ਸਿੱਖਿਆ ਬੋਰਡ ਦੀ ਪ੍ਰਾਪਤੀ-ਡਾ. ਯੋਗਰਾਜ

ਨਿੰਦਰ ਘੁਗਿਆਣਵੀ
ਪਟਿਆਲਾ ਯੂਨੀਵਰਸਿਟੀ ਵਾਲੇ ਪ੍ਰੋ. ਯੋਗਰਾਜ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਵਜੋਂ ਵੱਕਾਰੀ ਅਹੁਦਾ ਸੰਭਾਲਿਆ ਹੈ। ਪੰਜਾਬ ਦੇ ਵਿਦਵਾਨ ਤੇ ਬੁੱਧੀਜੀਵੀ ਦਿਲੋਂ ਪ੍ਰਸੰਨ ਹੋਏ ਹਨ ਤੇ ਜਿਹਨੇ ਕਿਸੇ ਨੇ ਮੱਚਣਾ-ਭੁੱਜਣਾ ਸੀ, ਉਹ ਵੀ ਅੰਦਰੋਂ-ਅੰਦਰੀਂ ਮੱਚੇ-ਭੁੱਜੇ ਹਨ, ਪਰ ਇਹੋ ਜਿਹਿਆਂ ਦੀ ਗਿਣਤੀ ਥੋੜ੍ਹੀ ਹੈ ਤੇ ਡਾ. ਯੋਗਰਾਜ ਨੂੰ ਪਿਆਰਨ-ਸਤਿਕਾਰਨ ਵਾਲਿਆਂ ਦੀ ਗਿਣਤੀ ਵਾਧੂ ਹੈ। ਮੈਂ ਵਧਾਈ ਦੇਣ ਵਿਚ ਪਛੜ ਗਿਆ। ਸੋਚਿਆ ਕਿ ਜਦ ਹੋਰ ਲੋਕ ਵਧਾਈਆਂ ਦੇ ਹਟੇ, ਤਾਂ ਫਿਰ ਚਾਰ ਸ਼ਬਦ ਲਿਖਾਂਗਾ।

ਡਾ. ਯੋਗਰਾਜ ਮੈਨੂੰ ਪਟਿਆਲੇ ਯੂਨੀਵਰਸਿਟੀ ਦੇ ਸਮਾਗਮਾਂ, ਸੈਮੀਨਾਰਾਂ ਤੇ ਆਮ ਤੌਰ ‘ਤੇ ਮਿਲ ਪੈਂਦੇ। ਬਾਅਦ ਵਿਚ ਜਦ ਇੱਕ ਦਿਨ ਉਨ੍ਹਾਂ ਦੱਸਿਆ ਕਿ ਆਪਾਂ ਤਾਂ ਗੁਆਂਢੀ ਪਿੰਡਾਂ ਦੇ ਆਂ। ਖੁਸ਼ੀ ਹੋਈ ਸੀ ਸੁਣ ਕੇ ਤੇ ਇਹ ਵੀ ਅਹਿਸਾਸ ਹੋ ਗਿਆ ਸੀ ਕਿ ਉਹ ਇਸੇ ਕਾਰਨ ਵੀ ਮੇਰੇ ਨਾਲ ਹਿਤ ਕਰਦੇ ਨੇ ਤੇ ਮੋਹ ਦਿੰਦੇ ਹਨ। ਉਨ੍ਹੀਂ ਦਿਨੀਂ ਉਹ ਪੰਜਾਬੀ ਵਿਕਾਸ ਵਿਭਾਗ ਵਿਚ ਕਾਰਜਸ਼ੀਲ ਸਨ (ਬਾਅਦ ਵਿਚ ਤਾਂ ਇਸ ਵਿਭਾਗ ਦੇ ਮੁਖੀ ਵੀ ਰਹੇ), ਵਿਭਾਗ ਮੇਰੀ ਇਕ ਕਿਤਾਬ ਪ੍ਰਕਾਸ਼ਿਤ ਕਰ ਰਿਹਾ ਸੀ ਤੇ ਵਿਭਾਗ ਦੀ ਇਕ ਪ੍ਰੋਫੈਸਰਨੀ ‘ਖਾਹ-ਮਖਾਹ’ ਅੜਿੱਕਾ ਡਾਹ ਰਹੀ ਸੀ। ਜਦ ਡਾ. ਯੋਗਰਾਜ ਨੂੰ ਪਤਾ ਲੱਗਾ ਤਾਂ ਉਨ੍ਹਾਂ ‘ਖਰੀਆਂ ਖਰੀਆਂ’ ਸੁਣਾ ਦਿੱਤੀਆਂ।
ਖਰੀਆਂ ਖਰੀਆਂ ਸੁਣਾਉਣ ਤੋਂ ਚੇਤਾ ਆਇਆ ਹੈ, ਹਾਲੇ ਸਾਲ, ਡੇਢ ਸਾਲ ਦੀ ਹੀ ਗੱਲ ਹੈ। ਪੰਜਾਬੀ ਭਾਸ਼ਾ ਦੇ ਮੁੱਦੇ ਉਤੇ ਇਕ ਸਰਕਾਰੀ ਮੀਟਿੰਗ ਸੀ ਤੇ ਉਸ ਵਿਚ ਡਾ. ਯੋਗਰਾਜ ਵੀ ਹਾਜ਼ਰ ਸੀ। ਸ਼ ਬਾਦਲ ਦੇ ਪ੍ਰਿੰਸੀਪਲ ਸੈਕਟਰੀ ਰਹੇ ਐਸ਼ ਕੇ. ਸੰਧੂ (ਆਈ. ਏ. ਐਸ਼) ਵੀ ਭਾਸ਼ਾ ਸਕੱਤਰ ਵਜੋਂ ਬੈਠੇ ਹੋਏ ਸਨ। ਉਨ੍ਹਾਂ ਕਿਹਾ ਕਿ ਪੰਜਾਬੀ ਬੋਲੀ ਲਈ ‘ਆਹ ਕਰਨਾ ਚਾਹੀਦਾ, ਅਹੁ ਕਰਨਾ ਚਾਹੀਦਾ।’ ਯੋਗਰਾਜ ਤੋਂ ਰਿਹਾ ਨਾ ਗਿਆ, ਉਸ ਬੜੀ ਦਲੇਰੀ ਨਾਲ ਆਖਿਆ ਕਿ ਜਦ ਉਹ ਮੁੱਖ ਮੰਤਰੀ (ਸ਼ ਬਾਦਲ) ਨਾਲ ਵੱਡੇ ਅਹੁਦੇ ਉਤੇ ਤਾeਨਾਤ ਸੀ, ਉਦੋਂ ਇਹ ਗੱਲਾਂ ਚੇਤੇ ਕਿਉਂ ਨਾ ਆਈਆਂ? ਅੱਜ ਕਿਉਂ ਆਈਆਂ? ਇਸ ਦਾ ਮਤਲਬ ਕਿ ਤੁਸੀਂ ਲੋਕ ਅਹੁਦਿਆਂ ਉਤੇ ਹੁੰਦਿਆਂ ਭੁੱਲ ਜਾਂਦੇ ਓ ਤੇ ਬਾਅਦ ਵਿਚ ਹੀ ਗੱਲਾਂ ਚੇਤੇ ਆਉਂਦੀਆਂ ਨੇ? ਉਸ ਦੀ ਇਸ ਮੂੰਹ ‘ਤੇ ਕਹਿਣੀ ਤੇ ਕਰਨੀ ਦੀ ਚਰਚਾ ਵਿਦਵਾਨਾਂ ਤੇ ਅਫਸਰੀ ਖੇਮਿਆਂ ਵਿਚ ਖਾਸੀ ਹੁੰਦੀ ਰਹੀ ਸੀ।
ਸਾਡੇ ਵਿਦਵਾਨ ਆਮ ਤੌਰ ‘ਤੇ ਵੱਡੇ ਅਹੁਦਿਆਂ ਉਤੇ ਬਹਿ ਕੇ ‘ਮੀਸਕ ਮੀਣੇ’ ਬਣ ਜਾਂਦੇ ਨੇ, ਪਰ ਯੋਗਰਾਜ ਗੜ੍ਹਕਦਾ ਹੈ ਤੇ ਖੜਕਦਾ ਹੈ। ਗਲਤ ਗੱਲ ਹੁੰਦੀ ਜਾਂ ਭੈੜਾ ਫੈਸਲਾ ਹੁੰਦਾ ਹੈ-ਕਦੇ ਵੀ, ਕਿਤੇ ਵੀ, ਉਹਦੇ ਤੋਂ ਜਰਿਆ ਨਹੀਂ ਜਾਂਦਾ। (ਸਕੂਲ ਸਿੱਖਿਆ ਵਿਚ ਸੁਧਾਰਾਂ ਵਾਸਤੇ ਉਹ ਜੁਟ ਗਏ ਨੇ ਤੇ ਹੁਣ ਚੰਗੇ ਦਿਨ ਆਵਣਗੇ ਬੋਰਡ ਉਤੇ)।
ਡਾ. ਯੋਗਰਾਜ ਵੱਲੋਂ ਕੀਤੀ ਸਾਹਿਤ ਸਮੀਖਿਆ ਤੇ ਕੁਝ ਪੁਸਤਕਾਂ ਬਾਰੇ ਵੀ ਇੱਥੇ ਚਰਚਾ ਕਰਨੀ ਬਣਦੀ ਹੈ। ਉਨ੍ਹਾਂ ਭਾਈ ਵੀਰ ਸਿੰਘ ਦੀ ਸਮੁੱਚੀ ਕਵਿਤਾ ਸੰਪਾਦਿਤ ਕਰ ਕੇ ਵੱਡਾ ਕੰਮ ਕੀਤਾ। ‘ਚੇਤਨਾ ਦਾ ਉਕਾਬ-ਭਰਥਰੀ’ ਵੀ ਲਾਮਿਸਾਲ ਕਾਰਜ ਹੈ, ਜੋ ਉਹ ਕਈ ਸਾਲ ਨਿਠ ਕੇ ਕਰਦੇ ਰਹੇ ਤੇ ਫਿਰ ਪ੍ਰਕਾਸ਼ਿਤ ਕਰਵਾਇਆ। ਡਾ. ਰਵੀ ਦੀਆਂ ਲਿਖਤਾਂ ਦਾ ਸੰਪਾਦਨ ਕੀਤਾ। ‘ਗੁਲਜ਼ਾਰ ਸੰਧੂ ਦਾ ਕਥਾ ਜਗਤ’ ਕਿਤਾਬ ਨੇ ਸੰਧੂ ਦੀ ਕਹਾਣੀ ਕਲਾ ਨਾਲ ਪੂਰਾ ਪੂਰਾ ਨਿਆਂ ਕੀਤਾ ਹੈ। ਅਨੁਵਾਦ ਕਾਰਜ ਵਿਚ ਹਰੀਸ਼ ਢਿੱਲੋਂ ਦੀਆਂ ਕਹਾਣੀਆਂ ਦਾ ਅੰਗਰੇਜ਼ੀ ਅਨੁਵਾਦ ਕਰਨਾ ਮਿਹਨਤ ਵਾਲਾ ਕਾਰਜ ਸੀ। ‘ਸ਼ਹਾਦਤ ਤੇ ਹੋਰ’ ਬਲਰਾਮ ਦੇ ਨਾਟਕ ਸੰਪਾਦਤ ਕੀਤੇ। ‘ਰਵਿੰਦਰ ਰਵੀ ਦਾ ਸਮੀਖਿਆ ਸਾਸ਼ਤਰ’ ਕਿਤਾਬ ਆਪਣੇ ਆਪ ਵਿਚ ਅਹਿਮ ਹੈ। ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਹੁੰਦਿਆਂ ਕਰੀਬ ਤੀਹ ਕਿਤਾਬਾਂ ਦਾ ਸੰਪਾਦਨ ਕੀਤਾ।
ਸਿੱਖਿਆ ਬੋਰਡ ਦੇ ਚੇਅਰਮੈਨ ਬਣਨ ਤੋਂ ਪਹਿਲਾਂ ਡਾ. ਯੋਗਰਾਜ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਪ੍ਰੋਫੈਸਰ, ਪੰਜਾਬੀ ਵਿਕਾਸ ਵਿਭਾਗ ਦੇ ਮੁਖੀ ਤੇ ਰਜਿਸਟਰਾਰ ਵਜੋਂ ਕੰਮ ਕਰ ਰਹੇ ਸਨ, ਨਾਲ ਹੀ ਉਹ ਡੀਨ ਕਾਲਜ ਵਿਕਾਸ ਪਰਿਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਅਹਿਮ ਅਹੁਦਾ ਵੀ ਸੰਭਾਲ ਰਹੇ ਸਨ। ਉਨ੍ਹਾਂ ਨੇ ਐਮ. ਏ. ਹਿੰਦੀ, ਐਮ. ਏ. ਪੰਜਾਬੀ (ਆਨਰਜ਼), ਮਾਸਟਰ ਇਨ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨਜ਼ ਅਤੇ ਪੀਐਚ .ਡੀ (ਪੰਜਾਬੀ) ਕੀਤੀ ਹੋਈ ਹੈ। ਡਾ. ਯੋਗਰਾਜ ਕੋਲ ਲਗਭਗ 28 ਸਾਲਾਂ ਦਾ ਵਿਸ਼ਾਲ ਸਿੱਖਿਆ ਅਤੇ ਖੋਜ ਅਨੁਭਵ ਹੈ।
ਡਾ. ਯੋਗਰਾਜ ਯੂਨੀਵਰਸਿਟੀ ਦੀਆਂ ਵੱਖ-ਵੱਖ ਖਾਸ ਪ੍ਰਸ਼ਾਸਕੀ ਅਸਾਮੀਆਂ ਜਿਵੇਂ ਡਾਇਰੈਕਟਰ ਮਨੁੱਖੀ ਸਰੋਤ ਵਿਕਾਸ ਪਰਿਸ਼ਦ, ਵਧੀਕ ਡੀਨ ਕਾਲਜ ਵਿਕਾਸ ਪਰਿਸ਼ਦ, ਡਾਇਰੈਕਟਰ ਯੋਜਨਾਬੰਦੀ ਅਤੇ ਨਿਗਰਾਨੀ, ਸਿੰਡੀਕੇਟ ਮੈਂਬਰ, ਸੈਨੇਟ ਮੈਂਬਰ, ਵਿੱਤ ਕਮੇਟੀ ਮੈਂਬਰ, ਨੋਡਲ ਅਫਸਰ ਵਿਦਿਆਰਥੀ ਸ਼ਿਕਾਇਤ ਸੈੱਲ, ਮੈਂਬਰ ਸ਼ਿਕਾਇਤ ਐਡਰੈੱਸਲ ਸੈੱਲ, ਮੈਂਬਰ ਭਾਸ਼ਾਵਾਂ ਦੀ ਫੈਕਲਟੀ, ਮੈਂਬਰ ਅਕਾਦਮਿਕ ਕੌਂਸਲ ਉੱਪਰ ਬਿਰਾਜਮਾਨ ਰਹਿ ਚੁਕੇ ਹਨ। ਇਨ੍ਹਾਂ ਪ੍ਰਸ਼ਾਸਕੀ ਅਸਾਮੀਆਂ ਅੰਤਰਗਤ ਉਨ੍ਹਾਂ ਦੇ ਇਹ ਵਿਸ਼ੇਸ਼ ਕਾਰਜਾਂ ਵਿਚ ਕੋਆਰਡੀਨੇਟਰ ਭਾਈ ਕਾਨ੍ਹ ਸਿੰਘ ਨਾਭਾ ਰਚਿਤ ‘ਗੁਰਸ਼ਬਦ ਮਹਾਂਕੋਸ਼’ ਤੇ ਸੰਪਾਦਕ ਪੰਜਾਬੀ ਯੂਨੀਵਰਸਿਟੀ ਸਾਲਾਨਾ ਰਿਪੋਰਟ 2017, ਸੰਪਾਦਕ ਪੰਜਾਬੀ ਯੂਨੀਵਰਸਿਟੀ ਸੰਦੇਸ਼ ਪੱਤਰ, ਆਦਿ ਹਨ।
ਡਾ. ਯੋਗਰਾਜ ਨੇ ਬਹੁਤ ਸਾਰੇ ਅਹਿਮ ਅਨੁਵਾਦ ਪ੍ਰਾਜੈਕਟ ਜਿਵੇਂ ਕਿ ‘ਮਹਾਂਭਾਰਤ’ (ਪੰਜਾਬੀ ਭਾਸ਼ਾ), ‘ਬਾਲ ਵਿਸ਼ਵ ਪ੍ਰੋਗਰਾਮ’ (ਸਮਾਜਕ ਅੰਤਿਮ ਨਾਮ ਨਿਗਰਾਨੀ) ਅਤੇ ਹੋਰ ਪ੍ਰਾਜੈਕਟਾਂ ਉੱਤੇ ਕੰਮ ਕੀਤਾ ਹੈ। ਉਹ ਵੱਖ-ਵੱਖ ਕਾਲਜ ਪ੍ਰਿੰਸੀਪਲ ਚੋਣ ਕਮੇਟੀਆਂ, ਵੱਖ-ਵੱਖ ਕਾਲਜ ਨਿਰੀਖਣ ਕਮੇਟੀਆਂ, ਵੱਖ ਵੱਖ ਪੰਜਾਬੀ ਯੂਨੀਵਰਸਿਟੀ ਪਟਿਆਲਾ ਕਾਲਜ ਨਿਰੀਖਣ ਕਮੇਟੀਆਂ ਦੇ ਕਨਵੀਨਰ, ਪੰਜਾਬ ਆਰਟਸ ਕੌਂਸਲ ਵਿਚ ਬਤੌਰ ਵਾਈਸ ਚਾਂਸਲਰ ਦੇ ਨੁਮਾਇੰਦਾ ਗਏ। ਵਿਦਿਆਰਥੀ ਪਰਿਸ਼ਦ, ਪੰਜਾਬੀ ਯੂਨੀਵਰਸਿਟੀ ਪਟਿਆਲਾ; ਮੈਂਬਰ ਕੇਂਦਰੀ ਲੇਖਕ ਸਭਾ, ਜਲੰਧਰ; ਮੈਂਬਰ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ, ਆਦਿ ਲਈ ਵਾਈਸ ਚਾਂਸਲਰ ਦੁਆਰਾ ਨਾਮਜ਼ਦ ਰਹਿ ਚੁਕੇ ਹਨ। ਉਨ੍ਹਾਂ ਦੇ ਕੌਮੀ ਅਤੇ ਕੌਮਾਂਤਰੀ ਪੱਧਰ ‘ਤੇ ਬਹੁਤ ਸਾਰੇ ਅਹਿਮ ਖੋਜ ਕਾਰਜ ਪ੍ਰਕਾਸ਼ਿਤ ਹਨ। ਪਹਿਲਾਂ ਹੀ ਉਨ੍ਹਾਂ ਦੀ ਨਿਗਰਾਨੀ ਹੇਠ ਐਮ. ਫਿਲ, ਪੀਐਚ. ਡੀ. ਦੇ ਵਿਦਿਆਰਥੀ ਅਤੇ 12 ਪੀਐਚ. ਡੀ. ਵਿਦਵਾਨ ਕੰਮ ਕਰ ਰਹੇ ਹਨ। ਇਹੋ ਜਿਹੇ ਵਿਦਵਾਨ ਬੰਦੇ ਦਾ ਪੰਜਾਬ ਸਕੂਲ ਸਿਖਿਆ ਬੋਰਡ ਦਾ ਚੇਅਰਮੈਨ ਬਣਨਾ ਬੋਰਡ ਵਾਸਤੇ ਵੀ ਅਹਿਮ ਗੱਲ ਹੈ।