ਖੋਜੀ ਮਸੀਹੇ

ਹਰਜੀਤ ਦਿਓਲ, ਬਰੈਂਪਟਨ
ਦੱਖਣੀ ਧਰੁਵ (ਅੰਟਾਰਕਟਿਕ) ਦੇ ਗੁੱਝੇ ਭੇਦਾਂ ਦੀ ਥਾਹ ਪਾਉਣ ਲਈ ਆਸਟਰੇਲੀਆ ਸਰਕਾਰ ਵਲੋਂ ਤਿਆਰ ਕੀਤੀ ਗਈ 31 ਬੰਦਿਆਂ ਦੀ ਟੀਮ ਦਾ ਲੀਡਰ ਤੀਹ ਸਾਲਾ ਡਗਲਸ ਮਾਅਸਨ ਬਣਾਇਆ ਗਿਆ। ਉਹ ਖੋਜ ਕਾਰਜਾਂ ਦਾ ਚੰਗਾ ਅਭਿਅਸਤ ਸੀ। ਇਸ ਮਿਸ਼ਨ ਦਾ ਉਦੇਸ਼ 2000 ਮੀਲ ‘ਚ ਫੈਲੇ ਅਣਜਾਣ ਤੇ ਅਭੇਦ ਦੱਖਣੀ ਧਰੁਵ ਦੇ ਨਕਸ਼ੇ ਅਤੇ ਹੋਰ ਭੂ ਵਿਗਿਆਨ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਇਸ ਦੁਰਗਮ ਤੇ ਜੋਖਮ ਭਰੇ ਬਰਫੀਲੇ ਮਹਾਦੀਪ ਦੀ ਯਾਤਰਾ ਕਰਨਾ ਸੀ। ਨਵੰਬਰ 1912 ਨੂੰ ਇਸ ਟੀਮ ਨੇ ਇੱਕ ਖਾੜੀ ਦੇ ਕਿਨਾਰੇ ਆਪਣੀ ਝੁੱਗੀ (ਹਟ) ਸਥਾਪਤ ਕੀਤੀ। ਇਹ ਸਥਾਨ ਅਤਿਅੰਤ ਤੇਜ ਹਵਾਵਾਂ (200 ਮੀਲ ਪ੍ਰਤੀ ਘੰਟਾ) ਤੇ ਭਿਆਨਕ ਠੰਡ ਵਾਲਾ ਖੇਤਰ ਜਾਣਿਆ ਜਾਂਦਾ ਸੀ।

ਤਿੰਨ ਤਿੰਨ ਬੰਦਿਆਂ ਦੀਆਂ ਅੱਠ ਟੀਮਾਂ ਬਣਾਈਆਂ ਗਈਆਂ ਤੇ ਅਲਗ ਅਲਗ ਰਸਤਿਆਂ ਰਾਹੀਂ ਉਨ੍ਹਾਂ ਮੰਜ਼ਿਲ ਵੱਲ ਕੂਚ ਕੀਤਾ। ਡਗਲਸ ਮਾਅਸਨ ਦੀ ਟੀਮ ‘ਚ ਸਨ 29 ਸਾਲਾ ਜੇਵੀਅਰ ਮਰਟ ਅਤੇ 25 ਸਾਲਾ ਬਲਗ੍ਰੇਵ ਨਿਨੀ। ਦੋਵੇਂ ਖੋਜ ਕਾਰਜ ਦੇ ਮਾਹਰ ਸਨ। ਸਲੇਜਾਂ (ਬਰਫ ‘ਤੇ ਕੁੱਤਿਆਂ ਜਾਂ ਘੋੜਿਆਂ ਨਾਲ ਖਿੱਚੀਆਂ ਜਾਣ ਵਲੀਆਂ ਗੱਡੀਆਂ), ਜੋ ਜਰੂਰੀ ਸਾਜ਼ੋ-ਸਾਮਾਨ ਜਿਵੇਂ ਤੰਬੂ, ਖਾਦ ਪਦਾਰਥ, ਰੱਸੇ ਤੇ ਸੱਬਲਾਂ ਆਦਿ ਨਾਲ ਲੱਦੀਆਂ ਸਨ, ਨੂੰ ਦਰਜਨ ਕੁ ਕੁੱਤਿਆਂ ਨੇ ਖਿਚਦਿਆਂ ਮੰਜ਼ਿਲ ਵੱਲ ਵਧਣਾ ਸ਼ੁਰੂ ਕੀਤਾ। 35 ਦਿਨ ਦਾ ਸਫਰ ਤੈਅ ਕਰਕੇ ਇਹ ਤਿੱਕੜੀ 14 ਦਸੰਬਰ ਨੂੰ ਕੋਈ 300 ਮੀਲ ਦਾ ਪੰਧ ਮੁਕਾ ਚੁਕੀ ਸੀ। ਦੋ ਵੱਡੇ ਗਲੇਸ਼ੀਅਰ ਅਤੇ ਕਿੰਨੀਆਂ ਹੀ ਬਰਫੀਲੀਆਂ ਡੂੰਘੀਆਂ ਦਰਾਰਾਂ ਪਾਰ ਕੀਤੀਆਂ ਗਈਆਂ ਸਨ।
ਇਕ ਦੁਪਹਿਰ ਵੇਲੇ ਜਦ ਮਾਅਸਨ ਇੱਕ ਡੂੰਘੀ ਦਰਾਰ ਲਾਗਿਓਂ ਬਚਦਿਆਂ ਆਪਣੀ ਸਲੇਜ ਸਹਿਤ ਦੂਜੇ ਪਾਸੇ ਪੁੱਜਾ, ਉਸ ਨੇ ਕੁੱਤੇ ਦੀ ਮੱਧਮ ਜਿਹੀ ਚੀਕ ਸੁਣੀ। ਉਸ ਨੇ ਪਲਟ ਕੇ ਦੇਖਿਆ ਤਾਂ ਠਠੰਬਰ ਗਿਆ। ਪਿੱਛੇ ਦੂਰ ਦੂਰ ਤੱਕ ਸਲੇਜ ‘ਤੇ ਸਾਥੀ ਨਿਨੀ ਦਾ ਨਾਮੋ ਨਿਸ਼ਾਨ ਨਹੀਂ ਦਿਖਿਆ। ਅੱਗੇ ਜਾਂਦਾ ਮਰਟ ਵੀ ਪਿੱਛੇ ਮੁੜ ਆਇਆ ਸੀ। ਦੋਹਾਂ ਨੇ ਆਪਣੇ ਆਪ ਨੂੰ ਰੱਸਿਆਂ ਨਾਲ ਬੰਨ੍ਹ ਕੇ ਡੂੰਘੀ ਖੱਡ ਵਿਚ ਝਾਕਿਆ। ਜੋ ਦਿਖਿਆ, ਓਹ ਹੌਲਨਾਕ ਸੀ। ਕੋਈ 200 ਫੁਟ ਥੱਲੇ ਇੱਕ ਕੁੱਤਾ ਬੇਹਰਕਤ ਪਿਆ ਸੀ ਤੇ ਨੇੜੇ ਕੁਝ ਹੋਰ ਸਮਾਨ ਬਿਖਰਿਆ ਪਿਆ ਸੀ ਤੇ ਨਿਨੀ ਦੀ ਕੋਈ ਉੱਘ-ਸੁੱਘ ਨਹੀਂ। ਦੋਹਾਂ ਨੇ ਉੱਚੀ ਅਵਾਜ਼ ‘ਚ ਪੁਕਾਰਿਆ, ਪਰ ਕੋਈ ਪ੍ਰਤੀਕਰਮ ਨਹੀਂ ਆਇਆ। ਜਾਹਰ ਸੀ, ਨਿਨੀ ਕੁਝ ਕੁੱਤਿਆਂ ਅਤੇ ਭਰੀ ਸਲੇਜ ਸਮੇਤ ਥੱਲੇ ਹੋਰ ਡੂੰਘੀ ਦਰਾਰ ਵਿਚ ਜਾ ਡਿੱਗਿਆ ਸੀ ਤੇ ਮੌਤ ਨਿਸ਼ਚਿਤ ਸੀ।
ਥੱਲੇ ਉਤਰਨ ਲਈ ਲੋੜ ਜੋਗਾ ਰੱਸਾ ਨਹੀਂ ਸੀ, ਕਿAੁਂਕਿ ਬਹੁਤਾ ਸਾਜ਼ੋ-ਸਾਮਾਨ ਅਤੇ ਖਾਦ ਪਦਾਰਥ ਇਸ ਮੌਤ ਦੇ ਖੂਹ ‘ਚ ਸਮਾ ਚੁਕਾ ਸੀ। ਆਖਰ ਉਨ੍ਹਾਂ ਹੋਣੀ ਨੂੰ ਮਨਜੂਰ ਕਰਦਿਆਂ ਵਾਪਸੀ ਦਾ ਸਫਰ ਸ਼ੁਰੂ ਕੀਤਾ। ਬਿਨਾ ਟੈਂਟ ਰਾਤ ਕੱਟਣੀ ਮੌਤ ਦਾ ਕਾਰਨ ਬਣਦੀ, ਇਸ ਲਈ ਉਨ੍ਹਾਂ ਬਚੇ-ਖੁਚੇ ਸਾਮਾਨ ਨਾਲ ਇੱਕ ਛੋਟਾ ਆਰਜੀ ਟੈਂਟ ਤਿਆਰ ਕੀਤਾ ਤੇ ਬਚੇ ਥੋੜ੍ਹੇ ਜਿਹੇ ਭੋਜਨ ਨੂੰ ਸੰਜਮ ਨਾਲ ਵਰਤਣਾ ਅਰੰਭ ਕੀਤਾ। ਕੁਝ ਦਿਨ ਤਾਂ ਵਾਪਸੀ ਸਫਰ ਠੀਕ ਹੋ ਨਿਬੜਿਆ, ਪਰ ਕਿਉਂਕਿ ਕੁੱਤਿਆਂ ਦੀ ਖੁਰਾਕ ਘਟ ਗਈ ਸੀ, ਇਕ ਇਕ ਕਰਕੇ ਕੁੱਤਿਆਂ ਨੇ ਜਵਾਬ ਦੇ ਦਿੱਤਾ। ਜਦ ਦੋਹਾਂ ਖੋਜੀਆਂ ਦਾ ਆਪਣਾ ਭੋਜਨ ਵੀ ਖਤਮ ਹੋ ਗਿਆ ਤਾਂ ਸਾਹਸੱਤ ਹੀਣ ਕੁੱਤਿਆਂ ਨੂੰ ਗੋਲੀ ਮਾਰੀ ਗਈ ਤੇ ਉਨ੍ਹਾਂ ਦਾ ਮੀਟ ਵਰਤਿਆ ਗਿਆ। ਬੜੀ ਘੱਟ ਰਫਤਾਰ ਨਾਲ ਕੁਝ ਹੋਰ ਦਿਨ ਯਾਤਰਾ ਜਾਰੀ ਰੱਖੀ ਜਾ ਸਕੀ, ਕਿਉਂਕਿ ਹੁਣ ਇੱਕ ਕੁੱਤੇ ਨਾਲ ਉਹ ਆਪ ਵੀ ਸਲੇਜ ਖਿੱਚ ਰਹੇ ਸਨ। ਵਜਨ ਘੱਟ ਕਰਨ ਲਈ ਕੁਝ ਹੋਰ ਸਮਾਨ ਸੁੱਟਣਾ ਪੈ ਗਿਆ।
ਬਰਫੀਲੇ ਝੱਖੜਾਂ ਨੇ ਉਨ੍ਹਾਂ ਦਾ ਸਫਰ ਦੁਸ਼ਵਾਰ ਕਰੀ ਰੱਖਿਆ, ਪਰ ਜੀਵਨ ਦੀ ਆਸ ‘ਚ ਉਹ ਅੱਗੇ ਵਧਦੇ ਰਹੇ। ਅਚਾਨਕ ਜੇਵੀਅਰ ਮਰਟ ਬੀਮਾਰ ਪੈ ਗਿਆ ਤੇ ਉਸ ਤੁਰਨੋ ਨਾਂਹ ਕਰ ਦਿੱਤੀ। ਮਾਅਸਨ ਨੇ ਦੇਖਿਆ ਕਿ ਮਰਟ ਨੇ ਪੈਂਟ ਵਿਚ ਹੀ ਪਾਖਾਨਾ ਕਰ ਦਿੱਤਾ ਹੈ, ਤਾਂ ਉਸ ਇੱਕ ਨਰਸ ਵਾਂਗ ਉਸ ਨੂੰ ਸਾਫ ਕਰ ਸਲੀਪਿੰਗ ਬੈਗ ਵਿਚ ਲਿਟਾ ਦਿੱਤਾ। ਕੰਮ ਚਲਾਊ ਟੈਂਟ ‘ਚ ਪਿਆ ਮਰਟ ਉਸ ਰਾਤ ਸਰਸਾਮ ਦਾ ਸ਼ਿਕਾਰ ਹੋ ਗਿਆ। ਉਹ ਜਰਮਨ ‘ਚ ਅਵਾ-ਤਵਾ ਬੋਲਦਾ ਰਿਹਾ ਤੇ ਅੰਤ ਸਵੇਰ ਤੱਕ ਪ੍ਰਾਣ ਤਿਆਗ ਗਿਆ। ਮਾਅਸਨ ਨੇ ਉਸ ਦੀ ਦੇਹ ਨੂੰ ਬਰਫ ‘ਚ ਦਬਾ ਕੇ ਸਲੇਜ ਦੇ ਵਾਧੂ ਰਨਰਾਂ ਨਾਲ ਉਸ ਉੱਪਰ ਇਕ ਕਰਾਸ ਖੜਾ ਕਰ ਦਿੱਤਾ।
ਤਾਰੀਕ 8 ਜਨਵਰੀ ਸੀ ਤੇ ਮੌਤ ਨੂੰ ਸ਼ਿਕਸਤ ਦੇਣ ਲਈ ਇਕੱਲੇ ਮਾਅਸਨ ਨੂੰ ਕੋਈ 100 ਮੀਲ ਦਾ ਪੰਧ ਤੈਅ ਕਰਕੇ ਬੇਸ ਕੈਂਪ ਦੇ ਹੱਟ ਤੱਕ ਪਹੁੰਚਣਾ ਜਰੂਰੀ ਸੀ। ਉਸ ਸਫਰ ਜਾਰੀ ਰੱਖਿਆ, ਪਰ ਕੁਦਰਤ ਨੇ ਉਸ ਦਾ ਹੋਰ ਇਮਤਿਹਾਨ ਲੈਣਾ ਸੀ। ਅਚਾਨਕ ਉਹ ਪੋਲੀ ਬਰਫ ਥੱਲੇ ਢਕੇ ਖੂਹ ਵਿਚ ਜਾ ਡਿੱਗਾ ਤੇ ਆਪਣੇ ਨਾਲ ਬੰਨ੍ਹੇ 14 ਫੁਟ ਰੱਸੇ ਸਹਾਰੇ ਲਟਕਣ ਲੱਗਾ। ਰੱਸੇ ਦਾ ਦੂਜਾ ਸਿਰਾ ਸਲੇਜ ਨਾਲ ਬੰਨ੍ਹਿਆ ਹੋਣ ਕਾਰਨ ਸਲੇਜ ਬਰਫ ‘ਚ ਅਟਕ ਗਈ ਸੀ।
ਥੱਲੇ ਮੌਤ ਦੇ ਮੂੰਹ ਵਿਚ ਤਾਂ ਜਾਣੋ ਬਚ ਗਿਆ, ਪਰ ਇੱਥੋਂ ਨਿਕਲਣਾ ਕਠਿਨ ਸੀ। ਕੁਝ ਦੇਰ ਉਹ ਆਪਣੀ ਮੌਤ ਦੇ ਰੂਬਰੂ ਹੁੰਦਾ ਰਿਹਾ, ਕਿਉਂਕਿ ਇੱਥੇ ਲਟਕਦਾ ਉਹ ਹੌਲੀ ਹੌਲੀ ਫਰੀਜ਼ ਹੋ ਜਾਣਾ ਸੀ। ਉਸ ਨੇ ਬਚਣ ਲਈ ਆਖਰੀ ਸਾਹ ਤੱਕ ਕੋਸ਼ਿਸ਼ ਕਰਨ ਦੀ ਠਾਣ ਲਈ। ਰੱਸੇ ਉੱਪਰ ਕੁਝ ਕੁਝ ਫਾਸਲੇ ‘ਤੇ ਗੰਢਾਂ ਸਨ, ਜਿਸ ਦਾ ਇਸਤੇਮਾਲ ਕਰ ਕੇ ਉਸ ਨੇ ਉੱਪਰ ਵਧਣਾ ਸ਼ੁਰੂ ਕੀਤਾ, ਪਰ ਅੱਧ ‘ਚ ਜਾ ਕੇ ਉਹ ਤਿਲ੍ਹਕ ਕੇ ਫਿਰ ਥੱਲੇ ਆ ਡਿੱਗਾ। ਉਸ ਨੇ ਸੋਚਿਆ ਕਿ ਅੰਤ ਆ ਗਿਆ ਹੈ। ਅਚਾਨਕ ਉਸ ਨੂੰ ਆਪਣੇ ਚਹੇਤੇ ਕਵੀ ਰਾਬਰਟ ਸਰਵਸ ਦੇ ਬੋਲ ਯਾਦ ਆਏ, ‘ਬਸ ਇੱਕ ਜੋਰਦਾਰ ਹੰਭਲਾ ਹੋਰ! ਮਰਨਾ ਸੌਖਾ ਹੈ, ਪਰ ਜੀਵਤ ਰਹਿਣ ਲਈ ਸੰਘਰਸ਼ ਕਰਨਾ ਹੀ ਬਹਾਦਰੀ ਹੈ।’
ਉਸ ਨੇ ਆਪਣੀ ਸਾਰੀ ਤਾਕਤ ਇਸ ਆਖਰੀ ਹੰਭਲੇ ਵਿਚ ਝੋਕ ਦਿੱਤੀ ਤੇ ਰੱਸੇ ਦੇ ਸਿਰੇ ਤੱਕ ਅੱਪੜ ਕੇ ਖੱਡ ਤੋਂ ਬਾਹਰ ਆ ਡਿੱਗਾ। ਹਾਲ ਦੀ ਘੜੀ ਉਹ ਬਚ ਗਿਆ ਸੀ, ਪਰ ਕੀ ਉਹ ਭੁੱਖੇ ਭਾਣੇ ਬਚਦਾ ਸਫਰ ਪੂਰਾ ਕਰ ਸਕੇਗਾ? ਸ਼ਾਇਦ ਨਹੀਂ। ਮਾਅਸਨ ਦਾ ਮਰਨਾ ਤਾਂ ਤੈਅ ਸੀ, ਪਰ ਉਹ ਚਾਹੁੰਦਾ ਸੀ ਕਿ ਆਪਣੀ ਡਾਇਰੀ ਉਹ ਕਿਸੇ ਤਰ੍ਹਾਂ ਬੇਸ ਕੈਂਪ ਪਹੁੰਚਾ ਸਕੇ, ਜਿਸ ਵਿਚ ਬਹੁਤ ਬਹੁਮੁੱਲੀਆਂ ਜਾਣਕਾਰੀਆਂ ਦਰਜ ਸਨ। ਭੋਜਨ ਖਤਮ ਸੀ। ਉਸ ਬੈਗ ਫਰੋਲਿਆ ਤੇ ਅਚਾਨਕ ਖੁਸ਼ੀ ਨਾਲ ਚੀਕ ਪਿਆ। ‘ਹਿੰਮਤੇ ਮਰਦਾਂ, ਮਰਦੇ ਖੁਦਾ’ ਸਹੀ ਜਾਪਿਆ, ਕਿਉਂਕਿ ਉਸ ਬੈਗ ‘ਚ ਇੱਕ ਮੀਟ ਸੂਪ ਦਾ ਡੱਬਾ ਲੱਭ ਪਿਆ ਸੀ। ਉਸ ਉਹ ਪੀਤਾ ਤੇ ਸਫਰ ਜਾਰੀ ਰੱਖਿਆ, ਭਾਵਂੇ ਹੁਣ ਉਹ ਬੇਦਮ ਹੋ ਚੁਕਾ ਸੀ ਤੇ ਠੰਡ ਨਾਲ ਉਸ ਦੇ ਹੱਥ ਪੈਰ ਜਵਾਬ ਦੇਣ ਲੱਗੇ ਸਨ। ਅਰਧ ਬੇਹੋਸ਼ੀ ਦੇ ਆਲਮ ‘ਚ ਡਿੱਕੋ-ਡੋਲੇ ਖਾਂਦਾ ਓਹ ਅਚਾਨਕ ਅੱਖਾਂ ‘ਤੇ ਯਕੀਨ ਨਾ ਕਰ ਸਕਿਆ, ਜਦ ਉਸ ਨੇ ਸਾਹਮਣੇ ਕੁਝ ਦੂਰ ਬੇਸ ਕੈਂਪ ਹੱਟ ਦੇਖੀ। ਕੀ ਇਹ ਸੁਫਨਾ ਸੀ? ਨਹੀਂ। ਪਰ ਉਸ ਦੀ ਹੈਰਾਨੀ ਦਾ ਠਿਕਾਣਾ ਨਾ ਰਿਹਾ, ਜਦ ਉਸ ਨੇ ਉਥੇ ਕੁਝ ਬੰਦਿਆਂ ਦੇ ਪਰਛਾਵੇਂ ਵੀ ਦੇਖੇ। ਉਨ੍ਹਾਂ ਨੇ ਵੀ ਮਾਅਸਨ ਨੂੰ ਦੇਖ ਲਿਆ ਸੀ ਤੇ ਫੌਰਨ ਦੌੜ ਕੇ ਆਪਣੇ ਲੀਡਰ ਨੂੰ ਚੁੱਕ ਕੇ ਬੇਸ ਕੈਂਪ ਹੱਟ ਵਿਚ ਲੈ ਗਏ।
‘ਅਰੌਰਾ’ ਨਾਮੀ ਬਚਾਓ ਸ਼ਿਪ ਉੱਥੋਂ ਕੁਝ ਸਮਾਂ ਪਹਿਲਾਂ ਚਲਾ ਗਿਆ ਸੀ, ਪਰ ਛੇ ਬੰਦੇ ਇਸ ਕੈਂਪ ‘ਚ ਛੱਡ ਦਿੱਤੇ ਗਏ ਸਨ, ਤਾਂ ਕਿ ਕੋਈ ਭਟਕਿਆ ਖੋਜੀ ਵਾਪਸ ਆ ਸਕਿਆ ਤਾਂ ਬਚਾਇਆ ਜਾ ਸਕੇ। ਕੁਝ ਮਹੀਨਿਆਂ ਬਾਅਦ ਸ਼ਿਪ ਵਾਪਸ ਆਉਣਾ ਸੀ, ਪਰ ਬੇਸ ਕੈਂਪ ‘ਚ ਜੀਵਤ ਰਹਿਣ ਦਾ ਪੂਰਾ ਸਾਜ਼ੋ-ਸਾਮਾਨ ਉਪਲਬਧ ਸੀ। ਫਰਵਰੀ 1914 ‘ਚ ਮਾਅਸਨ ਆਸਟਰੇਲੀਆ ਅੱਪੜਿਆ, ਜਿੱਥੇ ਉਸ ਦਾ ਜੌਰਜ ਪੰਜਵੇਂ ਨੇ ਸ਼ਾਹੀ ਸਨਮਾਨ ਕੀਤਾ। ਉਸ ਦੀਆਂ ਡਾਇਰੀ ਰਿਪੋਰਟਾਂ ਭੂ ਵਿਗਿਆਨ ਲਈ ਅਨਮੋਲ ਸਾਬਤ ਹੋਈਆਂ।
1958 ਵਿਚ ਉਸ ਮਹਾਨ ਖੋਜੀ ਦੀ ਮੌਤ ‘ਤੇ ਆਸਟਰੇਲੀਆ ‘ਚ ਰਾਸ਼ਟਰੀ ਸ਼ੋਕ ਮਨਾਇਆ ਗਿਆ। ਆਪਣੇ ਦੇਸ਼, ਕੌਮ ਤੇ ਧਰਮ ਲਈ ਜੂਝਦੇ ਅਨੇਕਾਂ ਦੇਖੇ ਜਾਂਦੇ ਹਨ, ਪਰ ਇਸ ਸਭ ਤੋਂ ਉੱਪਰ ਉੱਠ ਕੇ ਮਾਨਵਤਾ ਦੇ ਗਿਆਨ ਵਾਧੇ ਲਈ ਜੂਝਦੇ ਹੋਏ ਜਾਨਾਂ ਵਾਰਨ ਵਾਲੇ ਵਿਰਲੇ ਹੀ ਹੁੰਦੇ ਹਨ। ਇਨ੍ਹਾਂ ਖੋਜੀ ਜੁਝਾਰੂਆਂ ਨੂੰ ਸਲਾਮ!
(ਜਨਵਰੀ 2013 ਦੇ ‘ਨੈਸ਼ਨਲ ਜਿਓਗ੍ਰਾਫਿਕ’ ‘ਚ ਛਪੇ ਲੇਖ ‘ਤੇ ਆਧਾਰਤ)