ਡਾæ ਗੁਰਨਾਮ ਕੌਰ, ਕੈਨੇਡਾ
ਪਿਛਲੇ ਲੇਖਾਂ ਵਿਚ ਅਸੀਂ ਜ਼ਿਕਰ ਕਰ ਚੁਕੇ ਹਾਂ ਕਿ ਸਿੱਖ ਬੀਬੀਆਂ ਨੇ ਕਿਸ ਤਰ੍ਹਾਂ ਸਿੱਖ ਧਰਮ ਦੇ ਪ੍ਰਚਾਰ ਅਤੇ ਪਾਸਾਰ ਵਿਚ ਹਿੱਸਾ ਪਾਇਆ, ਖਾਲਸੇ ਦੀ ਚੜ੍ਹਦੀ ਕਲਾ ਲਈ ਔਕੜਾਂ ਦਾ ਸਾਹਮਣਾ ਕਰਦੇ ਹੋਏ ਕੁਰਬਾਨੀਆਂ ਦਿੱਤੀਆਂ ਅਤੇ ਇਤਿਹਾਸ ਸਿਰਜਿਆ। ਬੀਬੀ ਨਾਨਕੀ ਤੋਂ ਲੈ ਕੇ ਬੀਬੀ ਸ਼ਰਨ ਕੌਰ ਅਤੇ ਬੀਬੀ ਸਾਹਿਬ ਕੌਰ ਤੱਕ ਦਾ ਸਮਾਂ ਤਕਰੀਬਨ 15ਵੀਂ ਸਦੀ ਦੇ ਅੱਧ ਤੋਂ 19ਵੀਂ ਸਦੀ ਦੇ ਅੱਧ ਤੱਕ ਦਾ ਬਣਦਾ ਹੈ। ਇਸ ਤੋਂ ਪਿੱਛੋਂ ਵੀ ਬੀਬੀਆਂ ਨੇ ਸਮੇਂ ਸਮੇਂ ਆਪਣਾ ਯੋਗਦਾਨ ਪਾਇਆ ਹੈ ਭਾਵੇਂ ਲੜਕੀਆਂ ਦੀ ਪੜ੍ਹਾਈ ਲਈ ਮਾਇਆ ਇਕੱਠੀ ਕਰਕੇ ਲੜਕੀਆਂ ਦੇ ਸਕੂਲ ਚਲਾਉਣਾ ਸੀ ਅਤੇ ਭਾਵੇਂ ਗੁਰਦੁਆਰਿਆਂ ਦੀ ਆਜ਼ਾਦੀ ਲਈ ਅਕਾਲੀ ਮੋਰਚਿਆਂ ਵਿਚ ਸ਼ਾਮਲ ਹੋਣਾ ਸੀ। ਗੁਰੂ ਘਰਾਂ ਵਿਚ ਲੰਗਰ ਅਤੇ ਹੋਰ ਸੇਵਾ ਵਿਚ ਬੀਬੀਆਂ ਦਾ ਯੋਗਦਾਨ ਹਮੇਸ਼ਾ ਹੀ ਸ਼ਲਾਘਾਯੋਗ ਰਿਹਾ ਹੈ।
18ਵੀਂ ਸਦੀ ਵਿਚ ਜਿਸ ਤਰ੍ਹਾਂ ਬਹਾਦਰੀ ਨਾਲ ਬੀਬੀਆਂ ਨੇ ਸਮਾਂ ਪੈਣ ‘ਤੇ ਦੁਸ਼ਮਣ ਦਾ ਮੁਕਾਬਲਾ ਕੀਤਾ ਉਸ ਦਾ ਇਤਿਹਾਸ ਗਵਾਹ ਹੈ। ਹੁਣ ਇੱਕੀਵੀਂ ਸਦੀ ਤੱਕ ਹਾਲਾਤ ਬਹੁਤ ਬਦਲ ਗਏ ਹਨ ਅਤੇ ਬਹੁਤ ਤੇਜ਼ ਰਫ਼ਤਾਰ ਨਾਲ ਬਦਲ ਰਹੇ ਹਨ। ਇੱਕੀਵੀਂ ਸਦੀ ਦਾ ਸਮਾਂ 18ਵੀਂ ਸਦੀ ਨਾਲੋਂ ਬਹੁਤ ਅਗਾਂਹ-ਵਧੂ ਅਤੇ ਵਿਕਸਿਤ ਮੰਨਿਆ ਜਾਂਦਾ ਹੈ। ਜਿੰਨੀ ਤੇਜ਼ ਰਫ਼ਤਾਰ ਨਾਲ ਸੰਸਾਰ ਅੱਗੇ ਵੱਧ ਰਿਹਾ ਹੈ, ਉਨੀ ਹੀ ਰਫ਼ਤਾਰ ਨਾਲ ਅੱਜ ਦੇ ਮਨੁੱਖੀ ਸਮਾਜ ਦੀਆਂ ਸਮੱਸਿਆਵਾਂ ਗੁੰਝਲਦਾਰ ਹੋਈ ਜਾ ਰਹੀਆਂ ਹਨ। ਇਸਤਰੀ ਵੀ ਇਸੇ ਸਮਾਜ ਦਾ ਹਿੱਸਾ ਹੈ, ਬਲਕਿ ਇਹ ਕਹਿਣਾ ਚਾਹੀਦਾ ਹੈ ਕਿ ਇਸਤਰੀ ਵੀ ਇਸ ਮਰਦ-ਪ੍ਰਧਾਨ ਸਮਾਜ ਦਾ ਇੱਕ ਅਨਿਖੜਵਾਂ ਅੰਗ ਹੈ। ਇਸਤਰੀ ਦੀ ਮਰਦ ਦੇ ਬਰਾਬਰ ਤਰੱਕੀ ਕਰ ਲੈਣ ਦੇ ਬਾਵਜੂਦ ਵੀ ਮਰਦ ਦਾ ਉਸ ਪ੍ਰਤੀ ਨਜ਼ਰੀਆ 18ਵੀਂ ਸਦੀ ਵਾਲਾ ਹੀ ਹੈ, ਸਗੋਂ ਉਸ ਤੋਂ ਵੀ ਬਦਤਰ ਹੋ ਗਿਆ ਹੈ। ਇਸ ਲਈ ਉਸ ਦੀਆਂ ਸਮੱਸਿਆਵਾਂ ਵੀ ਜ਼ਿਆਦਾ ਗੰਭੀਰ ਹੋ ਗਈਆਂ ਹਨ, ਜਿਨ੍ਹਾਂ ਨਾਲ ਉਸ ਨੂੰ ਜੂਝਣਾ ਪੈ ਰਿਹਾ ਹੈ। ਇਸ ਵਿਚ ਕੋਈ ਦੋ ਰਾਵਾਂ ਨਹੀਂ ਹਨ ਕਿ ਇਹ ਸਮੱਸਿਆਵਾਂ ਕੁੱਝ ਹੱਦ ਤੱਕ ਇਸਤਰੀ ਵਰਗ ਦੀਆਂ ਹੀ ਨਹੀਂ ਬਲਕਿ ਸਮਾਜ ਦੀਆਂ, ਖ਼ਾਸ ਕਰਕੇ ਪੰਜਾਬੀ ਸਮਾਜ ਦੀਆਂ ਸਾਂਝੀਆਂ ਹਨ। ਸਿੱਖ-ਧਰਮ ਸਮਾਜਿਕ ਸੰਦਰਭ ਤੋਂ ਬਿਨਾਂ ਚਿਤਵਿਆ ਹੀ ਨਹੀਂ ਜਾ ਸਕਦਾ ਕਿਉਂਕਿ ਇਹ ਇਕਾਂਤਕ ਅਤੇ ਤਿਆਗਵਾਦੀ ਧਰਮ ਨਹੀਂ ਹੈ। ਸਿੱਖ ਧਰਮ ਦੇ ਮੁੱਖ ਸਰੋਕਾਰ ਸਮਾਜਿਕ ਹੋਣ ਕਾਰਨ ਹੀ ਹਰ ਰੋਜ਼ ਅਰਦਾਸ ਵਿਚ ਵੀ ਸਿੱਖ ‘ਸਰਬੱਤ ਦਾ ਭਲਾ’ ਮੰਗਦਾ ਹੈ ਅਤੇ ਇਸ ਆਦਰਸ਼ ਦੀ ਪ੍ਰਾਪਤੀ ਲਈ ਗੁਰੂ ਸਾਹਿਬਾਨ ਨੇ ਜੋ ਮਾਡਲ ਦਿੱਤਾ ਹੈ ਉਹ ਸੰਗਤੀ ਹੈ। ਇਸੇ ਸੰਦਰਭ ਵਿਚ ਸਿੱਖ ਇਸਤਰੀ ਨੂੰ ਕੇਂਦਰ ਵਿਚ ਰੱਖ ਕੇ ਇਨ੍ਹਾਂ ਦਰਪੇਸ਼ ਚੁਣੌਤੀਆਂ ਅਤੇ ਸਮੱਸਿਆਵਾਂ ਦੀ ਨਿਸ਼ਾਨਦੇਹੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।
ਇਸ ਵਿਚ ਕੋਈ ਸ਼ੱਕ ਨਹੀਂ ਕਿ ਸਿੱਖ ਇਸਤਰੀ ਨੇ ਵੀ ਸੰਸਾਰ ਦੇ ਵਿਕਸਿਤ ਅਤੇ ਵਿਕਾਸ ਕਰ ਰਹੇ ਭਾਈਚਾਰਿਆਂ ਦੀ ਇਸਤਰੀ ਦੀ ਤਰ੍ਹਾਂ ਹੀ ਹਰ ਖੇਤਰ ਵਿਚ ਗੁਣਾਤਮਕ ਤਰੱਕੀ ਕੀਤੀ ਹੈ। ਅੱਜ ਸਿੱਖ ਇਸਤਰੀ ਹਰ ਖੇਤਰ ਵਿਚ ਪ੍ਰਵੇਸ਼ ਕਰ ਚੁੱਕੀ ਹੈ ਭਾਵੇਂ ਉਹ ਡਾਕਟਰੀ ਦਾ ਪੇਸ਼ਾ ਹੈ, ਸਿੱਖਿਆ ਅਤੇ ਅਧਿਆਪਨ ਦਾ, ਪੁਲਿਸ ਜਾਂ ਫ਼ੌਜ ਦਾ ਮਹਿਕਮਾ ਹੈ, ਪ੍ਰਬੰਧਕੀ ਕਾਰਜ-ਖੇਤਰ ਹੈ ਜਾਂ ਸਿਆਸਤ ਅਰਥਾਤ ਸਿੱਖ ਇਸਤਰੀ ਨੇ ਵਿਅਕਤੀਗਤ ਤੌਰ ‘ਤੇ ਹਰ ਖੇਤਰ ਵਿਚ ਸ਼ਲਾਘਾਯੋਗ ਪੁਲਾਂਘਾਂ ਪੁੱਟੀਆਂ ਹਨ। ਉਹ ਕਿਸੇ ਤਰ੍ਹਾਂ ਵੀ ਮਰਦ ਤੋਂ ਪਿੱਛੇ ਨਹੀਂ ਹੈ, ਬਲਕਿ ਇਹ ਕਹਿਣਾ ਚਾਹੀਦਾ ਹੈ ਕਿ ਬਹੁਤ ਸਾਰੇ ਕਾਰਜ-ਖੇਤਰਾਂ ਵਿਚ ਲੜਕੀਆਂ ਲੜਕਿਆਂ ਤੋਂ ਵੀ ਅੱਗੇ ਹਨ। ਜਿਥੋਂ ਤੱਕ ਸਿੱਖ ਸਮਾਜ ਦਾ ਜਾਂ ਸਿੱਖ ਸੰਸਥਾਵਾਂ ਦਾ ਸਵਾਲ ਹੈ ਅੱਜ ਇੱਕੀਵੀਂ ਸਦੀ ਦੇ 13ਵੇਂ ਸਾਲ ਤੱਕ ਵੀ ਸਿੱਖ ਇਸਤਰੀ ਨੂੰ ਉਸ ਦਾ ਬਣਦਾ ਰੁਤਬਾ ਅਤੇ ਸਥਾਨ ਪ੍ਰਾਪਤ ਨਹੀਂ ਹੋਇਆ।
ਬੀਬੀ ਭਾਨੀ ਅਤੇ ਮਾਈ ਭਾਗੋ ਦੀ ਗੱਲ ਕਰਦਿਆਂ ਇਹ ਤੱਥ ਸਾਹਮਣੇ ਆ ਚੁੱਕਾ ਹੈ ਕਿ ਬੀਬੀਆਂ ਨੇ ਆਪੋ ਆਪਣੇ ਕਾਰਜ ਖੇਤਰ ਵਿਚ ਗੁਰੂ ਸਾਹਿਬਾਨ ਦੀ ਉਨ੍ਹਾਂ ਦੇ ਸਰੀਰਕ ਰੂਪ ਵਿਚ ਹੁੰਦਿਆਂ ਸੇਵਾ ਕੀਤੀ। ਬੀਬੀ ਭਾਨੀ ਗੁਰੂ ਅਮਰਦਾਸ ਜੀ ਦੀ ਪੁੱਤਰੀ ਸਨ। ਉਹ ਉਨ੍ਹਾਂ ਦਾ ਹਰ ਤਰ੍ਹਾਂ ਦਾ ਖਿਆਲ ਰੱਖਦੇ ਸਨ ਅਤੇ ਗੁਰੂ-ਪਿਤਾ ਦੀ ਸੇਵਾ ਪੂਰੀ ਸ਼ਰਧਾ ਨਾਲ ਕਰਦੇ ਸਨ। ਇਸੇ ਤਰ੍ਹਾਂ ਮਾਈ ਭਾਗੋ ਖਿਦਰਾਣੇ ਦੀ ਢਾਬ ‘ਤੇ ਹੋਏ ਯੁੱਧ ਤੋਂ ਬਾਅਦ ਲਗਾਤਾਰ ਗੁਰੂ ਗੋਬਿੰਦ ਸਿੰਘ ਜੀ ਦੀ ਸੇਵਾ ਵਿਚ ਰਹੇ ਅਤੇ ਉਨ੍ਹਾਂ ਨਾਲ ਦੱਖਣ ਵਿਚ ਨਾਂਦੇੜ ਤੱਕ ਗਏ। ਗੁਰੂ ਸਾਹਿਬ ਦੇ ਜੋਤੀ-ਜੋਤਿ ਸਮਾਉਣ ਦੇ ਸਮੇਂ ਤੱਕ ਉਨ੍ਹਾਂ ਨੇ ਗੁਰੂ ਸਾਹਿਬ ਦੇ ਅੰਗ-ਰੱਖਿਅਕ ਦੀ ਸੇਵਾ ਨਿਭਾਈ। ਗੁਰੂ ਅਮਰਦਾਸ ਨੇ ਜਦੋਂ 22 ਮੰਜੀਆਂ ਅਰਥਾਤ ਪ੍ਰਚਾਰ ਕੇਂਦਰ ਸਥਾਪਤ ਕੀਤੇ ਤਾਂ ਕੁੱਝ ਥਾਂਵਾਂ ‘ਤੇ ਮੰਜੀਆਂ ਦੀ ਜਿੰਮੇਵਾਰੀ ਬੀਬੀਆਂ ਨੂੰ ਸੌਂਪੀ। ਪਰ ਗੁਰੂ ਦੇ ਸਿੱਖ ਕਹਾਉਣ ਵਾਲਿਆਂ ਨੇ ਬੀਬੀਆਂ ਨੂੰ ਦਰਬਾਰ ਸਾਹਿਬ ਵਿਖੇ ਕੀਰਤਨ ਕਰਨ ਅਤੇ ਮਹਾਰਾਜ ਦੇ ਪ੍ਰਕਾਸ਼ ਤੋਂ ਪਹਿਲਾਂ ਅੰਦਰਲੇ ਸਥਾਨ ਦੀ ਸੇਵਾ ਕਰਨ ਦਾ ਹੱਕ ਨਹੀਂ ਦਿੱਤਾ। ਇੱਕ ਵਾਰ ਅਮਰੀਕਾ ਤੋਂ ਗਈ ਇੱਕ ਬੀਬੀ ਨੇ ਸ਼ਿਕਾਇਤ ਕੀਤੀ ਕਿ ਤੜਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਜਦੋਂ ਪ੍ਰਕਾਸ਼ ਲਈ ਆ ਰਹੀ ਸੀ ਤਾਂ ਉਸ ਨੇ ਪੀਹੜੇ ਦਾ ਪਾਵਾ ਸਪਰਸ਼ ਕਰਨਾ ਚਾਹਿਆ ਅਤੇ ਨਾਲ ਜਾ ਰਹੇ ਸੇਵਾਦਾਰਾਂ ਨੇ ਉਸ ਨੂੰ ਧੱਕ ਕੇ ਪਰੇ ਕਰ ਦਿੱਤਾ। ਗੁਰੂ ਦੇ ਸਿੱਖਾਂ ਨੂੰ ਸ਼ਾਇਦ ਇਹ ਭੁੱਲ ਗਿਆ ਕਿ ਇੱਕ ਵਾਰ ਜਦੋਂ ਗੁਰੂ ਅਮਰਦਾਸ ਦੇ ਪੀਹੜੇ ਦਾ ਪਾਵਾ ਟੁੱਟ ਗਿਆ ਸੀ ਤਾਂ ਬੀਬੀ ਭਾਨੀ ਨੇ ਆਪਣੇ ਹੱਥ ਨਾਲ ਪੀਹੜੇ ਨੂੰ ਆਸਰਾ ਦਿੱਤਾ ਸੀ ਜਿਸ ਕਾਰਨ ਉਸ ਦਾ ਹੱਥ ਜ਼ਖ਼ਮੀ ਵੀ ਹੋ ਗਿਆ ਸੀ ਪਰ ਉਸ ਨੇ ਆਸਰਾ ਦੇਈ ਰੱਖਿਆ।
ਅੱਜ ਦਾ ਸਿੱਖ ਆਪਣੇ ਆਪ ਨੂੰ ਗੁਰੂ ਤੋਂ ਵੀ ਵੱਡਾ ਸਮਝਣ ਲੱਗ ਪਿਆ ਹੈ। ਇਹ ਉਹੋ ਜਿਹੇ ਹੀ ਸਿੱਖ ਹਨ ਜਿਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਦਰਬਾਰ ਸਾਹਿਬ ਦਰਸ਼ਨ ਨਹੀਂ ਸੀ ਕਰਨ ਦਿੱਤੇ ਅਤੇ ਕਿਵਾੜ ਬੰਦ ਕਰ ਦਿੱਤੇ ਸਨ। ਹਰਮੰਦਰ ਸਾਹਿਬ ਉਹ ਧਾਰਮਿਕ ਸਥਾਨ ਹੈ ਜਿਸ ਦੇ ਗੁਰੂ ਅਰਜਨ ਦੇਵ ਜੀ ਨੇ ਚਾਰ ਦਿਸ਼ਾਵਾਂ ਵਿਚ ਚਾਰ ਦਰਵਾਜ਼ੇ ਰੱਖਾਏ ਤਾਂ ਕਿ ਹਰ ਧਰਮ, ਕੌਮ, ਜਾਤ ਅਤੇ ਮੁਲਕ ਦੇ ਮਨੁੱਖ ਉਥੇ ਬਿਨਾ ਕਿਸੇ ਭੇਦ-ਭਾਵ ਦੇ ਆ ਸਕਣ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਰ੍ਹਿਆਂ ਦੇ ਇਤਿਹਾਸ ਵਿਚ ਸਿਰਫ਼ ਇੱਕ ਵਾਰ ਬੀਬੀ ਨੂੰ ਪ੍ਰਧਾਨ ਬਣਾਇਆ ਗਿਆ, ਉਹ ਵੀ ਇਸ ਲਈ ਕਿ ਇਸ ਵਿਚ ਅਕਾਲੀ ਦਲ ਦੇ ਉਸ ਵੇਲੇ ਦੇ ਪ੍ਰਧਾਨ ਦਾ ਆਪਣਾ ਹਿੱਤ ਸੀ ਜੋ ਉਸ ਵੇਲੇ ਚੀਫ ਮਨਿਸਟਰ ਵੀ ਸੀ। ਜਦੋਂ ਮਤਲਬ ਸਰ ਗਿਆ ਤਾਂ ਬੀਬੀ ਨੂੰ ਪਾਸੇ ਕਰ ਦਿੱਤਾ ਗਿਆ ਕਿਉਂ ਕਿ ਉਹ ਸੁਤੰਤਰ ਤੌਰ ‘ਤੇ ਫ਼ੈਸਲੇ ਲੈਣ ਦੀ ਜ਼ੁਰਅਤ ਕਰਨ ਲੱਗ ਪਈ ਸੀ।
ਅਗਲੀ ਵੱਡੀ ਸਮੱਸਿਆ ਹੈ ਹਿੰਸਾ, ਜਿਸ ਦਾ ਅੱਜੋਕੇ ਸਮੇਂ ਵਿਚ ਸਮੇਤ ਸਮੁੱਚੀ ਇਸਤਰੀ ਵਰਗ ਦੇ ਸਿੱਖ ਇਸਤਰੀ ਨੂੰ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਹਿੰਸਾ ਦੇ ਕਈ ਰੂਪ ਹਨ ਜਿਵੇਂ ਦਾਜ ਜਾਂ ਕਿਸੇ ਹੋਰ ਕਾਰਨ ਕੁੱਟ-ਮਾਰ ਜਾਂ ਹੱਤਿਆ, ਸਮਾਜਿਕ ਹਿੰਸਾ ਅਤੇ ਅਸੁਰੱਖਿਆ, ਭਰੂਣ ਹੱਤਿਆ। ਅੱਜ ਕਲ੍ਹ ਭਰੂਣ ਹੱਤਿਆ ਤੇ ਆਮ ਹੀ ਬਹੁਤ ਚਰਚਾ ਹੁੰਦੀ ਹੈ। ਭਰੂਣ ਹੱਤਿਆ ਤੋਂ ਭਾਵ ਜਨਮ ਤੋਂ ਪਹਿਲਾਂ ਹੀ ਗਰਭ ਵਿਚ ਲੜਕੀ ਹੋਣ ਤੇ ਗਰਭਪਾਤ ਕਰਵਾ ਦੇਣਾ। ਸਿੱਖ ਰਹਿਤ ਮਰਿਆਦਾ ਵਿਚ ਕੁੜੀ-ਮਾਰ ਨਾਲ ਕਿਸੇ ਸਿੱਖ ਦਾ ਕਿਸੇ ਕਿਸਮ ਦਾ ਵਰਤੋਂ-ਵਿਹਾਰ ਹੋਣਾ ਮਨ੍ਹਾਂ ਹੈ ਭਾਵ ਕੁੜੀ-ਮਾਰ ਨਾਲ ਕੋਈ ਮੇਲ-ਮਿਲਾਪ ਜਾਂ ਰਿਸ਼ਤਾ ਨਹੀਂ ਰੱਖਣਾ ਅਰਥਾਤ ਕੁੜੀ-ਮਾਰ ਦਾ ਸਮਾਜਿਕ ਬਾਈਕਾਟ। ਪੰਜਾਬ ਵਿਚ ਸਿੱਖ ਬਹੁ-ਗਿਣਤੀ ਵਿਚ ਹੈ ਅਤੇ ਭਰੂਣ ਹੱਤਿਆ ਵਿਚ ਪੰਜਾਬ ਮੋਹਰੀ ਸੂਬਿਆਂ ਵਿਚ ਆਉਂਦਾ ਹੈ। ਇੱਥੇ ਕੁੜੀਆਂ ਦੀ ਗਿਣਤੀ ਮੁੰਡਿਆਂ ਨਾਲੋਂ ਘੱਟ ਹੈ ਅਰਥਾਤ ਕੁੜੀਆਂ ਨੂੰ ਜਨਮ ਹੀ ਨਹੀਂ ਲੈਣ ਦਿੱਤਾ ਜਾਂਦਾ।
ਇਸ ਤੋਂ ਅਗਲੀ ਸਮੱਸਿਆ ਹੈ ਘਰੇਲੂ ਹਿੰਸਾ ਜਿਸ ਦੇ ਇੱਕ ਤੋਂ ਵੱਧ ਕਾਰਨ ਹੋ ਸਕਦੇ ਹਨ। ਕੋਈ ਜ਼ਮਾਨਾ ਸੀ ਜਦੋਂ ਦਾਜ ਲਈ ਸਿਰਫ਼ ਮਹਾਜਨ ਭਾਵ ਹਿੰਦੂ ਭਾਈਚਾਰੇ ਵਿਚ ਹੀ ਔਰਤਾਂ ਨੂੰ ਮਾਰ ਮੁਕਾਇਆ ਜਾਂਦਾ ਸੀ, ਜਿਸ ਦੇ ਆਮ ਪ੍ਰਚਲਤ ਢੰਗਾਂ ਵਿਚ ਸਟੋਵ ਰਾਹੀਂ ਅੱਗ ਲਾਉਣਾ ਅਤੇ ਖਾਣੇ ਵਿਚ ਜ਼ਹਿਰ ਦੇਣਾ ਪ੍ਰਮੁੱਖ ਸਨ। ਹੁਣ ਕਾਫ਼ੀ ਲੰਬੇ ਅਰਸੇ ਤੋਂ ਸਿੱਖ ਇਸਤਰੀ ਵੀ ਇਸ ਮਾਰ ਥੱਲੇ ਆ ਚੁੱਕੀ ਹੈ। ਇੱਥੋਂ ਤੱਕ ਕਿ ਇੰਗਲੈਂਡ, ਅਮਰੀਕਾ ਅਤੇ ਕੈਨੇਡਾ ਵਰਗੇ ਅਗਾਂਹਵਧੂ ਮੁਲਕਾਂ ਵਿਚ ਆ ਕੇ ਵੀ ਲੋਕ ਨੂੰਹਾਂ ਦੀ ਹੱਤਿਆ ਕਰਨ ਤੋਂ ਗੁਰੇਜ਼ ਨਹੀਂ ਕਰਦੇ ਅਤੇ ਰੋਜ਼ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੇ ਹਨ। ਬਹੁਤੀ ਵਾਰ ਇਸ ਹੱਤਿਆ ਦਾ ਕਾਰਨ ਦਾਜ ਨਾ ਲਿਆਉਣਾ ਜਾਂ ਘੱਟ ਲਿਆਉਣਾ ਹੀ ਹੁੰਦਾ ਹੈ। ਘਰੇਲੂ ਹਿੰਸਾ ਦਾ ਇੱਕ ਹੋਰ ਰੂਪ ਹੈ ਜਿਸ ਨੂੰ ‘ਇੱਜ਼ਤ ਲਈ ਕਤਲ’ ਕਿਹਾ ਜਾਂਦਾ ਹੈ। ਇਸ ਦਾ ਬਹੁਤੀ ਵਾਰ ਕਾਰਨ ਹੁੰਦਾ ਹੈ ਮਾਂ-ਬਾਪ ਦੀ ਮਰਜ਼ੀ ਦੇ ਖ਼ਿਲਾਫ ਜਾਤ-ਬਰਾਦਰੀ, ਪਰਿਵਾਰਕ ਹੈਸੀਅਤ ਜਾਂ ਆਪਣੇ ਮਜ਼ਹਬ ਤੋਂ ਬਾਹਰ ਸ਼ਾਦੀ ਕਰਨਾ। ਇਸ ਕਿਸਮ ਦੇ ਕਤਲ ਦੀਆਂ ਘਟਨਾਵਾਂ ਵੀ ਅਖ਼ਬਾਰਾਂ ਵਿਚ ਆਮ ਦੇਖਣ ਸੁਣਨ ਨੂੰ ਮਿਲ ਜਾਂਦੀਆਂ ਹਨ।
ਔਰਤ ਖ਼ਿਲਾਫ਼ ਹਿੰਸਾ ਦਾ ਅਗਲਾ ਅਤੇ ਭਿਆਨਕ ਰੂਪ ਹੈ ਬਲਾਤਕਾਰ। ਬਲਾਤਕਾਰ ਦੀ ਸਮੱਸਿਆ ਦਿਨੋ-ਦਿਨ ਵਿਕਰਾਲ ਰੂਪ ਧਾਰਦੀ ਜਾ ਰਹੀ ਹੈ। ਦਿੱਲੀ ਡਾਕਟਰੀ ਕਰ ਰਹੀ ਵਿਦਿਆਰਥਣ ਦੇ ਬੱਸ ਵਿਚ ਹੋਏ ਬਲਾਤਕਾਰ ਦੀ ਘਟਨਾ ਅਤੇ ਫ਼ਰੀਦਕੋਟ ਵਿਚ ਵਾਪਰੇ ਸ਼ਰੁਤੀ ਕਾਂਡ ਤੋਂ ਬਾਅਦ ਅਜਿਹੀਆਂ ਘਟਨਾਵਾਂ ਪੰਜਾਬ ਵਿਚ ਲਗਾਤਾਰ ਵਾਪਰਦੀਆਂ ਰਹੀਆਂ ਹਨ। ਬੱਚੀਆਂ ਤੋਂ ਲੈ ਕੇ ਵੱਡੀ ਉਮਰ ਦੀਆਂ ਇਸਤਰੀਆਂ ਤੱਕ ਵੀ ਇਸ ਜ਼ੁਲਮ ਤੋਂ ਸੁਰਖਿਅਤ ਨਹੀਂ ਹਨ। ਇਸ ਕਿਸਮ ਦੀਆਂ ਘਟਨਾਵਾਂ ਕਿੰਨੀ ਗਿਣਤੀ ਵਿਚ ਵਾਪਰ ਰਹੀਆਂ ਹਨ, ਇਸ ਦਾ ਜ਼ਿਕਰ ਬਹੁਤ ਵਾਰ ਡਾਕਟਰ ਹਰਸ਼ਿੰਦਰ ਕੌਰ, ਜਿਸ ਨੂੰ ਅਜਿਹੇ ਕੇਸਾਂ ਨਾਲ ਬਤੌਰ ਡਾਕਟਰ ਨਜਿੱਠਣਾ ਪੈਂਦਾ ਹੈ, ਦੇ ਲੇਖਾਂ ਵਿਚ ਪੜ੍ਹਨ ਨੂੰ ਮਿਲਦਾ ਹੈ। ਔਰਤ ਹੁਣ ਬਹੁਤ ਹੱਦ ਤੱਕ ਤਾਲੀਮਯਾਫ਼ਤਾ ਹੋ ਗਈ ਹੈ। ਜਿਵੇਂ ਪਹਿਲਾਂ ਵੀ ਜ਼ਿਕਰ ਕੀਤਾ ਜਾ ਚੁੱਕਾ ਹੈ ਕਿ ਔਰਤ ਹੁਣ ਹਰ ਖੇਤਰ ਵਿਚ ਮਰਦ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੇ ਯੋਗ ਹੋ ਗਈ ਹੈ ਅਤੇ ਕੰਮ ਕਰ ਰਹੀ ਹੈ। ਇਸ ਦੇ ਬਾਵਜੂਦ ਉਸ ਦੀ ਸੁਰੱਖਿਆ ਖ਼ਤਰੇ ਵਿਚ ਹੈ। ਕੰਮ ਦੀਆਂ ਥਾਂਵਾਂ, ਬਜ਼ਾਰਾਂ, ਬੱਸਾਂ, ਗੱਡੀਆਂ/ਰੇਲਾਂ ਵਿਚ ਆਮ ਛੇੜ-ਛਾੜ ਤੋਂ ਲੈ ਕੇ ਸਰੀਰਕ ਸ਼ੋਸ਼ਣ ਤੱਕ ਦਾ ਸਾਹਮਣਾ ਔਰਤ ਨੂੰ ਕਈ ਵਾਰ ਕਰਨਾ ਪੈ ਜਾਂਦਾ ਹੈ।
ਪੰਜਾਬ ਦੀ ਹਾਲਤ ਕੋਈ ਬਿਹਤਰ ਨਹੀਂ ਹੈ ਸਗੋਂ ਦਿਨੋ-ਦਿਨ ਇਸ ਦੀ ਹਾਲਤ ਬਦ ਤੋਂ ਬਦਤਰ ਹੁੰਦੀ ਜਾ ਰਹੀ ਹੈ। ਪਾਠਕਾਂ ਦੇ ਚੇਤਿਆਂ ਵਿਚ ਅੰਮ੍ਰਿਤਸਰ ਦੇ ਪੁਲਿਸ ਅਫ਼ਸਰ ਦੀ ਘਟਨਾ ਜੋ ਧੀ ਦੀ ਰਾਖੀ ਕਰਨ ਗਿਆ ਹੁਕਮਰਾਨ ਪਾਰਟੀ ਦੇ ਗੁੰਡਿਆਂ ਹੱਥੋਂ ਮਾਰਿਆ ਗਿਆ, ਤਰਨਤਾਰਨ ਦੀ ਉਸ ਕੁੜੀ ਦੀ ਘਟਨਾ ਜਿਸ ਨੇ ਮੈਰਿਜ ਪੈਲੇਸ ਵਿਚ ਹੋਈ ਛੇੜ-ਛਾੜ ਦੇ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਕੀਤੀ ਤਾਂ ਪੁਲਿਸ ਨੇ ਟੈਕਸੀ ਡਰਾਈਵਰ ਨੂੰ ਕੁੱਝ ਕਹਿਣ ਦੀ ਥਾਂ ਉਲਟਾ ਕੁੜੀ ‘ਤੇ ਹੀ ਕੁਟਾਪਾ ਚਾੜ੍ਹਿਆ, ਹਾਲੇ ਸੱਜਰੀਆਂ ਹੋਣਗੀਆਂ। ਇੱਥੋਂ ਤੱਕ ਕਿ ਸਾਥੀਆਂ ਨਾਲ ਮਿਲ ਕੇ ਰੋਸ ਦਿਖਾਵਾ ਕਰ ਰਹੀ ਇੱਕ ਘਟਨਾ ਵਿਚ ਕੁੜੀ ਦੇ ਇੱਕ ਅਕਾਲੀ ਜਥੇਦਾਰ ਵੱਲੋਂ ਥੱਪੜ ਮਾਰਨ ਅਤੇ ਇਸੇ ਸਮੇਂ ਮੁਜਾਹਰੇ ਸਮੇਂ ਇੱਕ ਕੁੜੀ ਦੇ ਅਕਾਲੀ ਸਰਪੰਚ ਵੱਲੋਂ ਥੱਪੜ ਮਾਰਨ ਦੀ ਘਟਨਾ ਵੀ ਟੈਲੀਵੀਜ਼ਨ ਅਤੇ ਅਖ਼ਬਾਰੀ ਖ਼ਬਰਾਂ ਦਾ ਹਿੱਸਾ ਰਹੀ ਹੈ। ਏਨੀ ਕੁ ਸੁਰਖਿਅਤ ਹੈ ਪੰਜਾਬੀ ਔਰਤ? ਉਹ ਵੀ ‘ਪੰਥਕ’ ਕਹੀ ਜਾਣ ਵਾਲੀ ਪਾਰਟੀ ਦੇ ਰਾਜ ਵਿਚ।
ਪੰਜਾਬ ਦੀ ਧਰਤੀ ਗੁਰੂਆਂ ਪੀਰਾਂ ਦੀ ਵਰੋਸਾਈ ਧਰਤੀ ਹੈ। ਇਥੇ ਹੀ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਨੇ ਇਸਤਰੀ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ ਅਤੇ ਸਿੱਖ ਧਰਮ ਵਿਚ ਇਸਤਰੀ ਨੂੰ ਪੁਰਸ਼ ਦੇ ਬਰਾਬਰ ਮਾਣ-ਸਨਮਾਨ ਅਤੇ ਹੱਕ ਮਿਲਿਆ। ਅੱਜ ਇਸੇ ਧਰਤੀ ‘ਤੇ ਜਿਥੇ ਗੁਰੂ ਨਾਨਕ ਸਾਹਿਬ ਨੇ, “ਸੋ ਕਿਉ ਮੰਦਾ ਆਖੀਐ ਜਿਤੁ ਜੰਮੈ ਰਾਜਾਨ” ਦੀ ਆਵਾਜ਼ ਬੁਲੰਦ ਕੀਤੀ ਸੀ, ਇਸਤਰੀ ਦੇ ਸਵੈਮਾਣ ਅਤੇ ਇੱਜ਼ਤ ‘ਤੇ ਜੋ ਹਮਲਾ ਪੰਜਾਬੀ ਗਾਇਕਾਂ, ਗੀਤਕਾਰਾਂ ਅਤੇ ਪੰਜਾਬੀ ਦੇ ਵੱਖ ਵੱਖ ਚੈਨਲਾਂ ਤੇ ਦਿਖਾਏ ਜਾਂਦੇ ਪੰਜਾਬੀ ਗੀਤਾਂ ਦੇ ਵੀਡੀਓ ਕਲਚਰ ਰਾਹੀਂ ਕੀਤਾ ਜਾ ਰਿਹਾ ਹੈ, ਉਸ ਦਾ ਸ਼ਾਇਦ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਪੰਜਾਬੀ ਗਾਇਕ ਅਤੇ ਗੀਤਕਾਰ ਪੰਜਾਬੀ ਸਭਿਆਚਾਰ, ਇਸ ਦੇ ਸਮਾਜਿਕ ਰਿਸ਼ਤਿਆਂ ਦੀ ਰੱਜ ਕੇ ਮਿੱਟੀ ਪਲੀਤ ਕਰ ਰਹੇ ਹਨ। ਪੰਜਾਬੀ ਸਮਾਜ ਦਾ ਧੁਰਾ ਪਿੰਡ ਇੱਕ ਇਕਾਈ ਦੇ ਰੂਪ ਵਿਚ ਚਿਤਵਿਆ ਜਾਂਦਾ ਰਿਹਾ ਹੈ ਜਿਥੇ ਜਾਤ-ਬਰਾਦਰੀ ਆਦਿ ਹੱਦਾਂ ਨੂੰ ਵੀ ਪਾਰ ਕਰਦੇ ਹੋਏ ਸਭ ਇੱਕ ਦੂਸਰੇ ਨਾਲ ਬਾਬਾ, ਤਾਇਆ, ਚਾਚਾ ਅਤੇ ਭਰਾ ਦੇ ਰਿਸ਼ਤੇ ਵਿਚ ਬੱਝੇ ਹੁੰਦੇ ਹਨ। ਪਰ ਅਜੋਕੇ ਗਾਇਕਾਂ/ਗੀਤਕਾਰਾਂ ਨੇ ਇਨ੍ਹਾਂ ਰਿਸ਼ਤਿਆਂ ਨੂੰ ਪਲੀਤ ਕਰ ਦਿੱਤਾ ਹੈ। ਇਨ੍ਹਾਂ ਮੁਤਾਬਿਕ ਹੁਣ ਇਸਤਰੀ ਮਾਂ ਜਾਂ ਭੈਣ ਨਹੀਂ ਹੈ ਸਗੋਂ ਇੱਕ ਵਸਤੂ ਹੈ ਜਿਸ ਨੂੰ ਜਿਵੇਂ ਜੀ ਆਵੇ ਵਰਤਿਆ ਜਾ ਸਕਦਾ ਹੈ, ਜਿਸ ‘ਤੇ ਕੋਈ ਵੀ ਢੰਗ ਵਰਤ ਕੇ ਕਬਜ਼ਾ ਕੀਤਾ ਜਾ ਸਕਦਾ ਹੈ ਭਾਵੇਂ ਉਹ ਆਪਣੇ ਹੀ ਪਿੰਡ ਦੀ, ਗਲੀ ਜਾਂ ਗੁਆਂਢ ਦੀ ਹੈ। ਪੰਜਾਬੀ ਸਭਿਆਚਾਰ ਦਾ ਧੁਰਾ ਧੀਆਂ ਭੈਣਾਂ ਸਭ ਦੀਆਂ ਸਾਂਝੀਆਂ ਹੁੰਦੀਆਂ ਹਨ। ਪੰਜਾਬੀ ਗਾਣਿਆਂ ਦੇ ਚੈਨਲਾਂ ‘ਤੇ ਚੱਲ ਰਹੇ ਵੀਡੀਓ ਵਿਚ ਜਿਸ ਢੰਗ ਨਾਲ ਅਰਧ-ਨਗਨ ਕੁੜੀਆਂ ਨੂੰ ਦਿਖਾਇਆ ਜਾਂਦਾ ਹੈ, ਉਸ ਦਾ ਪੰਜਾਬੀ ਸਭਿਆਚਾਰ ਜਾਂ ਪਹਿਰਾਵੇ ਨਾਲ ਦੂਰ ਦਾ ਵੀ ਵਾਸਤਾ ਨਹੀਂ। ਅੱਜ ਪੰਜਾਬੀ ਬੋਲੀ, ਪੰਜਾਬੀ ਸਭਿਆਚਾਰ ਖ਼ਤਰੇ ਵਿਚ ਹੈ। ਇਸ ਤੇ ਕਈ ਤਰ੍ਹਾਂ ਨਾਲ ਹਮਲੇ ਹੋ ਰਹੇ ਹਨ। ਇਸ ਵਰਤਾਰੇ ਦਾ ਮੁਲਾਂਕਣ ਕਰਦਿਆਂ ਪੰਜਾਬੀ ਦੇ ਵਿਦਵਾਨ ਪ੍ਰੋæ ਨਾਹਰ ਸਿੰਘ ਨੇ ਲਿਖਿਆ ਹੈ, “ਪੰਜਾਬੀਆਂ ਦਾ ਇਸ ਗਾਇਨ ਦੀਆਂ ਵਿਭਿੰਨ ਵੰਨਗੀਆਂ ਪ੍ਰਤੀ ਵੱਖੋ-ਵੱਖਰਾ ਹੁੰਗਾਰਾ ਪੰਜਾਬੀ ਸਮਾਜ ਅੰਦਰਲੀਆਂ ਨਵੀਆਂ ਅਲਾਮਤਾਂ ਦੀ ਨਿਸ਼ਾਨਦੇਹੀ ਕਰਦਾ ਹੈ। ਬਿਮਾਰ ਰੁਚੀਆਂ ਵਾਲਾ ਸਮਾਜ ਬਿਮਾਰ ਗਾਇਕੀ ਨੂੰ ਹੀ ਗਲੇ ਲਾਉਂਦਾ ਹੈ।æææਜਦੋਂ ਕਿਸੇ ਸਭਿਆਚਾਰ ਵਿਚ ਗਿਰਾਵਟ ਆਉਂਦੀ ਹੈ ਤਾਂ ਉਸ ਦੀਆਂ ਸਭਿਆਚਾਰਕ ਬਣਤਰਾਂ (ਸਮੇਤ ਗਾਇਕੀ ਅਤੇ ਸੰਗੀਤ) ਦੇ ਬਾਹਰੀ ਰੂਪ ਉਹੀ ਬਣੇ ਰਹਿੰਦੇ ਹਨ ਪਰ ਉਨ੍ਹਾਂ ਵਿਚਲਾ ਵਸਤੂ ਪਲੀਤ ਹੁੰਦਾ ਚਲਾ ਜਾਂਦਾ ਹੈ। ਇਹੋ ਕੁੱਝ ਪੰਜਾਬੀ ਗਾਇਕੀ ਦੇ ਪ੍ਰਸੰਗ ਵਿਚ ਹੋਇਆ ਹੈ।” ਉਨ੍ਹਾਂ ਅੱਗੇ ਲਿਖਿਆ ਹੈ, “ਇਹ ਮੰਨਣਯੋਗ ਹੈ ਕਿ ਸਮੇਂ ਤੇ ਸਥਿਤੀਆਂ ਦੇ ਬਦਲਣ ਨਾਲ ਪੰਜਾਬੀ ਗਾਇਕੀ ਦਾ ਬਦਲਣਾ ਸੁਭਾਵਕ ਸੀ ਪਰ ਇਸ ਦਾ ਰਸਾਤਲ ਵਲ ਜਾਣਾ ਜ਼ਰੂਰੀ ਨਹੀਂ ਸੀ।æææਰੰਗ-ਬਰੰਗਤਾ, ਵਿਵਿਧਤਾ, ਵਿਭਿੰਨਤਾ ਜਿਉਂਦੇ ਸਭਿਆਚਾਰਾਂ ਦੀ ਨਿਸ਼ਾਨੀ ਹੁੰਦੀ ਹੈ। ਹੋਣਾ ਤਾਂ ਇਹ ਚਾਹੀਦਾ ਸੀ ਕਿ ਤਕਨੀਕ ਦੇ ਵਿਕਸਿਤ ਹੋਣ ਨਾਲ ਅਸੀਂ ਇਸ ਨੂੰ ਆਪਣੇ ਸਭਿਆਚਾਰ ਦੀ ਸੁਰੱਖਿਆ ਤੇ ਵਿਸਤਾਰ ਲਈ ਵਰਤਦੇ, ਪਰ ਹੋਇਆ ਉਲਟ-ਭੁੱਖੇ ਦੀ ਧੀ ਰੱਜੀ ਖੇਹ ਉਡਾਉਣ ਲੱਗੀ।”
(ਚਲਦਾ)
Leave a Reply