ਸਮਕਾਲ ਅਤੇ ਕ੍ਰਾਂਤੀ ਦਾ ਕਲਾਕਾਰ: ਗੁਰਸ਼ਰਨ ਭਾਅ ਜੀ

ਡਾ. ਜਸਕਰਨ ਸਿੰਘ, ਫਗਵਾੜਾ
ਫੋਨ: 91-98154-80892
ਪੰਜਾਬੀ ਅਦਬ ਵਿਚ ਨਾਟਕ ਨੂੰ ਨਿਵੇਕਲੀ ਥਾਂ ਦਿਵਾਉਣ ਵਾਲਿਆਂ ‘ਚ ਨੌਰਾ ਰਿਚਰਡਜ਼, ਈਸ਼ਵਰ ਚੰਦਰ ਨੰਦਾ ਅਤੇ ਬਲਵੰਤ ਗਾਰਗੀ ਦੇ ਨਾਮ ਪ੍ਰਮੁੱਖ ਹਨ, ਜਿਨ੍ਹਾਂ ਨੇ ਪੰਜਾਬੀਆਂ ਨੂੰ ਸਿੱਖਾਇਆ ਕਿ ਨਾਟਕ ਕਿਵੇਂ ਖੇਡਣਾ ਹੈ; ਪਰ ਨਾਟਕ ਕਿਉਂ ਖੇਡਣਾ ਹੈ ਤੇ ਕਿਥੇ ਖੇਡਣਾ ਹੈ? ਇਹ ਪੰਜਾਬੀ ਰੰਗ-ਮੰਚ ਨੂੰ ਭਾਅ ਜੀ ਗੁਰਸ਼ਰਨ ਸਿੰਘ ਨੇ ਦੱਸਿਆ। 27 ਸਤੰਬਰ 2011 ਨੂੰ ਭਾਅ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਸਨ, ਪਰ ਉਨ੍ਹਾਂ ਦਾ ਲੋਕਾਈ ਨੂੰ ਸਮਰਪਿਤ ਰੰਗ-ਮੰਚ ਰਹਿੰਦੀ ਦੁਨੀਆਂ ਤੱਕ ਕਲਾਕਾਰਾਂ ਨੂੰ ਬਰਾਬਰੀ ਦੇ ਸਮਾਜ ਸਿਰਜਣ ਲਈ ਅੱਗੇ ਆਉਣ ਲਈ ਵੰਗਾਰਦਾ ਰਹੇਗਾ।

ਮੇਰੇ ਵਿਦਿਆਰਥੀ ਜੀਵਨ ਵਿਚਲਾ ਉਹ ਦਿਨ ਯਾਦਗਾਰੀ ਹੋ ਨਿਬੜਿਆ, ਜਦੋਂ ਭਾਅ ਜੀ ਗੁਰਸ਼ਰਨ ਹੁਰਾਂ ਦੀ ਨਾਟ ਮੰਡਲੀ ਲਗਪਗ ਪੰਦਰਾਂ ਸਾਲ ਪਹਿਲਾਂ ਨਾਟਕ ਖੇਡਣ ਸਾਡੇ ਕਾਲਜ ਆਈ ਸੀ। ਰੰਗ-ਮੰਚ ਨਾਲ ਸਬੰਧਤ ਵਿਦਿਆਰਥੀਆਂ ਵਿਚ ਕਾਫੀ ਉਤਸ਼ਾਹ ਸੀ। ਸਪੀਕਰ ‘ਤੇ 11 ਕੁ ਵਜੇ ਕਿਸੇ ਬਜੁਰਗ ਦੀ ਦਮਦਾਰ ਤੇ ਪ੍ਰਭਾਵਸ਼ਾਲੀ ਅਵਾਜ਼ ਕੰਨੀਂ ਪਈ ਤਾਂ ਵਿਦਿਆਰਥੀ ਅਧਿਆਪਕਾਂ ਸਮੇਤ ਕਲਾਸਾਂ ਛੱਡ ਆਪ ਮੁਹਾਰੇ ਹੀ ਨਾਟਕ ਦੇਖਣ ਆ ਜੁੜੇ। ਸਟੇਜ ਦੇ ਸੱਜੇ ਪਾਸੇ ਕਾਫੀ ਬਿਰਧ ਅਵਸਥਾ ਵਿਚ ਕੁਰਸੀ ‘ਤੇ ਬੈਠਾ ਇੱਕ ਬਾਬਾ ਮੌਜੂਦਾ ਹਾਕਮਾਂ ਨੂੰ ਲਾਹਨਤਾਂ ਪਾ ਰਿਹਾ ਸੀ ਅਤੇ ਬਰਾਬਰੀ ਦਾ ਸਮਾਜ ਸਿਰਜਣ ਲਈ ਹੋਕਾ ਦੇ ਰਿਹਾ ਸੀ। ਉਸ ਦਿਨ ਸਾਡੇ ਕਾਲਜ ਵਾਲਿਆਂ ਨੇ ਵੀ ਆਪਣੇ ਇਕ ਪੁਰਾਣੇ ਵਿਦਿਆਰਥੀ ਅਤੇ ਉਸ ਸਮੇਂ ਦੇ ਮੌਜੂਦਾ ਗਾਉਣ ਵਾਲੇ ਨੂੰ ਸੱਦ ਕੇ ਆਪਣਾ ਪ੍ਰੋਗਰਾਮ ਤਿਆਰ ਕੀਤਾ ਹੋਇਆ ਸੀ ਅਤੇ ਉਸ ਨੇ ਆਉਂਦਿਆਂ ਹੀ ਵੱਡੀ ਸਟੇਜ ਆਪਣੇ ਭਾਂਤ-ਭਾਂਤ ਦੇ ਸਾਜ਼ਾਂ ਨਾਲ ਭਰ ਦਿੱਤੀ।
ਇਸ ਦੌਰਾਨ ਭਾਅ ਜੀ ਸੰਗ ਕਲਾਕਾਰਾਂ ਨੇ ਨਾਟਕ ‘ਭੰਡ ਮਟਕਾ ਚੌਕ ਚੱਲੇ’ ਖੇਡਿਆ। ਨਾਟਕ ਤੋਂ ਪਹਿਲਾਂ ਭਾਅ ਜੀ ਦੀ ਪ੍ਰਭਾਵਸ਼ਾਲੀ ਕੁਮੈਂਟਰੀ ਨੇ ਵਿਦਿਆਰਥੀਆਂ ਦੀ ਰੁਚੀ ਨਾਟਕ ਸ਼ੁਰੂ ਹੋਣ ਤੋਂ ਪਹਿਲਾਂ ਹੀ ਪੈਦਾ ਕਰ ਦਿੱਤੀ ਸੀ। ਨਾਟਕ ਨੇ ਸਥਾਪਿਤ ਰਾਜਸੀ ਧਿਰਾਂ ਦੀ ਆਪਸੀ ਭਾਈਵਾਲੀ ਸਦਕਾ ਲੋਕਾਂ ਦੀ ਲੁੱਟ ਨੂੰ ਬਾਖੂਬੀ ਪੇਸ਼ ਕੀਤਾ ਤੇ ਵਿਦਿਆਰਥੀਆਂ ਨੂੰ ਝੰਜੋੜ ਕੇ ਰੱਖ ਦਿੱਤਾ। ਪੰਡਾਲ ਤਾੜੀਆਂ ਨਾਲ ਗੂੰਜ ਉਠਿਆ। ਮੇਰੇ ਵਰਗੇ ਵਿਦਿਆਰਥੀਆਂ ਨੇ ਪਹਿਲੀ ਵਾਰ ਦੇਖਿਆ ਕਿ ਕਿਵੇਂ ਕਲਾ ਰਾਹੀਂ ਸੱਤਾ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਅਤੇ ਉਸ ਦੇ ਕਾਲੇ ਕਾਰਨਾਮਿਆਂ ਨੂੰ ਲੋਕਾਂ ਸਾਹਮਣੇ ਬੇਪਰਦ ਕੀਤਾ ਜਾ ਸਕਦਾ ਹੈ। ਮਾਰਕਸੀ ਫਲਸਫੇ ਦਾ ਸਿਰਜਣਾਤਮਕ ਤੇ ਕਲਾਤਕ ਰੂਪ ਵੀ ਪਹਿਲੀ ਵਾਰ ਦੇਖਿਆ ਸੀ।
ਨਾਟਕ ਖਤਮ ਹੋਣ ‘ਤੇ ਕਾਲਜ ਦੇ ਉਸ ‘ਨਵੇਂ ਉਭਰ ਰਹੇ ਗਵੱਈਏ’ ਨੇ ਗਾਉਣਾ ਸ਼ੁਰੂ ਕਰ ਦਿੱਤਾ। ਅਜੇ ਉਸ ਨੇ ਇੱਕ-ਦੋ ਗਾਣੇ ਹੀ ਗਾਏ ਸਨ ਤਾਂ ਬਾਬੇ ਨੇ ਫਿਰ ਮਾਈਕ ਫੜ ਲਿਆ ਅਤੇ ਪ੍ਰਿੰਸੀਪਲ ਤੇ ਮੋਹਤਬਰ ਅਧਿਆਪਕਾਂ ਵੱਲ ਬਾਂਹ ਉਲਾਰ ਕੇ ਕਹਿਣ ਲੱਗੇ, “ਅਸੀਂ ਤੁਹਾਡਾ ਇਹ ਲੂਸ਼ਬਾਣਾ ਸੁਣਨ ਨਹੀਂ ਆਏ, ਬੰਦ ਕਰੋ ਇਸ ਨੂੰ।” ਇਹ ਬੋਲ ਸੁਣਨ ਪਿਛੋਂ ਨਾ ਤਾਂ ‘ਕਲਾਕਾਰ’ ਹੋਰੀਂ ਲੱਭੇ ਤੇ ਪ੍ਰਿੰਸੀਪਲ ਸਾਹਿਬ ਵੀ ਖਿਸਕ ਗਏ। ਸਰੋਤਿਆਂ ਲਈ ਵੀ ਉਸ ਸਮੇਂ ਗਾਉਣ ਵਜਾਉਣ, ਰੰਗ ਵਿਚ ਭੰਗ ਪਾਉਣ ਵਾਂਗ ਸੀ। ਬੇਸਮਝ ਕਾਲਜ ਪ੍ਰਬੰਧਕਾਂ ਨੂੰ ਬਾਬੇ ਦੁਆਰਾ ਦਿੱਤੀਆਂ ਫਿਟਕਾਰਾਂ ਸ੍ਰੋਤਿਆਂ ਨੂੰ ਚੰਗੀਆਂ ਲੱਗੀਆਂ। ਉਸ ਪਿਛੋਂ ਇੱਕ ਹੋਰ ਨਾਟਕ ਖੇਡ ਕੇ ਉਹ ਵਾਪਿਸ ਜਾਣ ਲੱਗੇ ਤਾਂ ਕਾਲਜ ਦੇ ਵਿਦਿਆਰਥੀ ਭਾਅ ਜੀ ਨੂੰ ਮਿਲਣ ਲਈ ਉਤਾਵਲੇ ਹੋ ਉਠੇ।
ਖੈਰ! ਮੈਨੂੰ ਇਹ ਭਾਅ ਜੀ ਗੁਰਸ਼ਰਨ ਹੁਰਾਂ ਦੇ ਪਹਿਲੀ ਤੇ ਅਖਿਰੀ ਵਾਰ ਦਰਸ਼ਨ ਹੋਏ ਸਨ, ਪਰ ਉਨ੍ਹਾਂ ਦੀ ਸ਼ਖਸੀਅਤ ਦਾ ਪ੍ਰਭਾਵ ਤਾਉਮਰ ਰਹਿਣ ਵਾਲਾ ਹੈ। ਚੰਡੀਗੜ੍ਹ ਵਿਚ ਪੰਜਾਬ ਯੂਨੀਵਰਸਿਟੀ ਦੀ ਲਾਇਬਰੇਰੀ ‘ਚ ਪੜ੍ਹਦਿਆਂ ਇਕ ਦਿਨ ਅਚਾਨਕ ਖਬਰ ਮਿਲੀ ਕਿ ਭਾਅ ਜੀ ਚੱਲ ਵਸੇ ਹਨ। ਰੰਗ-ਮੰਚ ਦੇ ਇਕ ਦੌਰ ਦਾ ਅੰਤ ਸੀ ਇਹ ਖਬਰ। ਇਸ ‘ਕ੍ਰਾਂਤੀ ਦੇ ਕਲਾਕਾਰ’ ਦੀ ਯਾਦ ਵਿਚ ਉਨ੍ਹਾਂ ਦੇ ਸਾਥੀ ਰਹੇ ਕਲਾਕਾਰਾਂ ਨੇ ਭਾਅ ਜੀ ਦੇ ਨਾਟਕਾਂ ਦੀ ਲੜੀ ਸ਼ੁਰੂ ਕੀਤੀ ਤੇ ਮੈਂ ਲਗਭਗ ਸਾਰੇ ਨਾਟਕ ਹੀ ਦੇਖੇ। ਮੈਂ ਸ਼ਾਇਦ ਉਨ੍ਹਾਂ ਦੁਰਲੱਭ ਵਿਦਿਆਰਥੀਆਂ ਵਿਚੋਂ ਹੋਵਾਂਗਾ, ਜੋ ਯੂਨੀਵਰਸਿਟੀ ਪੜ੍ਹਦਿਆਂ ਵੀ ਕਦੀ ਸਿਨੇਮਾ ਨਹੀਂ ਗਏ, ਪਰ ਮੈਂ ਕਲਾ ਭਵਨ ਤੇ ਟੈਗੋਰ ਥੀਏਟਰ ਦੀਆਂ ਪੇਸ਼ਕਾਰੀਆਂ ਨੂੰ ਨੀਝ ਲਾ ਕੇ ਉਡੀਕਦਾ ਰਹਿੰਦਾ। ਇਸ ਭਾਵਨਾ ਵਿਚ ਭਾਅ ਜੀ ਹੁਰਾਂ ਦੇ ਨਾਟਕਾਂ ਦੀ ਵਿਚਾਰਧਾਰਾ ਦਾ ਅਸਰ ਹੀ ਸੀ।
ਸਾਲ 2012 ਵਿਚ ਚੰਡੀਗੜ ਦੇ ਸੈਕਟਰ 23 ਵਿਚ ਭਾਅ ਜੀ ਦੀ ਯਾਦ ਵਿਚ ਸ਼ਰਧਾਂਜਲੀ ਸਮਾਰੋਹ ਹੋਇਆ। ਪੰਜਾਬ ਦੇ ਦੂਰ-ਦੁਰਾਡੇ ਪਿੰਡਾਂ ਦੇ ਲੋਕ ਆਪਣੇ ਮਹਿਬੂਬ ਕਲਾਕਾਰ ਦੀ ਯਾਦ ਵਿਚ ਉਥੇ ਭਾਰੀ ਗਿਣਤੀ ਵਿਚ ਇਕੱਤਰ ਹੋਏ ਸਨ। ਰਾਤ ਨੂੰ ਨਾਟਕ ਅਤੇ ਇਨਕਲਾਬੀ ਗੀਤਾਂ ਦੀਆਂ ਪੇਸ਼ਕਾਰੀਆਂ ਹੋਈਆਂ। ਭਾਅ ਜੀ ਦੇ ਚਹੇਤੇ ਸੈਂਕੜੇ ਮੀਲਾਂ ਤੋਂ ਦਰਸ਼ਕਾਂ ਲਈ ਪਕਵਾਨ ਤਿਆਰ ਕਰਕੇ ਲਿਆਏ। ਆਮ ਤੌਰ ‘ਤੇ ਇਸ ਤਰ੍ਹਾਂ ਦੇ ਵੱਡੇ ਇਕੱਠ ਪੰਜਾਬ ਵਿਚ ਕਿਸੇ ਧਾਰਮਿਕ ਜਾਂ ਰਾਜਨੀਤਿਕ ਆਗੂ ਲਈ ਹੀ ਹੁੰਦੇ ਹਨ; ਪਰ ਭਾਅ ਜੀ ਇਨ੍ਹਾਂ ਦੋਹਾਂ ਸ਼੍ਰੇਣੀਆਂ ਵਿਚ ਨਹੀਂ ਆਉਂਦੇ ਸਨ। ਉਹ ਲੋਕਾਂ ‘ਚੋਂ ਪੈਦਾ ਹੋਏ ਆਮ ਰੰਗਕਰਮੀ ਅਤੇ ਕਲਾ ਯੋਧੇ ਸਨ, ਜਿਨ੍ਹਾਂ ਦਾ ਸਮੁੱਚਾ ਰੰਗ-ਮੰਚੀ ਸਫਰ ਦੱਬੇ ਜਾਂ ਦਬਾਏ ਗਏ ਲੋਕਾਂ ਨੂੰ ਸੰਘਰਸ਼ ਲਈ ਪ੍ਰੇਰਿਤ ਕਰਨ ਵਾਲਾ ਰਿਹਾ। ਇਸੇ ਕਰਕੇ ਲੋਕ ਆਪਣੇ ਕਲਾਕਾਰ ਦੀ ਯਾਦ ਵਿਚ ਇਕੱਤਰ ਹੋਏ ਸਨ।
ਇਸ ਫਾਨੀ ਸੰਸਾਰ ਨੂੰ ਛੱਡ ਜਾਣ ਪਿਛੋਂ ਇਸ ਤਰ੍ਹਾਂ ਦੀ ਅਪਣੱਤ ਬਹੁਤ ਘੱਟ ਕਲਾਕਾਰਾਂ ਦੇ ਹਿੱਸੇ ਆਉਂਦੀ ਹੋਵੇਗੀ। ਭਾਅ ਜੀ ਗੁਰਸ਼ਰਨ ਸਿੰਘ ਦੇ ਨਾਟਕਾਂ ਦੀ ਸਾਰਥਕਤਾ ਅੱਜ ਵੀ ਬਰਕਰਾਰ ਹੈ ਅਤੇ ਉਨ੍ਹਾਂ ਦਾ ਜੀਵਨ ਅੱਜ ਕਲਾਕਰਮੀਆਂ ਲਈ ਇਕ ਮਿਸਾਲ ਬਣਿਆ ਹੋਇਆ ਹੈ। ਅਜੇ ਵੀ ਲਹੂ ਪੀਣੀਆਂ ਜੋਕਾਂ ਰਾਜ-ਸੱਤਾ ‘ਤੇ ਕਾਇਮ ਹਨ ਤੇ ਦੂਣ ਸੁਆਈਆਂ ਹੋ ਰਹੀਆਂ ਹਨ। ਸਮਾਜਕ ਤੇ ਆਰਥਕ ਨਾ-ਬਰਾਬਰੀ ਵਧ ਫੁਲ ਰਹੀ ਹੈ, ਪਰ ਮੁਨਾਫਾ ਆਧਾਰਿਤ ਟੀ. ਵੀ./ਸਿਨੇਮਾ ਰੂਪੀ ਕਲਾਵਾਂ ਇਸ ਸਿਸਟਮ ਵਿਚ ਹਾਕਮਾਂ ਦਾ ਔਜਾਰ ਸਾਬਿਤ ਹੋ ਰਹੀਆਂ ਹਨ। ਅੱਜ ਵੀ ਲੋੜ ਹੈ, ਭਾਅ ਜੀ ਗੁਰਸ਼ਰਨ ਸਿੰਘ ਦੇ ਪੂਰਨਿਆਂ ‘ਤੇ ਚੱਲਣ ਵਾਲੇ ਲੋਕਾਇਤ ਨੂੰ ਸਮਰਪਿਤ ਕਲਾਕਾਰਾਂ ਦੀ, ਜੋ ਸੱਤਾ ਨੂੰ ਚਣੌਤੀ ਦੇ ਸਕਣ ਤੇ ਬਰਾਬਰੀ ਦੇ ਸਮਾਜ ਸਿਰਜਣ ਲਈ ਰਾਹ ਦਸੇਰੇ ਸਾਬਿਤ ਹੋ ਸਕਣ।