ਖੌਫਨਾਕ ਸਾਇਆ

ਕਰਮ ਸਿੰਘ ਮਾਨ
ਫੋਨ: 559-261-5024
ਦਲਜੀਤ ਅੱਜ ਪਹਿਲਾ ਵਰਗੀ ਨਹੀਂ ਸੀ ਦਿਸਦੀ-ਚੁਲਬਲੀ, ਗੁਟਕਦੀ, ਚਮਕਦੀਆਂ, ਲਿਸ਼ਕਦੀਆਂ ਅੱਖਾਂ; ਪਰ ਅੱਜ ਉਸ ਦਾ ਚਿਹਰਾ ਬਿਲਕੁਲ ਉਤਰਿਆ ਪਿਆ ਸੀ। ਚਿਹਰੇ ਤੇ ਉਦਾਸੀ ਦਾ ਪ੍ਰਭਾਵ ਅਤੇ ਲਾਲ ਸੁੱਜੀਆਂ ਅੱਖਾਂ ਵੇਖ ਕੇ ਮੈਂ ਵੀ ਉਦਾਸ ਹੋਣੋਂ ਨਾ ਰਹਿ ਸਕਿਆ। ਮੇਰੇ ਮਨ ‘ਚ ਉਸ ਦੀ ਇਸ ਅਵਸਥਾ ਬਾਰੇ ਜਾਣਨ ਦੀ ਤੀਬਰਤਾ ਤਾਂ ਸੀ, ਪਰ ਸਿੱਧਾ ਸਵਾਲ ਕਰਨਾ ਨਾ ਤਾਂ ਮੈਂ ਉਚਿਤ ਹੀ ਸਮਝਿਆ ਅਤੇ ਨਾ ਹੀ ਇਹ ਪੁੱਛਣ ਲਈ ਮੇਰੇ ਵਿਚ ਹੌਸਲਾ ਪੈਂਦਾ ਸੀ। ਆਖਰ ਨੂੰ ਮੈਂ ਜਕੋ-ਤਕੀ ‘ਚ ਦਿਲ ਕਰੜਾ ਜਿਹਾ ਕਰਕੇ ਪੁੱਛ ਹੀ ਲਿਆ, “ਸਤਿ ਸ੍ਰੀ ਅਕਾਲ ਭੈਣ ਜੀ, ਅੱਜ ਤਾਂ ਤੁਸੀਂ ਬਹੁਤ ਹੀ ਥੱਕੇ ਜਿਹੇ ਦਿਸਦੇ ਹੋਂ। ਲਗਦਾ ਇੰਜ ਹੈ, ਜਿਵੇਂ ਤੁਸੀਂ ਸਾਰੀ ਰਾਤ ਜਾਗਦੇ ਹੀ ਰਹੇ ਹੋ?”

ਉਹ ਅੱਭੜਵਾਹੇ ਵਿਚਾਰਾਂ ਦੀ ਘੁੰਮਣਘੇਰੀ ‘ਚੋਂ ਬਾਹਰ ਆਈ। ਉਸ ਨੇ ਮੇਰੀ ਸਤਿ ਸ੍ਰੀ ਅਕਾਲ ਦਾ ਜੁਆਬ ਤਾਂ ਦਿੱਤਾ, ਪਰ ਉਸ ਦੇ ਚਿਹਰੇ ਤੇ ਖੁਸ਼ੀ ਦੇ ਹਾਵ-ਭਾਵ ਪ੍ਰਗਟ ਨਾ ਹੋਏ।
“ਕੋਈ ਤਾਂ ਗੱਲ ਹੈ, ਜਿਸ ਕਾਰਨ ਤੁਸੀਂ ਬਹੁਤ ਹੀ ਉਦਾਸ ਦਿਸਦੇ ਹੋ। ਲਗਦਾ ਜਿਵੇਂ ਤੁਸੀਂ ਸਾਰੀ ਰਾਤ ਸੁੱਤੇ ਨਹੀਂ?” ਮੈਂ ਹਮਦਰਦੀ ਨਾਲ ਗੱਲ ਦੁਹਰਾਈ।
ਇਸ ਵਾਰ ਉਸ ਦੀਆਂ ਅੱਖਾਂ ਦੇ ਕੋਇਆਂ ਵਿਚ ਹੰਝੂ ਅਟਕੇ ਪਏ ਸਨ। ਉਸ ਨੇ ਚੁੰਨੀ ਨਾਲ ਅੱਖਾਂ ਪੂੰਝੀਆਂ। ਮੈਂ ਗੱਲ ਬਦਲਣ ਲਈ ਕਿਹਾ ਕਿ ਤਾੜ-ਤਾੜ ਚਲਦੀਆਂ ਗੋਲੀਆਂ, ਸੰਘਣੇ ਧੂੰਏ ਦੇ ਬੱਦਲਾਂ ਵਿਚੋਂ ਦੀ ਝਾਕਦੀਆਂ ਸੱਪ ਦੀ ਜੀਭ ਵਰਗੀਆਂ ਲਾਟਾਂ, ਵਾਰ ਵਾਰ ਟੀ. ਵੀ. ‘ਤੇ ਦਿਖਾਇਆ ਜਾ ਰਿਹਾ ਇਹ ਮੰਜ਼ਰ ਵੇਖ ਕੇ ਸਭ ਦਾ ਦਿਲ ਦਹਿਲਿਆ ਪਿਆ ਹੈ। ਇੱਕ ਸਿਰ-ਫਿਰੇ ਵਿਦਿਆਰਥੀ ਨੇ ਆਪਣੇ ਸਕੂਲ ਦੇ ਇੱਕ ਅਧਿਆਪਕ ਅਤੇ ਦਸ ਬੱਚਿਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਸੀ ਅਤੇ ਇਸ ਤੋਂ ਵੀ ਕਿਤੇ ਵੱਧ ਫੱਟੜ ਹੋ ਗਏ ਸਨ। ਧੂੰਏ ਦੇ ਬੱਦਲਾਂ ਦੇ ਅੰਬਾਰ, ਵਿਦਿਆਰਥੀਆਂ ਦੀਆਂ ਝੁਲਸਦੀਆਂ ਪਈਆਂ ਲਾਸ਼ਾਂ-ਕਿੰਨਾ ਹਾਹਾਕਾਰ ਮੱਚਿਆ ਪਿਆ ਸੀ। ਚਾਰ-ਪੰਜ ਮਿੰਟ ਟੀ. ਵੀ. ‘ਤੇ ਦਿਸਦਾ ਇਹ ਖੌਫਨਾਕ ਮੰਜ਼ਰ।
“ਕਿਸੇ ਸਿਰ-ਫਿਰੇ ਵਿਦਿਆਰਥੀ ਨੇ ਅੰਨੇ ਵਾਹ ਗੋਲੀਆਂ ਦਾਗ ਕੇ ਅੱਠ ਵਿਦਿਆਰਥੀ ਭੁੰਨ ਦਿੱਤੇ ਅਤੇ ਇਸ ਤੋਂ ਵੱਧ ਜ਼ਖਮੀ ਹੋਏ।…ਮੈਂ ਸਾਰੀ ਰਾਤ ਸੁੱਤੀ ਨਹੀਂ।”
“ਬੱਚੇ ਅਜਿਹੇ ਦਰਦਨਾਕ ਸੀਨ ਵੇਖ ਕੇ ਦਹਿਲ ਜਾਂਦੇ ਹਨ। ਇਨ੍ਹਾਂ ਦਾ ਮਨ ਕੋਮਲ ਹੁੰਦਾ ਹੈ।” ਮੈਂ ਦਿਲਦਾਰੀ ਲਈ ਕਿਹਾ। ਉਸ ਨੇ ਗਲਾ ਸਾਫ ਕੀਤਾ। ਚੁੰਨੀ ਦੇ ਲੜ ਨਾਲ ਅੱਖਾਂ ਦੇ ਕੋਏ ਪੂੰਝੇ। ਕੁਝ ਚਿਰ ਚੁੱਪ ਰਹਿਣ ਪਿੱਛੋਂ ਉਸ ਨੇ ਰੁਕ ਰੁਕ ਕੇ ਆਪਣਾ ਦੁੱਖ ਸਾਂਝਾ ਕੀਤਾ। ਦੁੱਖ, ਜਿਸ ਨੂੰ ਸੁਣ ਕੇ ਮਨ ਕਿਵੇਂ ਸਥਿਰ ਰਹਿ ਸਕਦਾ ਹੈ! ਮੈਂ ਉਸ ਦੀ ਕਹਾਣੀ ਸੁਣ ਕੇ ਕਿਵੇਂ ਅਭਿੱਜ ਰਹਿ ਸਕਦਾ ਸੀ? ਕਿੰਨਾ ਡੂੰਘਾ ਉਹ ਉਤਰ ਗਈ ਸੀ ਆਪਣੀ ਗੱਲ ‘ਚ, ਆਪਣੇ ਵਿਚਾਰਾਂ ‘ਚ।
ਦਲਜੀਤ ਅਜੇ ਪੰਜ ਸਾਲ ਦੀ ਸੀ, ਜਦੋਂ ਸਕੂਲ ਪੜ੍ਹਨ ਗਈ ਸੀ। ਉਹ ਮਾਪਿਆਂ ਦੀ ਇਕਲੌਤੀ ਧੀ ਸੀ। ਉਸ ਨੂੰ ਬੜੇ ਚਾਅ ਤੇ ਲਾਡ ਪਿਆਰ ਨਾਲ ਪਾਲਿਆ। ਪੜ੍ਹਨ ਵਿਚ ਹੁਸ਼ਿਆਰ ਸੀ ਅਤੇ ਹਾਕੀ ਦੀ ਚੰਗੀ ਖਿਡਾਰੀ ਸੀ, ਹੁੰਦੜਹੇਲ। ਸਭ ਦੀ ਅੱਖ ਦਾ ਤਾਰਾ। ਦਸਵੀਂ ਵਿਚ ਉਹ ਚੰਗੇ ਨੰਬਰ ਲੈ ਕੇ ਸਕੂਲ ਵਿਚ ਫਸਟ ਆਈ। ਹਾਕੀ ਵਿਚ ਉਹ ਪੰਜਾਬ ਦੀ ਟੀਮ ਵਿਚ ਚੁਣੀ ਗਈ। ਚਾਰੇ ਪਾਸੇ ਉਸ ਦੀ ਚੜ੍ਹਤ ਸੀ। ਮੁੰਡਿਆਂ ਲਈ ਤਾਂ ਉਹ ‘ਉਡਣ-ਖਟੋਲਾ’ ਸੀ। ਉਹ ਉਸ ਦੀ ਪਿੱਠ ਪਿੱਛੇ ਉਸ ਨੂੰ ਬਹੁਤ ਹੀ ਪਿਆਰ ਨਾਲ ਇਹੀ ਕਹਿੰਦੇ।
ਦਲਜੀਤ ਦਾ ਸੁਪਨਾ ਤਾਂ ਇਕ ਮਾਸਟਰ ਬਣਨ ਦਾ ਸੀ। ਇਹ ਸੁਪਨਾ ਆਪਣੇ ਮਨ ਦੀ ਗਹਿਰਾਈ ‘ਚ ਪਾਲਦੀ ਰਹੀ ਸੀ। ਇਸ ਸੁਪਨੇ ਨੂੰ ਸਾਕਾਰ ਕਰਨ ਲਈ ਉਸ ਨੇ ਬੀ. ਏ. ਪਾਸ ਕਰਕੇ ਬੀ.ਐਡ. ਵਿਚ ਦਾਖਲਾ ਲਿਆ ਸੀ ਕਿ ਉਸੇ ਸਾਲ ਹੀ ਉਸ ਦਾ ਪਿਆਰ ਵਿਆਹ ਹੋ ਗਿਆ।
ਦਲਜੀਤ ਦੇ ਤਾਏ ਦੇ ਜੁਆਈ ਦਾ ਭਰਾ ਸੀ ਰਘਬੀਰ, ਜੋ ਆਨੇ-ਬਹਾਨੇ ਪਿੰਡ ਬੁੱਟਰ ਗੇੜੇ ਮਾਰਦਾ ਰਹਿੰਦਾ। ਉਂਜ ਵੀ ਉਹ ਮੋਗੇ ਕਾਲਜ ‘ਚ ਪੜ੍ਹਦਾ ਸੀ ਤੇ ਹਰ ਹਫਤੇ ਐਤਵਾਰ ਨੂੰ ਉਹ ਆਪਣੇ ਭਰਾ ਦੇ ਸਹੁਰੀਂ ਆ ਜਾਂਦਾ। ਦਲਜੀਤ ਨੂੰ ਵੀ ਕਿਹੜਾ ਮੁੰਡਾ ਨਹੀਂ ਸੀ ਜਾਣਦਾ? ਬਹੁਤ ਛੇਤੀ ਹੀ ਉਹ ਨੇੜੇ ਹੁੰਦੇ ਬਹੁਤ ਹੀ ਨੇੜੇ ਆ ਗਏ। ਇਹ ਮੇਲ ਦੇ ਸੰਜੋਗ ‘ਚ ਬਦਲਣ ਵਿਚ ਕਿਸੇ ਨੂੰ ਕੀ ਇਤਰਾਜ ਹੋਣਾ ਸੀ? ਦੋਹਾਂ ਦੇ ਵਿਆਹ ‘ਚ ਰਿਸ਼ਤਾ ਬਣਦਾ ਸੀ। ਜੋੜੀ ਬਹੁਤ ਫਬਦੀ ਸੀ। ਅਗਲੇ ਸਾਲ ਦਲਜੀਤ ਤੇ ਰਘਬੀਰ ਦਾ ਵਿਆਹ ਹੋ ਗਿਆ। ਵਿਆਹ ਤੋਂ ਇੱਕ ਮਹੀਨੇ ਬਾਅਦ ਹੀ ਦੋਹਾਂ ਨੂੰ ਸਰਕਾਰੀ ਨੌਕਰੀ ਮਿਲ ਗਈ। ਰਘਬੀਰ ਪੰਜਾਬ ਪੁਲਿਸ ‘ਚ ਭਰਤੀ ਹੋ ਗਿਆ। ਦਲਜੀਤ ਮੋਗੇ ਪ੍ਰਾਈਵੇਟ ਸਕੂਲ ਵਿਚ ਅਧਿਆਪਕ ਲੱਗ ਗਈ।
ਸਾਲ ਵਿਚ ਹੀ ਉਨ੍ਹਾਂ ਨੇ ਮੋਗੇ ਬਾਘਾ-ਪੁਰਾਣੇ ਚੌਕ ਦੇ ਨੇੜੇ ਪਲਾਟ ਲੈ ਕੇ ਕੋਠੀ ਪਾ ਲਈ। ਦਲਜੀਤ ਮਾਪਿਆਂ ਦੀ ਇਕੋ-ਇੱਕ ਸੰਤਾਨ ਸੀ ਅਤੇ ਰਘਬੀਰ ਰੱਜੇ-ਪੁੱਜੇ ਕਿਸਾਨ ਦਾ ਪੁੱਤਰ ਸੀ। ਉਨ੍ਹਾਂ ਦਾ ਬਾਕੀ ਸਾਰਾ ਖਰਚ ਤਨਖਾਹ ਨਾਲ ਚਲਦਾ ਸੀ।
ਵਿਆਹ ਹੋਣ ਦੇ ਤਿੰਨ ਸਾਲ ਪਿੱਛੋਂ ਉਨ੍ਹਾਂ ਦੇ ਘਰ ਹੁੰਦੜਹੇਲ ਮੁੰਡੇ ਨੇ ਜਨਮ ਲਿਆ। ਇਸ ਦਾ ਨਾਂ ਉਨ੍ਹਾਂ ਟੋਨੀ ਰੱਖਿਆ। ਮੁੰਡਾ ਮਾਂ-ਪਿਉ ਵਾਂਗ ਸੁਹਣਾ ਸੁਨੱਖਾ ਸੀ। ਉਹ ਨਾਨਕੇ-ਦਾਦਕੇ ਪਰਵਾਰ ਦੀ ਅੱਖ ਦਾ ਤਾਰਾ ਸੀ। ਉਹ ਇੱਕ ਸਾਲ ਆਪਣੇ ਨਾਨੇ ਕੋਲ ਰਿਹਾ। ਅਗਲੇ ਸਾਲ ਉਨ੍ਹਾਂ ਕੋਲ ਮੋਗੇ ਆ ਗਿਆ ਅਤੇ ਇਸ ਤੋਂ ਪਿੱਛੋਂ ਜ਼ਿੰਦਗੀ ਨੇ ਅਜਿਹਾ ਮੋੜ ਖਾਧਾ ਕਿ ਦਲਜੀਤ ਦੀ ਵਸਦੀ ਦੁਨੀਆਂ ਉੱਜੜ ਗਈ। ਉਨ੍ਹਾਂ ਦੇ ਜੀਵਨ ‘ਚ ਘੁੱਪ ਹਨੇਰਾ ਛਾ ਗਿਆ।
ਇਹ ਉਹ ਸਮਾਂ ਸੀ, ਜਿਸ ਸਮੇਂ ਹਰਿਮੰਦਰ ਸਾਹਿਬ ਉੱਤੇ ਹਮਲੇ ਤੇ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸ਼ਹੀਦੀ ਕਾਰਨ ਨੌਜਵਾਨ ਮੁੰਡਿਆਂ ਵਿਚ ਰੋਸ ਦੀ ਲਹਿਰ ਫੈਲ ਗਈ। ਸਿੱਟੇ ਵਜੋਂ ਪੁਲਿਸ ਅਤੇ ਖਾੜਕੂ ਮੁੰਡਿਆਂ ਵਿਚਾਲੇ ਸਿਰ-ਧੜ ਦੀ ਬਾਜ਼ੀ ਲੱਗ ਗਈ ਸੀ। 1984 ਦੇ ਦੰਗਿਆਂ ਨੇ ਬਲਦੀ ਉੱਤੇ ਤੇਲ ਪਾ ਦਿੱਤਾ। ਪੁਲਿਸ ਨੌਜਵਾਨ ਮੁੰਡਿਆਂ ਨੂੰ ਘਰੋਂ ਚੁੱਕ ਕੇ ਝੂਠੇ ਮੁਕਾਬਲੇ ਬਣਾ ਕੇ ਮਾਰ ਰਹੀ ਸੀ। ਇਸ ਦੇ ਵਿਰੋਧ ਵਿਚ ਖਾੜਕੂ ਮੁੰਡੇ ਪੁਲਿਸ ਦੇ ਅਮਲੇ ਨੂੰ ਮੌਤ ਦੇ ਘਾਟ ਉਤਾਰ ਰਹੇ ਸਨ। ਅਜਿਹਾ ਵਰਤਾਰਾ ਆਮ ਸੀ। ਮੌਤ ਤਾਂਡਵ ਨਾਚ ਨੱਚ ਰਹੀ ਸੀ।
ਰਘਬੀਰ ਵਿਆਹ ਦੇ ਤੀਜੇ ਸਾਲ ਪੁਲਿਸ ਦਾ ਏ. ਐਸ਼ ਆਈ. ਬਣ ਗਿਆ ਤੇ ਉਸ ਦੀ ਬਦਲੀ ਬੇਟ ਦੇ ਥਾਣੇ ‘ਚ ਹੋ ਗਈ। ਇੱਥੇ ਮੁੰਡੇ ਤੇ ਪੁਲਿਸ ਚੂਹੇ ਤੇ ਬਿੱਲੀ ਦੀ ਖੇਡ ਖੇਡਦੇ ਸਨ। ਦਿਨ ਸਮੇਂ ਪੁਲਿਸ ਦਾ ਰਾਜ ਹੁੰਦਾ ਤੇ ਰਾਤ ਨੂੰ ਮੁੰਡਿਆਂ ਦਾ। ਪੁਲਿਸ ਅਤੇ ਖਾੜਕੂ ਮੁੰਡਿਆਂ ਵਿਚਾਲੇ ਸਿੱਧਾ ਮੁਕਾਬਲਾ ਤਾਂ ਕਿਤੇ ਕਿਤੇ ਹੁੰਦਾ। ਬਹੁਤਾ ਪੁਲਿਸ ਕਿਸੇ ਮੁਖਬਰ ਦੀ ਖਬਰ ਦੇਣ ਨਾਲ ਮੁੰਡਿਆਂ ਨੂੰ ਚੁੱਕ ਕੇ ਲੈ ਜਾਂਦੀ ਅਤੇ ਝੂਠਾ ਮੁਕਾਬਲਾ ਬਣਾ ਕੇ ਗੋਲੀਆਂ ਨਾਲ ਭੁੰਨ ਦਿੰਦੀ ਤੇ ਲਾਸ਼ਾਂ ਕਿਤੇ ਖਪਾ ਦਿੰਦੀ, ਜਿਨ੍ਹਾਂ ਦੀ ਕੋਈ ਉੱਘ-ਸੁੱਘ ਨਾ ਨਿਕਲਦੀ।
ਰਘਬੀਰ ਸਿੰਘ ਇਹ ਨਹੀਂ ਸੀ ਚਾਹੁੰਦਾ ਕਿ ਨੌਜਵਾਨ ਪੀੜ੍ਹੀ ਦਾ ਕਾਨੂੰਨ ਨੂੰ ਛਿੱਕੇ ਟੰਗ ਕੇ ਘਾਣ ਕੀਤਾ ਜਾਵੇ। ਉਹ ਅਜਿਹਾ ਫਸਿਆ ਸੀ ਕਿ ਕੰਬਲ ਉਸ ਨੂੰ ਛੱਡ ਨਹੀਂ ਸੀ ਰਿਹਾ। ਇੱਕ ਰਾਤ ਕਿਸੇ ਮੁਖਬਰ ਦੀ ਦਿੱਤੀ ਸੂਚਨਾ ਦੇ ਆਧਾਰ ‘ਤੇ ਜਦ ਸਬ ਇੰਸਪੈਕਟਰ ਰਾਮ ਰਹੀਮ ਦੀ ਅਗਵਾਈ ਵਿਚ ਸਬ ਇੰਸਪੈਕਟਰ ਰਘਬੀਰ ਸਿੰਘ ਦੀ ਟੋਲੀ ਐਕਸ਼ਨ ਕਰਨ ਜਾ ਰਹੀ ਸੀ, ਰਾਹ ਵਿਚ ਅਚਾਨਕ ਹੀ ਉਨ੍ਹਾਂ ਦਾ ਭੇੜ ਖਾੜਕੂਆਂ ਨਾਲ ਹੋ ਗਿਆ। ਖਾੜਕੂ ਭੱਜਣ ਵਿਚ ਸਫਲ ਹੋ ਗਏ, ਪਰ ਰਘਬੀਰ ਸਿੰਘ ਉਨ੍ਹਾਂ ਦਾ ਸ਼ਿਕਾਰ ਹੋ ਗਿਆ। ਇੱਕ ਗੋਲੀ ਉਸ ਦੇ ਦਿਲ ਨੂੰ ਚੀਰਦੀ ਲੰਘ ਗਈ, ਜਿਸ ਨਾਲ ਉਹ ਥਾਂ ਈ ਢਹਿ-ਢੇਰੀ ਹੋ ਗਿਆ। ਇਸ ਦੇ ਵਿਰੋਧ ਵਿਚ ਪੁਲਿਸ ਨੇ ਅੰਨ੍ਹਾ ਤਸ਼ੱਦਦ ਕੀਤਾ। ਬੇਗੁਨਾਹ ਲੋਕ ਝੂਠੇ ਪੁਲਿਸ ਮੁਕਾਬਲਿਆਂ ਵਿਚ ਮਾਰ ਦਿੱਤੇ।
ਦਲਜੀਤ ਤੇ ਰਘਬੀਰ ਦੇ ਪਰਿਵਾਰ ਦੇ ਘਰ ਸੱਥਰ ਵਿਛ ਗਿਆ। ਹਜ਼ਾਰਾਂ ਦੀ ਗਿਣਤੀ ‘ਚ ਲੋਕ ਉਨ੍ਹਾਂ ਦੇ ਘਰ ਆਉਂਦੇ, ਪਰਿਵਾਰ ਦੇ ਦੁੱਖ ‘ਚ ਸ਼ਰੀਕ ਹੁੰਦੇ ਤੇ ਸਹਿਮੇ ਸਹਿਮੇ ਇਨ੍ਹਾਂ ਕਾਲੇ ਦਿਨਾਂ ਦੀ ਗੱਲ ਕਰਦੇ।
ਅਖੀਰ ਭੋਗ ਪਿਆ। ਦਲਜੀਤ ਦੇ ਪਿਤਾ ਨੇ ਭਰੇ ਇਕੱਠ ਵਿਚ ਕਿਹਾ, “ਦਲਜੀਤ ਮੇਰੀ ਧੀ ਨਹੀਂ, ਪੁੱਤਰਾਂ ਨਾਲੋਂ ਵਧੇਰੇ ਜਿਗਰੇ ਵਾਲੀ ਹੈ। ਇਹ ਰੱਬ ਦੀ ਕਰਨੀ ਨੂੰ ਜਿਗਰੇ ਨਾਲ ਜਰੇਗੀ। ਇਹ ਬੜੇ ਹੌਸਲੇ ਨਾਲ ਆਪਣੇ ਪਤੀ ਦੀ ਯਾਦ ਵਿਚ ਦਿਨ ਕੱਟੇਗੀ। ਪਤਾ ਨਹੀਂ ਲਗਦਾ ਕੌਣ ਠੀਕ ਹੈ ਤੇ ਕੌਣ ਗਲਤ? ਦੋਵੀਂ ਪਾਸੀਂ ਦੇਸ਼ ਦੇ ਪੁੱਤ ਮਰਦੇ ਹਨ।”
ਦਲਜੀਤ ਨੇ ਇੱਕ ਵੀ ਹੰਝੂ ਨਾ ਡੋਲ੍ਹਿਆ। ਬਹੁਤ ਹੀ ਛੇਤੀ ਸਹਿਜ ਵਿਚ ਆ ਗਈ। ਮਹਿਕਮੇ ਨੇ ਉਸ ਨੂੰ ਜੋ ਆਰਥਕ ਮਦਦ ਦਿੱਤੀ, ਉਸ ਨੇ ਅੱਧੀ ਆਪਣੇ ਸਹੁਰੇ (ਰਘਬੀਰ ਦੇ ਪਿਤਾ) ਨੂੰ ਦੇ ਦਿੱਤੀ। ਉਸ ਨੂੰ ਪੁਲਿਸ ਮਹਿਕਮੇ ‘ਚ ਦਫਤਰ ਵਿਚ ਨੌਕਰੀ ਦੇ ਦਿੱਤੀ।
ਦਲਜੀਤ ਦਾ ਸੁਪਨਾ ਤਾਂ ਅਧਿਆਪਕ ਬਣਨ ਦਾ ਸੀ। ਉਸ ਨੂੰ ਪੁਲਿਸ ਵਿਚ ਕੰਮ ਕਰਨਾ ਬਹੁਤ ਹੀ ਦੁਖਦਾਈ ਲਗਦਾ ਸੀ। ਉਹ ਪੁਲਿਸ ਦੇ ਇੱਕ ਉੱਚ ਅਧਿਕਾਰੀ ਦੀ ਮਦਦ ਨਾਲ ਕੈਨੇਡਾ ਪਹੁੰਚ ਗਈ। ਆਪਣੇ ਬੱਚੇ ਟੋਨੀ ਨਾਲ ਬੜੇ ਹੌਸਲੇ ਨਾਲ ਦਿਨ ਕੱਟਣ ਲੱਗੀ। ਉਸ ਦੇ ਚਿਹਰੇ ‘ਤੇ ਕਿਸੇ ਨੇ ਇੱਕ ਦਿਨ ਵੀ ਉਦਾਸੀ ਤੇ ਗਿਲੇ ਸ਼ਿਕਵੇ ਦੇ ਚਿੰਨ ਨਹੀਂ ਵੇਖੇ। ਉਹ ਸਦਾ ਹਾਸਾ ਬਿਖੇਰਦੀ ਰਹੀ ਸੀ, ਪਰ ਅੱਜ ਉਸ ਦੀ ਹਾਲਤ ਵੇਖ ਕੇ ਕਿਵੇਂ ਕੋਈ ਉਦਾਸ ਹੋਣੋਂ ਰਹਿ ਸਕਦਾ ਸੀ?
ਕੁਝ ਚਿਰ ਚੁੱਪ ਰਹਿਣ ਪਿੱਛੋਂ ਉਸ ਨੇ ਆਪਣਾ ਤੌਖਲਾ ਦੱਸਿਆ, “ਵੀਰ ਜੀ, ਮੈਂ ਕਿਹੜਾ ਔਖਾ ਸਮਾਂ ਨਹੀਂ ਵੇਖਿਆ। ਰਘਬੀਰ ਦੀ ਮੌਤ ਨੂੰ ਵੀ ਬੜੇ ਹੌਸਲੇ ਨਾਲ ਜਰਿਆ। ਕਿਤੇ ਟੋਨੀ ‘ਚ ਉਸ ਦੀ ਪਿਤਾ ਦੀ ਅਣਿਆਈ ਮੌਤ ਉਸ ਦੇ ਮਨ ‘ਤੇ ਬਦਲਾ, ਨਫਰਤ, ਵਿਦਰੋਹ ਦੀ ਭਾਵਨਾ ਭਾਰੂ ਨਾ ਹੋ ਜਾਵੇ; ਕਿਤੇ ਉਹ ਘੋਰ ਨਿਰਾਸ਼ਾ ਨਾਲ ਜ਼ਿੰਦਗੀ ਵੱਲੋਂ ਮੂੰਹ ਨਾ ਮੋੜ ਲਵੇ! ਕਿਤੇ ਉਹ ਗਲਤ ਹੱਥਾਂ ਵਿਚ ਨਾ ਚੜ੍ਹ ਜਾਵੇ ਅਤੇ ਅੱਗਾਂ ਲਾਵੇ ਤੇ ਮਾਸੂਮਾਂ ਨੂੰ ਗੋਲੀਆਂ ਨਾਲ ਭੁੰਨਣ ਲੱਗੇ…!”
“ਇੰਨਾ ਕਿਉਂ ਢਹਿੰਦੀ ਕਲਾ ‘ਚ ਸੋਚਦੇ ਓਂ? ਤੁਸੀਂ ਬੱਚੇ ਨੂੰ ਪਿਆਰ ਦਿੱਤਾ ਹੈ। ਪਲ ਪਲ ਉਸ ਤੋਂ ਕੁਰਬਾਨ ਕੀਤਾ ਹੈ।”
“ਮੈਂ ਆਪਣੀ ਸਿਆਣਪ ਦਾ ਸਬਕ ਉਸ ਨੂੰ ਬਹੁਤ ਹੀ ਦਿੰਦੀ ਰਹਿਨੀਂ ਹਾਂ।” ਉਹ ਪੂਰਾ ਗੱਚ ਭਰ ਕੇ ਬੋਲੀ। ਉਸ ਦੀ ਜ਼ਬਾਨ ਥਥਲਾਉਂਦੀ ਰਹੀ। ਉਸ ਨੇ ਗਲਾ ਸਾਫ ਕਰਕੇ ਦੁੱਖ ਮੇਰੇ ਨਾਲ ਸਾਂਝਾ ਕੀਤਾ। ਉਸ ਨੇ ਆਪਣੇ ਤੌਖਲੇ ਦਾ ਕਾਰਨ ਦੱਸਿਆ, “ਵੀਰ ਜੀ, ਉਹ ਆਪਣੇ ਪਿਤਾ ਦੇ ਮਰਨ ਦਿਨ ‘ਤੇ ਗੁਰਦਆਰੇ ਜਾਂਦਾ ਹੈ। ਉਸ ਦਿਨ ਮੈਂ ਵੀ ਜਾਂਦੀ ਹਾਂ, ਪਰ ਉਹ ਮੇਰੇ ਨਾਲ ਨਹੀਂ ਜਾਂਦਾ। ਉਹ ਮੇਰੀ ਕੋਈ ਗੱਲ ਨਹੀਂ ਸੁਣਦਾ। ਮੇਰੇ ਕਹੇ ਦਾ ਕੋਈ ਅਸਰ ਉਸ ‘ਤੇ ਨਹੀਂ ਹੁੰਦਾ। ਉਹ ਇਕੱਲਾ ਜਾਂਦਾ ਹੈ। ਉਹ ਕੀ ਮੰਗਦਾ ਹੈ, ਕੀ ਪ੍ਰਣ ਲੈਂਦਾ ਹੈ! ਮੈਨੂੰ ਕੁਝ ਨਹੀਂ ਦੱਸਦਾ। ਜਦੋਂ ਉਹ ਵਾਪਸ ਮੁੜ ਕੇ ਆਉਂਦਾ ਹੈ, ਉਸ ਦੀਆਂ ਅੱਖਾਂ ਲਾਲ ਹੁੰਦੀਆਂ ਹਨ। ਇੱਕ ਖੌਫਨਾਕ ਸਾਇਆ ਉਸ ਦੇ ਚਿਹਰੇ ‘ਤੇ ਵੇਖਦੀ ਹਾਂ। ਇਹ ਵੇਖ ਕੇ ਮੈਂ ਡਰ ਜਾਂਦੀ ਹਾਂ। ਕਈ ਕਿਸਮ ਦੇ ਵਿਚਾਰ ਮੈਨੂੰ ਘੇਰ ਲੈਂਦੇ ਹਨ। ਕਿਤੇ ਇਹ ਵੀ ਤਾਂ…?” ਉਹ ਆਪਣੀ ਗੱਲ ਪੂਰੀ ਨਾ ਕਰ ਸਕੀ।