ਕਬੱਡੀ ਦੇ ਅੰਗ-ਸੰਗ ਬਲਿਹਾਰ ਰੰਧਾਵਾ

ਪ੍ਰਿੰ. ਸਰਵਣ ਸਿੰਘ
ਬਲਿਹਾਰ ਸਿੰਘ ਰੰਧਾਵਾ ਕਵੀ ਵੀ ਹੈ ਤੇ ਵਾਰਤਕਕਾਰ ਵੀ। ਉਹਨੇ ਕਾਵਿ-ਨਾਟਕ, ਗੀਤ-ਸੰਗ੍ਰਿਹ, ਕਾਵਿ-ਸੰਗ੍ਰਿਹ ਤੇ ਮਹਾਂ-ਕਾਵਿ ਲਿਖਣ ਦੇ ਨਾਲ ‘ਕਬੱਡੀ ਦੇ ਅੰਗ-ਸੰਗ’ ਅਤੇ ‘ਖੇਡ ਮੇਲਿਆਂ ਦੇ ਅੰਗ-ਸੰਗ’ ਦੋ ਪੁਸਤਕਾਂ ਖੇਡ ਸਾਹਿਤ ਦੀਆਂ ਵੀ ਲਿਖੀਆਂ। ਉਹਦਾ ਪਿੰਡ ਹਰੀਪੁਰ ਖਾਲਸਾ ਹੈ ਤੇ ਉਹ ਲੰਮੇ ਸਮੇਂ ਤੋਂ ਇੰਗਲੈਂਡ ਰਹਿੰਦਾ ਹੈ। ਉਹਦਾ ਵਿਸ਼ਵਾਸ ਹੈ ਕਿ ਕਿਸੇ ਵੀ ਕੌਮ ਦੀ ਆਨ ਤੇ ਸ਼ਾਨ ਉਸ ਦੇ ਬਲਵਾਨ ਜੁੱਸਿਆਂ ਨਾਲ ਹੀ ਹੁੰਦੀ ਹੈ। ਜਿਸ ਕੌਮ ਦੇ ਜੁੱਸੇ ਨਰੋਏ ਨਹੀਂ, ਉਸ ਕੌਮ ਦੀ ਅਣਖ ਵੀ ਨਰੋਈ ਨਹੀਂ ਰਹਿ ਸਕਦੀ।

ਕਬੱਡੀ ਪੰਜਾਬੀਆਂ ਦੇ ਸ਼ਾਨਾਂਮੱਤੇ ਵਿਰਸੇ ਦੀ ਬਾਤ ਪਾਉਂਦੀ ਹੈ। ਕਬੱਡੀ ਖੇਡਦਿਆਂ, ਵੇਖਦਿਆਂ, ਹਰ ਪੰਜਾਬੀ ਦਾ ਲਹੂ ਉਬਾਲੇ ਖਾਣ ਲੱਗਦਾ ਹੈ। ਅਣਖ ਜਾਗਦੀ ਹੈ, ਵਿਰੋਧੀ ਨੂੰ ਵੰਗਾਰਦਾ, ਧਾਵਾ ਕਰਦਾ ਤੇ ਧਾਵਾ ਕਰਨ ਆਏ ਧਾਵੀ ਨੂੰ ਫੜਦਾ ਹੈ। ਕਬੱਡੀ ਦੀ ਖੇਡ ਵਿਚੋਂ ਪੰਜਾਬ ਦੀ ਮਿੱਟੀ ਦੀ ਮਹਿਕ ਮਹਿਸੂਸ ਹੁੰਦੀ ਹੈ। ਰੰਧਾਵੇ ਦੀ ਕਾਵਿ-ਮਈ ਵਾਰਤਕ ਅਤੇ ਨਿਵੇਕਲੀ ਖੇਡ ਸ਼ੈਲੀ ਪਾਠਕ ਨੂੰ ਕਬੱਡੀ ਦੇ ਜਾਫੀ ਵਾਂਗ ਜੱਫਾ ਪਾ ਬਹਿੰਦੀ ਹੈ। ਉਹ ਪੰਜਾਬੀ ਖੇਡ ਸਾਹਿਤ ਦਾ ਛੁਪਿਆ ਰੁਸਤਮ ਹੈ। ਉਸ ਨੇ ਕਬੱਡੀ ਦੀ ਖੇਡ ਤੇ ਖਿਡਾਰੀਆਂ ਦੀਆਂ ਬੇਸ਼ੁਮਾਰ ਬਾਤਾਂ ਪਾਈਆਂ ਹਨ। ਪੇਸ਼ ਹਨ, ਪੁਸਤਕ ਦੇ ਕੁਝ ਅੰਸ਼:
ਪੰਜਾਬ ਦਾ ਅਲਬੇਲਾ ਕਵੀ ਪੂਰਨ ਸਿੰਘ ਆਪਣੇ ਕਾਵਿ ਸੰਗ੍ਰਿਹ ‘ਖੁੱਲ੍ਹੇ ਮੈਦਾਨ’ ਵਿਚ ਲਿਖਦਾ ਹੈ,
ਉਹ ਨੇਜ਼ੇਬਾਜ਼ੀਆਂ ਵਿਆਹਾਂ ‘ਤੇ
ਉਹ ਰੰਗ ਬਰੰਗ ਦੀਆਂ ਚੋਚਲਾਂ
ਉਹ ਖੇਡਾਂ ਉਹ ਕੌਡੀਆਂ,
ਉਹ ਖੁੱਲ੍ਹੇ ਖੇਤਾਂ ਵਿਚ ਦੌੜਾਂ ਖੁਸ਼ੀ ਦੀਆਂ।
ਉਹ ਦਰਿਆਵਾਂ ਦਾ ਨਹਾਉਣ ਜਾਣਾ ਢੋਲਕੀਆਂ ਵੱਜਦੇ
ਉਹ ਸੌਂਚੀਆਂ, ਉਹ ਕੁਸ਼ਤੀਆਂ, ਅਖਾੜੇ ਤੇ ਕਬੱਡੀਆਂ।
…ਸਭ ਜੀਣ ਦਾ ਚਾਅ, ਹੋਣ ਦਾ ਮਾਣ, ਥੀਣ ਦਾ ਨਸ਼ਾ ਕਿਥੇ!
ਕਵੀ ਵੱਲੋਂ ਅਤੀਤ ਦੀਆਂ ਯਾਦਾਂ ਨੂੰ ਸ਼ਬਦਾਂ ਦੇ ਪੰਘੂੜੇ ਵਿਚ ਪਾ ਕੇ ਦਿੱਤੀਆਂ ਲੋਰੀਆਂ ਤੋਂ ਸਿੱਧ ਹੁੰਦਾ ਹੈ ਕਿ ਕਬੱਡੀ ਪੰਜਾਬੀਆਂ ਦੀ ਮਨ ਦੇ ਚਾਵਾਂ ਵਿਚ ਭਿੱਜ ਕੇ ਖੇਡੀ ਜਾਣ ਵਾਲੀ ਖੇਡ ਹੈ। ਇਸ ਖੇਡ ਦਾ ਇਤਿਹਾਸ ਵੀ ਪੰਜਾਬੀ ਸਭਿਆਚਾਰ ਜਿੰਨਾ ਹੀ ਪੁਰਾਣਾ ਹੋਵੇਗਾ। ਵਾਰਤਕ ਲਿਖਦਿਆਂ ਨਵੇਲੇ-ਰੂਪ ਸ਼ਬਦ ਦਾ ਅੱਖੜਪਣ ਬੇਸ਼ਕ ਪੁੱਗ ਜਾਂਦਾ ਹੈ, ਪਰ ਕਵਿਤਾ?…ਉਹ ਵੀ ਪੂਰਨ ਸਿੰਘ ਵਰਗੇ ਰਾਗ-ਰੂਹ ਦੇ ਸੁਆਮੀ ਦੀ? ਲਾਜ਼ਮੀ ਤੌਰ ‘ਤੇ ਦਹਾਕਿਆਂ ਤੋਂ ਕੀ, ਸਦੀਆਂ ਤੋਂ ਲੋਕਾਂ ਦੀ ਜ਼ਬਾਨ ‘ਤੇ ਰੱਟ ਹੁੰਦਾ ਆ ਰਿਹਾ ਕਬੱਡੀ ਸ਼ਬਦ, ਲੋਕ ਕਵੀ ਪੂਰਨ ਸਿੰਘ ਦੀ ਨਿਵੇਕਲੀ ਕੈਫੀਅਤ ਦੇ ਹਾਣ ਦਾ ਬਣਿਆ ਹੋਣੈ ਤੇ ਉਹ ਵੀ ਅੱਜ ਤੋਂ ਅੱਸੀ ਨੱਬੇ ਵਰ੍ਹੇ ਪਹਿਲਾਂ। ਧਾਵੀ ਦਾ ਸ਼ਾਬਦਕ ਅਰਥ ਹੈ, ਧਾਵਾ ਕਰਨ ਵਾਲਾ, ਹਮਲਾ ਕਰਨ ਵਾਲਾ ਹਮਲਾਵਰ। ਹਿੰਦੋਸਤਾਨ ਹਜ਼ਾਰਾਂ ਵਰ੍ਹੇ ਵਿਦੇਸ਼ੀ ਹਮਲਾਵਰਾਂ ਦੀ ਲਤਾੜਗਾਹ ਰਿਹਾ ਹੈ। ਸੰਨ 1521 ‘ਚ ਬਾਬਰ ਦੇ ਦੂਜੇ ਹਮਲੇ ਤੋਂ ਲੈ ਕੇ 1799 ‘ਚ ਅਬਦਾਲੀ ਦੇ ਪੋਤਰੇ ਤਕ ਪੌਣੇ ਤਿੰਨ ਸੌ ਸਾਲ ਦਾ ਇਤਿਹਾਸ ਵੀ ਜੇ ਵੇਖੀਏ ਤਾਂ ਸਾਨੂੰ ਸਿਕੰਦਰ ਤੋਂ ਭਾਵ ਦੋ ਹਜ਼ਾਰ ਸਾਲ ਪਹਿਲਾਂ ਦੇ ਹਿੰਦੋਸਤਾਨ ‘ਤੇ ਹੋਏ ਹਮਲਿਆਂ ਦੌਰਾਨ ਹਮਲਾਵਰਾਂ ਦੇ ਵਰਤਾਰੇ ਦਾ ਪਤਾ ਚੱਲ ਜਾਵੇਗਾ। ਸਭ ਜੋਰੀ ਦਾਨ ਮੰਗਦੇ ਰਹੇ।
ਇਤਿਹਾਸ ਦਾ ਵੇਗ ਤੇ ਭੂਗੋਲਿਕ ਸਥਿਤੀ ਦਾ ਇਤਫਾਕ ਆਖ ਲਓ ਕਿ ਪੰਜਾਬੀਆਂ ਦੀ ਮਾਨਸਿਕਤਾ ਹਮਲਾ ਕਰੂ ਦੀ ਥਾਂ ਹਮਲਾ ਰੋਕੂ ਵਧੇਰੇ ਹੋ ਗਈ। ਹਮਲਾ ਰੋਕੂ ਤਿਆਰੀ ਲਈ ਅਭਿਆਸ ਦੀ ਲੋੜ ਸੀ, ਜਿਹਦੇ ਤੋਂ ਹੋਲੇ-ਮਹੱਲੇ ਦੀ ਪ੍ਰਥਾ ਸ਼ੁਰੂ ਹੋਈ। ਹੱਲਾ ਤੇ ਮੁੜਵਾਂ ਹੱਲਾ ਯਾਨਿ ਹੋਲਾ-ਮਹੱਲਾ ਜੰਗ ਦਾ ਹੀ ਨਾਟਕੀ ਰੂਪ ਹੈ। ਕਬੱਡੀ ਵੀ ਹੋਲੇ-ਮਹੱਲੇ ਦਾ ਸਮ-ਵਰਗੀ ਨਾਟਕੀ ਅਭਿਆਸ ਹੀ ਹੈ।
ਮੈਂ ਕਬੱਡੀ ਨੂੰ ਨਿਰਸੰਦੇਹ ਯੁੱਧ ਦੇ ਨਾਟਕੀ ਅਭਿਆਸ ਵਜੋਂ ਹੋਂਦ ਵਿਚ ਆਈ ਖੇਡ ਸਮਝਦਾ ਹਾਂ। ਸਮੇਂ ਦੇ ਬਦਲ ਜਾਣ ਨਾਲ ਹੁਣ ਕਬੱਡੀ ਨਿਰੀ ਪੁਰੀ ਖੇਡ ਦ੍ਰਿਸ਼ਟੀ ਤੋਂ ਖੇਡੇ ਜਾਣ ਵਾਲੀ ਪੰਜਾਬੀਆਂ ਦੀ ਹਰਮਨ ਪਿਆਰੀ ਖੇਡ ਬਣ ਗਈ ਹੈ। ਇਸ ਖੇਡ ਦੇ ਜਾਫੀ ਰੂਪ ਬਾਰੇ ਤਾਂ ਮੈਂ ਇੰਨਾ ਹੀ ਆਖਣਾ ਚਾਹਾਂਗਾ ਕਿ ਖਿਡਾਰੀ ਆਪਣੇ ਵਿਰਸੇ ਦੀਆਂ ਮਾਨਤਾਵਾਂ ਨੂੰ ਯਾਦ ਰੱਖਣ। ਪਿੱਛਿਓਂ ਵਾਰ ਨਹੀਂ ਕਰਨਾ। ਜੋ ਜਾਫੀ ਦੌੜੇ ਜਾਂਦੇ ਧਾਵੀ ਦੇ ਪਿੱਛਿਓਂ ਉਡਵੀਂ ਕੈਂਚੀ ਲਾਉਂਦੇ ਹਨ, ਇਹ ਨਿਹਾਇਤ ਮਾੜੀ ਗੱਲ ਹੈ। ਲੱਤੀਂ ਡਿੱਗਣਾ ਹਿੰਮਤ ਹਾਰਿਆਂ ਦੀ ਅਵੱਸਥਾ ਹੈ। ਬੇਸ਼ੱਕ ਕਬੱਡੀ ਦੇ ਹੁਣ ਬਹੁਤੇ ਜਾਫੀ ਇਸ ਦਾਅ ਦਾ ਹੀ ਵਧੇਰੇ ਫਾਇਦਾ ਲੈਂਦੇ ਹਨ, ਉਪਰੋਂ ਫੜਨ ਵਾਲਿਆਂ ਦੇ ਮੁਕਾਬਲੇ ਲੱਤੀਂ ਪੈਣਿਆਂ ਦੇ ਨੰਬਰ ਵੀ ਜ਼ਿਆਦਾ ਜੁੜ ਜਾਂਦੇ ਨੇ, ਪਰ ਖੇਡ ਦੇ ਮਿਆਰ ਦਾ ਕੀ ਬਣੇਗਾ?
ਕਬੱਡੀ ਦੇ ਇਤਿਹਾਸ ਵਿਚ ਬਗਲਾਂ ਭਰ ਕੇ ਜਾਂ ਗੁੱਟ ਫੜ ਕੇ ਧਾਵੀ ਨੂੰ ਰੋਕਣ ਵਾਲੇ ਜਾਫੀਆਂ ਦਾ ਜੋ ਮੁਕਾਮ ਰਿਹਾ ਹੈ ਜਾਂ ਰਹੇਗਾ, ਚੋਰ ਜੱਫਿਆਂ ਵਾਲੇ ਕਦੇ ਵੀ ਉਸ ਦੇ ਨੇੜੇ ਨਹੀਂ ਫਟਕ ਸਕਦੇ। ਕਿਸੇ ਵੀ ਖੇਡ ਦੀ ਰੌਚਕਤਾ ਬਣਾਈ ਰੱਖਣ ਦੇ ਕੁਝ ਲੱਛਣ ਹੁੰਦੇ ਨੇ, ਹਰਕਤਾਂ ਹੁੰਦੀਆਂ ਨੇ, ਜੋ ਖੇਡ ਦਰਸ਼ਕਾਂ ਨੂੰ ਅਨੰਦ ਦੰਦੀਆਂ ਅਤੇ ਖੇਡ ਦਾ ਮੂਲ ਆਧਾਰ ਵੀ ਜਿਉਂਦਾ ਰੱਖਦੀਆਂ ਨੇ।
ਹਜ਼ਾਰਾਂ ਵਰ੍ਹਿਆਂ ਦੇ ਅਥਰੇ ਲਫੇੜਿਆਂ, ਸਿਆਲਾਂ-ਹੁਨਾਲਾਂ, ਮੀਹਾਂ-ਝੱਖੜਾਂ ਤੇ ਪਿਆਰ ਮਜਬੂਰੀਆਂ ਨੇ ਪੰਜਾਬੀਆਂ ਦਾ ਜੋ ਸੁਭਾਅ ਬਣਾਇਆ, ਦਾਇਰੇ ਵਾਲੀ ਕਬੱਡੀ ਉਹਦੇ ਅਨੁਕੂਲ ਹੈ। ‘ਕੱਲੇ ਨੂੰ ‘ਕੱਲੇ ਦਾ ਟੱਕਰਨਾ ਤੇ ਉਹ ਵੀ ਸਾਹਮਣਿਓਂ। ਹਿੱਕ ਨੂੰ ਹੱਥ ਲਾ ਕੇ ਵੰਗਾਰਨਾ। ਗੁੱਟ ਫੜ ਕੇ ਅਗਲੇ ਨੂੰ ਖੜ੍ਹਾ ਕਰ ਦੇਣਾ। ਥਾਪੀਆਂ ਮਾਰਦੇ ਵਿਰੋਧੀਆਂ ਦੀ ਭੀੜ ‘ਚੋਂ ਗਲੀਆਂ ਘੱਤ ਕੇ ਬੁੱਕਦਿਆਂ ਲੰਘ ਜਾਣਾ। ਦਾਬ ਦਿੰਦਿਆਂ ਦਲਾਂ ਨੂੰ ਭਾਜੜਾਂ ਪਾਉਣੀਆਂ। ਡਾਜਾਂ ਮਾਰ ਮਾਰ ਅਫੜਾ ਤਫੜੀਆਂ ਮਚਾਉਣੀਆਂ। ਹਜ਼ਾਰਾਂ ਵਰ੍ਹਿਆਂ ਦੀ ਡਗਰ ‘ਤੇ ਵੱਜਦੀ ਆ ਰਹੀ ਡਮਾ-ਡਮ, ਖਗਾ-ਖਗ, ਗਡਾ-ਗਡ ਤੋਂ ਬਣੀ ਹੈ ਕਬੱਡੀ। ਕੌਡੀ ਤੋਂ ਬਣੀ ਕਬੱਡੀ ਜਾਂ ਕੱਟਾ-ਵੱਢੀ ਤੋਂ, ਕੁਝ ਵੀ ਸਮਝੋ, ਕੋਈ ਫਰਕ ਨਹੀਂ ਪੈਂਦਾ। ਪਰ ਹੈ ਇਹ ਖੇਡ ਪੰਜਾਬੀਆਂ ਦਾ ਖਾਸ ਅਮੀਰ ਤੇ ਸ਼ਾਨਾਂ ਮੱਤਾ ਵਿਰਸਾ। ਮੇਰੀ ਮਨੋਕਾਮਨਾ ਹੈ ਕਿ ਚੜ੍ਹਦੇ ਤੋਂ ਲਹਿੰਦੇ ਤਕ ਜਿਥੇ ਵੀ ਪੰਜਾਬੀ ਵਸਦੇ ਹਨ, ਉਹ ‘ਹੱਸਣ ਖੇਡਣ ਮਨ ਕਾ ਚਾਓ’ ਦੇ ਗੁਰਵਾਕ ਸਦਕਾ ਆਪਣੇ ਵਿਰਸੇ ਨਾਲ ਓਤ-ਪੋਤ ਹੋਏ ਸਮੇਂ ਦੇ ਸੁਲਤਾਨ ਬਣੇ ਰਹਿਣ!
ਮੋੜਾ ਲਾਉਣ ਵਾਲੇ ਵਾਗੀ ਵਾਂਗ ਉਤੋਂ ਦੀ ਗੇੜੀ ਦੇਣ ਵਾਲਾ ਤੇ ਛਾਬੜੀ ‘ਚੋਂ ਝਪਟੀ ਮਾਰ ਕੇ ਦੌੜ ਗਏ ਮੁੰਡੇ ਵਾਂਗ ਨੰਬਰ ਲੈ ਕੇ ਹੰਧਿਆਂ ਵੱਲ ਪੱਟਾਂ ‘ਤੇ ਥਾਪੀਆਂ ਮਾਰਦਾ ਆਉਣ ਵਾਲਾ ਭਾਵੇਂ ਹੁਸ਼ਿਆਰਪੁਰੀਆ ਤੋਖੀ ਹੋਵੇ, ਭਾਵੇਂ ਬਠਿੰਡੇ ਵਾਲਾ ਕਰਨੈਲ, ਭਾਵੇਂ ਦੇਵੀ ਦਿਆਲ ਲੁਧਿਆਣੀਆ ਤੇ ਭਾਵੇਂ ਹੋਵੇ ਅੱਟੇ ਵਾਲਾ ਦੇਵ। ਪੰਜਾਬੀ ਲੋਕਾਂ ਨੇ ਐਸੇ ਖਿਡਾਰੀਆਂ ਨੂੰ ਸਦਾ ਸਿਰ-ਅੱਖਾਂ ‘ਤੇ ਬਿਠਾਇਆ ਅਤੇ ਪੰਜਾਬ ਦੀ ਮਿੱਟੀ ਨੇ ਇਨ੍ਹਾਂ ਬਾਂਕਿਆਂ ਦਾ ਮਾਣ ਕਦੇ ਵੀ ਨਹੀਂ ਰੁਲਣ ਦਿੱਤਾ। ਖਿਡਾਰੀ ਸਿਰਫ ਜਿੱਤਾਂ ਦੇ ਸਿਰ ‘ਤੇ ਨਹੀਂ, ਸਗੋਂ ਖੇਡ ਦੇ ਹੁਨਰ ਨਾਲ ਦਰਸ਼ਕਾਂ ਦਾ ਮਹਿਬੂਬ ਬਣਦਾ ਹੈ। ਝਕਾਨੀਆਂ ਦੇਣੀਆਂ, ਧੌਲਾਂ ਮਾਰਨੀਆਂ, ਮੋਢੇ ਛੰਡਣੇ ਤੇ ਜਾਫੀ ਦੀਆਂ ਬਾਹਾਂ ਝਾੜਨੀਆਂ ਆਦਿ ਹੁਨਰ ਵਿਖਾਉਣ ਲਈ ਧਾਵੀ ਨੂੰ ਜਿੰਨੇ ਕੁ ਖੁੱਲ੍ਹੇ ਮੈਦਾਨ ਦੀ ਲੋੜ ਹੁੰਦੀ ਹੈ, ਕਬੱਡੀ ਦਾ ਦਾਇਰਾ ਉਸ ਲੋੜ ਨੂੰ ਪੂਰਾ ਕਰਦਾ ਹੈ।
ਨਛੱਤਰ ਢਾਂਡੀ ਦੀ ਹੁਨਰੀ ਖੇਡ ਨੂੰ ਬਲਵਿੰਦਰ ਫਿੱਡਾ ਵੀ ਮੰਨਦਾ ਸੀ। ਢਾਂਡੀ ਨੇ ‘ਕੇਰਾਂ ਫਿੱਡੂ ਨੂੰ ਗੁੱਟ ਤੋਂ ਫੜ ਕੇ ਰੋਕ ਦਿੱਤਾ ਸੀ। ਜਗਤਪੁਰੀਆ ਮੁਖਤਿਆਰ ਸਿੰਘ ਆਖਦਾ ਹੁੰਦਾ ਸੀ ਕਿ ਜੇ ਨਛੱਤਰ ਨਹੀਂ ਆਉਂਦਾ ਤਾਂ ਸਾਡੇ ਪਿੰਡ ਦੇ ਟੂਰਨਾਮੈਂਟ ਦਾ ਅੰਗ ਹੀ ਮਾਰਿਆ ਜਾਂਦਾ ਹੈ। ਰੇਡਰਾਂ ਨੂੰ ਲੱਕ ਤੋਂ ਉਪਰੋਂ ਰੋਕਣ ਵਾਲੇ ਜਾਫੀਆਂ ਦੀ ਗਿਣਤੀ ਭਾਵੇਂ ਸੀਮਤ ਜਿਹੀ ਹੈ ਜਿਵੇਂ ਦਰਸ਼ਨ, ਮਿੰਦ੍ਹਰ ਬੋਲਾ, ਸ਼ੰਕਰੀਆ ਘੁੱਗਾ, ਗੁਰਮੇਲ, ਸਵਰਨਾ ਤੇ ਕਵੈਂਟਰੀ ਵਾਲਾ ਕੇਵਲ, ਪਰ ਉਨ੍ਹਾਂ ਦੇ ਹੱਥਾਂ ਦੇ ਕਮਾਏ ਹੋਏ ਸੁੱਚੇ ਹੁਨਰ ਕਬੱਡੀ ਦੇ ਇਤਿਹਾਸ ਵਿਚ ਲੰਮੇ ਸਮੇਂ ਲਈ ਉਕਰੇ ਰਹਿਣਗੇ। ਕਬੱਡੀ ਜੋ ਪੰਜਾਬੀਆਂ ਲਈ ਬੀਰ ਰਸੀ ਖੇਡ ਹੈ, ਇਹ ਹੋਰਨਾਂ ਖੇਡਾਂ ਦੇ ਚੋਟੀ ਦੇ ਖਿਡਾਰੀ ਵੀ ਖੇਡਦੇ ਰਹੇ ਹਨ।
ਕਪੂਰਥਲੀਆ ਪ੍ਰੀਤਾ ਜੈਵਲਿਨ ਥਰੋਅ ਦਾ ਕਈ ਸਾਲ ਨੈਸ਼ਨਲ ਚੈਂਪੀਅਨ ਰਿਹਾ, ਪਰ ਉਹ ‘ਆਇਆ ਪ੍ਰੀਤਾ-ਗਿਆ ਪ੍ਰੀਤਾ’ ਕਬੱਡੀ ਦੇ ਮੈਦਾਨ ਵਿਚ ਬਣਿਆ। ਜਰਨੈਲ ਪਨਾਮੀਆ ਇੰਡੀਆ ਦੀ ਫੁੱਟਬਾਲ ਟੀਮ ਦਾ ਕਪਤਾਨ ਹੁੰਦਾ ਸੀ, ਪਰ ਕਬੱਡੀ ਵੀ ਉਹਨੇ ਬੜੇ ਸ਼ੌਂਕ ਨਾਲ ਖੇਡੀ। ਏਸ਼ਿਆਈ ਖੇਡਾਂ ਦਾ ਅਥਲੀਟ ਅਜਮੇਰ ਸਿੰਘ ਵੀ ਕਬੱਡੀ ਰਾਹੀਂ ਦੌੜਾਕ ਬਣਿਆ ਸੀ। ਰੁੜਕੀਆ ਮੋਹਣੀ ਕਾਲਜਾਂ ‘ਚ ਕੁਸ਼ਤੀਆਂ ਲੜਿਆ ਕਰਦਾ ਸੀ, ਪਰ ਉਹਦੀ ਪਛਾਣ ਕਬੱਡੀ ਕਰਕੇ ਹੀ ਬਣੀ। ਕਵੈਂਟਰੀ ਵਾਲਾ ਕੇਵਲ ਫੁੱਟਬਾਲ ਛੱਡ ਕੇ ਕਬੱਡੀ ਵੱਲ ਆਇਆ ਸੀ ਤੇ ਉਸ ਨੇ ਸ਼ੰਕਰੀਏ ਘੁੱਗੇ ਵਾਂਗ ਆਪਣੇ ਪੈਰਾਂ ‘ਤੇ ਖੜ੍ਹੇ ਰਹਿ ਕੇ ਹਿੱਕ ਦੇ ਜ਼ੋਰ ਨਾਲ ਕਹਿੰਦੇ-ਕਹਾਉਂਦੇ ਰੇਡਰ ਰੋਕ ਕੇ ਵਿਖਾ ਦਿੱਤੇ। ਪੰਜਾਬ ਦੀ ਧਰਤੀ ‘ਤੇ ਕਬੱਡੀ ਦੀ ਕਾਰ ਵਿਚ ਕੀਲੇ ਲੋਕਾਂ ਦੀ ਭੀੜ ਵੇਖ ਕੇ ਬੜੇਪਿੰਡੀਏ ਗੁਰਦਿਆਲ ਅਤੇ ਪਾਸਲੀਏ ਗੇਜੇ ਦਾ ਵੀ ਕੱਪੜੇ ਲਾਹ ਕੇ ਕਬੱਡੀ ਖੇਡਣ ਨੂੰ ਦਿਲ ਕਰ ਆਇਆ ਸੀ। ਉਂਜ ਗੁਰਦਿਆਲ ਵੇਟਲਿਫਟਰ ਤੇ ਗੇਜਾ ਪਹਿਲਵਾਨ ਸੀ।
ਕਬੱਡੀ ਨਾਲ ਇਸ਼ਕ ਕਰਨ ਵਾਲਿਆਂ ਦੇ ਕਿੱਸੇ ਵੀ ਬੜੇ ਕਮਾਲ ਦੇ ਨੇ। ਖੇਡ ਮੈਦਾਨ ਵਿਚ ਝੱਲ ਖਿਲਾਰਦੇ ਮਹਿੰਦਰ ਸਿੰਘ ਮੌੜ ਨੂੰ ਜਦ ਲੋਕ ਵੇਖਦੇ ਹਨ ਤਾਂ ਕਿਸੇ ਤੋਂ ਇਹ ਕਹਿਣੋਂ ਹਟ ਨਹੀਂ ਹੁੰਦਾ, ਯਾਰ ਮੌੜ ਤਾਂ ਕਬੱਡੀ ਦਾ ਸ਼ੈਦਾਈ ਆ! ਉਸ ਨੇ ਦਰਜਨਾਂ ਖਿਡਾਰੀਆਂ ਨੂੰ ਇੰਗਲੈਂਡ ਸੱਦ ਕੇ ਵਲੈਤੀਏ ਬਣਾਇਆ। ਤਰਸੇਮ ਪੁਰੇਵਾਲ ਦਾ ਕਬੱਡੀ ਨਾਲ ਕੁਆਰਾ ਇਸ਼ਕ ਸੀ। ਮਹਿੰਦਰ ਬੋਲਾ ਕਬੱਡੀ ਦਾ ਥੰਮ੍ਹ ਰਹਿ ਚੁਕਾ। ਸੋਹਣ ਚੀਮਾ ਕਬੱਡੀ ਦੇ ਬਾਗ ਦਾ ਮਾਲੀ ਰਿਹਾ। ਸਾਊਥਾਲ ਦੇ ਕਬੱਡੀ ਟੂਰਨਾਮੈਂਟ ਉਤੇ ਕਬੱਡੀ ਦੇ ਪੁਰਾਣੇ ਆਸ਼ਕ ‘ਕੱਠੇ ਹੋ ਜਾਂਦੇ ਰਹੇ ਹਨ। ਕਦੇ ਬਾਰਕਿੰਗ ਵਿਚ ਰੌਣਕਾਂ ਲੱਗਦੀਆਂ, ਕਦੇ ਈਰਥ ਵੂਲਿਚ, ਕਦੇ ਡਰਬੀ, ਕਦੇ ਕਵੈਂਟਰੀ, ਕਦੇ ਵੁਲਵਰਹੈਂਪਟਨ, ਕਦੇ ਸਲੋਹ ਤੇ ਕਦੇ ਬਰਮਿੰਘਮ। ਕਦੇ ਬੈਡਫੋਰਡ ਤੇ ਕਦੇ ਬ੍ਰੈਡਫੋਰਡ।
ਕਰਨੈਲ ਸਿੰਘ ਖਹਿਰਾ ਕਮਾਲ ਦਾ ਜਾਫੀ ਸੀ ਤੇ ਕੈਂਚੀ ਲਾਉਣ ਦਾ ਪੀਰ ਉਸਤਾਦ ਸੀ। ਉਸ ਨੂੰ ਅਫਸੋਸ ਹੈ ਕਿ ਕੈਂਚੀ ਲਾਉਣ ਨਾਲ ਕੁਝ ਖਿਡਾਰੀਆਂ ਦੀਆਂ ਲੱਤਾਂ ਟੁੱਟੀਆਂ। ਉਹ ਕਬੱਡੀ ਖੇਡਣ ਦੇ ਨਾਲ ਏਸ਼ੀਆ ਪੱਧਰ ਤਕ ਵਾਲੀਬਾਲ ਵੀ ਖੇਡਿਆ। ਉਸ ਦਾ ਜਨਮ ਪਿੰਡ ਖਹਿਰਾ ਮੱਝਾ ਵਿਚ 20 ਜੁਲਾਈ 1937 ਨੂੰ ਹੋਇਆ ਸੀ। ਉਹ ਪੰਜਾਬ ਪੁਲਿਸ ਦੀ ਠਾਣੇਦਾਰੀ ਛੱਡ ਕੇ ਇੰਗਲੈਂਡ ਚਲਾ ਗਿਆ ਤੇ ਕਬੱਡੀ ਦੀ ਸੇਵਾ ਕਰਨ ਲੱਗਾ। ਉਹਦਾ ਹੋਕਾ ‘ਆਓ ਕਿਸੇ ਫਕੀਰ ਜੇ ਹੋਵਣਾ’ ਦੇਣ ਵਾਲਾ ਹੈ। ਦੇਵ ਅੱਟੇ ਨੂੰ ਡਿੱਗੇ ਹੌਂਸਲੇ ਨਾਲ ਖੇਡਣ ਦੀ ਬਾਣ ਨਹੀਂ ਸੀ। ਕਿਸੇ ਕੇਸ ਦੀ ਲਪੇਟ ‘ਚ ਆ ਕੇ ਉਹ ਉਮਰ ਕੈਦ ਦੀ ਸਜ਼ਾ ਖਾ ਬੈਠਾ। ਬੇਸ਼ਕ ਤਕੜਾ ਖਿਡਾਰੀ ਹੋਣ ਕਾਰਨ ਚਾਰ ਕੁ ਸਾਲ ਬਾਅਦ ਮੁਆਫੀ ‘ਤੇ ਰਿਹਾਈ ਮਿਲ ਗਈ, ਪਰ ਇਕ ਵਾਰ ਸਿਖਰਾਂ ਤੋਂ ਹੇਠਾਂ ਆਈ ਉਹਦੀ ਖੇਡ ਮੁੜ ਪਹਿਲੀ ਤੱਗੀ ਨਾ ਪਹੁੰਚ ਪਾਈ।
ਪੱਜੋਦਿਓਤੀਆ ਮਿੰਦ੍ਹਰ ਬੋਲਾ ਧਰਤੀ ਧਕੇਲ ਧਾਵੀਆਂ ਦੇ ਗੁੱਟ ਝਾੜ ਕੇ ਉਨ੍ਹਾਂ ਨੂੰ ਆਪਣੇ ਪੈਰਾਂ ‘ਚ ਸੁੱਟ ਲੈਂਦਾ ਸੀ। ‘ਕੇਰਾਂ ਜਗਤਪੁਰੀਏ ਨਿਰੰਜਣ ਸਿੰਘ ਨੇ ਸਰਵਣ ਬੱਲ ਨੂੰ ਜਕੋ-ਤਕੀ ਵਿਚ ਪਿਆ ਵੇਖ ਕੇ ਕਿਹਾ ਸੀ, “ਕੌਡੀ ਪਾ ਬਈ ਸਰਵਣਾ, ਤੈਨੂੰ ਬੋਲਾ ਉਡੀਕਦੈ!” ਸਰਵਣ ਤੇ ਬੋਲੇ ਨੂੰ ਧੌਲੋ ਧੌਲ ਹੁੰਦੇ ਵੇਖਣ ਲਈ ਦੁਆਬੇ ਦੇ ਲੋਕ ਮਾਲ ਡੰਗਰ ਭੁੱਖਾ ਤਿਹਾਇਆ ਛੱਡ ਕੇ ਟੂਰਨਾਮੈਂਟ ਵੇਖਣ ਦੌੜ ਜਾਂਦੇ ਸਨ। ਸਰਵਣ ਦਾ ਜਨਮ 1938 ਵਿਚ ਰਮੀਦੀ, ਜਿਲਾ ਕਪੂਰਥਲਾ ਵਿਚ ਹੋਇਆ ਸੀ। ‘ਆਇਆ ਪ੍ਰੀਤਾ ਗਿਆ ਪ੍ਰੀਤਾ’ ਦੇ ਬੋਲ ਵੀਹ ਸਾਲ ਪੰਜਾਬ ਦੀ ਹਵਾ ‘ਚ ਗੂੰਜਦੇ ਰਹੇ। ਉਹ ਜਿਲਾ ਕਪੂਰਥਲਾ ਦੀ ਕਬੱਡੀ ਟੀਮ ਦਾ ਥੰਮ੍ਹ ਸੀ। ਕਿਸੇ ਖੇਡ ਮੇਲੇ ‘ਤੇ ਪ੍ਰੀਤੇ ਦੇ ਆਉਣ ਦਾ ਪਤਾ ਲੱਗ ਜਾਂਦਾ ਤਾਂ ਲੋਕੀਂ ਉਹਦੀ ਤੇਜ਼-ਤਰਾਰ ਖੇਡ ਵੇਖਣ ਲਈ ਵਹੀਰਾਂ ਘੱਤ ਤੁਰਦੇ। ਕਬੱਡੀ ਦੇ ਮਸ਼ਹੂਰ ਕੈਨੇਡੀਅਨ ਖਿਡਾਰੀ ਜਵਾਹਰੇ ਨਾਲ ਆਪਣੀ ਬੱਚੀ ਦਾ ਵਿਆਹ ਕਰ ਕੇ ਪ੍ਰੀਤਾ ਹੁਣ ਪੱਛਮੀ ਕਬੱਡੀ ਜਗਤ ਨਾਲ ਵੀ ਜੁੜਿਆ ਹੋਇਆ ਹੈ।
ਨਛੱਤਰ ਢਾਂਡੀ ਦਾ ਜਨਮ ਪਿੰਡ ਆਲਮਵਾਲਾ, ਜਿਲਾ ਮੋਗਾ ਵਿਚ ਹੋਇਆ ਸੀ। ਮਾਲ ਢਾਂਡਾ ਚਾਰਦਾ ਰਿਹਾ ਹੋਣ ਕਾਰਨ ਉਹਦਾ ਨਾਂ ਢਾਂਡੀ ਪਿਆ। ਪ੍ਰਕਾਸ਼ ਸਿੰਘ ਬਾਦਲ ਨੇ ਉਸ ਨੂੰ ਕਬੱਡੀ ਦਾ ਕੋਚ ਲਾਇਆ ਤੇ 1974 ਵਿਚ ਉਹ ਪੰਜਾਬ ਦੀ ਕਬੱਡੀ ਟੀਮ ਨਾਲ ਇੰਗਲੈਂਡ ਚਲਾ ਗਿਆ। ਲੱਤੀਂ ਪੈ ਕੇ ਧਾਵੀ ਨੂੰ ਰੋਕਣਾ ਉਹ ਮਰਦਾਂ ਦੀ ਖੇਡ ਨਹੀਂ ਸੀ ਮੰਨਦਾ ਤੇ ਨਾ ਹੀ ਉਸ ਨੇ ਇੰਜ ਕੀਤਾ। ਧੌਣ ‘ਤੇ ਹੱਥ ਰੱਖ ਕੇ ਧਾਵੀ ਦੀ ਬਾਂਹ ਬੰਨ੍ਹਣੀ, ਗੁੱਟ ਫੜ ਕੇ ਰੋਕਣਾ ਤੇ ਵੱਧ ਤੋਂ ਵੱਧ ਹਲਕੀ ਜਿਹੀ ਕੈਂਚੀ ਲਾਉਣੀ ਉਸ ਦੀ ਖੇਡ ਦੇ ਦਾਅ ਹੁੰਦੇ ਸਨ।
ਅਵਤਾਰ ਸਿੰਘ ਤਾਰੇ ਦਾ ਜਨਮ 1948 ਵਿਚ ਪਿੰਡ ਘਣਗਸ, ਜਿਲਾ ਲੁਧਿਆਣਾ ਵਿਚ ਹੋਇਆ ਸੀ। ਉਹ ਤੂਫਾਨ ਮੇਲ ਧਾਵੀ ਸੀ ਤੇ ਛੇਤੀ ਕੀਤਿਆਂ ਕਿਸੇ ਤੋਂ ਡੱਕ ਨਹੀਂ ਸੀ ਹੁੰਦਾ। 1974 ਵਿਚ ਉਹ ਵੀ ਪੰਜਾਬ ਦੀ ਟੀਮ ਨਾਲ ਇੰਗਲੈਂਡ ਗਿਆ। ਉਸ ਟੀਮ ਵਿਚੋਂ ਰਸਾਲਾ, ਬੰਸਾ, ਬਿੰਦਰ ਘੱਲ ਕਲਾਂ, ਭੱਜੀ ਖੁਰਦਪੁਰੀਆ, ਸੁਰਜੀਤ ਸੈਦੋਵਾਲੀਆ ਆਦਿ ਇੰਗਲੈਂਡ ਵਿਚ ਪੱਕੇ ਤੌਰ ‘ਤੇ ਟਿਕ ਗਏ, ਜੋ ਵੁਲਵਰਹੈਂਮਟਨ, ਕਵੈਂਟਰੀ ਤੇ ਗ੍ਰੇਵਜ਼ੈਂਡ ਦੀਆਂ ਟੀਮਾਂ ਵਿਚ ਖੇਡਦੇ ਰਹੇ। ਰਸਾਲ ਸਿੰਘ ਸੰਧੂ ਕਬੱਡੀ ਦਾ ਕਮਾਲ ਦਾ ਧਾਵੀ ਤੇ ਬਹੁਤ ਹੀ ਨਿਮਰ ਖਿਡਾਰੀ ਸੀ। ‘ਦੇਸ-ਪਰਦੇਸ’ ਦੇ ਐਡੀਟਰ ਤਰਸੇਮ ਪੁਰੇਵਾਲ ਨੇ ਉਹਦੇ ਤੇ ਬੰਸੇ ਬਾਰੇ ਸੁਰਖੀ ਲਾਈ ਸੀ-ਟਿਕ ਗਏ ਬੰਸੇ ਅਤੇ ਰਸਾਲੇ ਜੀ ਵਿਆਹ ਹੋਇਆ ਮੇਰੇ ਬਾਬਲੇ। ਉਹਦੇ ਵਰਗਾ ਕਮਾਇਆ ਹੋਇਆ ਸਰੀਰ ਪੂਰੇ ਕਬੱਡੀ ਜਗਤ ਵਿਚ ਮਸਾਂ ਉਂਗਲਾਂ ‘ਤੇ ਗਿਣੇ ਜਾਣ ਵਾਲੇ ਖਿਡਾਰੀਆਂ ਦਾ ਹੀ ਹੋਵੇਗਾ।
ਕਬੱਡੀ ਨਾਲ ਰਤਾ ਵੀ ਮੱਸ ਰੱਖਣ ਵਾਲਿਆਂ ਲਈ ਸਾਊਥਾਲ ਦੇ ਹਿੰਮਤ ਸਿੰਘ ਸੋਹੀ ਦਾ ਨਾਂ ਕੋਈ ਓਪਰਾ ਨਹੀਂ। ਉਹ ਰਾਜਸਥਾਨ ਦੇ ਸਕੂਲਾਂ ਦਾ ਬੈਸਟ ਅਥਲੀਟ ਸੀ। 1968 ‘ਚ ਉਹ ਇੰਗਲੈਂਡ ਗਿਆ ਤੇ ਸਾਊਥਾਲ ਕਲੱਬ ਲਈ ਕਬੱਡੀ ਖੇਡਣ ਲੱਗਾ। 1973 ‘ਚ ਉਹ ਇੰਗਲੈਂਡ ਦੀ ਕਬੱਡੀ ਟੀਮ ਨਾਲ ਪੰਜਾਬ ਗਿਆ ਤੇ ਸੰਗਰੂਰ ਦੇ ਵਾਰ ਹੀਰੋਜ਼ ਸਟੇਡੀਅਮ ਵਿਚ ਪੰਜਾਬ ਦੀ ਟੀਮ ਵਿਰੁੱਧ ਤਕੜਾ ਮੈਚ ਖੇਡਿਆ। ਉਹਦੀ ਧੌਲ ਨਾਲ ਹੀ ਦੇਵੀ ਦਿਆਲ ਡਿਗਿਆ ਸੀ ਤੇ ਅਗਲੇ ਮੈਚ ਖੇਡਣ ਦੇ ਕਾਬਲ ਨਹੀਂ ਸੀ ਰਿਹਾ। ਹਿੰਮਤ ਨੂੰ ਕਬੱਡੀ ਖੇਡਦਿਆਂ ਵੇਖ ਕੇ ਇੰਗਲੈਂਡ ਦੇ ਪੁਲਿਸ ਮਹਿਕਮੇ ਨੇ ਉਸ ਨੂੰ ਸਰਵਿਸ ਦੀ ਪੇਸ਼ਕਸ਼ ਕੀਤੀ ਸੀ, ਪਰ ਉਸ ਨੇ ਇਨਕਾਰ ਕਰ ਦਿੱਤਾ ਸੀ। ਹੁਣ ਉਹ ਸਾਊਥਾਲ ਦੇ ਸ੍ਰੀ ਗੁਰੂ ਸਿੰਘ ਸਭਾ ਗੁਰਦੁਆਰੇ ਦਾ ਪ੍ਰਧਾਨ ਹੈ।
ਪਿੰਡ ਜਵਾਹਰ ਸਿੰਘ ਵਾਲੇ ਦਾ ਹਰਪਾਲ ਸਿੰਘ ਬਰਾੜ ਵੀ ਬਹੁਤ ਤਕੜਾ ਕੌਡਿਆਲ ਸੀ। ਉਹ ਸਾਊਥਾਲ ਦੇ ਗੁਰਦੁਆਰੇ ਦਾ ਸਕੱਤਰ ਰਿਹਾ। ਦੋ ਮੱਝਾਂ ਭਿੜਦੀਆਂ ਨੂੰ ਸਿੰਗਾਂ ਤੋਂ ਫੜ ਕੇ ਪਰ੍ਹਾਂ ਕਰ ਸਕਣ ਜਿੰਨੀ ਤਾਕਤ ਰੱਖਣ ਵਾਲਾ ਜੀਤੀ ਖਹਿਰਾ ਜਦੋਂ ਹਿੰਮਤ ਸੋਹੀ ਵਰਗਿਆਂ ਨਾਲ ਫਸ ਕੇ ਮੁੜਦਾ ਤਾਂ ਕਬੱਡੀ ਵੇਖਦੇ ਲੋਕਾਂ ਦੇ ਮੂੰਹੋਂ ਸੁਤੇ ਸਿੱਧ ਨਿਕਲ ਜਾਂਦਾ-ਬੱਲੇ ਓਏ ਸੂਰਮਿਆ! ਉਸ ਨੇ ਸੰਗਰੂਰ ‘ਚ ਇੰਗਲੈਂਡ ਦੀ ਟੀਮ ਵੱਲੋਂ ਅਠਾਈ ਕਬੱਡੀਆਂ ਪਾਈਆਂ ਸਨ ਤੇ ਇਕ ਵਾਰ ਵੀ ਨਹੀਂ ਸੀ ਰੁਕਿਆ। ਤੇਜ਼-ਤਰਾਰ ਤੇ ਧੱਕੜ ਧਾਵੀਆਂ ਨੂੰ ਬੰਨ੍ਹ ਲਾਉਣ ਵਾਲਾ ਸ਼ੰਕਰੀਆ ਘੁੱਗਾ ਸੀ, ਜੋ ਹੁਣ ਕੈਨੇਡਾ ਵਿਚ ਰਹਿੰਦੈ। ਸੱਤਾ ਮੁਠੱਡਿਆਂ ਵਾਲਾ ਤੇ ਸੰਧਵਾਂ ਦਾ ਟਹਿਲਾ ਵੀ ਤਕੜੇ ਖਿਡਾਰੀ ਹੋਏ। ਟਹਿਲੇ ਦੀਆਂ ਬਾਂਦਰ ਕਾਠੀਆਂ ਲੋਕਾਂ ਦਾ ਮਨੋਰੰਜਨ ਕਰਦੀਆਂ ਰਹੀਆਂ।
ਜਾਂਬਾਜ਼ ਧਾਵੀਆਂ ਨੂੰ ਗੁੱਟ ਤੋਂ ਫੜ ਕੇ ਡੱਕਣ ਵਾਲਾ ਹਰਬੰਸਪੁਰੇ ਦਾ ਸਵਰਨਾ ਬੜੀ ਦੇਰ ਕਬੱਡੀ ਖੇਡਿਆ। ਕਬੱਡੀ ਦੇ ਦੀਵਾਨਿਆਂ ਨੂੰ ਸਵਰਨੇ ਵਰਗੇ ਗੁੱਟ ਦੇ ਫੜਾਵੇ ਦੀਆਂ ਸਦਾ ਉਡੀਕਾਂ ਰਹਿਣਗੀਆਂ। ਸੁਰਖਪੁਰੀਆ ਦੁੱਲਾ ਪੜ੍ਹਿਆ ਤਾਂ ਪੰਜ ਜਮਾਤਾਂ ਹੀ, ਪਰ ਕੌਡੀ ਪਾਉਣ ਵਿਚ ਦੁੱਲੇ ਭੱਟੀ ਵਰਗਾ ਸੂਰਮਾ ਹੈ। ਕੁਰੜ ਦਾ ਜਗਜੀਤ ਫੌਜੀ ਫੌਜ ‘ਚੋਂ ਨਾਵਾਂ ਨਾ ਕਟਾਉਂਦਾ ਤਾਂ ਲੋਕ ਉਦੇ ਜੱਫਿਆਂ ਨੂੰ ਵੇਖਣ ਲਈ ਤਰਸਦੇ ਰਹਿ ਜਾਂਦੇ। ਸੰਮੀਪੁਰੀਆਂ ਸ਼ੀਰਾ ਕਬੱਡੀ ਦਾ ਤਕੜਾ ਖਿਡਾਰੀ ਵੀ ਰਿਹਾ ਤੇ ਹੁਣ ਕਬੱਡੀ ਦਾ ਤਕੜਾ ਪ੍ਰੋਮੋਟਰ ਹੈ। ਉਹ ਹਰ ਸਾਲ ਅਨੰਦਪੁਰ ਸਾਹਿਬ ਕਬੱਡੀ ਟੂਰਨਾਮੈਂਟ ਕਰਵਾਉਂਦੈ। ਜੈਲਾ ਵੀ ਕਬੱਡੀ ਦਾ ਕਮਾਲ ਦਾ ਧਾਵੀ ਸੀ। ਗੁਰਮੀਤ ਗਾਗੋ ਦਾ ਜਨਮ ਜ਼ਫਰਨਾਮਾ ਲਿਖੇ ਜਾਣ ਵਾਲੇ ਪਿੰਡ ਦੀਨਾ ਸਾਹਿਬ ਵਿਚ ਹੋਇਆ ਸੀ ਤੇ ਉਹ ਹਰਜੀਤ ਬਰਾੜ ਨਾਲ ਕਬੱਡੀ ਖੇਡਦਾ ਸੀ।
ਲੱਖੇ ਗਾਜ਼ੀਪੁਰੀਏ ਦੀਆਂ ਕਿਆ ਬਾਤਾਂ! ਗੋਰਾ ਰੰਗ, ਗੁੰਦਵਾਂ ਜੁੱਸਾ, ਗਿੱਚੀ ਉਤੇ ਨਿੱਕੀ ਜਿਹੀ ਗੁੱਤ, ਜਦੋਂ ਕਬੱਡੀ ਪਾਉਣ ਜਾਂਦਾ ਤਾਂ ਮੈਦਾਨ ਨੂੰ ਅੱਗ ਲੱਗ ਉਠਦੀ। ਉਹ ਕਈ ਵਰ੍ਹੇ ਕਬੱਡੀ ਦਾ ਸਟਾਰ ਖਿਡਾਰੀ ਰਿਹਾ ਤੇ ਅਜੇ ਵੀ ਖੁੱਭੀਆਂ ਕੱਢੀ ਜਾਂਦੈ। ਲੱਖੇ ਦਾ ਨਾਂ ਸੁਣ ਕੇ ਹੀ ਸਟੇਡੀਅਮ ਭਰ ਜਾਂਦੇ ਹਨ। ਬੀਰ੍ਹਾ ਸਿੱਧਵਾਂ ਤਕੜਾ ਧਾਵੀ ਵੀ ਰਿਹਾ ਤੇ ਹੁਣ ਨਿੱਗਰ ਜਾਫੀ ਹੈ। ਉਹ ਵਰਲਡ ਕਬੱਡੀ ਕੱਪ ਦਾ ਸਰਵੋਤਮ ਜਾਫੀ ਐਲਾਨਿਆ ਜਾ ਚੁੱਕੈ। ਸੁਖਵਿੰਦਰ ਨੇਕੀ ਵੀ ਟੋਰਾਂਟੋ ਦੇ ਵਰਲਡ ਕਬੱਡੀ ਕੱਪ ਦਾ ਬੈੱਸਟ ਜਾਫੀ ਸੀ ਤੇ ਮੇਜਰ ਗਾਖਲ ਦੋ ਵਾਰ ਬੈਸਟ ਜਾਫੀ ਐਲਾਨਿਆ ਗਿਆ। ਤੀਰਥ ਗਾਖਲ ਵੀ ਉਪਰੋਕਤ ਜਾਫੀਆਂ ਦੀ ਕਤਾਰ ਵਿਚ ਸ਼ਾਮਲ ਹੈ ਤੇ ਅਮਰੀਕਾ ਦੀ ਟੀਮ ਵੱਲੋਂ ਖੇਡਦਾ ਹੈ। ਗਾਖਲਾਂ ਨੂੰ ਜਾਫੀ ਬਣੇ ਵੇਖ ਕੇ ਮਾਨੀ ਗਾਖਲ ਵੀ ਜਾਫੀ ਬਣ ਗਿਆ। ਕੁਲਵੰਤ ਅੰਕਾ ਧਾਵੀ ਤੇ ਜਗਦੀਪ ਵੰਝ ਤਕੜੇ ਜਾਫੀ ਵਜੋਂ ਚਮਕੇ। ਇੰਦਰਜੀਤ ਫੁੱਲਾਂਵਾਲੀਏ ਦੇ ਭਰਾ ਸਿੰ.ਦਰੀ ਦਾ ਜੁੱਸਾ ਹਲਕਾ ਜਿਹਾ ਸੀ, ਪਰ ਫਿੱਡੂ ਦੇ ਲੱਤੀਂ ਪੈ ਜਾਂਦਾ ਤਾਂ ਝਾਫਾ ਬਣ ਜਾਂਦਾ। ਉਹ ਪੰਜਾਹ ਕਿਲੋ ਵਜ਼ਨ ਨਾਲ ਸਵਾ ਕੁਇੰਟਲ ਦੇ ਭੀਮੇ ਦੀ ਭੂਤਨੀ ਭੁਲਾ ਦਿੰਦਾ ਸੀ। ਬਲਜੀਤ ਦੁਗਰੀ ਵਾਲੇ ਨੇ ਵੀ ਇੰਗਲੈਂਡ ਵਿਚ ਚੰਗਾ ਨਾਂ ਕਮਾਇਆ।
ਤੂਫਾਨ ਸਿੰਘ ਦਾ ਅਸਲੀ ਨਾਂ ਡੇਨੀਅਲ ਇਗਾਲੀ ਹੈ। ਉਹ ਓਲੰਪਿਕ ਖੇਡਾਂ ਦਾ ਰੈਸਲਿੰਗ ਚੈਂਪੀਅਨ ਹੈ ਤੇ ਪੁਰੇਵਾਲ ਭਰਾਵਾਂ ਦੇ ਸਹਿਯੋਗ ਨਾਲ ਕਬੱਡੀ ਵੀ ਬਹੁਤ ਉੱਚ ਪਾਏ ਦੀ ਖੇਡਿਆ। ਮਲਕੀਤ ਸਿੰਘ, ਚਰਨ ਸਿੰਘ ਤੇ ਗੁਰਜੀਤ ਸਿੰਘ ਨੇ ਕੈਨੇਡਾ ਵਿਚ ਕਬੱਡੀ ਦਾ ਤੋਰਾ ਤੋਰਿਆ। ਮਹਿਮਾ ਸਿੰਘ, ਗੁਰਵਿੰਦਰ ਚੀਮਾ, ਗਿਆਨ ਚੀਮਾ, ਰੇਸ਼ਮ ਦੁਸਾਂਝ, ਕਰਨੈਲ ਚੀਮਾ, ਰਿਆਜ਼ ਜੱਟ, ਮੇਜਰ ਚੜਿੱਕ, ਮੱਖਣ ਚੜਿੱਕ, ਸ਼ੁਕਰੀ, ਮੁਹੰਮਦ ਦਿਲਬਰ, ਗੁਰਮੀਤ ਕੁੱਸਾ, ਗੋਗੀ ਜਰਗੜੀ ਵਾਲਾ, ਕੋਮਲ ਕੁੱਸਾ, ਸੱਤਾ ਖੈੜਾ ਦੋਨਾ, ਨਿੰਦੀ ਔਜਲਾ, ਗੁਲਜ਼ਾਰ ਸਿੱਧਵਾਂ, ਬਬਲੀ ਚੜਿੱਕ, ਪਲਵਿੰਦਰ ਪਿੰਦੂ, ਮੀਕਾ ਭਲਵਾਨ, ਚੈਨਾ, ਕਰਨੈਲ ਬਰਾੜ, ਹਰਪ੍ਰੀਤ ਰੂਬੀ, ਪਰਮਜੀਤ ਕਾਂਗੜੀ, ਸੁਖਦੇਵ ਬੁਧੂ, ਛੋਟਾ ਜੀਤੀ, ਮੀਤਾ ਢੇਸੀ, ਕਿਰਪਾਲ ਪਾਲੀ, ਦਰਬਾਰਾ ਬੋਲਾ, ਹਰਭਜਨ ਪੁਰੇਵਾਲ, ਮੱਘਰ ਬਰਾੜ, ਸੁਰਜੀਤ ਸੈਦੋਵਾਲੀਆ, ਵਿੰਦਰ ਘੱਲ ਕਲਾਂ, ਦਿਆਲਾ, ਤਿਰਲੋਚਨ ਜੌਹਲ, ਬਾਬਾ ਘੁਰਲੀ, ਸੋਹਣ, ਮੀਤ ਜੱਜਾ, ਰਛਪਾਲ ਢੇਸੀ, ਭਿੰਦਾ ਮੁਠੱਡਾ, ਲਹਿੰਬਰ ਲਿੱਤਰ, ਸੋਖਾ ਹਰੀਪੁਰੀਆ ਤੇ ਅਜੈਬ ਚੀਮਾ ਕਬੱਡੀ ਦੇ ਚਮਕਦੇ ਸਿਤਾਰੇ ਹਨ।
ਸੋਖਾ ਸਾਧਪੁਰੀਆ, ਜੈਬਾ ਪਹਿਲਵਾਨ, ਭਜੀ ਖੀਰਾਂਵਾਲੀਆ, ਸੁਰਜੀਤ ਕੰਗ, ਦੇਵ ਜੰਬੋ, ਕੇਵਲ ਕਵੈਂਟਰੀ, ਪਰਮਜੀਤ ਪੰਮਾ, ਬਲਜੀਤ ਗੋਲਾ, ਸੁੱਚਾ ਦੁਸਾਂਝ, ਪ੍ਰਭਾ, ਗੇਲਾ ਘੋਲੀਆ, ਮੋਲ੍ਹਾ ਮੱਦੋਕੇ, ਮੱਲ ਮੱਦੋਕੇ, ਬਿੰਦੀ, ਗੁੱਗੂ, ਪੀਟਰ, ਜੱਸਾ, ਲਵਜੀਤ ਅੱਟਾ, ਲਾਲੀ ਚੂਹੜ ਚੱਕ, ਬੰਤ ਗੋਲੂ, ਗੁਰਮੇਲ, ਪੱਪੂ, ਬਲਬੀਰ ਬੀਰਾ, ਦਲਜੀਤ ਮੋਹਣਾ, ਵਿੰਦਰ ਫਿਰੋਜ਼ਪੁਰੀਆ, ਹਰਦੀਪ ਬਾਈ, ਅਰਜਨ ਕੌਂਕੇ, ਭੁਪਿੰਦਰ ਕਲੱਚ, ਪਵਿੱਤਰ ਪਿੱਤਾ, ਕੇਵਲ ਜੰਮੂ, ਅਮਰੀਕ ਜਵੰਦਾ, ਬਲਵਿੰਦਰ ਭੀਮਾ, ਅਖਤਰ, ਰਾਮਗੜ੍ਹੀਆ ਪੰਮਾ, ਛਿੰਦਾ ਢਪੱਈ, ਰਾਜਨ, ਬੰਸਾ ਢੰਡੋਵਾਲੀਆ, ਤਾਰੀ ਲਾਲੋ ਮਜਾਰੀਆ, ਜਤਿੰਦਰ ਚੱਠਾ, ਬਿੰਦਰ ਕੈਂਚੀਆਂ ਵਾਲਾ, ਸ਼ਿੰਦਾ ਅਮਲੀ, ਜਗਦੇਵ ਸੰਘਾ, ਅਲਬਾਦ ਹਰਿਆਣਵੀ, ਸਵਰਨਾ ਵੈੱਲੀ, ਜਸਵੀਰ ਘੁੱਗੀ, ਇਕਬਾਲ ਮਲਕ, ਸੁਰਖਪੁਰੀਆ ਪੰਡਤ, ਗਾਂਧੀ ਸੁਰਖਪੁਰੀਆ, ਮਿੰਦਰ ਸੁਰਖਪੁਰੀਆ, ਮੱਖਣ ਪੁਆਦੜਾ, ਜੀਤਾ ਮੌੜ, ਧੀਰਾ, ਕਾਲਾ ਗਾਜ਼ੀਆਣੀਆਂ, ਰਾਜਾ, ਜਤਿੰਦਰ ਜਾਫੀ, ਲੱਖੀ ਕੁਰਾਲੀ, ਸ਼ਿੰਦਰੀ, ਬਲਰਾਜ ਬਾਜੀ, ਪੱਪੂ ਗੁਰਦਾਸਪੁਰੀਆ, ਹਰਪ੍ਰੀਤ ਬਾਬਾ, ਬਿੱਟੂ ਬਾਂਗਰ, ਭਿੰਦਰ ਰਾਮਗੜੀਆ, ਅੰਗਰੇਜ਼, ਜਗਤਾਰ ਧਨੌਲਾ, ਸੁਖਜੀਤ ਲਾਲੀ, ਦਲਜੀਤ ਕੂਨਰ, ਕੁਲਦੀਪ ਮੱਲ੍ਹਾ, ਸ਼ੱਬਾ ਗੁਰਦਾਸਪੁਰੀਆ, ਬਲਤੇਜ ਬਰਾੜ, ਗੁਰਮੇਲ ਪਹਿਲਵਾਨ, ਜਰਨੈਲ ਬੜਿੰਗ, ਨਾਣੂੰ ਤੇ ਵੀਰੂ ਕਬੱਡੀ ਅੰਬਰ ਦੇ ਤਾਰੇ ਹਨ।
ਜਿੰਦਰ ਖਾਨੋਵਾਲੀਆ, ਬੋਲਾ ਪੱਤੜ, ਮੋਹਣਾ ਸੰਧਵਾਂ, ਮਨਜੀਤ, ਮੰਗੀ ਸੁਰਖਪੁਰੀਆ, ਮੇਜਰ, ਜਸਪਾਲ ਢਿੱਲੋਂ, ਕੁਲਦੀਪ ਸੋਢੀ, ਵਿੰਦਰ ਜ਼ਿਲੀਗਾਮ, ਕਰਮਜੀਤ ਕੰਮਾ, ਕਾਕਾ ਚਕਰੀਆ, ਸੁਰਿੰਦਰ ਸ਼ਿੰਦਾ, ਦਰਸ਼ਨ ਗਿੱਲ, ਗੁਰਮੇਲ ਸੰਧੂ, ਛੋਟਾ ਚਰਨ, ਜਰਨੈਲ ਹੇਅਰ, ਇਕਬਾਲ ਬਾਲਾ, ਲਛਮਣ ਸਿੰਘ, ਨਿਰਮਲ ਮੱਲ੍ਹੀ, ਮੱਖਣ ਜੌਹਲ, ਨਿਰਮਲ ਸੰਧੂ, ਸਤਨਾਮ ਗਿੱਲ, ਸ਼ਿੰਗਾਰਾ ਜੌਹਲ, ਪਾਲੀ ਪਹਿਲਵਾਨ, ਅਜੀਤ ਭਿੰਦੀ, ਅਮਰੀਕ ਘੁੱਦਾ, ਸੁਰਿੰਦਰ ਖਹਿਰਾ, ਅਵਤਾਰ ਜਵੰਦਾ, ਮੋਹਣ ਜੌਹਲ, ਮਿੱਠੂ ਗੁਰਦਾਸਪੁਰੀਆ, ਜਰਨੈਲ ਤੇ ਕੇਹਰ ਹੇਅਰ, ਅਮਰਜੀਤ ਸਾਬੀ, ਜਸਪਾਲ ਰੰਧਾਵਾ, ਜਗਤਾਰ ਜੈਕੀ, ਗਿਆਨਾ, ਬੂਟਾ ਬਾਹੀਆ, ਹਰਭਜਨ ਭਜੀ, ਅਮਰੀਕ ਬੁੱਢਾ, ਸਤਿੰਦਰ ਸੰਧੂ, ਜਸਵਿੰਦਰ ਸਹੋਤਾ, ਸੁਰਿੰਦਰ ਕਾਲਾ, ਪ੍ਰੋਫੈਸਰ ਸਹੋਤਾ, ਬਲਦੇਵ ਸਿਮਰੂ, ਸੁਰਜਨ ਚੱਠਾ, ਬਲਵਿੰਦਰ ਫਿੱਡੂ ਤੇ ਹਰਜੀਤ ਬਰਾੜ ਤਕ ਕਬੱਡੀ ਦੇ ਸੈਂਕੜੇ ਖਿਡਾਰੀ ਹਨ, ਜਿਨ੍ਹਾਂ ਨੇ ਦਾਇਰੇ ਵਾਲੀ ਕਬੱਡੀ ਨੂੰ ਜੀਂਦੀ ਜਾਗਦੀ ਰੱਖਿਆ ਹੈ। ਪ੍ਰਿੰਸੀਪਲ ਸਰਵਣ ਸਿੰਘ ਇਕ ਵੱਖਰਾ ਹਸਤਾਖਰ ਹੈ, ਜਿਸ ਦੀ ਅਥਾਹ ਜ਼ੋਰ-ਏ-ਕਲਮ ਅਤੇ ਬੇਬਾਕ ਟਿੱਪਣੀਆਂ ਬਾਰੇ ਕੁਝ ਨਾ ਆਖਾਂ ਤਾਂ ਵੀ ਉਹਨੂੰ ਕੁਲ ਖੇਡ ਆਲਮ ਜਾਣਦਾ ਹੈ।