕੇ ਲੱਖੀ ਨੂੰ ਬੜਾ ਸਮਝਾਇਆ, ਦੀਨ ਦੀ ਨਿੰਦਾ ਚੁਗਲੀ ਕੀਤੀ, ਬੁਰਾ ਭਲਾ ਕਿਹਾ ਪਰ ਵਣਜਾਰਾ ਕਹੇ- ਮੈਂ ਰਾਜੇ ਦਾ ਹੁਕਮ ਕਿਵੇਂ ਟਾਲਾਂ? ਆਪਣੀ ਇੱਛਾ ਵਿਰੁੱਧ ਦੌਲਤ ਨੂੰ ਚੁੱਪ ਕਰਨਾ ਪਿਆ। ਭਾਬੀ ਡਰ ਗਈ, ਰਾਜੇ ਦਾ ਜਵਾਈ ਹੋ ਕੇ ਬਦਲਾ ਤਾਂ ਲਏਗਾ ਹੀ ਲਏਗਾ ਪਰ ਰਾਜੇ ਅੱਗੇ ਕਿਸ ਦਾ ਜ਼ੋਰ? ਬੁੱਲ੍ਹ ਮਿਚ ਗਏ। ਡਰ ਤੋਂ ਵੱਡਾ ਕੋਈ ਗੁਰੂ ਨਹੀਂ। ਪਾਗਲ ਦੀਨ ਨੂੰ ਨਾ ਭੈਅ ਨਾ ਲੋਭ। ਉਹ ਤਾਂ ਆਪਣੀ ਸਾਜੀ ਹੋਈ ਦੁਨੀਆ ਵਿਚ ਜਿਉਣਾ ਚਾਹੁੰਦਾ ਸੀ। ਰਾਜਕੁਮਾਰੀ ਨਾਲ ਵਿਆਹ ਦੀ ਗੱਲ ਉਸ ਦੇ ਗਲ ਵਿਚੋਂ ਨਹੀਂ ਉਤਰੀ। ਬਿਨਾ ਵਲ ਫੇਰ ਪਾਏ ਦੀਨ ਨੇ ਕਿਹਾ- ਮੈਂ ਕੋਈ ਕਸੂਰ ਕੀਤਾ ਹੋਵੇ, ਰਾਜਾ ਮੈਨੂੰ ਦੰਡ ਦੇ ਸਕਦਾ ਹੈ, ਇਹ ਉਸ ਨੂੰ ਹੱਕ ਹੈ, ਪਰ ਜ਼ਬਰਦਸਤੀ ਆਪਣੀ ਧੀ ਮੇਰੇ ਨਾਲ ਵਿਆਹੇ, ਇਹ ਨਹੀਂ ਹੋ ਸਕਦਾ। ਕਿਸੇ ਨਾਲ ਵਿਆਹ ਕਰਾਂ ਨਾ ਕਰਾਂ, ਇਹ ਮੇਰੀ ਮਰਜ਼ੀ ਹੈ। ਰਾਜਕੁਮਾਰੀ ਹੈ ਬੇਸ਼ੱਕ, ਹੈ ਤਾਂ ਔਰਤ ਜਾਤ, ਭਾਬੀ ਵਰਗੀ ਨਿਕਲੀ ਮੇਰਾ ਤਾਂ ਜੀਣਾ ਹਰਾਮ ਕਰ ਦਏਗੀ? ਮੈਂ ਨਹੀਂ ਮੁੱਲ ਲੈਣਾ ਇਹ ਖਤਰਾ।
ਦਿਉਰ ਦੀ ਗੱਲ ਸੁਣ ਕੇ ਭਾਬੀ ਅੱਗ ਬਗੂਲਾ ਹੋ ਗਈ, ਦਿਲ ਵਿਚ ਹਜ਼ਾਰਾਂ ਗਾਲਾਂ ਉਠੀਆਂ ਪਰ ਬੁੱਲ੍ਹ ਸਿਉਂ ਲਏ। ਗੁੱਸਾ ਬੜਾ ਸਿਆਣਾ ਹੁੰਦੈ। ਆਪਣੇ ਭਲੇ ਬੁਰੇ ਦਾ ਖਿਆਲ ਆਉਣ ਸਾਰ ਝੱਗ ਵਾਂਗ ਬੈਠ ਜਾਂਦਾ ਹੈ। ਵੱਡਾ ਭਾਈ ਹੁਣ ਕਿਸ ਹਥਿਆਰ ਦੀ ਵਰਤੋਂ ਕਰੇ, ਸਮਝ ਨਹੀਂ ਆਉਂਦਾ। ਧਰਤੀ ਦਾ ਕੋਨਾ-ਕੋਨਾ ਛਾਣਿਆ ਸੀ ਲੱਖੀ ਵਣਜਾਰੇ ਨੇ, ਕਦੇ ਹਾਥੀ ‘ਤੇ, ਕਦੀ ਘੋੜੇ ‘ਤੇ, ਕਦੀ ਪੈਦਲ ਪਰ ਦੀਨ ਵਰਗੇ ਮਨੁੱਖ ਦਾ ਜੋੜ ਨਹੀਂ ਦਿਸਿਆ ਕਿਤੇ। ਇਹੋ ਜਿਹੇ ਸਿਰਫਿਰਿਆਂ ਸਦਕਾ ਜਹਾਨ ਜਿਉਂਦਾ ਤਾਂ ਰਹਿੰਦਾ ਹੈ ਪਰ ਇਨ੍ਹਾਂ ਦੇ ਸਹਾਰੇ ਚਲਦਾ ਨਹੀਂ। ਦੀਨ ਦੀਆਂ ਨਵੀਆਂ ਨਿਰਾਲੀਆਂ ਗੱਲਾਂ ਸੁਣ ਕੇ ਵਣਜਾਰੇ ਨੂੰ ਲੱਗਾ ਜਿਵੇਂ ਅੰਦਰਲਾ ਅੰਧੇਰਾ ਥੋੜ੍ਹਾ-ਥੋੜ੍ਹਾ ਛਟਣ ਲੱਗਾ ਹੈ।
ਪਹਿਲਾਂ ਦੀਨ ਨੂੰ ਕਿਸੇ ਨੇ ਗੱਲ ਨਹੀਂ ਕਰਨ ਦਿੱਤੀ ਸੀ ਕਦੀ। ਚੁੱਪਚਾਪ ਵੱਡੇ ਭਰਾ ਦੀਆਂ ਵਗਾਰਾਂ ਕਰਦਾ ਰਹਿੰਦਾ। ਜ਼ਮੀਨ ਜਾਇਦਾਦ ਵਾਸਤੇ ਲੜਨਾ ਤਾਂ ਉਸ ਨੂੰ ਸਿਰੇ ਦੀ ਮੂਰਖਤਾ ਲਗਦੀ। ਗੱਲ ਹੋਵੇ ਤਾਂ ਬੰਦਾ ਝਗੜਾ ਝੇੜਾ ਕਰੇ ਵੀ! ਅੱਜ ਕੁਝ ਗੱਲਾਂ ਕਰਨ ਲੱਗਾ।
ਲੱਖੀ ਵਣਜਾਰੇ ਨੂੰ ਵਿਚੋਲਗਿਰੀ ਦਾ ਮੌਕਾ ਮਿਲਿਆ, ਉਹ ਵੀ ਰਾਜਕੁਮਾਰੀ ਦਾ, ਉਹ ਅਜਿਹੀ ਘੜੀ ਕਿਉਂ ਗਵਾਏ? ਸੋਚ ਸੋਚ ਕੇ ਦੀਨ ਨੂੰ ਕਿਹਾ- ਜੇ ਤੁਸੀਂ ਇਹ ਰਿਸ਼ਤਾ ਕਬੂਲ ਨਾ ਕੀਤਾ, ਰਾਜਾ ਜਿਉਂਦੇ ਨੂੰ ਕੰਧ ਵਿਚ ਚਿਣਵਾ ਦਿਉ। ਹੁਣ ਆਪਣਾ ਬੁਰਾ ਭਲਾ ਆਪ ਸੋਚ।
ਵਣਜਾਰੇ ਦੀ ਗੱਲ ਸੁਣ ਕੇ ਦੀਨ ਨੂੰ ਮੱਲੋ-ਮੱਲੀ ਹਾਸੀ ਆ ਗਈ। ਹੱਸਦਿਆਂ ਹੱਸਦਿਆਂ ਕਹਿਣ ਲੱਗਾ- ਹੁਣ ਤੱਕ ਸਾਰੇ ਮੈਨੂੰ ਤੂੰ ਤੂੰ ਕਰ ਕੇ ਬੁਲਾਇਆ ਕਰਦੇ, ਰਾਜਕੁਮਾਰੀ ਦਾ ਰਿਸ਼ਤਾ ਆਉਂਦਿਆਂ ਹੀ ਤੁਸੀਂ ਤੁਸੀਂ ਦੀ ਝੜੀ ਲਾ ਦਿੱਤੀ। ਰਾਜੇ ਦਾ ਨਾਮ ਤਾਂ ਹੈ ਵੱਡਾ ਪਰ ਇਹ ਦੱਸੋ ਕੋਈ ਜੰਮਿਆ ਜਾਇਆ ਮੌਤ ਤੋਂ ਕਿੰਨਾ ਕੁ ਚਿਰ ਡਰੇਗਾ? ਕੰਧਾਂ ਵਿਚ ਚਿਣਾਉਣ ਦਾ ਹੁਕਮ ਦੇਣ ਵਾਲੇ ਰਾਜੇ ਕਦੇ ਮਰਨਗੇ ਨਹੀਂ? ਫਿਰ ਮੌਤ ਤੋਂ ਸਾਨੂੰ ਕਿਉਂ ਡਰਾਉਂਦੇ ਨੇ? ਉਨ੍ਹਾਂ ਨੂੰ ਪੁੱਛਣਾ ਤਾਂ ਸੀ ਤੁਸੀਂ? ਚੁੱਪਚਾਪ ਸਾਹਾ ਫੜ ਲਿਆ ਤੇ ਤੁਰ ਆਏ ਪਾਗਲਾਂ ਵਾਂਗ ਵਿਆਹ ਦੀ ਪੇਸ਼ਕਸ਼ ਲੈ ਕੇ।
ਲੱਖੀ ਵਣਜਾਰੇ ਨੂੰ ਇਹੋ ਜਿਹੇ ਜਵਾਬ ਦੀ ਹੀ ਉਮੀਦ ਸੀ। ਜਵਾਬ ਸੁਣ ਕੇ ਫਿਕਰਮੰਦ ਨਹੀਂ ਹੋਇਆ ਪਰ ਦਿਲ ਦੀ ਗੱਲ ਜ਼ਾਹਰ ਨਹੀਂ ਕੀਤੀ। ਛੋਟੇ ਭਰਾ ਉਤੇ ਧੌਂਸ ਜਮਾਉਣ ਵਾਲਾ ਦੌਲਤ ਬੜਾ ਘਬਰਾਇਆ। ਇਹ ਬੇਵਕੂਫ ਪੂਰੇ ਪਿੰਡ ਨੂੰ ਮਰਵਾਏਗਾ। ਹੁਣ ਤਾਂ ਇਸ ਦੀ ਖਿੱਚ ਧੂਹ ਲਾਹਣਤ ਵੀ ਨਹੀਂ ਕਰਨ ਜੋਗੇ। ਰਾਜੇ ਦਾ ਜਵਾਈ ਮਨਮਰਜ਼ੀ ਨਹੀਂ ਕਰੇਗਾ ਹੋਰ ਕੀ ਕਰੇਗਾ? ਸੌ ਸੁਨਿਆਰ ਦੀ ਇੱਕ ਲੁਹਾਰ ਦੀ! ਸਭ ਕੁਝ ਚਕਨਾ ਚੂਰ! ਹਾਲਾਤ ਦੇਖ ਕੇ ਉਸ ਨੇ ਮਿੰਨਤ ਤਰਲਾ ਸ਼ੁਰੂ ਕੀਤਾ, ਅਰਜੋਈਆਂ ਦੀ ਝੜੀ ਲਾ ਦਿੱਤੀ, ਹੱਥ ਪੈਰ ਜੋੜੇ, ਆਖਰ ਦਾਅ ਠੀਕ ਬੈਠ ਗਿਆ। ਦੀਨ ਦਾ ਸਖਤ ਹਿਰਦਾ ਓਲੇ ਵਾਂਗ ਪੰਘਰ ਗਿਆ।
ਰਾਜਕੁਮਾਰੀ ਨਾਲ ਵਿਆਹ ਵਾਸਤੇ ਔਖਾ ਸੌਖਾ ਮੰਨ ਗਿਆ ਪਰ ਇੱਕ ਜ਼ਿੱਦ ਹੋਰ ਫੜ ਲਈ। ਠੀਕ ਹੈ, ਜੰਨ ਚੜੂੰਗਾ ਪਰ ਹਾਥੀ ਉਪਰ ਸੋਨੇ ਦੇ ਹੌਦੇ ਤੇ ਨਹੀਂ ਬੈਠਾਂਗਾ। ਕਹਿੰਦਾ ਹਾਥੀ ਉਪਰ ਬੈਠਾ ਬੰਦਾ ਡੱਡੂ ਲਗਦੈ। ਹਾਥੀ ਦਿਸੀ ਜਾਂਦੈ, ਬੰਦਾ ਦਿਸਦਾ ਨਹੀਂ। ਧਰਤੀ ਉਪਰ ਪੈਦਲ ਜਾਂਦਾ ਮਰਦ ਕਿੰਨਾ ਤਾਕਤਵਰ, ਕਿੰਨਾ ਗਜ਼ਬ ਲਗਦਾ ਹੈ। ਕਦਮ ਕਦਮ ਅੱਗੇ ਵਧਣ ਦਾ ਜ਼ਾਇਕਾ ਹੀ ਕੁਝ ਹੋਰ ਹੈ …। ਇਹ ਕਹਿ ਕੇ ਕਠਪੁਤਲੀ ਵਾਂਗ ਉਹ ਵੱਡੇ ਭਾਈ ਅੱਗੇ ਖਲੋ ਗਿਆ। ਹੱਥ ਜੋੜ ਕੇ ਕਿਹਾ- ਹਾਥੀ ਦੀ ਸਵਾਰੀ ਕਰਨ ਵਾਸਤੇ ਮੈਨੂੰ ਮਨਾਉਣ ਨਾ ਲੱਗ ਜਾਇਉ। ਤੁਹਾਡੀ ਗੱਲ ਰੱਦ ਕਰਨੀ ਮੈਨੂੰ ਚੰਗੀ ਨਹੀਂ ਲਗਦੀ, ਆਖਰ ਮੇਰੇ ਤੋਂ ਤਿੰਨ ਸਾਲਾ ਪਹਿਲਾਂ ਮਾਂ ਦਾ ਦੁੱਧ ਤੁਸੀਂ ਚੁੰਘਿਆ ਹੈ ਨਾ, ਮਾਂ ਦੀ ਮਰਿਆਦਾ ਵੀ ਤਾਂ ਮੈਨੂੰ ਰੱਖਣੀ ਪਏਗੀ। ਰਾਜਕੁਮਾਰੀ ਨਾਲ ਵਿਆਹ ਦੀ ਬਲਾ ਸਹੇੜਨ ਦੀ ਗੱਲ ਮੈਂ ਮੰਨ ਗਿਆ, ਇਸੇ ਨੂੰ ਬਹੁਤ ਸਮਝੋ। ਹਾਥੀ ‘ਤੇ ਨਹੀਂ ਚੜ੍ਹਨਾ ਮੈਂ।
ਦੌਲਤ ਨੂੰ ਵੀ ਛੋਟੇ ਭਾਈ ਉਪਰ ਤਰਸ ਆ ਗਿਆ। ਹੱਸ ਕੇ ਕਹਿੰਦਾ- ਤੇਰੀ ਮਰਜ਼ੀ ਹੁਣ, ਮੇਰੇ ਭਾਣੇ ਗੋਡਣੀਆਂ ਭਾਰ ਰੁੜ੍ਹਦਾ ਜਾਹ। ਮੈਨੂੰ ਕੋਈ ਇਤਰਾਜ਼ ਨਹੀਂ ਪਰ ਰਾਜਾ ਜੀ ਨੂੰ ਕਹਿ ਕੇ ਮੇਰੇ ਨਾਮ ਬਾਰਾਂ ਪਿੰਡਾਂ ਦਾ ਪਟਾ ਤਾਂ ਲਿਖਵਾਂ ਦੇਈਂ। ਤੇਰਾ ਵੱਡਾ ਭਰਾ ਹਾਂ ਆਖਰ।
ਇਹੋ ਜਿਹੀਆਂ ਗੱਲਾਂ ਉਪਰ ਦੀਨ ਸਿਰ ਖਪਾਈ ਨਹੀਂ ਸੀ ਕਰਿਆ ਕਰਦਾ। ਸਿਰ ਨੂੰ ਕਿਉਂ ਵਖਤ ਪਾਈ ਰੱਖਣਾ ਹੋਇਆ ਹਰ ਵਕਤ ਜਦੋਂ ਉਸ ਦਾ ਸਾਰਾ ਸਰੀਰ ਸੋਚਣ ਦਾ ਕੰਮ ਕਰਦਾ ਹੈ। ਸਹਿਜ, ਭਾਵ ਮੁਆਫੀ ਮੰਗਣ ਦੇ ਲਹਿਜੇ ਵਿਚ ਬੋਲਿਆ- ਹੁਕਮ ਕਰੋ ਤਾਂ ਆਪਣਾ ਸਿਰ ਕੱਟ ਕੇ ਤੁਹਾਡੇ ਕਦਮਾਂ ਵਿਚ ਰੱਖ ਦਿਆਂ ਪਰ ਰਾਜੇ ਤੋਂ ਪਿੰਡ ਦਿਵਾਉਣ ਦਾ ਮੇਰਾ ਕੋਈ ਹੱਕ ਨਹੀਂ। ਦੂਜੇ ਜ਼ਿਮੀਦਾਰਾਂ ਵਾਂਗ ਹੱਥ ‘ਤੇ ਹੱਥ ਧਰੀ ਬੈਠੇ ਹਰਾਮ ਦੀ ਕਮਾਈ ਪਚਾ ਲਉਂਗੇ?
ਦੌਲਤ ਕੁਝ ਕਹਿਣ ਲੱਗਾ ਸੀ ਕਿ ਭਾਬੀ ਨੇ ਟੋਕ ਦਿੱਤਾ- ਪਹਿਲਾਂ ਵਿਆਹ ਤਾਂ ਹੋ ਲੈਣ ਦੋ। ਪਿੱਛੋਂ ਦੇਖੀ ਜਾਊਗੀ। ਦੀਨ ਨੂੰ ਕਿਹਾ- ਤੈਥੋਂ ਵੱਡੇ ਨੇ ਇਹ, ਤੈਨੂੰ ਸਿੱਖਿਆ ਦਿੰਦੇ ਨੂੰ ਸੰਗ ਨਹੀਂ ਲਗਦੀ ਦੀਨ? ਰਾਜੇ ਦਾ ਸੌ ਵਾਰ ਜਵਾਈ ਹੋਜਾ, ਇਨ੍ਹਾਂ ਤੋਂ ਰਹੇਂਗਾ ਤਾਂ ਛੋਟਾ ਹੀ। ਇੱਕ ਘੜੀ ਵੀ ਵੱਡਾ ਨਹੀਂ ਹੋ ਸਕਦਾ।
ਦੀਨ ਨੇ ਕੀ ਬਹਿਸ ਕਰਨੀ ਸੀ? ਵਣਜਾਰੇ ਨੂੰ ਕਹਿੰਦਾ- ਪਤਾ ਨਹੀਂ ਕਿਹੜੀ ਕੁਲੱਖਣੀ ਘੜੀ ਮੇਰੇ ਵਿਹੜੇ ਕੋਲ ਤੁਸੀਂ ਤੰਬੂ ਤਾਣ ਲਏ। ਬਿਨਾ ਦੱਸੇ ਮੇਰੇ ਉਪਰ ਬਿਪਤਾ ਆ ਡਿੱਗੀ। ਭਾਣਾ ਮੰਨਣ ਬਿਨਾ ਹੁਣ ਤਾਂ ਕੋਈ ਚਾਰਾ ਵੀ ਨਹੀਂ ਨਾ। ਠੀਕ ਐ ਫੇਰ, ਜਾਣੈ ਤਾਂ ਦੇਰ ਕਾਸ ਵਾਸਤੇ? ਚਲਦੇ ਹਾਂ। ਬੁਰੇ ਸੁਫਨੇ ਵਾਂਗ ਇਹ ਵੀ ਬਰਦਾਸ਼ਤ ਕਰ ਲਵਾਂਗੇ।
ਲੱਖੀ ਵਣਜਾਰੇ ਦੀ ਖੁਸ਼ੀ ਦਾ ਕੋਈ ਪਾਰਾਵਾਰ ਨਹੀਂ। ਵੱਡੇ ਤੋਂ ਵੱਡੇ ਸੌਦੇ ਦੇ ਮੁਨਾਫੇ ਨਾਲੋਂ ਦੀਨ ਦੇ ਸੰਗ ਸਾਥ ਪੈਦਲ ਜਾ ਕੇ ਰਾਜਕੁਮਾਰੀ ਵਿਆਹ ਲਿਆਉਣ ਵਰਗਾ ਮਾਣ ਕਿੱਥੇ ਹੋਰ? ਤੁਰਦੀ ਤੁਰਦੀ ਤਾਂ ਕੀੜੀ ਵੀ ਮੰਜ਼ਲ ‘ਤੇ ਪਹੁੰਚ ਜਾਂਦੀ ਹੈ। ਪੁੱਜ ਗਏ। ਰਾਜਾ, ਰਾਜਕੁਮਾਰੀ, ਦਰਬਾਰੀ ਸਭ ਇੰਤਜ਼ਾਰ ਕਰ ਰਹੇ ਸਨ। ਲੱਖੀ ਵਣਜਾਰੇ ਨਾਲ ਦੀਨ ਆਉਂਦਾ ਦੇਖਿਆ, ਸ਼ਹਿਨਾਈਆਂ ਵੱਜ ਗਈਆਂ।
ਮਹਾਵਤ ਨੇ ਪਹਿਲਾਂ ਹੀ ਆ ਕੇ ਰਾਜਕੁਮਾਰੀ ਨੂੰ ਦੱਸ ਦਿੱਤਾ ਸੀ ਕਿ ਉਹਨੇ ਹਾਥੀ ਉਤੇ ਬੈਠਣ ਤੋਂ ਇਨਕਾਰ ਕਰ ਦਿੱਤਾ ਹੈ, ਪੈਦਲ ਚੱਲਣ ਦੀ ਜ਼ਿੱਦ ਬਾਰੇ ਦੱਸਿਆ। ਰਾਜਕੁਮਾਰੀ ਹੋਰ ਖੁਸ਼ ਹੋਈ। ਰਾਜੇ ਨੂੰ ਦੱਸਿਆ, ਉਹ ਵੀ ਖੁਸ਼ ਹੋਇਆ, ਕਿਉਂਕਿ ਉਸ ਦੀ ਧੀ ਦਾ ਸੁਭਾਅ ਵੀ ਬਿਲਕੁਲ ਇਹੋ ਜਿਹਾ ਸੀ, ਜੋੜੀ ਖੂਬ ਬਣੇਗੀ।
ਮਿੱਟੀ ਘੱਟੇ ਵਿਚ ਲਿੱਬੜੇ ਬੰਨੜੇ ਨੂੰ ਇਸ਼ਨਾਨ ਕਰਵਾਉਣ ਬਾਂਦੀਆਂ ਆਈਆਂ। ਦੀਨ ਨੇ ਮੋੜ ਦਿੱਤੀਆਂ, ਕਹਿੰਦਾ- ਮੇਰੇ ਹੱਥ ਪੈਰ ਕੰਮ ਨਹੀਂ ਕਰਦੇ? ਮੈਂ ਕੋਈ ਬਿਮਾਰ ਹਾਂ? ਖੂਹ ਵਿਚੋਂ ਖੁਦ ਬਾਲਟੀ ਪਾਣੀ ਦੀ ਕੱਢਾਂਗਾ, ਖੁਦ ਨਹਾਵਾਂਗਾ। ਹੱਥ ਪੈਰ ਨਾ ਹਿਲਾਵਾਂ ਮੈਨੂੰ ਚੈਨ ਨਹੀਂ ਮਿਲਦਾ।
ਬਾਂਦੀਆਂ ਬੁੱਲ੍ਹਾਂ ਹੀ ਬੁੱਲ੍ਹਾਂ ਵਿਚ ਚੁੰਨੀ ਦੀ ਕੰਨੀ ਦਬਾ ਕੇ ਹੱਸੀਆਂ। ਪੇਂਡੂ, ਪੇਂਡੂ ਹੀ ਰਹੇਗਾ। ਰਾਜ ਦਰਬਾਰ ਦੇ ਤੌਰ ਤਰੀਕੇ ਕੀ ਜਾਣੇ ਵਿਚਾਰਾ! ਰਾਜਕੁਮਾਰੀ ਕਰ ਕੇ ਰਾਜੇ ਦੇ ਵੀ ਭਾਗ ਫੁੱਟ ਗਏ। ਰੱਬ ਤੋਂ ਬਿਨਾ ਕੌਣ ਇਨ੍ਹਾਂ ਨੂੰ ਸਮਝਾਏ। ਜਵਾਈ ਹੋਵੇ ਅੰਨਦਾਤਾ ਦਾ, ਪਾਣੀ ਦੀ ਬਾਲਟੀ ਖਿੱਚੇ ਆਪ। ਬੇਇੱਜ਼ਤੀ ਕਰਨ ਵਿਚ ਕੋਈ ਕਸਰ ਬਾਕੀ ਤਾਂ ਨਹੀਂ ਹੋਰ?
ਰੇਸ਼ਮੀ ਲਿਬਾਸ ਲੈ ਕੇ ਆਈਆਂ ਬਾਂਦੀਆਂ ਨੂੰ ਕਿਹਾ- ਨਾ, ਆਪਣੇ ਕੋਲ ਰੱਖੋ ਆਪਣੇ ਲਿਬਾਸ, ਮੈਨੂੰ ਆਪਣਾ ਦੇਸੀ ਪਹਿਰਾਵਾ ਠੀਕ ਹੈ। ਜੇ ਰੇਸ਼ਮੀ ਕੱਪੜਿਆਂ ਨਾਲ ਵਿਆਹ ਕਰਵਾਉਣਾ ਸੀ, ਫਿਰ ਮੈਨੂੰ ਕਿਉਂ ਸੱਦਿਆ? ਦੇਹ ਨੂੰ ਸ਼ਿੰਗਾਰਨ ਨਾਲ ਆਦਮੀ ਗੁਣਵਾਨ ਨਹੀਂ ਹੋਇਆ ਕਰਦਾ।
ਦਰਬਾਰ ਦੇ ਸਾਰੇ ਲੋਕ ਦੀਨ ਦੀਆਂ ਗੱਲਾਂ ਸੁਣ ਕੇ ਕੁੜ੍ਹਦੇ ਪਰ ਰਾਜਕੁਮਾਰੀ ਦੇ ਦਿਲ ਦੀ ਕਲੀ ਕਲੀ ਖਿੜੀ ਜਾਂਦੀ। ਮਨੋਕਾਮਨਾ ਅਨੁਸਾਰ ਉਸ ਨੂੰ ਪਤੀ ਮਿਲ ਗਿਆ। ਆਦਮੀ ਦੀ ਦੇਹ ਵਿਚਲੇ ਗਿੱਦੜ ਬਘਿਆੜ ਦਰਬਾਰੀਆਂ ਵਿਚ ਦਿਸਦੇ ਸਨ। ਹਜ਼ਾਰ ਪਦਵੀਆਂ ਦੇ ਦਿਉ। ਆਦਮੀ ਮਹਾਨ ਨਹੀਂ ਹੁੰਦਾ, ਆਚਰਨ ਵੱਡਾ ਬਣਾਉਂਦਾ ਹੈ। ਅੰਦਰ ਹਨੇਰਾ ਹੈ ਤਾਂ ਹਜ਼ਾਰ ਸੂਰਜ ਉਸ ਵਿਚ ਚਾਨਣ ਨਹੀਂ ਕਰ ਸਕਦੇ। ਰਾਜਕੁਮਾਰੀ ਖੁਸ਼ ਹੈ ਤਾਂ ਰਾਜਾ ਬੇਅੰਤ ਖੁਸ਼।
ਫੇਰਿਆਂ ਤੋਂ ਪਹਿਲਾਂ ਬਾਂਦੀਆਂ ਉਸ ਨੂੰ ਹੀਰੇ ਮੋਤੀ ਜੜਤ ਰੰਗ ਮਹਿਲ ਵਿਚ ਲੈ ਗਈਆਂ। ਇਤਰ ਫੁਲੇਲ ਦੇ ਵਰੋਲੇ ਸਿਰ ਨੂੰ ਚੜ੍ਹ ਗਏ, ਚੱਕਰ ਆ ਗਏ। ਨੱਕ ਉਪਰ ਕੱਪੜਾ ਰੱਖ ਕੇ ਕਹਿੰਦਾ- ਇੱਥੇ ਕੋਈ ਬਿੱਲੀ ਮਰੀ ਪਈ ਲਗਦੀ ਹੈ! ਹਾਸਾ ਰੋਕ ਕੇ ਬਾਂਦੀਆਂ ਨੇ ਦੱਸਿਆ- ਦੂਲੇ ਰਾਜੇ ਖਾਤਰ ਉਜੈਨ ਤੋਂ ਇਤਰ ਦੀਆਂ ਸ਼ੀਸ਼ੀਆਂ ਮੰਗਵਾਈਆਂ ਹਨ, ਮੁਸ਼ਕ ਕਾਫੂਰ ਦੇ ਦੀਵੇ ਬਾਲੇ ਹਨ। ਅੱਜ ਦੀ ਰਾਤ ਖੁਸ਼ਬੂ ਨਹੀਂ ਬਰਸੀ ਤਾਂ ਕਦੋਂ ਬਰਸੇਗੀ ਫੇਰ?
-ਸਮਝਣਾ ਨਹੀਂ ਚਾਹੁੰਦੀਆਂ ਤਾਂ ਕਿਵੇਂ ਸਮਝਾਵਾਂ? ਦੀਨ ਨੇ ਕਿਹਾ- ਆਦਮੀ ਦੇ ਗੁਣਾ ਤੋਂ ਵਧੀਕ ਮੁੱਲਵਾਨ ਕੋਈ ਖੁਸ਼ਬੂ ਨਹੀਂ। ਅਤਰ ਫੁਲੇਲ ਛਿੜਕਣ ਨਾਲ ਮਨ ਦੀ ਮੈਲ ਸਾਫ ਨਹੀਂ ਹੁੰਦੀ। ਇੱਥੋਂ ਦੇ ਦਰਬਾਰੀਆਂ ਵਿਚੋਂ ਮੈਨੂੰ ਸੂਗ ਆ ਰਹੀ ਹੈ। ਨਿੰਮ ਦੇ ਦਰੱਖਤ ਹੇਠ ਨਾ ਬੈਠਿਆ ਮੇਰਾ ਦਮ ਘੁਟ ਜਾਏਗਾ।
-ਹਜ਼ੂਰ ਦੇ ਚਰਨ ਤਾਂ ਹੀਰੇ ਮੋਤੀਆਂ ਨਾਲ ਜੜੇ ਵਿਹੜੇ ਵਿਚ ਸ਼ੋਭਾ ਦਿੰਦੇ ਨੇ, ਬਾਂਦੀਆਂ ਨੇ ਚਾਰੇ ਪਾਸਿਓਂ ਘਿਰੇ ਦੀਨ ਨੂੰ ਕਿਹਾ- ਜੇ ਤੁਸੀਂ ਮਿੱਟੀ ਤੇ ਕਦਮ ਰੱਖੇ, ਅੰਨਦਾਤਾ ਬਹੁਤ ਨਾਰਾਜ਼ ਹੋਣਗੇ। ਅਸੀਂ ਨਹੀਂ ਟਾਲ ਸਕਦੀਆਂ ਉਨ੍ਹਾਂ ਦਾ ਹੁਕਮ।
-ਤੁਹਾਨੂੰ ਅੰਨਦਾਤਾ ਦੇ ਹੁਕਮ ਦੀ ਪਈ ਹੈ, ਮੇਰਾ ਸਿਰ ਫਟਣ ਲੱਗਾ ਹੈ। ਨਿੱਕੀ ਮੋਟੀ ਗੱਲ ਤੁਹਾਡੇ ਦਿਮਾਗ ਵਿਚ ਨਹੀਂ ਵੜਦੀ। ਗੋਬਰ ਵਿਚ ਹੀਰੇ ਮੋਤੀ ਜੜਨ ਨਾਲ ਗੋਬਰ ਦੀ ਕੀਮਤ ਨਹੀਂ ਵਧਦੀ। ਮਨੁੱਖ ਦੀ ਮਹਾਨਤਾ ਉਸ ਦੇ ਚਰਿਤਰ ਸਦਕਾ ਹੈ, ਹੀਰੇ ਮੋਤੀ, ਸਿੰਘਾਸਨ ਜਾਂ ਸੋਨੇ-ਚਾਂਦੀ ਨਾਲ ਨਹੀਂ।
ਰਾਜਕੁਮਾਰੀ ਨੇ ਦੀਨ ਦੀਆਂ ਗੂੜ੍ਹ ਗੱਲਾਂ ਦਾ ਅਰਥ ਰਾਜਾ ਰਾਣੀ ਨੂੰ ਦੱਸਿਆ, ਬਹੁਤ ਖੁਸ਼ ਹੋਏ। ਖੁਸ਼ੀ ਦੀ ਏਡੀ ਵੱਡੀ ਲਹਿਰ ਵਿਚ ਰਾਜੇ ਨੇ ਚਾਹਿਆ ਕਿ ਅੱਧਾ ਰਾਜ ਜਵਾਈ ਨੂੰ ਦੇ ਦਿਆਂ। ਦੀਨ ਨੇ ਪੇਸ਼ਕਸ਼ ਸੁਣੀ। ਉਸ ਦਾ ਮਨ ਕਸੈਲਾ ਹੋ ਗਿਆ, ਤਾਂ ਵੀ ਦਿਲ ਉਪਰ ਕਾਬੂ ਰੱਖ ਕੇ ਸਹਿਜੇ ਕਿਹਾ- ਗੁਣ ਦੇਖ ਕੇ ਮੈਂ ਰਾਜਕੁਮਾਰੀ ਨਾਲ ਵਿਆਹ ਦੀ ਹਾਮੀ ਭਰ ਦਿੱਤੀ ਸੀ, ਇਹੋ ਬਹੁਤ ਹੈ। ਉਪਰ ਇਹ ਰਾਜਭਾਗ ਦਾ ਪੰਗਾ ਸੁਣ ਲਿਆ। ਖਰੀ ਗੱਲ ਕਰਦਾ ਹੁੰਨਾ ਮੈਂ, ਮੇਰੇ ਵਸ ਵਿਚ ਨਹੀਂ ਇਹ ਖਲਜਗਣ। ਮੈਨੂੰ ਨੀ ਕੋਈ ਠਾਠ-ਬਾਠ ਚਾਹੀਦਾ। ਮੈਂ ਆਪਣਾ ਮਨ ਆਪਣੇ ਕਾਬੂ ਵਿਚ ਰੱਖ ਸਕਾਂ, ਇਹੀ ਬਹੁਤਾ ਕਰ ਕੇ ਜਾਣੋ। ਮਨ ਕਾਬੂ ਵਿਚ ਰਹਿ ਜਾਏ ਬਹੁਤ ਹੈ, ਇਸ ਤੋਂ ਵੱਧ ਦਾ ਤਾਂ ਮੈਂ ਕਦੀ ਸੁਫਨਾ ਵੀ ਨਹੀਂ ਲਿਆ। ਤੁਸੀਂ ਅੱਧੇ ਜਾਂ ਪੂਰੇ ਰਾਜ ਦੀ ਗੱਲ ਕਰਨ ਲੱਗੇ! ਮਤਲਬ ਕਿ ਮੈਂ ਫਿਰ ਇਸ ਵਿਆਹ ਬਾਰੇ ਦੁਬਾਰਾ ਕੁਝ ਸੋਚਾਂ?
ਸੁਣ ਕੇ ਰਾਜਕੁਮਾਰੀ ਦੀ ਖੁਸ਼ੀ ਤਾਂ ਚੰਦ ਤਾਰਿਆਂ ਤੋਂ ਪਾਰ ਲੰਘ ਗਈ ਪਰ ਰਾਜਾ ਰਾਣੀ ਉਲਝਣ ਵਿਚ ਪੈ ਗਏ। ਇਕਲੌਤੀ ਬੇਟੀ ਦੇ ਸੁਖ ਤੋਂ ਹਰ ਚੀਜ਼ ਕੁਰਬਾਨ ਪਰ ਦੀਨ ਨੂੰ ਗੱਲ ਸਮਝ ਵਿਚ ਆਏ ਤਾਂ ਹੀ ਹੈ ਨਾ। ਪਹਿਲੀ ਵਾਰ ਰਾਜੇ ਨੂੰ ਲੱਗਿਆ, ਮੈਂ ਕਿੰਨਾ ਕਮਜ਼ੋਰ ਅਤੇ ਕੰਗਾਲ ਹਾਂ। ਉਸ ਨੇ ਦੀਨ ਨੂੰ ਧਿਆਨ ਨਾਲ ਹੇਠੋਂ ਉਪਰ ਤੱਕ ਦੇਖਿਆ, ਉਸ ਨੂੰ ਉਸ ਦਾ ਕੱਦ ਬਹੁਤ ਉਚਾ ਲੱਗਿਆ। ਦੀਨ ਠੀਕ ਤਾਂ ਕਹਿੰਦਾ ਹੈ। ਲਾਡਲੀ ਧੀ ਦੇ ਗੁਣਾਂ ਸਾਹਮਣੇ ਰਾਜ ਦਾ ਕੀ ਮਹੱਤਵ? ਗੁਣਾਂ ਉਪਰੋਂ ਸੌ ਰਾਜ ਕੁਰਬਾਨ। ਦੋਵੇਂ ਸਮਝਦਾਰ ਨੇ, ਆਪੋ ਆਪਣੀ ਇੱਛਾ ਅਨੁਸਾਰ ਜੀਵਨ ਬਿਤਾਉਣ। ਇਨ੍ਹਾਂ ਦੀ ਖੁਸ਼ੀ ਵਿਚ ਸਾਡੀ ਖੁਸ਼ੀ।
ਦੀਨ ਨੇ ਮੁੜ ਮੁੜ ਰਾਜਾ, ਰਾਣੀ, ਦੀਵਾਨ ਅਤੇ ਲੱਖੀ ਵਣਜਾਰੇ ਵਲ ਨਜ਼ਰ ਮਾਰੀ। ਕੋਈ ਨਹੀਂ ਬੋਲਿਆ ਤਾਂ ਦੀਨ ਨੂੰ ਬੋਲਣਾ ਪਿਆ। ਰਾਜੇ ਵਲ ਮੂੰਹ ਕਰ ਕੇ ਕਿਹਾ- ਰਾਜ ਭਾਗ ਦੀ ਲਟਾ-ਪੀਂਘ ਨਾਲੋਂ ਤਾਂ ਮੈਨੂੰ ਸੂਲੀ ਤੇ ਟੰਗ ਦਿਉ ਬੇਸ਼ੱਕ। ਮੇਰਾ ਵੱਡਾ ਭਰਾ ਸਾਰੀ ਉਮਰ ਮੇਰੀ ਇੱਕ ਭਰਜਾਈ ਉਪਰ ਰਾਜ ਨਹੀਂ ਕਰ ਸਕਿਆ। ਅਣਗਿਣਤ ਪਰਜਾ ਉਪਰ ਰਾਜ ਕਰਨਾ ਪੂਰੀ ਗਲਤਫਹਿਮੀ ਹੈ, ਪੂਰੀ ਦੀ ਪੂਰੀ ਮੂਰਖਤਾ। ਫਿਰ ਰਾਜਕੁਮਾਰੀ ਨੂੰ ਮੁਸਕਰਾ ਕੇ ਕਹਿਣ ਲੱਗਾ- ਜੋ ਦਿਲ ਵਿਚ ਸੀ, ਮੈਂ ਕਹਿ ਦਿੱਤਾ। ਸਾਫ-ਸਾਫ ਕਹਿ ਦਿੱਤਾ। ਹੁਣ ਜੋ ਕਹੋਗੇ, ਸੋ ਕਰੂੰਗਾ। ਮੇਰੇ ਵਰਗੇ ਬੇਸਮਝ ਨੂੰ ਤੁਸੀਂ ਕੋਈ ਗੱਲ ਸੋਚ ਕੇ ਪਸੰਦ ਕੀਤਾ ਹੋਣਾ, ਹੁਣ ਤੱਕ ਤਾਂ ਸਾਰੇ ਮਖੌਲ ਉਡਾਉਂਦੇ ਆਏ ਹਨ। ਮੇਰੇ ਅੰਦਰ ਤੁਹਾਨੂੰ ਕੀ ਦਿਸਿਆ ਤੁਸੀਂ ਜਾਣੋ।
ਰਾਜਕੁਮਾਰੀ ਨੇ ਕਿਹਾ- ਇਹ ਚੋਣ ਮੇਰੀ ਆਪਣੀ ਵਿਰਾਸਤ ਹੈ, ਕਿਸੇ ਨੂੰ ਨਹੀਂ ਦੱਸਾਂਗੀ। ਬੱਚੇ ਵਾਂਗ ਮਚਲਦਿਆਂ ਕਿਹਾ- ਦੱਸਣ ਦੀ ਨਹੀਂ, ਸਮਝਣ ਦੀ ਗੱਲ ਹੈ। ਰਹੀ ਗੱਲ ਰਾਜ ਚਲਾਉਣ ਦੀ, ਇਸ ਦਾ ਫਿਕਰ ਨਾ ਕਰੋ, ਇਹ ਝਮੇਲਾ ਮੈਂ ਸੰਭਾਲ ਲਵਾਂਗੀ।
-ਫਿਰ ਇਹ ਜਾਣਨ ਦਾ ਸਮਾਂ ਕਿਵੇਂ ਕੱਢੋਗੇ, ਕੀ ਚੰਗਾ ਹੈ ਕੀ ਬੁਰਾ? ਰਾਜ ਦਾ ਆਡੰਬਰ ਏਨਾ ਵੱਡਾ ਹੈ ਨਾ ਤੁਸੀਂ ਮੈਨੂੰ ਜਾਣ ਪਾਉਂਗੇ ਨਾ ਆਪਣੇ ਆਪ ਨੂੰ। ਆਪਣੇ ਆਪ ਨੂੰ ਮਿਲਣ ਵਾਸਤੇ ਵਕਤ ਨਹੀਂ ਹੁੰਦਾ ਰਾਜਿਆਂ ਕੋਲ।
-ਇਹ ਮੇਰੇ ਤੇ ਛੱਡੋ, ਰਾਜਕੁਮਾਰੀ ਨੇ ਕਿਹਾ- ਤੁਹਾਨੂੰ ਜਾਣਨ ਵਾਸਤੇ ਸਮੇਂ ਦੀ ਨਹੀਂ, ਸਮਝ ਦੀ ਲੋੜ ਹੈ। ਸਮਝ ਨਾ ਹੋਵੇ ਤਾਂ ਸੌ ਸਾਲ ਵਿਚ ਕੋਈ ਕੰਮ ਦੀ ਇੱਕ ਗੱਲ ਨਹੀਂ ਸਮਝ ਸਕਦਾ। ਤੁਹਾਡੇ ਵੱਡੇ ਭਰਾ ਦੌਲਤ, ਭਰਜਾਈ ਤੇ ਪਿੰਡ ਵਾਸੀਆਂ ਕੋਲ ਤਾਂ ਸਮਾਂ ਹੀ ਸਮਾਂ ਸੀ, ਉਹ ਤੁਹਾਨੂੰ ਸਮਝ ਗਏ? ਤੁਹਾਨੂੰ ਪ੍ਰਾਪਤ ਕਰਨਾ ਦੁਰਲਭ ਸੀ, ਇਸ ਮੁਕਾਬਲੇ ਰਾਜ ਕਰਨਾ ਤਾਂ ਬਹੁਤ ਸੌਖਾ ਹੈ। ਜਿਸ ਅਕਲ ਸਦਕਾ ਤੁਹਾਨੂੰ ਲੱਭਿਆ, ਉਸੇ ਅਕਲ ਸਦਕਾ ਰਾਜ ਕਰਾਂਗੀ। ਕਦੀ ਕਦਾਈਂ ਰਾਜ ਕਰਨ ਦੀ ਜ਼ਿੰਮੇਵਾਰੀ ਚੁੱਕਣੀ, ਰਾਜ ਤਿਆਗਣ ਤੋਂ ਵੱਡੀ ਤਪੱਸਿਆ ਬਣ ਜਾਂਦੀ ਹੈ। ਤੁਹਾਡੀਆਂ ਗੱਲਾਂ ਤੋਂ ਹੀ ਮੈਨੂੰ ਇਸ ਵਰਤਾਰੇ ਦੀ ਪ੍ਰੇਰਨਾ ਮਿਲੀ। ਫਿਰ ਰਾਜਕੁਮਾਰੀ ਹੱਸੀ, ਨਿਰਛਲ ਹਾਸਾ ਸਾਰਿਆਂ ਨੂੰ ਚੰਗਾ ਲੱਗਾ, ਦੀਨ ਨੂੰ ਵੀ।
ਦੂਜ ਦਾ ਚੰਦ ਚੜ੍ਹਨਸਾਰ ਆਪਣੀ ਇੱਛਾ ਅਨੁਸਾਰ ਸਾਦਾ ਲਿਬਾਸ ਪਹਿਨ ਕੇ ਰਾਜਕੁਮਾਰੀ ਵਿਆਹ ਮੰਡਪ ਵਿਚ ਆਈ। ਫੇਰੇ ਹੋਣ ਹੀ ਲੱਗੇ ਸਨ ਕਿ ਲੱਛਮੀ ਤੇ ਕਿਸਮਤ ਤਕਰਾਰ ਕਰਦੀਆਂ ਕਰਾਉਂਦੀਆਂ ਉਥੇ ਵੀ ਆ ਧਮਕੀਆਂ। ਲੱਛਮੀ ਕਹੇ- ਮੈਂ ਵੱਡੀ। ਕਿਸਮਤ ਕਹੇ ਮੈਂ ਵੱਡੀ।
ਲੱਛਮੀ ਦਾ ਰੰਗ ਸੁਨਹਿਰੀ, ਕਿਸਮਤ ਦਾ ਸੰਧੂਰੀ। ਤਕਰਾਰ ਦਾ ਕੋਈ ਨਤੀਜਾ ਨਾ ਨਿਕਲਿਆ ਤਾਂ ਉਨ੍ਹਾਂ ਨੇ ਲੱਖੀ ਵਣਜਾਰੇ ਨੂੰ ਪੰਚ ਮੰਨ ਕੇ ਫੈਸਲਾ ਕਰਨ ਲਈ ਕਿਹਾ। ਸ਼ੁਰੂ ਤੋਂ ਅਖੀਰ ਤੱਕ ਸਾਰੀ ਗੱਲ ਲੱਖੀ ਨੂੰ ਦੱਸ ਕੇ ਕਿਹਾ- ਤੁਹਾਨੂੰ ਵੀ ਦੀਨ ਬਾਰੇ ਪੂਰਾ ਪਤਾ ਹੈ। ਤੁਸੀਂ ਸ਼ੁਰੂ ਤੋਂ ਅਖੀਰ ਤੱਕ ਘਟਨਾਵਾਂ ਦੇ ਸਾਖੀ ਰਹੇ ਹੋ। ਸਾਡਾ ਝਗੜਾ ਸੁਲਝਾਉ, ਝਗੜਾ ਮੁੱਕਣ ਤੋਂ ਬਾਅਦ ਫੇਰੇ ਹੋਣਗੇ। ਤੁਸੀਂ ਸਾਡੇ ਪੰਚ।
ਲੱਖੀ ਨੂੰ ਹੋਰ ਕੀ ਚਾਹੀਦਾ ਸੀ? ਅੰਨ੍ਹੇ ਦੇ ਪੈਰ ਹੇਠ ਬਟੇਰਾ ਆ ਗਿਆ। ਲੱਖੀ ਤਾਂ ਇਸ ਮੌਕੇ ਦੀ ਉਡੀਕ ਵਿਚ ਸੀ। ਦੀਨ ਦੀ ਸੰਗਤ ਕੀ ਹੋਈ, ਉਸ ਦੀ ਤਾਂ ਸ਼ਤਰੰਜ ਹੀ ਉਲਟ ਗਈ! ਇਹੋ ਜਿਹਾ ਮੌਕਾ ਵੀ ਮਿਲੇਗਾ ਕਿ ਲੱਛਮੀ ਅਤੇ ਕਿਸਮਤ ਮੈਨੂੰ ਜੱਜ ਮੰਨਣਗੀਆਂ, ਕਦੀ ਖਾਬੋ-ਖਿਆਲ ਵਿਚ ਨਹੀਂ ਆਇਆ। ਹੁਣ ਮੌਕਾ ਮਿਲਿਆ ਹੈ, ਸੰਭਾਲੀਏ। ਪਲ ਭਰ ਦੀ ਢਿੱਲ ਕਿਉਂ ਕਰਨੀ? ਸਹਿਜ ਨਾਲ ਬੋਲਿਆ- ਜੋ ਫੈਸਲਾ ਕਰਾਂ, ਮਨਜ਼ੂਰ? ਦੋਹਾਂ ਨੇ ਕਿਹਾ, ਮਨਜ਼ੂਰ, ਮਨਜ਼ੂਰ।
ਲੱਖੀ ਨੇ ਕਿਹਾ- ਵਿਆਹ ਹੋਣ ਪਿੱਛੋਂ ਵਿਵਾਦ ਆਪੇ ਹੱਲ ਹੋ ਜਾਏਗਾ। ਮੇਰੀ ਅਕਲ ਅਨੁਸਾਰ ਨਾ ਲੱਛਮੀ ਵੱਡੀ ਹੈ ਨਾ ਕਿਸਮਤ। ਵੱਡੀ ਹੈ ਰਾਜਕੁਮਾਰੀ। ਜਦ ਤੱਕ ਉਹ ਵਿਆਹ ਵਾਸਤੇ ਕਿਸੇ ਨੂੰ ਚੁਣਦੀ ਨਹੀਂ, ਲੱਛਮੀ ਅਤੇ ਕਿਸਮਤ ਦਾ ਤਕਰਾਰ ਕਾਇਮ ਰਹੇਗਾ। ਜਦੋਂ ਵਰ ਮਿਲ ਗਿਆ, ਨਾ ਲੱਛਮੀ ਦਾ ਕੋਈ ਵਸ ਚਲੇ, ਨਾ ਕਿਸਮਤ ਦਾ। ਉਦੋਂ ਨਾ ਲੱਖੀ ਵਣਜਾਰੇ ਦੀ ਚਲਾਕੀ ਕੰਮ ਆਏ ਨਾ ਦੌਲਤ ਦਾ ਛਲ ਕਪਟ ਚੱਲੇ। ਕਿਸਮਤ ਦੀ ਕੋਈ ਦਾਲ ਨਹੀਂ ਗਲਣੀ।
ਉਸ ਦੀਆਂ ਨਿਆਇਕ ਗੱਲਾਂ ਸੁਣ ਕੇ ਲੱਛਮੀ ਤੇ ਕਿਸਮਤ ਚੁੱਪਚਾਪ ਖਿਸਕ ਗਈਆਂ, ਕਿਸੇ ਨੂੰ ਪਤਾ ਵੀ ਨਾ ਲੱਗਾ।
ਲੱਖੀ ਵਣਜਾਰੇ ਨੇ ਫਿਰ ਰਾਜਕੁਮਾਰੀ ਅਤੇ ਦੀਨ ਨੂੰ ਕਿਹਾ- ਰਾਜ ਦੀ ਵਾਗਡੋਰ ਰਾਜਕੁਮਾਰੀ ਸੰਭਾਲੇ ਜਾਂ ਦੀਨ, ਇੱਕੋ ਗੱਲ ਹੈ। ਫੌਜ, ਖਜ਼ਾਨਾ ਤੇ ਸਿੰਘਾਸਨ ਆਪੋ ਆਪਣਾ ਅਸਰ ਦਿਖਾਇਆ ਕਰਦੇ ਨੇ। ਜੇ ਤੁਸੀਂ ਇਨ੍ਹਾਂ ਦੇ ਨਸ਼ੇ ਤੋਂ ਮੁਕਤ ਰਹੇ ਫਿਰ ਤੁਸੀਂ ਧਰਮੀ ਹੋ, ਮਰਿਆਦਾ ਪੁਰਸ਼ ਹੋ। ਬਰਸਾਂ ਤੋਂ ਮੈਂ ਦੁਨੀਆ ਦੇ ਰਾਜਿਆਂ ਦਾ ਰੰਗ ਢੰਗ ਦੇਖ ਰਿਹਾ ਹਾਂ। ਸਾਰੇ ਰਾਜੇ ਇੱਕ ਤੋਂ ਇੱਕ ਚੜ੍ਹਦੇ ਦੁਰਾਚਾਰੀ, ਅਨਿਆਈ, ਹਤਿਆਰੇ, ਨਿਰਦਈ ਅਤੇ ਹਵਸਾਂ ਮਾਰੇ ਲਾਲਚੀ ਹਨ। ਜਿਵੇਂ ਇੱਕੋ ਨਾਗਣ ਦੇ ਬੱਚੇ ਹੋਣ।
ਇੱਕ ਦੇਸ ਦੀ ਪੁਰਾਣੀ ਸਾਖੀ ਹੈ। ਰਾਜੇ ਦੇ ਮਰਨ ਉਪਰੰਤ ਹਥਣੀ ਨੇ ਤਿੰਨ ਵਾਰ ਇੱਕ ਰਿਸ਼ੀ ਦੇ ਗਲ ਵਿਚ ਮਾਲਾ ਪਹਿਨਾਈ ਤਾਂ ਪਰਜਾ ਅਤੇ ਦਰਬਾਰ ਨੇ ਉਸ ਨੂੰ ਆਪਣਾ ਰਾਜਾ ਮੰਨ ਲਿਆ। ਥੋੜ੍ਹੇ ਦਿਨ ਠੀਕ ਰਿਹਾ, ਫਿਰ ਪਾਪੀ ਰਾਜਿਆਂ ਨੂੰ ਮਾਤ ਕਰਨ ਲੱਗਾ। ਰਾਜ ਸੱਤਾ ਏਨੀ ਨਿਰਦਈ ਕਿ ਕਬੂਤਰ ਨੂੰ ਬਾਜ ਬਣਾ ਦਿੰਦੀ ਹੈ। ਹੁਣ ਜੋ ਹੋਏਗਾ ਸਾਹਮਣੇ ਆ ਜਾਏਗਾ। ਪਹਿਲੋਂ ਹੀ ਇਸ ਦੀ ਚਿੰਤਾ ਕਿਉਂ ਕਰਨੀ ਹੋਈ? ਮੇਰੇ ਉਤੇ ਵੀ ਤੁਹਾਡੀ ਸੰਗਤ ਦਾ ਘੱਟ ਅਸਰ ਨਹੀਂ ਹੋਇਆ। ਪੀੜ੍ਹੀਆਂ ਤੋਂ ਸੰਭਾਲ ਕੇ ਰੱਖੀ ਮਾਇਆ ਦਾ ਮਹੱਤਵ ਵੀ ਤਾਂ ਹੈ ਜੇ ਰਾਜੇ ਦੇ ਖਜ਼ਾਨੇ ਨਾਲ ਜੁੜ ਕੇ ਪਰਜਾ ਦੇ ਕੰਮ ਆਏ। ਤੁਹਾਡਾ ਸੇਵਕ ਬਣ ਕੇ ਮੈਂ ਆਪਣੇ ਪੁਰਾਣੇ ਕੰਮਾਂ ਦਾ ਪਛਤਾਵਾ ਕਰਦਾ ਹਾਂ। ਮਾਇਆ ਦਾ ਤਿਆਗ ਕਰ ਕੇ ਜੋ ਆਨੰਦ ਮਿਲਦਾ ਹੈ, ਇਕੱਠੀ ਕਰਨ ਨਾਲ ਨਹੀਂ ਮਿਲਦਾ, ਇਹ ਗਿਆਨ ਵੀ ਤੁਹਾਡੀ ਸੰਗਤ ਸਦਕਾ ਮਿਲਿਆ। ਪਰਮੇਸਰ ਸੁਖੀ ਰੱਖੇ।