ਰਾਤੀ ਰੁਤੀ ਥਿਤੀ ਵਾਰ

ਡਾ. ਗੋਬਿੰਦਰ ਸਿੰਘ ਸਮਰਾਓ
ਫੋਨ: 408-634-2310
ਗੁਰੂ ਨਾਨਕ ਜਿੱਥੇ ਸ਼ਬਦਾਵਲੀ ਅਤੇ ਸ਼ਬਦਾਂ ਦੀ ਵਰਤੋਂ ਦੇ ਧਨੀ ਸਨ, ਉੱਥੇ ਸ਼ੈਲੀ ਤੇ ਕਾਵਿ-ਵਿਧੀ ਦੇ ਵੀ ਰੱਜ ਕੇ ਮਾਹਿਰ ਸਨ। ਉਨ੍ਹਾਂ ਨੇ ਆਪਣੀ ਰਚਨਾ ਅਨੇਕਾਂ ਰਾਗਾਂ ਤੇ ਬਣਤਰਾਂ ਜਿਵੇਂ ਛੰਦਾਂ, ਸਲੋਕਾਂ, ਪਉੜੀਆਂ ਆਦਿ ਵਿਚ ਲਿਖੀ ਅਤੇ ਇਨ੍ਹਾਂ ਵਿਚ ਮੌਕੇ ਮੁਤਾਬਿਕ ਹਾਵ-ਭਾਵੀ ਰੰਗ ਵਰਤੇ। ਕਿਤੇ ਵਿਅੰਗ, ਕਿਤੇ ਨਾਟਕੀਅਤਾ, ਕਿਤੇ ਨਿਹੋਰਾ, ਕਿਤੇ ਅਸਚਰਜ, ਕਿਤੇ ਤ੍ਰਿਸਕਾਰ ਤੇ ਕਿਤੇ ਝਾੜ-ਝੰਬ, ਗੱਲ ਕੀ ਜਿਸ ਤਰ੍ਹਾਂ ਦਾ ਵਿਸ਼ਾ ਉਸੇ ਤਰ੍ਹਾਂ ਦਾ ਢੰਗ ਵਰਤ ਕੇ ਉਨ੍ਹਾਂ ਨੇ ਆਪਣੀ ਸਿੱਖਿਆ ਨੂੰ ਲੋਕਾਂ ਦੀ ਮੱਤ ਵਿਚ ਉਤਾਰਨ ਦੀ ਕੋਸ਼ਿਸ਼ ਕੀਤੀ। ਪਹਿਲਾਂ ੴ ਦਾ ਨਵੀਨ ਸੂਤਰ ਦੇ ਕੇ ਅਚੰਭਾ ਕੀਤਾ ਤੇ ਫਿਰ ਇਸ ਨਾਲ 12 ਕ੍ਰਿਆ-ਰਹਿਤ ਵਿਸ਼ੇਸ਼ਣ ਜੋੜ ਕੇ ਮੂਲਮੰਤਰ ਬਣਾਇਆ, ਜਿਸ ਦੀ ਵਿਆਖਿਆ ਲਈ ਸਿੱਖ ਵਿਦਵਾਨ ਹੁਣ ਤੀਕ ਤਿਲਮਿਲਾ ਰਹੇ ਹਨ।

ਕਦੇ ਬੇ-ਤਰਕਾਂ ਨੂੰ ਮੂਰਖਾਂ ਦੇ ਸਰਦਾਰਾਂ ਦਾ ਸਰਦਾਰ ਕਿਹਾ ਤੇ ਕਿਤੇ ਮੂੰਹ ‘ਤੇ ਚਪੇੜਾਂ ਖਾਣ ਦੇ ਆਦੀਆਂ ਨੂੰ ਪੈਣ ਵਾਲੀਆਂ ਚਪੇੜਾਂ ਆਪ ਗਿਣਨ ਦਾ ਚੇਤਾ ਕਰਵਾਇਆ। ਕਿਤੇ ਹੱਸ ਕੇ ਉਨ੍ਹਾਂ ਦੀ ਤੁਲਨਾ ਮੂਰਖ ਕੀਟ-ਪਤੰਗਿਆਂ ਨਾਲ ਕੀਤੀ ਤੇ ਕਦੇ ‘ਆਖਣਿ ਜੋਰੁ’ ਕਹਿ ਕੇ ਉਨ੍ਹਾਂ ਨੂੰ ਉਨ੍ਹਾਂ ਦੀ ਬੌਧਿਕ ਔਕਾਤ ਦਿਖਾਈ। ਜੋਗੀਆਂ ਤੇ ਸਿੱਧ ਪੁਰਖਾਂ ਦੀ ਤਾਂ ਉਹ ਇੱਕਲੇ ਇੱਕਲੇ ਕਰਮ-ਕਾਂਡ ਨੂੰ ਲੈ ਕੇ ਕਲਾਸ ਲਾਉਂਦੇ। ਤਰਕ ਤੇ ਆਮ ਸਮਝ ਤੋਂ ਭਟਕੇ ਲੋਕਾਂ ਨਾਲ ਭੋਰਾ ਲਿਹਾਜ ਨਾ ਕਰਦੇ। ਪਹਿਲਾਂ ਚੁੱਪ ਚੁਪੀਤੇ ਉਨ੍ਹਾਂ ਦਾ ਪੱਖ ਰੱਖਦੇ, ਫਿਰ ਪਾਜ ਉਘਾੜਦੇ ਤੇ ਫਿਰ ਲੋੜ ਪੈਣ ‘ਤੇ ਭਿਉਂ ਭਿਉਂ ਕੇ ਮਾਰਦੇ। ਜਿਨ੍ਹਾਂ ਵਿਦਵਾਨਾਂ ਨੇ ਉਨ੍ਹਾਂ ਦੀ ਬਾਣੀ ਵਿਚ ਉਨ੍ਹਾਂ ਦਾ ਢੰਗ ਤੇ ਲਹਿਜਾ (ੰੋਦ) ਨਾ ਸਮਝਿਆ, ਉਹ ਉਨ੍ਹਾਂ ਦੀ ਬਾਣੀ ਦੀ ਥਾਹ ਨਾ ਪਾ ਸਕੇ।
ਉਹ ਤਾਂ ਇਹ ਵੀ ਨਾ ਸਮਝ ਸਕੇ ਕਿ ਕਿਹੜੀ ਗੱਲ ਗੁਰੂ ਸਾਹਿਬ ਨੇ ਦੂਜਿਆਂ ਦੀ ਕਹੀ ਹੋਈ ਲਿਖੀ ਹੈ ਤੇ ਕਿਹੜੀ ਗੱਲ ਆਪਣੇ ਵਲੋਂ ਕਹੀ ਹੈ। ਉਹ ਸਭ ਕੁਝ ਗੁਰੂ ਸਾਹਿਬ ਦਾ ਹੀ ਲਿਖਿਆ ਸਮਝ ਕੇ ਰੱਟੇ ਲਾਉਂਦੇ ਰਹੇ। ਜੇ ਗੁਰੂ ਸਾਹਿਬ ਨੇ ‘ਸੁਣਿਐ’ ਦੀ ਗੱਲ ਕੀਤੀ, ਤਾਂ ਵਿਦਵਾਨਾਂ ਨੇ ਉਸ ਨੂੰ ਉਨ੍ਹਾਂ ਦੀ ਲਿਖੀ ਸਮਝ ਕੇ ਉਸੇ ਤਰ੍ਹਾਂ ਪ੍ਰਵਾਨ ਕਰ ਲਿਆ ਤੇ ਸੁਣਨ ਨੂੰ ਅਹਿਮ ਦੱਸਣ ਲੱਗੇ। ਜੇ ਗੁਰੂ ਸਾਹਿਬ ਨੇ ਸਿੱਧਾਂ, ਪੀਰਾਂ, ਸੁਰਾਂ, ਨਾਥਾਂ, ਅਠਸਠ ਤੀਰਥਾਂ ਤੇ ਬ੍ਰਾਹਮਣੀ ਦੇਵਤਿਆਂ-ਈਸਰ, ਬਰਮਾ, ਇੰਦਰ ਆਦਿ ਦਾ ਜ਼ਿਕਰ ਕੀਤਾ ਤਾਂ ਵਿਦਵਾਨ ਉਨ੍ਹਾਂ ਨੂੰ ਸਿੱਖ ਮੱਤ ਦਾ ਅੰਗ ਸਮਝਣ ਲੱਗੇ। ਜੇ ਉਨ੍ਹਾਂ ਨੇ ਮੰਨੇ (ੀਨਟeਲਲeਚਟੁਅਲ Aਨਅਲੇਸਸਿ) ਦੀ ਪ੍ਰਸ਼ੰਸਾ ਕੀਤੀ ਤਾਂ ਵਿਦਵਾਨਾਂ ਨੇ ਇਸ ਦੇ ਅਰਥ ਮੰਨਣਾ ਭਾਵ ਵਿਸ਼ਵਾਸ (ਾਂਅਟਿਹ) ਕਰਨਾ ਦੱਸ ਕੇ ਸੁਣੀਆਂ-ਸੁਣਾਈਆਂ ਗੱਲਾਂ ਨੂੰ ਮੰਨਣਾ ਤੇ ਪਰਮਾਤਮਾ ‘ਤੇ ਯਕੀਨ ਕਰਨਾ ਸਮਝ ਲਿਆ।
ਜੇ ਗੁਰੂ ਸਾਹਿਬ ਨੇ ਕੁਝ ਤੁਕਾਂ ਲਿਖ ਕੇ ਬ੍ਰਾਹਮਣਾਂ ਵਲੋਂ ਲੋਕਾਂ ਵਿਚ ਫੈਲਾਈ ਪੰਜ ਦੀ ਅਹਿਮੀਅਤ ਦੇ ਭਰਮ ਦਾ ਭਾਂਡਾ ਫੋੜਿਆ ਤਾਂ ਵਿਦਵਾਨਾਂ ਨੇ ਸਮਝਿਆ ਕਿ ਗੁਰੂ ਸਾਹਿਬ ਆਪ ਪੰਜ ਦੇ ਅੰਕ ਨੂੰ ਪਵਿੱਤਰ ਦੱਸ ਰਹੇ ਹਨ। ਇਸ ਲਈ ਉਨ੍ਹਾਂ ਨੇ ਸਭ ਚੀਜ਼ਾਂ ਪੰਜ ਦੀ ਗਿਣਤੀ ਦੀਆਂ ਬਣਾ ਕੇ ਸਿੱਖੀ ਵਿਚ ਨਵਾਂ ਭਰਮ ਪਾਲ ਲਿਆ। ਉਨ੍ਹਾਂ ਨੇ ਭੁਲੇਖਾ ਦੂਰ ਕਰਦੀ ਗੁਰੂ ਸਾਹਿਬ ਦੀ ਇਹ ਅਗਲੀ ਤੁਕ ‘ਜੇ ਕੋ ਕਹੈ ਕਰੈ ਵੀਚਾਰੁ॥ ਕਰਤੇ ਕੈ ਕਰਣੈ ਨਾਹੀ ਸੁਮਾਰੁ॥’ ਪੜ੍ਹਨੀ ਉਚਿਤ ਹੀ ਨਾ ਸਮਝੀ ਜਾਂ ਪੜ੍ਹ ਕੇ ਵਿਸਾਰ ਦਿੱਤੀ। ਇਹੀ ਗਲਤੀ ਉਨ੍ਹਾਂ ਨੇ 19ਵੀਂ, 20ਵੀਂ, 27ਵੀਂ, 30ਵੀਂ ਤੇ 33ਵੀਂ ਪਉੜੀ ਵਿਚ ਵੀ ਦੁਹਰਾਈ, ਜਿੱਥੇ ਦੂਜਿਆਂ ਦੇ ਵਿਚਾਰਾਂ ਨੂੰ ਗੁਰੂ ਸਾਹਿਬ ਦੀ ਸਿੱਖਿਆ ਦੱਸ ਕੇ ਸ਼ਰਧਾਲੂਆਂ ਨੂੰ ਕੁਰਾਹੇ ਪਾਇਆ। ਤਰ੍ਹਾਂ ਤਰ੍ਹਾਂ ਦੀਆਂ ਹੋਰ ਗਲਤੀਆਂ ਵਿਦਵਾਨਾਂ ਨੇ ਦੂਜੀਆਂ ਪਉੜੀਆਂ ਵਿਚ ਵੀ ਕੀਤੀਆਂ, ਜਿਨ੍ਹਾਂ ਦਾ ਜ਼ਿਕਰ ਕਈ ਵਾਰ ਹੋਇਆ ਹੈ। ਉਨ੍ਹਾਂ ਦੀਆਂ ਜਾਣੇ-ਅਣਜਾਣੇ ਕੀਤੀਆਂ ਇਨ੍ਹਾਂ ਕੁਤਾਹੀਆਂ ਕਾਰਨ ਜਪੁਜੀ ਦੀ ਅਸਲੀਅਤ ਉੱਤੇ ਮਨਮੱਤ ਦਾ ਪਰਦਾ ਪਿਆ ਰਿਹਾ। ਫਲਸਰੂਪ, ਸਿੱਖ ਸ਼ਰਧਾਲੂ ਇਸ ਸਿਰਮੌਰ ਬਾਣੀ ਦਾ ਅਸਲ ਮਨੋਰਥ ਸਮਝਣ ਤੋਂ ਅਸਮਰਥ ਰਹੇ।
ਜਪੁਜੀ ਵਿਚ ਚੌਂਤੀਵੀ ਪਉੜੀ ਅਤਿਅੰਤ ਅਹਿਮ ਹੈ। ਇਸ ਨਾਲ ਜਪੁਜੀ ਦਾ ਇਕ ਅੰਦਰੂਨੀ (ਛੋਰe) ਭਾਗ ਸ਼ੁਰੂ ਹੁੰਦਾ ਹੈ, ਜੋ ਇਸ ਦੇ ਪੂਰਵਲੇ ਭਾਗ ਤੋਂ ਕਈ ਕਾਰਨਾਂ ਕਰ ਕੇ ਵੱਖਰਾ ਹੈ। ਇਹ ਭਾਗ ਇਸ ਪਉੜੀ ਤੋਂ ਅਰੰਭ ਹੋ ਕੇ ਬਾਕੀ ਦੀਆਂ ਚਾਰ ਪਉੜੀਆਂ ਤੇ ਜਪੁਜੀ ਦੇ ਅੰਤਿਮ ਸ਼ਲੋਕ ਤੀਕ ਚਲਦਾ ਹੈ। ਇਸ ਭਾਗ ਵਿਚ ਗੁਰੂ ਸਾਹਿਬ ਨੇ ਪ੍ਰਚਲਿਤ ਵਿਚਾਰਧਾਰਾਵਾਂ ਦੇ ਇੱਕਲੇ ਇੱਕਲੇ ਵਿਚਾਰ ਨੂੰ ਨਹੀਂ ਲਿਆ, ਸਗੋਂ ਖੇਤਰ ਅਨੁਸਾਰ ਉਨ੍ਹਾਂ ਦੀ ਪ੍ਰਾਪਤੀ ਦਾ ਜਾਇਜ਼ਾ ਲਿਆ ਹੈ। ਇਸ ਵਿਚ ਉਨ੍ਹਾਂ ਨੇ ਦੂਜਿਆਂ ਦੇ ਵਿਚਾਰਾਂ ਤੇ ਟਿੱਪਣੀਆਂ ਕਰਨ ਦੀ ਥਾਂ ਪ੍ਰਗਤੀ ਦਾ ਮੁਲੰਕਣ ਕਰਕੇ ਆਪਣੇ ਵਿਚਾਰ ਦਿੱਤੇ ਹਨ, ਭਾਵ ਆਪਣੀ ਵਿਚਾਰਧਾਰਾ ਪੇਸ਼ ਕੀਤੀ ਹੈ। ਇਹ ਪੇਸ਼ਕਾਰੀ ਇੰਨੀ ਗੁੰਦਵੀਂ, ਰੌਚਕ ਤੇ ਨਿਰਾਲੀ ਹੈ ਕਿ ਇਹ ਪੰਜ ਪਉੜੀਆਂ ਤੇ ਸਲੋਕ ਜਪੁਜੀ ਦੇ ਅੰਦਰ ਇਕ ਹੋਰ ਛੋਟਾ ਜਪੁਜੀ ਹੋਣ ਦਾ ਆਭਾਸ ਹੁੰਦਾ ਹੈ। ਬਾਕੀ ਦੇ ਜਪੁਜੀ ਵਿਚ ਗੁਰੂ ਸਾਹਿਬ ਨੇ ਮੱਨੁਖੀ ਸਰੋਕਾਰਾਂ ਤੇ ਵਿਧੀ ਵਿਧਾਨ ਦਾ ਵਿਸਥਾਰਪੂਰਵਕ ਵਰਣਨ ਕੀਤਾ ਹੈ ਪਰ ਇਸ ਵਿਚ ਦੱਸਿਆ ਹੈ ਕਿ ਉਸ ਸਭ ਕੁਝ ਦੇ ਬਾਵਜੂਦ ਸੰਸਾਰ ਕਿੱਥੇ ਖੜ੍ਹਾ ਹੈ ਤੇ ਇਸ ਜਾਣਾ ਕਿੱਥੇ ਹੈ! ਜਪੁਜੀ ਦੇ ਵਿਧੀ ਵਿਧਾਨ ਤੇ ਗਿਆਨ ਅਨੁਸਾਰ ਮੌਜੂਦਾ ਸਥਿਤੀ ਤੋਂ ਅੰਤਿਮ ਮੰਜ਼ਿਲ ਦੀ ਸੇਧ ਉਨ੍ਹਾਂ ਨੇ ਇਸੇ ਭਾਗ ਵਿਚ ਸਮਝਾਈ ਹੈ। ਇਸ ਭਾਗ ਵਿਚ ਗੁਰੂ ਸਾਹਿਬ ਨੇ ਗਿਆਨ, ਵਿਗਿਆਨ ਤੇ ਅਨੁਭਵ ਦੀ ਉਹ ਗੱਲ ਕੀਤੀ ਹੈ, ਜੋ ਨਾ ਅੱਜ ਤੀਕ ਕਿਸੇ ਨੇ ਕੀਤੀ ਤੇ ਨਾ ਕੋਈ ਇਸ ਅਗਿਆਨ, ਅਭਿਮਾਨ ਤੇ ਸੰਕੀਰਣਤਾ ਦੀ ਝੰਬੀ ਦੁਨੀਆਂ ਵਿਚ ਕਦੇ ਦਿਲ ਖੋਲ੍ਹ ਕੇ ਕਰ ਸਕੇਗਾ!
ਇਸ ਸੰਸਾਰ ਵਿਚ ਕਈ ਧਾਰਮਿਕ ਫਿਲਾਸਫਰ ਤੇ ਪੀਰ ਪੈਗੰਬਰ ਆਏ, ਪਰ ਉਹ ਆਮ-ਸਮਝ (ਛੋਮਮੋਨ ੰeਨਸe) ਭਾਵ ਵਿਗਿਆਨਕ ਸੋਚ ਤੋਂ ਦੂਰ ਰਹਿੰਦੇ ਰਹੇ। ਇਥੇ ਬਹੁਤ ਸਾਰੇ ਵਿਗਿਆਨੀ ਵੀ ਆਏ, ਪਰ ਉਹ ਵਿਗਿਆਨ ਦੇ ਖੂਹ ‘ਚੋਂ ਬਾਹਰ ਨਿਕਲ ਕੇ ਧਰਮ, ਫਿਲਾਸਫੀ ਤੇ ਵਿਗਿਆਨ ਦਾ ਨਾਤਾ ਨਹੀਂ ਜਾਣ ਸਕੇ। ਵੱਡੀ ਗੱਲ, ਸਭ ਆਪੋ-ਆਪਣੇ ਲਘੂ ਗਿਆਨ ਦੇ ਪਿੰਜਰੇ ਵਿਚ ਬੈਠ ਕੇ ਪਰ ਫੜਫੜਾਉਂਦੇ ਰਹੇ ਤੇ ਸਤਹੀ ਜਾਣਕਾਰੀ ਨਾਲ ਮਾਸੂਮ ਲੋਕਾਂ ਨੂੰ ਸਹਿਮਾਂ ਵਿਚ ਪਾਈ ਗਏ। ਕੋਈ ਅਜਿਹਾ ਬੁੱਧੀਜੀਵੀ, ਜੋ ਸਰਬ-ਪੱਖੀ ਜਾਣਕਾਰੀ ਦਾ ਦਲੀਲਪੂਰਨ ਮੰਥਨ ਕਰ ਕੇ ਲੀਹੋਂ ਲੱਥੇ ਸੋਚ ਪਰਵਾਹ ਨੂੰ ਸਹੀ ਸੇਧੇ ਪਾ ਸਕੇ, ਯਥਾਰਥ ਦੇ ਮੈਦਾਨ ਵਿਚ ਨਾ ਉੱਤਰਿਆ। ਇਹ ਕਿਸੇ ਆਮ ਚਿੰਤਕ ਜਾਂ ਆਮ ਵਿਗਿਆਨੀ ਦਾ ਨਹੀਂ, ਸਗੋਂ ਇਕ ਯੁਗ ਪੁਰਖ ਦਾ ਕੰਮ ਸੀ, ਜੋ ਸਮਸਤ ਪੂਰਵ-ਜਾਣਕਾਰੀ ਦਾ ਵਿਵੇਕੀ ਵਿਸ਼ਲੇਸਣ ਤੇ ਸੰਕਲਨ ਕਰ ਕੇ ਅੱਗੋਂ ਦਾ ਰਾਹ ਭਾਂਪ ਸਕਦਾ। ਇਹ ਕਾਰਜ 15ਵੀਂ ਸਦੀ ਵਿਚ ਪ੍ਰਤਿਭਾਸ਼ਾਲੀ ਗੁਰੂ ਨਾਨਕ ਨੇ ਨਿਬਾਹਿਆ।
ਜੇ ਕਿਸੇ ਨੂੰ ਅਜੇ ਤੀਕ ਵੀ ਪੂਰੀ ਤਰ੍ਹਾਂ ਸਮਝ ਵਿਚ ਨਾ ਆਇਆ ਹੋਵੇ ਕਿ ਗੁਰੂ ਸਾਹਿਬ ਕਿਉਂ ਮਹਾਨ ਸਨ, ਤਾਂ ਉਹ ਜਪੁਜੀ ਦਾ ਪਿਛਲਾ ਭਾਗ, ਖਾਸ ਤੌਰ ‘ਤੇ ਇਹ ਪਉੜੀ ਪੜ੍ਹੇ, ਤਾਂ ਜਰੂਰ ਸਮਝ ਆ ਜਾਵੇਗਾ। ਇਹ ਤਾਂ ਹੀ ਸੰਭਵ ਹੋ ਸਕੇਗਾ, ਜੇ ਉਹ ਇਸ ਨੂੰ ਨਿਰਪੱਖਤਾ ਨਾਲ ਵਿਚਾਰੇਗਾ। ਅਜਿਹਾ ਅਜੋਕੇ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੇ ਦ੍ਰਿਸਟੀਕੋਣ ਤੋਂ ਸੰਭਵ ਨਹੀਂ ਹੋਵੇਗਾ, ਕਿਉਂਕਿ ਉਨ੍ਹਾਂ ਨੇ ਇਸ ਨੂੰ ਹਉਮੈ ਤੇ ਅਧਿਆਤਮਵਾਦ ਦੀ ਪੁੱਠ ਦੇ ਕੇ ਕੁਝ ਦਾ ਕੁਝ ਹੋਰ ਪੇਸ਼ ਕੀਤਾ ਹੋਇਆ ਹੈ। ਇਸ ਪਉੜੀ ਦੀਆਂ ਸਾਰੀਆਂ ਤੁਕਾਂ ਤੇ ਅਜੋਕੇ ਟੀਕਾਕਾਰਾਂ ਦੀ ਵਿਆਖਿਆ ਦੀ ਇਕ ਵੰਨਗੀ ਹੇਠ ਦਿੱਤੀ ਗਈ ਹੈ।
ਰਾਤੀ ਰੁਤੀ ਥਿਤੀ ਵਾਰ॥
ਪਵਣ ਪਾਣੀ ਅਗਨੀ ਪਾਤਾਲ॥
ਤਿਸੁ ਵਿਚਿ ਧਰਤੀ ਥਾਪਿ ਰਖੀ ਧਰਮ ਸਾਲ॥
ਤਿਸੁ ਵਿਚਿ ਜੀਅ ਜੁਗਤਿ ਕੇ ਰੰਗ॥
ਤਿਨ ਕੇ ਨਾਮ ਅਨੇਕ ਅਨੰਤ॥
ਕਰਮੀ ਕਰਮੀ ਹੋਇ ਵੀਚਾਰੁ॥
ਸਚਾ ਆਪਿ ਸਚਾ ਦਰਬਾਰੁ॥
ਤਿਥੈ ਸੋਹਨਿ ਪੰਚ ਪਰਵਾਣੁ॥
ਨਦਰੀ ਕਰਮਿ ਪਵੈ ਨੀਸਾਣੁ॥
ਕਚ ਪਕਾਈ ਓਥੈ ਪਾਇ॥
ਨਾਨਕ ਗਇਆ ਜਾਪੈ ਜਾਇ॥੩੪॥
ਇਸ ਪਉੜੀ ਨੂੰ ਪੜ੍ਹਨ ਤੋਂ ਇੰਜ ਲਗਦਾ ਹੈ, ਜਿਵੇਂ ਗੁਰੂ ਸਾਹਿਬ ਨੇ ਇਹ ਆਪਣੇ ਪੱਖੋਂ (ੁੰੋ ੰੋਟੋ) ਦੂਜਿਆਂ ਨੂੰ ਸਮਝਾਉਣ ਲਈ ਲਿਖੀ ਹੈ। ਇਸ ਵਿਚ ਗੁਰੂ ਸਾਹਿਬ ਫੁਰਮਾਉਂਦੇ ਹਨ ਕਿ ਬਦਲਦੇ ਦਿਨਾਂ-ਰਾਤਾਂ, ਤਿੱਥਾਂ-ਵਾਰਾਂ, ਮੌਸਮਾਂ, ਪੌਣ-ਪਾਣੀਆਂ ਅਤੇ ਅਗਨੀ ਭਾਵ ਤਪਸ਼ ਦੇ ਚੌਗਿਰਦੇ ਨਾਲ, ਉੱਤੇ ਆਕਾਸ਼ ਤੇ ਹੇਠਾਂ ਪਾਤਾਲ ਦੇ ਵਾਤਾਵਰਣ ਵਿਚ ਇਹ ਧਰਤੀ ਇਕ ਧਰਮਸਾਲ ਦੇ ਤੌਰ ‘ਤੇ ਲਟਕ ਰਹੀ ਹੈ। ਧਰਮਸਾਲ ਇਸ ਲਈ ਹੈ ਕਿ ਇੱਥੇ ਕੁਦਰਤ ਦਾ ਸਮਾਨਤਾ ਦਾ ਧਰਮ ਭਾਵ ਨਿਯਮ ਲਾਗੂ ਹੈ, ਅਰਥਾਤ ਹਰ ਚੀਜ਼ ਕਰਮਾਂ ਤੇ ਪ੍ਰਤੀ-ਕਰਮਾਂ ਦੇ ਸਮੀਕਰਣ ਵਿਚ ਕਸੀ ਹੋਈ ਹੈ।
ਗੁਰੂ ਸਾਹਿਬ ਅੱਗੇ ਕਹਿੰਦੇ ਹਨ ਕਿ ਇਸ ਧਰਤੀ ਉੱਤੇ ਭਿੰਨ ਭਿੰਨ ਰੰਗਾਂ, ਰੂਪਾਂ ਤੇ ਜੁਗਤਾਂ ਦੇ ਜੀਵਾਂ ਦਾ ਵਾਸ ਹੈ। ਇਨ੍ਹਾਂ ਦੇ ਅਨੇਕਾਂ ਨਾਮ ਹਨ, ਜਿਨ੍ਹਾਂ ਨੂੰ ਗਿਣੋ ਤਾਂ ਖਤਮ ਨਹੀਂ ਹੁੰਦੇ। ਇਨ੍ਹਾਂ ਸਭਨਾਂ ਦੇ ਇਕ ਇਕ ਕਰਮ (Aਚਟਿਨ) ਦਾ ਹਿਸਾਬ ਹੁੰਦਾ ਹੈ। ਜਿਸ ਤਰ੍ਹਾਂ ਦਾ ਸੱਚਾ-ਸੁੱਚਾ ਭਾਵ ਹਿਸਾਬ ਦਾ ਪੱਕਾ, ਪਰਮ-ਸਤਿ ਆਪ ਹੈ ਉਸੇ ਤਰ੍ਹਾਂ ਦਾ ਸਹੀ ਭਾਵ ਦੋਸ਼-ਰਹਿਤ ਤੇ ਸਖਤ ਉਸ ਦਾ ਪ੍ਰਬੰਧ ਹੈ। ਇਸ ਪ੍ਰਬੰਧ ਵਿਚ ਇੰਨੇ ਪੱਕੇ ਪੰਚ ਜਾਂ ਨਿਆਇਧੀਸ਼ ਨਿਯੁਕਤ ਹਨ ਕਿ ਉਹ ਹਰ ਕਰਮ ਦਾ ਨਿਸ਼ਾਨ ਸਹਿਜੇ ਹੀ ਪਛਾਣ ਜਾਂਦੇ ਹਨ। ਹਰ ਟੇਢ-ਉਲਾਰ ਦਾ ਉਨ੍ਹਾਂ ਨੂੰ ਸਹੀ-ਸਹੀ ਪਤਾ ਚਲ ਜਾਂਦਾ ਹੈ। ਹਰ ਕਰਮ ਜਾਂ ਕਥਨ ਦੀ ਕਚਿਆਈ ਤੇ ਪਕਿਆਈ ਅਰਥਾਤ ਸੱਚ-ਝੂਠ ਦਾ ਪਤਾ ਇਸ ਧਰਮਸਾਲ ਵਿਚ ਲਗਦਾ ਹੈ। ਗੁਰੂ ਸਾਹਿਬ ਅਸਚਰਜ ਨਾਲ ਕਹਿੰਦੇ ਹਨ ਕਿ ਇਹ ਨਿਜ਼ਾਮ ਇੰਨਾ ਨਿਯਮਬੱਧ ਹੈ ਕਿ ਇਸ ਦਾ ਪਤਾ ਉੱਥੇ ਜਾਇਆਂ ਹੀ ਲਗਦਾ ਹੈ ਭਾਵ ਇਸ ਧਰਤੀ ‘ਤੇ ਰਹਿ ਕੇ ਹੀ ਅਨੁਭਵ ਹੁੰਦਾ ਹੈ।
ਇਸ ਪਉੜੀ ਦੀ ਵਿਆਖਿਆ ਕਰਨ ਲੱਗੇ ਅਜੋਕੇ ਸਿੱਖ ਵਿਦਵਾਨ ਬੜਾ ਭੁਲੇਖਾ ਖਾ ਜਾਂਦੇ ਹਨ ਤੇ ਇਸ ਦੇ ਕਈ ਸ਼ਬਦਾਂ ਦੇ ਬੜੇ ਰਹੱਸਵਾਦੀ ਅਰਥ ਕੱਢਦੇ ਹਨ। ਇਨ੍ਹਾਂ ਵਿਚੋਂ ਪਹਿਲਾ ਸ਼ਬਦ ਧਰਮਸਾਲ ਹੈ। ਵਿਦਵਾਨ ਧਰਮਸਾਲ ਦੇ ਅਰਥ ਕੁਦਰਤੀ ਨਿਯਮਾਂ ਦੇ ਕ੍ਰੀੜਾ-ਸਥਲ ਦੀ ਥਾਂ ਨਾਮ ਸਿਮਰਨ ਤੇ ਪੂਜਾ ਪਾਠ ਰਾਹੀਂ ਪੁੰਨ ਕਮਾਉਣ ਦਾ ਸਥਾਨ ਕਰਦੇ ਹਨ। ਉਨ੍ਹਾਂ ਅਨੁਸਾਰ ਇੱਥੇ ਨਾਮ ਕਮਾਈ ਕਰਕੇ ਹੀ ਮਨੁੱਖ ਪ੍ਰਲੋਕ ਵਿਚ ਪਰਮ-ਸੁਖ ਪ੍ਰਾਪਤ ਕਰ ਸਕਦਾ ਹੈ। ਪਉੜੀ ਵਿਚ ਧਰਮ ਦਾ ਅਰਥ ਸਮੀਕਰਣ ਹੈ। ਅਰਥਾਤ ਧਰਮਸਾਲ ਉਹ ਸਥਾਨ ਹੈ, ਜਿੱਥੇ ਕੁਦਰਤ ਦੇ ਸਖਤ ਨਿਯਮਾਂ ਅਨੁਸਾਰ ਕਾਰਜਾਂ ਦੇ ਹਿਸਾਬ ਸਾਵੇ ਰਹਿੰਦੇ ਹਨ ਤੇ ਸ਼ਕਤੀਆਂ ਦੇ ਸਮੀਕਰਣ ਬਣੇ ਰਹਿੰਦੇ ਹਨ। ਧਰਮਸਾਲ ਰੂਪੀ ਇਹ ਧਰਤੀ ਭੌਤਿਕ ਚੌਗਿਰਦੇ ਵਿਚ ਘਿਰੀ ਹੋਈ ਹੈ, ਜਿਨ੍ਹਾਂ ਵਿਚੋਂ ਇਕ ਵੀ ਦੈਵੀ (ਧਵਿਨਿe) ਨਹੀਂ ਹੈ। ਇਸ ਵਿਚ ਕੁਦਰਤ ਦੇ ਨਿਯਮਾਂ ਦਾ ਪੱਕਾ ਪਹਿਰਾ ਹੈ, ਜਿਸ ਕਾਰਨ ਪੱਕੇ ਸਮਾਨਤਾ ਦੇ ਸਮੀਕਰਣ ਰਾਹੀਂ ਹਰ ਇਕ ਚੀਜ਼ ਦਾ ਪੂਰਾ ਪੂਰਾ ਹਿਸਾਬ-ਕਿਤਾਬ ਰਹਿੰਦਾ ਹੈ।
ਇਸ ਨਿਯਮਿਤ ਪ੍ਰਬੰਧ ਨੂੰ ਗੁਰੂ ਸਾਹਿਬ ਕਈ ਥਾਂਈਂ ‘ਨਾਈ’ ਜਾਂ ‘ਨਾਇ’ ਭਾਵ ਇਨਸਾਫ ਵੀ ਕਹਿੰਦੇ ਹਨ। ਇਹ ਕਚਹਿਰੀਆਂ ਵਾਲਾ ਇਨਸਾਫ ਨਹੀਂ, ਸਗੋਂ ਹਿਸਾਬ ਪੂਰਾ ਰੱਖਣ ਵਾਲਾ ਕੁਦਰਤੀ ਨੇਮ ਹੈ। ਨਿਊਟਨ ਦੇ ਸਿਧਾਂਤ ਵਾਂਗ ਇੱਥੇ ਜੋ ਕਰਮ ਹੁੰਦਾ ਹੈ, ਉਸ ਦਾ ਓਨਾ ਹੀ ਵੱਡਾ ਤੇ ਉਲਟਾ ਪ੍ਰਤੀਕਰਮ ਹੁੰਦਾ ਹੈ। ਪਾਣੀ ਦੇ ਵਾਸ਼ਪ ਚੌਗਿਰਦੇ ਵਿਚੋਂ ਜਿੰਨੀ ਊਰਜਾ ਚੂਸ ਕੇ ਆਕਾਸ ਵਿਚ ਉਡਦੇ ਹਨ, ਉਨੀ ਹੀ ਉਹ ਮੀਂਹ ਦੀ ਕਣੀ ਬਣ ਕੇ ਧਰਤੀ ਨਾਲ ਟਕਰਾਉਣ ਵੇਲੇ ਵਾਪਸ ਕਰਦੇ ਹਨ। ਬਕਾਇਆ ਸ਼ਕਤੀ ਉਹ ਦਰਿਆ ਬਣ ਕੇ ਰੁੜ੍ਹਨ ਵੇਲੇ ਅਦਾ ਕਰਦੇ ਹਨ। ਰਸਤੇ ਵਿਚ ਜੇ ਸਿਆਣਾ ਮਨੁੱਖ ਬੈਠਾ ਹੋਵੇ ਤਾਂ ਉਹ ਬੰਨ੍ਹ ਬਣਾ ਕੇ ਉਸ ਨੂੰ ਬਿਜਲੀ ਰੂਪ ਵਿਚ ਆਪਣੇ ਲਈ ਕੱਢ ਲੈਂਦਾ ਹੈ। ਪੂਰੇ ਘਟਨਾਕ੍ਰਮ ਵਿਚ ਕੋਈ ਸ਼ਕਤੀ ਬਰਬਾਦ ਨਹੀਂ ਹੁੰਦੀ ਤੇ ਇਸ ਦਾ ਸਹੀ ਹਿਸਾਬ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਇੱਥੇ ਕੋਈ ਵੀ ਕਾਰਜ ਹਿਸਾਬ-ਕਿਤਾਬ ਤੋਂ ਬਾਹਰ ਨਹੀਂ ਹੁੰਦਾ। ਇਹ ਨਿਊਟਨ ਦਾ ਤੀਜਾ ਸਿਧਾਂਤ ਹੈ ਤੇ ਵਿਗਿਆਨ ਇਸ ਨੂੰ ਊਰਜਾ ਦੀ ਸੁਰਕਸ਼ਿਸਤਾ ਦਾ ਸਿਧਾਂਤ (ਠਹe .ਅੱ ਾ ਛੋਨਸeਰਵਅਟਿਨ ਾ ਓਨeਰਗੇ) ਕਹਿੰਦਾ ਹੈ। ਸੋ, ਤਕਨੀਕੀ ਤੌਰ ‘ਤੇ ਧਰਮਸਾਲ ਉਹ ਥਾਂ ਹੈ, ਜਿੱਥੇ ਇਹ ਦੋਵੇਂ ਤੇ ਹੋਰ ਸਾਰੇ ਨਿਯਮ ਲਾਗੂ ਹੁੰਦੇ ਹਨ।
ਦੂਜਾ ਭੁਲੇਖਾ ਪਾਊ ਸ਼ਬਦ ‘ਪੰਚ’ ਹੈ। ਅਜੋਕੇ ਸਿੱਖ ਵਿਦਵਾਨ ਗੁਰੂ ਸਾਹਿਬ ਦੇ ਲਿਖੇ ‘ਤਿਥੈ ਸੋਹਨਿ ਪੰਚ ਪਰਵਾਣੁ’ ਪੜ੍ਹ ਕੇ ਤਾਂ ਪਰਮਾਤਮਾ ਦੀ ਕਿਸੇ ਅਜਿਹੀ ਕਚਹਿਰੀ ਦਾ ਖਿਆਲ ਚਿਤਵਦੇ ਹਨ, ਜਿੱਥੇ ਬੜੇ ਇਮਾਨਦਾਰ ਤੇ ਸੱਚਾਈਮਾਨ ਕਿਸਮ ਦੇ ਪੰਚ-ਸਰਪੰਚ ਸਜੇ ਬੈਠੇ ਰਹਿੰਦੇ ਹੋਣ ਤੇ ਬੜਾ ਸੱਚਾ ਫੈਸਲਾ ਸੁਣਾਉਂਦੇ ਹੋਣ। ਉਹ ਭੁੱਲ ਜਾਂਦੇ ਹਨ ਕਿ ਗੁਰੂ ਸਾਹਿਬ ‘ਇਸ’ ਧਰਤੀ ਦੀ ਗੱਲ ਕਰਦੇ ਹਨ ਕਿਸੇ ਹੋਰ ਦੀ ਨਹੀਂ, ਭਾਵ ਉਹ ਪੰਚ ਜਾਂ ਪੱਕੇ ਨਿਗਰਾਨ ਇੱਥੇ ਹੀ ਸੁਸ਼ੋਭਿਤ ਹਨ। ਇਹ ਪੰਚ ਕੋਈ ਮਨੁੱਖ ਰੂਪੀ ਬੰਦੇ ਨਹੀਂ ਹਨ, ਭਾਵੇਂ ਬੰਦੇ ਵੀ ਕਈ ਵਾਰ ਪੰਚ ਵਰਗਾ ਇਮਾਨਦਾਰੀ ਵਾਲਾ ਕਿਰਦਾਰ ਨਿਭਾ ਸਕਦੇ ਹਨ। ਇਹ ਪੰਚ ਅਰਥਾਤ ਸਹੀ-ਨਿਯਤ ਵਾਲੇ ਨਿਗਰਾਨ ਕੁਦਰਤ ਦੇ ਨਿਯਮਾਂ ਨੂੰ ਪੱਕੇ ਹਿਸਾਬੀ ਢੰਗ ਨਾਲ ਚਲਾਉਣ ਵਾਲੇ ਭਾਵ ਘਾਟਾ ਵਾਧਾ ਸੂਤ ਰੱਖਣ ਵਾਲੇ, ਪ੍ਰਾਕ੍ਰਿਤਿਕ ਸੂਚਕ (ੰeਨਸੋਰਸ) ਹਨ, ਜੋ ਇਸ ਦੁਨੀਆਂ ਦੀ ਯਥਾਰਥਕ ਹੋਂਦ ਦੇ ਵਿਚ ਹੀ ਜੜੇ ਹੁੰਦੇ ਹਨ। ਜਦੋਂ ਕੋਈ ਗੇਂਦ ਹਵਾ ਵਿਚ ਉਛਾਲੀ ਜਾਂਦੀ ਹੈ ਤਾਂ ਇਹ ਉਨਾ ਹੀ ਉੱਚੇ ਜਾਂਦੀ ਹੈ, ਜਿੰਨਾ ਇਸ ਨੂੰ ਉੱਤੇ ਸੁੱਟਣ ਉੱਤੇ ਜੋਰ ਲੱਗਿਆ ਹੋਵੇ। ਇੱਥੇ ਇਹ ਪੰਚ ਹੀ ਹਿਸਾਬ ਲਾਉਂਦੇ ਹਨ ਕਿ ਕਿੰਨਾ ਜੋਰ ਲੱਗਿਆ ਹੈ ਤੇ ਕਿੰਨੀ ਉਚਾਈ ਤੀਕ ਗੇਂਦ ਨੂੰ ਜਾਣ ਦੇਣਾ ਪ੍ਰਵਾਨ ਕਰਨਾ ਹੈ। ਗੈਸ ਸਟੇਸ਼ਨ ‘ਤੇ ਗੈਸ ਪੁਆਉਣ ਵੇਲੇ ਜਿੰਨੀ ਗੈਸ ਪਾਈਦੀ ਹੈ, ਪੰਪ ਦਾ ‘ਪੰਚ’ ਭਾਵ ਕੈਲਕੂਲੇਟਰ ਉਨਾ ਹੀ ਬਿਲ ਬਣਾਉਂਦਾ ਹੈ; ਪਰ ਪਵਾਈ ਗੈਸ ਵਿਚ ਕੋਈ ਕੈਲਕੂਲੇਟਰ ਨਹੀਂ ਹੁੰਦਾ। ਫਿਰ ਵੀ ਜਿੰਨੀ ਗੈਸ ਪਾਈ ਗਈ ਹੈ, ਉਸ ਮੁਤਾਬਿਕ ਚੱਲ ਕੇ ਹੀ ਗੱਡੀ ਰੁਕ ਜਾਵੇਗੀ। ਕਿੰਨੀ ਗੈਸ ਪਵਾਈ ਗਈ ਹੈ ਤੇ ਕਿੰਨੀ ਦੂਰ ਗੱਡੀ ਚਲਣੀ ਹੈ, ਇਹ ਹਿਸਾਬ ਜਾਂ ਨਿਗਰਾਨੀ ਵੀ ਗੈਸ ਤੇ ਗੱਡੀ ਵਿਚ ਲੱਗੇ ਕੁਦਰਤ ਦੇ ਇਮਾਨਦਾਰ ਖੁਫੀਆ ‘ਪੰਚ’ ਹੀ ਰੱਖਦੇ ਹਨ। ਇਸੇ ਤਰ੍ਹਾਂ ਭੁੱਖ ਅਨੁਸਾਰ ਭੋਜਨ, ਪਿਆਸ ਅਨੁਸਾਰ ਪਾਣੀ, ਥਕਾਵਟ ਅਨੁਸਾਰ ਆਰਾਮ, ਦੁਖ ਅਨੁਸਾਰ ਦਵਾ-ਦਾਰੂ, ਉਚਾਈ ਅਨੁਸਾਰ ਤਾਪਮਾਨ, ਮਿਹਨਤ ਅਨੁਸਾਰ ਫਲ ਆਦਿ ਦਾ ਹਿਸਾਬ ਵੀ ਇੱਦਾਂ ਦੇ ‘ਪੰਚ’ ਹੀ ਰੱਖਦੇ ਹਨ। ਕੁਦਰਤ ਦੀ ਹੋਂਦ ਦਾ ਕੋਈ ਪੱਖ ਐਸਾ ਨਹੀਂ, ਜੋ ਇਨ੍ਹਾਂ ਪੰਚਾਂ ਦੀ ਨਿਗਾਹ ਵਿਚ ਨਾ ਹੋਵੇ।
ਗੁਰੂ ਸਾਹਿਬ ਨੇ ਇਸ ਪਉੜੀ ਵਿਚ ਆਪਣੀ ਗੱਲ ਕਹਿਣ ਲਈ ਇਕ ਵਿਚਿੱਤਰ ਢੰਗ ਵਰਤਿਆ ਹੈ। ਉਨ੍ਹਾਂ ਨੇ ਦੂਰਦਰਸ਼ੀ ਵਿਧੀ (ਠeਲeਸਚੋਪਚਿ ੰeਟਹੋਦ) ਦਾ ਪ੍ਰਯੋਗ ਕਰਕੇ ਇਸ ਸੰਸਾਰ ਦਾ ਬ੍ਰਹਿਮੰਡੀ ਪਿਛੋਕੜ ਦਿਖਾਇਆ ਹੈ। ਉਨ੍ਹਾਂ ਅਨੁਸਾਰ ਇਹ ਜਗਤ ਐਵੇਂ ਸੁੱਕੇ ਤੇ ਰੜ੍ਹੇ ਮੈਦਾਨ ਵਿਚ ਨਹੀਂ ਪਿਆ ਹੋਇਆ, ਸਗੋਂ ਇਸ ਦਾ ਇਕ ਨਿਸ਼ਚਿਤ ਚੌਗਿਰਦਾ ਤੇ ਵਾਤਾਵਰਣ ਹੈ। ਉਨ੍ਹਾਂ ਨੇ ਇਸ ਨੂੰ ਉਵੇਂ ਪੇਸ਼ ਕੀਤਾ ਹੈ, ਜਿਵੇਂ ਬਾਹਰੋਂ ਜਾਂ ਉਪਰੋਂ ਹੌਲੀ ਹੌਲੀ ਆ ਕੇ ਕਿਸੇ ਨੂੰ ਕੋਈ ਅਧਭੁਤ ਚੀਜ਼ ਦਿਖਾਉਣੀ ਹੋਵੇ। ਇਸ ਤਰ੍ਹਾਂ ਕਰਕੇ ਉਹ ਜਾਣਨ ਵਾਲਿਆਂ ਅੱਗੇ ਇਸ ਦੀ ਸਰਸਰੀ ਤੇ ਸਹੀ ਭੂਮਿਕਾ ਪੇਸ਼ ਕਰਦੇ ਹਨ। ਅਜਿਹਾ ਢੰਗ ਅੱਜ ਦੇ ਵਿਗਿਆਨਕ ਯੁਗ ਵਿਚ ਬਹੁਤ ਪ੍ਰਚਲਿਤ ਤੇ ਕਾਰਆਮਦ ਹੈ। ਮੀਡੀਆ ਵਿਚ ਦਰਜਨਾਂ ਅਜਿਹੀਆਂ ਦਸਤਾਵੇਜ਼ੀ ਫਿਲਮਾਂ (ਧੋਚੁਮeਨਟਅਰਇਸ) ਪਈਆਂ ਹਨ, ਜੋ ਦਰਸ਼ਕਾਂ ਨੂੰ ਕਿਸੇ ਪ੍ਰਾਜੈਕਟ ਦੀ ਸ਼ੁਰੂਆਤੀ ਜਾਣਕਾਰੀ ਦੇਣ ਲਈ ਪਹਿਲਾਂ ਉਸ ਨੂੰ ਇਕ ਧੁੰਦਲੀ ਜਾਂ ਹਨੇਰੀ ਪਿੱਠਭੂਮੀ ਵਿਚੋਂ ਉੱਭਰਦਾ ਦਿਖਾਉਂਦੀਆਂ ਹਨ ਤੇ ਫਿਰ ਉਸ ਦਾ ਨੇੜੇ ਹੋ ਕੇ ਅੰਦਰੋਂ ਮੁਲੰਕਣ ਕਰਦੀਆਂ ਹਨ।
ਇਸ ਦੀ ਇਕ ਪ੍ਰਤੱਖ ਮਿਸਾਲ ਇੰਟਰਨੈਟ ਦੇ ਸਾਈਟ ਹਟਟਪਸ://ੱੱੱ।eੁਰੋਪਅ।ੁਕ।ਚੋਮ/ਚੋਸਮਚਿ-eਅਰਟਹ-ਲੁਸਿe ‘ਤੇ ਵੀ ਉਪਲੱਭਦ ਹੈ, ਜੋ ਸ੍ਰਿਸ਼ਟੀ ਦਾ ਆਕਾਸ਼ ਤੋਂ ਪਾਤਾਲ ਤੀਕ ਦਾ ਨਜ਼ਾਰਾ ਇਕੋ ਝਲਕ ਵਿਚ ਪੇਸ਼ ਕਰਦੀ ਹੈ। ਗੁਰੂ ਸਾਹਿਬ ਨੇ ਲਗਭਗ ਇਹੀ ਕੰਮ ਸ਼ਬਦਾਂ ਦੀ ਚਿੱਤਰ-ਕਲਾ ਰਾਹੀਂ ਪੰਜ ਸੌ ਸਾਲ ਪਹਿਲਾਂ ਕਰ ਦਿਖਾਇਆ ਹੈ। ਸਿੱਖ ਸ਼ਰਧਾਲੂਆਂ ਲਈ ਇਹ ਫਖਰ ਦੀ ਗੱਲ ਹੈ ਕਿ ਗੁਰੂ ਸਾਹਿਬ ਦੀ ਅਦੁੱਤੀ ਪ੍ਰਤਿਭਾ ਕਾਰਨ ਉਨ੍ਹਾਂ ਨੂੰ ਸਦੀਆਂ ਪਹਿਲਾਂ ਹੀ ਅੱਜ ਦੇ ਵਿਗਿਆਨਿਕ ਯੁਗ ਵਾਂਗ ਮਿਆਰੀ ਸਿਖਿਆ ਮਿਆਰੀ ਢੰਗਾਂ ਰਾਹੀਂ ਪ੍ਰਾਪਤ ਹੋਣ ਲੱਗੀ ਸੀ।
ਇਸ ਪਉੜੀ ਦੀ ਇਕ ਵੱਡੀ ਸਿਖਿਆ ਇਹ ਹੈ ਕਿ ਗੁਰੂ ਸਾਹਿਬ ਨੇ ਇਸ ਵਿਚ ਇੰਨਾ ਹੀ ਲਿਖਿਆ ਹੈ ਕਿ ਇਕ ਅਨੋਖੇ ਭੌਤਿਕ ਵਾਤਾਵਰਣ ਵਿਚ ਇਹ ਧਰਤੀ ਥਾਪ ਕੇ ਰੱਖੀ ਹੋਈ ਹੈ। ਉਨ੍ਹਾਂ ਇਹ ਨਹੀਂ ਲਿਖਿਆ ਕਿ ਇਹ ਥਾਪੀ ਕਿਸ ਨੇ ਹੈ? ਜਿਸ ਨੇ ਵੀ ਥਾਪੀ ਹੈ ਤੇ ਜਿਵੇਂ ਵੀ ਥਾਪੀ ਗਈ ਹੈ, ਉਨ੍ਹਾਂ ਨੇ ਉਸ ਦੇ ਨਾਮ ਤੇ ਹਾਲਾਤ ਦਾ ਜ਼ਿਕਰ ਨਹੀਂ ਕੀਤਾ। ਇਵੇਂ ਹੀ ਉਨ੍ਹਾਂ ਨੇ ਅੰਤ ਵਿਚ ਆਉਣ ਵਾਲੇ ਸ਼ਲੋਕ ਵਿਚ ਕੀਤਾ ਹੈ। ਕਾਰਨ ਇਹ ਕਿ ਜੋ ਤੱਥ ਹਾਲੇ ਖੋਜ ਅਧੀਨ ਹੈ, ਉਸ ਬਾਰੇ ਨਿਰਣਾਇਕ ਤੌਰ ‘ਤੇ ਕੁਝ ਨਹੀਂ ਕਿਹਾ ਜਾ ਸਕਦਾ। ਪਉੜੀ ਸੰਖਿਆ 21 ਵਿਚ ਉਨ੍ਹਾਂ ਨੇ ਪਹਿਲਾਂ ਵੀ ਕਿਹਾ ਹੈ ਕਿ ਜੋ ਕਰਤਾ ਸ੍ਰਿਸ਼ਠੀ ਨੂੰ ਸਾਜ ਰਿਹਾ ਹੈ, ਉਹੀ ਅਜਿਹੇ ਵਿਸ਼ੇਸ਼ ਪ੍ਰਸ਼ਨਾਂ ਦੇ ਉੱਤਰ ਜਾਣਦਾ ਹੋ ਸਕਦਾ ਹੈ, ਅਰਥਾਤ ਉਨ੍ਹਾਂ ਦਾ ਦੂਜਿਆਂ ਨੂੰ ਤਾਂ ਖੋਜ ਪੜਤਾਲ ਉਪਰੰਤ ਹੀ ਪਤਾ ਚਲੇਗਾ। ਯਾਦ ਰਹੇ, ਵਿਗਿਆਨਿਕ ਸੂਤਰ ੴ ਰਾਹੀਂ ਉਸ ਕਰਤੇ ਦਾ ਗੁਣਾਤਮਿਕ ਸੱਚਾ ਨਾਮ ਲੱਭਣਾ ਹੀ ਜਪੁਜੀ ਦਾ ਮੁੱਖ ਮਨੋਰਥ ਹੈ। ਇਸੇ ਲਈ ਇਹ ਮਨੋਰਥ ਉਨ੍ਹਾਂ ਨੂੰ ਇਸ ਬਾਣੀ ਦੇ ਆਦਿ ਤੋਂ ਅੰਤ ਤੀਕ ਯਾਦ ਹੈ।
ਇਸ ਪਉੜੀ ਤੋਂ ਇਹ ਵੀ ਸਪਸ਼ਟ ਹੁੰਦਾ ਹੈ ਕਿ ਜਪੁਜੀ ਦੇ ਇਸ ਅਹਿਮ ਹਿੱਸੇ ਵਿਚ ਗੁਰੂ ਸਾਹਿਬ ਸਿਰਫ ਧਰਤੀ, ਇਸ ਦੇ ਵਾਤਾਵਰਣ ਤੇ ਇਸ ਦੇ ਜੀਵਾਂ ਦੀ ਗੱਲ ਕਰਦੇ ਹਨ। ਉਹ ਉਸ ਚੀਜ਼ ਜਾਂ ਵਰਤਾਰੇ ਦਾ ਜ਼ਿਕਰ ਕਰਦੇ ਹਨ, ਜੋ ਸਾਹਮਣੇ ਹੈ ਤੇ ਦਿੱਸਦਾ ਹੈ। ਇਸ ਦੇ ਅਣਦਿਸਦੇ ਭਾਵ ਅਧਿਆਤਮ ਪੱਖ ਬਾਰੇ, ਜਿਸ ਨੂੰ ਆਦਰਸ਼ਵਾਦੀਆਂ ਨੇ ਆਪਣੇ ਖਿਆਲਾਂ ਵਿਚੋਂ ਖੜ੍ਹਾ ਕੀਤਾ ਹੈ ਤੇ ਅਧਿਆਤਮਵਾਦੀਆਂ ਨੇ ਭਗਤੀ ਭਾਵਨਾ ਨਾਲ ਬਿਖਿਆਨਿਆ ਹੈ, ਬਾਰੇ ਉਹ ਉਹ ਕੁਝ ਨਹੀਂ ਕਹਿੰਦੇ; ਪਰ ਜੋ ਸਾਹਮਣੇ ਹੈ ਤੇ ਜੋ ਦਿਖਦਾ ਹੈ, ਉਹ ਭਾਂਤ-ਭਾਂਤ ਦੀ ਜਿਨਸੀ (ੰਅਟeਰਅਿਲ) ਮਾਯਾ ਹੈ। ਇਸ ਲਈ ਉਨ੍ਹਾਂ ਨੇ ਇਸ ਜਿਨਸੀ ਮਾਯਾ ਭਾਵ ਪਦਾਰਥ ਦੀਆਂ ਬਣਤਰਾਂ ਦੀ ਖੋਜ ਹੀ ਜਰੂਰੀ ਸਮਝੀ ਹੈ। ਇਹ ਉਹੀ ਮਾਯਾ ਤੇ ਇਹ ਇਸ ਦੀਆਂ ਓਹੀ ਠੋਸ ਘਾੜ੍ਹਤਾਂ ਹਨ, ਜਿਨ੍ਹਾਂ ਨੂੰ ਗੁਰੂ ਸਾਹਿਬ ਨੇ ‘ਹੈ ਭੀ ਸਚੁ ਹੋਸੀ ਭੀ ਸਚੁ’ ਕਿਹਾ ਹੈ। ਅਰਥਾਤ ਉੱਤੋਂ ਭਾਵੇਂ ਇਹ ਪਰਿਵਰਤਨਸ਼ੀਲ ਲਗਦੀਆਂ ਹਨ, ਪਰ ਅੰਦਰੋਂ ਠੋਸ, ਪੱਕੀਆਂ ਤੇ ਸਦੀਵੀ ਹਨ। ਇਸ ਦਾ ਭਾਵ ਇਹ ਹੋਇਆ ਕਿ ਗੁਰੂ ਸਾਹਿਬ ਧਰਤੀ, ਧਰਤੀ ਦੇ ਭੌਤਿਕ ਪ੍ਰਿਆਵਰਣ ਤੇ ਧਰਤੀ ‘ਤੇ ਪੈਦਾ ਹੋਏ ਮਨੁੱਖ ਆਦਿ ਜੀਵਾਂ ਨੂੰ ਹੀ ਖੋਜ ਦਾ ਵਿਸ਼ਾ ਤੇ ਉਸ ਦੇ ਗਿਆਨ ਦਾ ਸ੍ਰੋਤ ਮੰਨਦੇ ਸਨ। ਇਹੀ ਤਾਂ ਵਿਗਿਆਨ ਦਾ ਅਧਿਐਨ ਖੇਤਰ ਹੈ।
ਉਨ੍ਹਾਂ ਤੋਂ ਬਾਅਦ ਆਉਣ ਵਾਲੇ ਫਿਲਾਸਫਰ ਤੇ ਵਿਗਿਆਨੀ ਇਸੇ ਵਿਚਾਰ ‘ਤੇ ਆ ਕੇ ਟਿਕੇ ਹੋਏ ਹਨ। ਕਾਰਲ ਮਾਰਕਸ ਨੇ ਕਿਹਾ ਹੈ ਕਿ ਮਨੁੱਖ ਤੇ ਉਸ ਦੇ ਚੌਗਿਰਦੇ ਦਾ ਅਧਿਐਨ ਹੀ ਵਿਗਿਆਨ ਹੈ। ਮੌਰਿਸ ਕਾਰਨਫੋਰਥ ਅਨੁਸਾਰ ਵਿਗਿਆਨ ਜਿਉਂਦੇ ਅਤੇ ਸੁਚੇਤ ਜੀਵਾਂ ਦੇ ਆਪਣੇ ਚੌਗਿਰਦੇ ਨਾਲ ਜੁੜੇ ਸਕ੍ਰਿਆ ਸਬੰਧਾਂ ਦੇ ਅਧਿਐਨ ਦਾ ਨਾਂ ਹੈ। ਜੇ ਆਧੁਨਿਕ ਵਿਗਿਆਨੀ ਤੇ ਫਿਲਾਸਫਰ ਉਹੀ ਨਪੀ-ਤੁਲੀ ਗੱਲ ਕਰਦੇ ਹਨ, ਗੁਰੂ ਸਾਹਿਬ ਨੇ ਪੰਜ ਸਦੀਆਂ ਪਹਿਲਾਂ ਕੀਤੀ ਤਾਂ ਗੁਰੂ ਸਾਹਿਬ ਇਕ ਤਰ੍ਹਾਂ ਨਾਲ ਅਜੋਕੇ ਵਿਗਿਆਨ ਦੇ ਪਿਤਾਮਾ ਹੋਏ। ਇਹ ਗੱਲ ਸਭ ਅਧਿਆਤਮਵਾਦੀ ਸਿੱਖ ਵਿਦਵਾਨਾਂ, ਪੁਜਾਰੀਆਂ ਤੇ ਪ੍ਰਚਾਰਕਾਂ ਦੀਆਂ ਅੱਖਾਂ ਖੋਲ੍ਹਣ ਵਾਲੀ ਹੈ, ਜੋ ਪਦਾਰਥਵਾਦ ਤੇ ਵਿਗਿਆਨ ਦਾ ਨਾਂ ਸੁਣਦੇ ਹੀ ਮੂੰਹ ਦੂਜੇ ਪਾਸੇ ਫੇਰ ਲੈਂਦੇ ਹਨ।
ਭਾਵੇਂ ਗੁਰੂ ਸਾਹਿਬ ਦੀ ਸਿੱਖਿਆ ਪੂਰੀ ਤਰ੍ਹਾਂ ਵਿਗਿਆਨਿਕ ਹੈ, ਪਰ ਅਜੋਕੇ ਸਿੱਖ ਵਿਦਵਾਨ ਫਿਰ ਵੀ ਇਸ ਪਉੜੀ ਦੇ ਅਰਥ ਅਧਿਆਤਮਵਾਦੀ ਦ੍ਰਿਸ਼ਟੀਕੋਣ ਤੋਂ ਹੀ ਕਰਦੇ ਹਨ। ਪ੍ਰੋ. ਸਾਹਿਬ ਸਿੰਘ ਇਸ ਦੇ ਅਰਥ ਕਰਦਿਆਂ ਲਿਖਦੇ ਹਨ, “ਰਾਤਾਂ, ਰੁੱਤਾਂ, ਤਿੱਥਾਂ ਅਤੇ ਵਾਰ, ਹਵਾ, ਪਾਣੀ, ਅੱਗ ਅਤੇ ਪਾਤਾਲ-ਇਨ੍ਹਾਂ ਸਾਰਿਆਂ ਦੇ ਇੱਕਠ ਵਿਚ (ਅਕਾਲ ਪੁਰਖ ਨੇ) ਧਰਤੀ ਨੂੰ ਧਰਮ ਕਮਾਉਣ ਦਾ ਅਸਥਾਨ ਬਣਾ ਕੇ ਟਿਕਾ ਦਿੱਤਾ ਹੈ। ਇਸ ਧਰਤੀ ਉੱਤੇ ਕਈ ਜੁਗਤੀਆਂ ਤੇ ਰੰਗਾਂ ਦੇ ਜੀਵ (ਵੱਸਦੇ) ਹਨ, ਜਿਨ੍ਹਾਂ ਦੇ ਅਨੇਕਾਂ ਅਤੇ ਅਨਗਿਣਤ ਹੀ ਨਾਮ ਹਨ। (ਇਨ੍ਹਾਂ ਅਨੇਕਾਂ ਨਾਂਵਾਂ ਤੇ ਰੰਗਾਂ ਵਾਲੇ ਜੀਵਾਂ ਦੇ) ਆਪੋ-ਆਪਣੇ ਕੀਤੇ ਹੋਏ ਕਰਮਾਂ ਦੇ ਅਨੁਸਾਰ (ਅਕਾਲ ਪੁਰਖ ਦੇ ਦਰ ‘ਤੇ) ਨਿਬੇੜਾ ਹੁੰਦਾ ਹੈ (ਜਿਸ ਵਿਚ ਕੋਈ ਉਕਾਈ ਨਹੀਂ ਹੁੰਦੀ, ਕਿਉਂਕਿ ਨਿਆਂ ਕਰਨ ਵਾਲਾ) ਅਕਾਲ ਪੁਰਖ ਆਪ ਸੱਚਾ ਹੈ, ਉਸ ਦਾ ਦਰਬਾਰ ਭੀ ਸੱਚਾ ਹੈ। ਉਸ ਦਰਬਾਰ ਵਿਚ ਸੰਤ ਜਨ ਪ੍ਰਤੱਖ ਤੌਰ ‘ਤੇ ਸ਼ੋਭਦੇ ਹਨ ਅਤੇ ਮਿਹਰ ਦੀ ਨਜ਼ਰ ਕਰਨ ਵਾਲੇ ਅਕਾਲ ਪੁਰਖ ਦੀ ਬਖਸ਼ਿਸ਼ ਨਾਲ (ਉਨ੍ਹਾਂ ਸੰਤ ਜਨਾਂ ਦੇ ਮੱਥੇ ਉੱਤੇ) ਵਡਿਆਈ ਦਾ ਨਿਸ਼ਾਨ ਚਮਕ ਪੈਂਦਾ ਹੈ। (ਇੱਥੇ ਸੰਸਾਰ ਵਿਚ ਕਿਸੇ ਦਾ ਵੱਡਾ-ਛੋਟਾ ਅਖਵਾਉਣਾ ਕਿਸੇ ਅਰਥ ਨਹੀਂ) ਇਨ੍ਹਾਂ ਦੀ ਕਚਿਆਈ-ਪਕਿਆਈ ਅਕਾਲ ਪੁਰਖ ਦੇ ਦਰ ‘ਤੇ ਜਾ ਕੇ ਮਾਲੂਮ ਹੁੰਦੀ ਹੈ। ਹੇ ਨਾਨਕ! ਅਕਾਲ ਪੁਰਖ ਦੇ ਦਰ ‘ਤੇ ਗਇਆਂ ਹੀ ਸਮਝ ਆਉਂਦੀ ਹੈ (ਕਿ ਅਸਲ ਵਿਚ ਕੌਣ ਪੱਕਾ ਤੇ ਕੌਣ ਕੱਚਾ ਹੈ)।”
ਪ੍ਰੋ. ਸਾਹਿਬ ਸਿੰਘ ਗੁਰੂ ਸਾਹਿਬ ਦੀ ਇਸ ਯਥਾਰਥਕ ਅਤੇ ਆਮ ਆਦਮੀ ਦੀ ਸਮਝ-ਪਹੁੰਚ ਵਾਲੀ ਲਿਖਤ ਨੂੰ ਅਧਿਆਤਮਕ ਰੰਗਣ ਦੇ ਕੇ ਉਨ੍ਹਾਂ ਲਈ ਅਪਹੁੰਚ ਕਰ ਦਿੰਦੇ ਹਨ। ਅਕਾਲ ਪੁਰਖ ਤੋਂ ਬਿਨਾ ਤਾਂ ਉਸ ਦੀ ਵਿਆਖਿਆ ਸ਼ੁਰੂ ਹੀ ਨਹੀਂ ਹੁੰਦੀ, ਭਾਵੇਂ ਗੁਰੂ ਸਾਹਿਬ ਨੇ ਇਸ ਦਾ ਜ਼ਿਕਰ ਵੀ ਨਾ ਕੀਤਾ ਹੇਵੇ। ਉਸ ਅਨੁਸਾਰ ਇਕ ਪਾਸੇ ਅਕਾਲ ਪੁਰਖ ਹੈ ਅਤੇ ਦੂਜੇ ਪਾਸੇ ਧਰਤੀ ਤੇ ਇਸ ਦੇ ਜੀਵ ਹਨ। ਅਕਾਲ ਪੁਰਖ ਨੇ ਰਾਤਾਂ, ਰੁੱਤਾਂ, ਤਿੱਥੀਆਂ ਆਦਿ ਦੇ ਝੁਰਮਟ ਵਿਚ ਧਰਤੀ ਰਚ ਕੇ ਧਰੀ ਹੋਈ ਹੈ ਤੇ ਧਰਮ ਕਮਾਉਣ ਲਈ ਇਸ ਵਿਚ ਤਰ੍ਹਾਂ ਤਰ੍ਹਾਂ ਦੇ ਜੀਵ ਭੇਜ ਦਿੱਤੇ ਹਨ। ਅਕਾਲ ਪੁਰਖ ਦਾ ਇਕ ਸੱਚਾ ਦਰਬਾਰ ਹੈ, ਜਿੱਥੇ ਮੱਥਿਆਂ ਤੇ ਚਮਕਦੇ ਨਿਸ਼ਾਨ ਲਵਾਈ ਕਈ ‘ਸੰਤ ਜਨ’ ਸਜੇ ਬੈਠੇ ਹਨ। ਇਸ ਦਰਬਾਰ ਵਿਚ ਜੀਵਾਂ ਦੇ ਚੰਗੇ-ਮਾੜੇ ਕਰਮਾਂ ਦਾ ਨਿਬੇੜਾ ਕੀਤਾ ਜਾਂਦਾ ਹੈ। ਕਰਮਾਂ ਦੀ ਕਚਿਆਈ ਤੇ ਪਕਿਆਈ ਉੱਥੇ ਜਾ ਕੇ ਹੀ ਪਤਾ ਲੱਗਦੀ ਹੈ।
ਉਲਟ ਪਾਸੇ ਦੀ ਹੀ ਸਹੀ, ਇਸ ਵਿਦਵਾਨ ਦੀ ਇਹ ਵਿਆਖਿਆ ਬਿਨਾ ਉੱਤਰ ਦਿੱਤਿਆਂ ਬਹੁਤ ਸਾਰੇ ਸਵਾਲ ਖੜ੍ਹੇ ਕਰਦੀ ਹੈ। ਅਕਾਲ ਪੁਰਖ ਕਿੱਥੇ ਰਹਿੰਦਾ ਹੈ, ਉਹ ਧਰਤੀ ਨੂੰ ਸਥਾਪਤ ਕਰਨ ਲਈ ਕਦੋਂ ਆਇਆ, ਉਸ ਨੇ ਧਰਤੀ ਨੂੰ ਕਿਉਂ ਰਚਿਆ, ਉਸ ਨੇ ਇਸ ਨੂੰ ਰਾਤੀ, ਰੁਤੀ, ਤਿਥੀ, ਵਾਰ ਵਿਚ ਹੀ ਕਿਉਂ ਰੱਖਿਆ, ਉਸ ਨੇ ਇਸ ਨੂੰ ਕਿਸੇ ਡੋਰ ਨਾਲ ਕਿਉਂ ਨਹੀਂ ਲਟਕਾਇਆ, ਅਕਾਲ ਪੁਰਖ ਜੀਵਾਂ ਦੇ ਕਰਮਾਂ ਦੀ ਕਚਿਆਈ ਤੇ ਪਕਿਆਈ ਕਿਉਂ ਮਾਪਦਾ ਹੈ, ਉਸ ਦਾ ਸੱਚਾ ਦਰਬਾਰ ਕਿੱਥੇ ਸਥਿੱਤ ਹੈ, ਉੱਥੇ ਉਹ ਸੰਤ ਜਨ ਕਿਉਂ ਬੈਠੇ ਹੋਏ ਹਨ, ਉਨ੍ਹਾਂ ਦੇ ਮੱਥਿਆਂ ‘ਤੇ ਨਿਸ਼ਾਨ ਕਿਉਂ ਚਮਕਦੇ ਹਨ, ਇਸ ਦਰਬਾਰ ਨੂੰ ਦੇਖਣ ਕਿਵੇਂ ਜਾਇਆ ਜਾਵੇ, ਜੇ ਉੱਥੇ ਮਰ ਕੇ ਹੀ ਜਾਇਆ ਜਾਂਦਾ ਹੈ ਤਾਂ ਸੰਸਾਰ ਵਾਸੀਆਂ ਨੂੰ ਇਸ ਬਾਰੇ ਕਿਵੇਂ ਪਤਾ ਚਲਿਆ, ਆਦਿ ਜਿਹੇ ਅਨੇਕਾਂ ਸਵਾਲ ਹਨ, ਜਿਨ੍ਹਾਂ ਦਾ ਉਹ ਕੋਈ ਜਵਾਬ ਹੀ ਨਹੀਂ ਦਿੰਦਾ। ਇਸ ਸਬੰਧ ਵਿਚ ਉਹ ਪਹਿਲੀਆਂ ਪਉੜੀਆਂ ਵੀ ਨਹੀਂ ਵਿਚਾਰਦਾ, ਜਿੱਥੇ ਗੁਰੂ ਸਾਹਿਬ ਨੇ ਦੱਸਿਆ ਹੈ ਕਿ ਧਰਤੀ ਦੇ ਅਰੰਭ ਦਾ ਕੋਈ ਪਤਾ ਨਹੀਂ। ਇਹ ਵਿਦਵਾਨ ਤਾਂ ਇਸ ਪਉੜੀ ਦੇ ਗਿਆਨ ਨੂੰ ਮਨੁੱਖੀ ਆਤਮਾ ਦੀਆਂ ਉਨ੍ਹਾਂ ਪੰਜਾਂ ਵਿਚੋਂ ਪਹਿਲੀ ਅਵਸਥਾ ਕਹਿੰਦਾ ਹੈ, ਜਿਨ੍ਹਾਂ ਵਿਚੋਂ ਬਾਕੀ ਚਾਰਾਂ ਦਾ ਜ਼ਿਕਰ ਇਸ ਤੋਂ ਅਗਲੀਆਂ ਚਾਰ ਪਉੜੀਆਂ ਵਿਚ ਆਉਂਦਾ ਦੱਸਦਾ ਹੈ।
ਇਸ ਮਸਲੇ ਵਿਚ ਪ੍ਰੋ. ਸਾਹਿਬ ਸਿੰਘ ਇੱਕਲਾ ਨਹੀਂ, ਸਗੋਂ ਸਾਰੇ ਅਧਿਆਤਮਵਾਦੀ ਟੀਕਾਕਾਰ ਅਜਿਹੀ ਵਿਆਖਿਆ ਹੀ ਕਰਦੇ ਹਨ। ਉਹ ਸਭ ਇਨ੍ਹਾਂ ਸਵਾਲਾਂ ਦਾ ਜਵਾਬ ਦੇਣ ਵੱਲ ਧਿਆਨ ਨਹੀਂ ਦਿੰਦੇ, ਕਿਉਂਕਿ ਇਹ ਸਵਾਲ ਉਨ੍ਹਾਂ ਦੀਆਂ ਮਨਘੜਤ ਵਿਆਖਿਆਵਾਂ ਦੇ ਪੁਲੰਦਿਆਂ ਨੂੰ ਉਧੇੜਦੇ ਹਨ। ਉਨ੍ਹਾਂ ਦਾ ਗੁਰੂ ਸਾਹਿਬ ਦੀ ਵਿਗਿਆਨਕ ਸਿਖਿਆ ਤੇ ਗਿਆਨ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਉਨਾਂ ਦਾ ਮਨੋਰਥ ਤਾਂ ਸਿਰਫ ਸ਼ਰਧਾਲੂਆਂ ਨੂੰ ਪੂਜਾ ਪਾਠ ਵਲ ਪ੍ਰੇਰ ਕੇ ਗਿਆਨ ਪੱਖੋਂ ਬੌਣੇ ਬਣਾਈ ਰੱਖਣਾ ਹੈ ਤਾਂ ਜੋ ਗੁਰੂਆਂ ਦੇ ਨਾਂ ‘ਤੇ ਪੁਜਾਰੀਵਾਦ ਪਨਪਦਾ ਰਹੇ।