ਫਿਲਮ ‘ਮਿਰਜ਼ਾ ਸਾਹਿਬਾਂ’ ਵਾਲਾ ਤਿਰਲੋਕ ਕਪੂਰ

ਮਨਦੀਪ ਸਿੰਘ ਸਿੱਧੂ
ਭਾਰਤੀ ਫਿਲਮਾਂ ਦੇ ਅਦਾਕਾਰ ਤਿਰਲੋਕ ਕਪੂਰ ਦੀ ਪੈਦਾਇਸ਼ 12 ਫਰਵਰੀ 1912 ਨੂੰ ਮੁਲਤਾਨ (ਪੰਜਾਬ) ਦੇ ਪੰਜਾਬੀ ਖੱਤਰੀ ਪਰਿਵਾਰ ਵਿਚ ਹੋਈ। ਉਂਜ ਉਹ ਪਿਸ਼ੌਰ (ਪਿਸ਼ਾਵਰ) ਦੇ ਸਤਿਕਾਰਤ ਕਪੂਰ ਘਰਾਣੇ ਨਾਲ ਵਾਬਸਤਾ ਸਨ। ਇਨ੍ਹਾਂ ਦੇ ਪਿਤਾ ਬਸ਼ੇਸ਼ਵਰ ਨਾਥ ਕਪੂਰ ਪਿਸ਼ਾਵਰ ਸ਼ਹਿਰ ਵਿਚ ਭਾਰਤੀ ਇੰਪੀਰੀਅਲ ਪੁਲਿਸ ਵਿਚ ਅਧਿਕਾਰੀ ਅਤੇ ਦਾਦਾ ਜੀ ਤਹਿਸੀਲਦਾਰ ਸਨ। ਤਿਰਲੋਕ ਦੇ ਵੱਡੇ ਭਰਾ ਪ੍ਰਿਥਵੀਰਾਜ ਕਪੂਰ ਫਿਲਮ ਅਦਾਕਾਰ ਸਨ।

ਤਿਰਲੋਕ ਨੇ ਇੰਟਰ-ਮੀਡੀਏਟ ਤਕ ਤਾਲੀਮ ਪਿੰਡ ਸਮੁੰਦਰੀ (ਜ਼ਿਲ੍ਹਾ ਲਾਇਲਪੁਰ) ਤੋਂ ਹਾਸਲ ਕੀਤੀ। ਪਿਤਾ ਦੇ ਭੇਜਣ ‘ਤੇ ਉਹ 17 ਜਨਵਰੀ 1933 ਨੂੰ ਇੰਡੀਅਨ ਨੈਸ਼ਨਲ ਥੀਏਟਰ ਨਾਲ ਕਲਕੱਤੇ ਪਹੁੰਚੇ। ਉਥੇ ਉਹ ਆਪਣੇ ਵੱਡੇ ਭਰਾ ਪ੍ਰਿਥਵੀਰਾਜ ਕਪੂਰ ਜ਼ਰੀਏ ਰਾਧਾ ਫਿਲਮ ਕੰਪਨੀ ਵਿਚ ਸ਼ੂਟਿੰਗ ਦੇਖਣ ਗਏ ਜਿੱਥੇ ਸਬਬੀ ਉਸ ਦੀ ਮੁਲਾਕਾਤ ਹਿਦਾਇਤਕਾਰ ਪ੍ਰਫੁੱਲ ਘੋਸ਼ ਨਾਲ ਹੋਈ। ਉਨ੍ਹਾਂ ਦੇਖਿਆ ਤੇ ਸੋਚਿਆ ਕਿ ਇਹ ਸੁਨੱਖਾ ਗੱਭਰੂ ਫਿਲਮੀ ਦੁਨੀਆ ਦਾ ਚੰਗਾ ਸਿਤਾਰਾ ਬਣ ਸਕਦਾ ਹੈ। ਲਿਹਾਜ਼ਾ ਉਸੇ ਵੇਲੇ ਉਨ੍ਹਾਂ ਨੇ ਆਪਣੀ ਨਵੀਂ ਬਣ ਰਹੀ ਫਿਲਮ ਲਈ ਹੀਰੋ ਵਜੋਂ ਚੁਣ ਲਿਆ।
ਪ੍ਰਫੁੱਲ ਘੋਸ਼ ਨੇ ਹਿੰਦੀ ਫਿਲਮ ‘ਚਾਰ ਦਰਵੇਸ਼’ (1933) ਬਣਾਈ ਤਾਂ ਤਿਰਲੋਕ ਕਪੂਰ ਨੂੰ ਨਵੇਂ ਹੀਰੋ ਵਜੋਂ ਪੇਸ਼ ਕੀਤਾ। ਫਿਲਮ ‘ਚ ਉਸ ਨਾਲ ਅਦਾਕਾਰਾ ਕਾਨਨ ਦੇਵੀ ਹੀਰੋਇਨ ਦਾ ਕਿਰਦਾਰ ਨਿਭਾਇਆ। ਧਾਰਮਿਕ ਫਿਲਮ ‘ਸੀਤਾ’ (1934) ਵਿਚ ਤਿਰਲੋਕ ਕਪੂਰ ਨੇ ‘ਲਵ’ ਦਾ ਪਾਰਟ ਕੀਤਾ ਜਦੋਂ ਕਿ ਵੱਡਾ ਭਰਾ ਪ੍ਰਿਥਵੀਰਾਜ ‘ਰਾਮ’ ਅਤੇ ਦੁਰਗਾ ਖੋਟੇ ‘ਸੀਤਾ’ ਦਾ ਟਾਈਟਲ ਰੋਲ ਅਦਾ ਕਰ ਰਹੀ ਸੀ। ਫਿਲਮ ‘ਵਾਮਕ ਅਜ਼ਰਾ’ ਉਰਫ ‘ਸੱਚੀ ਮੁਹੱਬਤ’ (1935) ‘ਚ ਤਿਰਲੋਕ ਕਪੂਰ ਤੇ ਇੰਦਰਾ ਦੇਵੀ ਦੀ ਜੋੜੀ ਸੀ। ਫਿਲਮ ‘ਸੈਕਰੇਟਰੀ’ (1938) ਵਿਚ ਤਿਰਲੋਕ ਕਪੂਰ ਨਾਲ ਅਦਾਕਾਰਾ ਮਾਧੁਰੀ ਕੰਮ ਕਰ ਰਹੀ ਸੀ। ਇਹ ਫਿਲਮ 17 ਫਰਵਰੀ 1938 ਨੂੰ ਲਾਹੌਰ ਵਿਖੇ ਰਿਲੀਜ਼ ਹੋਈ। ਫਿਲਮ ‘ਮੇਰੀ ਆਂਖੇਂ’ (1939) ‘ਚ ਤਿਰਲੋਕ ਕਪੂਰ ਮਜ਼ਹਰ ਖਾਨ ਤੇ ਈਸ਼ਵਰ ਲਾਲ ਨਾਲ ਸਹਾਇਕ ਅਦਾਕਾਰ ਵਜੋਂ ਆਇਆ। ‘ਅਨੁਰਾਧਾ’ (1940) ‘ਚ ਮਾਯਾ ਬੈਨਰਜੀ ਉਹਦੇ ਨਾਲ ਸੀ। ‘ਪਾਗਲ’ (1940) ‘ਚ ਉਹਨੇ ਪ੍ਰਿਥਵੀਰਾਜ ਨਾਲ ‘ਡਾ. ਦਲੀਪ’ ਦਾ ਕਿਰਦਾਰ ਨਿਭਾਇਆ। ‘ਸ਼ਾਹਜ਼ਾਦੀ’ (1941) ਵਿਚ ਤਿਰਲੋਕ ਅਦਾਕਾਰਾ ਮਿਸ ਪ੍ਰਮਿਲਾ ਨਾਲ ਅਦਾਕਾਰੀ ਕਰ ਰਹੇ ਸਨ। ‘ਰਾਏ ਸਾਹਬ’ (1942) ਜਿਸ ਦਾ ਟਾਈਟਲ ਰੋਲ ਜਗਦੀਸ਼ ਸੇਠੀ ਨੇ ਨਿਭਾਇਆ, ਵਿਚ ਤਿਰਲੋਕ ਕਪੂਰ ਦੇ ਸਨਮੁਖ ਅਦਾਕਾਰਾ ਕੌਸ਼ੱਲਿਆ ਸੀ। ‘ਆਂਖ ਕੀ ਸ਼ਰਮ’ (1943) ‘ਚ ਇਕ ਵਾਰ ਫਿਰ ਤਿਰਲੋਕ ਅਤੇ ਕੌਸ਼ੱਲਿਆ ਦੀ ਜੋੜੀ ਸੀ ਅਤੇ ਵੱਡਾ ਭਰਾ ਪ੍ਰਿਥਵੀਰਾਜ ਵੀ ਚਰਿੱਤਰ ਅਦਾਕਾਰ ਵਜੋਂ ਮੌਜੂਦ ਸੀ।
ਇਸ ਤੋਂ ਬਾਅਦ ਤਿਰਲੋਕ ਕਪੂਰ ਨੇ ਜਿਨ੍ਹਾਂ ਫਿਲਮਾਂ ਵਿਚ ਮਰਕਜ਼ੀ ਕਿਰਦਾਰ ਨਿਭਾਏ, ਉਨ੍ਹਾਂ ਵਿਚ ‘ਬਦਲਤੀ ਦੁਨੀਆ’ (1943), ‘ਕੋਸ਼ਿਸ਼’ (1943), ‘ਰਾਹਗੀਰ’ (1943), ‘ਵਕੀਲ ਸਾਹੇਬ’ (1943), ‘ਅਮਰ ਰਾਜ’ (1946), ‘ਗਵਾਲਨ’ (1946) ਸ਼ਾਮਲ ਹਨ। ਉਂਜ, ਜਿਸ ਫਿਲਮ ਨੇ ਤਿਰਲੋਕ ਕਪੂਰ ਨੂੰ ਸ਼ੁਹਰਤ ਦੇ ਸਿਖਰ ‘ਤੇ ਬਿਠਾ ਦਿੱਤਾ, ਉਹ ਸੀ ‘ਮਿਰਜ਼ਾ ਸਾਹਿਬਾਂ’ (1947)। ਫਿਲਮ ਵਿਚ ਤਿਰਲੋਕ ਨੇ ਮਿਰਜ਼ੇ ਦਾ ਅਤੇ ਅਦਾਕਾਰਾ ਨੂਰਜਹਾਂ ਨੇ ਸਾਹਿਬਾਂ ਦੇ ਕਿਰਦਾਰ ਅਦਾ ਕੀਤੇ। ‘ਹਰ ਹਰ ਮਹਾਦੇਵ’ (1950) ‘ਚ ਤਿਰਲੋਕ ਕਪੂਰ ਨੇ ਸ਼ਿਵ ਅਤੇ ਨਿਰੂਪਾ ਰਾਏ ਨੇ ਪਾਰਬਤੀ ਦਾ ਕਿਰਦਾਰ ਨਿਭਾਇਆ। ਉਹ ਸ਼ਿਵ ਦੇ ਕਿਰਦਾਰ ਵਿਚ ਅਜਿਹੇ ਫਿੱਟ ਹੋਏ ਕਿ ਉਨ੍ਹਾਂ ਨੂੰ ਰੁਮਾਨੀ ਅਤੇ ਸਮਾਜੀ ਕਿਰਦਾਰ ਮਿਲਣੇ ਬੰਦ ਹੋ ਗਏ; ਇਥੋਂ ਤਕ ਕਿ ਲੋਕਾਂ ਨੇ ਉਨ੍ਹਾਂ ਦੀ ਆਰਤੀ ਉਤਾਰਨੀ ਸ਼ੁਰੂ ਕਰ ਦਿੱਤੀ।
ਬੇਸ਼ੱਕ ਤਿਰਲੋਕ ਕਪੂਰ ਦੁਆਰਾ ਨਿਭਾਏ ਸ਼ਾਨਦਾਰ ਕਿਰਦਾਰਾਂ ਸਦਕਾ ਉਨ੍ਹਾਂ ‘ਤੇ ਭਗਵਾਨ ਸ਼ੰਕਰ ਦਾ ਠੱਪਾ ਲੱਗ ਗਿਆ ਪਰ ਉਹ ਗਾਹੇ-ਬਗਾਹੇ ਰੁਮਾਨੀ ਫਿਲਮਾਂ ਵੀ ਕਰਦੇ ਰਹੇ। ਇਨ੍ਹਾਂ ਵਿਚ ‘ਏਕ ਤੇਰੀ ਨਿਸ਼ਾਨੀ’, ‘ਪਿਆਰ ਕੀ ਬਾਤੇਂ’, ‘ਲਾਡਲਾ’, ‘ਵਤਨ’ ਆਦਿ ਸ਼ਾਮਲ ਹਨ। ਦਾਰਾ ਸਿੰਘ ਦੀ ਧਾਰਮਿਕ ਪੰਜਾਬੀ ਫਿਲਮ ‘ਸਵਾ ਲਾਖ ਸੇ ਏਕ ਲੜਾਊਂ’ (1976) ਵਿਚ ਤਿਰਲੋਕ ਕਪੂਰ ਨੇ ਗਫੂਰ ਖਾਨ’ ਦਾ ਸੋਹਣਾ ਪਾਰਟ ਅਦਾ ਕੀਤਾ। ਤਿਰਲੋਕ ਕਪੂਰ ਦੀ ਆਖਰੀ ਹਿੰਦੀ ਫਿਲਮ ‘ਸਾਯਾ’ (1988) ਸੀ। ਆਖਰੀ ਸਾਹਾਂ ਤਕ ਅਦਾਕਾਰੀ ਨੂੰ ਸਮਰਪਿਤ ਰਿਹਾ ਤਿਰਲੋਕ ਕਪੂਰ 23 ਦਸੰਬਰ 1988 ਨੂੰ 76 ਸਾਲਾਂ ਦੀ ਉਮਰ ਵਿਚ ਬੰਬਈ ਵਿਖੇ ਦਿਲ ਦਾ ਦੌਰਾ ਪੈਣ ਨਾਲ ਫੌਤ ਹੋ ਗਿਆ।