ਯਾਦਾਂ ਦੀਆਂ ਤੰਦਾਂ

ਕਿਰਪਾਲ ਸਿੰਘ ਸੰਧੂ, ਫਰਿਜ਼ਨੋ
ਫੋਨ: 559-259-4844
1950 ਵਿਚ ਜਲੰਧਰ ਵਕੀਲ ਮਿਹਰ ਸਿੰਘ ਦੇ ਦਫਤਰ ਵਿਚ ਅਰਜ਼ੀ-ਨਵੀਸ ਪਾਸੋਂ ਮੇਰੇ ਬਾਪ ਕਰਨਲ ਗੁਰਦੇਵ ਸਿੰਘ ਨੇ ਲਿਖਵਾਇਆ ਹੋਇਆ ਇਕਪਾਸੜ ਫੈਸਲਾ ਪੜ੍ਹ ਕੇ ਸੁਣਾਇਆ। ਮੇਰੇ ਦਸਤਖਤ ਅਤੇ ਮੇਰੀ ਮਾਂ ਦਾ ਅੰਗੂਠਾ ਲਗਵਾ ਕੇ ਉਸ ਦੀ ਨਕਲ ਕਾਪੀ ਤਕ ਸਾਨੂੰ ਨਾ ਦਿੱਤੀ। ਉਸ ਫੈਸਲੇ ਅਨੁਸਾਰ ਪਿੰਡ ਕਰੀਹਾ (ਨਵਾਂ ਸ਼ਹਿਰ) ਵਿਚ ਆਪਣੀ ਮਾਂ ਨਾਲ ਵਸਣ ਦੀ ਬੜੀ ਦਰਦਨਾਕ ਲੰਮੀ ਘਰੇਲੂ ਦਾਸਤਾਂ ਹੈ।

1951 ਨੂੰ ਮਾਰਚ ਮਹੀਨੇ ਦੀ 23 ਤਾਰੀਕ ਸੀ। ਮੈਂ ਕਰੀਹੇ ਤੋਂ ਖਟਕੜ ਕਲਾਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਅਤੇ ਉਸ ਦੇ ਇਨਕਲਾਬੀ ਸਾਥੀਆਂ ਰਾਜਗੁਰੂ ਤੇ ਸੁਖਦੇਵ ਦੀ ਸ਼ਹੀਦੀ ਕਾਨਫਰੰਸ ਵਿਚ ਸ਼ਾਮਲ ਹੋਣ ਗਿਆ। ਸਾਇਕਲ ‘ਤੇ ਰੇਲਵੇ ਪਟੜੀ ਦੇ ਨਾਲ-ਨਾਲ ਬਣੀ ਪਗਡੰਡੀ ਰਾਹੀਂ ਕਾਨਫਰੰਸ ਵਾਲੀ ਜਗ੍ਹਾ ਪਹੁੰਚਿਆ ਜੋ ਨਵਾਂ ਸ਼ਹਿਰ ਤੋਂ ਫਗਵਾੜੇ ਜਾਂਦੀ ਪੱਕੀ ਸੜਕ ਕੰਢੇ ਪਿੰਡ ਖਟਕੜ ਕਲਾਂ ਦੀ ਹੱਦ ਅੰਦਰ ਹੋ ਰਹੀ ਸੀ। ਕਾਨਫਰੰਸ ਤੋਂ ਬਾਅਦ ਮੈਂ ਸੋਚਿਆ, ਹੁਣ ਆਏ ਤਾਂ ਹੋਏ ਹਾਂ, ਕਿਉਂ ਨਾ ਬਾਬਾ ਜੀ ਜਸਵੰਤ ਸਿੰਘ ਨੂੰ ਮਿਲ ਜਾਵਾਂ। ਉਹ ਮੇਰੇ ਬਾਬਾ ਜੀ ਮੰਗਲ ਸਿੰਘ ਦੇ ਵੱਡੇ ਭਰਾ ਸਨ।
ਮੈਂ ਰੇਲਵੇ ਸਟੇਸ਼ਨ ਖਟਕੜ ਕਲਾਂ ਝੰਡਾ ਜੀ ਤੋਂ ਰੇਲਵੇ ਪਟੜੀ ਛੱਡ ਸਿੱਧਾ ਅੰਬਾਂ ਦੇ ਬਾਗ ਵਿਚ ਦੀ ਹੋ ਤੁਰਿਆ। ਦਿਲ ਵਿਚ ਖਿਆਲ ਸੀ ਕਿ ਜੇ ਬਾਬਾ ਜੀ ਜਸਵੰਤ ਸਿੰਘ ਮਿਲ ਜਾਣ ਤਾਂ ਆਪਣੀ ਕਰੀਹੇ ਵਾਲੀ ਜ਼ਮੀਨ ਵਿਚ ਆ ਰਹੀ ਮੁਸ਼ਕਿਲ ਦੱਸ ਕੇ ਉਸ ਦਾ ਕੋਈ ਹੱਲ ਲਭਿਆ ਜਾ ਸਕਦਾ ਹੈ। ਬਾਗ ਵਿਚੋਂ ਜਾਂਦਿਆਂ ਕਈ ਰੰਗ ਦੇਖਣ ਨੂੰ ਮਿਲੇ। ਇਸ ਵਿਚ ਪਈਆਂ ਵੱਟਾਂ ਹੁਣ ਲਕੀਰ ਮਾਤਰ ਹੀ ਦਿਸ ਰਹੀਆਂ ਸਨ; ਜਿਵੇਂ ਇਹ ਬਾਗ ਕਈ ਪੀੜ੍ਹੀਆਂ ਦੀ ਵਾਰ-ਵਾਰ ਹੋ ਰਹੀ ਪਰਿਵਾਰਕ ਵੰਡ ਹੰਢਾਅ ਚੁੱਕਿਆ ਹੋਵੇ! ਅੰਬਾਂ ਦੇ ਬੂਟਿਆਂ ‘ਤੇ ਕੋਈ ਟਾਵਾਂ-ਟੱਲਾ ਅੰਬ ਬੂਟਿਆਂ ਦੀ ਨਾ ਹੋਈ ਸਾਂਭ-ਸੰਭਾਲ ਦੀ ਗਵਾਹੀ ਭਰ ਰਿਹਾ ਸੀ। ਬਾਗ ਦੇ ਦੂਸਰੇ ਸਿਰੇ ਅੰਦਰ ਬਾਹਰ ਛੋਟੇ ਜਿਹੇ ਬਣੇ ਮਕਾਨ ਦੇ ਚੁਬਾਰੇ ਵਿਚ ਬਾਬਾ ਜੀ ਕੁਰਸੀ ‘ਤੇ ਬੈਠੇ ਸਨ। ਕੋਲ ਇਕ ਰਾਖਾ ਵੀ ਬੈਠਾ ਸੀ। ਬਾਗ ਵਿਚ ਇਸ ਪਾਸੇ ਅੰਬਾਂ ਦੇ ਬੂਟਿਆਂ ‘ਤੇ ਰੌਣਕ ਦਿਖਾਈ ਦਿੰਦੀ ਸੀ ਅਤੇ ਫਲ ਵੀ ਖੂਬ ਲੱਗੇ ਹੋਏ ਸੀ। ਮੈਂ ਝੁਕ ਕੇ ਬਾਬਾ ਜੀ ਦੇ ਚਰਨਾਂ ਨੂੰ ਹੱਥ ਲਾਇਆ ਅਤੇ ਕੋਲ ਪਈ ਚਾਰਪਾਈ ‘ਤੇ ਬੈਠ ਗਿਆ। ਉਹ ਰਾਖੇ ਨਾਲ ਅੱਜ ਵਾਲੀ ਸ਼ਹੀਦੀ ਕਾਨਫਰੰਸ ਅਤੇ ਲੋਕਾਂ ਦੇ ਭਾਰੀ ਇਕੱਠ ਬਾਰੇ ਗੱਲਾਂ ਕਰਦੇ ਮੁਸਲਮਾਨ ਲੀਗ ਅਤੇ ਕਾਂਗਰਸ ਨੂੰ ਪਾਣੀ ਪੀ-ਪੀ ਕੋਸ ਰਹੇ ਸਨ; ਜਿਵੇਂ ਉਨ੍ਹਾਂ ਨੂੰ ਕੋਈ ਜ਼ਾਤੀ ਸਦਮਾ ਪਹੁੰਚਿਆ ਹੋਵੇ, ਤੇ ਰਾਖਾ ‘ਹਾਂ ਜੀ, ਹਾਂ ਜੀ’ ਕਹਿ ਕੇ ਹੁੰਗਾਰਾ ਭਰ ਰਿਹਾ ਸੀ। ਥੋੜ੍ਹੀ ਦੇਰ ਬਾਅਦ ਮੈਨੂੰ ਸਮਝ ਆਈ ਕਿ ਬਾਬਾ ਜੀ ਦਰਅਸਲ ਦੇਸ਼ ਦੀ ਆਜ਼ਾਦੀ ਤੋਂ ਖੁਸ਼ ਨਹੀਂ। ਇਹ ਮੈਨੂੰ ਚੰਗਾ ਨਹੀਂ ਸੀ ਲਗ ਰਿਹਾ। ਮੈਂ ਫਿਰ ਆਪਣੇ ਮਸਲੇ ਬਾਰੇ ਕੀ ਗੱਲ ਕਰਨੀ ਸੀ? ਬਸ ਇਹ ਕਹਿ ਕੇ ਇਜਾਜ਼ਤ ਲੈ ਲਈ ਕਿ ਬਾਬਾ ਜੀ, ਮੈਂ ਜਲਦੀ ਕਰੀਹੇ ਨੂੰ ਮੁੜ ਜਾਣਾ ਹੈ ਤਾਂ ਜੋ ਜਾ ਕੇ ਮਾਲ ਡੰਗਰ ਦੇਖਿਆ ਜਾ ਸਕੇ।
ਜਿਵੇਂ-ਜਿਵੇਂ ਅਪਰੈਲ ਦੇ ਦਿਨ ਇਕ-ਇਕ ਕਰ ਕੇ ਲੰਘ ਰਹੇ ਸਨ, ਉਸੇ ਤਰ੍ਹਾਂ ਗਰਮੀ ਵੀ ਆਪਣੇ ਜੋਬਨ ਵਲ ਵਧ ਰਹੀ ਸੀ। ਜ਼ਮੀਨ ਦਾ ਰਕਬਾ 7 ਏਕੜ ਜੋ ਮੈਨੂੰ ਦਿੱਤਾ ਗਿਆ ਸੀ, ਉਸ ਵਿਚ ਕੋਈ ਦਰਖਤ ਨਹੀਂ ਸੀ ਅਤੇ ਨਾ ਹੀ ਖੂਹ ‘ਤੇ ਟਿੰਡਾਂ ਸਨ। ਬਗੈਰ ਪਾਣੀ ਦੇ ਪਸ਼ੂਆਂ ਲਈ ਪੱਠੇ ਬੀਜਣ ਦੀ ਫਿਕਰ ਦਿਨ ਰਾਤ ਸਤਾ ਰਹੀ ਸੀ। ਹੌਸਲਾ ਕਰ ਕੇ ਇਕ ਵਾਰ ਫਿਰ ਬਾਬਾ ਜੀ ਕੋਲ ਜਾਣ ਦਾ ਮਨ ਬਣਾਇਆ। ਅਗਲੇ ਦਿਨ ਬਾਬਾ ਜੀ ਕੋਲ ਪਹੁੰਚ ਕੇ ਸਾਰੀ ਔਕੜ ਆਖ ਸੁਣਾਈ। ਉਨ੍ਹਾਂ ਮੈਨੂੰ ਅਗਲੇ ਦਿਨ ਸਵੇਰੇ-ਸਵੇਰੇ ਆਉਣ ਲਈ ਕਿਹਾ।
ਮੈਂ ਅਗਲੇ ਦਿਨ ਸਵੇਰੇ ਰੋਟੀ-ਟੁਕ ਛਕ ਕੇ ਖਟਕੜ ਕਲਾਂ ਪਹੁੰਚ ਗਿਆ। ਬਾਬਾ ਜੀ ਤਿਆਰ ਸਨ। ਸਾਇਕਲ ਘਰੇ ਛੱਡ ਬਾਬੇ ਜੀ ਦੇ ਪਿੱਛੇ-ਪਿੱਛੇ ਕਸਬਾ ਬੰਗਾ, ਰੇਲਵੇ ਰੋਡ ਮਿਸਤਰੀ ਜੀ ਦੀ ਦੁਕਾਨ ‘ਤੇ ਜਾਣ ਲਈ ਰੇਲਵੇ ਪਟੜੀ ਦੇ ਨਾਲ-ਨਾਲ ਪੈਦਲ ਚਲ ਪਏ। ਰਸਤਾ ਕੋਈ 2 ਮੀਲ ਦਾ ਹੋਵੇਗਾ। ਜਾਂਦੇ-ਜਾਂਦੇ ਉਨ੍ਹਾਂ ਫਿਰ ਦੇਸ਼ ਦੀ ਆਜ਼ਾਦੀ ਅਤੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਤੇ ਉਸ ਦੇ ਸਾਥੀਆਂ ਦੀ ਮਨਾਈ ਜਾ ਰਹੀ ਬਰਸੀ ਦੀ ਗੱਲ ਤੋਰ ਲਈ। ਮੈਂ ਸੁਣਦਾ ਗਿਆ ਤੇ ਕਦੇ-ਕਦੇ ਹੁੰਗਾਰਾ ਵੀ ਭਰ ਦਿੰਦਾ। ਬਾਬਾ ਜੀ ਜਸਵੰਤ ਸਿੰਘ ਜਿਨ੍ਹਾਂ 1936-37 ਦੀਆਂ ਪੰਜਾਬ ਅਸੈਂਬਲੀ ਚੋਣ ਅੰਗਰੇਜ਼ ਸਰਕਾਰ ਪੱਖੀ ਰੂਲਰਲਿਸਟ ਪਾਰਟੀ ਦੀ ਟਿਕਟ ‘ਤੇ ਜਲੰਧਰ ਦਿਹਾਤੀ ਹਲਕਾ ਫਿਲੌਰ ਤੋਂ ਲੜੀ ਸੀ ਅਤੇ ਉਹ ਦੇਸ਼ ਭਗਤ ਮਾਸਟਰ ਕਾਬਲ ਸਿੰਘ ਗੋਬਿੰਦਪੁਰੀ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਸਨ।
ਬਾਬਾ ਜੀ ਥੋੜ੍ਹੀ ਦੇਰ ਚੁੱਪ ਰਹਿਣ ਤੋਂ ਬਾਅਦ ਬੋਲੇ, “ਕਿਰਪਾਲ, ਇਕ ਦਫਾ ਭਗਤ ਸਿੰਘ ਨੇ ਡਾਕ ਰਾਹੀਂ ਮੇਰੇ ਨਾਂ ‘ਤੇ ਭਾਰਤ ਮਾਤਾ ਨਾਂ ਵਾਲਾ ਰਸਾਲਾ ਭੇਜਿਆ ਜਿਸ ਵਿਚ ਅੰਗਰੇਜ਼ੀ ਸਰਕਾਰ ਖਿਲਾਫ ਕਾਫੀ ਊਟ-ਪਟਾਂਗ ਲਿਖਿਆ ਹੋਇਆ ਸੀ। ਭਗਤ ਸਿੰਘ ਉਦੋਂ ਲਾਹੌਰ ਕਾਲਜ ਦੇ ਹੋਸਟਲ ਵਿਚ ਰਹਿ ਕੇ ਪੜ੍ਹਦਾ ਸੀ, ਮੈਂ ਗੁੱਸੇ ਵਿਚ ਆ ਕੇ ਉਹਦੇ ਨਾਂ ਤਿੰਨ ਪੈਸੇ ਵਾਲਾ ਕਾਰਡ ਹੋਸਟਲ ਦੇ ਪਤੇ ‘ਤੇ ਲਿਖ ਭੇਜਿਆ- “ਤੂੰ ਵੀ ਚਾਚਾ ਜੀ ਅਰਜਨ ਸਿੰਘ ਅਤੇ ਭਾਜੀ ਕਿਸ਼ਨ ਸਿੰਘ ਵਾਂਗ ਉਸੇ ਰਾਹ ‘ਤੇ ਚਲ ਪਿਆ ਹੈਂ। ਖਬਰਦਾਰ ਜੇ ਅੱਗੇ ਵਾਸਤੇ ਮੇਰੇ ਨਾਂ ‘ਤੇ ਅੰਗਰੇਜ਼ ਸਰਕਾਰ ਖਿਲਾਫ ਕੁਝ ਬੁਰਾ ਭਲਾ ਲਿਖਿਆ ਹੋਇਆ ਕੋਈ ਰਸਾਲਾ ਜਾਂ ਅਖਬਾਰ ਭੇਜੀ।” ਉਹ ਕਾਰਡ ਭਗਤ ਸਿੰਘ ਨੇ ਆਪਣੇ ਹੋਸਟਲ ਵਾਲੇ ਕਮਰੇ ਦੀ ਪੜ੍ਹਨ ਵਾਲੀ ਮੇਜ਼ ਦੀ ਦਰਾਜ ਵਿਚ ਰੱਖ ਲਿਆ। ਇਕ ਵਾਰ ਪੁਲਿਸ ਨੇ ਭਗਤ ਸਿੰਘ ਦੇ ਕਮਰੇ ਦੀ ਤਲਾਸ਼ੀ ਲਈ ਤਾਂ ਉਸ ਦੀ ਦਰਾਜ ‘ਚੋਂ ਮੇਰਾ ਲਿਖਿਆ ਉਹ ਕਾਰਡ ਪੁਲਿਸ ਅਤੇ ਸੀ.ਆਈ.ਡੀ. ਵਾਲਿਆਂ ਦੇ ਹੱਥ ਆ ਗਿਆ, ਤਾਂ ਜਾ ਕੇ ਅੰਗਰੇਜ਼ੀ ਸਰਕਾਰ ਨੂੰ ਮੇਰੇ ਵਾਲਦ ਸਰਦਾਰ ਸੁਰਜਨ ਅਤੇ ਉਸ ਦੇ ਪਰਿਵਾਰ ‘ਤੇ ਪੂਰਾ-ਪੂਰਾ ਭਰੋਸਾ ਹੋਣ ਲੱਗਾ ਕਿ ਸਰਦਾਰ ਸੁਰਜਨ ਸਿੰਘ ਅਤੇ ਉਸ ਦਾ ਪਰਿਵਾਰ ਅੰਗਰੇਜ਼ੀ ਸਰਕਾਰ ਦਾ ਪੂਰਾ-ਪੂਰਾ ਹਮਦਰਦ ਹੈ। ਅੰਗਰੇਜ਼ ਸਰਕਾਰ ਸਾਡੇ ‘ਤੇ ਭਰੋਸਾ ਕਰਨ ਲੱਗੀ ਅਤੇ ਸਰਕਾਰੇ-ਦਰਬਾਰੇ ਪਰਿਵਾਰ ਦੀ ਇਜ਼ਤ ਹੋਣ ਲੱਗੀ।
‘ਅੱਛਾ ਜੀ’ ਕਹਿ ਕੇ ਮੈਂ ਬਾਬਾ ਜੀ ਦੀ ਹਾਂ ਵਿਚ ਹਾਂ ਮਿਲਾਈ।
ਕੁਝ ਚਿਰ ਚੁਪ ਰਹਿਣ ਬਾਅਦ ਮੈਂ ਬੜੇ ਅਦਬ ਅਤੇ ਹਲੀਮੀ ਭਰੇ ਲਹਿਜੇ ਵਿਚ ਪੁਛਿਆ, “ਬਾਬਾ ਜੀ, ਇਕ ਕਹਾਣੀ ਬੜੀ ਪੁਰਾਣੀ ਸੁਣਨ ਨੂੰ ਮਿਲਦੀ ਹੈ। ਕਿਹਾ ਜਾਂਦਾ ਹੈ ਕਿ ਸਰਦਾਰ ਅਜੀਤ ਸਿੰਘ ਬੰਗੇ ਸਕੂਲ ਵਿਚ ਪੜ੍ਹਦਾ ਸੀ। ਛੁੱਟੀ ਦਾ ਦਿਨ ਸੀ। ਸਮਾਂ ਸੀ ਕੋਈ ਛਾਹ ਵੇਲਾ। ਉਹ ਆਪਣੇ ਖੇਤ ਵਿਚੋਂ ਗੰਨਾ ਧੂਹ ਕੇ ਚੂਪਦਾ ਹੋਇਆ ਘਰ ਨੂੰ ਆ ਰਿਹਾ ਸੀ। ਪਿੰਡ ਦੇ ਬਾਹਰ ਵਾਲੀ ਸੜਕ ਕੰਢੇ ਇਕ ਅੰਗਰੇਜ਼ ਪੁਲਿਸ ਅਫਸਰ ਘੋੜੇ ‘ਤੇ ਸਵਾਰ ਹੋਇਆ ਆਪਣੇ ਦੂਸਰੇ ਛੋਟੇ ਪੁਲਿਸ ਵਾਲਿਆਂ ਦੇ ਨਾਲ ਤੁਹਾਡੇ ਪਿਤਾ ਜੀ ਸਰਦਾਰ ਸੁਰਜਨ ਸਿੰਘ ਨੂੰ ਟੁੱਟੀ-ਫੁੱਟੀ ਪੰਜਾਬੀ ਉਰਦੂ ਵਿਚ ਕਹਿ ਰਿਹਾ ਸੀ ਕਿ ਸਰਦਾਰ ਸੁਰਜਨ ਸਿੰਘ, ਮੈਂ ਨਵਾਂ ਸ਼ਹਿਰ ਜਾਣਾ ਚਾਹੁੰਦਾ ਸੀ, ਦਿਲ ਵਿਚ ਖਿਆਲ ਆਇਆ ਕਿ ਆਪ ਕੋ ਵੀ ਮਿਲਤਾ ਜਾਊਂ। ਜਦੋਂ ਉਹ ਚਲਾ ਗਿਆ ਤਾਂ ਅਜੀਤ ਸਿੰਘ ਨੇ ਕਿਹਾ- ਤਾਇਆ ਜੀ, ਪੁਲਿਸ ਸਾਹਿਬ ਨੂੰ ਚੰਗੀ ਤਰ੍ਹਾਂ ਪੰਜਾਬੀ ਤਾਂ ਬੋਲਣੀ ਨਹੀ ਆਉਂਦੀ। ਤੁਸੀਂ ਝੁਕ-ਝੁਕ ਕੇ ਉਸ ਨੂੰ ਵਾਰ-ਵਾਰ ‘ਸਾਹਿਬ ਜੀ ਸਾਹਿਬ ਜੀ’ ਕਹਿ ਕੇ ਉਸ ਦੀ ਇਜ਼ਤ ਕਰ ਰਹੇ ਸੀ। ਫਿਰ ਸਰਦਾਰ ਸੁਰਜਨ ਸਿੰਘ ਨੇ ਅਜੀਤ ਸਿੰਘ ਨੂੰ ਖੂਬ ਡਾਂਟਿਆ ਅਤੇ ਨਾਰਾਜ਼ ਵੀ ਹੋਏ; ਅਖੇ, ਤੈਨੂੰ ਕੀ ਪਤਾ ਹੈ ਇਨ੍ਹਾਂ ਗੋਰਿਆਂ ਦੀ ਬਦੌਲਤ ਤਾਂ ਇਲਾਕੇ ਵਿਚ ਸਾਡੀ ਇਜ਼ਤ ਮਾਣ ਹੈ, ਅੱਗਿਓਂ ਅਜੀਤ ਸਿੰਘ ਕੋਈ ਜਵਾਬ ਨਾ ਦਿੰਦਾ ਹੋਇਆ ਸਗੋਂ ਮੁਸਕਰਾ ਕੇ ਗੰਨਾ ਚੂਪਦਾ ਘਰ ਨੂੰ ਚਲੇ ਗਿਆ। ਇਹ ਕਹਾਣੀ ਕਿੰਨੀ ਕੁ ਸੱਚੀ ਹੈ?”
ਬਾਬਾ ਜੀ ਥੋੜ੍ਹੀ ਦੇਰ ਚੁਪ ਰਹਿਣ ਤੋਂ ਬਾਅਦ ਬੋਲੇ, “ਜ਼ਿਆਦਾ ਤਾਂ ਹੁਣ ਮੈਨੂੰ ਯਾਦ ਨਹੀਂ ਪਰ ਇਹ ਗੱਲ ਹੋਈ ਜ਼ਰੂਰ ਸੀ। ਪੁੱਤ ਕਿਰਪਾਲ, ਇਕ ਗੱਲ ਦੱਸਦਾ ਹਾਂ, ਇਹ ਸਾਡੇ ਪਰਿਵਾਰ ਅਤੇ ਬਾਬਾ ਜੀ ਖੇਮ ਸਿੰਘ ਦੀ ਮਿਹਰ ਹੈ। ਭਾਵੇਂ ਵਿਚਾਰਾਂ ਦੇ ਵਖਰੇਵੇਂ ਰਹੇ ਪਰਿਵਾਰ ਵਿਚ, ਫਿਰ ਵੀ ਪਰਿਵਾਰ ਦਾ ਛੋਟਾ ਜੀਅ ਕਦੇ ਵੀ ਵੱਡੇ ਅੱਗੇ ਬੋਲਿਆ ਨਹੀਂ।”
ਇਹ ਗੱਲਾਂ ਕਰਦਿਆਂ ਰੇਲਵੇ ਸਟੇਸ਼ਨ ਬੰਗਾ ਆ ਗਿਆ। ਅਸੀਂ ਮੁਸਾਫਰਖਾਨੇ ਵਿਚੀਂ ਹੁੰਦੇ ਹੋਏ ਰੇਲਵੇ ਰੋਡ ‘ਤੇ ਚਲ ਪਏ। ਬਾਬਾ ਬੀ ਨੂੰ ਟਾਵਾਂ-ਟਾਵਾਂ ਜਾਣਕਾਰ ਮਿਲਦਾ ਤਾਂ ‘ਸਤਿ ਸ੍ਰੀ ਅਕਾਲ’ ਬੁਲਾਉਂਦਾ। ਬਹੁਤੇ ਚਾਚਾ ਜੀ ਜਾਂ ਬਾਬਾ ਜੀ ਕਹਿ ਕੇ ਸਿਰ ਝੁਕਾ ਕੇ ਬੁਲਾਉਂਦੇ।
ਅਸੀਂ ਮਿਸਤਰੀ ਦੀ ਦੁਕਾਨ ‘ਤੇ ਅੱਪੜ ਗਏ। ਦੁਕਾਨ ‘ਤੇ ਬੈਠੇ ਬਜ਼ੁਰਗ ਨੇ ‘ਸਰਦਾਰ ਜੀ’ ਕਹਿ ਕੇ ‘ਸਤਿ ਸ੍ਰੀ ਅਕਾਲ’ ਬੁਲਾਈ ਅਤੇ ਆਉਣ ਦਾ ਕਾਰਨ ਪੁੱਛਿਆ। ਬਾਬਾ ਜੀ ਨੇ ਟਿੰਡਾਂ ਦੀ ਗੱਲ ਕੀਤੀ। ਬਜ਼ੁਰਗ ਮਿਸਤਰੀ ਕਹਿਣ ਲੱਗਾ, “ਸਰਦਾਰ ਜੀ, ਟਿੰਡਾਂ ਤਾਂ ਹੁਣ ਕੋਈ ਬਣਵਾਉਂਦਾ ਨਹੀਂ, ਅਸੀਂ ਵੀ ਇਹ ਕੰਮ ਬੰਦ ਕਰ ਦਿੱਤਾ ਹੋਇਆ ਹੈ। ਹੁਣ ਮੁੰਡੇ ਇੰਜਣਾਂ ਦਾ ਕੰਮ ਹੀ ਕਰਦੇ ਹਨ। ਤੁਸੀਂ ਆਏ ਹੋ, ਮੈਂ ਟਿੰਡਾਂ ਬਣਵਾ ਦੇਵਾਂਗਾ।” ਬਾਬਾ ਜੀ ਕਹਿਣ ਲੱਗੇ, “ਮਿਹਰਬਾਨੀ ਮਿਸਤਰੀ ਜੀ, ਜ਼ਰਾ ਜਲਦੀ ਬਣਵਾ ਦੇਣੀਆਂ ਤੇ ਰੇੜ੍ਹੇ ‘ਤੇ ਰਖਵਾ ਕੇ ਕਰੀਹੇ ਅੱਪੜਦੀਆਂ ਕਰ ਦੇਣੀਆਂ। ਟਿੰਡਾਂ ਦੀ ਕੀਮਤ ਅਤੇ ਰੇੜ੍ਹੇ ਦਾ ਕਿਰਾਇਆ ਆਪਣਾ ਕੋਈ ਅਜ਼ੀਜ਼ ਭੇਜ ਕੇ ਮੇਰੇ ਪਾਸੋਂ ਖਟਕੜ ਕਲਾਂ ਤੋਂ ਮੰਗਵਾ ਲੈਣਾ।” ਫਿਰ ਇਹ ਕਹਿ ਕੇ ਦੁਕਾਨਦਾਰ ਤੋਂ ਛੁੱਟੀ ਲਈ, “ਮਿਸਤਰੀ ਜੀ, ਧੁੱਪ ਚੜ੍ਹਦੀ ਜਾ ਰਹੀ ਹੈ।”
ਵਾਪਸੀ ‘ਤੇ ਜਦੋਂ ਅਸੀਂ ਰੇਲਵੇ ਜੰਕਸ਼ਨ ਬੰਗੇ ਪਹੁੰਚੇ ਤਾਂ ਜਲੰਧਰ ਤੋਂ ਨਵਾਂ ਸ਼ਹਿਰ ਜਾਣ ਵਾਲੀ ਪਸੈਂਜਰ ਗੱਡੀ ਦੇ ਆਉਣ ਵਿਚ ਡੇਢ ਘੰਟਾ ਰਹਿੰਦਾ ਸੀ। ਬਾਬਾ ਜੀ ਰੁਮਾਲ ਆਪਣੀ ਪਗੜੀ ਉਪਰ ਦੀ ਰੱਖ ਕੇ ਮੂੰਹ ਨੂੰ ਛਾਂ ਕਰ ਕੇ ਰੇਲਵੇ ਪਟੜੀ ਦੇ ਨਾਲ-ਨਾਲ ਪਿੰਡ ਨੂੰ ਹੋ ਤੂਰੇ। ਉਨ੍ਹਾਂ ਸ਼ਾਇਦ ਇਹ ਸੋਚਿਆ ਹੋਵੇ ਕਿ ਰੇਲਵੇ ਸਟੇਸ਼ਨ ਖਟਕੜ ਕਲਾਂ ਝੰਡਾ ਜੀ ਵੀ ਤਾਂ ਪਿੰਡ ਦੇ ਚੜ੍ਹਦੇ ਪਾਸੇ ਵਲ ਅੱਧ ਮੀਲ ਦੀ ਦੂਰੀ ‘ਤੇ ਹੈ! ਚੰਗਾ ਇਹੋ ਰਹੇਗਾ ਕਿ ਗੱਡੀ ਦੀ ਇੰਤਜ਼ਾਰ ਕਰਨ ਨਾਲੋਂ ਪਿੰਡ ਨੂੰ ਪੈਦਲ ਹੀ ਚਲਦੇ ਹਾਂ। ਉਮਰ ਮੁਤਾਬਕ ਉਨ੍ਹਾਂ ਦੀ ਸਿਹਤ ਬਹੁਤ ਚੰਗੀ ਸੀ। ਮੈਂ ਵੀ ਪਿਛੇ-ਪਿਛੇ ਚਲ ਪਿਆ। ਥੋੜ੍ਹੀ ਦੇਰ ਬਾਅਦ ਉਨ੍ਹਾਂ ਕਰੀਹੇ ਰਹਿਣ ਅਤੇ ਗੁਜ਼ਾਰੇ ਦੀ ਗੱਲ ਤੋਰ ਲਈ। ਸ਼ਾਇਦ ਬਾਬਾ ਜੀ ਇਹ ਜਾਣਨਾ ਚਾਹੁੰਦੇ ਹੋਣਗੇ ਕਿ ਹੁਣ ਤਾਂ ਨਹੀਂ ਤੇਰੀ ਦਾਦੀ ਤੁਹਾਨੂੰ ਤੰਗ ਪਰੇਸ਼ਾਨ ਨਹੀਂ ਕਰਦੀ! ਮੈਂ ਜਵਾਬ ਦਿੱਤਾ, “ਬਾਬਾ ਜੀ, ਅਸੀਂ ਦੋਵੇਂ ਮਾਂ ਪੁੱਤ ਚਾਚਾ ਜੀ ਦੇ ਘਰ ਤੋਂ ਕੁਝ ਦੂਰੀ ‘ਤੇ ਪਿੰਡ ਵਿਚ ਕੱਚਾ, ਛੋਟਾ ਜਿਹਾ ਘਰ ਬਣਾ ਕੇ ਰਹਿੰਦੇ ਹਾਂ। ਹੁਣ ਖੇਤੀ ਵੀ ਜੁਦਾ ਕਰਨ ਲਗਾ ਹਾਂ। ਅਸੀਂ ਦੋਵੇਂ ਤਾਂ ਹਾਂ, ਸਾਡਾ ਖਰਚਾ ਵੀ ਬਹੁਤਾ ਨਹੀਂ, ਇਕ ਦੁੱਧ ਦਿੰਦੀ ਮੱਝ ਵੀ ਹੈ। ਤੁਹਾਡੀ ਮਿਹਰ ਸਦਕਾ ਸਭ ਕੁਝ ਠੀਕ ਚੱਲੀ ਜਾਂਦਾ ਹੈ ਪਰ ਬਾਬਾ ਜੀ, ਮਾਤਾ ਜੀ ਦੇ ਰਵੱਈਏ ਵਿਚ ਅਜੇ ਵੀ ਕੋਈ ਫਰਕ ਨਹੀਂ ਆਇਆ। ਨੌਕਰਾਂ, ਘਰ ਆਏ ਗਰੀਬ-ਗੁਰਬੇ ਦੀ ਬੇਇਜ਼ਤੀ ਕਰਨੀ ਜਿਵੇਂ ਉਨ੍ਹਾਂ ਦਾ ਸ਼ੌਕ ਹੋਵੇ। ਚਾਚਾ ਜੀ ਮਾਤਾ ਜੀ ਅੱਗੇ ਕੁਝ ਨਹੀਂ ਬੋਲਦੇ। ਮਾਤਾ ਜੀ ਦੇ ਨਾਂ ਇਕ ਮਰੱਬਾ, ਭਾਵ 25 ਖੇਤ ਚਾਚਾ ਜੀ ਕੋਲ ਹਨ।”
ਬਾਬਾ ਜੀ ਕਹਿਣ ਲੱਗੇ, “ਭਾਵੇਂ ਸਾਡੇ ਤਿੰਨੇ ਭਰਾਵਾਂ ਦੇ ਬੱਚੇ ਅਤੇ ਹੋਰ ਨੌਕਰ ਸਾਰੇ ‘ਮਾਤਾ ਜੀ’ ਕਹਿ ਕੇ ਬਲਾਉਂਦੇ ਹਨ ਪਰ ਮੈਂ ਲੰਮੇ ਅਰਸੇ ਤੋਂ ਉਸ ਦੇ ਕੀਤੇ ਕੰਮਾਂ-ਕਾਰਾਂ ਕਰ ਕੇ ਅਤੇ ਛੋਟੇ ਭਰਾ ਮੰਗਲ ਸਿੰਘ ਦੀ ਸ਼ਰਾਬ ਵਿਚ ਮਿਲੀ ਹੋਈ ਜ਼ਹਿਰ ਕਰ ਕੇ ਹੋਈ ਬੇਵਕਤ ਮੌਤ ‘ਤੇ ਪਰਦਾ ਪਾਉਣ ਵਿਚ ਉਸ ਦਾ ਪੂਰਾ-ਪੂਰਾ ਹੱਥ ਹੋਣ ਕਰ ਕੇ ਉਸ ਨੂੰ ਮਾਤਾ ਨਹੀਂ ਬਲਕਿ ਬਹਿ-ਮਾਤਾ ਸਮਝਦਾ ਹਾਂ। ਤੇਰੀ ਮਾਂ ਨੂੰ ਵੀ ਉਸ ਨੇ ਸੂਲੀ ਟੰਗੀ ਰੱਖਿਆ ਹੈ। ਆਖਰ ਆਪਣੀ ਮਰਜ਼ੀ ਕਰ ਕੇ ਹੀ ਰਹੀ। ਬੜੀ ਜ਼ਿੱਦੀ ਸੁਭਾਅ ਵਾਲੀ ਔਰਤ ਹੈ।”
ਮੈਂ ਸੁਣਦਾ ਰਿਹਾ ਅਤੇ ‘ਹਾਂ ਜੀ’ ਕਹਿੰਦਾ ਹੋਇਆ ਬੋਲਿਆ, “ਬਾਬਾ ਜੀ, ਤੁਸੀਂ ਸਾਰੀ ਉਮਰ ਤਾਂ ਇਧਰ ਦੇਸ਼ ਵਿਚ ਰਹੇ ਹੋ, ਇਸੇ ਕਰ ਕੇ ਸਾਰਾ ਪਰਿਵਾਰ ਆਪ ਜੀ ਨੂੰ ਦੇਸ਼ ਵਾਲੇ ਬਾਬਾ ਜੀ ਕਹਿ ਕੇ ਸਤਿਕਾਰ ਕਰਦੇ ਹਨ ਪਰ ਤੁਸੀਂ ਜਾਣਦੇ ਸਭ ਕੁਝ ਹੋ।”
ਗੱਲਾਂ ਕਰਦਿਆਂ ਪਤਾ ਨਾ ਲੱਗਿਆ ਕਿ ਅਸੀਂ ਕਦੋਂ ਰੇਲਵੇ ਪਟੜੀ ਛੱਡੀ ਅਤੇ ਪਿੰਡ ਖਟਕੜ ਕਲਾਂ ਚਹੁੰਚ ਗਏ। ਬਾਬਾ ਜੀ ਨੇ ਪਿੰਡ ਵਾਲੇ ਜ਼ਿੰਮੀਦਾਰਾ ਬੈਂਕ ਵਿਚੋਂ ਜੋ ਜ਼ੈਲਦਾਰ ਪਰਿਵਾਰ ਕੋਲ ਸੀ, ਬੁਲਾ ਕੇ ਮੇਰੇ ਨਾਂ ਦਾ ਤੁਮੱਸਕ ਭਰਵਾ ਕੇ ਕਰਜ਼ਾ ਦਿਵਾ ਕੇ ਰੁਪਏ ਆਪਣੇ ਕੋਲ ਰੱਖ ਲਏ। ਥੋੜ੍ਹੇ ਦਿਨਾਂ ਅੰਦਰ ਟਿੰਡਾਂ ਕਰੀਹੇ ਪਹੁੰਚ ਗਈਆਂ ਅਤੇ ਖੂਹ ਚਾਲੂ ਹੋ ਗਿਆ। ਮੇਰਾ ਮਸਲਾ ਬਾਬਾ ਜੀ ਨੇ ਹੱਲ ਕਰ ਦਿੱਤਾ ਸੀ। ਮੈਂ ਦਿਨ ਰਾਤ ਇਕ ਕਰ ਕੇ ਮਿਹਨਤ ਕਰਨ ਲੱਗਾ। ਕੁਦਰਤ ਨੇ ਵੀ ਸਾਥ ਦਿੱਤਾ। ਮੀਂਹ ਵੇਲੇ ਸਿਰ ਪੈਂਦੇ ਰਹੇ ਅਤੇ ਫਸਲ ਵੀ ਮਿਹਨਤ ਦਾ ਮੁੱਲ ਮੋੜਨ ਲੱਗੀ। ਬੈਂਕ ਤੋਂ ਲਿਆ ਕਰਜ਼ਾ ਸਮੇਤ ਸੂਦ ਜਿਸ ਕਦਰ ਵੀ ਮੋੜ ਸਕਦਾ ਸੀ, ਦੇ ਮੰਤਵ ਨਾਲ ਮੈਂ ਸਵੇਰੇ-ਸਵੇਰੇ ਸਾਇਕਲ ‘ਤੇ ਖਟਕੜ ਕਲਾਂ ਨੂੰ ਚੱਲ ਪਿਆ। ਬੀਬੀ ਜੀ ਨੂੰ ਜਲਦੀ ਮੁੜ ਆਉਣ ਦਾ ਆਖ ਕੇ ਇਹ ਦੱਸਣਾ ਜ਼ਰੂਰੀ ਸਮਝਦਾ ਹਾਂ ਕਿ ਮੇਰੇ ਬਾਬਾ ਜੀ ਮੰਗਲ ਸਿੰਘ ਦੇ ਵੱਡੇ ਭਰਾ ਸਨ ਜਸਵੰਤ ਸਿੰਘ, ਤੇ ਉਨ੍ਹਾਂ ਤੋਂ ਵੀ ਵੱਡੇ ਸਨ ਦਿਲਬਾਗ ਸਿੰਘ।
ਜਸਵੰਤ ਸਿੰਘ ਦੇ ਦੋ ਲੜਕੇ ਸਨ, ਉਜਾਗਰ ਸਿੰਘ ਤੇ ਤੀਰਥ ਸਿੰਘ। ਦੋਵੇਂ ਮੇਰੇ ਤਾਇਆ ਜੀ ਲਗਦੇ ਸਨ। ਜਸਵੰਤ ਸਿੰਘ ਜੀ ਨੇ ਆਪਣੇ ਭਰਾਵਾਂ ਨਾਲ ਜ਼ਿਲ੍ਹਾ ਲਾਇਲਪੁਰ ਦੀ ਤਹਿਸੀਲ ਜੜ੍ਹਾਂਵਾਲਾ ਦੇ ਚੱਕ ਨੰਬਰ 64 ਵਿਚ ਇਕ ਮੁਰੱਬਾ ਜ਼ਮੀਨ ਖਰੀਦੀ ਸੀ। ਇਸ ਜ਼ਮੀਨ ‘ਤੇ ਉਜਾਗਰ ਸਿੰਘ ਆਪਣੇ ਬਾਲ-ਬੱਚਿਆਂ ਨਾਲ ਖੇਤੀ ਕਰਵਾਉਂਦਾ ਸੀ। ਤੀਰਥ ਸਿੰਘ ਜੀ ਖਟਕੜ ਕਲਾਂ ਵਾਲੀ ਜੱਦੀ ਜ਼ਮੀਨ ‘ਤੇ ਖੇਤੀ ਕਰਦਾ ਸੀ ਅਤੇ ਰਹਿੰਦਾ ਵੀ ਆਪਣੇ ਜੱਦੀ ਮਕਾਨ ਵਿਚ ਸੀ। ਬਾਬਾ ਜੀ ਜਸਵੰਤ ਸਿੰਘ ਆਪਣੇ ਛੋਟੇ ਲੜਕੇ ਤੀਰਥ ਸਿੰਘ ਕੋਲ ਹੀ ਰਹਿੰਦੇ ਸਨ। ਕਦੇ-ਕਦੇ ਜ਼ਿਲ੍ਹਾ ਲਾਇਲਪੁਰ ਵੀ ਜਾ ਆਉਂਦੇ ਸਨ। ਮੈਂ ਰੁਪਏ ਲੈ ਕੇ ਤਾਇਆ ਜੀ ਤੀਰਥ ਸਿੰਘ ਦੇ ਘਰ ਗਿਆ ਤਾਂ ਪਤਾ ਲੱਗਿਆ ਕਿ ਬਾਬਾ ਜੀ ਪਿੰਡ ਵਾਲੇ ਦੂਸਰੇ ਮਕਾਨ ਵਿਚ ਹਨ। ਮੈਂ ਉਥੇ ਚਲਾ ਗਿਆ ਤਾਂ ਬਾਬਾ ਜੀ ਉਦਾਸੀ ਦੇ ਆਲਮ ਵਿਚ ਚਾਰਪਾਈ ‘ਤੇ ਬੈਠੇ ਸਨ। ਮੈਂ ਚਰਨਾਂ ਨੂੰ ਹੱਥ ਲਾਇਆ ਅਤੇ ਬਾਬਾ ਜੀ ਦੇ ਕਹਿਣ ‘ਤੇ ਦੂਸਰੀ ਚਾਰਪਾਈ ‘ਤੇ ਬੈਠ ਗਿਆ। ਉਸ ਘਰ ਦੀ ਵੀ ਦਿਲਚਸਪ ਤੇ ਦੁਖਦਾਈ ਕਹਾਣੀ ਹੈ।
ਬਾਬਾ ਜੀ ਜਸਵੰਤ ਸਿੰਘ ਦੇ ਘਰਵਾਲੀ ਨੇ ਅਜੇ ਜਵਾਨੀ ਤੋਂ ਬੁਢਾਪੇ ਵਿਚ ਕਦਮ ਰੱਖਿਆ ਹੀ ਸੀ ਕਿ ਕੁਝ ਸਮਾਂ ਬਿਮਾਰ ਰਹੇ, ਇਲਾਜ ਚਲਦਾ ਰਿਹਾ ਪਰ ਆਖਰ ਉਹ ਸੁਰਗਵਾਸ ਹੋ ਗਏ। ਪਿੰਡ ਖਟਕੜ ਕਲਾਂ ਵਿਚ ਇਕ ਮੁਸਲਮਾਨ ਪਰਵਾਰ ਰੌਲ ਰਹਿੰਦਾ ਸੀ। ਇਹ ਪਰਿਵਾਰ ਵੀ ਬਚਪਨ ਤੋਂ ਹੀ ਸਾਡੇ ਜ਼ਿਮੀਦਾਰਾ ਕੰਮ ਵਿਚ ਹਥ ਵਟਾਉਂਦਾ ਆਪਣੇ ਘਰ ਦਾ ਚੰਗਾ ਗੁਜ਼ਾਰਾ ਚਲਾ ਰਿਹਾ ਸੀ। ਬਦਕਿਸਮਤੀ ਨਾਲ ਉਸ ਪਰਿਵਾਰ ਦਾ ਮੋਹਰੀ ਬਿਮਾਰ ਹੋ ਕੇ ਅੱਲ੍ਹਾ ਨੂੰ ਪਿਆਰਾ ਹੋ ਗਿਆ। ਕੁਦਰਤੀ ਉਸ ਦੇ ਬੱਚੇ ਵੱਡੀ ਉਮਰ ਵਿਚ ਹੋਏ ਸਨ ਜੋ ਅਜੇ ਪ੍ਰਾਇਮਰੀ ਸਕੂਲ ਵਿਚ ਹੀ ਪੜ੍ਹਦੇ ਸਨ। ਉਸ ਦੀ ਘਰਵਾਲੀ ਬੜੀ ਨੇਕ ਅਤੇ ਹਮੇਸ਼ਾ ਅੱਲ੍ਹਾ ਨੂੰ ਯਾਂਦ ਕਰਨ ਵਾਲੀ ਔਰਤ ਸੀ। ਉਸ ਨੇ ਹੌਸਲਾ ਨਾ ਹਾਰਿਆ। ਉਹ ਸਾਡੇ ਘਰ ਦਾ ਕੰਮ-ਕਾਰ ਕਰਦੀ ਅਤੇ ਬਦਲੇ ਵਿਚ ਆਪਣੇ ਸਾਲ ਭਰ ਦਾ ਗੁਜ਼ਾਰੇ ਜੋਗਾ ਦਾਣਾ-ਫੱਕਾ ਲੈ ਜਾਂਦੀ। ਲੋੜ ਪੈਣ ‘ਤੇ ਬੱਚਿਆਂ ਦੀ ਪੜ੍ਹਾਈ ਦੇ ਖਰਚੇ ਲਈ ਰੁਪਏ ਵੀ ਲੈ ਜਾਂਦੀ। ਬਾਬਾ ਜੀ ਉਸ ਦੀ ਮਦਦ ਕਰਦੇ ਰਹਿੰਦੇ।
ਜਿਸਮਾਨੀ ਮਿਲਾਪ ਜਿਵੇਂ ਜ਼ਿੰਦਗੀ ਦਾ ਕੁਦਰਤੀ ਹਿੱਸਾ ਹੈ, ਉਸ ਦਾ ਜਿਸਮਾਨੀ ਸਬੰਧ ਬਾਬਾ ਜੀ ਨਾਲ ਜੁੜ ਗਿਆ। ਬਾਬਾ ਜੀ ਨੇ ਇਹ ਆਪਣਾ ਛੋਟਾ ਘਰ ਉਸ ਨੂੰ ਰਹਿਣ ਲਈ ਦੇ ਦਿੱਤਾ। ਉਹ ਇਸ ਘਰ ਵਿਚ ਬੱਚਿਆਂ ਨਾਲ ਰਹਿਣ ਲੱਗ ਪਈ। ਜਦੋਂ ਪਾਕਿਸਤਾਨ ਵਜੂਦ ਵਿਚ ਆਇਆ ਤਾਂ ਉਹ ਪਾਕਿਸਤਾਨ ਨਾ ਗਈ ਤੇ ਨਾ ਉਹ ਜਾਣਾ ਚਾਹੁੰਦੀ ਸੀ। ਜਦੋਂ 1948 ਆਇਆ ਤਾਂ ਦੋਵਾਂ ਸਰਕਾਰਾਂ ਨੇ ਫੈਸਲਾ ਕੀਤਾ ਕਿ ਪਾਕਿਸਤਾਨ ਰਹਿ ਗਈਆਂ ਜਾਂ ਜ਼ਬਰਦਸਤੀ ਰੱਖੀਆਂ ਹਿੰਦੂ ਸਿੱਖ ਔਰਤਾਂ ਨੂੰ ਲੱਭ ਕੇ ਇਧਰ ਹਿੰਦੁਸਤਾਨ ਲਿਆਂਦਾ ਜਾਵੇ, ਇਸੇ ਤਰ੍ਹਾਂ ਭਾਰਤ ਵਿਚ ਰਹਿ ਗਈਆਂ ਮੁਸਲਮਾਨ ਔਰਤਾਂ ਜਾਂ ਲੜਕੀਆਂ ਨੂੰ ਪਾਕਿਸਤਾਨ ਲਿਜਾਇਆ ਜਾਵੇ। ਪੁਲਿਸ ਵਾਲਿਆਂ ਨੂੰ ਇਤਲਾਹ ਮਿਲੀ ਕਿ ਇਕ ਮੁਸਲਿਮ ਔਰਤ ਬੱਚਿਆਂ ਸਮੇਤ ਖਟਕੜ ਕਲਾਂ ਵਿਚ ਰਹਿ ਗਈ ਹੈ। ਪੁਲਿਸ ਵਾਲੇ ਆਏ ਅਤੇ ਔਰਤ ਦੇ ਇਨਕਾਰ ਕਰਨ ‘ਤੇ ਵੀ ਔਰਤ ਅਤੇ ਬੱਦਿਆਂ ਨੂੰ ਟਰੱਕ ਵਿਚ ਬਿਠਾ ਕੇ ਪਾਕਿਸਤਾਨ ਲੈ ਗਏ। ਉਸ ਔਰਤ ਨੇ ਬਾਬਾ ਜੀ ਨੂੰ ਪਾਕਿਸਤਾਨ ਪਹੁੰਚ ਕੇ ਠੀਕ-ਠਾਕ ਹੋਣ ਦਾ ਖਤ ਲਿਖਿਆ ਅਤੇ ਕਿਹਾ ਕਿ ਤੁਸੀਂ ਵੀ ਆਪਣੀ ਸਿਹਤ ਦਾ ਖਿਆਲ ਰੱਖਣਾ। ਬਾਬਾ ਜੀ ਨੇ ਵੀ ਜਵਾਬ ਵਿਚ ਬੱਚਿਆਂ ਦੀ ਪਰਵਰਿਸ਼ ਅਤੇ ਪੜ੍ਹਾਈ ਵਲ ਪੂਰਾ ਧਿਆਨ ਦੇਣ ਲਈ ਕਿਹਾ। ਇਹ ਵੀ ਕਿਹਾ ਕਿ ਜੇ ਰੁਪਏ ਦੀ ਲੋੜ ਹੋਵੇ ਤਾਂ ਲਿਖ ਭੇਜਣਾ, ਮਨੀਆਰਡਰ ਕਰਵਾ ਦੇਵਾਂਗਾ। ਇਸੇ ਤਰ੍ਹਾਂ ਖਤ ਆਉਂਦੇ ਜਾਂਦੇ ਰਹੇ। ਬਾਬਾ ਜੀ ਮਦਦ ਕਰਦੇ ਵੀ ਰਹੇ। ਔਰਤ ਨੇ ਇਥੋਂ ਤਕ ਵੀ ਖਤ ਵਿਚ ਲਿਖਿਆ ਕਿ ਸਰਦਾਰ ਜੀ, ਮੇਰੇ ਬੱਚੇ ਤੇ ਮੈਂ ਸਾਰੀ ਜ਼ਿੰਦਗੀ ਤੁਹਾਡੇ ਰਿਣੀ ਰਹਾਂਗੇ। ਇਹ ਜੋ ਕੁਝ ਵੀ ਹੋਇਆ, ਅੱਲ੍ਹਾ ਨੂੰ ਇਵੇਂ ਹੀ ਮਨਜ਼ੂਰ ਹੋਵੇਗਾ। ਮੈਂ ਦੋਵੇਂ ਵਕਤ ਤੁਹਾਡੀ ਸਿਹਤ ਅਤੇ ਲੰਮੀ ਉਮਰ ਦੀ ਅੱਲ੍ਹਾ ਪਾਸੋਂ ਦੁਆ ਮੰਗਦੀ ਰਹਿੰਦੀ ਹਾਂ।
ਥੋੜ੍ਹੀ ਦੇਰ ਮੈਨੂੰ ਚਾਰਪਾਈ ‘ਤੇ ਬੈਠੇ ਨੂੰ ਹੋਈ ਸੀ ਕਿ ਬਾਬਾ ਜੀ ਬੋਲੇ, ਅੱਜਕੱਲ੍ਹ ਮੈਨੂੰ ਬਹੁਤ ਫਿਕਰ ਹੋ ਰਹੀ ਹੈ। ਸਮੁੰਦਰੀ ਤੂਫਾਨ ਜ਼ੋਰਾਂ ‘ਤੇ ਹੁੰਦੇ ਹਨ। ਤੁਹਾਡੀ ਮਾਤਾ ਜੀ ਹੱਜ ਨੂੰ ਗਏ ਹੋਏ ਹਨ। ਕਾਫੀ ਦੇਰ ਹੋ ਗਈ, ਕੋਈ ਖਤ ਨਹੀਂ ਆਇਆ, ਅੱਲ੍ਹਾ ਖੈਰ ਕਰੇ।” ਫਿਰ ਬੋਲੇ, “ਇਹ ਉਨ੍ਹਾਂ ਦੇ ਹੱਥਾਂ ਦਾ ਪਾਇਆ ਹੋਇਆ ਅੰਬਾਂ ਦੇ ਆਚਾਰ ਵਾਲਾ ਕੁੱਜਾ ਹੈ ਜੋ ਮੈਂ ਨਿਸ਼ਾਨੀ ਵਜੋਂ ਸੰਭਾਲ ਕੇ ਰੱਖਿਆ ਹੋਇਆ ਹੈ।”
ਮੇਰੇ ਵਲੋਂ ਬਾਬਾ ਜੀ ਰਾਮ-ਕਹਾਣੀ ਬੜੀ ਦਿਲਚਸਪੀ ਨਾਲ ਸੁਣਨ ‘ਤੇ ਉਹ ਮੇਰੇ ਚਿਹਰੇ ਨੂੰ ਚੰਗੀ ਤਰ੍ਹਾਂ ਭਾਂਪ ਰਹੇ ਸਨ। ਉਹ ਖੁਸ਼ ਹੋ ਕੇ ਕੋਲ ਬੈਠੇ ਬੰਤੇ ਨੌਕਰ ਨੂੰ ਬੋਲੇ, “ਬੀਬੀ ਜੀ ਪਾਸੋਂ ਮੇਰੀ ਤੇ ਕਿਰਪਾਲ ਦੀ ਰੋਟੀ ਪੁਆ ਲਿਆ। ਮੈਂ ਜ਼ੈਲਦਾਰ ਦੇ ਘਰ ਜਾ ਕੇ ਕੁਝ ਕੰਮ ਕਰਵਾ ਆਵਾਂ।” ਫਿਰ ਜ਼ੈਲਦਾਰ ਦੇ ਘਰ ਚਾਹ ਪੀਤੀ ਅਤੇ ਹਿਸਾਬ ਕਰਵਾ ਕੇ ਅੱਧਾ ਅਸਲ ਤੇ ਪੂਰੇ ਸਾਲ ਦਾ ਸੂਦ ਅਦਾ ਕਰ ਕੇ ਰਸੀਦ ਲੈ ਲਈ। ਬੜੀ ਮੁਸ਼ਕਿਲ ਘੰਟਾ ਹੀ ਲੱਗਿਆ ਹੋਵੇਗਾ। ਅਸੀਂ ਘਰ ਆਏ, ਉਦੋਂ ਤੱਕ ਬੰਤਾ ਸਿੰਘ ਰੋਟੀ ਲੈ ਆਇਆ ਸੀ।
ਰੋਟੀ ਖਾਣ ਤੋਂ ਬਾਅਦ ਬਾਬਾ ਜੀ ਚਾਰਪਾਈ ‘ਤੇ ਲੇਟ ਗਏ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਇਹ ਜਲੰਧਰ ਵਾਲਾ ਹਾਈ ਸਕੂਲ ਅਤੇ ਹੋਸਟਲ ਅਰਜਨ ਸਿੰਘ ਦੇ ਕਹਿਣ ‘ਤੇ ਉਸ ਦੇ ਵੱਡੇ ਭਰਾ ਸੁਰਜਨ ਸਿੰਘ ਨੇ ਬਣਾਇਆ ਸੀ, ਇਹ ਕਹਾਣੀ ਕਿਵੇਂ ਹੋਈ?
ਬਾਬਾ ਜੀ ਕਹਿਣ ਲੱਗੇ, “ਚਾਚਾ ਜੀ ਅਰਜਨ ਸਿੰਘ ਆਰੀਆ ਸਮਾਜੀ ਬਣ ਚੁੱਕੇ ਸਨ। ਉਨ੍ਹਾਂ ਦਿਨਾਂ ਵਿਚ ਆਰੀਆ ਸਮਾਜੀ ਹੋਣਾ ਹੀ ਇਨਕਲਾਬੀ ਹੋਣਾ ਸੀ। ਸੋ ਅਰਜਨ ਸਿੰਘ ਨੇ ਆਪਣੇ ਵੱਡੇ ਭਰਾ ਸੁਰਜਨ ਸਿੰਘ ਜੋ ਸਾਡੇ ਪਿਤਾ ਜੀ ਸਨ, ਨੂੰ ਕਿਹਾ ਕਿ ਭਾਜੀ, ਇਸੇ ਇਲਾਕੇ ਵਿਚ ਹਾਈ ਸਕੂਲ ਨਹੀਂ ਹੈ, ਤੁਹਾਡਾ ਸਰਕਾਰੇ-ਦਰਬਾਰੇ ਕਾਫੀ ਰਸੂਖ ਹੈ; ਦੂਸਰੇ, ਤੁਸੀਂ ਖੁਦ ਵੀ ਖਰਚਾ ਬਰਦਾਸ਼ਤ ਕਰ ਸਕਦੇ ਹੋ। ਇਹ ਕੰਮ ਕਰਨ ਨਾਲ ਇਲਾਕਾ ਡੁਹਾਡਾ ਹਮੇਸ਼ਾ ਰਿਣੀ ਰਹੇਗਾ ਕਿਉਂ ਜੋ ਤਾਲੀਮ ਹਿੰਦੁਸਤਾਨੀਆਂ ਲਈ ਬਹੁਤ ਜ਼ਰੂਰੀ ਹੈ, ਜਿਵੇਂ ਜ਼ਿੰਦਗੀ ਜਿਊਣ ਲਈ ਰੋਟੀ ਜ਼ਰੂਰੀ ਹੈ। ਸਾਡੇ ਪਿਤਾ ਸੁਰਜਨ ਸਿੰਘ ਨੇ ਆਪਣੇ ਛੋਟੇ ਭਰਾ ਵਲੋਂ ਦਿੱਤੇ ਸੁਝਾਅ ਨੂੰ ਚੰਗਾ ਸਮਝਿਆ ਅਤੇ ਜਲੰਧਰ ਵਾਲਾ ਹਾਈ ਸਕੂਲ ਤੇ ਹੋਸਟਲ ਬਣਵਾ ਦਿੱਤਾ। ਕਿਰਪਾਲ, ਬਾਬਾ ਜੀ ਖੇਮ ਸਿੰਘ ਦੱਸਦੇ ਸਨ ਕਿ ਕਈ ਪੀੜ੍ਹੀਆਂ ਤੋਂ ਸਾਡੇ ਪਰਵਾਰ ਵਿਚ ਵਿਚਾਰਾਂ ਦੇ ਵਖਰੇਵੇਂ ਸਨ ਪਰ ਵੱਡੇ ਅੱਗੇ ਛੋਟਾ ਕਦੇ ਵੀ ਉਚਾ ਬੋਲਿਆ ਨਹੀਂ ਸੀ; ਦੂਜਾ, ਜੇ ਛੋਟਾ ਕੋਈ ਚੰਗੀ ਗੱਲ ਕਰੇ ਤਾਂ ਵੱਡਾ ਮੰਨ ਲੈਂਦਾ ਸੀ।
ਇਹ ਗੱਲਾਂ ਕਰਦਿਆਂ ਬਾਬਾ ਜੀ ਨੇ ਇਕ ਹੋਰ ਬੜੀ ਪਤੇ ਦੀ ਗੱਲ ਦੱਸੀ, “ਸਾਡੇ ਚਾਚਾ ਜਦੋਂ ਵੱਡੇ ਭਾਜੀ ਕਿਸ਼ਨ ਸਿੰਘ ਦੀ ਲੜਕੀ ਬੀਬੀ ਅਮਰ ਕੌਰ ਦੀ ਸ਼ਾਦੀ ਸੀ। ਅਸੀਂ ਸਾਰੇ ਭਰਾ ਤੇ ਪਰਿਵਾਰ ਵਿਆਹ ‘ਤੇ ਇਕੱਠੇ ਸਾਂ, ਜਦੋਂ ਬਰਾਤ ਆਈ। ਮਿਲਣੀ ਹੋਣ ਲੱਗੀ ਤਾਂ ਅਚਾਨਕ ਕਿਸ਼ਨ ਸਿੰਘ ਆਪਣੇ ਵੱਡੇ ਭਰਾ ਦਿਲਬਾਗ ਸਿੰਘ ਕੋਲ ਆਏ ਅਤੇ ਬੋਲੇ, “ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਵੱਡੇ ਭਰਾ ਦੇ ਹੁੰਦਿਆਂ ਛੋਟਾ ਭਰਾ ਅੱਗੇ ਹੋ ਕੇ ਮਿਲਣੀ ਦੀ ਰਸਮ ਅਦਾ ਕਰੇ। ਤੁਸੀਂ ਅੱਗੇ ਹੋਵੋ।” ਇਹ ਹੈਰਾਨੀ ਤਾਂ ਜ਼ਰੂਰ ਹੋਈ ਪਰ ਬੀਬੀ ਅਮਰ ਕੌਰ ਦੀ ਸ਼ਾਦੀ ਵੇਲੇ ਮਿਲਣੀ ਦਿਲਬਾਗ ਸਿੰਘ ਨੇ ਕੀਤੀ। ਇਹ ਬਾਬੇ ਖੇਮ ਸਿੰਘ ਦੇ ਪਰਿਵਾਰ ‘ਤੇ ਉਸ ਦੀ ਮਿਹਰ ਹੈ ਕਿ ਗਮੀ ਖੁਸ਼ੀ ਵੇਲੇ ਸਾਰੇ ਭਰਾ ਅਸੀਂ ਇਕੱਠੇ ਹੁੰਦੇ ਰਹੇ ਜਿਵੇਂ ਅੱਜਕੱਲ੍ਹ ਸੁਰਜਨ ਸਿੰਘ ਦਾ ਪਰਿਵਾਰ ਹਰ ਖੁਸ਼ੀ ਗਮੀ ਵੇਲੇ ਇਕੱਠਾ ਹੋ ਜਾਂਦਾ ਹੈ। ਇਹ ਕਹਾਣੀ ਸੁਣਦਿਆਂ ਮੈਨੂੰ ਸ਼ਾਮ ਪੈ ਗਈ। ਫਿਕਰ ਲੱਗੀ ਕਿ ਮਾਤਾ ਜੀ ਉਡੀਕ ਕਰਦੇ ਹੋਣਗੇ ਕਿਉਂਕਿ ਮੇਰੇ ਪਾਸ ਰੁਪਏ ਸਨ। ਜਦੋਂ ਘਰ ਆਇਆ, ਬੀਬੀ ਜੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ ਤੇ ਗੁੱਸੇ ਵੀ ਹੋਏ।
1955 ਦੀਆਂ ਗਰਮੀਆਂ ਦੇ ਦਿਨ ਸਨ, ਮੈਨੂੰ ਪਤਾ ਲੱਗਿਆ ਕਿ ਬਾਬਾ ਜੀ ਜਸਵੰਤ ਸਿੰਘ ਦੀ ਸਿਹਤ ਕੁਝ ਠੀਕ ਨਹੀਂ ਹੈ। ਮੈਂ ਉਨ੍ਹਾਂ ਨੂੰ ਦੇਖਣ ਲਈ ਘਰ ਗਿਆ ਤਾਂ ਬਾਬਾ ਜੀ ਕੁਰਸੀ ‘ਤੇ ਬੈਠੇ ਸਨ। ਕੋਲ ਨੌਕਰ ਬੰਤਾ ਵੀ ਸੀ। ਬਾਬਾ ਜੀ ਬੋਲੇ, “ਹੁਣ ਮੈਂ ਕੁਝ ਸਿਹਤਯਾਬ ਹਾਂ।” ਫਿਰ ਗੱਲਾਂ ਕਰਦਿਆਂ ਕਹਿਣ ਲੱਗੇ, “ਕਿਰਪਾਲ, ਅੰਗਰੇਜ਼ ਦਾ ਵਕਤ ਸੀ, ਸਾਡੇ ਥਾਣਾ ਬੰਗਾ ਦਾ ਇੰਚਾਰਜ ਸ਼ਹਾਬੂਦੀਨ ਸੀ। ਕਿਸੇ ਕੇਸ ਵਿਚ ਉਸ ਦੀ ਇਨਕੁਆਰੀ ਹੋ ਗਈ। ਮੈਂ ਉਸ ਦੀ ਮਦਦ ਕੀਤੀ ਤੇ ਉਹ ਮੈਨੂੰ ਫਿਰ ਤਾਇਆ ਜੀ ਕਹਿ ਕੇ ਬੁਲਾਉਣ ਲਗ ਪਿਆ। ਜਦੋਂ ਪਾਕਿਸਤਾਨ ਬਣਿਆ, ਉਹ ਪਾਕਿਸਤਾਨ ਚਲਿਆ ਗਿਆ, ਉਥੇ ਵੱਡਾ ਪੁਲਿਸ ਅਫਸਰ ਬਣ ਗਿਆ। ਮੈਂ ਉਸ ਨੂੰ ਖਤ ਲਿਖਿਆ ਕਿ ਮੈਨੂੰ ਚੰਦ ਦਿਨ ਰਹਿਣ ਦਾ ਵੀਜ਼ਾ ਮਿਲ ਗਿਆ ਹੈ, ਮੇਰੇ ਰਹਿਣ ਦਾ ਬੰਦੋਬਸਤ ਕਰਨਾ। ਉਸ ਦਾ ਖਤ ਆਇਆ ਕਿ ਤਾਰੀਖ ਲਿਖ ਭੇਜੋ, ਸਾਰਾ ਬੰਦੋਬਸਤ ਆਰਾਮ ਨਾਲ ਹੋ ਜਾਵੇਗਾ। ਮੈਂ ਗਿਆ ਤਾਂ ਤੁਹਾਡੇ ਮਾਤਾ ਜੀ ਬੱਚਿਆਂ ਨਾਲ ਮੈਨੂੰ ਵਾਹਗਾ ਬਾਰਡਰ ‘ਤੇ ਲੈਣ ਆਏ। ਅਸੀਂ ਚੰਦ ਦਿਨ ਇਕੱਠੇ ਰਹੇ। ਇਸੇ ਤਰ੍ਹਾਂ ਮੈਨੂੰ ਵਾਹਗਾ ਬਾਰਡਰ ‘ਤੇ ਰੁਖਸਤ ਕਰਨ ਮੌਕੇ ਤੁਹਾਡੀ ਮਾਤਾ ਜੀ ਨੇ ਅੱਲ੍ਹਾ ਪਾਸੋਂ ਮੇਰੀ ਲੰਮੀ ਉਮਰ ਦੀ ਦੁਆ ਮੰਗੀ ਅਤੇ ਨਮ ਅੱਖਾਂ ਨਾਲ ਆਪਣੇ ਤੋਂ ਜੁਦਾ ਕੀਤਾ।
ਇਧਰ ਪਹੁੰਚ ਕੇ ਮੈਂ ਤੁਹਾਡੀ ਮਾਤਾ ਜੀ ਅਤੇ ਸ਼ਹਾਬੂਦੀਨ ਨੂੰ ਸ਼ੁਕਰੀਆ ਦਾ ਖਤ ਲਿਖਿਆ। ਮੈਂ ਆਪਣੀ ਜ਼ਿੰਦਗੀ ਵਿਚ ਉਹ ਦਿਨ ਅਤੇ ਵਕਤ ਨਹੀਂ ਭੁਲਾ ਸਕਦਾ।
ਇਹ ਆਖ ਉਨ੍ਹਾਂ ਆਪਣੀ ਸੁੱਚੀ ਮੁਹੱਬਤ ਦਾ ਤੋੜਾ ਝਾੜਿਆ। ਅੱਖਾਂ ਬੰਦ ਕਰ ਕੇ ਲੇਟ ਗਏ, ਅਤੀਤ ਦੀ ਭਾਲ ਵਿਚ ਲੰਮੇ ਸਫਰ ‘ਤੇ; ਮੈਂ ਨਮ ਅੱਖਾਂ ਨਾਲ ਉਨ੍ਹਾਂ ਦੇ ਚਰਨ ਛੂਹੇ।
ਅਲਵਿਦਾ! ਅਲਵਿਦਾ! ਐ ਨੇਕੀ ਦੇ ਫਰਿਸ਼ਤੇ! ਮੇਰੇ ਦੁੱਖ ਵਿਚ ਸਹਾਰਾ ਬਣੇ ਬਾਬਾ ਜੀ, ਅਲਵਿਦਾ!!