ਰੱਬ ਦੀ ਚੁੱਪ ਤੋੜਦੀ ਫਿਲਮ ‘ਵਿੰਟਰ ਲਾਈਟ’

ਡਾ. ਕੁਲਦੀਪ ਕੌਰ ਇਸ ਕਾਲਮ ਰਾਹੀਂ ਸੰਸਾਰ ਸਿਨੇਮਾ ਦੇ ਉਨ੍ਹਾਂ ਫਿਲਮਸਾਜ਼ਾਂ ਦੀ ਸਿਰਜਣਾ ਬਾਰੇ ਸੰਵਾਦ ਰਚਾ ਰਹੇ ਹਨ ਜਿਨ੍ਹਾਂ ਲਈ ਫਿਲਮਾਂ ਬਣਾਉਣਾ ਸਾਹ ਲੈਣ ਵਾਂਗ ਹੈ। ਐਤਕੀਂ ਸਵੀਡਨ ਦੇ ਸਰਕਰਦਾ ਫਿਲਮਸਾਜ਼ ਇੰਗਮਾਰ ਬਰਗਮੈਨ ਦੀ ਫਿਲਮ ‘ਵਿੰਟਰ ਲਾਈਟ’ ਬਾਰੇ ਚਰਚਾ ਕੀਤੀ ਗਈ ਹੈ। ਇਸ ਫਿਲਮ ਵਿਚ ਸ਼ਖਸੀਅਤਾਂ ਦੇ ਰਹੱਸ ਅਤੇ ਧੜਕਦੀ ਜ਼ਿੰਦਗੀ ਦੀਆਂ ਦਾਰਸ਼ਨਿਕ ਗੱਲਾਂਬਾਤਾਂ ਹਨ।

-ਸੰਪਾਦਕ

ਡਾ. ਕੁਲਦੀਪ ਕੌਰ
ਫੋਨ: +91-98554-04330

ਫਿਲਮ ‘ਵਿੰਟਰ ਲਾਈਟ’ ਨੂੰ ਇੰਗਮਾਰ ਬਰਗਮੈਨ ਦੀਆਂ ਤਿੰਨ ਫਿਲਮਾਂ ‘ਦਿ ਸਾਈਲੈਂਸ’, ‘ਕਰਾਈਜ਼ ਐਂਡ ਵਿਸਪਰਜ਼’ ਅਤੇ ‘ਥਰੂ ਏ ਗਲਾਸ ਡਾਰਕੀ’ ਦਾ ਅੰਤਿਮ ਕਥਾਰਸਿਸ ਕਿਹਾ ਜਾ ਸਕਦਾ ਹੈ। ਇਨ੍ਹਾਂ ਤਿੰਨਾਂ ਫਿਲਮਾਂ ਦਾ ਕਥਾਨਕ ਅਤੇ ਬਿਰਤਾਂਤ ਇਸ ਫਿਲਮ ਦੇ ਮੁੱਖ ਨੁਕਤੇ ‘ਰੱਬ ਦੀ ਚੁੱਪ’ ਉਤੇ ਆਣ ਕੇ ਦਾਰਸ਼ਨਿਕ ਸਿਧਾਂਤ ਦੀ ਸ਼ਕਲ ਅਖਤਿਆਰ ਕਰਦਾ ਹੈ। ਇਸ ਸਿਧਾਂਤ ਅਨੁਸਾਰ ਜੇ ਸਾਰਾ ਕੁਝ ਰੱਬ ਦੀ ਰਜ਼ਾ ਨਾਲ ਵਾਪਰਦਾ ਹੈ ਤਾਂ ਦੁਨੀਆ ਵਿਚ ਫੈਲੇ ਦੁੱਖਾਂ/ਮੁਸੀਬਤਾਂ ਅਤੇ ਜਿਊਣ ਦੀ ਜ਼ਲਾਲਤ ਨੂੰ ਉਹ ਖਤਮ ਕਿਉਂ ਨਹੀਂ ਕਰ ਸਕਦਾ? ਜੇ ਉਹ ਬੰਦਿਆਂ ਨੂੰ ਖੁਦ ‘ਤੇ ਟੇਕ ਰੱਖਣ ਅਤੇ ਆਪਣੀ ਰਜ਼ਾ ਵਿਚ ਰਾਜ਼ੀ ਰਹਿਣ ਦੀ ਮੱਤ ਦਿੰਦਾ ਹੈ ਤਾਂ ਉਹ ਮੌਕਾ ਆਉਣ ‘ਤੇ ਉਨ੍ਹਾਂ ਦਾ ਹੱਥ ਕਿਉਂ ਨਹੀਂ ਫੜਦਾ? ਇਸ ਫਿਲਮ ਦਾ ਮੁੱਖ ਕਿਰਦਾਰ ਪਾਦਰੀ ਹੋਣ ਕਾਰਨ ਉਸ ਲਈ ਇਹ ਸਾਰੇ ਸਵਾਲ ਬਹੁਤ ਅਹਿਮ ਹੋ ਜਾਂਦੇ ਹਨ। ਉਹ ਰੱਬ ‘ਤੇ ‘ਵਿਸ਼ਵਾਸ’ ਕਰਨ ਵਾਲਿਆਂ ਦੀ ਜ਼ਿੰਦਗੀ ਵਿਚ ਆਈਆਂ ਦੁਸ਼ਵਾਰੀਆਂ ਅਤੇ ਉਲਝਣਾਂ ਵਿਚ ਫਸੇ ਲੋਕਾਂ ਦੀ ਮਦਦ ਲਈ ਕਿਸ ਨੂੰ ਪੁਕਾਰੇ? ਉਸ ਕੋਲ ਮੌਤ ਅਤੇ ਬਿਮਾਰੀਆਂ ਦੀ ਜ਼ੱਦ ਵਿਚ ਆਏ ਲੋਕਾਂ ਦੇ ਦਰਦਾਂ ਦਾ ਕੀ ਹੱਲ ਹੈ? ਜੇ ਰੱਬ ਨੇ ‘ਚੁੱਪ’ ਹੀ ਰਹਿਣਾ ਹੈ ਤਾਂ ਉਸ ਅੱਗੇ ਕੀਤੀਆਂ ਦੁਆਵਾਂ ਅਤੇ ਪ੍ਰਾਰਥਨਾਵਾਂ ਦਾ ਕੀ ਅਰਥ ਰਹਿ ਜਾਂਦਾ ਹੈ? ਕੀ ਉਸ ਕੋਲ ਮਨੁੱਖਤਾ ਨੂੰ ਦੇਣ ਲਈ ਕੋਈ ਉਮੀਦ ਨਹੀਂ ਬਚੀ? ਕੀ ਰੱਬ ਬੰਦਿਆਂ ਦੇ ਦੁੱਖਾਂ ਨੂੰ ਹੱਲ ਕਰਨ ਤੋਂ ਮੁਨਕਰ ਹੈ? ਫਿਰ ਕੌਣ ਹੈ ਜੋ ਉਸ ਨੂੰ ਸਰਵ-ਵਿਆਪਕ ਤੇ ਸਰਵ-ਸਮਰੱਥ ਮੰਨਦਾ ਹੈ? ਕੀ ਦੁਨੀਆ ਨੂੰ ਇਸ ਵੱਡੇ ਭੁਲੇਖੇ ਤੋਂ ਬਚਾਇਆ ਨਹੀਂ ਜਾ ਸਕਦਾ?
ਫਿਲਮ ਵਿਚ ਪਾਦਰੀ ਇਸ ਗੱਲ ਪਿੱਛੇ ਪ੍ਰੇਸ਼ਾਨ ਹੈ ਕਿ ਦਿਹਾਤੀ ਖੇਤਰ ਦੇ ਚਰਚ ਵਿਚ ਆਉਣ ਵਾਲੇ ਸ਼ਰਧਾਲੂਆਂ ਦੀ ਗਿਣਤੀ ਦਿਨੋ-ਦਿਨ ਘਟ ਰਹੀ ਹੈ ਅਤੇ ਇਸ ਦੇ ਨਾਲ-ਨਾਲ ਆਮ ਲੋਕਾਂ ਦੀ ਜ਼ਿੰਦਗੀ ਵਿਚ ਪ੍ਰੇਸ਼ਾਨੀਆਂ ਦਾ ਗਰਾਫ ਦਿਨੋ-ਦਿਨ ਉਪਰ ਜਾ ਰਿਹਾ ਹੈ। ਜਿਸ ਦਿਨ ਇਸ ਫਿਲਮ ਦੀ ਸ਼ੂਟਿੰਗ ਹੋ ਰਹੀ ਹੈ, ਉਸ ਦਿਨ ਵੀ ਚਰਚ ਵਿਚ ਸਿਰਫ ਪੰਜ ਲੋਕ ਹਨ ਜਿਨ੍ਹਾਂ ਵਿਚੋਂ ਕਿਸੇ ਦੇ ਵੀ ਚਿਹਰੇ ‘ਤੇ ਖੁਸ਼ੀ ਅਤੇ ਤਸੱਲੀ ਦਾ ਨਾਮੋ-ਨਿਸ਼ਾਨ ਨਹੀਂ। ਇਹ ਪਾਦਰੀ ਨੂੰ ਜ਼ਿਹਨੀ ਤੌਰ ‘ਤੇ ਕਈ ਦਿਨਾਂ ਤੋਂ ਲਗਾਤਾਰ ਹੈਰਾਨ ਕਰ ਰਿਹਾ ਹੈ। ਕੀ ਉਸ ਦੁਆਰਾ ਲੋਕਾਂ ਦੀ ਭਲਾਈ ਅਤੇ ਸੁਖ ਲਈ ਕੀਤੀਆਂ ਦੁਆਵਾਂ ਕਿਸੇ ਅੰਨ੍ਹੇ ਖੂਹ ਵਿਚ ਉਤਰ ਰਹੀਆਂ ਹਨ? ਜੇ ਉਸ ਦੀ ਕੀਤੀ ਸੇਵਾ ਨਾਲ ਲੋਕਾਂ ਦੇ ਦਰਦਾਂ ਦਾ ਇਲਾਜ ਹੀ ਨਹੀਂ ਹੋ ਰਿਹਾ ਤਾਂ ਉਹ ਹੁਣ ਤੱਕ ਕਿਸ ਭਰਮ ਤਹਿਤ ਲੋਕਾਂ ਨੂੰ ਲਗਾਤਾਰ ਰੱਬ ‘ਤੇ ਯਕੀਨ ਕਰਨ ਲਈ ਪ੍ਰੇਰਦਾ ਰਿਹਾ ਹੈ? ਇਸ ਨਾਲ ਉਸ ਨੂੰ ਇਹ ਵੀ ਮਹਿਸੂਸ ਹੁੰਦਾ ਹੈ ਕਿ ਕਿਤੇ ਇਹ ਤਾਂ ਨਹੀਂ ਕਿ ਰੱਬ ਕਿਤੇ ਹੈ ਹੀ ਨਹੀਂ ਅਤੇ ਉਸ ਨੇ ਸਾਰੀ ਉਮਰ ਝੂਠ ਹੀ ਜੀਵਿਆ ਹੈ। ਇਨ੍ਹਾਂ ਸਾਰੀਆਂ ਦਲੀਲਾਂ ਦਾ ਬੋਝ ਉਸ ਦੀ ਆਤਮਾ ‘ਤੇ ਲਗਾਤਾਰ ਹਥੌੜਿਆਂ ਵਾਂਗ ਵੱਜ ਰਿਹਾ ਹੈ ਅਤੇ ਉਸ ਨੂੰ ਅਜਿਹੇ ਰੱਬ ਨਾਲ ਨਜਿੱਠਣ ਲਈ ਉਕਸਾ ਰਿਹਾ ਹੈ।
ਰੱਬ ਤੋਂ ਬਾਅਦ ਉਸ ਦਾ ਦੂਜਾ ਵੱਡਾ ਮੁਕੱਦਮਾ ਪਿਆਰ ਨਾਲ ਹੈ। ਉਸ ਦੀ ਪ੍ਰੇਮਿਕਾ ਦਾ ਪਿਆਰ ਉਸੇ ਕੁਰਬਾਨੀ ਦੀ ਭਾਵਨਾ ਅਤੇ ਆਦਰਸ਼ਵਾਦ ਨੂੰ ਪ੍ਰਨਾਇਆ ਹੋਇਆ ਹੈ ਜਿਸ ਨੂੰ ਪ੍ਰਨਾਉਣ ਦੀ ਮੱਤ ਉਹ ਰੋਜ਼ ਲੋਕਾਂ ਨੂੰ ਦਿੰਦਾ ਹੈ ਪਰ ਧੁਰ ਅੰਦਰੋਂ ਉਸ ਨੂੰ ਇੰਨਾ ਜ਼ਿਆਦਾ ਉਚਾ-ਸੁੱਚਾ ਤੇ ਪਵਿੱਤਰ ਪਿਆਰ ਤਾਂ ਪਸੰਦ ਹੀ ਨਹੀਂ। ਇਥੇ ਉਸ ਦਾ ਸਭਿਅਤਾ ਦੇ ਰੱਬ ਬਾਰੇ ਸੋਚੇ-ਸਮਝੇ ਅਤੇ ਵਿਚਾਰੇ ਅਕੀਦਿਆਂ ਤੇ ਕਾਇਦਿਆਂ ਨਾਲ ਸਿੱਧਾ ਟਕਰਾਉ ਹੁੰਦਾ ਹੈ। ਉਸ ਨੂੰ ਜਾਪਦਾ ਹੈ ਕਿ ਇਨ੍ਹਾਂ ਵਿਚੋਂ ਬਹੁਤੇ ਆਦਰਸ਼ ਅਤੇ ਪਵਿਤਰ ਸ਼ਬਦ ਤਾਂ ਕਦੋਂ ਦੇ ਆਪਣੀ ਸਾਰਥਕਤਾ ਗੁਆ ਚੁੱਕੇ ਹਨ। ਫਿਰ ਦੁਨੀਆ ਭਰ ਦੇ ‘ਰੱਬ ਦੇ ਘਰਾਂ’ ਵਿਚ ਸਦੀਆਂ ਤੋਂ ਲੋਕ ਇਨ੍ਹਾਂ ਸ਼ਬਦਾਂ ਰਾਹੀਂ ਕਿਹੜੀਆਂ ਅਰਜੋਈਆਂ ਕਰ ਰਹੇ ਹਨ? ਉਹ ਇਸ ਆਤਮਿਕ ਕੰਗਾਲੀ ਨੂੰ ਸੰਬੋਧਿਤ ਹੋਣਾ ਚਾਹੁੰਦਾ ਹੈ ਅਤੇ ਪ੍ਰਵਚਨਾਂ ਤੇ ਹਕੀਕਤ ਵਿਚਲਾ ਫਾਸਲਾ ਮੇਟਣਾ ਚਾਹੁੰਦਾ ਹੈ।
ਬਹੁਤ ਸਾਰੇ ਆਲੋਚਕਾਂ ਅਨੁਸਾਰ ਇਹ ਬਰਗਮੈਨ ਦੀ ਆਤਮ-ਮੰਥਨ ਵਾਲੀ ਫਿਲਮ ਹੈ ਜਿਸ ਵਿਚ ਉਹ ‘ਰੱਬ’, ‘ਸ਼ਰਧਾ’ ਤੇ ‘ਵਿਸ਼ਵਾਸ’ ਵਰਗੀਆਂ ਧਾਰਨਾਵਾਂ ਦੀ ਚੀਰ-ਫਾੜ ਕਰਦਾ ਹੈ ਅਤੇ ਅੰਤਿਮ ਫੈਸਲਾ ਦਰਸ਼ਕਾਂ ਉਪਰ ਸੁੱਟ ਦਿੰਦਾ ਹੈ। ਫਿਲਮ ਵਿਚ ਬਹੁਤ ਕੁਝ ਅਣਘੜ ਤੇ ਅਣ-ਬਿਆਨਿਆ ਹੈ। ਬਹੁਤ ਸਾਰੇ ਦ੍ਰਿਸ਼ ਅਤੇ ਸ਼ਬਦ ਆਪਣੇ ਅਰਥਾਂ ਤੋਂ ਪਾਰ ਜਾਂਦੇ ਹਨ ਤੇ ਸੋਚਣ ਲਈ ਮਜਬੂਰ ਕਰਦੇ ਹਨ। ਫਿਲਮ ਦੀ ਬਣਤਰ ਵਿਚ ਬੰਦੇ ਦੀ ਹੋਂਦ ਪੂਰੀ ਕਾਇਨਾਤ ਦੇ ਮੁਕਾਬਲੇ ਹਾਸੋਹੀਣੀ ਤੇ ਉਸ ਦੁਆਰਾ ਆਪਣੇ ਲਈ ਸਿਰਜੀਆਂ ਨਿਹੱਥੀਆਂ ਉਮੀਦਾਂ ਤੇ ਸੁਪਨਿਆਂ ਵਿਚ ਘਿਰੀ ਮਿਲਦੀ ਹੈ। ਬੰਦਾ ਸਾਰੀ ਕਾਇਨਾਤ ਵਿਚ ਖੁਦ ਨੂੰ ਧੁਰੀ ਮੰਨਣ ਦਾ ਭਰਮ ਪਾਲਦਾ ਇਹ ਭੁੱਲ ਜਾਂਦਾ ਹੈ ਕਿ ਉਹ ਮੌਤ ਅਤੇ ਪਿਆਰ ਨਾਲ ਭਸਮ ਹੋਣ ਲਈ ਸਰਾਪਿਆ ਹੋਇਆ ਹੈ। ਫਿਲਮ ਵਿਚ ਚਰਚ ਜਾਣ ਵਾਲਾ ਬੰਦਾ ਜੋ ਬਾਅਦ ਵਿਚ ਖੁਦਕੁਸ਼ੀ ਕਰਦਾ ਹੈ, ਇਹ ਸੋਚ ਕੇ ਹੈਰਾਨ-ਪ੍ਰੇਸ਼ਾਨ ਹੈ ਕਿ ਚੀਨ ਨੇ ਪਰਮਾਣੂ ਹਥਿਆਰ ਬਣਾ ਲਏ ਹਨ ਤੇ ਰੱਬ ਉਸ ਨੂੰ ਰੋਕਣ ਵਿਚ ਅਸਮਰੱਥ ਹੈ। ਇਹ ਖਬਰ ਉਸ ਦਾ ਇਨਸਾਫ ਅਤੇ ਰੱਬੀ ਸ਼ਕਤੀ ਵਿਚ ਵਿਸ਼ਵਾਸ ਉਠਾਉਣ ਲਈ ਕਾਫੀ ਹੈ, ਤੇ ਇਸੇ ਨਾ-ਉਮੀਦੀ ਵਿਚ ਉਹ ਆਤਮ-ਹੱਤਿਆ ਕਰ ਲੈਂਦਾ ਹੈ।
ਫਿਲਮ ਵਿਚ ਬਰਗਮੈਨ ਦੀ ਕਲਾਤਮਿਕ ਸਚਾਈ ਦਾ ਮੁਕਾਬਲਾ ਸੈਮੂਅਲ ਬੈਕੇਟ ਦੇ ਡਰਾਮਿਆਂ ਨਾਲ ਕੀਤਾ ਜਾ ਸਕਦਾ ਹੈ ਜਿਨ੍ਹਾਂ ਅੰਦਰ ਬੇਚੈਨੀ ਅਤੇ ਨਾ-ਉਮੀਦੀ ਕਿਰਦਾਰਾਂ ਤੋਂ ਉਨ੍ਹਾਂ ਤੋਂ ਜ਼ਿੰਦਗੀ ਜਿਊਣ ਦਾ ਢੰਗ ਹੀ ਖੋਹ ਲੈਂਦੀ ਹੈ। ਉਹ ਉਦਾਸੀਨ ਉਦਾਸੀ ਵਲ ਧੱਕੇ ਜਾਂਦੇ ਹਨ ਅਤੇ ਇੰਤਜ਼ਾਰ ਦੀ ਲਗਾਤਾਰਤਾ ਉਨ੍ਹਾਂ ਤੋਂ ਜ਼ਿੰਦਗੀ ਦੀ ਖੂਬਸੂਰਤੀ ਖੋਹ ਲੈਂਦੀ ਹੈ। ਬਰਗਮੈਨ ਆਪਣੇ ਕਿਰਦਾਰਾਂ ਰਾਹੀਂ ਧਰਮ ਅਤੇ ਵਿਸ਼ਵਾਸ ਵਰਗੇ ਵੱਡੇ ਵਰਤਾਰਿਆਂ ਨੂੰ ਸੰਬੋਧਿਤ ਹੁੰਦਾ ਹੈ। ਹਰ ਪਾਸੇ ਸਵਾਲ ਹੀ ਸਵਾਲ ਹਨ ਪਰ ਜਵਾਬ ਕਿਤੇ ਖੋਅ ਗਏ ਹਨ ਤੇ ਰੱਬ ਚੁੱਪ ਹੈ!